ਪੱਤਰਕਾਰੀ ਦਾ ਕੋਹੇਨੂਰ ਸੀ ਅਮੋਲਕ ਸਿੰਘ ਜੰਮੂ

ਪ੍ਰਿੰ. ਸਰਵਣ ਸਿੰਘ
ਅਮੋਲਕ ਸਿੰਘ ਦਾ ਨਾਂ ਹੀ ਅਮੋਲਕ ਨਹੀਂ, ਉਹ ਸੀ ਹੀ ਅਨਮੋਲ ਹੀਰਾ। ਪੱਤਰਕਾਰੀ ਦਾ ਕੋਹੇਨੂਰ। ਉਸ ਨੇ ਮਾਪਿਆਂ ਦੇ ਰੱਖੇ ਨਾਂ ਦੀ ਲੱਜ ਪਾਲੀ ਤੇ ਸਿਰੜ ਨਾਲ ਜੀਵਿਆ। ਉਹ ਪੱਤਰਕਾਰੀ ਦਾ ਜੁਝਾਰੂ ਜੋਧਾ ਸੀ। ਉਸ ਨੇ ਪੰਜਾਬੀ ਪੱਤਰਕਾਰੀ ਨੂੰ ਜਿਸ ਮੁਕਾਮ ‘ਤੇ ਪੁਚਾਇਆ, ਆਉਂਦੀਆਂ ਪੀੜ੍ਹੀਆਂ ਉਹਦੇ ‘ਤੇ ਨਾਜ਼ ਕਰਨਗੀਆਂ। ਸੰਨ 2000 ਤੋਂ ਨਿਕਲ ਰਿਹਾ ਉਹਦਾ ਅਖਬਾਰ ‘ਪੰਜਾਬ ਟਾਈਮਜ਼’ ਇਸ ਵੇਲੇ ਪੰਜਾਬੀ ਦਾ ਸਿਰਮੌਰ ਸਪਤਾਹਿਕ ਮੰਨਿਆ ਜਾ ਰਿਹੈ।

ਉਹਦੇ ਸਿ਼ਕਾਗੋ, ਕੈਲੀਫੋਰਨੀਆ ਤੇ ਨਿਊ ਯਾਰਕ ਅੰਕ ਅਮਰੀਕਾ ਦੀਆਂ 26 ਸਟੇਟਾਂ ਵਿਚ ਲੱਖਾਂ ਪੰਜਾਬੀਆਂ ਵੱਲੋਂ ਪੜ੍ਹੇ ਜਾਂਦੇ ਤੇ ਇੰਟਰਨੈੱਟ ਅੰਕ ਵਿਸ਼ਵ ਦੇ ਕਰੋੜਾਂ ਪਾਠਕਾਂ ਦੀ ਨਜ਼ਰੋਂ ਲੰਘਦੇ ਹਨ। ਉਨ੍ਹਾਂ ਵਿਚ ਹਰ ਹਫਤੇ ਆਲ੍ਹਾ ਦਰਜੇ ਦਾ ਵੰਨ-ਸੁਵੰਨਾ ਮੈਟਰ ਪਰੋਸਿਆ ਹੁੰਦੈ, ਜੋ ਪੜ੍ਹਨ ਪਿੱਛੋਂ ਵੀ ਸਾਂਭ-ਸਾਂਭ ਰੱਖਿਆ ਜਾਂਦੈ।
‘ਪੰਜਾਬ ਟਾਈਮਜ਼’ ਲਈ ਉੱਚ ਪਾਏ ਦੀ ਸਿਆਸੀ, ਸਾਹਿਤਕ, ਸਭਿਆਚਾਰਕ ਤੇ ਧਾਰਮਿਕ ਸਮੱਗਰੀ ਪਰੋਸਣ ਦੇ ਆਹਰ ਵਿਚ ਲੱਗੇ, ਵੀਲ੍ਹ ਚੇਅਰ ਨਾਲ ਬੱਝੇ, ਮੈਡੀਕਲ ਉਪਕਰਣਾਂ ਨਾਲ ਲੈਸ ਸਾਡੇ ਸਿਦਕੀ ਪੱਤਰਕਾਰ ਅਮੋਲਕ ਸਿੰਘ ਦੀ ਅਣਥੱਕ ਮਿਹਨਤ ਹੁੰਦੀ ਸੀ। ਉਸ ਨੇ ਬਿਮਾਰ ਹੋਣ ਦੇ ਬਾਵਜੂਦ ਨਾ ਹਿੰਮਤ ਹਾਰੀ, ਨਾ ਹਾਰ ਮੰਨੀ। ਉਸ ਨੇ ਬੇਬਾਕ, ਬੇਲਾਗ ਤੇ ਜਿੰ਼ਮੇਵਾਰ ਪੱਤਰਕਾਰੀ ਦਾ ਮੁਦੱਈ ਬਣ ਕੇ ਸੈਕੂਲਰ ਧਰਮ ਨਿਭਾਇਆ। ਲੰਮੇ ਸਮੇਂ ਤੋਂ ਸਿਰ ਤਲੀ `ਤੇ ਧਰ ਕੇ ਜੂਝਦਾ ਰਿਹਾ ਤੇ ਮੌਤ ਨੂੰ ਵੰਗਾਰਦਾ ਰਿਹਾ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ!
ਉਸ ਨੂੰ ਪੰਜਾਬੀ ਦੇ ਨਾਮਵਰ ਲੇਖਕਾਂ ਤੇ ਪ੍ਰੋਮੋਟਰਾਂ ਦਾ ਸਹਿਯੋਗ ਪ੍ਰਾਪਤ ਸੀ। ਆਸ ਹੈ ਇਹ ਸਹਿਯੋਗ ‘ਪੰਜਾਬ ਟਾਈਮਜ਼’ ਨੂੰ ਭਵਿੱਖ ਵਿਚ ਵੀ ਮਿਲਦਾ ਰਹੇਗਾ। ਪੰਜਾਬੀ ਦੇ ਨਵੇਂ ਪੁਰਾਣੇ ਸਭ ਲੇਖਕ ‘ਪੰਜਾਬ ਟਾਈਮਜ਼’ ਵਿਚ ਛਪਣਾ ਮਾਣ ਸਮਝਦੇ ਰਹੇ ਨੇ। ਉਨ੍ਹਾਂ ਵਿਚ ਭਾਰਤੀ ਸਾਹਿਤ ਅਕਾਡਮੀ ਦੇ ਅਵਾਰਡ ਜੇਤੂ ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਬਲਦੇਵ ਸਿੰਘ ਸੜਕਨਾਮਾ, ਮਨਮੋਹਨ, ਗੁਰਦੇਵ ਰੁਪਾਣਾ, ਸਤਿੰਦਰ ਨੂਰ ਅਤੇ ਆਤਮਜੀਤ ਆਦਿ ਤੋਂ ਲੈ ਕੇ ਸਭ ਨਾਮੀ ਲੇਖਕ ਸ਼ਾਮਲ ਹਨ। ਜਤਿੰਦਰ ਪੰਨੂੰ, ਗੁਰਬਚਨ, ਦਲਬੀਰ, ਹਰਪਾਲ ਸਿੰਘ ਪੰਨੂੰ, ਡਾ. ਗੁਰਨਾਮ ਕੌਰ, ਕਰਮਜੀਤ, ਗੁਰਦਿਆਲ ਬੱਲ, ਐਸ. ਅਸ਼ੋਕ ਭੌਰਾ, ਡਾ. ਗੁਰਬਖਸ਼ ਸਿੰਘ ਭੰਡਾਲ, ਡਾ. ਗੋਬਿੰਦਰ ਸਿੰਘ ਸਮਰਾਓ, ਦਲਜੀਤ ਅਮੀ, ਹਰਮਹਿੰਦਰ ਚਹਿਲ, ਬਲਜੀਤ ਬਾਸੀ, ਸੁਖਦੇਵ ਮਾਦਪੁਰੀ, ਕਾਨਾ ਸਿੰਘ, ਐੱਸ. ਬਲਵੰਤ, ਪ੍ਰੋ. ਬਲਕਾਰ ਸਿੰਘ, ਤਰਲੋਚਨ ਸਿੰਘ ਦੁਪਾਲਪੁਰ, ਮੇਜਰ ਕੁਲਾਰ, ਕਿਰਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਬੂਟਾ ਸਿੰਘ ਤੇ ਮੇਰੇ ਵਰਗੇ ਗਾਹੇ ਬਗਾਹੇ ਛਪਦੇ ਰਹਿੰਦੇ ਹਨ। ਦਰਜਨਾਂ ਨਹੀਂ ਸੈਂਕੜੇ ਕਲਮਕਾਰ ਹਨ, ‘ਪੰਜਾਬ ਟਾਈਮਜ਼’ ਵਿਚ ਛਪਣ ਵਾਲੇ। ਅਮੋਲਕ ਸਿੰਘ ਦੇ ਦੇਹਾਂਤ ਨਾਲ ਇਕ ਵਾਰ ਤਾਂ ਸਾਰੇ ਹੀ ਅਫਸੋਸੇ ਗਏ ਹਨ। ਸਭਨਾਂ ਦੀ ਹਮਦਰਦੀ ਉਸ ਦੀ ਪਤਨੀ ਜਸਪ੍ਰੀਤ ਕੌਰ, ਪੁੱਤਰ ਤੇ ਨੂੰਹ ਨਾਲ ਹੈ। ਉਹ ਡੋਲਣ ਨਾ।
