ਮਿੱਤਰ ਅਮੋਲਕ ਸਿੰਘ ਦਾ ਦੁਖਦਾਈ ਵਿਛੋੜਾ!

ਅਮੋਲਕ ਸਿੰਘ ਚਲਿਆ ਗਿਆ। ਦੁੱਖ ਹੋਇਆ, ਦਿਲੀ ਦੁੱਖ। ਉਹ ਬਹਾਦਰ ਪੁਰਖ ਸੀ। ਮੌਤ ਨਾਲ ਲੜਦਾ ਹੋਇਆ ਤੇ ਨਿਰਭੈਤਾ ਦਾ ਪਰਚਮ ਲਹਿਰਾਉਂਦਾ ਹੋਇਆ ਗਿਆ, ਇਸ ਗੱਲ ਦੀ ਤਸੱਲੀ ਹੈ। ਕਹਾਣੀਆਂ-ਨਾਵਲਾਂ ਵਿਚ ਜਾਂ ਫਿਲਮਾਂ ਵਿਚ ਕਲਪਿਤ ਪਾਤਰ ਤਾਂ ਅਲੋਕਾਰ ਦਲੇਰ ਪੜ੍ਹੇ-ਦੇਖੇ ਹਨ, ਮੇਰਾ ਵਾਹ ਏਨੇ ਲੰਮੇ ਜੀਵਨ ਵਿਚ ਸਿਰਫ ਇਕੋ ਸੂਰਬੀਰ ਨਾਲ ਪਿਆ, ਉਹ ਸੀ ਅਮੋਲਕ ਸਿੰਘ। ਸਾਲਾਂ-ਬੱਧੀ ਮੌਤ ਨੂੰ ਬੇਵੱਸ ਕਰ ਕੇ ਦੇਹਲੀ ਤੋਂ ਬਾਹਰ ਖੜ੍ਹੀ ਰੱਖਣਾ ਉਹਦਾ ਹੀ ਕਾਰਨਾਮਾ ਸੀ।

ਮੈਥੋਂ ਪੂਰੇ ਵੀਹ ਸਾਲ ਛੋਟਾ ਸੀ, ਪਰ ਰੱਜ ਕੇ ਭਰਪੂਰ ਜੀਵਨ ਜਿਉਂ ਕੇ ਗਿਆ। ਮੇਰਾ ਯਕੀਨ ਹੈ, ਜਾਣ ਵੇਲੇ ਉਹਨੂੰ ਬਹੁਤੇ ਲੋਕਾਂ ਵਾਲਾ ਇਹ ਝੋਰਾ ਬਿਲਕੁਲ ਨਹੀਂ ਹੋਇਆ ਹੋਵੇਗਾ ਕਿ ਮੈਂ ਜੋ ਕੁਝ ਕਰਨਾ ਸੋਚਿਆ ਸੀ ਜਾਂ ਜੋ ਕੁਝ ਕਰ ਸਕਦਾ ਸੀ, ਉਹ ਕੀਤਾ ਨਹੀਂ! ਉਹ ਤਾਂ ਸੰਭਾਵਨਾ ਤੇ ਸਮਰੱਥਾ ਤੋਂ ਬਹੁਤ ਵੱਧ ਕੰਮ ਕਰ ਕੇ ਗਿਆ।
ਉਹਨੂੰ ਮਿਲਣ ਦਾ ਸਬੱਬ ਸਿਰਫ ਇਕ ਵਾਰ ਬਣਿਆ। ਇਹ 1998-99 ਦੀ ਗੱਲ ਹੈ, ਜਦੋਂ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਸੀ। ਉਥੇ ਹੀ ਕੰਮ ਕਰਦਾ ਨਰਿੰਦਰ ਭੁੱਲਰ ਮੇਰੇ ਨੇੜੇ ਸੀ। ਉਹ ਕਈ ਵਾਰ ਅਮੋਲਕ ਦੀਆਂ ਗੱਲਾਂ ਕਰਦਾ। ਇਕ ਦਿਨ ਉਹ ਦੇਸ ਆਏ ਹੋਏ ਅਮੋਲਕ ਨੂੰ ਲੈ ਕੇ ਮੇਰੇ ਕਮਰੇ ਵਿਚ ਆ ਗਿਆ। ਨਰਿੰਦਰ ਦੀਆਂ ਗੱਲਾਂ ਸਦਕਾ ਤੇ ਭਵਿੱਖ ਵਿਚ ਵਧਦੀ ਜਾਣੀ ਲਗਭਗ ਬੇਇਲਾਜ ਬੀਮਾਰੀ ਦੇ ਬਾਵਜੂਦ ਉਹਦੀ ਚੜ੍ਹਦੀ-ਕਲਾ ਸਦਕਾ ਮੈਨੂੰ ਇਉਂ ਨਾ ਲਗਿਆ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ। ਅਸੀਂ ਤਿੰਨੇ ਪੁਰਾਣੇ ਬੇਲੀਆਂ ਵਾਂਗ ਲੰਮਾ ਸਮਾਂ ਗੱਲਾਂ ਕਰਦੇ ਰਹੇ।
ਅੱਗੇ ਚੱਲ ਕੇ ਜਦੋਂ ਮੈਂ ਕੰਪਿਊਟਰ ਸਿੱਖ ਗਿਆ ਤਾਂ ਆਪਣੇ ਲੇਖ ‘ਪੰਜਾਬ ਟਾਈਮਜ਼’ ਨੂੰ ਭੇਜਣ ਲੱਗਿਆ। ਇਸ ਸਦਕਾ ਬੇਸ਼ੁਮਾਰ ਪੰਜਾਬੀ-ਅਮਰੀਕੀ ਲੋਕ ਮੇਰੇ ਪਾਠਕ ਬਣ ਗਏ। ਅਨੇਕ ਲੋਕਾਂ ਦੇ ਫੋਨ ਆਉਂਦੇ, ਜਿਸ ਸਦਕਾ ਮਨ ਵਿਚ ‘ਪੰਜਾਬ ਟਾਈਮਜ਼’ ਦਾ ਧੰਨਵਾਦ ਜਾਗਦਾ ਤੇ ਅਮੋਲਕ ਦਾ ਮੋਹ ਆਉਂਦਾ। ਭਾਵੇਂ ਹੁਣ ਲਿਖਤਾਂ ਮੰਗਾਉਣ-ਭੇਜਣ ਦਾ ਕੰਮ ਈਮੇਲ ਨੇ ਡਾਕ ਤੋਂ ਬਹੁਤ ਵੱਧ ਸੌਖਾ ਬਣਾ ਦਿੱਤਾ ਹੈ, ਤਦ ਵੀ ਪਰਦੇਸ ਬੈਠਿਆਂ ਬਿਲਕੁਲ ਸੱਜਰੀਆਂ ਖਬਰਾਂ ਤੋਂ ਇਲਾਵਾ ਸਾਹਿਤ ਤੇ ਸਭਿਆਚਾਰ ਦੇ ਏਨੇ ਨਿੱਗਰ ਲੇਖ ਲਗਾਤਾਰ ਜੁਟਾਉਣ ਦੀ ਸਮੱਸਿਆ ਨੂੰ ਕੋਈ ਅਖਬਾਰ ਕੱਢਣ ਵਾਲਾ ਹੀ ਸਮਝ ਸਕਦਾ ਹੈ। ਪਾਠਕਾਂ ਨਾਲ ਗੱਲ ਹੁੰਦੀ ਤਾਂ ਸਭ ਦਾ ਮੱਤ ਇਹੋ ਹੁੰਦਾ ਕਿ ‘ਪੰਜਾਬ ਟਾਈਮਜ਼’ ਪਰਦੇਸ ਛਪਦੇ ਅਖਬਾਰਾਂ ਵਿਚੋਂ ਸਭ ਤੋਂ ਵਧੀਆ ਹੈ, ਜੋ ਨਿਰੋਲ ਪੜ੍ਹਨਜੋਗ ਸਮੱਗਰੀ ਨਾਲ ਭਰਪੂਰ ਹੁੰਦਾ ਹੈ।
ਮੋਹਰੀ ਦੇ ਚਲੇ ਜਾਣ ਨਾਲ ਪਰਿਵਾਰ ਦੀ ਪੀੜ ਤੇ ਬੇਸਹਾਰਗੀ ਵਿਚ ਮੇਰੇ ਵਰਗੇ ਹਜ਼ਾਰਾਂ ਲੋਕ ਦਿਲੋਂ ਉਨ੍ਹਾਂ ਦੇ ਨਾਲ ਹਨ। ਉਮੀਦ ਹੈ, ਅਮੋਲਕ ਸਿੰਘ ਦੀ ਬਹਾਦਰ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਇਸ ਦੁਖਦਾਈ ਸਮੇਂ ਵਿਚ ਪਰਿਵਾਰ ਨੂੰ ਧਰਵਾਸ ਤੇ ਇਸ ਹੋਣੀ ਨੂੰ ਬਰਦਾਸ਼ਤ ਕਰਨ ਦਾ ਬਲ ਦੇਣਗੀਆਂ। ਅਗਲੀ ਦੁਨੀਆਂ ਵਿਚ, ਜੇ ਉਹ ਕਿਤੇ ਹੈ, ਮੈਨੂੰ ਉਹਦੇ ਲਈ ਸੁਖਦਾਈ ਨਿਵਾਸ ਦੀ ਅਰਦਾਸ ਕਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ, ਕਿਉਂਕਿ ਇਹ ਤਾਂ ਉਹਦਾ ਹੱਕ ਹੈ, ਜੋ ਉਹਨੂੰ ਮਿਲਣਾ ਹੀ ਮਿਲਣਾ ਹੈ!
