ਨੀਰੋ ਦੇ ਬੰਸੁਰੀ ਵਜਾਉਣ ਦੀ ਕਹਾਣੀ ਦੁਹਰਾਈ ਜਾ ਰਹੀ ਹੈ ਭਾਰਤ ਦੇ ਲੋਕਤੰਤਰ ਸਾਹਮਣੇ

ਜਤਿੰਦਰ ਪਨੂੰ
ਮਹਾਮਾਰੀਆਂ ਨਾਲ ਮਨੁੱਖ ਦਾ ਮੱਥਾ ਬਹੁਤ ਵਾਰੀ ਲੱਗਦਾ ਹੈ। ਓਦੋਂ ਵੀ ਲੱਗਦਾ ਰਿਹਾ, ਜਦੋਂ ਹਾਲੇ ਅੱਜ ਵਾਲਾ ਕੈਲੰਡਰ ਸ਼ੁਰੂ ਨਹੀਂ ਸੀ ਹੋਇਆ। ਕੁਦਰਤ ਦੀਆਂ ਸ਼ਕਤੀਆਂ ਨਾਲ ਲੋਹਾ ਲੈਂਦਾ ਰਿਹਾ ਤੇ ਨੁਕਸਾਨ ਭਾਵੇਂ ਕਿੰਨਾ ਵੀ ਹੋ ਜਾਂਦਾ ਸੀ, ਅੰਤ ਨੂੰ ਮਨੁੱਖ ਜਿੱਤਦਾ ਅਤੇ ਅੱਗੇ ਵਧਦਾ ਰਿਹਾ। ਕਈ ਵਾਰੀ ਇਸ ਭੇੜ ਲਈ ਸਾਂਝੇ ਯਤਨ ਹੁੰਦੇ ਸਨ ਤੇ ਕਈ ਵਾਰ ਖਿੱਲਰੇ-ਪੁੱਲਰੇ ਵੀ ਕਰਨੇ ਪੈਂਦੇ ਸਨ, ਪਰ ਘੱਟ ਜਾਂ ਵੱਧ ਨੁਕਸਾਨ ਉਠਾਉਣ ਮਗਰੋਂ ਧਰਤੀ ਉੱਤੇ ਮਨੁੱਖੀ ਜੀਵਨ ਦੀ ਹੋਂਦ ਕਾਇਮ ਰਹਿੰਦੀ ਰਹੀ ਸੀ।

ਕਰੋਨਾ ਵਾਇਰਸ ਦੇ ਕਾਰਨ ਸਿਰ ਪਿਆ ਅਜੋਕਾ ਸੰਕਟ ਵੀ ਮਨੁੱਖਤਾ ਦਾ ਨਾਸ ਕਰਨ ਵਾਲਾ ਸਾਬਤ ਨਹੀਂ ਹੋਣਾ, ਮਨੁੱਖੀ ਹੋਂਦ ਕਾਇਮ ਰਹੇਗੀ ਤੇ ਉਸ ਦੇ ਬਾਅਦ ਸ਼ਾਇਦ ਅਗਲੇ ਸੰਕਟਾਂ ਬਾਰੇ ਇਨਸਾਨ ਅਗੇਤਾ ਸੋਚਣਾ ਸ਼ੁਰੂ ਕਰੇਗਾ, ਪਰ ਇਹ ਗੱਲ ਯਾਦ ਰੱਖੇਗਾ ਕਿ ਸੰਸਾਰ ਪੱਧਰ ਦਾ ਇਸ ਤਰ੍ਹਾਂ ਦਾ ਸੰਕਟ ਵੀ ਆ ਸਕਦਾ ਹੈ, ਜਿਹੜਾ ਜਿ਼ੰਦਗੀ ਨੂੰ ਬਰੇਕਾਂ ਲਾ ਦੇਵੇ। ਅਸਮਾਨਾਂ ਵਿਚ ਉੱਡਦਾ ਤੇ ਖੰਭਾਂ ਦੇ ਬਿਨਾ ਪੁਲਾੜ ਵਿਚ ਤਰਨ ਵਾਂਗ ਉਡਾਰੀਆਂ ਲਾਉਂਦਾ ਮਨੁੱਖ ਅਜੋਕੇ ਸੰਕਟ ਨੇ ਏਨਾ ਬੇਵੱਸ ਕਰ ਛੱਡਿਆ ਕਿ ਉਸ ਨੂੰ ਇੱਕੋ ਵਕਤ ਸਾਰੇ ਸੰਸਾਰ ਵਿਚ ਰੇਲਾਂ ਅਤੇ ਬੱਸਾਂ ਕੀ, ਉੱਡਦੇ ਜਹਾਜ਼ ਵੀ ਰੋਕਣੇ ਪੈ ਗਏ ਸਨ। ਸਮੁੰਦਰਾਂ ਵਿਚ ਚੱਲਦੇ ਜਹਾਜ਼ਾਂ ਨੂੰ ਕੰਢਿਆਂ ਉੱਤੇ ਲੱਗਣ ਤੋਂ ਰੋਕਣਾ ਪੈ ਗਿਆ ਤੇ ਹਰ ਚੀਜ਼ ਬੇਜਾਨ ਜਾਪਣ ਲੱਗ ਪਈ ਸੀ। ਮਨੁੱਖ ਨੇ ਜੇ ਅਕਲ ਸਿੱਖਣੀ ਹੋਈ ਤਾਂ ਇਸ ਤਰ੍ਹਾਂ ਦੇ ਸੰਕਟ ਤੋਂ ਨਿਕਲੇ ਸਬਕ ਉਸ ਦੇ ਭਵਿੱਖ ਲਈ ਮਾਰਗ-ਦਰਸ਼ਕ ਬਣ ਸਕਦੇ ਹਨ।
ਕੱਲ੍ਹ ਦੀ ਕੱਲ੍ਹ ਆਏ ਤੋਂ ਵੇਖੀ ਜਾਊ, ਅੱਜ ਜਿਸ ਜਿੱਲ੍ਹਣ ਵਿਚ ਮਨੁੱਖਤਾ ਫਸ ਗਈ ਹੈ, ਉਸ ਦੀ ਕਹਾਣੀ ਸਾਰਾ ਸੰਸਾਰ ਜਾਣਦਾ ਹੈ, ਪਰ ਇਹ ਗੱਲ ਲੁਕ ਜਾਂਦੀ ਹੈ ਕਿ ਹਰ ਦੇਸ਼ ਦਾ ਇੱਕੋ ਜਿਹਾ ਹਾਲ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਰ ਦੇਸ਼ ਦੀ ਵਾਗ ਸੰਭਾਲਣ ਵਾਲੇ ਆਗੂ ਇੱਕੋ ਜਿਹੇ ਨਹੀਂ। ਕੁਝ ਦੇਸ਼ਾਂ ਨੇ ਓਦੋਂ ਵੱਡੇ ਝਟਕੇ ਝੱਲੇ ਸਨ, ਜਦੋਂ ਇਸ ਬਿਮਾਰੀ ਦੀ ਸ਼ੁਰੂਆਤ ਵਿਚ ਅਜੇ ਸਿੱਝਣ ਦੀ ਸੂਝ ਨਹੀਂ ਸੀ, ਅਤੇ ਜਦੋਂ ਸੂਝ ਆਈ ਤਾਂ ਉਨ੍ਹਾਂ ਦੇਸ਼ਾਂ ਨੇ ਉਸ ਦੇ ਨਾਲ ਲੜਨ ਦਾ ਯੋਗ ਪ੍ਰਬੰਧ ਕਰ ਲਿਆ ਸੀ। ਭਾਰਤ ਦੇਸ਼ ਉਨ੍ਹਾਂ ਵਿਚੋਂ ਨਹੀਂ ਨਿਕਲਿਆ। ਇਸ ਦੀ ਕਮਾਂਡ ਜਿਨ੍ਹਾਂ ਹੱਥਾਂ ਵਿਚ ਫੜੀ ਸੀ, ਤੇ ਅਜੇ ਵੀ ਹੈ, ਉਹ ਚੰਦਰ ਗੁਪਤ ਮੌਰੀਆ ਵਰਗੇ ਵੱਡੇ ਹਿੰਦੁਸਤਾਨ ਉੱਤੇ ਰਾਜ ਕਰਨ ਦਾ ਏਦਾਂ ਦਾ ਸੁਫਨਾ ਅੱਖਾਂ ਵਿਚ ਵਸਾਈ ਫਿਰਦੇ ਹਨ ਕਿ ਹੋਰ ਕੁਝ ਸੁੱਝਦਾ ਹੀ ਨਹੀਂ। ਅੱਜ ਜਿਹੜੇ ਹਾਲਾਤ ਵਿਚ ਭਾਰਤ ਦੇਸ਼ ਫਸ ਗਿਆ ਹੈ, ਲੋਕ ਮਰਦੇ ਹਨ ਤੇ ਕੋਈ ਸੁਣਨ ਵਾਲਾ ਨਹੀਂ ਲੱਭਦਾ, ਉਸ ਦਾ ਅਸਲ ਕਾਰਨ ਇਹੋ ਹੈ।