‘ਪੰਜਾਬ ਟਾਈਮਜ਼’ ਦੀ ਵੈਬਸਾਈਟ ਵਿਚ ਨਵੇਂ ਅੰਕ ਤੋਂ ਲੈ ਕੇ ਵੀਹ ਸਾਲ ਪੁਰਾਣੇ ਸੈਂਕੜੇ ਅੰਕ ਸੰਭਾਲੇ ਪਏ ਹਨ, ਜਿਨ੍ਹਾਂ ਵਿਚ ਹਜ਼ਾਰਾਂ ਪੰਨਿਆਂ ਦੀ ਪੜ੍ਹਨਯੋਗ ਸਮੱਗਰੀ ਹੈ, ਜੋ ਸਾਲਾਂ ਬੱਧੀ ਪੜ੍ਹੀ ਜਾ ਸਕਦੀ ਹੈ। ਇਹ ਆਰਥਕ, ਸਿਆਸੀ, ਸਮਾਜੀ, ਧਾਰਮਕ, ਸਭਿਆਚਾਰਕ ਤੇ ਸਾਹਿਤਕ ਰਚਨਾਵਾਂ ਦੀ ਖਾਣ ਹੈ। ਮੈਂ ਹਰ ਬੁੱਧਵਾਰ ਇਸ ਦੇ ਨਵੇਂ ਅੰਕ ਖੋਲ੍ਹ ਕੇ ਪੜ੍ਹਦਾ ਆ ਰਿਹਾਂ। ਇਸ ਨਾਲ ਮੈਨੂੰ ਪੰਜਾਬ, ਭਾਰਤ, ਅਮਰੀਕਾ, ਕੈਨੇਡਾ ਤੇ ਵਿਸ਼ਵ ਭਰ ਦੀਆਂ ਘਟਨਾਵਾਂ ਦੀ ਅਹਿਮ ਜਾਣਕਾਰੀ ਮਿਲਦੀ ਹੈ ਅਤੇ ਸਾਹਿਤਕ ਮੱਸ ਵੀ ਪੂਰਾ ਹੁੰਦਾ ਰਹਿੰਦੈ। ਇਸ ਵਿਚ ਏਨਾ ਮੈਟਰ ਹੁੰਦੈ, ਜੋ ਆਮ ਪਾਠਕ ਦਾ ਪੂਰਾ ਹਫਤਾ ਲੰਘਾ ਦਿੰਦੈ। ਦੁਰਲੱਭ ਤਸਵੀਰਾਂ ਸਮੇਤ ਕਲਾਸੀਕਲ ਰਚਨਾਵਾਂ ਵੀ ਪੜ੍ਹਨ ਵਿਚਾਰਨ ਨੂੰ ਮਿਲ ਜਾਂਦੀਆਂ। ਹੈਰਾਨ ਹੋਈਦੈ ਕਿ ਏਨੇ ਮੈਟਰ ਦਾ ਇਕ ਇਕ ਲਫਜ਼ ਉਹ ਆਪਣੀ ਨਜ਼ਰੋਂ ਕਿਵੇਂ ਲੰਘਾ ਲੈਂਦਾ ਸੀ? ਢੁਕਵੇਂ ਸਿਰਲੇਖ ਤੇ ਵਾਕ ਕਿਵੇਂ ਤਰਾਸ਼ ਦਿੰਦਾ ਸੀ? ਤੇ ਰਚਨਾਵਾਂ ਨਾਲ ਢੁਕਵੀਆਂ ਟਿੱਪਣੀਆਂ, ਗਰਾਫ ਤੇ ਤਸਵੀਰਾਂ ਕਿਵੇਂ ਜੋੜ ਦਿੰਦਾ ਸੀ?
ਉਸ ਦਾ ਜਨਮ 19 ਜੁਲਾਈ 1955 ਨੂੰ ਜਿ਼ਲਾ ਹਿਸਾਰ ਦੇ ਪਿੰਡ ਕੁੱਤੇਵੱਢ ਵਿਚ ਹੋਇਆ ਸੀ। ਉਸ ਨੇ ਲਿਖਿਆ ਕਿ 1969 ‘ਚ ਮੈਂ ਅਠਵੀਂ ਜਮਾਤ ਮੌਜਦੀਨ ਤੋਂ ਪਾਸ ਕਰਕੇ ਗੌਰਮਿੰਟ ਹਾਇਰ ਸੈਕੰਡਰੀ ਸਕੂਲ, ਸਿਰਸਾ ਵਿਚ ਨੌਂਵੀਂ ‘ਚ ਦਾਖਲਾ ਲੈ ਲਿਆ। ਉਥੇ ਮੇਰੇ ਵਰਗਾ ਹੀ ਪੇਂਡੂ ਮੁੰਡਾ ਭੁਪਿੰਦਰ ਮਿਲ ਪਿਆ। ਅਸੀਂ ਦੋਵੇਂ ਰਲ-ਮਿਲ ਕੇ ਨੌਵੀਂ-ਦਸਵੀਂ ‘ਚੋਂ ਮੈਡੀਕਲ ਨਾਲ ਧੂਹ-ਘੜੀਸ ਕੇ ਪਾਸ ਹੋ ਗਏ। ਫਿਰ ਮੈਂ ਨੈਸ਼ਨਲ ਕਾਲਜ ਸਿਰਸਾ ਵਿਚ ਦਾਖਲਾ ਲੈ ਲਿਆ।
ਸੰਨ 1974 ਵਿਚ ਹਰਿਆਣਾ ਸਰਕਾਰ ਨੇ ਇਕ ਕਾਨੂੰਨ ਪਾਸ ਕਰ ਕੇ ਹਰਿਆਣੇ ਦੇ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਨਾਲੋਂ ਤੋੜ ਕੇ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਜੋੜ ਦਿੱਤੇ। ਮੇਰੇ ਚਾਚੇ, ਵਕੀਲ ਜਗੀਰ ਸਿੰਘ ਦੀ ਸਲਾਹ ਸੀ ਕਿ ਮੈਂ ਬੀ. ਏ. ਪੰਜਾਬ ਯੂਨੀਵਰਸਿਟੀ ਤੋਂ ਕਰਾਂ ਤੇ ਅੱਗੋਂ ਪੜ੍ਹਾਈ ਵੀ ਪੰਜਾਬ ਯੂਨੀਵਰਸਿਟੀ ਵਿਚ ਹੀ ਕਰਾਂ। ਸੋ ਉਨ੍ਹਾਂ ਦੀ ਸਲਾਹ ਨਾਲ ਮੈਂ ਗੌਰਮਿੰਟ ਕਾਲਜ ਚੰਡੀਗੜ੍ਹ ਵਿਚ ਦਾਖਲਾ ਲੈਣ ਦਾ ਫੈਸਲਾ ਕਰ ਲਿਆ। ਦਾਖਲੇ ਦੀਆਂ ਤਾਰੀਖਾਂ ਪਤਾ ਕਰਕੇ ਮੈਂ ਸਿਰਸੇ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਫੜ ਲਈ। ਚੰਡੀਗੜ੍ਹ ਦੇ 17 ਸੈਕਟਰ ਵਿਚਲੇ ਬਸ ਸਟੈਂਡ ਤੋਂ ਉਤਰ ਕੇ ਮੈਂ ਆਪਣੇ ਵਕੀਲ ਚਾਚੇ ਦੀ ਹਦਾਇਤ ਅਨੁਸਾਰ ਰਿਕਸ਼ਾ ਲੈ ਕੇ ਸੈਕਟਰ-18 ਦੇ ਪੰਚਾਇਤ ਭਵਨ ਨੂੰ ਰਵਾਨਾ ਹੋ ਪਿਆ। ਰਸਤੇ ਵਿਚ ਬਰਸਾਤਾਂ ਦੇ ਪਾਣੀ ਨਾਲ ਲਸ਼ ਲਸ਼ ਕਰਦੇ ਹਰੇ ਕਚੂਰ ਘਾਹ ਨੂੰ ਵੇਖ ਕੇ ਜਿਹੜਾ ਖਿਆਲ ਮੇਰੇ ਮਨ ‘ਤੇ ਭਾਰੂ ਹੋਣ ਲੱਗਾ ਉਹ ਸੀ, ਇਥੇ ਮੱਝਾਂ ਚਰਾਉਣ ਦਾ ਸਵਾਦ ਆ ਜਾਵੇ।
