ਕਿਸਾਨ ਅੰਦੋਲਨ ਦੌਰਾਨ ਆਗੂਆਂ ਦੇ ਬਦਲਦੇ ਬਿਆਨਾਂ ਦਾ ਸਫਰ

ਸੁਖਵੀਰ ਸਿੰਘ ਕੰਗ
ਕੋਟਲਾ ਸ਼ਮਸ਼ਪੁਰ, ਲੁਧਿਆਣਾ
ਫੋਨ: 91-85678-72291
ਦੇਸ਼ ਦੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਮੀਨਾਂ, ਖੇਤੀ ਅਤੇ ਉਪਜਾਂ ਦੀ ਮਾਲਕੀ ਹੌਲੀ ਹੌਲੀ ਕਰਕੇ ਨਿਜੀ ਕਾਰਪੋਰੇਟ ਘਰਾਣਿਆਂ ਦੇ ਕਾਬੂ ਵਿਚ ਲਿਆਉਣ ਲਈ ਤਾਂ ਕਈ ਸਾਲਾਂ ਤੋਂ ਸਰਗਰਮ ਸੀ ਅਤੇ ਇਸ ਲਈ ਗੁਪਤ ਯਤਨ ਵੀ ਹੋ ਰਹੇ ਸਨ, ਪਰ ਪਿਛਲੇ ਸਾਲ ਦੇ ਜੂਨ ਮਹੀਨੇ ਵਿਚ ਕਾਲੇ ਕਾਨੂੰਨਾਂ ਦੀ ਇਹ ਬਿੱਲੀ ਥੈਲਿਓਂ ਬਾਹਰ ਆਈ ਤਾਂ ਸਾਰੇ ਦੇਸ਼ ਦੇ ਕਿਸਾਨਾਂ ਅਤੇ ਚਿੰਤਕਾਂ ਵਿਚ ਹਲਚਲ ਸ਼ੁਰੂ ਹੋ ਗਈ। ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਬਾਵਜੂਦ ਸਰਕਾਰ ਵਲੋਂ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਅਤੇ ਭਾਰੀ ਹੰਗਾਮੇ ਨੂੰ ਅਣਗੌਲਿਆਂ ਕਰਕੇ ਕਾਹਲੀ ਵਿਚ ਕਾਹਲੀ ਵਿਚ ਰਾਸ਼ਟਰਪਤੀ ਤੋਂ ਵੀ ਮੋਹਰ ਲਵਾ ਲਈ ਤਾਂ ਵਿਰੋਧ ਵਜੋਂ ਸਤੰਬਰ ਮਹੀਨੇ ਤੋਂ ਪੰਜਾਬ ਵਿਚ ਰੇਲਾਂ ਰੋਕੀਆਂ ਗਈਆਂ ਅਤੇ ਥਾਂ ਥਾਂ ਧਰਨੇ-ਮੁਜਾਹਰੇ ਹੋਣ ਲੱਗੇ।

ਇਹ ਸਭ ਦੋ ਮਹੀਨੇ ਤੱਕ ਜਾਰੀ ਰਿਹਾ, ਪਰ ਕੇਂਦਰ ਸਰਕਾਰ ਉੱਪਰ ਕੋਈ ਅਸਰ ਨਾ ਪਿਆ। ਫਿਰ ਅੱਕ ਕੇ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ ਤਾਂ ਕਿ ਸਰਕਾਰ ਖਿਲਾਫ ਆਵਾਜ਼ ਹੋਰ ਬੁਲੰਦ ਤਰੀਕੇ ਨਾਲ ਉਠਾਈ ਜਾ ਸਕੇ।
ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਦੀ ਮਾਲਕੀ ਨੂੰ ਬਚਾਉਣ ਅਤੇ ਖੇਤੀ ਸਬੰਧੀ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਦੀ ਰਾਖੀ ਹਿਤ ਅਰੰਭੇ ਦੇਸ਼ ਵਿਆਪੀ ਅੰਦੋਲਨ ਦੌਰਾਨ ਸੰਘਰਸ਼ੀ ਜਥੇਬੰਦੀਆਂ ਦੇ 25 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਉਣਾ, ਹਰਿਆਣੇ ਸਮੇਤ ਕਈ ਰਾਜਾਂ ਦਾ ਡਟ ਕੇ ਸਾਥ ਦੇਣਾ, ਰਸਤੇ ਵਿਚ ਸਰਕਾਰ ਵਲੋਂ ਪਾਈਆਂ ਰੁਕਾਵਟਾਂ ਅਤੇ ਬੈਰੀਕੇਡਾਂ ਨੂੰ ਸਲੀਕੇ ਨਾਲ ਪਾਰ ਕਰਨਾ, 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਮੱਲ ਲੈਣਾ, ਦਿੱਲੀ ਦੀਆਂ ਬਰੂਹਾਂ `ਤੇ ਮੋਰਚੇ ਕਾਇਮ ਕਰਨਾ, ਮੋਰਚਿਆਂ ਤੋਂ ਸਰਕਾਰ ਨੂੰ ਤਕੜੀ ਚੁਣੌਤੀ ਦੇਣਾ, ਵਿਦੇਸ਼ਾਂ ਤੋਂ ਸਿਆਸੀ ਅਤੇ ਵਿਚਾਰਧਾਰਕ ਹਮਾਇਤ ਮਿਲਣਾ, ਸਰਕਾਰ ਵਲੋਂ ਮੀਟਿੰਗਾਂ ਦੀ ਪੇਸ਼ਕਸ਼ ਆਉਣਾ, ਮੀਟਿੰਗਾਂ ਵਿਚ ਤਿੰਨੋਂ ਕਾਨੂੰਨਾਂ ਨੂੰ ਮਾਰੂ ਸਾਬਤ ਕਰ ਦੇਣਾ, ਇੱਕਜੁੱਟਤਾ ਅਤੇ ਤਕਨੀਕ ਨਾਲ ਸਰਕਾਰ ਦੇ ਨੈੱਟ ਹਮਲੇ ਦਾ ਭਾਂਡਾ ਭੰਨਣਾ ਅਤੇ ਇਸ ਨੂੰ ਟੱਕਰ ਦੇਣਾ, ਸਮੁੱਚੇ ਦੇਸ਼ ਦੀ ਅਨੇਕ ਰਾਜਾਂ ਅਤੇ ਵਰਗਾਂ ਦੇ ਨਾਲ ਖੜ੍ਹ ਜਾਣ ਨਾਲ ਅੰਦੋਲਨ ਦਾ ਖੱਦ ਬੁਲੰਦ ਹੋ ਜਾਣ ਦੇ ਬਾਵਜੂਦ ਸਫਾਈ ਤੇ ਅਨੁਸ਼ਾਸਨ ਦਾ ਕਾਇਮ ਰਹਿਣਾ ਇਸ ਅੰਦੋਲਨ ਦੀਆਂ ਮੁੱਖ ਪ੍ਰਾਪਤੀਆਂ ਸਨ। ਇਸ ਸਭ ਦੀ ਬਦੌਲਤ ਅੰਦੋਲਨ ਦੀ ਕੌਮਾਂਤਰੀ ਪਛਾਣ ਬਣ ਜਾਣਾ, 26 ਜਨਵਰੀ ਦੀ ਟਰੈਕਟਰ ਪਰੇਡ ਦੀ ਧੁੰਮ ਅਤੇ ਵਿਸ਼ਵ ਪ੍ਰਸਿੱਧ ਹਸਤੀਆਂ ਦਾ ਦੇਸ਼ ਦੇ ਕਿਸਾਨ ਅੰਦੋਲਨ ਦੇ ਪੱਖ ਵਿਚ ਟਵੀਟ ਕਰਨਾ ਆਦਿ ਇਸ ਕਿਸਾਨ ਅੰਦੋਲਨ ਦੀ ਸਿਖਰ ਮੰਨੇ ਜਾ ਸਕਦੇ ਹਨ। ਇਸ ਅੰਦੋਲਨ ਦੇ ਵਰਤਾਰਿਆਂ ਦੇ ਬਦਲਦੇ ਰੰਗ ਖਿੱਚ ਦਾ ਕੇਂਦਰ ਬਣੇ ਰਹੇ ਹਨ।
ਕਿਸਾਨ ਅੰਦੋਲਨ ਦੇ ਇਸ ਸਾਰੇ ਸਫਰ ਦੌਰਾਨ ਵਰਤੇ ਬਹੁਤ ਸਾਰੇ ਵਰਤਾਰਿਆਂ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ। ਇਨ੍ਹਾਂ ਵਰਤਾਰਿਆ ਵਿਚੋਂ ਸਭ ਤੋਂ ਅਹਿਮ ਵਰਤਾਰਾ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਕਿਸਾਨ ਅੰਦੋਲਨ ਦੇ ਆਗੂਆਂ ਦੇ ਬਿਆਨ। ਜਦੋਂ ਕਿਸਾਨ ਦੇ ਹੱਕਾਂ `ਤੇ ਪੈਣ ਵਾਲੇ ਡਾਕੇ ਦਾ ਪਰਦਾ ਫਾਸ਼ ਹੋਇਆ ਤਾਂ ਆਮ ਦੀ ਤਰ੍ਹਾਂ ਕਿਸਾਨ ਜਥੇਬੰਦੀਆਂ ਆਪੋ ਆਪਣੇ ਵਰਕਰਾਂ ਅਤੇ ਝੰਡਿਆਂ ਸਮੇਤ ਧਰਨੇ-ਮੁਜਾਹਰੇ ਕਰਕੇ ਆਪਣੇ ਵੱਖ-ਵੱਖ ਜੱਦੀ ਜਾਂ ