ਤੁਰ ਗਿਆ ਹੈ ਅਮੋਲਕ ਵੀਰ

ਕਰਮਜੀਤ ਸਿੰਘ
ਫੋਨ: 91-99150-1063
ਜ਼ਿੰਦਗੀ ਤੇ ਮੌਤ ਦੀ ਜੰਗ ਵਿਚ ਅੰਤਮ ਜਿੱਤ ਭਾਵੇਂ ਮੌਤ ਦੀ ਹੀ ਹੁੰਦੀ ਹੈ ਪਰ ਮੌਤ ਨੂੰ ਲਗਾਤਾਰ ਵੰਗਾਰਨਾ ਅਤੇ ਵੰਗਾਰ ਸਕਣ ਦੀ ਹਿੰਮਤ, ਹੌਸਲਾ ਤੇ ਜੁਰਅਤ ਰੱਖਣ ਵਾਲੇ ਵਿਰਲਿਆਂ ਵਿਚੋਂ ਵਿਰਲੇ ਇਨਸਾਨ ਸਨ ਮੇਰੇ ਛੋਟੇ ਵੀਰ, ਨਿੱਘੇ ਤੇ ਦਿਲਾਂ ਦੇ ਯਾਰ, ਹਾਣੀਆਂ ਦੇ ਹਾਣੀ ਅਮੋਲਕ ਸਿੰਘ ਜੋ ਹੁਣ ਸਾਡੇ ਵਿਚ ਨਹੀਂ ਰਹੇ।

ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸ਼ਿਕਾਗੋ ਵਿਚ ‘ਪੰਜਾਬ ਟਾਈਮਜ਼’ ਦੇ ਸਾਲਾਨਾ ਸਮਾਗਮ ਵਿਚ ਮੈਨੂੰ ਬੋਲਣ ਦਾ ਮੌਕਾ ਮਿਲਿਆ। ਮੈਨੂੰ ਉਹ ਪੰਜਾਬੀ ਜਗਤ ਦਾ ਸਟੀਫਨ ਹਾਈਕਿੰਗ ਨਜ਼ਰ ਆਇਆ ਜੋ ਕਈ ਵਰ੍ਹਿਆਂ ਤੋਂ ਕੁਰਸੀ ‘ਤੇ ਬੈਠਾ ਹੀ ਸਾਇੰਸ ਦੀਆਂ ਵੱਡੀਆਂ ਵੱਡੀਆਂ ਗੱਲਾਂ ਦੱਸਦਾ ਰਹਿੰਦਾ ਅਤੇ ਦੱਸਦਾ ਵੀ ਟੈਕਨਾਲੋਜੀ ਦੇ ਯੰਤਰਾਂ ਦਾ ਓਟ ਆਸਰਾ ਲੈ ਕੇ ਹੀ। ਗਲ ਤੋਂ ਹੇਠਾਂ ਉਸ ਦਾ ਸਾਰਾ ਜਿਸਮ ਉਸ ਦੇ ਨਾਲ ਨਹੀਂ ਸੀ, ਸਦੀਵੀ ਨੀਂਦ ਵਿਚ ਸੀ, ਫਿਰ ਵੀ ਇਕ ਤਾਜ਼ਗੀ ਉਸ ਦੇ ਚਿਹਰੇ ‘ਤੇ ਹਰ ਦਮ ਰਹਿੰਦੀ ਸੀ।
ਕਈ ਵਰ੍ਹਿਆਂ ਤੋਂ ਦੋਸਤਾਂ ਦੀ ਮਹਿਫਲ ਵਿਚ ਇਹ ਸਵਾਲ ਉੱਠਦੇ ਰਹਿੰਦੇ: ਅਮੋਲਕ ਜਿਊਂਦਾ ਕਿਸ ਤਾਕਤ ਕਰ ਕੇ ਹੈ? ਉਹ ਕਿਹੜੀ ਇੱਛਾ ਸ਼ਕਤੀ ਹੈ ਜਿਸ ਕਾਰਨ ਮੌਤ ਉਸ ਨੂੰ ਦੂਰ ਤੋਂ ਹੀ ਵੇਖ ਸਕਦੀ ਹੈ? ਉਹ ਕਿਹੜਾ ਜਜ਼ਬਾ ਹੈ ਜੋ ਉਸ ਨੂੰ ਹਾਰ ਨਹੀਂ ਮੰਨਣ ਦਿੰਦਾ? ਹਾਰ ਕੇ ਵੀ ਹਾਰ ਨਹੀਂ ਮੰਨਦਾ ਉਹ।
ਕਈ ਸਾਲਾਂ ਤੋਂ ਉਸ ਦਾ ਹਰ ਸਾਹ ਤਿਲ ਤਿਲ ਵਿੰਨ੍ਹਿਆ ਹੋਇਆ ਸੀ ਪਰ ਉਸ ਦੀ ਆਵਾਜ਼ ਵਿਚ ਗਰਜ ਤੇ ਗੜ੍ਹਕ ਦਾ ਸਰਸਬਜ਼ ਚਸ਼ਮਾ ਕਿੱਥੇ ਸੀ? ਕਿਸੇ ਕੋਲ ਵੀ ਇਨ੍ਹਾਂ ਸਵਾਲਾਂ ਦੇ ਢੁੱਕਵੇਂ ਤੇ ਮੰਨਣਯੋਗ ਜੁਆਬ ਨਹੀਂ ਸਨ। ਆਪਣੇ ਸੁਭਾਅ ਅਤੇ ਜਗਿਆਸਾ ਮੁਤਾਬਕ ਇਹੋ ਜਿਹੇ ਸਵਾਲ ਮੈਂ ਵੀ ਉਸ ਨੂੰ ਪੁੱਛਣ ਦਾ ਹੌਸਲਾ ਕਰਦਾ ਰਿਹਾ ਸੀ ਪਰ ਜੋ ਵੀ ਜੁਆਬ ਮਿਲਿਆ, ਉਹ ਤਸੱਲੀ ਨਹੀਂ ਸੀ ਦਿੰਦਾ। ਸ਼ਾਇਦ ਜਿ਼ੰਦਗੀ ਦੇ ਕੁਝ ਦਰਦ ਕਬਰਾਂ ਤਕ ਸਾਡੇ ਨਾਲ ਜਾਂਦੇ ਹਨ।