ਚੰਡੀਗੜ੍ਹ ਦੀ ਪਹਿਲੀ ਰਾਤ ਸਚਮੁੱਚ ਹੀ ਮੈਂ ਸੁਪਨੇ ਵਿਚ ਇਸ ਘਾਹ ਉਤੇ ਮੱਝਾਂ ਚਰਾਉਂਦਾ ਰਿਹਾ। ਮੇਰੀ ਇਹ ਗੱਲ ਕਈ ਪਾਠਕਾਂ ਨੂੰ ਸ਼ਾਇਦ ਫਜ਼ੂਲ ਜਾਪੇ, ਪਰ ਜਿਹੜੇ ਪੇਂਡੂਆਂ ਨੇ ਕਦੀ ਖੇਤਾਂ ਵਿਚ ਮੱਝਾਂ ਚਰਾਈਆਂ ਹਨ, ਉਨ੍ਹਾਂ ਨੂੰ ਇਹ ਗੱਲ ਸਹਿਜੇ ਹੀ ਸਮਝ ਪੈ ਜਾਏਗੀ। ਮੈਂ ਬਥੇਰਾ ਚਿਰ ਮੱਝਾਂ ਚਰਾਈਆਂ ਸਨ। ਗਰਮੀਆਂ ਦੀਆਂ ਛੁਟੀਆਂ ਵਿਚ ਘਰਦਿਆਂ ਨਾਲ ਖੇਤੀ ਦਾ ਕੋਈ ਵੀ ਹੋਰ ਕੰਮ ਕਰਾਉਣ ਦੀ ਥਾਂ ਮੈਨੂੰ ਮੱਝਾਂ ਚਰਾਉਣੀਆਂ ਸੌਖਾ ਕੰਮ ਲਗਦਾ ਸੀ। ਸਾਡੇ ਸਾਂਝੇ ਘਰ ਦੇ ਮੱਝਾਂ-ਕੱਟੀਆਂ ਰਲਾ ਕੇ ਸੋਲਾਂ ਸਤਾਰਾਂ ਡੰਗਰ ਬਣਦੇ ਸਨ। ਕਈ ਵਾਰ ਮੱਝਾਂ ਨਹਿਰ ਵਿਚ ਨਹਾਉਣ ਲਈ ਛਡ ਕੇ ਆਪ ਮੁੰਡਿਆਂ ਨਾਲ ਤਾਰੀਆਂ ਲਾਉਣ ਲਗ ਜਾਣਾ। ਬਾਅਦ ਵਿਚ ਜਦੋਂ ਮੈਂ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਦੋ ਆਨੇ ਦਾ ਘਾਹ’ ਪੜ੍ਹੀ ਤਾਂ ਮੈਨੂੰ ਇਕ ਦਮ ਸਮਝ ਆ ਗਈ ਕਿ ਕਹਾਣੀ ਵਿਚ ਘਾਹ ਸਿਰਫ ‘ਦੋ ਆਨੇ’ ਦਾ ਨਹੀਂ ਸੀ।
ਅਮੋਲਕ ਸਿੰਘ ਚੰਡੀਗੜ੍ਹ ਕਾਹਦਾ ਗਿਆ, ਬੱਸ ਚੰਡੀਗੜ੍ਹ ਦਾ ਹੀ ਹੋ ਕੇ ਰਹਿ ਗਿਆ। ਉਥੇ ਉਸ ਨੇ ਬੀ. ਏ. ਪਿੱਛੋਂ ਐੱਮ. ਏ. ਪੰਜਾਬੀ, ਐੱਮ. ਫਿੱਲ. ਲਾਅ ਤੇ ਜਰਨਲਿਜ਼ਮ ਦੀਆਂ ਡਿਗਰੀਆਂ ਅਤੇ ਟਰਾਂਸਲੇਸ਼ਨ ਦਾ ਡਿਪਲੋਮਾ ਹਾਸਲ ਕੀਤਾ। ਉਥੇ ਪੜ੍ਹਦਿਆਂ ਜਮਾਤਣ ਜਸਪ੍ਰੀਤ ਮਿਲੀ, ਜੋ ਉਸ ਦੀ ਜੀਵਨ ਸਾਥਨ ਬਣੀ। ਉਥੇ ਹੀ ਉਹ ਵੀਹ ਸਾਲ ‘ਪੰਜਾਬੀ ਟ੍ਰਿਬਿਊਨ’ ਦੇ ਸਟਾਫ `ਚ ਰਿਹਾ।
ਮੈਂ ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਮਈ 2001 ਵਿਚ ਆਪਣੇ ਪੁੱਤਰ ਗੁਰਵਿੰਦਰ ਪਾਸ ਕੈਨੇਡਾ ਦੇ ਸ਼ਹਿਰ ਬਰੈਂਪਟਨ ਪਹੁੰਚ ਗਿਆ ਸਾਂ। ਉਥੇ ਕੰਪਿਊਟਰ ਦੇ ਭਾਈ ਕਨ੍ਹੱਈਏ ਕਿਰਪਾਲ ਸਿੰਘ ਪੰਨੂੰ ਨਾਲ ਮੇਰਾ ਬਹਿਣ ਉੱਠਣ ਹੋ ਗਿਆ ਸੀ। ਉਸ ਨੇ ਕੰਪਿਊਟਰ ਦਾ ਕਨਵਰਟਰ ਪ੍ਰੋਗਰਾਮ ਈਜਾਦ ਕਰ ਲਿਆ ਸੀ, ਜਿਸ ਨਾਲ ਗੁਰਮੁਖੀ ਅੱਖਰ ਸ਼ਾਹਮੁਖੀ ਤੇ ਸ਼ਾਹਮੁਖੀ ਅੱਖਰ ਗੁਰਮੁਖੀ ਵਿਚ ਤਬਦੀਲ ਕਰ ਲਏ ਜਾਂਦੇ ਸਨ। ਡੀਮਾਂਸਟ੍ਰੇਸ਼ਨ ਦੇਣ ਲਈ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ। ਮੈਂ ਬਾਬਾ ਫਰੀਦ ਦਾ ਸ਼ਲੋਕ, ਗਲੀਏਂ ਚਿੱਕੜ ਦੂਰ ਘਰ… ਲਿਖਾਇਆ ਜੋ ਉਸ ਨੇ ਟਾਈਪ ਕਰ ਕੇ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਕਰ ਵਿਖਾਇਆ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਦੋਹਾਂ ਪੰਜਾਬੀ ਲਿਪੀਆਂ ਵਿਚਕਾਰ ਬਣਾਏ, ਇਸ ਪੁਲ ਤੋਂ ਮੈਂ ਖੁਸ਼ ਵੀ ਹੋਇਆ ਤੇ ਹੈਰਾਨ ਵੀ!
