ਭਾਈ ਮਰੇ ਤਾਂ ਬਾਂਹ ਭੱਜਦੀ ਐ…

ਬਲਵਿੰਦਰ ਜੰਮੂ

ਸਤਿਕਾਰਯੋਗ ਮੇਰੇ ਵੱਡੇ ਭਰਾ ਸ. ਅਮੋਲਕ ਸਿੰਘ ਨਹੀਂ ਰਹੇ। ਤਿੰਨ ਦਿਨ ਇਹ ਗੱਲ ਆਪਣੇ ਅੰਦਰ ਹੀ ਨੱਪ ਕੇ ਰੱਖੀ, ਪਰ ਬੁੱਧੀਜੀਵੀਆਂ ਵੱਲੋਂ ਸੋਸ਼ਲ ਮੀਡੀਆ ਉਤੇ ਸਭ ਜ਼ਾਹਿਰ ਸੀ। ਮੈਂ ਉਨ੍ਹਾਂ ਦਾ ‘ਬਾਬੂ ਜੀ’ ਸੀ। 1990 ਤੋਂ ਜਦੋਂ ਮੈਂ ਵਾਲ ਕਟਾ ਲਏ, ਉਹ ਮੈਨੂੰ ‘ਬਾਬੂ ਜੀ’ ਕਹਿੰਦੇ ਆ ਰਹੇ ਸਨ। ਇਹ ਨਾਂ ਜਦੋਂ ਵੀ ਉਹ ਪੁਕਾਰਦੇ, ਖੁਸ਼ੀ ਹੁੰਦੀ ਤੇ ਉਨ੍ਹਾਂ ਨੂੰ ਮੇਰਾ ਚਾਅ ਰਹਿੰਦਾ। 1995 ਵਿਚ ਉਹ ਯੂ. ਐਸ. ਚਲੇ ਗਏ। ਫੋਨ `ਤੇ ਗੱਲ ਹੁੰਦੀ ਤਾਂ ਮੈਂ ਕਹਿੰਦਾ, ਬਾਬੂ ਬੋਲਦਾਂ ਜੀ…। “ਬੋਲੋ ਬਾਬੂ ਜੀ…ਪਤਾ ਮੈਨੂੰ ਬਾਬੂ ਬੋਲਦਾ…।”

ਇਕ ਵੱਖਰਾ ਸਵਾਦ ਜਿਹਾ ਪਸਰ ਜਾਂਦਾ। ਇੰਜ ਬਾਬੂ ਕਹਿਣ ਦਾ ਹੱਕ ਸਿਰਫ ਮੇਰੇ ਵੱਡੇ ਭਾਈ ਸ. ਅਮੋਲਕ ਸਿੰਘ ਨੂੰ ਸੀ ਤੇ ਇਹ ਨਾਂ ਸਾਡੇ ਦੋਹਾਂ ਭਾਈਆਂ ਵਿਚ ਸੀਮਤ ਸੀ। ਜਦੋਂ ਵੀ ਮੈਂ ਸ਼ਿਕਾਗੋ ਆਉਣਾ, ਬਿਨ ਦੇਖਿਆਂ ਉਹ ਬਿੜਕ ਕਰ ਲੈਂਦੇ, ‘ਬਾਬੂ ਜੀ ਆ ਗਿਆ’ ਤੇ ਮੈਂ ਹੈਰਾਨ ਰਹਿ ਜਾਂਦਾ।
ਯੂ. ਐਸ. ਵਿਚ ਉਨ੍ਹਾਂ ਤੋਂ ਕਿਤੇ ਜ਼ਿਆਦਾ ਮੈਂ ਘੁੰਮਿਆ ਹੋਵਾਂਗਾ, ਪਰ ਦੇਸ਼ ਦੀ ਭੂਗੋਲਿਕ ਜਾਣਕਾਰੀ ਉਹ ਮੈਨੂੰ ਦੱਸਦੇ। ਬੈਡ ਉਤੇ ਉਹ ਆਪ ਪਏ ਸੀ ਤੇ ਫਿਕਰ ਮੇਰਾ ਕਰਿਆ ਕਰਦੇ ਕਿ ਬਾਬੂ ਨੂੰ ਅਮਰੀਕਾ ਵਿਚ ਕੋਈ ਮੁਸ਼ਕਿਲ ਨਾ ਆਵੇ। ਮੈਂ ਸ਼ਿਕਾਗੋ ਪਹੁੰਚ ਕੇ ਕੁੱਤੇਵੱਢ ਪਿੰਡ ਦੀ ਇਕ ਇਕ ਬੋਲੀ ਵਿਚ ਉਨ੍ਹਾਂ ਨਾਲ ਗੱਲਾਂ ਕਰਦਾ। ਠੀਕ ਨਾ ਹੋਣ ਕਾਰਨ ਉਹ ਖੁੱਲ੍ਹ ਕੇ ਹੱਸ ਨਹੀਂ ਸੀ ਸਕਦੇ, ਪਰ ਹਾਸੇ ਦਾ ਸੰਚਾਰ ਲਾਜਵਾਬ ਹੁੰਦਾ।
ਬੇਬੇ-ਬਾਪੂ ਦਾ ਤੁਰ ਜਾਣਾ ਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਾ ਹੋਣ ਦੀ ਬੇਵਸ ਪੀੜ ਉਨ੍ਹਾਂ ਅੰਦਰ ਨੱਪ ਲਈ ਸੀ। ਬਾਪੂ ਜੀ ਦੇ ਤੁਰ ਜਾਣ ਮਗਰੋਂ ਮੈਂ ਸ਼ਿਕਾਗੋ ਜਾ ਕੇ ਉਨ੍ਹਾਂ ਦੇ ਸਿਰ ਪਰਨਾ ਬੰਨ ਦਿੱਤਾ। ਖੁੱਲ੍ਹੇ-ਡੁੱਲੇ ਘਰ ਦੇ ਬਾਹਰਲੇ ਗੈਰਾਜ ਕੋਲ ਸਿਰਫ ਅਸੀਂ ਦੋਵੇਂ ਭਾਈ ਗੱਲਾਂ ਕਰ ਰਹੇ ਸਾਂ। ਮੈਂ ਉਨ੍ਹਾਂ ਦੇ ਕੇਸਰੀ ਪਰਨੇ ਵਿਚ ਫੋਟੋਆਂ ਖਿੱਚ ਉਨ੍ਹਾਂ ਨੂੰ ਦਿਖਾਈਆਂ। ਪਰਨਾ ਬੰਨੇ ਜਾਣ ਦੀ ਕੋਈ ਗੱਲ ਕਰਨ ਦਾ ਹੀਆ ਨਾ ਪਿਆ। ਬੇਬੇ ਮਗਰੋਂ ਬਾਪ ਦੇ ਵਿਛੋੜੇ ਦੀ ਵੇਦਨਾ, ਦਰਦ ਤੇ ਪੀੜ ਭਾਈ ਅਮੋਲਕ ਸਿੰਘ ਦੀ ਸਰੀਰਕ ਪੀੜ ਨਾਲੋਂ ਵੱਧ ਨਹੀਂ ਸੀ ਤੇ ਸਭ ਕੁਝ ਅੰਦਰੋ ਅੰਦਰੀ ਵਹਾ ਲੈਣਾ ਹੀ ਸੀ। ਅੰਦਰਲੀ ਤਾਕਤ ਜ਼ਰੀਏ ਹੀ ਭਾਅ ਜੀ ਲੰਮਾ ਘੋਲ ਕਰਦਿਆਂ ਆਪਣੇ ਅਖਬਾਰ ‘ਪੰਜਾਬ ਟਾਈਮਜ਼’ ਵਿਚ ਨਿਰਵਿਘਨ ਰਹੇ।