ਜਦੋਂ ਕਰੋਨਾ ਦੀ ਬਿਮਾਰੀ ਸਿਰ ਚੁੱਕਦੀ ਪਈ ਸੀ ਤੇ ਅਮਰੀਕਾ ਅਤੇ ਭਾਰਤ-ਦੋਹਾਂ ਵਿਚ ਪਹੁੰਚ ਚੁੱਕੀ ਸੀ, ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੰਸਾਰ ਮਹਾ-ਸ਼ਕਤੀ ਦੇ ਭਰਮ ਵਾਲੇ ਦੇਸ਼ ਦੇ ਮੁਖੀ ਡੋਨਾਲਡ ਟਰੰਪ ਨੂੰ ਲਿਆ ਕੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਭੀੜ ਜੋੜਨ ਦਾ ਤਮਾਸ਼ਾ ਰਚ ਲਿਆ ਸੀ। ਟਰੰਪ ਦੇ ਮੁੜਨ ਤੱਕ ਅਮਰੀਕਾ ਵੱਲ ਵੀ ਮੌਤਾਂ ਦੀ ਲੜੀ ਸ਼ੁਰੂ ਹੋ ਗਈ ਤੇ ਏਧਰ ਭਾਰਤ ਵਿਚ ਵੀ ਕੇਸ ਗਿਣੇ ਜਾਣ ਲੱਗ ਪਏ ਸਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਰਜ਼ ਨਾਲ ਮੱਥਾ ਲਾਉਣ ਦੀ ਥਾਂ ਪਾਰਲੀਮੈਂਟ ਸੈਸ਼ਨ ਜਾਣ-ਬੁੱਝ ਕੇ ਇਸ ਲਈ ਚੱਲਦਾ ਰੱਖਿਆ ਕਿ ਮੱਧ ਪ੍ਰਦੇਸ਼ ਵਿਚ ਵਿਰੋਧੀ ਪਾਰਟੀ ਦੀ ਸਰਕਾਰ ਤੋੜ ਕੇ ਆਪਣੀ ਬਣਾਉਣੀ ਵੱਧ ਜ਼ਰੂਰੀ ਲੱਗਦੀ ਸੀ। ਓਧਰ ਦਾ ਕੰਮ ਮੁੱਕਦੇ ਸਾਰ ਇਸ ਦੇਸ਼ ਵਿਚ ਲਾਕਡਾਊਨ ਕਰਨ ਦਾ ਉਹ ਕੰਮ ਕਰ ਦਿੱਤਾ, ਜਿਸ ਦੀ ਤਿਆਰੀ ਨਹੀਂ ਸੀ ਤੇ ਨਤੀਜੇ ਵਜੋਂ ਨਾ ਬਿਮਾਰੀ ਨੂੰ ਰੋਕ ਪਾਈ ਜਾ ਸਕੀ, ਨਾ ਘਰਾਂ ਵਿਚ ਤੜੇ ਹੋਏ ਲੋਕਾਂ ਨੂੰ ਰਾਹਤ ਪੁਚਾਈ ਗਈ। ਕਰੋਨਾ ਦੇ ਮੁੱਢਲੇ ਹੱਲੇ ਮਗਰੋਂ ਜਦੋਂ ਨਵੰਬਰ ਵਿਚ ਕੁਝ ਮੋੜ ਪੈਣ ਲੱਗਾ, ਉਸ ਸਮੇਂ ਨੂੰ ਅਗਲੇ ਹੱਲੇ ਦੇ ਟਾਕਰੇ ਲਈ ਵਰਤਿਆ ਜਾ ਸਕਦਾ ਸੀ, ਪਰ ਇਸ ਦੀ ਥਾਂ ਪ੍ਰਧਾਨ ਮੰਤਰੀ ਨੇ ਪੰਜ ਹੋਰ ਰਾਜਾਂ ਵਿਚ ਆਪਣੀ ਧਾਂਕ ਜਮਾਉਣ ਦਾ ਰਸਤਾ ਫੜ ਲਿਆ ਤੇ ਉਹਦੀ ਇਹ ਚਾਲ ਵੀ ਭਾਰਤ ਦੇ ਲੋਕਾਂ ਨੂੰ ਭੁਗਤਣੀ ਪਈ। ਇਨ੍ਹਾਂ ਪੰਜਾਂ ਰਾਜਾਂ ਵਿਚ ਚੋਣ ਰੈਲੀਆਂ ਹੋਣ ਦੌਰਾਨ ਹੀ ਕਰੋਨਾ ਦੀ ਪਹਿਲਾਂ ਤੋਂ ਵੱਡੀ ਛੱਲ ਉੱਠ ਪਈ, ਪਰ ਵਿਗੜਦੇ ਹਾਲਾਤ ਵਿਚ ਰੈਲੀਆਂ ਰੋਕਣ ਦੀ ਥਾਂ ਬੰਗਾਲ ਦਾ ਕੰਡਾ ਕੱਢਣ ਲਈ ਸਾਰਾ ਜ਼ੋਰ ਲਾਈ ਰੱਖਿਆ। ਇਸ ਵੱਲੋਂ ਉਹ ਓਦੋਂ ਹੀ ਰੁਕਿਆ, ਜਦੋਂ ਕਰੋਨਾ ਵਾਲੇ ਕੇਸਾਂ ਦੀ ਗਿਣਤੀ ਪਹਿਲੀ ਵਾਰ ਰੋਜ਼ਾਨਾ ਇੱਕ ਲੱਖ ਟੱਪਣ ਪਿੱਛੋਂ ਰੋਜ਼ਾਨਾ ਦੋ ਲੱਖ ਤੋਂ ਟੱਪ ਕੇ ਰੋਜ਼ਾਨਾ ਤਿੰਨ ਲੱਖ ਨੂੰ ਜਾ ਪੁੱਜੀ ਤੇ ਹਸਪਤਾਲਾਂ ਵਿਚ ਮਰੀਜ਼ਾਂ ਲਈ ਨਾ ਬੈੱਡ ਲੱਭਦੇ ਸਨ ਤੇ ਨਾ ਮਰਨਾਊ ਪਏ ਮਰੀਜ਼ਾਂ ਨੂੰ ਬਚਾਉਣ ਦੇ ਲਈ ਆਕਸੀਜਨ ਮਿਲਦੀ ਸੀ। ਸਿਵਿਆਂ ਵਿਚ ਲਾਸ਼ਾਂ ਫੂਕਣ ਲਈ ਦੋ-ਦੋ ਦਿਨ ਉਡੀਕ ਕਰਨੀ ਪੈਂਦੀ ਸੀ ਅਤੇ ਕਬਰਾਂ ਵਿਚ ਥਾਂ ਨਾ ਹੋਣ ਕਾਰਨ ਸੜਕਾਂ ਕਿਨਾਰੇ ਮੁਰਦੇ ਦੱਬੇ ਜਾਣ ਲੱਗ ਪਏ ਸਨ। ਫਿਰ ਉਸ ਨੇ ਦਿੱਲੀ ਆ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ, ਪਰ ਇਸ ਦਾ ਫਾਇਦਾ ਕੀ? ਉਰਦੂ ਦਾ ਸ਼ੇਅਰ ਹੈ, ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਆਏ!’