ਪੰਨੂੰ ਦੀ ਸਿੱਖਿਆ ਨਾਲ ਮੈਂ ਵੀ ਕੰਪਿਊਟਰ ‘ਤੇ ਟਾਈਪ ਕਰ ਲੱਗ ਪਿਆ। ਟਾਈਪ ਕੀਤੇ ਨੂੰ ਪੈੱਨ ਡਰਾਈਵ ਵਿਚ ਸਾਂਭਣ ਲੱਗ ਪਿਆ। ਮੇਰੇ ਲੇਖ ਪੰਜਾਬ ਤੇ ਟੋਰਾਂਟੋ ਦੇ ਅਖਬਾਰਾਂ, ਵੈਨਕੂਵਰ ਦੇ ‘ਇੰਡੋ-ਕੈਨੇਡੀਅਨ ਟਾਇਮਜ਼’ ਤੇ ਸਾਊਥਾਲ ਦੇ ‘ਦੇਸ ਪ੍ਰਦੇਸ’ ਬਗੈਰਾ ਵਿਚ ਛਪਦੇ ਸਨ। ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ 1965 ਤੋਂ, ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਵਿਚ 1975 ਤੋਂ ਤੇ ਰੋਜ਼ਾਨਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਮੈਂ 1978 ਤੋਂ ਛਪਦਾ ਆ ਰਿਹਾ ਸਾਂ। ਅਮੋਲਕ ਸਿੰਘ ‘ਪੰਜਾਬੀ ਟ੍ਰਿਬਿਊਨ’ ‘ਚ ਪਹਿਲਾਂ ਪਰੂਫ ਰੀਡਰ ਤੇ ਫਿਰ ਸਬ ਐਡੀਟਰ ਸੀ।
2002 ਵਿਚ ਮੈਂ ਬਰੈਂਪਟਨ ਹੀ ਸਾਂ ਕਿ ਘਰਦਿਆਂ ਨੇ ਦੱਸਿਆ, “ਫੋਨ ਆਇਐ, ਸਿ਼ਕਾਗੋ ਤੋਂ ਅਮੋਲਕ ਸਿੰਘ ਜੰਮੂ ਮਿਲਣ ਆ ਰਿਹੈ। ਹੁਣ ਉਹ ਕਿਰਪਾਲ ਸਿੰਘ ਪੰਨੂੰ ਕੋਲ ਹੈ। ਅੱਧੇ ਕੁ ਘੰਟੇ ਤਕ ਆਪਣੇ ਵੱਲ ਆਵੇਗਾ।” ਉਨ੍ਹੀਂ ਦਿਨੀਂ ਮੈਨੂੰ ਕਬੱਡੀ ਟੂਰਨਾਮੈਂਟਾਂ `ਚ ਕੁਮੈਂਟਰੀ ਕਰਨ ਦੇ ਸੱਦੇ ਆਉਣ ਲੱਗੇ ਸਨ। ਮੈਂ ਸੋਚਿਆ, ਸਿ਼ਕਾਗੋ ਕਬੱਡੀ ਟੂਰਨਾਮੈਂਟ ਕਰਾਉਣਾ ਹੋਊ ਤੇ ਇਹ ਬੰਦਾ ਤਰੀਕ ਪੱਕੀ ਕਰਨ ਆਇਆ ਹੋਊ।
ਮੈਂ ਅਜੇ ਲੱਖਣ ਲਾ ਰਿਹਾ ਸਾਂ ਕਿ ਬੈੱਲ ਵੱਜੀ। ਬੂਹਾ ਖੋਲ੍ਹਿਆ ਤਾਂ ਚਾਲੀ ਪੰਤਾਲੀ ਸਾਲਾਂ ਦਾ ਗੋਰਾ ਨਿਛੋਹ ਸੱਜਣ ਜੀਹਦੇ ਸੋਹਣੀ ਦਸਤਾਰ ਸਜਾਈ ਹੋਈ ਸੀ, ਮੁਸਕਰਾਉਂਦਾ ਹੋਇਆ ਬੜੇ ਤਪਾਕ ਨਾਲ ਮਿਲਿਆ। ਉਹਦੇ ਗੋਰੇ ਰੰਗ ਵਿਚ ਗੁਲਾਬ ਦੇ ਫੁੱਲਾਂ ਵਰਗੀ ਮਹਿਕ ਸੀ। ਖੇਡਾਂ ਬਾਰੇ ਲਿਖਦਾ ਤੇ ਖਿਡਾਰੀਆਂ ਨੂੰ ਮਿਲਦਾ ਗਿਲਦਾ ਹੋਣ ਕਰਕੇ ਮੇਰੀ ਪਹਿਲੀ ਨਜ਼ਰ ਅਗਲੇ ਦੇ ਕੱਦ ਕਾਠ ਵੱਲ ਜਾਂਦੀ ਹੈ। ਉਹਦਾ ਜੁੱਸਾ ਛਾਂਟਵਾ ਸੀ। ਵਜ਼ਨ ਉਦੋਂ ਸੱਠ ਪੈਂਠ ਕਿੱਲੋ ਹੋਵੇਗਾ। ਚਿੱਟੇ ਦੰਦ ਮੋਤੀਆਂ ਵਾਂਗ ਚਮਕਦੇ ਸਨ। ਅੱਖਾਂ ‘ਚ ਅਪਣੱਤ ਸੀ। ਉਸ ਨੇ ਦੱਸਿਆ, ਆਪਾਂ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਦੇ ਦਫਤਰ ‘ਚ ਮਿਲੇ ਸਾਂ। ਤੁਸੀਂ ਉਥੇ ਸ਼ਮਸ਼ੇਰ ਸੰਧੂ ਨੂੰ ਮਿਲਣ ਆਉਂਦੇ ਸੀ। ਮੈਂ ਉਦੋਂ ਸਬ ਐਡੀਟਰ ਸਾਂ। ਮੇਰਾ 1978 ਤੋਂ ‘ਪੰਜਾਬੀ ਟ੍ਰਿਬਿਊਨ’ ਨਾਲ ਵਾਹ ਰਿਹੈ।
ਮੈਂ ਕਿਹਾ, “ਲਓ ਇਹ ਤਾਂ ਫੇਰ ਘਰ ਦੀ ਗੱਲ ਹੋਈ। ਆਪਣੀ ਤਾਂ ਸਾਂਢੂਆਂ ਵਾਲੀ ਸਕੀਰੀ ਨਿਕਲ ਆਈ। ‘ਪੰਜਾਬੀ ਟ੍ਰਿਬਿਊਨ’ ਦੇ ਸਾਂਢੂ!’ ਮੈਂ ਪੁੱਛਿਆ, ਪੀਣਾ ਕੀ ਐ? ਠੰਢਾ ਜਾਂ ਤੱਤਾ? ਉਸ ਨੇ ਚਾਹ ਦਾ ਕੱਪ ਕਿਹਾ। ਚਾਹ ਪੀਂਦਿਆਂ ਅਸੀਂ ‘ਪੰਜਾਬੀ ਟ੍ਰਿਬਿਊਨ’ ਦੀਆਂ ਗੱਲਾਂ ਕਰਨ ਲੱਗੇ। ਪੁਰਾਣੀਆਂ ਦਿਲਚਸਪ ਗੱਲਾਂ। ਐਡੀਟਰ ਬਰਜਿੰਦਰ ਸਿੰਘ ਦੀਆਂ, ਗੁਲਜ਼ਾਰ ਸਿੰਘ ਸੰਧੂ ਦੀਆਂ, ਹਰਭਜਨ ਹਲਵਾਰਵੀ, ਸਿ਼ੰਗਾਰਾ ਸਿੰਘ ਭੁੱਲਰ ਤੇ ਗੁਰਬਚਨ ਸਿੰਘ ਭੁੱਲਰ ਦੀਆਂ। ਸਬ ਐਡੀਟਰ ਦਲਬੀਰ ਦੀਆਂ, ਦਲਜੀਤ ਦੀਆਂ ਤੇ ਕਰਮਜੀਤ ਦੀਆਂ। ਸ਼ਮਸ਼ੇਰ ਦੀ ਗੀਤਕਾਰੀ ਦੀਆਂ। ਫੱਕਰ ਗੁਰਦਿਆਲ ਬੱਲ ਦੀਆਂ ਗੱਲਾਂ ਤਾਂ ਹੋਣੀਆਂ ਹੀ ਸਨ।
