ਸੱਤ ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁੱਕੇ ਜਾਣ ਵਾਲੇ ਹਰ ਪ੍ਰਸ਼ਾਸਕੀ ਕਦਮ ਤੋਂ ਨਿੱਜੀ ਭੱਲ ਖੱਟਣ ਦੀ ਲਾਲਸਾ ਅਮੁੱਕ ਹੈ। ਗੈਸ ਸਿਲੰਡਰ ਵੰਡਣ ਦੀ ਯੋਜਨਾ ਹੋਵੇ ਜਾਂ ਕੋਵਿਡ-19 ਟੀਕਾ ਲੁਆਈ ਦੀ ਪ੍ਰਮਾਣ-ਪਰਚੀ, ਹਰ ਥਾਂ ਤਸਵੀਰ ਪ੍ਰਧਾਨ ਮੰਤਰੀ ਦੀ ਹੁੰਦੀ ਹੈ, ਸਾਰਾ ਕ੍ਰੈਡਿਟ ਵੀ ਉਸੇ ਦੇ ਖਾਤੇ ਪਾਇਆ ਜਾਂਦਾ ਹੈ। ਹੁਣ ਪ੍ਰਧਾਨ ਮੰਤਰੀ ਦਾ ਪ੍ਰਚਾਰ ਤੰਤਰ ਜੋ ਮਰਜ਼ੀ ਸਪਸ਼ਟੀਕਰਨ ਘੜਦਾ ਰਹੇ, ਇਸ ਕਿਸਮ ਦੀ ਘੋਰ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹੈ।
ਸੁਕੀਰਤ
ਫੋਨ: +91-93162-02025
ਪਿਛਲੇ ਸਾਲ ਇਨ੍ਹੀਂ ਦਿਨੀਂ ਸਾਰਾ ਮੁਲਕ ਅਚਨਚੇਤ ਥੋਪੇ ਲੌਕਡਾਊਨ ਹੇਠ ਸੀ ਤੇ ਖਬਰਾਂ ਭੋਖੜੇ ਅਤੇ ਬੇਕਾਰੀ ਦੇ ਮਾਰੇ ਲੱਖਾਂ ਕਾਮਿਆਂ ਦੇ ਆਪੋ-ਆਪਣੇ ਪਿੰਡਾਂ ਵੱਲ ਪੈਦਲ ਮਾਰਚਾਂ ਅਤੇ ਰਾਹ ਵਿਚ ਹੀ ਸੈਂਕੜਿਆਂ ਦੇ ਦਮ ਤੋੜ ਜਾਣ ਦੀਆਂ ਦਰਦਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਸਨ। ਹੁਣ ਇਕ ਸਾਲ ਬਾਅਦ ਖਬਰਾਂ ਸ਼ਹਿਰ-ਦਰ-ਸ਼ਹਿਰ, ਸੂਬਾ-ਦਰ-ਸੂਬਾ ਤੇਜ਼ੀ ਨਾਲ ਲੱਖਾਂ ਲੋਕਾਂ ਵਿਚ ਫੈਲ ਰਹੀ ਬਿਮਾਰੀ, ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਅਤੇ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਕਾਰਨ ਸੈਂਕੜਿਆਂ ਦੇ ਦਮ ਤੋੜ ਜਾਣ ਦੀਆਂ ਹੌਲਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਹਨ।