ਅਸਾਂ ਭਾਵੇਂ ਸਾਰਿਆਂ ਨੇ ਇੱਕ ਦਿਨ ਸਦਾ ਲਈ ਡੰਡੀਓਂ ਟੁੱਟ ਜਾਣਾ ਹੈ ਪਰ ਅਮੋਲਕ ਜਾਣ ਪਿੱਛੋਂ ਬਹੁਤ ਸਾਰੀਆਂ ਯਾਦਾਂ ਸਾਡੇ ਲਈ ਛੱਡ ਗਿਆ ਹੈ; ਭਾਵੇਂ ਉਹ ਯਾਦਾਂ ‘ਪੰਜਾਬੀ ਟ੍ਰਿਬਿਊਨ’ ਵਿਚ ਗੁਜ਼ਾਰੇ ਪਲਾਂ ਨਾਲ ਜੁੜੀਆਂ ਹੋਣ, ਭਾਵੇਂ ‘ਪੰਜਾਬ ਟਾਈਮਜ਼’ ਦੀ ਸਿਰਜਣਾ ਅਤੇ ਪ੍ਰਸਾਰ ਦਾ ਹਿੱਸਾ ਹੋਣ, ਭਾਵੇਂ ਜੁਝਾਰੂ ਲਹਿਰ ਦਾ ਅਟੁੱਟ ਹਿੱਸਾ ਹੋਣ, ਭਾਵੇਂ ਅਮਰੀਕਾ ਦੀ ਧਰਤੀ ਤੇ ਪੱਕੇ ਪੈਰੀਂ ਟਿਕਣ ਲਈ ਹੰਢਾਏ ਸੰਕਟਾਂ ਨਾਲ ਸਬੰਧ ਰੱਖਦੀਆਂ ਹੋਣ ਅਤੇ ਭਾਵੇਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਬਿਤਾਈਆਂ ਹੁਸੀਨ ਯਾਦਾਂ ਨਾਲ ਡੂੰਘਾ ਰਿਸ਼ਤਾ ਰੱਖਦੀਆਂ ਹੋਣ ਜਿੱਥੇ ਪੜ੍ਹਦਿਆਂ ਜਸਪ੍ਰੀਤ ਉਨ੍ਹਾਂ ਦੀ ਹਮਸਫਰ ਬਣੀ ਅਤੇ ਆਖਰੀ ਸਾਹਾਂ ਤਕ ਅੰਗ ਸੰਗ ਰਹੀ।
ਗੱਲ ਜਸਪ੍ਰੀਤ ਭਾਬੀ ਦੀ ਛਿੜ ਗਈ ਹੈ ਜਿਸ ਦੇ ਸਿਦਕ, ਸੇਵਾ, ਸਿਰੜ ਦੀ ਦਾਸਤਾਨ ਸ਼ਬਦਾਂ ਤੋਂ ਉੱਪਰ ਉੱਠ ਕੇ ਹੀ ਦੱਸੀ ਜਾ ਸਕਦੀ ਹੈ। ਇਸ ਘੜੀ ਜਿਥੇ ਅਰਦਾਸ ਹੈ ਕਿ ਵਾਹਿਗੁਰੂ ਸਾਡੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਉੱਥੇ ਦੁਆ ਵੀ ਹੈ ਕਿ ਅਮੋਲਕ ਦੀ ਸਿਰਜਣਾ ‘ਪੰਜਾਬ ਟਾਈਮਜ਼’ ਅਮੋਲਕ ਵਾਂਗ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੀ ਰਹੇ।
______________________________
ਡੂੰਘੇ ਬੌਧਿਕ ਸਰੋਕਾਰ ਰੱਖਣ ਵਾਲੇ ਪੱਤਰਕਾਰ ਸਨ ਅਮੋਲਕ ਸਿੰਘ
ਸ. ਅਮੋਲਕ ਸਿੰਘ ਦੇ ਚਲਾਣੇ ਨਾਲ ਪੰਜਾਬੀ ਪੱਤਰਕਾਰੀ ਨੂੰ ਵਾਕਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ‘ਪੰਜਾਬ ਟਾਈਮਜ਼’ ਦੁਨੀਆਂ ਦਾ ਸਭ ਤੋਂ ਵਧੀਆ ਪੰਜਾਬੀ ਅਖਬਾਰ ਹੈ; ਕੋਈ ਹੋਰ ਅਖਬਾਰ ਇਸ ਦੇ ਨੇੜੇ-ਤੇੜੇ ਵੀ ਨਹੀਂ। ਅਜਿਹਾ ਅਖਬਾਰ ਸ. ਅਮੋਲਕ ਸਿੰਘ ਵਰਗੀ ਸ਼ਖਸੀਅਤ ਹੀ ਖੜ੍ਹੀ ਕਰ ਸਕਦੀ ਸੀ, ਕਿਉਂਕਿ ਉਨ੍ਹਾਂ ਵਿਚ ਲੋੜੀਂਦੀ ਕਾਬਲੀਅਤ ਵੀ ਸੀ ਅਤੇ ਆਪਣੇ ਕੰਮ ਨਾਲ ਪ੍ਰਤੀਬੱਧਤਾ ਵੀ। ਅੱਜ ਕੱਲ੍ਹ ਉਨ੍ਹਾਂ ਦੇ ਪੱਧਰ ਦਾ ਭਾਸ਼ਾ ਦਾ ਗਿਆਨ ਰੱਖਣ ਵਾਲੇ ਪੱਤਰਕਾਰ ਘੱਟ ਹੀ ਮਿਲ਼ਦੇ ਹਨ। ਭਾਸ਼ਾ ‘ਤੇ ਅਜਿਹੀ ਪ੍ਰਬੀਨਤਾ ਦੇ ਨਾਲ-ਨਾਲ ਉਨ੍ਹਾਂ ਦੀ ਆਪਣੇ ਕਿੱਤੇ ਨਾਲ ਲਗਨ ਵੀ ਲਾਸਾਨੀ ਸੀ। ਉਹ ਸਾਰੇ ਦਾ ਸਾਰਾ ਅਖਬਾਰ ਖੁਦ ਪੜ੍ਹ ਕੇ, ਉਸ ਦੀ ਵਾਕ-ਬਣਤਰ ਅਤੇ ਸ਼ਬਦਾਵਲੀ ਦੀ ਪੂਰੀ ਤਸਦੀਕ ਕਰ ਕੇ, ਲੋੜੀਂਦੀਆਂ ਸੋਧਾਂ ਤੋਂ ਬਾਅਦ ਹੀ ਛਪਣ ਲਈ ਭੇਜਦੇ ਸਨ। ਇੱਕ ਡੂੰਘੇ ਬੌਧਿਕ ਸਰੋਕਾਰ ਰੱਖਣ ਵਾਲੇ ਪੱਤਰਕਾਰ ਹੋਣ ਕਾਰਨ ਉਨ੍ਹਾਂ ਨੇ ਸਮੇਂ-ਸਮੇਂ ‘ਤੇ ‘ਪੰਜਾਬ ਟਾਈਮਜ਼’ ਵਿਚ ਬਹੁਤ ਉਸਾਰੂ ਬਹਿਸਾਂ ਚਲਾਈਆਂ। ਵਿਚਾਰਧਾਰਕ ਮੱਤਭੇਦਾਂ ਕਾਰਨ ਕਿਸੇ ਵੀ ਧਿਰ ਦਾ ਪੱਖ ਛਾਪਣ ਵਿਚ ਕੋਈ ਝਿਜਕ ਨਹੀਂ ਵਿਖਾਈ।
ਸਖਤ ਬਿਮਾਰੀ ਦੀ ਹਾਲਤ ਵਿਚ ਵੀ ਉਨ੍ਹਾਂ ਨੇ ਆਪਣੀ ਚੜ੍ਹਦੀ ਕਲਾ ਬਰਕਰਾਰ ਰੱਖੀ। ਜਦੋਂ ਤੱਕ ਸ. ਅਮੋਲਕ ਸਿੰਘ ਬੋਲਣ ਦੇ ਸਮਰੱਥ ਰਹੇ, ਮੇਰੀ ਉਨ੍ਹਾਂ ਨਾਲ ਗੱਲ ਹੁੰਦੀ ਰਹੀ। ਹਰ ਵਾਰ ਹਾਲ-ਚਾਲ ਪੁੱਛਣ ‘ਤੇ ਜੁਆਬ ਹੁੰਦਾ, “ਚੜ੍ਹਦੀ ਕਲਾ!” ਅਜਿਹੀ ਅਡੋਲ ‘ਤੇ ਮਨੋਹਰ ਸ਼ਖਸੀਅਤ ਵਾਲੇ ਬੰਦਿਆਂ ਦਾ ਚਲੇ ਜਾਣਾ ਸੱਚ-ਮੁੱਚ ਦੁਖਦਾਈ ਹੈ। ਆਸ ਕਰਦੇ ਹਾਂ ਉਨ੍ਹਾਂ ਦਾ ਸ਼ੁਰੂ ਕੀਤਾ ‘ਪੰਜਾਬ ਟਾਈਮਜ਼’ ਉਸੇ ਤਰ੍ਹਾਂ ਚਲਦਾ ਰਹੇ।
-ਪ੍ਰਭਸ਼ਰਨਦੀਪ ਸਿੰਘ
____________________________

ਜਿਊਣ ਦੀ ਪ੍ਰੇਰਨਾ ਦੇਣ ਵਾਲਾ ਅਮੋਲਕ ਤੁਰ ਗਿਆ!
ਆਖਰ ਹਜ਼ਾਰਾਂ ਨੂੰ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਅਮੋਲਕ ਤੁਰ ਗਿਆ! ਚੜ੍ਹਦੀ ਕਲਾ ‘ਚ ਰਹਿਣਾ ਕੀ ਹੁੰਦਾ ਹੈ, ਉਸ ਦੀ ਮਿਸਾਲ ਬਣ ਕੇ। ਕਈ ਵਰ੍ਹੇ ਪਹਿਲਾਂ ਜਦੋਂ ਮੈਂ ਉਸ ‘ਤੇ ਟੀ. ਵੀ. ਪ੍ਰੋਗਰਾਮ ਬਣਾਉਣ ਗਿਆ ਸੀ ਤਾਂ ਪਾਇਆ ਸੀ ਕਿ ਸਰੀਰ ਦੇ ਪੌਣੇ ਹਿੱਸੇ ਦੇ ਹਰਕਤ ਰਹਿਤ ਹੋਣ ਦੇ ਬਾਵਜੂਦ ਉਹ ਜਿ਼ੰਦਗੀ ਨਾਲ ਇੰਜ ਲਬਰੇਜ ਸੀ, ਜਿਵੇਂ ਜਸ਼ਨ ਮਨਾਉਣ ਆਇਆ ਹੋਵੇ। ਸਾਡੇ ਆਉਣ ਦੀ ਖੁਸ਼ੀ ਵਿਚ ਸਰੀਰ ਦੇ ਦੁੱਖ ਨੂੰ ਇਕ ਪਾਸੇ ਕਰ ਕੇ ਕੁਲਜੀਤ ਦਿਆਲਪੁਰੀ ਦੀ ਮਦਦ ਨਾਲ ਪਾਈਪ ਰਾਹੀਂ ਵਿਸਕੀ ਪੀਂਦਾ ਰਿਹਾ। ਪਿਛਲੇ ਤਿੰਨ ਸਾਲਾਂ ਤੋਂ ਉਸ ਦੇ ਅਖਬਾਰ ਦੇ ਸਾਲਾਨਾ ਜਸ਼ਨਾਂ ਵਿਚ ਸ਼ਾਮਲ ਨਾ ਹੋ ਸਕਣ ਦਾ ਦੁੱਖ ਰਹੇਗਾ।
-ਸਿੱਧੂ ਦਮਦਮੀ
______________________________
ਬੁਲੰਦ ਹੌਸਲੇ ਵਾਲੇ ਤੇ ਬੇਹੱਦ ਸਿਰੜੀ ਸ਼ਖਸ
ਬੜੇ ਬੁਲੰਦ ਹੌਸਲੇ ਵਾਲੇ ਤੇ ਬੇਹੱਦ ਸਿਰੜੀ ਸ਼ਖਸ, ‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ ਦੀ ਸੰਪਾਦਕੀ ਟੀਮ ਵਾਲੇ ਸਾਬਕਾ ਸਹਿਯੋਗੀ ਤੇ ਦੋਸਤ ਦਾ ਤੁਰ ਜਾਣਾ ਦੁਖਦਾਈ ਵੀ ਹੈ ਤੇ ਨਿੱਜੀ ਤੌਰ ਉੱਤੇ ਬਹੁਤ ਉਦਾਸ ਕਰਨ ਵਾਲੀ ਖਬਰ। ਉਹ ਜਿਸ ਕਦਰ ਜੀਵਿਆ ਤੇ ਜੂਝਿਆ…ਬੜੀ ਵਿਲੱਖਣ ਕਹਾਣੀ ਤੇ ਬੇਮਿਸਾਲ ਵਰਤਾਰਾ ਹੈ…ਸਰੀਰਕ ਤੌਰ ‘ਤੇ ਬਹੁਤ ਹੀ ਵੱਡੀ ਮੁਸ਼ਕਿਲ ਦੇ ਬਾਵਜੂਦ ਅਮਰੀਕਾ ਪੁੱਜ ਕੇ ‘ਪੰਜਾਬ ਟਾਈਮਜ਼’ ਸ਼ੁਰੂ ਕਰਨ ਬਾਅਦ ਆਰਥਿਕ ਔਕੜਾਂ ਦਾ ਡਟ ਕੇ ਟਾਕਰਾ ਕਰਦਿਆਂ ਅਮੋਲਕ ਸਿੰਘ ਨੇ ਪਰਵਾਸੀ ਪੰਜਾਬੀ ਮੀਡੀਏ ‘ਚ ਮਿਆਰੀ ਅਖਬਾਰ ਦੀ ਮਿਸਾਲ ਕਾਇਮ ਕੀਤੀ। ਆਖਰੀ ਦਮ ਤੱਕ ਆਪਣੇ ਸਿਧਾਂਤਾਂ ਤੇ ਸਮਾਜਿਕ ਸਰੋਕਾਰਾਂ ਨਾਲ ਪ੍ਰਤੀਬੱਧਤਾ ਨਿਭਾਉਣੀ… ਇਹ ਕਰਮ ਉਸ ਵਰਗਾ ਚੜ੍ਹਦੀ ਕਲਾ ਵਾਲਾ ਹੀ ਕਰ ਸਕਦਾ ਸੀ…।
-ਦਲਜੀਤ ਸਿੰਘ ਸਰਾਂ
______________________________
ਅਮੋਲਕ ਤੇ ਜਸਪ੍ਰੀਤ ਦੇ ਜਜ਼ਬੇ ਨੂੰ ਸਿਜਦਾ
ਜਸਪ੍ਰੀਤ ਜੀ ਦੇ ਜਜ਼ਬੇ ਤੇ ਹੌਸਲੇ ਨੂੰ ਸਿਜਦਾ ਕਰਨਾ ਬਣਦਾ ਹੈ। ਸਾਲਾਂ ਬੱਧੀ ਅਣਥੱਕ ਸੰਭਾਲ ਵੀ ਤੇ ਅਮੋਲਕ ਦੇ ਹੌਸਲੇ ਨਾਲ ਮੋਢਾ ਜੋੜੀ ਰੱਖਣਾ ਵੀ ਕਿਸੇ ਘਾਲਣਾ ਤੋਂ ਘੱਟ ਨਹੀਂ। ਜਦੋਂ ਹਲਾਤ ਦੇ ਮੋੜੇ ਦੀ ਉਮੀਦ ਹੀ ਨਾ ਹੋਵੇ, ਵੱਡੇ ਵੱਡੇ ਟੁੱਟ ਜਾਂਦੇ ਹਨ। ਉਸ ਦੀ ਬਿਮਾਰੀ ਦੀ ਹਾਲਤ ਵੇਖ ਕੇ ਦਿਲ ਘਬਰਾਉਂਦਾ ਸੀ, ਜਦੋਂ ਮੈਂ ਦੂਜੀ ਵਾਰ ਅਮੋਲਕ ਨੂੰ ਮਿਲਣ ਗਿਆ ਤਾਂ ਉਸ ਦੀ ਗੱਲ ਵੀ ਮੈਨੂੰ ਸਮਝ ਨਹੀਂ ਸੀ ਆਉਂਦੀ। ਬੜਾ ਚਿੱਤ ਉਦਾਸ ਹੋਇਆ, ਸੋਚਣ ਲਈ ਮਜਬੂਰ ਹੋ ਜਾਈਦਾ ਹੈ ਕਿ ਐਸੀ ਵੀ ਕਿਸ ਕਸੂਰ ਦੀ ਸਜਾ ਭੁਗਤੀ ਹੈ ਉਸ ਨੇ। ਬਸ ਇਹੀ ਅਰਦਾਸ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਮੋਲਕ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
-ਅੰਮ੍ਰਿਤਪਾਲ ਸਿੰਘ
____________________________
ਚੜ੍ਹਦੀ ਕਲਾ `ਚ ਰਹਿਣ ਵਾਲੇ ਇਨਸਾਨ ਸਨ