ਗੱਲਾਂ ਗੱਲਾਂ ‘ਚ ਮੈਂ ਦੱਸਿਆ, 1966 ‘ਚ ਜਦੋਂ ਮੈਂ ਖਾਲਸਾ ਕਾਲਜ ਦਿੱਲੀ ਪੜ੍ਹਾਉਂਦਾ ਸਾਂ ਤਾਂ ਬਰਜਿੰਦਰ ਸਿੰਘ ਹਮਦਰਦ ਮੈਨੂੰ ਪਹਿਲੀ ਵਾਰ ਮਿਲਿਆ ਸੀ। ਉਦੋਂ ਉਹ ਛੀਟਕਾ ਜਿਹਾ ਸੀ ਤੇ ਹਰ ਗੱਲ ‘ਤੇ ਠਹਾਕਾ ਮਾਰ ਕੇ ਹੱਸਦਾ ਸੀ। 1978 ਵਿਚ ਉਹ ‘ਪੰਜਾਬੀ ਟ੍ਰਿਬਿਊਨ’ ਦਾ ਬਾਨੀ ਐਡੀਟਰ ਬਣਿਆ। ਉਸ ਨੇ ਮੈਥੋਂ ਖੇਡਾਂ-ਖਿਡਾਰੀਆਂ ਬਾਰੇ ਲਿਖਵਾਉਣਾ ਸ਼ੁਰੂ ਕੀਤਾ। 1981 ‘ਚ ਬੰਬਈ ਦਾ ਵਰਲਡ ਹਾਕੀ ਕੱਪ ਤੇ ਦਿੱਲੀ ਦੀਆਂ ਏਸਿ਼ਆਈ ਖੇਡਾਂ-82 ਵੀ ਮੈਥੋਂ ਕਵਰ ਕਰਵਾਈਆਂ। ਏਸ਼ੀਆਡ ਦੇ ਉਦਘਾਟਨ ਤੋਂ ਪਹਿਲਾਂ ਅਕਾਲੀਆਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਦਿੱਲੀ, ਇੰਟਰਨੈਸ਼ਨਲ ਮੀਡੀਏ ਸਾਹਮਣੇ ਆਪਣੀਆਂ ਮੰਗਾਂ ਦੇ ਹੱਕ ਵਿਚ ਵਿਖਾਵਾ ਕਰਨਗੇ। ਹਰਿਆਣੇ ਦੇ ਤੱਤਕਾਲੀ ਮੁੱਖ ਮੰਤਰੀ ਭਜਨ ਲਾਲ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਿੱਕ ਥਾਪੜ ਕੇ ਕਹਿ ਦਿੱਤਾ ਕਿ ਮੈਂ ਹਰਿਆਣੇ ਵਿਚ ਦੀ ਕਿਸੇ ਪੱਗ ਦਾੜ੍ਹੀ ਵਾਲੇ ਬੰਦੇ ਨੂੰ ਲੰਘਣ ਹੀ ਨਹੀਂ ਦੇਵਾਂਗਾ। ਏਸ਼ੀਆਡ ਕਵਰ ਕਰਨ ਲਈ ਮੈਂ ਟ੍ਰਿਬਿਊਨ ਦੇ ਦਫਤਰ ਤੋਂ ਆਪਣਾ ਐਕਰੀਡੇਸ਼ਨ ਕਾਰਡ ਲਿਆ ਤਾਂ ਬਰਜਿੰਦਰ ਸਿੰਘ ਨੇ ਮੈਨੂੰ ਵਿਦਾ ਕਰਦਿਆਂ ਕਿਹਾ, “ਬਚ ਕੇ ਜਾਣਾ, ਹੋਰ ਨਾ ਕਿਤੇ ਹਰਿਆਣੇ ਵਾਲੇ ਰਾਹ ‘ਚ ਈ ਰੱਖ ਲੈਣ!”
ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਜਿਸ ਬੱਸ ਵਿਚ ਮੈਂ ਬੈਠਾ ਉਹਦੇ ‘ਚ ਦੋ ਸਰਦਾਰ ਹੋਰ ਸਨ। ਹਰਿਆਣੇ ਦੀ ਹੱਦ ਆਈ ਤਾਂ ਚਾਲੀ ਪੰਜਾਹ ਸਿਪਾਹੀ ਪਹਿਰੇ ‘ਤੇ ਖੜ੍ਹੇ ਤੇ ਬਾਕੀ ਤੰਬੂਆਂ ‘ਚ ਪਏ ਸਨ। ਸੜਕ ਉਤੇ ਚਿੱਟੇ ਡਰੰਮਾਂ ਦੀ ਕਤਾਰ ਲਾ ਕੇ ਕੁਝ ਸਿਪਾਹੀ ਮੋਰਚੇ ਪੁੱਟੀ ਪੁਜ਼ੀਸ਼ਨਾਂ ਲਈ ਬੈਠੇ ਸਨ। ਮੈਂ 1965 ਤੇ 71 ਦੀਆਂ ਇੰਡੋ-ਪਾਕਿ ਲੜਾਈਆਂ ਸਰਹੱਦ ਨੇੜੇ ਰਹਿ ਕੇ ਵੇਖੀਆਂ ਸਨ। ਹਰਿਆਣੇ ਦੀ ਨਾਕਾਬੰਦੀ ਵੇਖ ਕੇ ਮੈਨੂੰ ਉਨ੍ਹਾਂ ਲੜਾਈਆਂ ਦੇ ਦ੍ਰਿਸ਼ ਚੇਤੇ ਆ ਗਏ। ਏਨੇ ਨੂੰ ਇਕ ਸਿਪਾਹੀ ਬੱਸ ਦੀ ਛੱਤ ‘ਤੇ ਚੜ੍ਹ ਗਿਆ ਤੇ ਦੋ ਸਿਪਾਹੀ ਅੰਦਰ ਆ ਗਏ। ਉਨ੍ਹਾਂ ਨੇ ਵੱਖ ਵੱਖ ਸੀਟਾਂ ‘ਤੇ ਬੈਠੇ ਸਰਦਾਰਾਂ ਦੀ ਪੂਰੀ ਪੁੱਛ ਗਿੱਛ ਕੀਤੀ। ਮੈਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਮਿਲਿਆ ਐਕਰੀਡੇਸ਼ਨ ਕਾਰਡ ਵਿਖਾਉਣਾ ਪਿਆ। ਹਰੇਕ ਪੁਲ ਉਤੇ ਕੌਮਾਂਤਰੀ ਸਰਹੱਦ ਵਰਗਾ ਦ੍ਰਿਸ਼ ਸੀ। ਸਾਨੂੰ ਬੱਸ ਤੋਂ ਉਤਾਰ ਲਿਆ ਜਾਂਦਾ ਤੇ ਪੂਰਾ ਪ੍ਰੇਸ਼ਾਨ ਕਰ ਕੇ ਮੁੜ ਬੱਸ ‘ਤੇ ਚੜ੍ਹਨ ਦਿੱਤਾ ਜਾਂਦਾ। ਸਾਡਾ ਵੱਡਾ ਰੋਸ ਇਸ ਗੱਲ ਦਾ ਸੀ ਕਿ ਉਤਾਰਿਆ ਸਾਨੂੰ ਤਿੰਨਾਂ ਸਰਦਾਰਾਂ ਨੂੰ ਹੀ ਜਾਂਦਾ!
ਗੱਲਾਂ ਗੱਲਾਂ ਵਿਚ ਜੰਮੂ ਨੇ ਦੱਸਿਆ ਕਿ ਉਹ ‘ਪੰਜਾਬੀ ਟ੍ਰਿਬਿਊਨ’ ਦੀ ਸਬ ਐਡੀਟਰੀ ਛੱਡ ਆਇਐ ਤੇ ਸਿ਼ਕਾਗੋ ਤੋਂ ਆਪਣਾ ਸਪਤਾਹਿਕ ‘ਪੰਜਾਬ ਟਾਈਮਜ਼’ ਚਲਾਉਣ ਲੱਗ ਪਿਐ। ਇਹ ਵੀ ਦੱਸਿਆ ਕਿ ਕਿਰਪਾਲ ਸਿੰਘ ਪੰਨੂੰ ਨੇ ਪਰਚਾ ਧਨੀ ਰਾਮ ਚਾਤ੍ਰਿਕ ਫੌਂਟ ਵਿਚ ਛਾਪਣ ਦੀ ਸਲਾਹ ਦਿੱਤੀ ਹੈ, ਕਿਉਂਕਿ ਉੱਤਰੀ ਅਮਰੀਕਾ ਦੇ ਸਾਰੇ ਹੀ ਪੰਜਾਬੀ ਅਖਬਾਰ ਇਸੇ ਫੌਂਟ ਵਿਚ ਛਪਦੇ ਹਨ। ਅਮਰੀਕਾ/ਕੈਨੇਡਾ ਦੇ ਵਧੇਰੇ ਪੰਜਾਬੀ ਲੇਖਕ ਵੀ ਡੀਆਰਸੀ ਫੌਂਟ ਵਿਚ ਟਾਈਪ ਕਰਦੇ ਹਨ। ਪੰਨੂੰ ਨੇ ਅਮੋਲਕ ਸਿੰਘ ਨੂੰ ਸ਼ਾਹਮੁਖੀ-ਗੁਰਮੁਖੀ ਕਰਵਰਟਰ ਪੋ੍ਰਗਰਾਮ ਦੇ ਦਿੱਤਾ ਸੀ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਹਾਮੀ ਭਰ ਦਿੱਤੀ ਸੀ। ਜੰਮੂ ਨੇ ਮੈਥੋਂ ਆਪਣੇ ਅਖਬਾਰ ਲਈ ਰਚਨਾਵਾਂ ਭੇਜਣ ਦਾ ਸਹਿਯੋਗ ਮੰਗਿਆ। ਸਹਿਯੋਗ ਦਾ ਭਰੋਸਾ ਦਿੰਦਿਆਂ ਮੈਂ ਦੱਸਿਆ ਕਿ ਅੱਜ ਕੱਲ੍ਹ ਮੈਂ ਕੰਪਿਊਟਰ `ਤੇ ਟਾਈਪ ਕਰਨ ਲੱਗ ਪਿਆਂ, ਜਿਸ ਕਰਕੇ ਲਿਖਤ ਈਮੇਲ ਨਾਲ ਤੁਰਤ ਪੁੱਜ ਜਾਇਆ ਕਰੇਗੀ। ਨਾ ਡਾਕ ਦਾ ਖਰਚਾ ਹੋਵੇਗਾ ਨਾ ਟਾਈਪ ਕਰਵਾਉਣ ਦਾ।
ਏਨਾ ਕਹਿਣ ਦੀ ਦੇਰ ਸੀ ਕਿ ਉਸ ਨੇ ਮੇਰਾ ਕੰਪਿਊਟਰ ਵੇਖਣਾ ਚਾਹਿਆ। ਮੈਂ ਬਿਜਲੀ ਦੀ ਸੁੱਚ ਦੱਬੀ ਤਾਂ ਉਸ ਨੇ ਖੁਦ ਕੰਪਿਊਟਰ ਚਾਲੂ ਕਰ ਲਿਆ ਤੇ ਮੇਰਾ ਟਾਈਪ ਕੀਤਾ ਮੈਟਰ ਵੇਖਣ ਲੱਗ ਪਿਆ। ਉਦੋਂ ਉਹਦੀਆਂ ਉਗਲਾਂ ਚਲਦੀਆਂ ਸਨ, ਪਰ ਪੂਰੀਆਂ ਨਹੀਂ। ਸਕਰੀਨ ਤੋਂ ਨਿਗ੍ਹਾ ਹਟਾ ਕੇ ਮੇਰੇ ਵੱਲ ਵੇਖਦਿਆਂ ਉਹ ਆਪਣੇ ਆਪ ਹੀ ਦੱਸਣ ਲੱਗਾ ਕਿ ਹੁਣ ਉਹਦੀਆਂ ਉਂਗਲਾਂ ਵਿਚ ਨੁਕਸ ਪੈਂਦਾ ਜਾ ਰਿਹੈ, ਜਿਨ੍ਹਾਂ ਦਾ ਸਿ਼ਕਾਗੋ ਵਿਚ ਇਲਾਜ ਚੱਲ ਰਿਹੈ। ਪੁੱਛਣ ‘ਤੇ ਉਸ ਨੇ ਤਫਸੀਲ ਨਾਲ ਦੱਸਿਆ ਕਿ ਇਹ ‘ਮਸਕੁਲਰ ਡਿਸਟਰਾਫੀ’ ਦੀ ਬਿਮਾਰੀ ਹੈ। ਕਿਸੇ ਇਕ ਅੰਗ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਸਾਰੇ ਅੰਗਾਂ ਵੱਲ ਵਧਦੀ ਹੈ। ਮੈਨੂੰ ਇਹ ਕਸਰ ਚੀਚੀ ਤੋਂ ਸ਼ੁਰੂ ਹੋਈ ਸੀ, ਜੋ ਹੌਲੀ ਹੌਲੀ ਸਾਰੇ ਸਰੀਰ ਵੱਲ ਵਧ ਰਹੀ ਹੈ। ਇਸ ਦਾ ਪਤਾ ਤਦ ਲੱਗਾ, ਜਦ ਮੈਂ ਉੱਚੀ ਥਾਂ ਤੋਂ ਥੱਲੇ ਛਾਲ ਮਾਰੀ ਤਾਂ ਮੇਰੀਆਂ ਲੱਤਾਂ ਨੇ ਸਰੀਰ ਦਾ ਭਾਰ ਨਾ ਝੱਲਿਆ। ਮੈਂ ਮਸਾਂ ਖੜ੍ਹਾ ਹੋਇਆ। ਡਾਕਟਰ ਕੋਲ ਗਿਆ ਤਾਂ ਚੈੱਕ ਅੱਪ ਪਿੱਛੋਂ ਉਸ ਨੇ ਦੱਸਿਆ ਕਿ ਇਹ ‘ਮਸਕੁਲਰ ਡਿਸਟਰਾਫੀ’ ਦੀ ਬਿਮਾਰੀ ਹੈ। ਇੰਡੀਆ ‘ਚ ਇਹਦਾ ਕੋਈ ਤਸੱਲੀਬਖਸ਼ ਇਲਾਜ ਨਹੀਂ। ਅਮਰੀਕਾ ‘ਚ ਹੋ ਸਕਦੈ। ਇਸੇ ਕਰਕੇ ਮੈਂ ਇੰਡੀਆ ਦੀ ਚੰਗੀ ਭਲੀ ਨੌਕਰੀ ਛੱਡ ਕੇ ਅਮਰੀਕਾ ਆ ਗਿਆਂ ਤੇ ਇਥੇ ਇਹਦਾ ਇਲਾਜ ਕਰਵਾ ਰਿਹਾਂ। ਆਹਰ ਲਈ ਆਪਣੇ ਤਜਰਬੇ ਅਨੁਸਾਰ ਅਖਬਾਰ ਕੱਢਣਾ ਸ਼ੁਰੂ ਕਰ ਲਿਐ। ਵੀਕਲੀ ਦਾ ਨਾਂ ‘ਪੰਜਾਬ ਟਾਈਮਜ਼’ ਰੱਖਿਐ।