ਭਾਰਤ ਦਾ ਪ੍ਰਧਾਨ ਮੰਤਰੀ ਇਸ ਮਰਜ਼ ਦੇ ਟਾਕਰੇ ਲਈ ਮੁੱਢਲੇ ਭਾਸ਼ਣਾਂ ਵਿਚ ਪਿਛਲੇ ਸਾਲ ਇਹ ਕਹਿੰਦਾ ਸੀ ਕਿ ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿਚ ਜਿੱਤ ਲਈ ਸੀ, ਕਰੋਨਾ ਵਿਰੁੱਧ ਤਿੰਨਾਂ ਹਫਤਿਆਂ ਵਿਚ ਜਿੱਤਾਂਗੇ। ਤਿੰਨ ਹਫਤੇ ਤਾਂ ਕੀ, ਉਸ ਮਗਰੋਂ ਸਤਵੰਜਾ ਹਫਤੇ ਲੰਘ ਗਏ, ਤਿੰਨਾਂ ਨਾਲੋਂ ਉੱਨੀ ਗੁਣਾਂ ਬਣਦੇ ਹਨ, ਪਰ ਜੰਗ ਜਿੱਤ ਲੈਣੀ ਕਹਿਣ ਤੇ ਲੋਕਾਂ ਨੂੰ ਫੋਕੇ ਦਿਲਾਸੇ ਦੇਣ ਵਾਲਾ ਪ੍ਰਧਾਨ ਮੰਤਰੀ ਅੱਜ ਉਨ੍ਹਾਂ ਭਾਸ਼ਣਾਂ ਦਾ ਚੇਤਾ ਵੀ ਨਹੀਂ ਕਰਦਾ। ਉਸ ਦੇ ਚਹੇਤਿਆਂ ਨਾਲ ਭਰੇ ਹੋਏ ਨੀਤੀ ਆਯੋਗ ਦਾ ਜਿਹੜਾ ਮੈਂਬਰ ਕਰੋਨਾ ਟਾਸਕ ਫੋਰਸ ਦਾ ਮੁਖੀ ਬਣਾਇਆ ਸੀ, ਪਿਛਲੇ ਸਾਲ ਬਾਈ ਅਪਰੈਲ ਨੂੰ ਉਹਨੇ ਕਿਹਾ ਸੀ ਕਿ ਸੋਲਾਂ ਮਈ ਤੋਂ ਬਾਅਦ ਭਾਰਤ ਵਿਚ ਕਰੋਨਾ ਦਾ ਇੱਕ ਵੀ ਕੇਸ ਨਹੀਂ ਉੱਠੇਗਾ, ਪਰ ਅੱਜ ਜਦੋਂ ਰੋਜ਼ ਸਾਢੇ ਤਿੰਨ ਲੱਖ ਕੇਸ ਮਿਲ ਰਹੇ ਹਨ ਤਾਂ ਉਹ ਵੀ ਆਪਣੇ ਲਫਜ਼ ਯਾਦ ਨਹੀਂ ਕਰਦਾ। ਜਿੱਦਾਂ ਦਾ ਆਗੂ ਹੈ, ਓਦਾਂ ਦੇ ਚੇਲੇ-ਬਾਲਕੇ ਜੋੜ ਕੇ ਇੱਕ ਏਦਾਂ ਦੀ ਟੀਮ ਬਣਾਈ ਹੈ, ਜਿਹੜੀ ਠੀਕ ਹੋਵੇ ਜਾਂ ਗਲਤ, ਆਗੂ ਦੀ ਜੈ-ਜੈਕਾਰ ਕਰਨ ਲੱਗੀ ਰਹਿੰਦੀ ਹੈ, ਆਪਣੇ ਫਰਜ਼ ਦਾ ਚੇਤਾ ਨਹੀਂ ਕਰਦੀ।