-ਗੁਰਬਚਨ ਸਿੰਘ ਭੁੱਲਰ
ਫੋਨ: +91-80763-63058
_____________________________________________

ਅਮੋਲਕ ਸਿੰਘ ਮੇਰਾ ਮਿੱਤਰ

ਹਰਪਾਲ ਸਿੰਘ ਪੰਨੂ
ਫੋਨ: +91-94642-51454

ਬੀਤ ਗਿਆ ਸਮਾਂ ਏਸ ਤਰ੍ਹਾਂ
ਨਿਕਲ ਜਾਏ ਜਿਵੇਂ ਵਾੜ ਹੇਠੋਂ
ਅਛੋਪਲੇ ਜਿਹੇ ਕੋਈ ਚੂਹਾ
ਤੇ ਹਿੱਲਣ ਨਾ ਘਾਹ ਦੀਆਂ ਪੱਤੀਆਂ ਤੱਕ ਵੀ…।
-ਐਜ਼ਰਾ ਪਾਊਂਡ
ਪਹਿਲੀ ਵਾਰ 1977 ਵਿਚ ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਚ ਮਿਲਿਆ। ਮੈ ਉੱਥੇ ਰਿਸਰਚ ਸਕਾਲਰ ਸਾਂ। ਉਸ ਨੇ ਦੱਸਿਆ ਕਿ ‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ-ਰੀਡਰ ਦੀ ਨੌਕਰੀ ਮਿਲ ਗਈ ਹੈ। ਇਹ ਡੰਗ ਟਪਾਉਣ ਲਈ ਠੀਕ ਹੈ ਪਰ ਆਖਰ ਕਰਾਂਗਾ ਪ੍ਰੋਫੈਸਰੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਚ। ਜੇ ਯੂਨੀਵਰਸਿਟੀ ਵਿਚ ਨਾ ਮਿਲੀ, ਫਿਰ ਕਿਸੇ ਕਾਲਜ ਵਿਚ ਸਹੀ…। ਉਦੋਂ ਉਹ ਪੰਜਾਬ ਯੂਨਵਿਰਸਿਟੀ ਦੇ ਪੰਜਾਬੀ ਵਿਭਾਗ ਵਿਚ ਐਮ. ਫਿਲ ਕਰ ਰਿਹਾ ਸੀ।
ਟ੍ਰਿਬਿਊਨ ਦੀ ਨੌਕਰੀ ਛੱਡ ਕੇ ਉਹ ਅਚਾਨਕ ਅਮਰੀਕਾ ਚਲਾ ਗਿਆ। ਮੇਰੇ ਨਾਲ ਰਾਬਤਾ ਖਤਮ। ਅਮਰੀਕਾ ਚਲੇ ਜਾਣ ਦੀ ਖਬਰ ਵੀ ਮੈਨੂੂੰ ਗੁਰਦਿਆਲ ਬੱਲ ਨੇ ਦਿੱਤੀ। ਬੱਲ ਉਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਨੌਕਰੀ ਕਰਦਾ ਸੀ। ਕੋਈ ਦਹਾਕਾ ਪਹਿਲਾਂ ਬੱਲ ਨੇ ਹੀ ਦੱਸਿਆ-ਅਮੋਲਕ ਨੇ ‘ਪੰਜਾਬ ਟਾਈਮਜ਼’ ਨਾਮ ਦਾ ਸ਼ਾਨਦਾਰ ਹਫਤਾਵਾਰ ਅਖਬਾਰ ਚਲਾ ਲਿਆ ਹੈ ਜੋ ਪੰਜਾਬੀ ਦੇ ਸਾਰੇ ਅਖਬਾਰਾਂ ਤੋਂ ਵਧੀਆ ਹੈ, ਉਸ ਨੂੰ ਆਪਣੀਆਂ ਲਿਖਤਾਂ ਭੇਜਿਆ ਕਰ। ਮੈਨੂ ਈਮੇਲ ਆਈ.ਡੀ. ਦੇ ਦਿਤੀ। ਮੇਰਾ ਅਮੋਲਕ ਨਾਲ ਰਾਬਤਾ ਫਿਰ ਕਾਇਮ ਹੋ ਗਿਆ। ਉਹ ਮੇਰੀ ਹਰ ਲਿਖਤ ਛਾਪਦਾ। ਛਾਪਦਾ ਵੀ ਪੂਰੇ ਸ਼ੌਕ ਨਾਲ, ਸਹੀ ਥਾਂ ਸਹੀ ਸਪੇਸ ਦੇ ਕੇ। ਸ੍ਰੀ ਦਸਮ ਗ੍ਰੰਥ ਦੇ ਹੱਕ ਅਤੇ ਵਿਰੋਧ ਵਿਚ ਚੱਲੇ ਵਿਵਾਦ ਦੌਰਾਨ ਉਸ ਨੇ ਮੇਰੀਆਂ ਦਲੀਲਾਂ ਲਗਾਤਾਰ ਛਾਪੀਆਂ। ਫਿਰ ਬੱਲ ਦੀ ਸਲਾਹ ਨਾਲ ਉਸ ਨੇ ਸਿੱਖ ਸਿਆਸਤ ਦੇ ਵਰਤਮਾਨ ਅਤੇ ਭਵਿੱਖ ਬਾਰੇ ਸੰਵਾਦ ਰਚਾਇਆ ਜੋ ਬਾਅਦ ਵਿਚ ਨਿੱਗਰ ਕਿਤਾਬ ਦੇ ਰੂਪ ਵਿਚ ‘ਸਿੱਖ ਕੌਮ- ਹਸਤੀ ਤੇ ਹੋਣੀ’ ਦੇ ਟਾਈਟਲ ਅਧੀਨ ਛਪਿਆ ਵੀ।
ਉਸ ਨੇ ਸਾਰੀ ਉਮਰ ਮੈਨੂੰ ਕਦੀ ਫੋਨ ਨਹੀਂ ਕੀਤਾ। ਜੋ ਗੱਲ ਕਰਨੀ ਹੁੰਦੀ, ਈਮੇਲ ਰਾਹੀਂ ਕਰਦਾ। ਪਤਾ ਲਗਦਾ ਰਹਿੰਦਾ, ਉਸ ਦੀ ਸਿਹਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਫਿਰ ਪਤਾ ਲੱੱਗਾ, ਉਹ ਮੰਜੇ ਦਾ ਗੁਲਾਮ ਹੋ ਗਿਐ, ਉੱਠ ਨਹੀਂ ਸਕਦਾ। ਤਾਂ ਵੀ ਅਖਬਾਰ ਵਿਚ ਵਿਘਨ ਨਹੀਂ ਪੈਣ ਦਿੱਤਾ ਕਦੀ। ਆਖਰੀ ਵਾਰ ਪੰਚਕੂਲੇ ਦੇਖਿਆ ਸੀ। ਗੋਰਾ ਰੰਗ। ਗੌਤਮ ਬੁੱਧ ਵਾਂਗ ਹਮੇਸ਼ ਸ਼ਾਂਤ ਚਿਹਰਾ।
ਅਖਬਾਰ ਦੀ ਜ਼ਿੰਮੇਵਾਰੀ ਦਾ ਸਾਰਾ ਬੋਝ ਹੁਣ ਉਸ ਦੀ ਸਰਦਾਰਨੀ ਦੇ ਸਿਰ ਉਪਰ ਆ ਗਿਆ ਹੈ। ਉਹ ਇਹ ਬੋਝ ਚੁੱਕਣ ਦੇ ਸਮਰੱਥ ਹੋਵੇਗੀ, ਮੇਰਾ ਵਿਸ਼ਵਾਸ ਹੈ। ਮਹਾਰਾਜ ਪਰਿਵਾਰ ਨੂੰ ਸਲਾਮਤ ਰੱਖਣ, ਮੇਰੀ ਅਰਦਾਸ।