ਮੈਂ ਕਿਹਾ ਕਿ ਜੇ ਉਹ ਚਾਹਵੇ ਤਾਂ ਮੇਰੀਆਂ ਟਾਈਪ ਕੀਤੀਆਂ ਲਿਖਤਾਂ ਆਪਣੀ ਪੈੱਨ ਡਰਾਈਵ ਵਿਚ ਪਾ ਸਕਦੈ ਤੇ ਲੋੜ ਅਨੁਸਾਰ ਅਖਬਾਰ ਵਿਚ ਵਰਤ ਸਕਦੈ। ਮੈਂ ਨਵੀਆਂ ਟਾਈਪ ਕੀਤੀਆਂ ਰਚਨਾਵਾਂ ਵੀ ਗਾਹੇ-ਬਗਾਹੇ ਭੇਜਦਾ ਰਹਾਂਗਾ। ਪੰਨੂੰ ਤੇ ਮੈਨੂੰ ਮਿਲਣ ਵਾਂਗ ਉਸ ਨੇ ਟੋਰਾਂਟੋ ਦੇ ਕੁਝ ਹੋਰ ਸੱਜਣਾਂ ਮਿੱਤਰਾਂ ਨੂੰ ਵੀ ਮਿਲਣਾ ਸੀ। ਖਾਣਾ ਖਾਧੇ ਬਿਨਾ ਹੀ ਉਸ ਨੇ ਮੈਥੋਂ ਵਿਦਾ ਲੈ ਲਈ। ਜਿਵੇਂ ਉਹ ਹਸੂੰ-ਹਸੂੰ ਕਰਦਾ ਆਇਆ ਸੀ, ਉਵੇਂ ਆਪਣੀ ਮੁਸਕ੍ਰਾਉਂਦੀ ਮਹਿਕ ਬਿਖੇਰਦਾ ‘ਅਹੁ ਗਿਆ, ਅਹੁ ਗਿਆ’ ਹੋ ਗਿਆ।
ਫਿਰ ਜਦੋਂ ਵੀ ਮੈਂ ਸਿ਼ਕਾਗੋ ਦੇ ਕਬੱਡੀ ਕੱਪਾਂ ‘ਤੇ ਕੁਮੈਂਟਰੀ ਕਰਨ ਜਾਂਦਾ ਤਾਂ ਅਮੋਲਕ ਸਿੰਘ ਨੂੰ ਵੀਲ੍ਹ ਚੇਅਰ ‘ਤੇ ਆਉਂਦਾ ਵੇਖਦਾ। ਧੁੱਪ ਵਿਚ ਉਹਦਾ ਗੋਰਾ ਰੰਗ ਸੂਹੀ ਭਾਅ ਮਾਰਦਾ। ਉਹਦੀ ਪਤਨੀ ਜਸਪ੍ਰੀਤ ਕੌਰ ਵੀਲ੍ਹ ਚੇਅਰ ਨੂੰ ਸਹਾਰਾ ਦੇ ਰਹੀ ਹੁੰਦੀ। ਮਾਈਕ ਤੋਂ ਮੈਂ ਉਨ੍ਹਾਂ ਨੂੰ ਜੀ ਆਇਆਂ ਆਖਦਾ। ਉਹ ਕਬੱਡੀ ਦੇ ਦਾਇਰੇ ਕੋਲ ਹੱਥ ਹਿਲਾਉਂਦਾ ਮਿੰਨਾ ਮਿੰਨਾ ਮੁਸਕਰਾਉਂਦਾ। ਮੈਚ ਮੁੱਕੇ ਤੋਂ ਮੈਂ ਉਹਨੂੰ ਕੋਲ ਜਾ ਕੇ ਮਿਲਦਾ। ਜੱਫੀ ਪਾਉਂਦਿਆਂ ਸਾਡੀ ਰੂਹ ਖਿੜ ਜਾਂਦੀ। ਉਹ ਅਟਕ ਅਟਕ ਕੇ ਗੱਲਾਂ ਕਰਦਾ। ਬਿਮਾਰੀ ਆਏ ਸਾਲ ਵਧਦੀ ਜਾਂਦੀ। ਆਏ ਸਾਲ ਕਬੱਡੀ ਮੇਲਿਆਂ ਦੇ ਇਸ਼ਤਿਹਾਰ ‘ਪੰਜਾਬ ਟਾਈਮਜ਼’ ਵਿਚ ਛਪਦੇ ਤੇ ਮੈਂ ਉਹਦੇ ਅਖਬਾਰ ਲਈ ਖੇਡ ਲੇਖ ਲਿਖਦਾ।
ਟੈਲੀਫੋਨ ‘ਤੇ ਗੱਲਬਾਤ ਹੁੰਦੀ ਤਾਂ ਕਦੇ ਆਵਾਜ਼ ਸਾਫ ਤੇ ਕਦੇ ਟੁੱਟਵੀਂ ਸੁਣਾਈ ਦਿੰਦੀ। ਇਹ ਤਾਂ ਬਾਅਦ ‘ਚ ਪਤਾ ਲੱਗਾ ਕਿ ਉਹਦੇ ਗਲੇ ਵਿਚ ਛੇਕ ਕਰ ਕੇ, ਛੇਕ ‘ਚ ਨਾਲੀ ਪਾ ਕੇ ਮਾਈਕ੍ਰੋਫੋਨ ਵਰਗਾ ਜੋ ਯੰਤਰ ਪਾਇਆ ਗਿਆ ਸੀ, ਆਵਾਜ਼ ਉਹਦੇ ਵਿਚੋਂ ਹੀ ਨਿਕਲਦੀ ਸੀ। ਉਂਜ ਉਸ ਦੇ ਬੁੱਲ੍ਹ ਜ਼ਰੂਰ ਹਿਲਦੇ ਸਨ। ਹਰ ਸਾਲ ਉਸ ਦੀ ਧੌਣ ਟੇਢੀ ਤੋਂ ਹੋਰ ਟੇਢੀ ਹੁੰਦੀ ਜਾਂਦੀ ਸੀ ਤੇ ਸਿਰ ਹੋਰ ਝੁਕੀ ਜਾਂਦਾ ਸੀ। ਜੇ ਕਿਸੇ ਅੰਗ ਵਿਚ ਫਰਕ ਨਹੀਂ ਸੀ ਪਿਆ ਤਾਂ ਉਹ ਉਸ ਦੀਆਂ ਅੱਖਾਂ ਸਨ। ਸੂਰਜ ਵਾਂਗ ਲਿਸ਼ਕਦੀਆਂ ਤਰਲ ਅੱਖਾਂ। ਨੀਝ ਲਾ ਕੇ ਵੇਖਦੀਆਂ ਅੱਖਾਂ। ਇਹ ਅੱਖਾਂ ਹੀ ਸਨ, ਜਿਨ੍ਹਾਂ ਨਾਲ ਉਹ ਬੱਤੀ ਛੱਤੀ ਪੰਨਿਆਂ ਦਾ ਅਖਬਾਰ ਐਡਿਟ ਕਰਦਾ ਸੀ। ਕਿਤੇ ਵੀ ਕੋਈ ਗਲਤੀ ਨਹੀਂ ਸੀ ਰਹਿਣ ਦਿੰਦਾ। ਧੰਨ ਸੀ ਉਸ ਦੀ ਘਾਲਣਾ!