ਇਕ ਵਾਰ ਅਸੀਂ ਦੋਵੇਂ ਭਾਈ ਵਿਹੜੇ ਦੇ ਗੈਰਾਜ ਨਜ਼ਦੀਕ ਬੈਠੇ ਸਾਂ। ਕੂੰਜਾਂ ਲੰਘੀਆਂ, ਕੂੰਜਾਂ ਦੀ ਉਡਾਰੀ ਕਿਸ ਕਿਸ ਪਾਸੇ ਨੂੰ ਹੋਣ ਜਾ ਰਹੀ ਬਾਰੇ ਉਨ੍ਹਾਂ ਦੱਸਿਆ। ਮੈਂ ਹੈਰਾਨ ਸਾਂ, ਸਿਹਤ ਦੀ ਇਸ ਹਾਲਤ ਵਿਚ ਵੀ ਬੰਦੇ ਕੋਲ ਆਕਾਸ਼ ਦੀਆਂ ਚਹਿਲਕਦਮੀਆਂ ਦੀ ਸਾਰ ਹੈ। ਇਥੇ ਹੀ ਨਤਮਸਤਕ ਸੀ।
ਸਾਡੇ ਪਿੰਡ ਕੁੱਤੇਵੱਢ ਤੋਂ ਫਾਸਲੇ ਉਤੇ ਬੁੱਢੀਮਾੜੀ ਦੇ ਦਿੱਲੀ ਤੋਂ ਗੁਰਭੇਜ ਸਿੰਘ ਗੋਰਾਇਆ ਨੇ ਯਾਦ ਸਾਂਝੀ ਕੀਤੀ ਕਿ “ਉਹ 2018 ਵਿਚ ਭਾਅ ਜੀ ਅਮੋਲਕ ਸਿੰਘ ਦੇ ਘਰ ਸ਼ਿਕਾਗੋ ਮਿਲਿਆ। ਜਦੋਂ ਬੁੱਢੀਮਾੜੀ ਤੇ ਬਾਕੀ ਪਿੰਡਾਂ ਦੇ ਨਾਂ ਯਾਦ ਕਰਵਾਏ ਤਾਂ ਅਮੋਲਕ ਭਾਅ ਜੀ ਨੇ ਜਿਵੇਂ ਤਾਕਤ ਫੜ ਲਈ ਹੋਵੇ।
21 ਅਪਰੈਲ 2021 ਨੂੰ ਭਾਰਤੀ ਸਮੇਂ ਮੁਤਾਬਕ ਉਹ ਅੰਮ੍ਰਿਤ ਵੇਲੇ ਹਮੇਸ਼ਾ ਲਈ ਰੁਖਸਤ ਹੋ ਗਏ। ਯਾਦਾਂ ਹੀ ਰਹਿਣਗੀਆਂ। ਉਹ ਸਾਰੇ ਪਰਿਵਾਰ ਦੀ ਵੱਡੀ ਤਾਕਤ ਸਨ। ਸੋਮਿਆਂ ਨਾਲ ਭਰਪੂਰ ਤੇ ਸਵੈ-ਭਰੋਸੇ ਵਾਲੇ ਹੋਣ ਕਰਕੇ ਬਹੁਤ ਅੱਗੇ ਦੀ ਸੋਚਦੇ ਤੇ ਉਨ੍ਹਾਂ ਦੇ ਅਨੁਮਾਨ ਠੀਕ ਹੁੰਦੇ। ਉਹ ਆਪਣੀ ਤਾਕਤ ਆਪ ਬਣ ਕੇ ਰਹੇ।
25 ਅਪਰੈਲ, ਐਤਵਾਰ ਨੂੰ ਸ਼ਿਕਾਗੋ ਵਿਖੇ ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਅਸੀਂ ਸ਼ਾਮਲ ਨਹੀਂ ਹੋ ਸਕੇ। ਕਰੋਨਾ ਕਾਰਨ 24 ਅਪਰੈਲ ਦੀ ਯੂਨਾਈਟਿਡ ਏਅਰ ਲਾਈਨ ਦੀ ਫਲਾਈਟ ਕੈਂਸਲ ਹੋ ਗਈ ਤੇ ਦਿੱਲੀ ਏਅਰਪੋਰਟੋਂ ਵਾਪਸ ਮੁੜੇ।
ਅਸੀਮ ਦਰਦ ਹੈ ਕਿ ਸ. ਅਮੋਲਕ ਸਿੰਘ ਦੇ ਛੋਟੇ ਭਾਈ ਨੂੰ ਕਿਸੇ ਬਾਬੂ ਨਹੀਂ ਕਹਿਣਾ, ਪਰ ਬਾਬੂ ਕਹਿਣ ਵਾਲੀ ਆਵਾਜ਼ ਹਵਾ ਵਿਚ ਹਮੇਸ਼ਾ ਮਹਿਸੂਸ ਰਹੂ। ਸਾਡੇ ਮਾਣ ਤੇ ਸ਼ਾਨ ਭਾਅ ਜੀ ਅਮੋਲਕ ਸਿੰਘ ਨਹੀਂਓਂ ਮੁੜਨੇ। ਉਹ ਅਲਵਿਦਾ ਹਨ।
ਭਾਈ ਮਰੇ ਤਾਂ ਬਾਂਹ ਭੱਜਦੀ ਹੈ…! ਇਹ ਇੱਕ ਸੱਚ ਹੈ।

_________________________________
ਅਲਵਿਦਾ ਭਾਅ ਜੀ, ਅਮੋਲਕ ਸਿੰਘ ਜੀ
ਸਾਲ 2004 ਵਿਚ ਪਹਿਲੀ ਵਾਰ ਮਿਲਿਆ ਮੈਂ ਭਾਅ ਜੀ ਅਮੋਲਕ ਸਿੰਘ ਨੂੰ। ਸੈਨ ਫਰਾਂਸਿਸਕੋ ਏਅਰਪੋਰਟ ਤੋਂ ਲੈਣ ਗਿਆ ਸਾਂ। ਰਸਤੇ ਵਿਚ ਸੈਂਟਾ ਕਲਾਰਾ, ਇੱਕ ਰੈਸਟੋਰੈਂਟ ਵਿਚ ਬੈਠ ਕੇ ਜਦੋਂ ਰੋਟੀ ਖਾਣ ਲੱਗੇ ਤਾਂ ਮੈਂ ਮਹਿਸੂਸ ਕੀਤਾ ਕਿ ਭਾਅ ਜੀ ਹੋਰਾਂ ਦੇ ਹੱਥ, ਬੁਰਕੀ ਤੋੜਨ ਲੱਗਿਆਂ, ਉਸ ਤਰ੍ਹਾਂ ਕੰਮ ਨਹੀਂ ਕਰ ਰਹੇ, ਜਿਸ ਤਰ੍ਹਾਂ ਕਰਨੇ ਚਾਹੀਦੇ ਹਨ। ਪੁੱਛਿਆ, ਤਾਂ ਉਨ੍ਹਾਂ ਆਪਣੀ ਬਿਮਾਰੀ ਬਾਰੇ ਦੱਸਿਆ, “ਆਉਣ ਵਾਲਾ ਸਮਾਂ ਮੇਰੇ ਉੱਤੇ ਕਾਫੀ ਮਾੜਾ ਹੋਵੇਗਾ, ਕੁਝ ਸਮੇਂ ਬਾਅਦ ਮੇਰੇ ਹੱਥ-ਪੈਰ ਚਲਣੇ ਬੰਦ ਹੋ ਜਾਣਗੇ।” ਬੜੇ ਆਰਾਮ ਨਾਲ ਉਨ੍ਹਾਂ ਇਹ ਗੱਲ ਦੱਸੀ। ਮੇਰਾ ਹੈਰਾਨ ਹੋਣਾ ਸੁਭਾਵਿਕ ਸੀ।
