ਡਾ. ਗੁਰਨਾਮ ਕੌਰ, ਕੈਨੇਡਾ
ਅਮੋਲਕ ਸਿੰਘ, ਗੁਰਦਿਆਲ ਨਾਲ ਚੰਡੀਗੜ੍ਹ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਦਾ ਸੀ। ਉਸ ਦਾ ਸ਼ੁਮਾਰ ਬੱਲ ਦੇ ਬਹੁਤ ਕਰੀਬੀ ਦੋਸਤਾਂ ਵਿਚ ਰਿਹਾ ਹੈ, ਬਿਲਕੁਲ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ। ਇਸ ਲਈ ਜਾਣ-ਆਉਣ, ਮਿਲਣ-ਵਰਤਣ ਬਣਿਆ ਹੋਇਆ ਸੀ। ਫਿਰ ਅਚਾਨਕ ਹੀ ਉਸ ਦਾ ਪ੍ਰੋਗਰਾਮ ਅਮਰੀਕਾ ਆਉਣ ਦਾ ਬਣ ਗਿਆ ਤਾਂ ਸਿਰਫ ਇੱਕ ਵਾਰ ਮੁਲਾਕਾਤ ਹੋਈ, ਜਦੋਂ ਪੱਤਰਕਾਰ ਕਰਮਜੀਤ ਸਿੰਘ ਦੀ ਵੱਡੀ ਲੜਕੀ ਜੋਤੀ ਦਾ ਵਿਆਹ ਦੇਖਣ ਉਹ ਅਮਰੀਕਾ ਤੋਂ ਚੰਡੀਗੜ੍ਹ ਆਇਆ।
ਉਦੋਂ ਉਸ ਦੀ ਬਿਮਾਰੀ ਦਾ ਥੋੜ੍ਹਾ ਥੋੜ੍ਹਾ ਅਸਰ ਉਸ ਦੇ ਸੋਹਣੇ-ਸੁਨੱਖੇ ਸਰੀਰ ‘ਤੇ ਨਜ਼ਰ ਆਉਣ ਲੱਗ ਪਿਆ ਸੀ। ਬੱਲ ਦੇ ਦੋਸਤਾਂ ਵਿਚ ਕੋਈ ਵੀ ਹੋਰ ਏਨਾ ਉੱਚਾ-ਲੰਬਾ, ਸੁਨੱਖੀ ਦਿਖ ਵਾਲਾ ਜੁਆਨ ਮੈਂ ਨਹੀਂ ਦੇਖਿਆ ਅਤੇ ਉਸ ਦਾ ਵਤੀਰਾ ਵੀ ਹਮੇਸ਼ਾ ਬਹੁਤ ਹੀ ਹਲੀਮੀ ਅਤੇ ਸਤਿਕਾਰ ਭਰਿਆ ਰਿਹਾ ਹੈ। ਫਿਰ ਸਾਡੇ ਵੱਡੇ ਪੁੱਤਰ ਮਨਵੀਰ ਨੇ ਸਾਨੂੰ ਸਪਾਂਸਰ ਕੀਤਾ ਤਾਂ ਅਸੀਂ ਵੀ 2008 ਵਿਚ ਛੋਟੇ ਬੇਟੇ ਗੁਰਨੀਤ ਸਮੇਤ ਕੈਨੇਡਾ ਆ ਗਏ।
ਸਾਥੋਂ ਕੁਝ ਹੀ ਮਹੀਨੇ ਬਾਅਦ “ਦੇਸ਼ ਸੇਵਕ” ਦੇ ਸੰਪਾਦਕ ਰਹਿ ਚੁੱਕੇ ਜਸਵੀਰ ਸ਼ਮੀਲ ਹੋਰੀਂ ਵੀ ਸਾਡੇ ਗੁਆਂਢ ਵਿਚ ਹੀ ਕੈਨੇਡਾ ਆ ਕੇ ਰਹਿਣ ਲੱਗ ਪਏ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਅਖਬਾਰ ਲਈ ਕਦੀ ਲਗਾਤਾਰ ਲਿਖਾਂਗੀ, ਕਿਉਂਕਿ ਕਿਸੇ ਅਖਬਾਰ ਲਈ ਲਿਖਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਸੀ। ਕੁਝ ਦੇਰ “ਪੰਜਾਬੀ ਟ੍ਰਿਬਿਊਨ” ਲਈ ਉਦੋਂ ਲਿਖਿਆ ਸੀ, ਜਦੋਂ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸ. ਗੁਰਬਚਨ ਸਿੰਘ ਭੁੱਲਰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਬਣੇ ਸਨ, ਕਿਉਂਕਿ ਅਚਾਨਕ ਇੱਕ ਦਿਨ ਫੋਨ ਕਰਕੇ ਭੁੱਲਰ ਸਾਹਿਬ ਨੇ ਕਿਹਾ ਸੀ, “ਬੀਬੀ ਗੁਰਨਾਮ ਤੁਸੀਂ ਸਾਡੇ ਅਖਬਾਰ ਲਈ ਕਿਉਂ ਨਹੀਂ ਲਿਖਦੇ?” ਮੈਂ ਅੱਗੋਂ ਕਿਹਾ ਸੀ, “ਭੁੱਲਰ ਸਾਹਿਬ, ਗੁਰਦਿਆਲ ਹੋਰੀਂ ਅਖਬਾਰ ਵਿਚ ਕੰਮ ਕਰਦੇ ਹਨ, ਚੰਗਾ ਨਹੀਂ ਲਗਦਾ ਕਿ ਕੋਈ ਕਿੰਤੂ ਪ੍ਰੰਤੂ ਕਰੇ।” ਉਨ੍ਹਾਂ ਨੇ ਮੁੜ ਕੇ ਕਿਹਾ, “ਬੀਬੀ! ਜਦੋਂ ਮੈਂ ਕਹਿ ਰਿਹਾਂ। ਅੱਜ ਤੋਂ ਹਰ ਹਫਤੇ ਸਿੱਖ ਧਰਮ ‘ਤੇ ਇੱਕ ਲੇਖ ਤੁਹਾਡਾ ਆਉਣਾ ਚਾਹੀਦਾ ਹੈ।” ਖੈਰ! ਜਿੰਨਾ ਚਿਰ ਭੁੱਲਰ ਸਾਹਿਬ ਸੰਪਾਦਕ ਰਹੇ, ਮੈਂ ਟ੍ਰਿਬਿਊਨ ਲਈ ਲਿਖਦੀ ਰਹੀ।
ਸ਼ਮੀਲ ਹੋਰੀਂ ਉਦੋਂ ਟੋਰਾਂਟੋ ਤੋਂ ਨਿਕਲਦੀ ਪੰਜਾਬੀ ਅਖਬਾਰ “ਪਰਵਾਸੀ” ਦੇ ਸੰਪਾਦਕ ਦੀ ਸੇਵਾ ਨਿਭਾ ਰਹੇ ਸਨ। ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ “ਮੂਲ ਨਾਨਕਸ਼ਾਹੀ ਕੈਲੰਡਰ” ਨੂੰ ਰੱਦ ਕਰ ਦਿੱਤਾ, ਜੋ ਪਿਛਲੇ 7 ਸਾਲ ਤੋਂ ਲਾਗੂ ਸੀ। ਮੈਂ ਸ਼ਮੀਲ ਨੂੰ ਕਿਹਾ ਕਿ ਮੈਂ ਇਸ ਸਬੰਧੀ ਲੇਖ ਲਿਖਣਾ ਹੈ, ਕਿਉਂਕਿ ਮੈਂ ਨਾਨਕਸ਼ਾਹੀ ਕੈਲੰਡਰ ਲਈ ਜਥੇਦਾਰ ਅਕਾਲ ਤਖਤ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਜੀ ਵੱਲੋਂ ਬਣਾਈ ਗਿਆਰਾਂ ਮੈਂਬਰੀ ਕਮੇਟੀ ਦੀ ਮੈਂਬਰ ਸੀ। ਸ਼ਮੀਲ ਨੇ ਮੇਰਾ ਲੇਖ “ਪਰਵਾਸੀ ਪੰਜਾਬੀ” ਵਿਚ ਲਾ ਦਿੱਤਾ ਅਤੇ ਨਾਲ ਹੀ ਮੈਨੂੰ ਕਿਹਾ ਕਿ ਮੈਂ ਹਰ ਹਫਤੇ ਪਰਵਾਸੀ ਲਈ ਲਿਖਾਂ। ਸ਼ਮੀਲ, ਅਮੋਲਕ ਸਿੰਘ ਦੇ ਲਗਾਤਾਰ ਸੰਪਰਕ ਵਿਚ ਸੀ। ਅਮੋਲਕ ਸਿੰਘ ਦੀ ਖਾਸੀਅਤ ਸੀ ਕਿ ਉਹ ਆਪਣੇ ਬਣਾਏ ਸੰਪਰਕ ਕਾਇਮ ਰੱਖਦਾ ਸੀ। ਗੁਰਦਿਆਲ ਹੋਰੀਂ ਭਾਵੇਂ ਕੈਨੇਡਾ ਵਿਚ ਛੇ ਮਹੀਨੇ ਲਾ ਕੇ ਵਾਪਸ ਪਟਿਆਲੇ ਚਲੇ ਗਏ ਸਨ, ਪਰ ਅਮੋਲਕ ਸਿੰਘ ਸਾਡੇ ਨਾਲ ਲਗਾਤਾਰ ਫੋਨ `ਤੇ ਗੱਲਬਾਤ ਕਰਦਾ ਰਹਿੰਦਾ ਸੀ। ਇੱਕ ਦਿਨ ਅਮੋਲਕ ਸਿੰਘ ਦਾ ਅਚਾਨਕ ਫੋਨ ਆਇਆ ਅਤੇ ਬੋਲਿਆ, “ਭਾਬੀ ਜੀ! ਤੁਸੀਂ ਆਪਣੀ ਘਰ ਦੀ ਅਖਬਾਰ ਲਈ ਕਿਉਂ ਨਹੀਂ ਲਿਖਦੇ?” ਮੈਂ ਉਸ ਨੂੰ ਦੱਸਿਆ ਕਿ ਮੈਨੂੰ ਟਾਈਪ ਕਰਨੀ ਨਹੀਂ ਆਉਂਦੀ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਲਿੰਕ ਭੇਜਦਾ ਹਾਂ, ਬੇਟੇ ਨੂੰ ਕਹੋ ਗੁਰਮੁਖੀ ਲਿਪੀ ਡਾਊਨ ਲੋਡ ਕਰ ਦੇਵੇ। ਇਸ ਤਰ੍ਹਾਂ ਅਮੋਲਕ ਨੇ ਮੈਨੂੰ ਟਾਈਪ ਕਰਨ ਵੀ ਲਾਇਆ ਅਤੇ ਅਖਬਾਰ ਵਿਚ ਲਿਖਣ ਵੀ। ਪਰਵਾਸੀ ਵਿਚ ਤਾਂ ਮੈਂ ਉਦੋਂ ਤੱਕ ਲਿਖਿਆ, ਜਦੋਂ ਤੱਕ ਸ਼ਮੀਲ ਨੇ ਉਥੇ ਕੰਮ ਕੀਤਾ, ਪਰ ਆਪਣੇ ਘਰ ਦੀ ਅਖਬਾਰ “ਪੰਜਾਬ ਟਾਈਮਜ਼” ਲਈ ਮੈਂ ਲਗਾਤਾਰ ਲਿਖਦੀ ਹਾਂ।
ਫਿਰ ਅਚਾਨਕ 2010 ਦੀਆਂ ਗਰਮੀਆਂ ਵਿਚ ਸਾਡੀ ਇੱਕ ਪਿਆਰੀ ਜਿਹੀ ਕੁੜੀ ਡਾ. ਮੋਹਣ ਵਿਰਕ ਵੱਲੋਂ ਸ਼ਿਕਾਗੋ ਤੋਂ ਸੱਦਾ ਆ ਗਿਆ ਕਿ ਮੈਂ ਹਰ ਹਾਲਤ ਵਿਚ ਉਸ ਦੇ ਬੇਟੇ ਨੀਲ ਦੀ “ਗਰੈਜੂਏਸ਼ਨ ਪਾਰਟੀ” ਵਿਚ ਸ਼ਾਮਲ ਹੋਵਾਂ। ਮੋਹਣ ਦੇ ਹੋਰ ਰਿਸ਼ਤੇਦਾਰ ਵੀ ਬਰੈਂਪਟਨ ਵਿਚ ਰਹਿੰਦੇ ਹਨ, ਜਿਨ੍ਹਾਂ ਨਾਲ ਸਾਡੀ ਵੀ ਰਿਸ਼ਤੇਦਾਰੀ ਹੈ। ਇਸ ਤਰ੍ਹਾਂ ਜਦੋਂ ਮੈਂ ਇੱਕ ਰਿਸ਼ਤੇਦਾਰ ਪਰਿਵਾਰ ਨਾਲ ਸ਼ਿਕਾਗੋ ਗਈ ਤਾਂ ਮੋਹਣ ਦੇ ਭਰਾ ਜਗਬੀਰ ਨੇ ਕਿਹਾ, “ਭਾਬੀ ਜੀ, ਅਮੋਲਕ ਭਾਅ ਜੀ ਨੂੰ ਮਿਲਣ ਚੱਲੀਏ?” “ਅੰਨ੍ਹਾ ਕੀ ਭਾਲੇ ਦੋ ਅੱਖਾਂ” ਮੈਂ ਖੁਸ਼ ਹੋ ਗੲ, ਕਿਉਂਕਿ ਇਨ੍ਹਾਂ ਮੁਲਕਾਂ ਵਿਚ ਕਿਸੇ ਨੂੰ ਆਪਣੇ ਵੱਲੋਂ ਕਹਿਣਾ ਕਿ ਤੁਹਾਨੂੰ ਕਿਸੇ ਨੂੰ ਮਿਲਣ ਲੈ ਜਾਵੇ, ਔਖਾ ਲੱਗਦਾ ਹੈ, ਕਿਸੇ ਕੋਲ ਜ਼ਿਆਦਾ ਵਿਹਲ ਹੀ ਨਹੀਂ ਹੁੰਦੀ। ਗੱਡੀ ਤੇ ਘੰਟੇ ਕੁ ਦੀ ਡਰਾਈਵ ਕਰਕੇ ਜਗਬੀਰ, ਉਸ ਦਾ ਦੋਸਤ ਅਤੇ ਮੈਂ ਅਮੋਲਕ ਕੋਲ ਪਹੁੰਚੇ। ਅਮੋਲਕ, ਜੋ ਇੱਕ ਸੁਨੱਖਾ-ਸੁਹਣਾ ਉੱਚਾ-ਲੰਬਾ ਤਿੱਖੀ ਨੋਕਦਾਰ ਪੱਗ ਬੰਨ੍ਹਣ ਵਾਲਾ ਜੁਆਨ ਸੀ, ਕਲੀਨ-ਸ਼ੇਵਡ ਸਰੂਪ ਵਿਚ ਸਾਹਮਣੇ, ਉਸ ਲਈ ਖਾਸ ਬਣੇ ਬੈੱਡ `ਤੇ ਲੇਟਿਆ ਹੋਇਆ ਸੀ। ਉਸ ਨੂੰ ਦੇਖ ਕੇ ਮੈਂ ਧੁਰ ਅੰਦਰ ਤੱਕ ਕੰਬ ਗਈ। ਮੈਂ ਸੋਚਿਆ ਹੀ ਨਹੀਂ ਸੀ ਕਿ ਹਰ ਹਫਤੇ ਵੀਰਵਾਰ ਨੂੰ ਵਿਹਲਾ ਹੋ ਕੇ ਲੰਬਾ ਸਮਾਂ ਫੋਨ `ਤੇ ਮੇਰੇ ਅਤੇ ਬੱਚਿਆ ਨਾਲ ਧੜੱਲੇਦਾਰ ਆਵਾਜ਼ ਵਿਚ ਗੱਲ ਕਰਨ ਵਾਲਾ ਅਮੋਲਕ ਮੰਜੇ `ਤੇ ਇਸ ਹਾਲਤ ਵਿਚ ਮਿਲੇਗਾ। ਮੈਂ ਆਪਣੇ ਚਿਹਰੇ ਦੇ ਹਾਵ-ਭਾਵ ਅਤੇ ਹੰਝੂ-ਦੋਵੇਂ ਹੀ ਬਹੁਤ ਕੋਸ਼ਿਸ਼ ਨਾਲ ਰੋਕ ਕੇ ਰੱਖੇ। ਸਾਡੇ ਨਾਲ ਚਾਹ ਪੀਣ ਦਾ ਸਾਥ ਦੇਣ ਲਈ ਉਸ ਦੇ ਬੈੱਡ ਨੂੰ ਖਾਸ ਪੁਜੀਸ਼ਨ ਵਿਚ ਲਿਆ ਕੇ ਢੋਅ ਲੁਆਈ ਗਈ ਅਤੇ ਚਾਹ ਪਿਆਈ ਗਈ। ਉਹ ਆਪਣੇ ਆਪ ਉਂਗਲ ਤੱਕ ਨਹੀਂ ਸੀ ਹਿਲਾ ਸਕਦਾ, ਪਰ ਅਖਬਾਰ ਦਾ ਸਾਰਾ ਮੈਟਰ ਆਪ ਦੇਖਦਾ ਸੀ, ਜਿਸ ਲਈ ਵੱਡੀ ਸਕਰੀਨ ਦਾ ਇੰਤਜ਼ਾਮ ਕੀਤਾ ਹੋਇਆ ਸੀ।
ਵਾਪਸ ਆ ਕੇ ਮੈਂ ਅਮੋਲਕ ਲਈ ਕਾਫੀ ਫਿਕਰਮੰਦ ਹੋ ਗਈ ਅਤੇ ਕੋਸ਼ਿਸ਼ ਕਰਦੀ ਕਿ ਵੀਰਵਾਰ ਨੂੰ ਖੁਦ ਫੋਨ ਕਰਾਂ। ਦੂਸਰੀ ਵਾਰ ਉਸ ਨੂੰ ਮਿਲਣ ਦ ਮੌਕਾ ਉਸ ਦੇ ਇਕਲੌਤੇ ਪੁੱਤਰ ਮਨਦੀਪ ਦੇ ਵਿਆਹ ‘ਤੇ ਜਾਣ ਦਾ ਬਣਿਆ। ਅਸੀਂ ਪਰਿਵਾਰ ਸਮੇਤ ਮਨਦੀਪ ਦਾ ਵਿਆਹ ਦੇਖਣ ਗਏ। ਅਮੋਲਕ ਨੇ ਸਾਰੀਆਂ ਰਸਮਾਂ ਵਿਚ ਵ੍ਹੀਲ ਚੇਅਰ ‘ਤੇ ਬੈਠ ਕੇ ਸ਼ਮੂਲੀਅਤ ਕੀਤੀ। ਫਿਰ 2015 ਦੇ 31 ਮਾਰਚ ਦੀ “ਪੰਜਾਬ ਟਾਈਮਜ਼” ਦੀ ਵਰੇ੍ਹਗੰਢ ਵਿਚ ਸ਼ਾਮਲ ਹੋਣ ਲਈ ਅਮੋਲਕ ਨੇ ਇਸਰਾਰ ਕੀਤਾ ਤਾਂ ਅਸੀਂ ਸਾਰਾ ਪਰਿਵਾਰ ਫਿਰ ਸ਼ਿਕਾਗੋ ਗਏ। ਉਥੇ ਜਾ ਕੇ ਦੇਖਿਆ ਕਿ ਅਮੋਲਕ ਨੂੰ ਚਾਹੁਣ ਵਾਲੇ ਉਸ ਦੇ ਮਿੱਤਰ ਪਿਆਰੇ, ਸਨੇਹੀ ਅਤੇ ਸਹਿਯੋਗੀ ਕਿਵੇਂ ਉਸ ਤੋਂ ਵਾਰੇ ਵਾਰੇ ਜਾਂਦੇ ਹਨ ਅਤੇ ਸਾਰਾ ਪ੍ਰਬੰਧ ਕਰਦੇ ਹਨ। ਮੈਂ ਕੈਨੇਡਾ ਪੱਕੇ ਤੌਰ ‘ਤੇ ਰਹਿਣ ਤੋਂ ਪਹਿਲਾਂ ਵੀ ਕੈਨੇਡਾ-ਅਮਰੀਕਾ ਕਾਨਫਰੰਸਾਂ-ਸੈਮੀਨਾਰਾਂ ਵਿਚ ਲਗਾਤਾਰ ਆਉਂਦੀ ਰਹੀ ਹਾਂ ਅਤੇ ਇਨ੍ਹਾਂ ਮੁਲਕਾਂ ਦਾ ਵੱਡਾ ਹਿੱਸਾ ਅਤੇ ਸ਼ਹਿਰ ਗਾਹੇ ਹਨ; ਪਰ ਅਮੋਲਕ ਸਦਕਾ ਪੰਜਾਬ ਟਾਈਮਜ਼ ਨੇ ਮੇਰੀ ਵੱਖਰੀ ਪਛਾਣ ਬਣਾਈ ਹੈ।
ਮੈਂ ਗਦਰ ਲਹਿਰ ਤੇ ਇੱਕ ਸੈਮੀਨਾਰ ਵਿਚ ਸ਼ਾਮਲ ਹੋਣ ਸਟਾਕਟਨ (ਅਮਰੀਕਾ) ਗਈ ਤਾਂ ਉਥੇ ਮੇਰੇ ਗੁਆਂਢੀ ਪਿੰਡ ਕੋਟਲਾ ਸ਼ਮਸ਼ਪੁਰ ਤੋਂ ਸਕੂਲ ਵਿਚ ਮੈਥੋਂ ਦੋ ਸਾਲ ਸੀਨੀਅਰ ਤ੍ਰਿਪਤ ਕੰਗ ਆਪਣੇ ਪਤੀ ਨਾਲ ਮਿਲਣ ਆਈ। ਉਸ ਦੇ ਪਤੀ ਨੇ ਪੰਜਾਬ ਟਾਈਮਜ਼ ਵਿਚ ਮੇਰੀ ਕਿਸੇ ਲੇਖ ਲੜੀ ਵਿਚ ਤ੍ਰਿਪਤ ਦਾ ਨਾਮ ਪੜ੍ਹਿਆ ਸੀ ਅਤੇ ਉਸ ਨੇ ਤ੍ਰਿਪਤ ਨੂੰ ਦੱਸਿਆ ਸੀ। ਮੈਨੂੰ ਹਿਊਸਟਨ-ਟੈਕਸਸ ਜਾਣ ਦਾ ਮੌਕਾ ਪੰਜਾਬ ਟਾਈਮਜ਼ ਕਰਕੇ ਮਿਲਿਆ। ਪੰਜਾਬ ਟਾਈਮਜ਼ ਅਮਰੀਕਾ ਵਿਚ ਏਨਾ ਜ਼ਿਆਦਾ ਹਰਮਨ ਪਿਆਰਾ ਅਖਬਾਰ ਹੋ ਗਿਆ ਹੈ, ਇਹ ਮੈਨੂੰ ਅਮਰੀਕਾ ਵਿਚ ਵੱਖ ਵੱਖ ਥਾਂਵਾਂ ਉਤੇ ਜਾਣ ‘ਤੇ ਅਹਿਸਾਸ ਹੋਇਆ ਅਤੇ ਮੈਨੂੰ ਆਪ ਨੂੰ ਵੀ, ਭਾਵੇਂ ਮੈਂ ਲੇਖ ਭੇਜਿਆ ਹੋਵੇ ਜਾਂ ਨਾ, ਇਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਮੈਂ ਆਪਣੀ ਭਤੀਜੀ ਦੇ ਪੁੱਤਰ ਦਾ ਵਿਆਹ ਦੇਖਣ ਅਮਰੀਕਾ ਦੇ ਯੂਬਾ ਸਿਟੀ ਗਈ ਅਤੇ ਮੁੰਡੇ ਨੂੰ ਵਿਆਹੁਣ ਅਸੀਂ ਫਰਿਜ਼ਨੋ ਗਏ। ਉਥੇ ਜਦੋਂ ਸਾਡੀ ਵਹੁਟੀ ਦੀ ਦਾਦੀ ਨੂੰ ਪਤਾ ਲੱਗਾ ਕਿ ਮੈਂ ਵਿਆਹ ਵਿਚ ਆਈ ਹਾਂ ਤਾਂ ਉਸ ਦੀ ਪਹਿਲੀ ਇੱਛਾ ਇਹ ਸੀ ਕਿ ਉਸ ਨੂੰ ਮੇਰੇ ਨਾਲ ਜ਼ਰੂਰ ਮਿਲਾਇਆ ਜਾਵੇ। ਮੈਨੂੰ ਬਹੁਤ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਕਿ ਅਮੋਲਕ ਦੀ ਮਿਹਨਤ ਕਿਵੇਂ ਸਾਰੇ ਅਮਰੀਕਾ ਵਿਚ ਸਲਾਹੀ ਜਾਂਦੀ ਹੈ। ਮੈਨੂੰ ਆਪ ਨੂੰ ਵੀ ਬਹੁਤ ਸਾਰੇ ਲੇਖਕਾਂ ਨੂੰ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਜਾਣਨ ਦਾ ਸਬੱਬ ਪੰਜਾਬ ਟਾਈਮਜ਼ ਹੀ ਬਣਿਆ ਹੈ।
ਆਪਣੀ ਖਰਾਬ ਸਿਹਤ ਦੇ ਬਾਵਜੂਦ ਅਮੋਲਕ ਕਦੇ ਵੀ ਡੋਲਿਆ ਜਾਂ ਘਬਰਾਇਆ ਨਹੀਂ ਸੀ। ਜਿੰਨੀ ਦੇਰ ਜੀਵਿਆ, ਸਦਾ ਚੜ੍ਹਦੀ ਕਲਾ ਵਿਚ ਜੀਵਿਆ। ਭਾਵੇਂ ਆਪਣੇ ਆਪ ਉਂਗਲ ਤੱਕ ਨਹੀਂ ਸੀ ਹਿਲਾ ਸਕਦਾ, ਪਰ ਅਖਬਾਰ ਦਾ ਇੱਕ ਇੱਕ ਲੇਖ ਆਪਣੀ ਨਿਗਾਹ ਵਿਚੋਂ ਕੱਢਦਾ ਸੀ। ਪਿਛਲੇ ਇੱਕ ਸਾਲ ਤੋਂ ਉਤੇ ਸਮਾਂ ਹੋ ਗਿਆ ਸੀ ਕਿ ਉਹ ਬੋਲ ਕੇ ਆਪਣੀ ਗੱਲ ਦੱਸਣੋਂ ਵੀ ਰਹਿ ਗਿਆ ਸੀ, ਉਸ ਦੀ ਇਸ਼ਾਰਿਆਂ ਦੀ ਬੋਲੀ ਸਿਰਫ ਉਸ ਦੀ ਪਤਨੀ ਜਸਪ੍ਰੀਤ ਨੂੰ ਹੀ ਸਮਝ ਆਉਂਦੀ ਸੀ। ਜਦੋਂ ਕਦੀ ਜਸਪ੍ਰੀਤ ਉਦਾਸ ਹੋ ਜਾਂਦੀ ਸੀ ਤਾਂ ਹਮੇਸ਼ਾ ਫੋਨ ਕਰਕੇ ਸ਼ਿਕਾਇਤ ਕਰਦਾ ਹੁੰਦਾ ਸੀ, “ਭਾਬੀ ਜੀ! ਜਸਪ੍ਰੀਤ ਨੂੰ ਸਮਝਾਉ, ਚੜ੍ਹਦੀ ਕਲਾ ਵਿਚ ਰਿਹਾ ਕਰੇ। ਕਿਉਂ ਮਰੂੰ ਮਰੂੰ ਕਰਦੀ ਰਹਿੰਦੀ ਹੈ?”
ਮੈਂ ਆਪਣੇ ਆਲੇ-ਦੁਆਲੇ ਕਦੀ ਕਿਸੇ ਗੰਭੀਰ ਅਲਾਮਤ ਵਾਲੇ ਰਿਸ਼ਤੇਦਾਰ ਜਾਂ ਜਾਣੂੰ ਨੂੰ ਨਿਰਾਸ਼ਾ ਵਿਚ ਦੇਖਦੀ-ਸੁਣਦੀ ਹਾਂ ਤਾਂ ਹਮੇਸ਼ਾ ਅਮੋਲਕ ਦੀ ਚੜ੍ਹਦੀ ਕਲਾ ਦੀ ਮਿਸਾਲ ਦੇ ਕੇ ਸਮਝਾਉਂਦੀ ਹਾਂ। ਵਾਹਿਗੁਰੁ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਜਸਪ੍ਰੀਤ ਕੌਰ, ਪੁੱਤਰ ਮਨਦੀਪ ਸਿੰਘ ਤੇ ਨੂੰਹ ਰਾਣੀ ਸੰਦੀਪ ਕੌਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਜਸਪ੍ਰੀਤ ਨੂੰ ਬੇਨਤੀ ਕਰਾਂਗੀ ਕਿ ਪੰਜਾਬ ਟਾਈਮਜ਼ ਨੂੰ ਅਮੋਲਕ ਵਾਂਗੂ ਹੀ ਪਿਆਰ ਅਤੇ ਸੋਝੀ ਨਾਲ ਜਾਰੀ ਰੱਖੇ, ਕਿਉਂਕਿ ਇਸ ਨਾਲ ਅਮੋਲਕ ਦਾ ਸੰਘਰਸ਼, ਉਸ ਦੀਆਂ ਯਾਦਾਂ ਜੁੜੀਆਂ ਹੋਈਆ ਹਨ। ਉਮੀਦ ਕਰਦੀ ਹਾਂ ਕਿ ਮਨਦੀਪ ਅਤੇ ਸੰਦੀਪ ਇਸ ਮਕਸਦ ਵਿਚ ਆਪਣੀ ਮਾਤਾ ਦਾ ਹੱਥ ਜ਼ਰੂਰ ਵਟਾਉਣਗੇ। ਇਹੀ ਉਨ੍ਹਾਂ ਵੱਲੋਂ ਆਪਣੇ ਪਿਤਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅਮੋਲਕ ਨੂੰ ਚਾਹੁਣ ਵਾਲੇ ਸਨੇਹੀਆਂ ਨੂੰ ਵੀ ਮੇਰੀ ਅਪੀਲ ਹੈ ਕਿ ਪਹਿਲਾਂ ਵਾਂਗ ਹੀ ਅਮੋਲਕ ਸਿੰਘ ਦੇ ਸੁਪਨੇ “ਪੰਜਾਬ ਟਾਈਮਜ਼” ਨੂੰ ਜਿਉਂਦਾ ਰੱਖਣ ਲਈ ਜੁੜੇ ਰਹਿਣ। ਆਮੀਨ!