ਕੁਦਰਤੀ ਆਫਤਾਂ ਵਿਚ ਲੁਕੇ ਕਾਤਲਾਂ ਦੀ ਸ਼ਨਾਖਤ

ਦਲਜੀਤ ਅਮੀ
ਫੋਨ:91-97811-21873
ਬੇਮੌਸਮੇ ਮੀਂਹ ਨੇ ਉਤਰਾਖੰਡ ਵਿਚ ਤਰਥੱਲੀ ਮਚਾ ਦਿੱਤੀ ਹੈ। ਤਕਰੀਬਨ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਰਾਹਤ ਕਾਰਜਾਂ ਤੋਂ ਹਾਲੇ ਤੱਕ ਜਾਨੀ-ਮਾਲੀ ਨੁਕਸਾਨ ਦਾ ਪੁਖ਼ਤਾ ਅੰਦਾਜ਼ਾ ਨਹੀਂ ਲੱਗਿਆ। ਜੇ ਉਤਰਾਖੰਡ ਵਿਚ ਭਿਆਨਕ ਹੜ੍ਹ ਨਾ ਆਉਂਦੇ, ਤਾਂ ਹਿਮਾਚਲ ਅਤੇ ਪੰਜਾਬ ਦੇ ਹਾਲਾਤ ਚਰਚਾ ਵਿਚ ਆਉਣੇ ਸਨ। ਇਸ ਮੀਂਹ ਨੂੰ ਬੇਮੌਸਮਾ ਸਿਰਫ਼ ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਇਹ ਮੌਨਸੂਨ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ ਪਿਆ ਹੈ। ਉਂਜ ਮੌਨਸੂਨ ਤੋਂ ਪਹਿਲਾਂ ਤਕਰੀਬਨ ਹਰ ਸਾਲ ਮੀਂਹ ਪੈਂਦਾ ਹੈ, ਪਰ ਇਸ ਸਾਲ ਇਹ ਮਿਕਦਾਰ ਪੱਖੋਂ ਜ਼ਿਆਦਾ ਪਿਆ ਹੈ ਅਤੇ ਲਗਾਤਾਰ ਪਿਆ ਹੈ। ਪ੍ਰਸ਼ਾਸਨ ਦੇ ਬੰਦੋਬਸਤ ਲਈ ਇਹ ਮੀਂਹ ਹੈਰਾਨਕੁਨ ਨਹੀਂ ਹੈ। ਇਹ ਮੀਂਹ ਮੌਨਸੂਨ ਦੀ ਮੌਸਮੀ ਬਰਸਾਤ ਤੋਂ ਮਹਿਜ਼ ਦੋ ਹਫ਼ਤੇ ਪਹਿਲਾਂ ਪਿਆ ਹੈ। ਸੋ, ਪ੍ਰਸ਼ਾਸਨ ਦੇ ਬੰਦੋਬਸਤਾਂ ਦਾ ਇਮਤਿਹਾਨ ਪਹਿਲਾਂ ਹੋ ਗਿਆ ਹੈ। ਇਹ ਗੱਲ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆਈ ਕਿ ਪ੍ਰਸ਼ਾਸਨ ਦੇ ਬੰਦੋਬਸਤ ਮੁਕੰਮਲ ਨਹੀਂ ਸਨ। ਇਹ ਵੱਖਰਾ ਮਸਲਾ ਹੈ ਕਿ ਪ੍ਰਸ਼ਾਸਨ ਦੇ ਮੁਕੰਮਲ ਬੰਦੋਬਸਤ ਕਿੰਨੇ ਨਾਮੁਕੰਮਲ ਸਨ। ਮੀਂਹ ਕਾਰਨ ਨਦੀਆਂ ਵਿਚ ਆਇਆ ਹੜ੍ਹ ਕੰਢਿਆਂ ਨੂੰ ਖੋਰਦਾ ਹੋਇਆ ਆਬਾਦੀ ਵਾਲੇ ਇਲਾਕਿਆਂ ਵਿਚ ਆਇਆ ਅਤੇ ਬਹੁਤ ਸਾਰੀਆਂ ਇਮਾਰਤਾਂ ਰੇਤ ਦੇ ਢੇਰ ਵਾਂਗ ਖੁਰ ਗਈਆਂ। ਇਨ੍ਹਾਂ ਹੜ੍ਹਾਂ ਦੇ ਹਵਾਲੇ ਨਾਲ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਵਿਚ ਕੁਦਰਤੀ ਆਫ਼ਤਾਂ ਦਾ ਕਿੰਨਾ ਹਿੱਸਾ ਹੈ ਅਤੇ ਮਨੁੱਖੀ ਅਣਗਹਿਲੀ ਕਿੰਨੀ ਹੈ? ਇਸ ਤੋਂ ਬਾਅਦ ਵਿਕਾਸ ਦੀ ਫੌਰੀ ਅਤੇ ਚਿਰਕਾਲੀ ਵਿਉਂਤਬੰਦੀ ਦਾ ਇਸ ਨਾਲ ਕੀ ਰਿਸ਼ਤਾ ਬਣਦਾ ਹੈ?