ਸਾਲ 2005 ਵਿਚ ਆਏ। ਮੈਂ ਕਿਹਾ, ਚਲੋ ਲੰਚ ਕਰਦੇ ਹਾਂ। ਆਖਣ ਲੱਗੇ, ਮੈਕਸੀਕਨ ਖਾਣਾ ਖਾਵਾਂਗੇ। ਅਸੀਂ ਸੈਨ ਹੋਜ਼ੇ ਡਾਊਨਟਾਊਨ ਵਿਚ ਬੈਠੇ ਖਾਣਾ ਖਾਧਾ। ਇਸ ਵਾਰ ਮੈਕਸੀਕਨ ਖਾਣ ਦਾ ਅਸਲ ਕਾਰਨ ਇਹ ਸੀ ਕਿ ਹੁਣ ਰੋਟੀ ਦੀ ਬੁਰਕੀ ਤੋੜਨੀ ਵੀ ਮੁਸ਼ਕਿਲ ਹੋ ਗਈ ਸੀ। ਅਗਲੇ ਸਾਲ ਫਿਰ ਭੈਣ ਜੀ (ਉਨ੍ਹਾਂ ਦੀ ਪਤਨੀ) ਹੋਰਾਂ ਨਾਲ ਆਏ, ਤੇ ਹਾਲਤ ਹੋਰ ਵੀ ਖਰਾਬ ਸੀ। ਫਿਰ ਕਦੇ ਕੈਲੀਫੋਰਨੀਆ ਨਹੀਂ ਆਏ।
ਇਸ ਦੌਰਾਨ ਜਦੋਂ ਵੀ ਗੱਲ ਹੋਣੀ, ਜਦੋਂ ਹਾਲ ਪੁੱਛਣਾ, ਉਨ੍ਹਾਂ ਆਖਣਾ, “ਕਾਇਮ ਆ?” “ਬਿਲਕੁਲ ਠੀਕ ਆ।” ਆਵਾਜ਼ ਵਿਚ, ਲਿਖਤ ਵਿਚ, ਅਖਬਾਰ ਦੇ ਮਿਆਰ ਵਿਚ ਕਦੇ ਕੋਈ ਕਮੀ ਨਹੀਂ।
2009 ਦੇ ਅਖੀਰ ਵਿਚ ਸ਼ਿਕਾਗੋ ਗਿਆ, ਮੈਂ ਕਾਲ ਕੀਤੀ, ਆਖਣ ਲੱਗੇ, “ਅੱਜ ਮੰਗਲਵਾਰ ਨਾ ਆਈਂ, ਅਖਬਾਰ ਪੂਰਾ ਕਰਨਾ ਹੁੰਦਾ। ਕੱਲ੍ਹ ਆਵੀਂ, ਦੁਪਹਿਰ ਦਾ ਖਾਣਾ, ਇਕੱਠੇ ਖਾਵਾਂਗੇ।”
ਮੈਂ ਅਗਲੇ ਦਿਨ ਸਵੇਰੇ ਕੋਈ ਗਿਆਰਾਂ ਕੁ ਵਜੇ ਉਨ੍ਹਾਂ ਦੇ ਘਰ ਪੁੱਜਾ ਤਾਂ, ਵਹੀਲ ਚੇਅਰ ਉੱਤੇ ਹੱਡੀਆਂ ਦੀ ਇੱਕ ਮੁੱਠ ਬੈਠੀ ਦੇਖ ਕੇ ਹੈਰਾਨ ਹੋ ਗਿਆ। ਮੈਂ ਹੱਥ, ਮਿਲਾਉਣ ਲਈ ਹੱਥ ਅੱਗੇ ਕੀਤਾ, ਤੇ ਸਿਰ ਮਾਰ ਕੇ ਇਸ਼ਾਰਾ ਕਰ ਦਿੱਤਾ। ਹੱਥ ਚੁੱਕੇ ਨਹੀਂ ਜਾਂਦੇ। ਪੂਰਾ ਸਰੀਰ, ਇੱਕ ਦਮ ਪੱਥਰ, ਬੇਜਾਨ, ਇੱਕ ਜਿੰਦਾ ਲਾਸ਼। ਗਲੇ ਤੋਂ ਥੱਲੇ ਸਰੀਰ ਵਿਚ ਕੋਈ ਹਰਕਤ ਨਹੀਂ। ਟਾਇਲਟ, ਨੁਹਾਉਣ, ਸੌਣ-ਹਰ ਕੰਮ ਲਈ ਇੱਕ ਸਹਾਰੇ ਦੀ ਲੋੜ। ਆਕਸੀਜਨ ਸਿਲੰਡਰ ਦੀ ਨਾਲੀ ਨੱਕ ਵਿਚ। ਥੋੜ੍ਹਾ ਉੱਚੀ ਬੋਲਣ ਨਾਲ ਸਾਹ ਉਖੜਦਾ ਸੀ, ਪਰ ਆਵਾਜ਼, ਗੱਲਬਾਤ ਬਿਲਕੁਲ ਉਸੇ ਤਰ੍ਹਾਂ! ਅੱਖਾਂ ਮੀਟ ਕੇ ਗੱਲ ਕਰਦਿਆਂ ਯਕੀਨ ਨਹੀਂ ਸੀ ਆਉਂਦਾ ਕਿ ਇਸ ਆਵਾਜ਼ ਜਾਂ ਕਲਮ ਦਾ ਮਾਲਕ ਇਸ ਤਰ੍ਹਾਂ ਇੱਕ ਲਾਸ਼ ਵਰਗੀ ਜਿ਼ੰਦਗੀ ਜੀਓ ਰਿਹਾ ਹੋਵੇ। ਹੌਸਲਾ ਬਿਲਕੁਲ ਬੁਲੰਦ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਹਾਏ ਹਾਏ ਨਹੀਂ, ਕੋਈ ਮਰੂੰ ਮਰੂੰ ਨਹੀਂ। ਇੰਜ ਲੱਗੇ, ਜਿਵੇਂ ਭਾਣੇ ਵਿਚ ਰਹਿਣ ਦਾ ਵੱਲ, ਬਸ ਇਸ ਇਨਸਾਨ ਨੂੰ ਹੀ ਆਉਂਦਾ ਹੋਵੇ। ਉਸੇ ਤਰ੍ਹਾਂ ਮਜ਼ਾਕ, ਫਰੀਮਾਂਟ ਦੇ ਗੁਰਦੁਆਰਾ ਸਾਹਿਬ ਦੀਆਂ ਗੱਲਾਂ ਕਰਦਿਆਂ, ਸ਼ੁਗਲ ਵੀ ਹੋਇਆ, ਪਰ ਕੋਈ 3-4 ਘੰਟੇ ਦੀ ਮੁਲਾਕਾਤ ਵਿਚ ਇੱਕ ਵਾਰ ਵੀ, ਉਸ ਇਨਸਾਨ ਨੇ ਕੋਈ ਨਿਹੋਰਾ ਜਾਂ ਹਾਏ ਲਫਜ਼ ਨਹੀਂ ਵਰਤਿਆ।