ਬਾਬੇ ਕਹਿੰਦੇ ਹੁੰਦੇ ਸਨ, ‘ਅੱਗ ਲੱਗੀ ਤੋਂ ਖੂਹ ਨਹੀਂ ਪੁੱਟੇ ਜਾਂਦੇ’, ਪਰ ਸਾਡਾ ਪ੍ਰਧਾਨ ਮੰਤਰੀ ਓਦੋਂ ਆਕਸੀਜਨ ਬਣਾਉਣ ਦੇ ਕਾਰਖਾਨੇ ਲਾਉਣ ਦੀਆਂ ਗੱਲ ਕਹਿ ਰਿਹਾ ਹੈ, ਜਦੋਂ ਲਗਭਗ ਹਰ ਰਾਜ ਦੇ ਹਸਪਤਾਲਾਂ ਵਿਚੋਂ ਆਕਸੀਜਨ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਦੇ ਮਰਨ ਦੀਆਂ ਖਬਰਾਂ ਆਈ ਜਾਂਦੀਆਂ ਹਨ। ਇਨ੍ਹਾਂ ਖਬਰਾਂ ਵਿਚ ਪ੍ਰਧਾਨ ਮੰਤਰੀ ਦੀ ਉਠਾਣ ਦਾ ਪੜੁੱਲ ਬਣੇ ਗੁਜਰਾਤ ਦੀਆਂ ਵੀ ਖਬਰਾਂ ਹਨ ਕਿ ਓਥੇ ਹਾਹਾਕਾਰ ਮੱਚੀ ਪਈ ਹੈ ਤੇ ਲੋਕ ਆਕਸੀਜਨ ਦੇ ਸਿਲੰਡਰਾਂ ਵਾਸਤੇ ਹੱਥੋ-ਪਾਈ ਹੁੰਦੇ ਸੁਣੇ ਜਾਣ ਲੱਗੇ ਹਨ। ਲੜਨਾ ਕਰੋਨਾ ਦੇ ਖਿਲਾਫ ਸੀ ਤੇ ਲੜਾਈ ਲੋਕਾਂ ਦੀ ਆਪੋ ਵਿਚ ਕਰਾਈ ਜਾ ਰਹੀ ਹੈ। ਜਿ਼ੰਦਗੀ ਦਾ ਮੋਹ ਹਰ ਮਨੁੱਖ ਨੂੰ ਹੁੰਦਾ ਹੈ, ਪਰ ਸਾਰਿਆਂ ਕੋਲ ਮੇਦਾਂਤਾ, ਮੈਕਸ ਤੇ ਹੋਰ ਮਹਿੰਗੇ ਇਲਾਜ ਵਾਲੇ ਫਾਈਵ ਸਟਾਰ ਹਸਪਤਾਲਾਂ ਵਿਚ ਜਾਣ ਦੀ ਹਿੰਮਤ ਨਹੀਂ ਹੁੰਦੀ। ਵੋਟ ਭਾਵੇਂ ਝੁੱਗੀ ਵਾਲੇ ਦੀ ਵੀ ਮਹਿਲ ਵਾਲੇ ਜਿੰਨੀ ਕੀਮਤੀ ਸਮਝੀ ਜਾਂਦੀ ਹੈ, ਪਰ ਜਾਨ ਝੁੱਗੀ ਵਾਲੇ ਦੀ ਸਸਤੀ ਸਮਝੀ ਜਾਂਦੀ ਹੈ ਤੇ ਮਹਿਲ ਵਾਲੇ ਦੀ ਮਹਿੰਗੀ। ਹਸਪਤਾਲਾਂ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਮਿਲੇ ਨਾ ਮਿਲੇ, ਸਟੀਲ ਮਿੱਲਾਂ ਏਸੇ ਗੈਸ ਨਾਲ ਚੱਲੀ ਜਾਂਦੀਆਂ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਇਹ ਹਦਾਇਤ ਕਰਨ ਲਈ ਮਜਬੂਰ ਹੈ ਕਿ ਮਿੱਲਾਂ ਦੀ ਗੈਸ ਸਪਲਾਈ ਰੋਕ ਕੇ ਹਸਪਤਾਲਾਂ ਲਈ ਪਹਿਲਾਂ ਜਾਰੀ ਕਰੋ। ਸਰਕਾਰਾਂ ਦੇ ਕੰਮ ਅਦਾਲਤਾਂ ਦੇ ਕੀਤਿਆਂ ਤਾਂ ਇਹ ਜੰਗ ਨਹੀਂ ਜਿੱਤੀ ਜਾ ਸਕਣੀ।
ਇਹ ਸਭ ਹੁੰਦਾ ਕਿਉਂ ਪਿਆ ਹੈ? ਸਮਝਣ ਲਈ ਉਹ ਕਿੱਸਾ ਚੇਤੇ ਕਰੀਏ ਕਿ ਜਦੋਂ ਰੋਮ ਸੜ ਰਿਹਾ ਸੀ, ਉਸ ਦਾ ਰਾਜਾ ਬੰਸੁਰੀ ਦੀਆਂ ਸੁਰਾਂ ਕੱਢ ਰਿਹਾ ਸੀ। ਭਾਰਤ ਇਸ ਹਾਲ ਨੂੰ ਇਸ ਲਈ ਪਹੁੰਚ ਗਿਆ ਕਿ ਕਰੋਨਾ ਦਾ ਟਾਕਰਾ ਕਰਨ ਲਈ ਰਾਜਧਾਨੀ ਵਿਚ ਬੈਠ ਕੇ ਪ੍ਰਬੰਧਾਂ ਦੀ ਅਗਵਾਈ ਕਰਨ ਦੀ ਥਾਂ ਲੋਕਾਂ ਵੱਲੋਂ ਚੁਣਿਆ ਰਾਜਾ ਪੰਜ ਰਾਜਾਂ ਵਿਚ ਲੋਕਾਂ ਨੂੰ ਚੋਣ-ਜੁਮਲੇ ਸੁਣਾਉਣ ਤੇ ਵੋਟਾਂ ਵਾਸਤੇ ਭਰਮਾਉਣ ਲੱਗਾ ਪਿਆ ਸੀ। ਸਾਨੂੰ ਅਜੇ ਵੀ ਯਕੀਨ ਹੈ ਕਿ ਮਨੁੱਖਤਾ ਇਸ ਮਰਜ਼ ਦੇ ਮਾਰਿਆਂ ਮਰਨ ਨਹੀਂ ਲੱਗੀ, ਦੁਨੀਆਂ ਵੱਸਦੀ ਹੀ ਰਹਿਣੀ ਹੈ, ਪਰ ਇੱਕ ਫਰਕ ਇਸ ਵਿਚ ਪੈ ਸਕਦਾ ਹੈ। ਉਹ ਇਹ ਕਿ ਜਿਹੜੇ ਤੁਰ ਗਏ, ਉਹ ਫਿਰ ਕਦੇ ਮੁੜ ਕੇ ਨਹੀਂ ਆਉਣੇ। ਰਾਜ ਵਿਚ ਕਿਸੇ ਇੱਕ ਨਾਗਰਿਕ ਦੀ ਅਣਿਆਈ ਮੌਤ ਵੀ ਹਾਕਮਾਂ ਦੀ ਨੀਂਦ ਉਡਾਉਣ ਲਈ ਕਾਫੀ ਹੋ ਸਕਦੀ ਹੈ ਅਤੇ ਲੋਕਤੰਤਰ ਵਿਚ ਹੋਣੀ ਵੀ ਚਾਹੀਦੀ ਹੈ, ਪਰ ਭਾਰਤ ਵਿਚ ਦੋ ਲੱਖ ਲੋਕ ਮਰਨ ਪਿੱਛੋਂ ਵੀ ਅਗਲਾ ਸਿਰਾ ਨਹੀਂ ਦਿੱਸ ਰਿਹਾ। ਅਫਸੋਸ ਹੈ!