ਕਿਸੇ ਬਿਪਤਾ ਨੂੰ ਕੁਦਰਤੀ ਆਫ਼ਤ ਕਹਿਣ ਦੀ ਦਲੀਲ ਹੈ ਕਿ ਇਸ ਨੂੰ ਰੋਕਣਾ ਮਨੁੱਖ ਦੇ ਵੱਸੋਂ ਬਾਹਰੀ ਗੱਲ ਹੈ। ਕੁਦਰਤ ਦੇ ਖ਼ਾਤੇ ਵਿਚ ਹੜ੍ਹ, ਭੂਚਾਲ, ਸੁਨਾਮੀ, ਝੱਖੜ, ਗਲੇਸ਼ੀਅਰਾਂ ਦਾ ਖਿਸਕਣਾ, ਢਿੱਗਾਂ ਦਾ ਗਿਰਨਾ ਅਤੇ ਸੋਕੇ ਵਰਗੀਆਂ ਆਫ਼ਤਾਂ ਪੈਂਦੀਆਂ ਹਨ। ਇਸ ਤੋਂ ਬਾਅਦ ਅੰਨ੍ਹੇਵਾਹ ਵਗਦੇ ਪਾਣੀ ਦੇ ਰਾਹ ਵਿਚ ਆਈਆਂ ਇਮਾਰਤਾਂ ਤੋਂ ਲੈ ਕੇ ਰੁੱਖਾਂ ਅਤੇ ਪੱਥਰਾਂ ਦਾ ਬੇਜਾਨ ਸਾਬਤ ਹੋਣਾ ਵੀ ਕੁਦਰਤੀ ਹੈ। ਇਹ ਰੁਝਾਨ ਮਨੁੱਖ ਦੀ ਯਾਦਦਾਸ਼ਤ ਦਾ ਅਨਿੱਖੜਵਾਂ ਅੰਗ ਹਨ। ਇਸ ਯਾਦਦਾਸ਼ਤ ਤੋਂ ਬਿਨਾਂ ਮਨੁੱਖੀ ਸਭਿਅਤਾ ਦੇ ਗਿਆਨ ਦਾ ਸਰਮਾਇਆ ਕੁਦਰਤੀ ਆਫ਼ਤਾਂ ਬਾਰੇ ਸਮਝ ਬਣਾਉਣ ਵਿਚ ਸਹਾਈ ਹੁੰਦਾ ਹੈ। ਬੇਹੱਦ ਪੁਖ਼ਤਾ ਨਾ ਸਹੀ, ਪਰ ਮਨੁੱਖ ਕੋਲ ਕੁਦਰਤੀ ਆਫ਼ਤਾਂ ਦੇ ਠੋਸ ਅੰਦਾਜ਼ਿਆਂ ਲਈ ਲੋੜੀਂਦਾ ਗਿਆਨ ਹੈ। ਕੁਦਤਰੀ ਆਫ਼ਤਾਂ ਦੀ ਮਾਰ ਵਿਚ ਆਉਣ ਵਾਲੇ ਖੇਤਰਾਂ ਦੀ ਪੁਖ਼ਤਾ ਨਿਸ਼ਾਨਦੇਹੀ ਹੈ। ਇਸ ਤੋਂ ਬਾਅਦ ਮਨੁੱਖ ਕੋਲ ਬਚਾਅ ਕਰਨ ਲਈ ਸਮਾਂ ਅਤੇ ਸਰਮਾਇਆ ਹੈ।
ਕੁਦਰਤੀ ਆਫ਼ਤਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦੀ ਮਾਰ ਘੱਟ ਕੀਤੀ ਜਾ ਸਕਦੀ ਹੈ, ਜਾਂ ਉਨ੍ਹਾਂ ਦੀ ਮਾਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਹੜ੍ਹ ਵਗਣ ਲਈ ਰਾਹ ਛੱਡਿਆ ਜਾ ਸਕਦਾ ਹੈ। ਭੂਚਾਲ ਵਾਲੇ ਖੇਤਰਾਂ ਵਿਚ ਇਮਾਰਤਸਾਜ਼ੀ ਦੀ ਵਿਉਂਤਬੰਦੀ ਇਸੇ ਲਿਹਾਜ ਨਾਲ ਕੀਤੀ ਜਾ ਸਕਦੀ ਹੈ। ਜਾਪਾਨ ਵਿਚ ਸਭ ਤੋਂ ਜ਼ਿਆਦਾ ਅਤੇ ਭਿਆਨਕ ਭੂਚਾਲ ਆਉਂਦੇ ਹਨ, ਪਰ ਬਾਕੀ ਦੁਨੀਆਂ ਦੇ ਮੁਕਾਬਲੇ ਉੱਥੇ ਜਾਨੀ-ਮਾਲੀ ਨੁਕਸਾਨ ਘੱਟ ਹੁੰਦਾ ਹੈ। ਜਾਪਾਨ ਨੇ ਇਮਾਤਰਸਾਜ਼ੀ ਵਿਚ ਭੂਚਾਲ ਤੋਂ ਬਚਣ ਦੀ ਸੂਝ ਨੂੰ ਵਿਉਂਤਿਆ ਹੈ। ਸੋਕੇ ਵਾਲੇ ਇਲਾਕੇ ਵਿਚ ਪਾਣੀ ਦੀ ਚਿਰਕਾਲੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ। ਮੌਜੂਦਾ ਦੌਰ ਵਿਚ ਪਹਾੜਾਂ ਦੀਆਂ ਟੀਸੀਆਂ ਉੱਤੇ, ਰੇਗ਼ਿਸਤਾਨ ਦੇ ਵਿਚਕਾਰ, ਨਦੀਆਂ ਅਤੇ ਸਮੁੰਦਰ ਨਾਲ ਖਹਿੰਦੀਆਂ ਬਸਤੀਆਂ ਆਬਾਦ ਹੋ ਰਹੀਆਂ ਹਨ। ਪਹਾੜਾਂ ਵਿਚ ਵੱਡੇ ਬੰਨ੍ਹਾਂ ਰਾਹੀਂ ਨਦੀਆਂ ਦੇ ਕੁਦਰਤੀ ਵਹਿਣ ਮੋੜੇ ਜਾ ਰਹੇ ਹਨ। ਇਹ ਸਾਰਾ ਵਿਕਾਸ ਕੁਦਰਤੀ ਆਫ਼ਤਾਂ ਦੇ ਲਾਂਘਿਆਂ ਵਿਚ ਹੈ। ਉੱਤਰਾਖੰਡ ਵਿਚ ਹੜ੍ਹਿਆਈਆਂ ਨਦੀਆਂ ਅਲਕਨੰਦਾ ਅਤੇ ਮੰਦਾਕਿਨੀ ਦੀ ਮਾਰ ਵਿਚ ਆਈਆਂ ਇਮਾਰਤਾਂ ਜੇ ਹੜ੍ਹ ਦੀ ਤਾਕਤ ਦਰਸਾਉਂਦੀਆਂ ਹਨ ਤਾਂ ਮਨੁੱਖੀ ਅਣਗਹਿਲੀ ਦੀ ਵੀ ਗਵਾਹੀ ਭਰਦੀਆਂ ਹਨ। ਇਨ੍ਹਾਂ ਨਦੀਆਂ ਵਿਚ ਹੜ੍ਹ ਆਉਣ ਦੀ ਸੰਭਾਵਨਾ ਦਾ ਅੰਦਾਜ਼ਾ ਲਗਾਉਣ ਲਈ ਕੋਈ ਮਾਹਰ ਹੋਣ ਦੀ ਲੋੜ ਨਹੀਂ ਹੈ। ਇਸ ਕੁਦਰਤੀ ਆਫ਼ਤ ਵਿਚ ਇਨ੍ਹਾਂ ਇਮਾਰਤਾਂ ਦਾ ਗਿਰਨਾ ਮਨੁੱਖੀ ਤ੍ਰਾਸਦੀ ਹੈ ਜਾਂ ਇਸ ਨੂੰ ਖੁਦਕੁਸ਼ੀ ਵੀ ਕਿਹਾ ਜਾ ਸਕਦਾ ਹੈ।