ਉਸ ਤੋਂ ਬਾਅਦ ਕੋਈ 2014-15 ਤੱਕ ਜਦ ਵੀ ਫੋਨ `ਤੇ ਗੱਲ ਹੋਣੀ ਤਾਂ ਉਨ੍ਹਾਂ ਮਜ਼ਾਕ ਵਿਚ ਕਹਿਣਾ, “ਓਏ ਟਾਂਡੇ ਵਾਲਿਓ ਬਾਬਿਓ, ਕਿਵੇਂ ਆ ਤੁਹਾਡੇ ਫਰੀਮਾਂਟ ਦਾ ਹਾਲ?” ਫਿਰ ਗੱਲ ਕਰਦਿਆਂ ਬਹੁਤ ਸਾਹ ਚੜ੍ਹਨ ਲੱਗ ਪਿਆ। ਮੇਰੀ ਹਿੰਮਤ ਨਹੀਂ ਸੀ ਪੈਂਦੀ ਕਿ ਕਿਵੇਂ ਹਾਲ ਪੁਛੀਏ! ਮੇਰੀ ਇੱਕ ਵੱਡੀ ਕਮਜ਼ੋਰੀ ਹੈ ਕਿ ਮੈਥੋਂ ਬਹੁਤ ਤਕਲੀਫ ਵਿਚ ਇਨਸਾਨ ਦੇਖਿਆ ਨਹੀਂ ਜਾਂਦਾ, ਤੇ ਮੈਂ ਅਕਸਰ ਫਿਰ ਬਚਣ ਦੀ ਕੋਸ਼ਿਸ਼ ਕਰਦਾ ਹਾਂ। ਸੋ, ਪਿਛਲੇ ਕੋਈ ਚਾਰ ਕੁ ਸਾਲ ਤੋਂ ਮੇਰੀ ਹਿੰਮਤ ਨਹੀਂ ਪਈ ਗੱਲ ਕਰਨ ਦੀ।
ਪਿਛਲੇ ਕੋਈ ਦਸ ਸਾਲਾਂ ਵਿਚ, ਮੈਂ ਜਦੋਂ ਵੀ ਕਿਸੇ ਵੀ ਵੱਡੀ ਬਿਮਾਰੀ ਨਾਲ ਜੂਝਦੇ ਕਿਸੇ ਵੀ ਸੱਜਣ ਨੂੰ, ਹਿੰਮਤ ਦਿੱਤੀ ਹੈ ਤਾਂ ਮੇਰੀ ਉਦਾਹਰਣ ਹਮੇਸ਼ਾ ਭਾਅ ਜੀ ਅਮੋਲਕ ਸਿੰਘ ਦੇ ਘਰ ਦੀ, ਸ਼ਿਕਾਗੋ ਫੇਰੀ ਦਾ ਸੀਨ ਹੁੰਦਾ ਸੀ।
ਪਰ ਜਿਸ ਤਰੀਕੇ ਦੀ ਸੇਵਾ ਭੈਣ ਜੀ ਨੇ ਕੋਈ ਡੇਢ ਕੁ ਦਹਾਕਾ, ਭਾਅ ਜੀ ਅਮੋਲਕ ਸਿੰਘ ਦੀ ਕੀਤੀ ਹੈ, ਉਹ ਇੱਕ ਇਤਿਹਾਸ ਹੋ ਨਿਬੜਿਆ ਹੈ। ਉਨ੍ਹਾਂ ਦੇ ਚਿਹਰੇ `ਤੇ ਪੁਰਾਤਨ ਬੀਬੀਆਂ ਵਰਗੀ ਸਾਦਗੀ, ਨਿਮਰਤਾ ਤੇ ਸੰਜਮ ਹਮੇਸ਼ਾ ਰਹਿੰਦੀ ਸੀ। ਪਰਮਾਤਮਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਅਲਵਿਦਾ ਭਾਅ ਜੀ ਅਮੋਲਕ ਸਿੰਘ ਜੀ, ਤੁਹਾਡੀ ਹਿੰਮਤ ਨੂੰ ਸਿਜਦਾ!
-ਰਾਜਿੰਦਰ ਸਿੰਘ ਟਾਂਡਾ

_________________________________

ਮਿਲਣ ਦੀ ਤਾਂਘ ਦਿਲ ਵਿਚ ਹੀ ਰਹਿ ਗਈ
ਅਮਰੀਕਾ ਤੋਂ ਛਪਦੀ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਦੇ ਸੰਪਾਦਕ ਸ. ਅਮੋਲਕ ਸਿੰਘ ਜੰਮੂ ਨਹੀਂ ਰਹੇ। ਪਰਦੇਸ ਵਿਚ ਪੰਜਾਬੀ ਅਖਬਾਰ ਨੂੰ ਮਣਾਂ ਮੂੰਹੀਂ ਪਿਆਰ ਤੇ ਸਤਿਕਾਰ ਦਿਵਾ ਕੇ, ਪੱਤਰਕਾਰਤਾ ਨੂੰ ਮਾਣਮੱਤਾ ਬਣਾ ਕੇ, ਪੰਜਾਬੀ ਮਾਂ ਬੋਲੀ ਦਾ ਸੱਚਾ ਸਪੂਤ ਆਪਣਾ ਦੁਨਿਆਵੀ ਪੰਧ ਮੁਕਾ ਕੇ ਜਾ ਚੁਕਾ ਹੈ। ਮੈਨੂੰ ਮਾਣ ਹੈ ਕਿ ਮੈਂ ਪੰਜਾਬ ਟਾਈਮਜ਼ ਅਖਬਾਰ ਦਾ ਹਿੱਸਾ ਰਿਹਾ ਹਾਂ। ਪੰਜਾਬ ਟਾਈਮਜ਼ ਨੇ ਪਰਵਾਸੀ ਪੱਤਰਕਾਰੀ ਦੇ ਖੇਤਰ ਵਿਚ ਮਿਆਰੀ ਮੀਲ ਪੱਥਰ ਗੱਡੇ ਹਨ। ਪੰਜਾਬ ਟਾਈਮਜ਼ ਹੀ ਇੱਕੋ ਇੱਕ ਅਜਿਹਾ ਮੰਚ ਹੋ ਨਿਬੜਿਆ ਹੈ, ਜਿਹੜਾ ਵਿਰੋਧੀ ਵਿਚਾਰਾਂ ਨੂੰ ਵੀ ਬਰਾਬਰ ਦੀ ਥਾਂ ਦਿੰਦਾ ਹੈ। ਕਿਸੇ ਪੱਖ ਵਿਚ ਆਏ ਵਿਚਾਰਾਂ ਦੇ ਕੱਟੜ ਵਿਰੋਧੀ ਨੂੰ ਵੀ ਬਣਦੀ ਥਾਂ ਦੇਣੀ ਸ਼ਾਇਦ ਸਿਰਫ ਪੰਜਾਬ ਟਾਈਮਜ਼ ਦੇ ਹਿੱਸੇ ਆਇਆ ਹੈ। ਸੌੜੀ ਰਾਜਨੀਤੀ ਤੋਂ ਉੱਪਰ ਉੱਠਿਆ ਬੰਦਾ ਹੀ ਐਸਾ ਮੰਚ ਮੁਹਈਆ ਕਰਵਾਉਣ ਦਾ ਹਿਆ ਕਰ ਸਕਦਾ ਹੈ।
ਅਮੋਲਕ ਭਾਅ ਜੀ ਨਾਲ ਮੇਰਾ ਨਾਤਾ 15 ਕੁ ਸਾਲ ਪੁਰਾਣਾ ਹੈ। ਕਿਤੇ ਕਿਤੇ ਕੋਈ ਲੇਖ ਲਿਖ ਕੇ ਭੇਜਣਾ ਤਾਂ ਭਾਅ ਜੀ ਦੀ ਐਡਿਟਰੀ ਵਾਲੀ ਕੈਂਚੀ ਨੇ ਕਾਫੀ ਕੁਝ ਕੱਟ ਦੇਣਾ, ਪਰ ਛਾਪ ਦੇਣਾ। ਪੁੱਛਣ `ਤੇ ਜਵਾਬ ਮਿਲਣਾ ਕਿ ਜਿਹੜੀ ਗੱਲ ਥੋੜ੍ਹੇ ਲਫਜ਼ਾਂ ਵਿਚ ਲਿਖੀ ਜਾ ਸਕਦੀ ਹੈ, ਉਹਨੂੰ ਲੰਮੀ ਕਿਉਂ ਕਰਨਾ? ਭਾਅ ਜੀ ਨਾਲ ਜਦੋਂ ਵੀ ਗੱਲ ਹੋਣੀ, ਉਨ੍ਹਾਂ ਕਹਿਣਾ ਯਾਰ ਕੁਝ ਹਫਤਾਵਾਰੀ ਲਿਖ ਕੇ ਦਿਆ ਕਰ; ਪਰ ਮੈਂ ਕੰਮਾਂ ਕਾਰਾਂ ਦੇ ਝਮੇਲਿਆਂ ਵਿਚੋਂ ਕਦੇ ਹਫਤੇ ਦਾ ਇੱਕ ਲੇਖ ਲਿਖਣ ਦਾ ਹਿਆ ਨਾ ਕਰ ਸਕਿਆ। ਕੋਸਿ਼ਸ਼ ਕੀਤੀ, ਪਰ ਗੱਲ ਨਾ ਬਣੀ। ਫਿਰ ਸ਼ਾਇਦ 2012-13 ਵਿਚ ਮੈਂ ਜਦੋਂ ‘ਤਿਰਛੀ ਨਜ਼ਰ’ ਲਿਖਣ ਲੱਗਿਆ ਤਾਂ ਭਾਅ ਜੀ ਨੂੰ ਭੇਜੀ, ਤਾਂ ਕਹਿੰਦੇ, “ਹੁਣ ਇਹਨੂੰ ਤਾਂ ਹਫਤਾਵਾਰੀ ਕਰ ਈ ਸਕਦੈਂ ਕਿ ਨਹੀਂ? ਘੱਟੋ ਘੱਟ 7 ਖਬਰਾਂ ਦੀ ‘ਤਿਰਛੀ ਨਜ਼ਰ’ ਬਣਾ ਤੇ ਮੈਨੂੰ ਭੇਜ।” ਮੈਂ ਹਰ ਹਫਤੇ ਭੇਜਣ ਲੱਗ ਪਿਆ। ਭਾਅ ਜੀ ਨੇ ਛਾਪ ਦੇਣੀ, ਪਰ ਕਦੇ ਕੋਈ ਕੁਮੈਂਟ ਨਾ ਕਰਨਾ। ਮੈਂ ਇੱਕ ਵਾਰ ਪੁੱਛ ਲਿਆ, ‘ਭਾਅ ਜੀ ਕਿੱਦਾਂ? ਕੋਈ ਗੱਲ ਬਣਦੀ ਵੀ ਹੈ ਕਿ ਨਹੀਂ?’ ਕਹਿੰਦੇ, ਆਪਣੇ ਆਪ ਨੂੰ ਪੁੱਛ। ਮੈਂ ਕਿਹਾ ਮੈਨੂੰ ਤੇ ਠੀਕ ਲੱਗਦੀ ਆ, ਪਰ ਲੱਗਦਾ ਹਾਲੇ ਹੋਰ ਤਿੱਖਾਪਣ ਲਿਆਉਣਾ ਪਾਊਗਾ। ਕਹਿੰਦੇ, ਬਿਲਕੁਲ ਮੈਂ ਵੀ ਆਹੀ ਕਹਿਣ ਲੱਗਾ ਸੀ ਕਿ ਹੋਰ ਤਿੱਖੀ ਹੋ ਸਕਦੀ ਆ। ਫਿਰ ਕੁਛ ਮਹੀਨਿਆਂ ਬਾਅਦ ਮੈਂ ਔਨ ਲਾਈਨ ਚੈੱਕ ਕੀਤਾ ਤਾਂ ਨਿਊ ਯਾਰਕ ਤੇ ਸਿ਼ਕਾਗੋ ਵਾਲੇ ਐਡੀਸ਼ਨ ਵਿਚ ਵੀ ਛਾਪੀ ਹੋਈ ਸੀ। ਮੈਂ ਖੁਸ਼ੀ ਵਿਚ ਕਾਲ ਕੀਤੀ ਕਿ ਭਾਅ ਜੀ ਉਧਰ ਵੀ ਛਾਪਣ ਲੱਗ ਪਏ? ਕਹਿੰਦੇ, ਮੈਂ ਥੋੜ੍ਹੀ ਛਾਪੀ ਆ, ਤੇਰੀ ਮਿਹਨਤ ਨੇ ਛਪਵਾਈ ਆ…ਲੋਕ ਪਸੰਦ ਕਰਦੇ ਆ ਤੇ ਉਧਰ ਵੀ ਪੜ੍ਹਨਾ ਚਾਹੁੰਦੇ ਆ। ਕਹਿੰਦੇ, ਅਸੀਂ ਔਨਲਾਈਨ ਪੜ੍ਹਦੇ ਆਂ ਸਾਡੇ ਕਿਉਂ ਨਹੀਂ ਛਾਪਦੇ, ਸੋ ਭਾਊ ਆਪਾਂ ਉਧਰ ਵੀ ਛਾਪਣ ਲੱਗ ਪਏ।
ਅਮੋਲਕ ਭਾਅ ਜੀ ਸ਼ਾਇਦ ਅਮਰੀਕਾ-ਕੈਨੇਡਾ ਦਾ ਇੱਕੋ ਇੱਕ ਅਜਿਹਾ ‘ਸੰਪਾਦਕ’ (ਅਖੌਤੀ ਮੁੱਖ ਸੰਪਾਦਕ ਨਹੀਂ) ਸੀ, ਜਿਸ ਨੂੰ ਐਡੀਟਿੰਗ ਦਾ ਖਬਤ ਸੀ। ਹਰੇਕ ਖਬਰ ਤੇ ਲੇਖ ਨੂੰ ਆਪ ਐਡਿਟ ਕਰਦੇ। ਬਿੰਦੀਆਂ ਟਿੱਪੀਆਂ ਠੀਕ ਕਰਨੀਆਂ ਤੇ ਵਾਕ ਸਿੱਧੇ ਕਰਨ ਵਿਚ ਭਾਅ ਜੀ ਨੂੰ ਬੜਾ ਸੁਆਦ ਆਉਂਦਾ ਸੀ। ਮੇਰੇ ਕਈ ਲੇਖ ਛਪਣ ਤੋਂ ਬਾਅਦ ਮੈਂ ਕਿਹਾ, “ਭਾਅ ਜੀ, ਅੱਜ ਕੱਲ ਮੇਰੇ ਲੇਖਾਂ `ਤੇ ਕੈਂਚੀ ਘੱਟ ਚਲਾਉਂਦੇ ਹੋ, ਕੀ ਗੱਲ ਤਰਸ ਕਰਨ ਲੱਗ ਪਏ?” ਕਹਿੰਦੇ, “ਨਹੀਂ, ਤੈਨੂੰ ਲਿਖਣਾ ਆਈ ਜਾਂਦਾ। ਮੇਰਾ ਕੰਮ ਸੌਖਾ ਹੋਈ ਜਾਂਦਾ।”
ਫਿਰ ਮੈਂ ਜਦੋਂ ਕੰਪਿਊਟਰ `ਤੇ ਪੰਜਾਬੀ ਲਿਖਣ ਲੱਗਿਆ ਤਾਂ ਲਿਖੇ ਹੋਏ ਵਾਕਾਂ ਵਿਚ ਸੁਧਾਰ ਕਰਨਾ ਭਾਵ ਐਡਿਟ ਕਰਨਾ ਸੌਖਾ ਹੋ ਗਿਆ। ਫਿਰ ਮੈਂ ਕੋਸਿ਼ਸ਼ ਕਰਨੀ ਕਿ ਭਾਅ ਜੀ ਨੂੰ ਕੱਟ-ਵੱਢ ਕਰਨ ਦਾ ਮੌਕਾ ਨਹੀਂ ਦੇਣਾ। ਤਿੰਨ ਕੁ ਸਾਲ ਬਾਅਦ ਮੈਂ ‘ਤਿਰਛੀ ਨਜ਼ਰ’ ਲਿਖਣੀ ਬੰਦ ਕਰ ਦਿੱਤੀ ਤਾਂ ਮੈਂ ਇੱਕ ਅੱਧ ਲੇਖ ਲਿਖ ਭੇਜਣਾ। ਭਾਅ ਜੀ ਦੀ ਕੱਟ-ਵੱਢ ਘਟ ਗਈ। ਫਿਰ ਮੈਂ ਸਾਲ ਕੁ ਬਾਅਦ ਅਸ਼ੋਕ ਟਾਂਗਰੀ ਭਾਅ ਜੀ ਉੱਤੇ ਇੱਕ ਲੇਖ (ਰੇਖਾ ਚਿੱਤਰ) ਲਿਖਿਆ। ਚਾਰ ਸਫਿਆਂ ਦੇ ਲੇਖ ਨੂੰ ਮੈਂ ਆਪੇ ਈ ਕੱਟ ਕੱਟ (ਐਡਿਟ ਕਰਕੇ) ਢਾਈ ਸਫੇ ਦਾ ਬਣਾ ਦਿੱਤਾ। ਭਾਅ ਜੀ ਨੇ ਹੂਬਹੂ ਛਾਪਿਆ। ਕੋਈ ਕਟਾ-ਵੱਢੀ ਨਹੀਂ।
ਮੈਂ ਕਾਲ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਭਾਅ ਜੀ ਦੀ ਸ਼ਾਬਾਸ਼ੀ ਦੀ ਕਾਲ ਆਈ, ਕਹਿੰਦੇ, “ਭਾਊ, ਜੇ ਹੁਣ ਕਲਮ ਚੁੱਕੀ ਆ ਤਾਂ ਰੱਖੀਂ ਨਾ, ਮੈਨੂੰ ਤੇਰੇ ਤੋਂ ਹਫਤੇ ਦਾ ਇੱਕ ਨਹੀਂ ਤਾਂ ਦੋ ਹਫਤਿਆਂ ਪਿੱਛੋਂ ਇੱਕ ਲੇਖ ਚਾਹੀਦਾ।” ਮੈਂ ਕਿਹਾ, “ਭਾਅ ਜੀ, ਮੈਂ ਕੋਸਿ਼ਸ਼ ਕਰੂੰਗਾ।” ਸੁਣ ਕੇ ਹੱਸਣ ਲੱਗ ਪਏ, ਕਹਿੰਦੇ, “ਜਲੰਧਰੀਆ ਇਹ ਸਭ ਬਹਾਨੇ ਆ ਤੇਰੇ!” ਮੈਂ ਕਿਹਾ, “ਭਾਅ ਜੀ, ਇਸ ਲੇਖ ਉੱਤੇ ਕੈਂਚੀ ਨ੍ਹੀਂ ਚਲਾਈ, ਕੀ ਗੱਲ?” ਕਹਿੰਦੇ, “ਤੂੰ ਕੈਂਚੀ ਪਾਉਣ ਜੋਗੀ ਜਗ੍ਹਾ ਈ ਨਹੀਂ ਛੱਡੀ, ਕੱਟਦਾ ਕਿੱਦਾਂ?” ਭਾਅ ਜੀ ਦੇ ਮੂੰਹੋਂ ਇਹ ਸੁਣ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ। ਕਦੇ ਮੇਰਾ ਅੱਧਾ ਲੇਖ ਕੈਂਚੀ ਦੀ ਭੇਟ ਹੋ ਜਾਂਦਾ ਸੀ ਤੇ ਹੁਣ….ਭਾਜੀ ਦਾ ਇਹ ਕੁਮੈਂਟ ਮੇਰੇ ਲਈ ਬਹੁਤ ਵੱਡਾ ਸਨਮਾਨ ਸੀ। ਭਾਅ ਜੀ ਨੇ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਕੁ ਨੂੰ ਲਿਖਣ ਲਈ ਪ੍ਰੇਰਿਆ ਤੇ ਲਿਖਣ ਲਾਇਆ।
ਪਿਛਲੇ ਦਸ ਕੁ ਸਾਲ ਤੋਂ ਹਰੇਕ ਸਾਲ ‘ਪੰਜਾਬ ਟਾਈਮਜ਼ ਨਾਈਟ’ ਉੱਤੇ ਸਿ਼ਕਾਗੋ ਆਉਣ ਬਾਰੇ ਕਹਿਣਾ। ਕਦੇ ਵੀ ਜਾ ਨਾ ਹੋਇਆ। ਪਿਛਲੇ ਸਾਲ ਮਾਰਚ ਵਿਚ ਭੈਣ ਜੀ (ਜਸਪ੍ਰੀਤ ਕੌਰ ਜੰਮੂ) ਦੀ ਕਾਲ ਆਈ, ਕਹਿੰਦੇ ਸ਼ਾਦ ਤੈਨੂੰ ਇਹ ਯਾਦ ਕਰਦੇ ਆ ਪਈ ਪੰਜਾਬ ਟਾਈਮਜ਼ ਨਾਈਟ ’ਤੇ ਆ ਜਾ। ਮੈਂ ਸੋਚਿਆ, ਭਾਅ ਜੀ ਕੋਲੋਂ ਤੇ ਹੁਣ ਚੰਗੀ ਤਰ੍ਹਾਂ ਬੋਲ ਵੀ ਨਹੀਂ ਹੁੰਦਾ, ਫਿਰ ਵੀ ਮੈਨੂੰ ਯਾਦ ਕੀਤਾ, ਭੈਣ ਜੀ ਤੋਂ ਫੋਨ ਕਰਵਾਇਆ…! ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਕਿਹਾ, ਭੈਣ ਜੀ ਮੈਂ ਪੂਰੀ ਕੋਸਿ਼ਸ਼ ਕਰੂੰਗਾ। ਘਰਵਾਲੀ ਨੂੰ ਦੱਸਿਆ ਤਾਂ ਕਹਿੰਦੀ, ਜਦੋਂ ਉਹ ਇੰਨੇ ਮਾਣ ਨਾਲ ਕਹਿੰਦੇ ਆ ਤਾਂ ਜਾ ਆਓ।