ਪਿਛਲੇ ਸਾਲ, ਇਨ੍ਹੀਂ ਦਿਨੀਂ ਸਾਰਾ ਮੁਲਕ ਆਪੋ-ਆਪਣੇ ਘਰੀਂ ਅੰਦਰ ਵੜ ਕੇ ਬੈਠਾ ਹੋਇਆ ਸੀ। ਹੁਣ ਇਕ ਸਾਲ ਬਾਅਦ ਸ਼ਹਿਰ-ਦਰ-ਸ਼ਹਿਰ ਲੋਕ ਆਪੋ-ਆਪਣੇ ਰੋਗੀਆਂ ਨੂੰ ਲੈ ਕੇ ਹਸਪਤਾਲਾਂ ਵਿਚ ਭਟਕ ਰਹੇ ਹਨ ਤੇ ਜਿਹੜੇ ਬਦਕਿਸਮਤ ਚੁਫੇਰੇ ਫੈਲੀ ਬਦਇੰਤਜ਼ਾਮੀ ਕਾਰਨ ਆਪਣੇ ਪਿਆਰਿਆਂ ਨੂੰ ਬਚਾ ਨਹੀਂ ਸਕੇ, ਉਨ੍ਹਾਂ ਦੀਆਂ ਲੋਥਾਂ ਚੁੱਕੀ ਤੂੜੇ ਪਏ ਸ਼ਮਸ਼ਾਨਾਂ ਵਿਚ ਸਿਵਿਆਂ ਲਈ ਥਾਂ ਭਾਲਦੇ ਖੱਜਲ ਹੋ ਰਹੇ ਹਨ।
ਪਿਛਲੇ ਸਾਲ, ਇਨ੍ਹੀਂ ਦਿਨੀਂ ਆਪਣੇ ਪ੍ਰਧਾਨ ਮੰਤਰੀ ਦੀ ਸਰਬਸ਼ਕਤੀਮਾਨਤਾ ਵਿਚ ਯਕੀਨ ਰੱਖਣ ਵਾਲੇ ਲੋਕ ਉਸ ਦੇ ਆਖੇ ਕਦੇ ਟੱਲੀਆਂ-ਭਾਂਡੇ ਖੜਕਾ ਤੇ ਕਦੇ ਮੋਮਬੱਤੀਆਂ ਬਾਲ ਕੇ ‘ਭਾਰਤੀ’ ਢੰਗ ਨਾਲ ਕਰੋਨਾ ਉਤੇ ਫਤਿਹ ਪਾ ਲੈਣ ਦਾ ਭਰਮ ਪਾਲ ਰਹੇ ਸਨ। ਹੁਣ ਸਾਲ ਬਾਅਦ ਉਹੀ ਲੋਕ ਵ੍ਹੱਟਸਐਪ ਰਾਹੀਂ ਇਕ ਦੂਜੇ ਨੂੰ ਘਰ ਬਹਿ ਕੇ ਈਸ਼ਵਰ ਦਾ ਸ਼ੁਕਰ ਮਨਾਉਣ ਦੀਆਂ ਨਸੀਹਤਾਂ ਦੇ ਰਹੇ ਹਨ ਕਿ ਸਾਡੇ ਸਿਰਾਂ ਤੇ ਛਤ ਹੈ, ਸਾਡੇ ਕੋਲ ਬੈਂਕਾਂ ਵਿਚ ਜਮ੍ਹਾਂ ਪੂੰਜੀ ਹੈ, ਸਾਡੇ ਫਰਿੱਜ ਖਾਣ-ਪਦਾਰਥਾਂ ਤੋਂ ਖਾਲੀ ਨਹੀਂ, ਕਿ ਸਾਡੀ ਹਾਲਤ ਬਾਕੀਆਂ ਨਾਲੋਂ ਬਿਹਤਰ ਹੈ।
ਪਿਛਲੇ ਸਾਲ, ਇਨ੍ਹੀਂ ਦਿਨੀਂ ਪ੍ਰਧਾਨ ਮੰਤਰੀ ਨੇ ਕਰੋਨਾ ਨਾਲ ਸਿੱਝਣ ਲਈ ਆਪਣੇ ਨਾਂ ਹੇਠ ਪੀ.ਐਮ. ਕੇਅਰਜ਼ (ਸ਼ਾਬਦਿਕ ਅਰਥ ‘ਪ੍ਰਧਾਨ ਮੰਤਰੀ ਨੂੰ ਫਿਕਰ ਹੈ’) ਫੰਡ ਸਿਰਜ ਕੇ ਕਰੋੜਾਂ ਰੁਪਏ ਇਕੱਤਰ ਕੀਤੇ ਸਨ; ਹੁਣ ਇਕ ਸਾਲ ਬਾਅਦ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਹੈ ਵੀ ਕਿ ਨਹੀਂ?