ਵੀਰ ਅਮੋਲਕ ਸਿੰਘ ਦੇ ਜਾਣ ਦਾ ਬਹੁਤ ਦੁੱਖ ਹੋਇਆ। ਮੈਂ ਪੰਜ ਕੁ ਸਾਲ ਪਹਿਲਾਂ ਪੰਜਾਬ ਤੋਂ ਸ਼ਿਕਾਗੋ ਰਹਿਣ ਲਈ ਆਈ ਤਾਂ ਵੀਰ ਅਮੋਲਕ ਸਿੰਘ ਨੂੰ ਮਿਲਣ ਦਾ ਸਬੱਬ ਬਣਿਆ। ਉਨ੍ਹਾਂ ਨੇ ਮੇਰੀ ਪੁਸਤਕ ‘ਭੂਤਵਾੜੇ ਦੇ ਭੂਤਾਂ ਦੀ ਕਥਾ’ ਵੀ ਪੰਜਾਬ ਟਾਈਮਜ਼ ਦੇ ਇਕ ਸਮਾਰੋਹ ਦੌਰਾਨ ਰਿਲੀਜ਼ ਕੀਤੀ। ਉਸ ਤੋਂ ਬਾਅਦ ਮੈਂ ਵੀਰ ਨੂੰ ਕਈ ਵਾਰ ਮਿਲੀ ਤੇ ਉਨ੍ਹਾਂ ਨਾਲ ਮੋਹ ਦੀਆਂ ਤੰਦਾਂ ਜੁੜ ਗਈਆਂ। ਇੰਨੇ ਸਾਲਾਂ ਤੋਂ ਭਿਆਨਕ ਬਿਮਾਰੀ ਨਾਲ ਜੂਝਣ ਦੇ ਬਾਵਜੂਦ ਵੀਰ ਬਹੁਤ ਹੀ ਚੜ੍ਹਦੀ ਕਲਾ `ਚ ਰਹਿਣ ਵਾਲੇ ਇਨਸਾਨ ਸਨ। ਅਜੇ ਪਿਛਲੇ ਹਫਤੇ ਹੀ ਭੈਣ ਜੀ ਮੈਨੂੰ ਮਿਲੇ ਸਨ ਤੇ ਵੀਰ ਦਾ ਹਾਲ-ਚਾਲ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਠੀਕ ਹਨ। ਹੁਣ ਇਹ ਖਬਰ ਪੜ੍ਹ ਕੇ ਯਕੀਨ ਨਹੀਂ ਆ ਰਿਹਾ। ਪੰਜਾਬੀ ਪੱਤਰਕਾਰੀ ਨੂੰ ਪੈਣ ਵਾਲਾ ਇਹ ਘਾਟਾ ਕਦੇ ਵੀ ਪੂਰਿਆ ਨਹੀਂ ਜਾਣਾ।
-ਡਾ. ਤਰਸਿ਼ੰਦਰ ਕੌਰ
____________________________
ਵਿਚਾਰਕ ਵਖਰੇਂਵਿਆਂ ਦਾ ਕਦਰਦਾਨ
‘ਪੰਜਾਬ ਟਾਈਮਜ਼’ ਵਰਗਾ ਆਦਾਰਾ ਖੜ੍ਹਾ ਕਰਨ ਵਾਲਾ ਅਮੋਲਕ ਸਿੰਘ ਮੈਨੂੰ ਇੰਟਰਨੈਟ `ਤੇ ਖੋਜ ਕਰਦਿਆਂ ਕੋਈ ਛੇ ਕੁ ਵਰ੍ਹੇ ਪਹਿਲਾਂ ਲੱਭਿਆ ਸੀ। ਅਖਬਾਰ ਦੇ ਈਮੇਲ `ਤੇ ਮੈ ਆਪਣਾ ਇੱਕ ਲੇਖ ਭੇਜ ਦਿੱਤਾ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਅਖਬਾਰ ਦਾ ਸੰਪਾਦਕ ਜਾਂ ਮਾਲਕ ਕੌਣ ਹੈ। ਥੋੜ੍ਹੇ ਚਿਰ ਬਾਅਦ ਮੈਨੂੰ ਅਮਲੋਕ ਸਿੰਘ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਮੇਰੇ ਲੇਖ ਦੀ ਸਰਾਹਨਾ ਕੀਤੀ ਤੇ ਅੱਗੇ ਤੋਂ ਹੋਰ ਵਿਸਿ਼ਆਂ `ਤੇ ਵੀ ਲਿਖਦੇ ਰਹਿਣ ਦੀ ਪ੍ਰੇਰਨਾ ਕੀਤੀ।
ਲੇਖ ਵਿਵਾਦਤ ਮੁੱਦੇ ‘ਧਾਰਾ 25’ ਬਾਰੇ ਸੀ। ਆਮ ਤੌਰ `ਤੇ ਵਿਦੇਸ਼ੀ ਅਖਬਾਰਾਂ ਵਾਲੇ ਜਾਂ ਤਾਂ ਵਿਵਾਦਤ ਮੁੱਦਿਆਂ ਤੋਂ ਦੂਰ ਰਹਿੰਦੇ ਹਨ ਜਾਂ ਆਪਣੇ ਵਿਚਾਰਾਂ ਨਾਲ ਮਿਲਦੇ-ਜੁਲਦੇ ਵਿਚਾਰਾਂ ਨੂੰ ਹੀ ਥਾਂ ਦਿੰਦੇ ਹਨ। ਸ. ਅਮੋਲਕ ਸਿੰਘ ਦੀ ਵਿਲੱਖਣ ਗੱਲ ਇਹ ਸੀ ਕਿ ਉਨ੍ਹਾਂ ਪੰਜਾਬ ਟਾਈਮਜ਼ ਵਿਚ ਹਰ ਪੱਖ ਦੇ ਵਿਚਾਰ ਨੂੰ ਸ਼ਾਮਿਲ ਕਰਨ ਦੀ ਪਿਰਤ ਪਾਈ। ਇਸ ਸਿਹਤਮੰਦ ਪਿਰਤ ਨਾਲ ਪੰਜਾਬ ਟਾਈਮਜ਼ ਵਿਚ ਲਿਖਣ ਵਾਲਿਆਂ ਦਾ ਅਤੇ ਅਖਬਾਰ ਪੜ੍ਹਨ ਵਾਲਿਆਂ ਦਾ ਇੱਕ ਵੱਡਾ ਘੇਰਾ ਬਣ ਗਿਆ। ਉਨ੍ਹਾਂ ਲਿਆਕਤ ਅਤੇ ਮਿਹਨਤ ਸਦਕਾ ‘ਪੰਜਾਬ ਟਾਈਮਜ਼’ ਇੱਕ ਸੰਸਥਾ ਵਰਗਾ ਆਦਾਰਾ ਬਣ ਗਿਆ।