ਮੈਂ ਜੱਸੀ ਗਿੱਲ ਭਾਅ ਜੀ ਨੂੰ ਕਾਲ ਕੀਤੀ ਕਿ ਜਾਣ ਦਾ ਵਿਚਾਰ ਹੈ? ਕਹਿੰਦੇ, ਵਿਚਾਰ ਤਾਂ ਕੋਈ ਨਹੀਂ, ਜੇ ਜਾਣਾ ਹੈ ਤਾਂ ਅਮੋਲਕ ਭਾਅ ਜੀ ਨੂੰ ਮਿਲ ਆਉਂਦੇ ਹਾਂ। ਮੈਂ ਕਿਹਾ, ਠੀਕ ਹੈ ਚੱਲਦੇ ਹਾਂ ਫਿਰ। ਜੱਸੀ ਭਾਅ ਜੀ ਕਹਿੰਦੇ, ਟਿਕਟ ਨਾ ਲਈਂ ਆਪਾਂ `ਕੱਠੀਆਂ ਬੁੱਕ ਕਰਵਾ ਲਵਾਂਗੇ। ਮੈਂ ਕਿਹਾ, ਠੀਕ ਹੈ। ਪੰਜਾਬ ਨਾਈਟ ਦੀ ਤਰੀਕ ਸ਼ਾਇਦ ਮਈ ਮਹੀਨੇ ਦੀ ਸੀ, ਮਾਰਚ ਵਿਚ ਹੀ ਕਰੋਨਾ ਦਾ ਰੌਲਾ ਪੈਣ ਨਾਲ ਸਭ ਠੱਪ ਹੋ ਗਿਆ। ਪੰਜਾਬ ਟਾਈਮਜ਼ ਨਾਈਟ ਕੈਂਸਲ ਹੋ ਗਈ, ਜਾ ਨਾ ਸਕੇ, ਮਿਲਣ ਦੀ ਤਾਂਘ ਦਿਲ ਵਿਚ ਹੀ ਰਹਿ ਗਈ, ਪਰ ਭਾਅ ਜੀ ਹਮੇਸ਼ਾ ਸਾਡੀਆਂ ਯਾਦਾਂ ਵਿਚ ਵੱਸਦੇ ਰਹਿਣਗੇ। ਉਨ੍ਹਾਂ ਦੀ ਰੁਖਸਤੀ ਦੀ ਖਬਰ ਨੇ ਉਨ੍ਹਾਂ ਦੇ ਜਾਣਨ ਵਾਲਿਆਂ ਨੂੰ ਉਦਾਸ ਕਰ ਦਿੱਤਾ ਹੈ। ਨਾ-ਮੁਰਾਦ ਬਿਮਾਰੀ ਵੀ ਉਨ੍ਹਾਂ ਦਾ ਰਾਹ ਨਾ ਰੋਕ ਸਕੀ ਤੇ ਉਹ ਅਡੋਲ ਕੋਈ ਡੇਢ ਦਹਾਕਾ ਸੂਰਮਿਆਂ ਵਾਂਗ ਇਸ ਬਿਮਾਰੀ ਨਾਲ ਜੂਝਦੇ ਰਹੇ। ਅਮੋਲਕ ਸਿੰਘ ਇੱਕ ਸੰਜਮੀ, ਦ੍ਰਿੜ ਇਰਾਦੇ ਵਾਲਾ ਅਡੋਲ ਤੇ ਦਲੇਰ ਪੱਤਰਕਾਰ ਸੀ। ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਦੀਆਂ ਪਾਈਆਂ ਪੈੜਾਂ ਆਉਂਦੇ ਕਾਫਲਿਆਂ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।
-ਜਸਵੰਤ ਸਿੰਘ ਸ਼ਾਦ
_________________________________

ਅਜ਼ੀਜ਼ ਦੋਸਤ ਦਾ ਵਿਛੋੜਾ
21 ਸਾਲ ਤੋਂ ਅਜ਼ੀਜ਼ ਦੋਸਤ ਆਪਾਂ ਸਭ ਨੂੰ ਛੱਡ ਗਿਆ। ਉਨ੍ਹਾਂ ਦੀ ਬਿਮਾਰੀ ਦੇ ਬਾਵਜੂਦ ਸਿਰੜ ਤੇ ਸਿਦਕ ਨੂੰ ਵੇਖ ਕੇ ਖੁਦ ਦੇ ਜਿ਼ੰਦਗੀ ਦੇ ਝੰਜਟ ਮਾਮੂਲੀ ਲੱਗਦੇ ਸਨ।
ਜਦ ਵੀ ਕਦੇ ਫੋਨ ਕਰਨਾ, ਜਾਣ-ਬੁੱਝ ਕੇ ਉੱਚੀ ਬੋਲਣਾ ਤਾਂ ਕਿ ਮੈਨੂੰ ਮਾਲੂਮ ਨਾ ਹੋਵੇ ਕਿ ਉਹ ਕਿੰਨੀ ਤਕਲੀਫ `ਚ ਹਨ।
ਪੰਜਾਬ ਟਾਈਮਜ਼ ਯੂ. ਐਸ. ਏ. ਨਾਲ ਵਾਹ ਹਰ ਹਫਤੇ ਪੈ ਰਿਹਾ ਹੈ ਤੇ ਆਪਣਾ ਪਰਿਵਾਰ ਹੀ ਮਹਿਸੂਸ ਹੋਇਆ। ਭੈਣ ਜੀ ਜਸਪ੍ਰੀਤ ਨੇ 15 ਸਾਲ ਤੋਂ ਉਪਰ ਪੂਰੀ ਸੇਵਾ ਕੀਤੀ, ਨਾਲ ਹੀ ਸਿ਼ਕਾਗੋ ਵਾਲੇ ਸਾਰੇ ਹੀ ਪੰਜਾਬ ਟਾਈਮਜ਼ ਨਾਲ ਜੁੜੇ ਪਰਿਵਾਰ ਦੇ ਮੈਂਬਰ ਵੀ ਆਪਣੇ ਹੀ ਲੱਗਦੇ ਹਨ, ਜੋ ਨੇੜੇ ਹੋਣ ਕਰਕੇ ਅਮੋਲਕ ਭਾਅ ਜੀ ਦੀਆਂ ਬਾਹਵਾਂ ਬਣੇ ਰਹੇ ਤੇ ਅੱਧੇ ਬੋਲ `ਤੇ ਭਾਅ ਜੀ ਕੋਲ ਪਹੁੰਚ ਜਾਂਦੇ ਰਹੇ। ਅੱਜ ਇਸ ਤਰ੍ਹਾਂ ਲਗਦੈ, ਜਿਵੇਂ ਮੇਰਾ ਬਹੁਤ ਕੁਝ ਚਲਾ ਗਿਆ, ਜੋ ਵਾਪਿਸ ਨਹੀਂ ਆਵੇਗਾ।
ਭਾਅ ਜੀ ਨੇ ਦੇਸ਼-ਵਿਦੇਸ਼ `ਚ ਨਮਾਣਾ ਖੱਟਣ ਦੇ ਨਾਲ ਨਾਲ ਪਾਠਕਾਂ ਤੋਂ ਪੂਰਾ ਪਿਆਰ ਲਿਆ। ਕਦੇ ਬਾਬਿਆਂ ਤੇ ਜੋਤਸ਼ੀਆਂ ਦੀ ਮਸ਼ਹੂਰੀ ਨਹੀਂ ਲਾਈ ਤੇ ਸੱਚੀ ਗੱਲ ਲਿਖਣ ਤੋਂ ਵੀ ਨਹੀਂ ਝਿਜਕੇ। ਜੇ ਕਦੇ ਕਹਿਣਾ, ਭਾਅ ਜੀ ਫਲਾਣੇ ਬਾਰੇ ਦੀ ਘਟਨਾ ਨਾ ਲਿਖਿਓ। ਉਨ੍ਹਾਂ ਕਹਿਣਾ, “ਲਿਖਾਂਗਾ ਤੇ ਸਹੀ! ਅਗਲੇ ਪੇਜ `ਤੇ ਨਾ ਲਿਖ ਕੇ ਮਗਰ ਲਾ ਦੇਵਾਂਗਾ।” ਨਿਡਰ ਤੇ ਬੇਬਾਕ ਪੱਤਰਕਾਰੀ ਦੀ ਤਸਵੀਰ ਸਨ। ਜਿ਼ੰਦਗੀ ਦੇ ਅਸੂਲ ਕਿਸੇ ਕੀਮਤ `ਤੇ ਵੀ ਨਹੀਂ ਬਦਲੇ।
ਹਰ ਹਫਤੇ ਆਪਣੀ ਨਿਜੀ ਜਿੰ਼ਦਗੀ ਦੀ ਵੀ ਹਰ ਗੱਲ ਹਮੇਸ਼ਾ ਉਨ੍ਹਾਂ ਨਾਲ ਸਾਂਝੀ ਕਰਨੀ ਤੇ ਉਸਾਰੂ ਬਹਿਸ ਵੀ ਕਰਨੀ। ਕੁਝ ਮਹੀਨਿਆਂ ਤੋਂ ਮਗਰ ਵਿਹੜੇ `ਚ ਬੈਠ ਕੇ ਮਨ ਵਿਚ ਹੀ ਉਨ੍ਹਾਂ ਨਾਲ ਗੱਲਾਂ ਕਰੀ ਜਾਣੀਆਂ, ਕਿਉਂਕਿ ਉਨ੍ਹਾਂ ਨੂੰ ਸੁਰਤ ਨਹੀਂ ਸੀ। ਸੋਚਣਾ ਉਨ੍ਹਾਂ ਦੇ ਜਿਉਂਦੇ ਜੀ ਅਖਬਾਰ `ਚ ਆਰਟੀਕਲ ਲਿਖਾਂ ਕਿ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਦੇ ਹਾਂ, ਪਰ ਹਿੰਮਤ ਨਹੀਂ ਪਈ।
-ਜਸਵਿੰਦਰ ਸਿੰਘ (ਜੱਸੀ) ਗਿੱਲ

_________________________________

ਪੱਤਰਕਾਰੀ ਵਿਚ ਮੇਰੇ ਉਸਤਾਦ ਸਨ ਅਮੋਲਕ ਸਿੰਘ
ਸਤਿਕਾਰਯੋਗ ਮੈਡਮ ਜਸਪ੍ਰੀਤ ਕੌਰ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ!
ਸ. ਅਮੋਲਕ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ, ਬਹੁਤ ਦੁੱਖ ਹੋਇਆ ਸੁਣ ਕੇ। ਮੈਂ 2009 ਵਿਚ ਸਖਤ ਬਿਮਾਰ ਹੋਣ ਕਾਰਨ ਪੰਜਾਬ ਟਾਈਮਜ਼ ਤੋਂ ਦੂਰ ਹੋ ਗਿਆ ਸਾਂ, ਪਰ ਫਿਰ ਵੀ ਮੈਨੂੰ ਇਹ ਮੰਨਣ ਵਿਚ ਕੋਈ ਸੰਕੋਚ ਨਹੀਂ ਹੈ ਕਿ ਅਮੋਲਕ ਸਿੰਘ ਹੋਰੀਂ ਹੀ ਅਸਲ ਵਿਚ ਪੱਤਰਕਾਰੀ ਵਿਚ ਮੇਰੇ ਉਸਤਾਦ ਸਨ। ਜਿ਼ਹਨੀ ਤੌਰ ‘ਤੇ ਮੈਂ ਸਦਾ ਇਸ ਸੱਚ ਤੋਂ ਸੁਚੇਤ ਰਿਹਾ ਹਾਂ। ਖਬਰਾਂ/ਇਸ਼ਤਿਹਾਰਾਂ, ਲੇਖਾਂ ਨੂੰ ਘੜਦਿਆਂ/ਵੇਖਦਿਆਂ ਉਹ ਬਹੁਤ ਬਾਰੀਕ ਚੀਜ਼ਾਂ ਉਪਰ ਨਜ਼ਰ ਰੱਖਦੇ ਸਨ। ਮੇਰੇ ਲਈ ਉਹ ਸੱਚ-ਮੁੱਚ ਉਸਤਾਦ ਵਾਂਗ ਸਨ ਅਤੇ ਰਹਿੰਦੀ ਉਮਰ ਤੱਕ ਰਹਿਣਗੇ। ਇਸ ਦੁੱਖ ਦੀ ਘੜੀ ਮੈਂ ਆਪ ਜੀ ਦੇ ਦਰਦ ਵਿਚ ਸ਼ਰੀਕ ਹੁੰਦਾ ਹਾਂ। ਪਰਮਾਤਮਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਪੰਜਾਬ ਟਾਈਮਜ਼ ਸਮੇਤ ਤੁਹਾਡੇ ਪਰਿਵਾਰ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ।
-ਜਸਵੀਰ ਸਿੰਘ ਸ਼ੀਰੀ
13-ਬਸੰਤ ਵਿਹਾਰ, ਖਾਂਬੜਾ, ਜਲੰਧਰ।
ਫੋਨ: +91-62805-74657