ਪਿਛਲੇ ਸਾਲ, ਇਨ੍ਹਾਂ ਦਿਨਾਂ ਤੋਂ ਇਕ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨੇ ਉਸੇ ਦਿਨ ਰਾਤ ਦੇ 12 ਵਜੇ ਤੋਂ ਸਾਰੇ ਮੁਲਕ ਵਿਚ ਚਾਣਚੱਕ 21 ਦਿਨ ਦੀ ਤਾਲਾਬੰਦੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕਰੋਨਾ ਵਾਇਰਸ ਨਾਲ ਜੰਗ ਫਤਿਹ ਕਰਨ ਲਈ ਇਹ ਕੁਰਬਾਨੀ ਜ਼ਰੂਰੀ ਹੈ। ਉਸ ਦਿਨ ਪ੍ਰਧਾਨ ਸੈਨਾਪਤੀ ਨੂੰ ਆਪਣੇ ਇਸ ਜੇਤੂ ਪੈਂਤੜੇ ਦੀ ਕਾਰਗਰਤਾ ਤੇ ਇੰਨਾ ਯਕੀਨ ਸੀ ਕਿ ਇਹੋ ਜਿਹਾ ਹੁਕਮ ਜਾਰੀ ਕਰ ਕੇ ਸਾਰੇ ਮੁਲਕ ਨੂੰ ਰਾਤੋ-ਰਾਤ ਥਾਏਂ ਜਕੜ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਮਸ਼ਵਰਾ ਤਕ ਲੈਣ ਦੀ ਲੋੜ ਨਾ ਸਮਝੀ ਗਈ। ਹੁਣ 13 ਮਹੀਨੇ ਬਾਅਦ ਜਦੋਂ ਸਾਰਾ ਮੁਲਕ ਕਰੋਨਾ ਵਾਇਰਸ ਦੀ ਦੂਜੀ ਤੇ ਪਹਿਲੀ ਨਾਲੋਂ ਕਿਤੇ ਵੱਧ ਭਿਆਨਕ ਲਹਿਰ ਦੀ ਮਾਰ ਹੇਠ ਹੈ, ਰੋਜ਼ਾਨਾ 3 ਲੱਖ ਤੋਂ ਵੱਧ ਨਵੇਂ ਕੇਸ ਤੇ 3 ਹਜ਼ਾਰ ਦੇ ਗੇੜ ਵਿਚ ਮੌਤਾਂ ਹੋ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੂਬਿਆਂ ਦੇ ਮੁੱਖ ਮੰਤਰੀ ਆਪਣੇ ਰਾਜਾਂ ਵਿਚ ਇੰਤਜ਼ਾਮ ਸੁਧਾਰਨ, ਲੌਕਡਾਊਨ ਨੂੰ ਆਖਰੀ ਹਥਿਆਰ ਵਜੋਂ ਹੀ ਵਰਤਣ। ਇਸ ਨਾਲ ਅਰਥਵਿਵਸਥਾ ਦਾ ਨੁਕਸਾਨ ਹੁੰਦਾ ਹੈ।
13 ਮਹੀਨੇ ਪਹਿਲਾਂ ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਧ ਕਰੜਾ, ਤੇ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਲੌਕਡਾਊਨ ਲਾਇਆ ਗਿਆ ਸੀ ਤੇ ਅੱਜ ਭਾਰਤ ਵਿਚ ਰੋਜ਼ਾਨਾ ਇੰਨੇ ਨਵੇਂ ਰੋਗੀ ਕਰੋਨਾ ਦੀ ਮਾਰ ਹੇਠ ਆ ਰਹੇ ਹਨ ਜਿੰਨੇ ਦੁਨੀਆ ਦੇ ਕਿਸੇ ਮੁਲਕ ਵਿਚ ਨਹੀਂ ਆਏ। ਇਨ੍ਹਾਂ 13 ਮਹੀਨਿਆਂ ਵਿਚ ਹੋਇਆ ਕੀ?