ਮੇਰੇ ਪਹਿਲੇ ਲੇਖ ਬਾਰੇ ਗੱਲ ਕਰਦਿਆਂ ਹੀ ਉਨ੍ਹਾਂ ਵੱਖਰੇ ਵਿਚਾਰਾਂ ਦੀ ਅਹਿਮੀਅਤ ਬਾਰੇ ਜੋ ਗੱਲਾਂ ਕੀਤੀਆਂ, ਉਸ ਤੋਂ ਮੈਨੂੰ ਉਹ ਅਖਬਾਰ ਚਲਾਉਣ ਵਾਲਾ ਕਾਰੋਬਾਰੀ ਘੱਟ ਅਤੇ ਵੱਖਰੇ ਵਿਚਾਰਾਂ ਦੀ ਕਦਰ ਕਰਨ ਵਾਲਾ ਵੱਧ ਜਾਪਿਆ। ਅਮੋਲਕ ਹੁਰਾਂ ਨਾਲ ਮੇਰੀ ਇਹ ਮੇਰੀ ਪਹਿਲੀ ਗੱਲਬਾਤ ਸੀ, ਪਰ ਗੱਲਬਾਤ ਵਿਚਲੀ ਅਪਣੱਤ ਇੰਜ ਸੀ, ਜਿਵੇਂ ਅਸੀ ਇੱਕ ਦੂਸਰੇ ਨੂੰ ਚਿਰਾਂ ਤੋਂ ਜਾਣਦੇ ਹੋਈਏ। ਗੱਲਬਾਤ ਦਿਲਚਸਪ ਸੀ, ਪਰ ਅਮੋਲਕ ਹੁਰਾਂ ਦੀ ਸਿਹਤ ਬਹੁਤਾ ਬੋਲਣ ਦੀ ਇਜਾਜ਼ਤ ਨਹੀ ਸੀ ਦਿੰਦੀ। ਗੱਲਬਾਤ ਜਾਰੀ ਰੱਖਣ ਵਿਚ ਉਨ੍ਹਾਂ ਦੀ ਪਤਨੀ ਜਸਪ੍ਰੀਤ ਨੇ ਮਦਦ ਕੀਤੀ। ਇਸ ਤੋਂ ਬਾਅਦ ਮੇਰੇ ਹੋਰ ਲੇਖ ਵੀ ਛਪੇ ਅਤੇ ਅਮੋਲਕ ਹੁਰੀਂ ਸੁਨੇਹੇ ਰਾਹੀਂ ਆਪਣਾ ਪਿਆਰ ਪ੍ਰਗਟਾਉਂਦੇ ਰਹੇ। ਸੁਨੇਹੇ ਦਾ ਆਦਾਨ-ਪ੍ਰਦਾਨ ਉਨ੍ਹਾਂ ਦੇ ਪੁਰਾਣੇ ਸਾਥੀ ਗੁਰਦਿਆਲ ਬੱਲ ਰਾਹੀਂ ਹੁੰਦਾ ਰਿਹਾ। ਅਮੋਲਕ ਦੇ ਤੁਰ ਜਾਣ ਦਾ ਉਦਾਸ ਕਰਨ ਵਾਲਾ ਸੁਨੇਹਾ ਵੀ ਬੱਲ ਸਾਹਿਬ ਤੋਂ ਹੀ ਮਿਲਿਆ, ਜਿਸ ਨਾਲ ਮੇਰੇ ਮਨ ਵਿਚ ਉਨ੍ਹਾਂ ਦੀ ਉਤਸ਼ਾਹ ਦੇਣ ਵਾਲੀ ਗੱਲਬਾਤ ਦੀ ਯਾਦ ਆਈ ਅਤੇ ਖਿਆਲ ਉੱਭਰਿਆ ਕਿ ਵਿਚਾਰਾਂ ਦੇ ਵਖਰੇਂਵਿਆਂ ਦਾ ਕਦਰਦਾਨ ਅਲਵਿਦਾ ਕਹਿ ਗਿਆ ਹੈ।
-ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ।
____________________________
ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ
ਅੱਜ ਮੈਂ ਅਤੇ ਮੇਰੀ ਕਲਮ, ਦੋਵੇਂ ਹੀ ਉਦਾਸ ਹਾਂ ਅਤੇ ਧਾਹਾਂ ਮਾਰ-ਮਾਰ ਰੋ ਰਹੀਆਂ ਹਾਂ। ਮੈਨੂੰ ਅਤੇ ਮੇਰੀ ਕਲਮ ਨੂੰ ਸੁਰਜੀਤ ਬਣਾਉਣ ਵਾਲਾ ਵੀਰ ਸ. ਅਮੋਲਕ ਸਿੰਘ ਜੰਮੂ ਇਸ ਦੁਨੀਆਂ ਨੂੰ ਅਲਵਿਦਾ ਆਖ ਉਸ ਪਰਾਏ ਲੋਕ ਜਾ ਬੈਠਾ ਹੈ। ਅੱਜ ਮੇਰੇ ਸਾਰੇ ਸ਼ਬਦ ਗੁਆਚ ਗਏ ਜਾਪਦੇ ਹਨ। ਭਲਾ ਸ਼ਬਦਾਂ ਦੇ ਸਮੁੰਦਰ ਲਈ ਕੋਈ ਸ਼ਬਦ ਕਿੱਥੋਂ ਲਿਆਵੇ? ਅਮੋਲਕ ਸਿੰਘ ਜੰਮੂ ਸੱਚ ਦੇ ਰਾਹ ‘ਤੇ ਤੁਰਨ ਵਾਲੇ ਨਿਧੜਕ ਜਰਨੈਲ ਸਨ। ਨਾ-ਮੁਰਾਦ ਬਿਮਾਰੀ ਨਾਲ ਉਨ੍ਹਾਂ ਨੇ ਬਹੁਤ ਲੰਮੀ ਜੰਗ ਲੜੀ ਅਤੇ ਡਟ ਕੇ ਮੁਕਾਬਲਾ ਕੀਤਾ। ਪੱਤਰਕਾਰੀ ਦੇ ਮੁਕਾਮ ਵਿਚ ਜੋ ਉਨ੍ਹਾਂ ਨੇ ਨਵੀਂਆਂ ਨਿਵੇਕਲੀਆਂ ਪੈੜਾਂ ਪਾਈਆਂ, ਉਹ ਉਨ੍ਹਾਂ ਦੇ ਨਾਮ ਨਾਲ ਸਦੀਵ ਜੁੜੀਆਂ ਰਹਿਣਗੀਆਂ।