ਪਹਾੜਾਂ ਦਾ ਅਧਿਐਨ ਕਰਨ ਵਾਲੇ ਜਾਣਦੇ ਹਨ ਕਿ ਹਿਮਾਲਾ ਕੁਦਰਤ ਦੀ ਸਭ ਤੋਂ ਛੋਟੀ ਉਮਰ ਦੀ ਪਹਾੜ-ਲੜੀ ਹੈ। ਇਸ ਵਿਚ ਹਾਲੇ ਬਹੁਤ ਸਾਰੀਆਂ ਪੋਲਾਂ ਹਨ ਅਤੇ ਬਹੁਤ ਸਾਰੀ ਸਰਗਰਮੀ ਇਸ ਅੰਦਰ ਲਗਾਤਾਰ ਚੱਲਦੀ ਰਹਿੰਦੀ ਹੈ। ਜਦੋਂ ਸੜਕਾਂ, ਬੰਨ੍ਹਾਂ ਅਤੇ ਹੋਰ ਇਮਾਰਤਾਂ ਦੀ ਉਸਾਰੀ ਲਈ ਧਮਾਕੇ ਕੀਤੇ ਜਾਂਦੇ ਹਨ ਤਾਂ ਪਹਾੜਾਂ ਵਿਚ ਹੋਰ ਪੋਲ ਪੈਂਦੀ ਹੈ। ਜਦੋਂ ਬੰਨ੍ਹਾਂ ਲਈ ਨਦੀਆਂ ਦੇ ਵਹਿਣ ਬਦਲੇ ਜਾਂਦੇ ਹਨ ਤਾਂ ਕੱਚੀ ਮਿੱਟੀ ਦੇ ਨਵੇਂ ਪਹਾੜ ਬਣਦੇ ਹਨ ਅਤੇ ਪੁਰਾਣੇ ਪੋਲੇ ਹੋ ਜਾਂਦੇ ਹਨ। ਮੌਜੂਦਾ ਹੜ੍ਹਾਂ ਵਿਚ ਕੱਚੀ ਮਿੱਟੀ ਦੇ ਨਵੇਂ ਪਹਾੜ ਖੁਰ ਕੇ ਲੋਕਾਂ ਦੇ ਘਰਾਂ ਵਿਚ ਜਾ ਵੜੇ ਹਨ। ਇਸ ਕੱਚੀ ਮਿੱਟੀ ਨੇ ਹੜ੍ਹ ਦੀ ਮਾਰ ਦੁੱਗਣੀ ਕਰ ਦਿੱਤੀ ਹੈ ਅਤੇ ਮੁੜ-ਬਹਾਲੀ ਦਾ ਕੰਮ ਕਈ ਗੁਣਾ ਮੁਸ਼ਕਿਲ ਕਰ ਦਿੱਤਾ ਹੈ। ਇਸ ਪੱਖ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਰਾਂ ਅੰਦਰ ਕਈ-ਕਈ ਫੁੱਟ ਤੱਕ ਮਿੱਟੀ ਭਰ ਗਈ ਹੈ। ਇੱਕ ਥਾਂ ਬਾਸਕਟਬਾਲ ਦੇ ਮੈਦਾਨ ਵਿਚ ਭਰੀ ਅੱਠ ਫੁੱਟ ਮਿੱਟੀ ਦਾ ਅੰਦਾਜ਼ਾ ਬਾਸਕਟਬਾਲ ਦੀ ਟੋਕਰੀ ਤੋਂ ਲੱਗਦਾ ਹੈ। ਇਸ ਤੋਂ ਬਾਅਦ ਇਹ ਸਮਝਣ ਵਿਚ ਕਿੰਨੀ ਕੁ ਔਖ ਹੋਣੀ ਚਾਹੀਦੀ ਹੈ ਕਿ ਕੱਚੀ ਮਿੱਟੀ ਦੇ ਨਵੇਂ ਪਹਾੜਾਂ ਅਤੇ ਇਨ੍ਹਾਂ ਤੋਂ ਆਬਾਦੀਆਂ ਨੂੰ ਦਰਪੇਸ਼ ਖ਼ਦਸ਼ਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਿਸਾਨ ਆਪਣੇ ਵੱਡੇ ਖਾਲ ਦੀਆਂ ਦੋਵੇਂ ਵੱਟਾਂ ਇੱਕਠੀਆਂ ਵਾਹ ਕੇ ਨਵੀਂਆਂ ਨਹੀਂ ਪਾਉਂਦਾ ਕਿਉਂਕਿ ਕੱਚਾ ਖਾਲ ਖੜਾਉਣਾ ਔਖਾ ਹੁੰਦਾ ਹੈ। ਕੱਚੀ ਵੱਟ ਉੱਤੇ ਤੁਰਿਆ ਨਹੀਂ ਜਾਂਦਾ। ਇਸ ਲਈ ਸਾਲ-ਛਮਾਹੀ ਦੇ ਫਰਕ ਨਾਲ ਵੱਟਾਂ ਨਵੀਆਂ ਪਾਈਆਂ ਜਾਂਦੀਆਂ ਹਨ। ਖਾਲ ਵਿਚ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਰਵਾਇਤੀ ਸੂਝ ਲੱਗਦੀ ਹੈ ਪਰ ਬੰਨ੍ਹ ਬਣਾਉਣ ਵੇਲੇ ਆਧੁਨਿਕ ਗਿਆਨ ਦਾ ਵਡਮੁੱਲਾ ਖ਼ਜ਼ਾਨਾ ਮਾਹਰਾਂ ਕੋਲ ਹੁੰਦਾ ਹੈ। ਜੇ ਬੰਨ੍ਹਾਂ ਦੀ ਮਿੱਟੀ ਦੀ ਵਿਉਂਤਬੰਦੀ ਵਿਚ ਇੰਨੀ ਬੁਨਿਆਦੀ ਗੱਲ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ਤਾਂ ਇਸ ਨੂੰ ਕੁਦਰਤੀ ਆਫ਼ਤ ਦੀ ਮਾਰ ਕਿਵੇਂ ਕਿਹਾ ਜਾਵੇ?
ਮੌਸਮ ਦਾ ਅੰਦਾਜ਼ਾ ਲਗਾਉਣ ਵਾਲਾ ਮਹਿਕਮਾ ਮੀਂਹ ਦੀਆਂ ਸੰਭਾਵਨਾਵਾਂ ਦੀ ਜਾਣਕਾਰੀ ਨਸ਼ਰ ਕਰਦਾ ਹੈ। ਇਸ ਵਾਰ ਵੀ ਮੀਂਹ ਦੀ ਜਾਣਕਾਰੀ ਦਿੱਤੀ ਗਈ, ਪਰ ਇਹ ਨਜ਼ਰਅੰਦਾਜ਼ ਕਰ ਦਿੱਤੀ ਗਈ। ਮੌਸਮ ਵਾਲੇ ਮਹਿਕਮੇ ਤੋਂ ਲੈ ਕੇ ਬਾਕੀ ਮਹਿਕਮਿਆਂ ਵਿਚ ਤਾਲਮੇਲ ਹੋਣਾ ਚਾਹੀਦਾ ਸੀ ਤਾਂ ਜੋ ਘੱਟੋ-ਘੱਟ ਬਾਹਰ ਤੋਂ ਉਸ ਇਲਾਕੇ ਵਿਚ ਜਾ ਰਹੇ ਲੋਕਾਂ ਨੂੰ ਰੋਕਿਆ ਜਾਂਦਾ। ਮੌਸਮ ਮਹਿਕਮੇ ਨੇ ਮੀਂਹ ਦਾ ਅੰਦਾਜ਼ਾ ਲਗਾਉਣਾ ਹੈ, ਆਵਾਜਾਈ ਵਾਲੇ ਮਹਿਕਮੇ ਨੇ ਆਉਣ-ਜਾਣ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਹੈ, ਪ੍ਰਸ਼ਾਸਨ ਨੇ ਬਾਕੀ ਮਹਿਕਮਿਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਇਸ ਤੋਂ ਪਹਿਲਾਂ ਬਚਾਅ ਕਰਨ ਲਈ ਲੋੜੀਂਦੀਆਂ ਪਹਿਲਕਦਮੀਆਂ ਦੇ ਮਾਮਲੇ ਵਿਚ ਤਾਲਮੇਲ ਕਰਨਾ ਹੈ। ਜਦੋਂ ਲਗਾਤਾਰ ਵਰ੍ਹਦੇ ਮੀਂਹ ਅਤੇ ਮੌਸਮ ਮਹਿਕਮੇ ਦੀਆਂ ਚਿਤਾਵਨੀਆਂ ਦੇ ਬਾਵਜੂਦ ਪੁਲਿਸ, ਸੈਲਾਨੀਆਂ ਅਤੇ ਯਾਤਰੂਆਂ ਨੂੰ ਰਿਸ਼ਵਤ ਲੈ ਕੇ ਜਾਣ ਦਿੰਦੀ ਹੈ ਤਾਂ ਇਸ ਨੂੰ ਕੀ ਕਿਹਾ ਜਾਵੇ? ਪੁਲਿਸ ਰਿਸ਼ਵਤ ਲੈ ਕੇ ਆਪਣੇ ਮੁਲਕ ਦੇ ਸ਼ਹਿਰੀਆਂ ਨੂੰ ਖੁਦਕੁਸ਼ੀ ਕਰਨ ਦੀ ਛੁੱਟੀ ਦੇ ਰਹੀ ਹੈ, ਜਾਂ ਹੜ੍ਹ ਦੀ ਮਾਰ ਵਿਚ ਆਪਣਾ ਬਚਾਅ ਆਪ ਕਰਨ ਦਾ ਮੌਕਾ ਦੇ ਰਹੀ ਹੈ? ਇਹ ਸਾਰਾ ਮਾਮਲਾ ਪੁਲਿਸ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੰਨੀ ਵੱਡੀ ਆਵਾਜਾਈ ਬਾਬਤ ਜਾਣਕਾਰੀ ਪ੍ਰਸ਼ਾਸਨ ਦੇ ਬਾਕੀ ਮਹਿਕਮਿਆਂ ਨੂੰ ਲਗਾਤਾਰ ਹੁੰਦੀ ਹੈ। ਜੇ ਹੋਰ ਸੈਲਾਨੀਆਂ ਅਤੇ ਯਾਤਰੂਆਂ ਨੂੰ ਉਸ ਇਲਾਕੇ ਵਿਚ ਜਾਣ ਤੋਂ ਰੋਕਿਆ ਜਾਂਦਾ ਅਤੇ ਪਹੁੰਚ ਚੁੱਕਿਆਂ ਨੂੰ ਫੌਰੀ ਵਾਪਸ ਜਾਣ ਲਈ ਕਿਹਾ ਜਾਂਦਾ ਤਾਂ ਘੱਟੋ-ਘੱਟ ਜਾਨੀ ਨੁਕਸਾਨ ਤਾਂ ਘਟ ਜਾਣਾ ਸੀ ਅਤੇ ਰਾਹਤ ਕਾਰਜਾਂ ਵਿਚ ਮੁਕਾਮੀ (ਲੋਕਲ) ਲੋਕਾਂ ਨੂੰ ਤਵੱਜੋ ਮਿਲ ਸਕਣੀ ਸੀ।
ਪ੍ਰਸ਼ਾਸਨ ਅਤੇ ਸਿਆਸਤਦਾਨ ਦਲੀਲ ਦੇ ਸਕਦੇ ਹਨ ਕਿ ਯਾਤਰੂਆਂ ਦੀ ਸ਼ਰਧਾ ਜਾਂ ਸੈਲਾਨੀਆਂ ਦਾ ਛੁੱਟੀਆਂ ਮਨਾਉਣ ਦਾ ਚਾਅ ਜ਼ਿਆਦਾ ਲੋਕਾਂ ਦੇ ਉਸ ਇਲਾਕੇ ਵਿਚ ਫਸ ਜਾਣ ਦਾ ਕਾਰਨ ਬਣਿਆ। ਸੁਆਲ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਆਫ਼ਤ ਆ ਜਾਣ ਦੀ ਸੰਭਾਵਨਾ ਹੈ ਅਤੇ ਸਰਕਾਰੀ ਮਹਿਕਮੇ ਚਿਤਾਵਨੀ ਦੇ ਰਹੇ ਹਨ ਤਾਂ ਧਾਰਮਿਕ ਸਥਾਨਾਂ ਅਤੇ ਸੈਲਾਨੀ ਸਨਅਤ ਨਾਲ ਇਸ ਮਾਮਲੇ ਵਿਚ ਤਾਲਮੇਲ ਹੋਣਾ ਚਾਹੀਦਾ ਸੀ। ਹੋਟਲਾਂ ਅਤੇ ਗੈਸਟ-ਹਾਉਸਾਂ ਵਾਲਿਆਂ ਰਾਹੀਂ ਨਵੇਂ ਆ ਸੈਲਾਨੀਆਂ ਦੀ ਰਿਹਾਇਸ਼ ਦਾ ਪ੍ਰੰਬਧ ਰੱਦ ਕੀਤਾ ਜਾ ਸਕਦਾ ਸੀ। ਗੁਰਦੁਆਰੇ ਅਤੇ ਮੰਦਿਰ ਦੇ ਪ੍ਰਬੰਧਕਾਂ ਰਾਹੀਂ ਸ਼ਰਧਾਲੂਆਂ ਨੂੰ ਫੌਰੀ ਵਾਪਸ ਜਾਣ ਅਤੇ ਨਵਿਆਂ ਨੂੰ ਨਾ ਆਉਣ ਦਾ ਸੁਨੇਹਾ ਦਿੱਤਾ ਜਾ ਸਕਦਾ ਸੀ। ਇਸ ਤਰ੍ਹਾਂ ਹੜ੍ਹ ਆਉਣ ਅਤੇ ਹਾਲਾਤ ਦੇ ਬਦਤਰ ਹੋਣ ਵਿਚਲਾ ਇੱਕ ਦਿਨ ਫ਼ੈਸਲਾਕੁਨ ਸੀ ਜੋ ਪ੍ਰਸ਼ਾਸਕੀ ਨਾਲਾਇਕੀ ਜਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ।
ਉਨ੍ਹਾਂ ਹੀ ਦਿਨਾਂ ਵਿਚ ਕੈਨੇਡਾ ਦੇ ਐਲਬਰਟਾ ਸੂਬੇ ਦੇ ਕੈਲਗਿਰੀ ਇਲਾਕੇ ਵਿਚ ਹੜ੍ਹ ਆਇਆ। ਜਦੋਂ ਨਦੀ ਖ਼ਤਰੇ ਦੇ ਨਿਸ਼ਾਨ ਦੇ ਕਰੀਬ ਆਈ ਤਾਂ ਇਲਾਕੇ ਵਿਚ ਐਲਾਨ ਕਰ ਦਿੱਤਾ ਗਿਆ ਕਿ ਹੇਠਲੀ ਮੰਜ਼ਿਲ ਦਾ ਸਾਮਾਨ ਉਪਰ ਪਹੁੰਚਾ ਦੇਵੋ ਅਤੇ ਅਗਲੇ ਐਲਾਨ ਤੋਂ ਇੱਕ ਘੰਟੇ ਦੇ ਅੰਦਰ ਘਰ ਖਾਲੀ ਕਰਨ ਲਈ ਤਿਆਰ ਰਹੋ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਇਹੋ ਸੁਨੇਹਾ ਦਿੱਤਾ। ਘਰਾਂ ਵਿਚ ਦੱਸਿਆ ਕਿ ਪਾਲਤੂ ਕੁੱਤਿਆਂ-ਬਿੱਲੀਆਂ ਨੂੰ ਕਿੱਥੇ ਛੱਡਣਾ ਹੈ ਅਤੇ ਘਰ ਖਾਲੀ ਕਰਨ ਤੋਂ ਬਾਅਦ ਆਪਣੇ ਦਰਵਾਜ਼ੇ ਉੱਤੇ ਕਾਟੇ ਦਾ ਨਿਸ਼ਾਨ ਲਗਾਉਣਾ ਹੈ। ਪੁਲਿਸ ਨੇ ਇਸ ਸੁਨੇਹੇ ਦੀ ਨਿਸ਼ਾਨੀ ਵਜੋਂ ਹਰ ਦਰਵਾਜ਼ੇ ਉੱਤੇ ਪੀਲੀ ਪੱਟੀ ਲਗਾ ਦਿੱਤੀ ਅਤੇ ਇਹ ਦੱਸ ਦਿੱਤਾ ਕਿ ਖਾਲੀ ਕਰਨ ਤੋਂ ਬਾਅਦ ਜੇ ਕਿਸੇ ਘਰ ਦੇ ਦਰਵਾਜ਼ੇ ਉੱਤੇ ਕਾਟੇ ਦਾ ਨਿਸ਼ਾਨ ਨਹੀਂ ਹੋਵੇਗਾ ਤਾਂ ਦਰਵਾਜ਼ਾ ਤੋੜ ਕੇ ਯਕੀਨੀ ਬਣਾਇਆ ਜਾਵੇਗਾ ਕਿ ਘਰ ਖਾਲੀ ਹੈ। ਕੁਦਰਤੀ ਆਫ਼ਤ ਤੋਂ ਬਚਾਅ ਲਈ ਇਹ ਮਸ਼ਕ ਲਗਾਤਾਰ ਕੀਤੀ ਜਾਂਦੀ ਹੈ ਅਤੇ ਲੋੜ ਪੈਣ ਉੱਤੇ ਪੁਖ਼ਤਾ ਢੰਗ ਨਾਲ ਇਸਤੇਮਾਲ ਹੁੰਦੀ ਹੈ। ਜਦੋਂ ਖ਼ਦਸ਼ਿਆਂ ਮੁਤਾਬਕ ਹੜ੍ਹ ਨਹੀਂ ਆਇਆ ਅਤੇ ਖ਼ਤਰਾ ਟਲ ਗਿਆ ਤਾਂ ਮੁੜ ਕੇ ਐਲਾਨ ਕਰ ਦਿੱਤਾ ਗਿਆ। ਉਤਰਾਖੰਡ ਦੇ ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਇੱਕ ਮੁਕਾਬਲਾ ਕੈਨੇਡਾ ਦੇ ਇਸੇ ਤਜਰਬੇ ਨਾਲ ਹੋਣਾ ਚਾਹੀਦਾ ਹੈ।
ਹੁਣ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕੁਝ ਚਿਰਕਾਲੀ ਅਤੇ ਫੌਰੀ ਪੱਖਾਂ ਬਾਬਤ ਵੀ ਚਰਚਾ ਹੋਣੀ ਚਾਹੀਦੀ ਹੈ। ਕੁਦਰਤੀ ਆਫ਼ਤ ਮੌਕੇ ਲੋਕਾਂ ਨੂੰ ਰਾਹਤ ਦੇਣ ਲਈ ਡਾਕਟਰੀ ਸਹਾਇਤਾ ਅਹਿਮ ਹੁੰਦੀ ਹੈ। ਮਰੀਜ਼ਾਂ, ਜ਼ਖ਼ਮੀਆਂ ਅਤੇ ਗਰਭਵਤੀ ਔਰਤਾਂ ਦੀ ਫ਼ੌਰੀ ਦੇਖਭਾਲ ਜ਼ਰੂਰੀ ਹੁੰਦੀ ਹੈ। ਆਫ਼ਤ ਦਾ ਸ਼ਿਕਾਰ ਇਲਾਕੇ ਵਿਚ ਡਾਕਟਰੀ ਸਹੂਲਤਾਂ ਅਤੇ ਅਮਲਾ ਵੀ ਇਸੇ ਮਾਰ ਵਿਚ ਹੁੰਦਾ ਹੈ। ਮਿਸਾਲ ਵਜੋਂ ਹਸਪਤਾਲ ਅਤੇ ਡਾਕਟਰ ਵੀ ਕੁਦਰਤੀ ਆਫ਼ਤ ਦੀ ਮਾਰ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਹਾਲਾਤ ਵਿਚ ਡਾਕਟਰੀ ਇਮਦਾਦ ਬਾਹਰੋਂ ਆਏਗੀ। ਦੂਜੀਆਂ ਥਾਵਾਂ ਦੇ ਡਾਕਟਰ ਅਤੇ ਹੋਰ ਅਮਲਾ ਆ ਕੇ ਰਾਹਤ ਕਾਰਜ ਕਰੇਗਾ ਜਾਂ ਲੋੜਬੰਦਾਂ ਨੂੰ ਦੂਜੀਆਂ ਥਾਵਾਂ ਉੱਤੇ ਲਿਜਾਇਆ ਜਾਵੇਗਾ। ਸਾਡੇ ਮੁਲਕ ਵਿਚ ਸਰਕਾਰੀ ਡਾਕਟਰਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿਚ ਖਾਲੀ ਪਈਆਂ ਹਨ। ਜੇ ਅਜਿਹੀ ਤ੍ਰਾਸਦੀ ਮੌਕੇ ਜ਼ਿਆਦਾ ਮਰੀਜ਼ ਹਸਪਤਾਲਾਂ ਵਿਚ ਆ ਜਾਣ ਤਾਂ ਸਾਂਭਣੇ ਮੁਸ਼ਕਿਲ ਹਨ ਤਾਂ ਅਮਲਾ-ਫੈਲਾ ਅਤੇ ਸਾਜ਼ੋ-ਸਾਮਾਨ ਥੁੜ ਜਾਵੇਗਾ। ਜੇ ਡਾਕਟਰ ਮੌਕੇ ਉੱਤੇ ਭੇਜ ਦਿੱਤੇ ਤਾਂ ਫੌਰੀ ਰਾਹਤ ਤਾਂ ਦਿੱਤੀ ਜਾ ਸਕਦੀ ਹੈ, ਪਰ ਇਲਾਜ ਨਹੀਂ ਹੋ ਸਕਦਾ। ਇਸ ਨਾਲ ਹਸਪਤਾਲਾਂ ਵਿਚ ਪਹਿਲਾਂ ਤੋਂ ਇਲਾਜਯਾਫ਼ਤਾ ਮਰੀਜ਼ਾਂ ਦੀ ਨਜ਼ਰਅੰਦਾਜ਼ੀ ਹੋਣੀ ਤੈਅ ਹੈ। ਇਹ ਨਜ਼ਰਅੰਦਾਜ਼ੀ ਡਾਕਟਰਾਂ ਅਤੇ ਹੋਰ ਅਮਲੇ-ਫੈਲੇ ਦੇ ਮੌਕੇ ਉੱਤੇ ਜਾਣ ਕਾਰਨ ਹੋ ਸਕਦੀ ਹੈ ਜਾਂ ਵੱਡੀ ਗਿਣਤੀ ਵਿਚ ਜ਼ਖਮੀਆਂ ਦੇ ਹਸਪਤਾਲ ਵਿਚ ਆ ਜਾਣ ਕਾਰਨ ਹੋ ਸਕਦੀ ਹੈ। ਸਰਕਾਰੀ ਨੀਤੀਆਂ ਤਹਿਤ ਸਰਕਾਰੀ ਹਸਪਤਾਲਾਂ ਦਾ ਢਾਂਚਾ ਤੋੜਿਆ ਜਾ ਰਿਹਾ ਹੈ ਅਤੇ ਸਰਕਾਰੀ ਰਿਆਇਤਾਂ ਨਾਲ ਪ੍ਰਾਈਵੇਟ ਹਸਪਤਾਲਾਂ ਦਾ ਵਧਾਰਾ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲ ਅਜਿਹੇ ਮੌਕੇ ਗ਼ੈਰ-ਹਾਜ਼ਰ ਹੀ ਰਹਿੰਦੇ ਹਨ। ਇਹ ਰੁਝਾਨ ਕੁਦਰਤੀ ਆਫ਼ਤ ਵਿਚ ਮਨੁੱਖੀ ਅਣਗਹਿਲੀ ਦਾ ਮਾਰੂ ਪੱਖ ਜੋੜਦਾ ਹੈ।
ਇਹੋ ਦਲੀਲ ਲੋਕ ਕਲਿਆਣ ਨਾਲ ਜੁੜੇ ਹੋਰ ਮਹਿਕਮਿਆਂ ਉੱਤੇ ਵੀ ਲਾਗੂ ਹੁੰਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੂਰ-ਸੰਚਾਰ ਤਕਨੀਕ ਦੇ ਪਸਾਰੇ ਦੇ ਦਮਗ਼ਜ਼ੇ ਮਾਰਦੀਆਂ ਹਨ। ਸਿਆਸਤਦਾਨਾਂ ਅਤੇ ਦੂਰ-ਸੰਚਾਰ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਨਾਪਾਕ ਰਿਸ਼ਤਿਆਂ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਬਿਪਤਾ ਵਿਚ ਫਸੇ ਉਤਰਾਖੰਡ ਵਿਚ ਦੂਰ-ਸੰਚਾਰ ਸਹੂਲਤਾਂ ਚਾਲੂ ਰੱਖਣ ਲਈ ਸਭ ਤੋਂ ਵੱਧ ਕੰਮ ਭਾਰਤ ਸੰਚਾਰ ਨਿਗਮ ਲਿਮਟਿਡ (ਬੀæਐਸ਼ਐਨæਐਲ਼) ਨੇ ਕੀਤਾ। ਇਸੇ ਦੌਰਾਨ ਸਰਕਾਰੀ ਰਿਆਇਤਾਂ ਅਤੇ ਸਿਆਸਤਦਾਨਾਂ ਦੀ ਹਿੱਸਾ-ਪੱਤੀਆਂ ਨਾਲ ਵਧ ਰਹੀਆਂ ਕੰਪਨੀਆਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਈ। ਉਤਰਾਖੰਡ ਵਿਚ ਬਹੁਤ ਸਾਰੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਚੌਗਿਰਦੇ ਦੇ ਵਿਨਾਸ਼ ਵਿਚ ਤਾਂ ਹਿੱਸਾ ਪਾਇਆ ਹੈ, ਪਰ ਰਾਹਤ ਕਾਰਜਾਂ ਮੌਕੇ ਗ਼ੈਰ-ਹਾਜ਼ਰ ਰਹੀਆਂ ਹਨ। ਵਿਉਂਤਬੰਦ ਢੰਗ ਨਾਲ ਲੋਕ ਕਲਿਆਣ ਦਾ ਢਾਂਚਾ ਤਹਿਸ-ਨਹਿਸ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਆਰਥਿਕ ਸੁਧਾਰਾਂ ਦਾ ਨਾਂ ਦਿੱਤਾ ਜਾਂਦਾ ਹੈ। ਕੁਦਰਤੀ ਆਫ਼ਤ ਵੇਲੇ ਉਸੇ ਲੋਕ ਕਲਿਆਣ ਢਾਂਚੇ ਨੂੰ ਯਾਦ ਕੀਤਾ ਜਾਂਦਾ ਹੈ। ਤੋੜਿਆ ਜਾ ਰਿਹਾ ਢਾਂਚਾ ਬਿਪਤਾ ਦੇ ਵਕਤ ਕਿੱਥੋਂ ਬਹੁੜੇਗਾ? ਕੀ ਮੌਜੂਦਾ ਮਨੁੱਖੀ ਤ੍ਰਾਸਦੀ ਲਈ ਇਹ ਨੀਤੀਆਂ ਕਸੂਰਵਾਰ ਨਹੀਂ ਹਨ? ਜਿਹੜਾ ਤਬਕਾ ਲੋਕ ਕਲਿਆਣ ਦੇ ਮਹਿਕਮਿਆਂ ਨੂੰ ਖੋਰਾ ਲਗਾਉਣ ਦੀ ਵਕਾਲਤ ਕਰਦਾ ਹੈ, ਉਹ ਬਿਪਤਾ ਵੇਲੇ ਸਰਕਾਰ ਤੋਂ ਰਾਹਤ ਦੀ ਆਸ ਕਰਦਾ ਹੈ। ਜੇ ਅਸੀਂ ਬਿਪਤਾ ਵੇਲੇ ਰਾਹਤ ਦੀ ਤਵੱਕੋ ਰੱਖਣੀ ਹੈ ਤਾਂ ਇਸ ਦਾ ਬੰਦੋਬਸਤ ਤਾਂ ਪਹਿਲਾਂ ਹੀ ਕਰਨਾ ਪਵੇਗਾ। ਜਦੋਂ ਬਿਪਤਾ ਨਹੀਂ ਹੁੰਦੀ ਤਾਂ ਅਸੀਂ ਇਨ੍ਹਾਂ ਬੰਦੋਬਸਤਾਂ ਨੂੰ ਹੀ ਖਾਊ ਮਹਿਕਮੇ ਕਰਾਰ ਦਿੰਦੇ ਹਾਂ ਅਤੇ ਇਨ੍ਹਾਂ ਦਾ ਅਮਲਾ-ਫੈਲਾ ਅਤੇ ਸਾਜ਼ੋ-ਸਾਮਾਨ ਚੁਸਤ-ਦਰੁਸਤ ਹਾਲਤ ਵਿਚ ਨਹੀਂ ਰੱਖਿਆ ਜਾਂਦਾ।
ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਦੇ ਕਲਿਆਣ ਲਈ ਲੋੜੀਂਦੇ ਮਹਿਕਮੇ ਚੁਸਤ-ਦਰੁਸਤ ਰੱਖਣੇ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਤੋਂ ਬਾਅਦ ਤਰੱਦਦ ਇਹ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਮਹਿਕਮਿਆਂ ਦੀ ਲੋੜ ਨਾ ਪਵੇ। ਇਸ ਦੀ ਸਭ ਤੋਂ ਅਹਿਮ ਮਿਸਾਲ ਕਿਊਬਾ ਹੈ। ਇਸ ਮੁਲਕ ਦੀ ਆਬਾਦੀ ਸਵਾ ਕਰੋੜ ਤੋਂ ਘੱਟ ਹੈ। ਚਾਰੇ ਪਾਸਿਉਂ ਸਮੁੰਦਰ ਵਿਚ ਘਿਰੇ ਇਸ ਮੁਲਕ ਨੇ ਪਿਛਲੇ ਸੌ ਸਾਲਾਂ ਦੇ ਸਭ ਤੋਂ ਭਿਆਨਕ ਦੋ ਸਮੁੰਦਰੀ ਤੂਫ਼ਾਨਾਂ ਨੂੰ ਹੱਡੀਂ-ਹੰਢਾਇਆ ਹੈ। ਸਤੰਬਰ 2004 ਵਿਚ ਇਵਾਨ ਅਤੇ ਜੁਲਾਈ 2005 ਵਿਚ ਡੈਨਿਸ ਨਾਂ ਦੇ ਸਮੁੰਦਰੀ ਤੂਫ਼ਾਨਾਂ ਨੇ ਕੈਰੀਬੀਆਈ ਇਲਾਕੇ ਵਿਚ ਤਰਥੱਲੀ ਮਚਾ ਦਿੱਤੀ ਸੀ। ਡੈਨਿਸ ਨੇ ਕਿਊਬਾ ਵਿਚ ਦਸ ਜੀਆਂ ਦੀ ਜਾਨ ਲਈ ਅਤੇ ਇਵਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕਿਊਬਾ ਦਾ ਬਚਾਅ ਕਿਸਮਤ ਨਾਲ ਨਹੀਂ ਹੋਇਆ, ਸਗੋਂ ਉਨ੍ਹਾਂ ਵੱਲੋਂ ਕੀਤੇ ਪੁਖ਼ਤਾ ਬੰਦੋਬਸਤ ਨਾਲ ਹੋਇਆ ਹੈ। ਦੋਵਾਂ ਮੌਕਿਆਂ ਉੱਤੇ ਕਿਊਬਾ ਨੇ 15 ਲੱਖ ਸ਼ਹਿਰੀਆਂ ਨੂੰ ਖ਼ਦਸ਼ਿਆਂ ਦੀ ਜੱਦ ਵਿਚੋਂ ਕੱਢ ਕੇ ਸਮੇਂ ਸਿਰ ਆਰਜ਼ੀ ਰਿਹਾਇਸ਼ਾਂ ਵਿਚ ਪਹੁੰਚਾਇਆ ਜਿੱਥੇ ਪਾਣੀ, ਰਾਸ਼ਣ ਅਤੇ ਦਵਾਈਆਂ ਦਾ ਬੰਦੋਬਸਤ ਪਹਿਲਾਂ ਕੀਤਾ ਗਿਆ ਸੀ। ਇਹ ਪੂਰੀ ਮਸ਼ਕ ਕਿਊਬਾ ਵਿਚ ਮੌਸਮ ਦੀ ਖੋਜ ਨਾਲ ਜੁੜੇ 15 ਸੂਬਾਈ ਅਦਾਰਿਆਂ ਤੋਂ ਸ਼ੁਰੂ ਹੁੰਦੀ ਹੈ। ਕਿਸੇ ਆਫ਼ਤ ਦੀ ਆਮਦ ਬਾਬਤ 72 ਘੰਟੇ ਪਹਿਲਾਂ ਜਾਣਕਾਰੀ ਨਸ਼ਰ ਕਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਕਿਸ ਥਾਂ ਦੀ ਆਬਾਦੀ ਕਿਸ ਵੇਲੇ ਕਿਸ ਤਰ੍ਹਾਂ ਕਿੱਥੇ ਜਾਵੇਗੀ। ਬੱਸਾਂ ਰਾਹੀਂ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਤਰਜੀਹ ਦਿੰਦੇ ਹੋਏ ਸਾਰੀ ਆਬਾਦੀ ਨੂੰ ਆਰਜ਼ੀ ਰਿਹਾਇਸ਼ਾਂ ਵਿਚ ਪਹੁੰਚਾਇਆ ਜਾਂਦਾ ਹੈ। ਹਰ ਇਲਾਕੇ ਵਿਚ ਮਰਦਮਸ਼ੁਮਾਰੀ ਮਹਿਕਮੇ ਦੇ ਮੁਲਾਜ਼ਮਾਂ ਨੇ ਇਹ ਤਸਦੀਕ ਕਰਕੇ ਬਾਹਰ ਨਿਕਲਣਾ ਹੈ ਕਿ ਤੈਅ ਇਲਾਕਾ ਖਾਲੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਾਲਾਤ ਦੀ ਸਾਰੀ ਜਾਣਕਾਰੀ ਨਸ਼ਰ ਕੀਤੀ ਜਾਂਦੀ ਹੈ। ਜਦੋਂ ਖਾਲੀ ਕੀਤੇ ਇਲਾਕੇ ਨੂੰ ਰਹਿਣ ਲਾਇਕ ਕਰਾਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਨੂੰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਰਾਹਤ ਕਾਰਜਾਂ ਅਤੇ ਨੁਕਸਾਨ ਦਾ ਲੇਖਾ-ਜੋਖਾ ਤਿਆਰ ਕੀਤਾ ਜਾਂਦਾ ਹੈ। ਜੇ ਕਿਊਬਾ ਆਪਣੇ ਸ਼ਹਿਰੀਆਂ ਦਾ ਸਤਿਕਾਰ ਕਰਦਾ ਹੈ ਤਾਂ ਹੀ ਦਸ ਫ਼ੀਸਦੀ ਆਬਾਦੀ ਲਈ ਆਰਜ਼ੀ ਰਿਹਾਇਸ਼ ਦਾ ਬੰਦੋਬਸਤ ਚੁਸਤ-ਦਰੁਸਤ ਹਾਲਤ ਵਿਚ ਰੱਖਿਆ ਜਾਂਦਾ ਹੈ।
ਕੈਨੇਡਾ ਅਤੇ ਕਿਊਬਾ ਦੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਕੁਦਰਤੀ ਆਫ਼ਤਾਂ ਵਿਚ ਹੁੰਦਾ ਜਾਨੀ-ਮਾਲੀ ਨੁਕਸਾਨ ਕੁਦਰਤੀ ਨਹੀਂ ਹੈ। ਜੇ ਸਰਕਾਰਾਂ ਆਪਣੇ ਸ਼ਹਿਰੀਆਂ ਨੂੰ ਖਪਤਕਾਰ ਸਮਝਣਗੀਆਂ ਤਾਂ ਮੁਨਾਫ਼ਾਖ਼ੋਰੀ ਕਦੇ ਵੀ ਲੋਕ ਕਲਿਆਣ ਦਾ ਢਾਂਚਾ ਕਾਇਮ ਨਹੀਂ ਹੋਣ ਦੇਵੇਗੀ। ਸਾਡੇ ਮੁਲਕ ਦੇ ਮਾਹਰ ਅਰਥ ਸ਼ਾਸਤਰੀ ਆਪਣੀ ਪ੍ਰਾਪਤੀ ਵਿਕਾਸ ਦਰ ਜਾਂ ਵਿਦੇਸ਼ੀ ਪੂੰਜੀ ਨਿਵੇਸ਼ ਰਾਹੀਂ ਪੇਸ਼ ਕਰਦੇ ਹਨ। ਇਨ੍ਹਾਂ ਦੋਵਾਂ ਪ੍ਰਾਪਤੀਆਂ ਦਾ ਆਵਾਮ ਦੀਆਂ ਮੁਸ਼ਕਿਲਾਂ ਸੁਲਝਾਉਣ ਵਿਚ ਹਿੱਸਾ ਹਾਲੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ। ਮੌਜੂਦਾ ਦੌਰ ਵਿਚ ਭੁੱਖਮਰੀ ਤੋਂ ਲੈ ਕੇ ਕੁਦਰਤੀ ਆਫ਼ਤਾਂ ਨੂੰ ਨਾ ਕਿਸਮਤ ਮੰਨਿਆ ਜਾ ਸਕਦਾ ਹੈ ਨਾ ਸਿਰਫ਼ ਕੁਦਰਤੀ। ਇਨ੍ਹਾਂ ਦੀ ਆਮਦ ਕੁਦਰਤੀ ਹੋ ਸਕਦੀ ਹੈ, ਪਰ ਇਨ੍ਹਾਂ ਰਾਹੀਂ ਹੁੰਦਾ ਨੁਕਸਾਨ ਸਰਕਾਰੀ ਬਦਇੰਤਜ਼ਾਮੀ ਦਾ ਨਤੀਜਾ ਹੈ। ਉਤਰਾਖੰਡ ਵਿਚ ਹੜ੍ਹਾਂ ਦੀ ਮਾਰ ਨਾਲ ਲੋਕ ਕੁਦਰਤੀ ਮੌਤ ਨਹੀਂ ਮਰੇ, ਸਗੋਂ ਉਨ੍ਹਾਂ ਦਾ ਕਤਲ ਹੋਇਆ ਹੈ। ਮਕਤੂਲਾਂ ਦੀ ਸ਼ਨਾਖ਼ਤ ਦਾ ਦੌਰ ਚੱਲ ਰਿਹਾ ਹੈ। ਜੇ ਭਾਵੁਕਤਾ ਨੇ ਚੇਤਨਾ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਕਾਤਲਾਂ ਦੀ ਪਛਾਣ ਵੀ ਕੀਤੀ ਜਾਵੇਗੀ।

Be the first to comment

Leave a Reply

Your email address will not be published.