2015 ‘ਚ ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਦਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸਿ਼ਕਾਗੋ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਣਾ ਸੀ। ਬਲਬੀਰ ਸਿੰਘ ਨਾਲ ਅਸੀਂ ਸਿ਼ਕਾਗੋ ਪੁੱਜੇ ਤਾਂ ਅਮੋਲਕ ਸਿੰਘ ਦਾ ਹਾਲ ਚਾਲ ਪੁੱਛਣ ਵੀ ਗਏ। ਉਹ ਪਰਿਵਾਰ ਦੇ ਜੀਆਂ ਨਾਲ ਖੁੱਲ੍ਹੇ ਵਿਹੜੇ ਵਿਚ ਰੁੱਖ ਦੀ ਛਾਂਵੇਂ ਵੀਲ੍ਹ ਚੇਅਰ ‘ਤੇ ਬੈਠਾ ਸੀ। ਮੁਸਕਰਾਉਂਦਾ ਹੋਇਆ ਚੜ੍ਹਦੀ ਕਲਾ ਵਿਚ ਮਿਲਿਆ ਜਿਸ ਨਾਲ ਤਸੱਲੀ ਹੋਈ ਕਿ ‘ਪੰਜਾਬ ਟਾਈਮਜ਼’ ਚੜ੍ਹਦੀਆਂ ਕਲਾਂ ਵਿਚ ਹੀ ਰਹੇਗਾ। ਚਾਹ ਪਾਣੀ ਪੀਂਦਿਆਂ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ। ਮੇਰੇ ਵੱਲੋਂ ਲਿਖੀ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਬਲਬੀਰ ਸਿੰਘ ਦੇ ਦਸਤਖਤਾਂ ਨਾਲ ਉਸ ਨੂੰ ਭੇਟ ਕੀਤੀ।
2017 ਦੀ ‘ਪੰਜਾਬ ਟਾਈਮਜ਼ ਨਾਈਟ’ ਵਿਚ ਮੈਨੂੰ ਤੇ ਵਰਿਆਮ ਸਿੰਘ ਸੰਧੂ ਨੂੰ ਸ਼ਾਮਲ ਹੋਣ ਦਾ ਸੱਦਾ ਮਿਲਿਆ, ਪਰ ਅਸੀਂ ਪੰਜਾਬ ਗਏ ਹੋਣ ਕਾਰਨ ਸ਼ਾਮਲ ਨਾ ਹੋ ਸਕੇ। 2018 ਵਿਚ ਫਿਰ ਸੱਦਾ ਮਿਲਿਆ। ਅਸੀਂ ਟੋਰਾਂਟੋ ਤੋਂ ਬੱਸ ਚੜ੍ਹੇ ਤੇ ਸਿ਼ਕਾਗੋ ਜਾ ਪੁੱਜੇ। ਨਿੱਕੀ ਸੇਖੋਂ ਬੱਸ ਅੱਡੇ ਤੋਂ ਸਾਨੂੰ ਆਪਣੇ ਘਰ ਲੈ ਗਈ। ਸ਼ਾਮੀਂ ਸਮਾਗਮ ਹਾਲ ਵਿਚ ਪਹੁੰਚੇ ਜਿਥੇ ਵੀਲ੍ਹ ਚੇਅਰ ਉਤੇ ਬੈਠਾ ਅਮੋਲਕ ਸਿੰਘ ਤੇ ਆਲੇ ਦੁਆਲੇ ਉਹਦਾ ਪਰਿਵਾਰ ਪ੍ਰਾਹੁਣਿਆਂ ਨੂੰ ਜੀ ਆਇਆਂ ਕਹਿ ਰਹੇ ਸਨ। ਅਸੀਂ ਅਮੋਲਕ ਨੂੰ ਗਲਵੱਕੜੀ ਪਾ ਕੇ ਮਿਲੇ। ਮਿਲਾਪ ਵਿਚ ਗੜੂੰਦ ਉਹਦੀਆਂ ਅੱਖਾਂ ਤਰ ਹੋ ਗਈਆਂ ਤੇ ਨਾਲ ਸਾਡੀਆਂ ਵੀ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ, “ਮੈਂ ਇਹ ਗੱਲ ਬੜੀ ਜਿ਼ੰਮੇਵਾਰੀ ਨਾਲ ਕਹਿ ਰਿਹਾਂ ਕਿ ਗਦਰੀ ਬਾਬਿਆਂ ਨੇ ‘ਗਦਰ’ ਅਖਬਾਰ ਸ਼ੁਰੂ ਕਰ ਕੇ ਜਿਹੜੀ ਵੱਡੀ ਜੰਗ ਦਾ ਅਰੰਭ ਕੀਤਾ ਸੀ, ‘ਪੰਜਾਬ ਟਾਈਮਜ਼’ ਉਸੇ ਜੰਗ ਨੂੰ ਲੜਨ ਵਾਲਾ ਉਹਦਾ ਸੱਚਾ ਸੁੱਚਾ ਵਾਰਸ ਹੈ। ਅਮੋਲਕ ਸਿੰਘ ਭਾਵੇਂ ਹੁਣ ਬੋਲ ਨਹੀਂ ਸਕਦਾ, ਪਰ ਅਖਬਾਰ ਰਾਹੀਂ ਪੂਰੇ ਉਤਰੀ ਅਮਰੀਕਾ ਵਿਚ ਇਹਦੀ ਆਵਾਜ਼ ਸ਼ੇਰ ਦੀ ਗਰਜ ਵਾਂਗ ਗੂੰਜਦੀ ਪਈ ਐ।”
ਸੰਧੂ ਨੇ ਅੱਗੇ ਕਿਹਾ, “ਅੱਜ ਬਹੁਤ ਸਾਰਾ ਮੀਡੀਆ ਵਿਕਿਆ ਪਿਆ ਹੈ। ਉਨ੍ਹਾਂ ਦੀ ਆਪਣੀ ਆਵਾਜ਼ ਕੋਈ ਨਹੀਂ, ਉਹ ਧੂਤੂ ਨੇ, ਉਹ ਉਹੀ ਕੁਝ ਬੋਲਦੇ ਨੇ ਜਿਹੜੇ ਉਨ੍ਹਾਂ ਦੇ ਪਿਛੇ ਉਨ੍ਹਾਂ ਦੇ ਆਕਾ, ਪੈਸੇ ਦੇਣ ਵਾਲੇ ਕਹਿੰਦੇ ਨੇ। ਸੱਚ ਬੋਲਣ ਵਾਲਾ ਕੋਈ ਕੋਈ ਬਚਿਆ ਹੈ। ‘ਪੰਜਾਬ ਟਾਈਮਜ਼’ ਦੀ ਟੇਕ ਵੱਡੇ ਬੰਦਿਆਂ `ਤੇ ਨਹੀਂ, ਉਹਦੀ ਟੇਕ ਤਾਂ ਆਪਣੇ ਭਾਈਚਾਰੇ `ਤੇ ਹੈ। ਅਮੋਲਕ ਤੇ ਉਹਦਾ ‘ਪੰਜਾਬ ਟਾਈਮਜ਼’ ਮੈਨੂੰ ਆਪਣੀ ਗੱਲ ਕੁਝ ਇੰਜ ਕਹਿੰਦੇ ਲਗਦੇ ਨੇ:
ਹਮ ਫਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ
ਫਿਰ ਖੁਦਾ ਜਾਨੇ ਹਮ ਕੋ ਕਹਾਂ ਹਵਾ ਲੇ ਜਾਏ।
ਹਮ ਤੋ ਸੱਰੇ ਰਾਹ ਲੀਏ ਬੈਠੇ ਹੈਂ ਚਿੰਗਾਰੀ
ਜਿਸ ਕਾ ਜੀਅ ਚਾਹੇ ਚਿਰਾਗੋਂ ਕੋ ਜਲਾ ਲੇ ਜਾਏ।
ਤਦੇ ਮੈਂ ਮੁੱਢ ਵਿਚ ਲਿਖਿਆ ਹੈ, ਅਮੋਲਕ ਸਿੰਘ ਦਾ ਨਾਂ ਹੀ ਅਮੋਲਕ ਨਹੀਂ, ਉਹ ਸੀ ਹੀ ਅਨਮੋਲ ਹੀਰਾ। ਪੱਤਰਕਾਰੀ ਦਾ ਕੋਹੇਨੂਰ।
ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਉਹਦਾ ਨਾਂ ਸੁਨਹਿਰੀ ਅੱਖਰਾਂ ਵਿਚ ਜਗਮਗਾਉਂਦਾ ਰਹੇਗਾ!