‘ਪੰਜਾਬ ਟਾਈਮਜ਼’ ਦੇ ਨਾਮ ਨਾਲ ਬੇ-ਲਾਗ, ਬੇ-ਦਾਗ, ਬੇ-ਖੌਫ ਅਤੇ ਬੇ-ਧੜਕ ਜੈਸੇ ਸ਼ਬਦ ਇੰਜ ਜੁੜ ਜਾਂਦੇ ਸਨ, ਜਿਵੇਂ ਉਹ ‘ਪੰਜਾਬ ਟਾਈਮਜ਼’ ਲਈ ਹੀ ਬਣੇ ਹੋਏ ਹੋਣ। ਅਣਖ ਅਤੇ ਗੈਰਤ ਨਾਲ ਲਬਾਲਬ ਭਰਪੂਰ ਇਸ ਇਨਸਾਨ ਨੇ ਆਪਣੀ ਬਿਮਾਰੀ ਜਾਂ ਤਕਲੀਫ ਨੂੰ ਸਾਹਮਣੇ ਰੱਖ ਕਦੀ ਕਿਸੇ ਅੱਗੇ ਝੋਲੀ ਨਹੀਂ ਫੈਲਾਈ। ਹਰ ਮੁਸ਼ਕਿਲ ਵਿਚੋਂ ਗੁਜ਼ਰਦਿਆਂ ‘ਪੰਜਾਬ ਟਾਈਮਜ਼’ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ‘ਪੰਜਾਬ ਟਾਈਮਜ਼’ ਨੇ ਆਪਣੀ ਸਰਦਾਰੀ ਦੇ ਝੰਡੇ ਗੱਡੇ ਅਤੇ ਅਮਰੀਕਾ ਤੋਂ ਇਲਾਵਾ ਸਾਰੀ ਦੁਨੀਆਂ ਵਿਚ ਪੜ੍ਹਿਆ ਜਾਣ ਵਾਲਾ ਪਹਿਲਾ ਹਫਤਾਵਾਰੀ ਅਖਬਾਰ ਬਣਿਆ। ਇਹ ਸਭ ਸ. ਅਮੋਲਕ ਸਿੰਘ ਦੀ ਮਿਹਨਤ ਅਤੇ ਦ੍ਰਿੜ ਨਿਸ਼ਚੇ ਦਾ ਸਦਕਾ ਹੀ ਪਰਵਾਨ ਚੜ੍ਹਿਆ।
ਅੱਜ ਲੱਖਾਂ ਲੋਕ ਉਸ ਦੇ ਤੁਰ ਜਾਣ ‘ਤੇ ਰੋ ਰਹੇ ਹਨ, ਉਦਾਸ ਹਨ। ਬਹੁਤ ਲੰਮੇ ਸਮੇਂ ਤੱਕ ਇਹ ਉਦਾਸੀ ਨਹੀਂ ਮੁੱਕੇਗੀ।
ਮੈਂ ਸ਼ਾਇਦ ਕਦੀ ਵੀ ਯਕੀਨ ਨਾ ਕਰ ਸਕਾਂ ਕਿ ਮੇਰਾ ਵੀਰ ਹੁਣ ਇਸ ਸੰਸਾਰ ਵਿਚ ਹੈ ਨਹੀਂ, ਪਰ ਸੱਚਾਈ ਹੈ ਕਿ ਵੀਰਾ ਬਹੁਤ ਦੂਰ ਤੁਰ ਗਿਆ ਹੈ। ਮੇਰੀ ਜਿ਼ੰਦਗੀ ਦਾ ਇਕ ਅਧਿਆਇ ਖਤਮ ਹੋ ਗਿਆ ਹੈ।
ਵੀਰੇ ਦੀ ਜੀਵਨ ਸਾਥਣ ਜਸਪ੍ਰੀਤ ਕੌਰ ਲਈ ਕਿਹੜੇ ਸ਼ਬਦ ਲਿਖਾਂ, ਉਸ ਨੇ ਵੀਰ ਦਾ ਸਾਥ ਜਿਸ ਸਿਦਕ ਅਤੇ ਸਿਰੜ ਨਾਲ ਦੇ ਕੇ ਸੇਵਾ ਕੀਤੀ ਹੈ, ਸ਼ਾਇਦ ਹੀ ਕਿਤੇ ਇਹ ਮਿਸਾਲ ਮਿਲ ਸਕੇ। ਪਰਮਾਤਮਾ ਉਸ ਨੂੰ ਇਹ ਵਿਛੋੜਾ ਸਹਿਣ ਦੀ ਹਿੰਮਤ ਅਤੇ ਤਾਕਤ ਦੇਵੇ। ਬੇਟਾ ਮਨਦੀਪ ਸਿੰਘ ਅਤੇ ਨੂੰਹ ਸੰਦੀਪ ਕੌਰ ਦੇ ਜੀਵਨ ਵਿਚ ਵੀ ਭੂਚਾਲ ਆਇਆ ਹੈ, ਵਾਹਿਗੁਰੂ ਬੱਚਿਆਂ ਦੀ ਬਾਂਹ ਫੜਨ ਅਤੇ ਦੁੱਖ ਸਹਿਣ ਦਾ ਬਲ ਦੇਣ। ਮੈਂ ‘ਪੰਜਾਬ ਟਾਈਮਜ਼’ ਲਈ ਅਰਦਾਸ ਕਰਦੀ ਹਾਂ ਕਿ ਇਹ ਸਦੀਵ ਅੱਗੇ ਵਧਦਾ ਰਹੇ, ‘ਪੰਜਾਬ ਟਾਈਮਜ਼’ ਦੇ ਚਾਹੁਣ ਵਾਲੇ ਸਦਾ ਇਸ ਦੇ ਨਾਲ ਤੁਰਨਗੇ ਅਤੇ ਵੀਰ ਅਮੋਲਕ ਦਾ ਲਾਇਆ ਹੋਇਆ ਇਹ ਬੂਟਾ ਸਦੀਵ ਅੱਗੇ ਵਧਦਾ ਜਾਵੇਗਾ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
____________________________

ਅਮੋਲਕ ਸਿੰਘ ਜੰਮੂ ਨੂੰ ਸ਼ਰਧਾਂਜਲੀ!
ਮੈਂ ਅਮੋਲਕ ਸਿੰਘ ਜੰਮੂ ਹੋਰਾਂ ਨੂੰ ਨਾ ਕਦੇ ਮਿਲਿਆ ਸੀ ਤੇ ਨਾ ਹੀ ਕਦੇ ਨਿਜੀ ਤੌਰ `ਤੇ ਉਨ੍ਹਾਂ ਨਾਲ ਫੋਨ `ਤੇ ਹੀ ਗੱਲ ਹੋਈ, ਪਰ ਉਨ੍ਹਾਂ ਵਲੋਂ ਕੱਢੇ ਜਾਂਦੇ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਨੂੰ ਆਨਲਾਈਨ ਪੜ੍ਹਨ ਦਾ ਅਕਸਾਰ ਮੌਕਾ ਮਿਲਦਾ ਰਿਹਾ ਅਤੇ ਪਿਛਲੇ ਸਮੇਂ ਤੋਂ ਗੁਰਦਿਆਲ ਸਿੰਘ ਬੱਲ ਹੋਰਾਂ ਦੀ ਪ੍ਰੇਰਨਾ ਨਾਲ ਅਖਬਾਰ ਵਿਚ ਵੱਖ-ਵੱਖ ਵਿਸ਼ਿਆਂ `ਤੇ ਆਰਟੀਕਲ ਲਿਖਣ ਦਾ ਮੌਕਾ ਵੀ ਮਿਲਦਾ ਰਿਹਾ।
ਬੇਸ਼ਕ ਵਿਦੇਸ਼ਾਂ ਵਿਚ ਅਨੇਕਾਂ ਹਫਤਾਵਾਰੀ ਜਾਂ ਮਾਸਿਕ ਅਖਬਾਰਾਂ, ਮੈਗਜ਼ੀਨ ਛਪਦੇ ਹਨ, ਪਰ ‘ਪੰਜਾਬ ਟਾਈਮਜ਼’ ਦੀ ਮੈਨੂੰ ਇੱਕ ਖਾਸੀਅਤ ਹਮੇਸ਼ਾ ਇਹ ਲਗਦੀ ਹੈ ਕਿ ਉਨ੍ਹਾਂ ਨੇ ਸੰਵਾਦ ਨੂੰ ਬਹੁਤ ਅਹਿਮੀਅਤ ਦਿੱਤੀ। ਇਸ ਲਈ ਮੇਰੇ ਖਿਆਲ ਵਿਚ ਅਮੋਲਕ ਸਿੰਘ ਹੋਰਾਂ ਦੀ ਪੰਜਾਬੀ ਪੱਤਰਕਾਰੀ ਨੂੰ ਇਹ ਵੱਡੀ ਦੇਣ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬੀ ਸਮਾਜ ਵਿਚੋਂ ਸੰਵਾਦ ਖਤਮ ਹੋ ਰਿਹਾ ਹੈ।
ਹਰ ਅਖਬਾਰ-ਮੈਗਜ਼ੀਨ ਆਪਣੀ-ਆਪਣੀ ਸੋਚ ਅਨੁਸਾਰ ਚੱਲ ਰਿਹਾ ਹੈ ਤੇ ਪਾਠਕ ਵਿਚ ਵੱਖਰੀ-ਵੱਖਰੀ ਸੋਚ ਨਾਲ ਬੱਝੇ ਹੋਏ ਹਨ, ਪਰ ਅਮੋਲਕ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇਹ ਮਿਥ ਤੋੜ ਕੇ ਬਿਲਕੁਲ ਵਿਰੋਧੀ ਵਿਚਾਰਾਂ ਵਾਲੇ ਲੇਖਕਾਂ, ਬੁੱਧੀਜੀਵੀਆਂ ਦੀਆਂ ਲਿਖਤਾਂ ਨੂੰ ਵੀ ਹਮੇਸ਼ਾਂ ਪਰਚੇ ਵਿਚ ਥਾਂ ਦਿੱਤੀ, ਜਿਸ ਨਾਲ ਕਈ ਅਜਿਹੇ ਵਿਸ਼ੇ, ਜਿਨ੍ਹਾਂ ਬਾਰੇ ਸਾਡੇ ਸਮਾਜ ਵਿਚ ਗੱਲ ਨਹੀਂ ਕੀਤੀ ਜਾ ਰਹੀ, ਬਾਰੇ ਅਖਬਾਰ ਵਿਚ ਅਕਸਰ ਖੁੱਲ੍ਹੀ ਚਰਚਾ ਹੁੰਦੀ ਰਹਿੰਦੀ ਹੈ। ਇਸ ਪਰਚੇ ਵਿਚ ਜਿੱਥੇ ਇੱਕ ਸੋਚ ਦੀ ਥਾਂ ਵੰਨ ਸੁਵੰਨਤਾ ਤੁਹਾਨੂੰ ਸਪੱਸ਼ਟ ਦਿਸਦੀ ਹੈ, ਉਥੇ ਇੱਕ ਖਾਸ ਗੱਲ ਮੈਂ ਆਮ ਨੋਟ ਕੀਤੀ ਹੈ ਕਿ ਕੋਈ ਵੀ ਲੇਖ ਹੋਵੇ, ਉਸ `ਤੇ ਤੁਹਾਨੂੰ ਸੰਪਾਦਕੀ ਟਿੱਪਣੀ ਜਰੂਰ ਮਿਲੇਗੀ, ਜੋ ਕਿਸੇ ਹੋਰ ਅਖਬਾਰ ਜਾਂ ਰਸਾਲੇ ਵਿਚ ਨਹੀਂ ਦੇਖੀ। ਬਹੁਤ ਵਾਰ ਸਿਰਫ ਸੰਪਾਦਕੀ ਟਿੱਪਣੀ ਪੜ੍ਹ ਕੇ ਹੀ ਤੁਹਾਡਾ ਮਨ ਲੇਖ ਪੜ੍ਹਨ ਲਈ ਤਿਆਰ ਹੋ ਜਾਂਦਾ ਹੈ।
ਮੈਂ ਸਮਝਦਾ ਹਾਂ ਕਿ ਅਮੋਲਕ ਸਿੰਘ ਦੇ ਤੁਰ ਜਾਣ ਨਾਲ ਪੰਜਾਬੀ ਪੱਤਰਕਾਰੀ ਨੂੰ ਵੱਡਾ ਘਾਟਾ ਪਵੇਗਾ, ਪਰ ਇਸ ਗੱਲ ਦੀ ਤਸੱਲੀ ਵੀ ਹੈ ਅਤੇ ਆਸ ਵੀ ਹੈ ਕਿ ਉਨ੍ਹਾਂ ਦਾ ਪਰਿਵਾਰ ਤੇ ਸਹਿਯੋਗੀ, ਇਸ ਪਰਚੇ ਨੂੰ ਉਸੇ ਲਗਨ ਤੇ ਉਤਸ਼ਾਹ ਨਾਲ ਜਾਰੀ ਰੱਖਣਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
-ਹਰਚਰਨ ਸਿੰਘ ਪਰਹਾਰ
ਸੰਪਾਦਕ, ‘ਸਿੱਖ ਵਿਰਸਾ’ ਮਾਸਿਕ ਮੈਗਜ਼ੀਨ।