ਇਕ ਪਾਸੇ ਕੱਟੜਵਾਦ ‘ਤੇ ਜ਼ੋਰ; ਦੂਜੇ ਬੰਨ੍ਹੇ ਵਿਕਾਸ ਦੀ ਚਰਚਾ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੋਹਰਾ ਪੈਂਤੜਾ ਮੱਲ ਰਹੀ ਹੈ। ਇਕ ਪਾਸੇ ਸੰਘ ਪਰਿਵਾਰ ਨਾਲ ਜੁੜੀ ਕੱਟੜ ਹਿੰਦੂ ਵੋਟ ਖਿੱਚਣ ਲਈ ਇਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਆਗੂ ਵਜੋਂ ਉਭਾਰ ਰਹੀ ਹੈ, ਦੂਜੇ ਪਾਸੇ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ।
ਅੰਮ੍ਰਿਤਸਰ ਵਿਚ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਆਏ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਕਿਸੇ ਧਾਰਮਿਕ ਮੁੱਦੇ ‘ਤੇ ਨਹੀਂ, ਸਗੋਂ ਵਿਕਾਸ ਦੇ ਮੁੱਦੇ ‘ਤੇ ਲੜੇਗੀ। ਰਾਮ ਮੰਦਰ ਅਤੇ ਹਿੰਦੂਵਾਦ ਕਦੇ ਵੀ ਭਾਜਪਾ ਦਾ ਸਿਆਸੀ ਏਜੰਡਾ ਨਹੀਂ ਰਹੇ। ਯਾਦ ਰਹੇ ਕਿ ਨਰਿੰਦਰ ਮੋਦੀ ਦੇ ਨੇੜਲੇ ਸਾਥੀ ਅਮਿਤ ਸ਼ਾਹ ਨੇ ਬੜੇ ਜ਼ੋਰ-ਸ਼ੋਰ ਨਾਲ ਰਾਮ ਮੰਦਰ ਦਾ ਮੁੱਦਾ ਉਭਾਰਿਆ ਹੈ।
ਇਸ ਮਾਮਲੇ ਨੂੰ ਲੈ ਕੇ ਮੀਡੀਆ ਦੀਆਂ ਤਿੱਖੀਆਂ ਟਿੱਪਣੀਆਂ ਦਾ ਅਸਰ ਘੱਟ ਕਰਨ ਦੀ ਕੋਸ਼ਿਸ਼ ਕਰਦਿਆਂ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਪੈਂਤੜਾ ਬਦਲਦਿਆਂ ਆਖਿਆ ਕਿ ਰਾਮ ਮੰਦਰ ਅਤੇ ਹਿੰਦੂਵਾਦ, ਪਾਰਟੀ ਦਾ ਸਿਆਸੀ ਮੁੱਦਾ ਨਹੀਂ ਹਨ, ਸਗੋਂ ਹਿੰਦੂਤਵ ਜੀਵਨ ਜਾਚ ਦਾ ਇਕ ਢੰਗ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਭੇਦਭਾਵ ਕਰਨ ਤੋਂ ਰੋਕਦਾ ਹੈ। ਭਾਜਪਾ ਆਗੂ ਅਮਿਤ ਸ਼ਾਹ ਦਾ ਬਚਾਅ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਤਾਂ ਅਯੁੱਧਿਆ ਵਿਖੇ ਨਤਮਸਤਕ ਹੋਣ ਗਏ ਸਨ ਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦੀ ਨਿੱਜੀ ਰਾਏ ਹੈ। ਇਕ ਸ਼ਰਧਾਲੂ ਹੋਣ ਵਜੋਂ ਉਨ੍ਹਾਂ ਵੱਲੋਂ ਰਾਮ ਮੰਦਰ ਦੀ ਉਸਾਰੀ ਦੀ ਗੱਲ ਕਰਨਾ ਜਾਇਜ਼ ਹੈ।
ਭਾਜਪਾ ਮੁਖੀ ਨੇ ਕਿਹਾ ਕਿ ਭਾਜਪਾ 2014 ਵਾਲੀਆਂ ਲੋਕ ਸਭਾ ਚੋਣਾਂ ਕਿਸੇ ਧਾਰਮਿਕ ਮੁੱਦੇ ‘ਤੇ ਨਹੀਂ, ਸਗੋਂ ਵਿਕਾਸ ਦੇ ਮੁੱਦੇ ‘ਤੇ ਲੜੇਗੀ। ਐਨæਡੀæਏæ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੇ ਨਾਂ ਬਾਰੇ ਸਵਾਲ ਦਾ ਜਵਾਬ ਦੇਣੋਂ ਟਾਲਾ ਵੱਟਦਿਆਂ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਸਿਰਫ ਭਾਜਪਾ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਇਸ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੰਘ ਪਰਿਵਾਰ ਵੱਲੋਂ ਭਾਜਪਾ ਉਤੇ ਹਿੰਦੂਵਾਦ ਦੇ ਏਜੰਡੇ ਤੋਂ ਦੂਰ ਜਾਣ ਦੇ ਦੋਸ਼ ਲਾਏ ਜਾ ਰਹੇ ਹਨ ਜਿਸ ਕਰ ਕੇ ਇਸ ਨੂੰ ਕੱਟੜ ਹਿੰਦੂ ਵੋਟ ਖੁਰਨ ਦਾ ਖ਼ਤਰਾ ਹੈ। ਭਾਜਪਾ ਨੇ ਸੰਘ ਪਰਿਵਾਰ ਦੇ ਪ੍ਰਭਾਵ ਹੇਠ ਹੀ ਨਰਿੰਦਰ ਮੋਦੀ ਨੂੰ ਕੌਮੀ ਸਿਆਸਤ ਵਿਚ ਉਭਾਰਿਆ ਜੋ ਗੁਜਰਾਤ ਦੰਗਿਆਂ ਕਰ ਕੇ ਕੱਟੜਪੰਥੀਆਂ ਦਾ ਚਹੇਤਾ ਹੈ। ਇਸ ਕਦਮ ਨਾਲ ਬੇਸ਼ੱਕ ਸੰਘ ਪਰਿਵਾਰ ਤਾਂ ਖੁਸ਼ ਹੋ ਗਿਆ ਹੈ, ਪਰ ਭਾਜਪਾ ਅਤੇ ਕੌਮੀ ਜਮਹੂਰੀ ਗੱਠਜੋੜ (ਐਨæਡੀæਏæ) ਵਿਚ ਵੱਡੀ ਉਥਲ-ਪੁਥਲ ਹੋ ਗਈ।
ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਐਲ਼ਕੇæ ਅਡਵਾਨੀ ਨੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਭਾਜਪਾ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਸ ਪਿੱਛੋਂ ਐਨæਡੀæਏæ ਦੇ ਸਭ ਤੋਂ ਵੱਡੇ ਭਾਈਵਾਲ ਜਨਤਾ ਦਲ (ਯੂ) ਨੇ ਤਕੜਾ ਝਟਕਾ ਦਿੰਦਿਆਂ ਤੋੜ ਵਿਛੋੜਾ ਕਰ ਲਿਆ ਸੀ। ਭਾਜਪਾ ਕੋਲ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਤੋਂ ਬਿਨਾਂ ਹੋਰ ਕੋਈ ਵੱਡਾ ਭਾਈਵਾਲ ਨਹੀਂ ਬਚਿਆ। ਸ਼ਿਵ ਸੈਨਾ ਨਰਿੰਦਰ ਮੋਦੀ ਦੇ ਖੇਤਰਵਾਦੀ ਸੁਭਾਅ ਤੋਂ ਪ੍ਰੇਸ਼ਾਨ ਹੈ ਤੇ ਹਿੰਦੂਵਾਦ ਦਾ ਨਾਅਰਾ ਸ਼੍ਰੋਮਣੀ ਅਕਾਲੀ ਦਲ ਦੇ ਫਿੱਟ ਨਹੀਂ ਬੈਠਦਾ। ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨæਡੀæਏæ ਦਾ ਕਨਵੀਨਰ ਬਣਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅੰਮ੍ਰਿਤਸਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਦਾ ਭਾਜਪਾ ਨਾਲ ਤਬਾਦਲਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਅਜੇ ਭਾਜਪਾ ਨਾਲ ਗੱਲਬਾਤ ਨਹੀਂ ਹੋਈ।
ਸਿੱਧੂ ਦੀ ਭਾਜਪਾ ਨਾਲ ਦੂਰੀ ਹੋਰ ਵਧੀ
ਅੰਮ੍ਰਿਤਸਰ: ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਭਾਜਪਾ ਤੋਂ ਦੂਰੀ ਹੋਰ ਵਧ ਗਈ ਹੈ। ਪੰਜਾਬ ਭਾਜਪਾ ਕਾਰਜਕਾਰਨੀ ਦੀ ਮੀਟਿੰਗ ਵਿਚ ਸਿੱਧੂ ਦੀ ਗੈਰ-ਹਾਜ਼ਰੀ ਦਾ ਮੁੱਦਾ ਚਰਚਾ ਦਾ ਵਿਸ਼ਾ ਰਿਹਾ। ਇਸ ਮੁੱਦੇ ਨੂੰ ਭਾਵੇਂ ਮੰਚ ਤੋਂ ਨਹੀਂ ਵਿਚਾਰਿਆ ਗਿਆ, ਪਰ ਮੀਟਿੰਗ ਵਿਚ ਆਏ ਡੈਲੀਗੇਟਾਂ ਦੀ ਜ਼ੁਬਾਨ ‘ਤੇ ਇਹੀ ਚਰਚਾ ਸੀ। ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਆਖਿਆ ਕਿ ਸ਼ ਸਿੱਧੂ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ।
Leave a Reply