ਮਈ 2020 ਵਿਚ ਹੀ ਸਾਨੂੰ ਦੱਸਿਆ ਗਿਆ ਕਿ ਭਾਰਤ ਹੁਣ ਆਤਮ-ਨਿਰਭਰਤਾ ਦੀ ਰਾਹ ਤੁਰ ਪਿਆ ਹੈ ਅਤੇ ਕੋਵਿਡ-19 ਦੀ ਵੈਕਸੀਨ ਆਪ ਤਿਆਰ ਕਰੇਗਾ। 15 ਅਗਸਤ ਤਕ ਵੈਕਸੀਨ ਦੇ ਆਮ ਜਨਤਾ ਦੀ ਵਰਤੋਂ ਲਈ ਤਿਆਰ ਹੋ ਜਾਣ ਦੀ ਤਰੀਕ ਵੀ ਐਲਾਨ ਦਿੱਤੀ ਗਈ। ਜਨਤਾ ਨੇ ਸੁੱਖ ਦਾ ਸਾਹ ਲਿਆ ਪਰ ਸਿਆਣੇ ਸਿਹਤ ਵਿਗਿਆਨੀਆਂ ਨੇ ਉਸੇ ਵੇਲੇ ਇਸ ਹਵਾਈ ਕਹਾਣੀ ਤੇ ਕਿੰਤੂ ਕੀਤਾ ਕਿਉਂਕਿ ਕਿਸੇ ਵੀ ਨਵੀਂ ਦਵਾਈ ਨੂੰ ਆਮ ਵਰਤੋਂ ਲਈ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਕਰੜੀ ਤੇ ਬਹੁਪੱਖੀ ਪੜਤਾਲ ਦੇ ਪੜਾਵਾਂ ਵਿਚੋਂ ਲੰਘਾਉਣਾ ਜ਼ਰੂਰੀ ਹੁੰਦਾ ਹੈ। 15 ਅਗਸਤ ਆਈ, ਏਡੀ ਛੇਤੀ ਕੋਈ ਵੈਕਸੀਨ ਤਿਆਰ ਨਹੀਂ ਸੀ ਹੋ ਸਕਣੀ ਪਰ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਵਿਗਿਆਨੀ ਇਕ ਨਹੀਂ, ਤਿੰਨ ਤਿੰਨ ਵੈਕਸੀਨ ਤਿਆਰ ਕਰ ਰਹੇ ਹਨ ਜੋ ਛੇਤੀ ਹੀ ਹਰ ਭਾਰਤੀ ਸ਼ਹਿਰੀ ਨੂੰ ਮੁਹੱਈਆ ਹੋਣਗੀਆਂ।
ਨਵੰਬਰ 2020 ਵਿਚ ਬਿਹਾਰ ਵਿਚ ਹੋਈਆਂ ਚੋਣਾਂ ਵੇਲੇ ਵੈਕਸੀਨ ਨੂੰ ਚੋਣ ਪ੍ਰਚਾਰ ਤਕ ਲਈ ਵਰਤਿਆ ਗਿਆ; ਅਖੇ, ਭਾਜਪਾ ਸਰਕਾਰ ਹਰ ਬਿਹਾਰੀ ਨੂੰ ਮੁਫਤ ਟੀਕਾ ਲਾਏਗੀ, ਹਾਲਾਂਕਿ ਉਦੋਂ ਤਕ ਕਿਸੇ ਵੈਕਸੀਨ ਨੂੰ ਮਨਜ਼ੂਰੀ ਨਹੀਂ ਸੀ ਮਿਲੀ। ਹਮੇਸ਼ਾ ਚੋਣ ਪ੍ਰਚਾਰ ਵਿਚ ਹੀ ਰੁੱਝੀ ਰਹਿਣ ਵਾਲੀ ਅਤੇ ਫੋਕੇ ਵਾਅਦੇ ਕਰਨਾ ਗਿੱਝੀ ਸਰਕਾਰ ਨੇ ਇਸ ਗੱਲ ਨੂੰ ਗੌਲਿਆ ਹੀ ਨਹੀਂ ਕਿ ਰੋਗ ਮਾਹਿਰਾਂ ਨੇ ਦੂਜੇ ਮੁਲਕਾਂ ਦੇ ਤਜਰਬੇ ਵੱਲ ਦੇਖਦਿਆਂ ਨਵੰਬਰ 2020 ਵਿਚ ਹੀ ਇਸ ਗੱਲ ਬਾਰੇ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਕੋਵਿਡ-19 ਦੀ ਵਧੇਰੇ ਖਤਰਨਾਕ ਦੂਜੀ ਲਹਿਰ ਲਈ ਤਿਆਰ ਰਹਿਣਾ ਪਵੇਗਾ ਅਤੇ ਹਸਪਤਾਲਾਂ ਲਈ ਆਕਸੀਜਨ ਸਪਲਾਈ ਦੀ ਸਮਰੱਥਾ ਨੂੰ ਫੌਰੀ ਤੌਰ ਤੇ ਵਧਾਉਣ ਦੀ ਲੋੜ ਹੈ।
ਉਧਰ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੀ ਇਸ ਬੇਨਤੀ ਨੂੰ ਵੀ ਨਾ ਗੌਲਿਆ ਗਿਆ ਕਿ 140 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਲੋਕਾਂ ਨੂੰ ਛੇਤੀ ਵੈਕਸੀਨ ਮੁਹੱਈਆ ਕਰਨ ਲਈ 3000 ਕਰੋੜ ਦੇ ਨਿਵੇਸ਼ ਦੀ ਫੌਰੀ ਲੋੜ ਹੈ ਤਾਂ ਜੋ ਟੀਕੇ ਬਣਾਉਣ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ, ਨਹੀਂ ਤਾਂ ਨਤੀਜੇ ਭਿਆਨਕ ਹੋਣਗੇ। ਇਨ੍ਹਾਂ ਚਿਤਾਵਨੀਆਂ ਨੂੰ ਗੌਲਣਾ ਤਾਂ ਕੀ ਸੀ, ਹਮੇਸ਼ਾ ਆਪਣੀ ਪਿੱਠ ਥਾਪੜਨ ਵਿਚ ਰੁੱਝੀ ਰਹਿਣ ਵਾਲੀ ਸਰਕਾਰ ਨੇ 2021 ਦੇ ਮੁੱਢ ਵਿਚ ਪਹਿਲੇ ਟੀਕਿਆਂ ਦੀ ਵਰਤੋਂ ਸ਼ੁਰੂ ਹੁੰਦੇ ਸਾਰ ਹੀ ਐਲਾਨ ਕਰ ਦਿੱਤਾ ਕਿ ਭਾਰਤ ਨੇ ਕੋਵਿਡ-19 ਨੂੰ ਪਛਾੜ ਦਿੱਤਾ ਹੈ, ਸਾਡਾ ਮੁਲਕ ਇਸ ਲੜਾਈ ਵਿਚ ਮੋਹਰੀ (ਵਿਸ਼ਵ ਗੁਰੂ) ਸਾਬਿਤ ਹੋਇਆ ਹੈ ਅਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਭਾਰਤ ਅਤੇ ਨਰਿੰਦਰ ਮੋਦੀ ਦੀ ਅਗਵਾਈ ਤੇ ਟਿਕੀਆਂ ਹੋਈਆਂ ਹਨ।
ਫਰਵਰੀ 2021 ਵਿਚ ਅਜੇ ਭਾਰਤੀ ਵਸੋਂ ਦੇ ਇੱਕ ਫੀਸਦੀ ਦਾ ਵੀ ਟੀਕਾਕਰਨ ਨਹੀਂ ਸੀ ਹੋਇਆ, ਜਦੋਂ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ ਦਾ ਦਵਾਈ-ਭੰਡਾਰ ਗਰਦਾਨਦਿਆਂ ‘ਵੈਕਸੀਨ ਮੈਤਰੀ’ ਪ੍ਰੋਗਰਾਮ ਤਹਿਤ ਲੋੜਵੰਦ ਮੁਲਕਾਂ ਦੀ ਮਦਦ ਕਰਨ ਲਈ ਮੈਦਾਨ ਵਿਚ ਨਿੱਤਰਨ ਦੇ ਵਾਅਦੇ ਕਰ ਦਿੱਤੇ। ਵੈਕਸੀਨ ਹੁਣ ਵਿਸ਼ਵ ਪੱਧਰ ਤੇ ਮੋਦੀ ਦੀ ਬਤੌਰ ਹੀਰੋ ਭੱਲ ਬਣਾਉਣ ਦੇ ਸੰਦ ਵਜੋਂ ਵਰਤੀ ਜਾਣ ਲੱਗੀ।
ਕੁੰਭ ਦਾ ਮੇਲਾ ਆਉਣ ਵਾਲਾ ਸੀ, ਰਵਾਇਤ ਮੁਤਾਬਿਕ ਲੱਖਾਂ ਲੋਕਾਂ ਦੀਆਂ ਭੀੜਾਂ ਜੁੜਨੀਆਂ ਸਨ ਪਰ ਹਿੰਦੂ ਵੋਟਰਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੰਦਿਆਂ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਕੋਈ ਦਿਸ਼ਾ ਨਿਰਦੇਸ਼ ਨਹੀਂ ਸਨ। ਉਹੋ ਸਰਕਾਰ ਜਿਸ ਨੇ ਪਿਛਲੇ ਸਾਲ ਸ਼ਾਹੀਨ ਬਾਗ, ਤਬਲੀਗੀ ਮਿਲਣੀਆਂ ਤੇ ਕਿਸਾਨ ਮੋਰਚਿਆਂ ਸਮੇਤ ਕਿਸੇ ਵੀ ਕਿਸਮ ਦੇ ਰੋਸ ਇਕੱਠ ਨੂੰ ਕਰੋਨਾ-ਫੈਲਾਊ ਭੀੜਾਂ ਸਾਬਤ ਕਰਨ ਲਈ ਹਰ ਪੈਂਤੜਾ ਵਰਤਿਆ ਸੀ, ਹੁਣ ਚੁੱਪ ਸਾਧ ਕੇ ਬੈਠੀ ਹੋਈ ਸੀ। ਜਦੋਂ ਮਾਰਚ ਮਹੀਨੇ ਸਪਸ਼ਟ ਦਿਸਣ ਲਗ ਪਿਆ ਕਿ ਮੁਲਕ ਕਰੋਨਾ ਦੇ ਦੂਜੇ ਦੌਰ ਵਿਚ ਦਾਖਲ ਹੋ ਚੁੱਕਾ ਹੈ ਤੇ ਇਸ ਦੋਗਲੇ ਵਤੀਰੇ ਦੀ ਆਲੋਚਨਾ ਸ਼ੁਰੂ ਹੋਈ ਤਾਂ ਉਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ, “ਕੁੰਭ ਦਾ ਮੇਲਾ ਗੰਗਾ ਕੰਢੇ ਹੁੰਦਾ ਹੈ। ਇਸ ਨੂੰ ਗੰਗਾ ਮਈਆ ਦਾ ਆਸ਼ੀਰਵਾਦ ਹੈ, ਇਸ ਲਈ ਇਸ ਉਤੇ ਕਰੋਨਾ ਦਾ ਪ੍ਰਕੋਪ ਹੋਵੇਗਾ ਹੀ ਨਹੀਂ।” ਦੂਜੇ ਪਾਸੇ, ਬੰਗਾਲ ਦੀਆਂ ਚੋਣਾਂ ਹਰ ਹੀਲੇ ਜਿੱਤਣ ਲਈ ਉਥੋਂ ਦੀ ਚੋਣ ਪ੍ਰਕਿਰਿਆ ਨੂੰ ਸਵਾ ਮਹੀਨੇ ਦੇ ਵਕਫੇ ਉਤੇ ਖਿਲਾਰ ਦਿੱਤਾ ਗਿਆ ਤਾਂ ਜੋ ਉਸ ਵਿਚ ਵੱਧ ਤੋਂ ਵੱਧ ਚੋਣ ਰੈਲੀਆਂ ਕੀਤੀਆਂ ਜਾ ਸਕਣ। ਟੀ.ਵੀ. ਰਾਹੀਂ ‘ਦੋ ਗਜ਼ ਕੀ ਦੂਰੀ’ ਅਤੇ ‘ਮਾਸਕ ਪਾ ਕੇ ਰੱਖਣ’ ਦੀਆਂ ਨਸੀਹਤਾਂ ਦੇਣ ਵਾਲੇ ਪ੍ਰਧਾਨ ਮੰਤਰੀ ਨੇ ਨਾ ਸਿਰਫ ਥਾਂ ਪੁਰ ਥਾਂ ਆਪ ਬਿਨਾਂ ਮਾਸਕ ਰੈਲੀਆਂ ਕੀਤੀਆਂ ਸਗੋਂ ਸਟੇਜ ਤੋਂ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਇੰਨੀਆਂ ਵੱਡੀਆਂ ਰੈਲੀਆਂ ਤਾਂ ਉਸ ਨੇ ਕਦੀ ਦੇਖੀਆਂ ਹੀ ਨਹੀਂ।
ਕਰੋਨਾ ਨੂੰ ਮਾਤ ਦੇ ਲੈਣ ਦੇ ਝੂਠੇ ਦਮਗਜਿਆਂ, ਤੱਥਹੀਣ ਦਾਅਵਿਆਂ, ਅੰਧਵਿਸ਼ਵਾਸ ਉਪਜਾਊ ਬਿਆਨਾਂ ਤੇ ਸਰਕਾਰ ਦੇ ਆਪਣੇ ਵਿਹਾਰ ਦਾ ਅਸਰ ਇਹ ਹੋਇਆ ਕਿ ਮੁਲਕ ਵਿਚ ਭੰਬਲਭੂਸੇ ਦਾ ਅਜੀਬ ਮਾਹੌਲ ਸਿਰਜਿਆ ਗਿਆ। ਕਈਆਂ ਨੂੰ ਕਰੋਨਾ ਦੀ ਸੱਚਮੁੱਚ ਹੋਂਦ ਤੇ ਹੀ ਸ਼ੱਕ ਸੀ ਤੇ ਕਈ ਹੋਰਨਾਂ ਨੂੰ ਸਰਕਾਰੀ ਦਾਅਵਿਆਂ ਕਾਰਨ ਲੱਗਣ ਲੱਗ ਪਿਆ ਕਿ ਕਰੋਨਾ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਵੈਕਸੀਨ ਬਾਰੇ ਵਾਰ ਵਾਰ ਬਦਲਦੇ ਬਿਆਨਾਂ ਕਾਰਨ ਕਈਆਂ ਦਾ ਇਸ ਤੋਂ ਵਿਸ਼ਵਾਸ ਹੀ ਉਠ ਗਿਆ ਤੇ ਕਈਆਂ ਨੂੰ ਜਾਪਣ ਲੱਗ ਪਿਆ ਕਿ ਇਸ ਦੀ ਹੁਣ ਲੋੜ ਹੀ ਕੋਈ ਨਹੀਂ ਰਹੀ। ਉਧਰ ਸਿਹਤ ਸੇਵਾਵਾਂ ਨਾਲ ਜੁੜੇ ਮਾਹਿਰ, ਉਨ੍ਹਾਂ ਦੀਆਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਵਾਰ ਵਾਰ ਕੇਂਦਰ ਨਾਲ ਆਕਸੀਜਨ ਦੀ ਘਾਟ ਅਤੇ ਵੱਧ ਤੋਂ ਵੱਧ ਵਸੋਂ ਦੇ ਛੇਤੀ ਤੋਂ ਛੇਤੀ ਟੀਕਾਕਰਨ ਕਰਨ ਦੀ ਫੌਰੀ ਲੋੜ ਲਈ ਵੈਕਸੀਨ ਦੀ ਤੋਟ ਬਾਰੇ ਸਵਾਲ ਉਠਾ ਰਹੇ ਸਨ ਪਰ ਕੇਂਦਰ ਸਰਕਾਰ ਇਨ੍ਹਾਂ ਮੰਗਾਂ ਨੂੰ ਵਿਰੋਧੀ ਧਿਰ ਦੀ ਸਿਆਸੀ ਹਾਲ-ਪਾਹਰਿਆ ਗਰਦਾਨ ਕੇ ਹਊ-ਪਰੇ ਕਰ ਰਹੀ ਸੀ। ਹੋਰ ਤਾਂ ਹੋਰ, ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਦੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਨਾਲ ਸਿੱਝਣ ਲਈ ਕੁਝ ਫੌਰੀ ਸੁਝਾਅ ਦਿੰਦਾ ਖਤ ਵੀ ਸਿਆਸੀ ਉਸ਼ਟੰਡਬਾਜ਼ੀ ਕਹਿ ਕੇ ਨਕਾਰ ਦਿੱਤਾ ਗਿਆ।
ਸਰਕਾਰ ਦੇ ਇਸ ਹਿਕਾਰਤੀ ਅਵੇਸਲੇਪਣ ਅਤੇ ਆਪਣੀ ਸਰਬਸ਼ਕਤੀਮਾਨਤਾ ਤੇ ਭਰੋਸੇ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਸ਼ਹਿਰ ਦਰ ਸ਼ਹਿਰ, ਪਿੰਡ ਦਰ ਪਿੰਡ ਤੋਂ ਆਉਣ ਵਾਲੀਆਂ ਖਬਰਾਂ ਅਤੇ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਇਹ ਸੋਚ ਕੇ ਹੀ ਦਿਲ ਦਹਿਲਦਾ ਹੈ ਕਿ ਆਉਣ ਵਾਲੇ ਦਿਨ ਇਸ ਤੋਂ ਕਿਤੇ ਵਧ ਤਬਾਹਕੁਨ ਸਾਬਿਤ ਹੋ ਸਕਦੇ ਹਨ।
ਸੱਤ ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਪ੍ਰਧਾਨ ਮੰਤਰੀ ਨੂੰ ਚੁੱਕੇ ਜਾਣ ਵਾਲੇ ਹਰ ਪ੍ਰਸ਼ਾਸਕੀ ਕਦਮ ਤੋਂ ਨਿੱਜੀ ਭੱਲ ਖੱਟਣ ਦੀ ਲਾਲਸਾ ਅਮੁੱਕ ਹੈ। ਗੈਸ ਸਿਲੰਡਰ ਵੰਡਣ ਦੀ ਯੋਜਨਾ ਹੋਵੇ ਜਾਂ ਕੋਵਿਡ-19 ਟੀਕਾ ਲੁਆਈ ਦੀ ਪ੍ਰਮਾਣ-ਪਰਚੀ, ਹਰ ਥਾਂ ਤਸਵੀਰ ਪ੍ਰਧਾਨ ਮੰਤਰੀ ਦੀ ਹੁੰਦੀ ਹੈ, ਸਾਰਾ ਕ੍ਰੈਡਿਟ ਵੀ ਉਸੇ ਦੇ ਖਾਤੇ ਪਾਇਆ ਜਾਂਦਾ ਹੈ। ਹੁਣ ਪ੍ਰਧਾਨ ਮੰਤਰੀ ਦਾ ਪ੍ਰਚਾਰ ਤੰਤਰ ਜੋ ਮਰਜ਼ੀ ਸਪਸ਼ਟੀਕਰਨ ਘੜਦਾ ਰਹੇ, ਇਸ ਕਿਸਮ ਦੀ ਘੋਰ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹੈ।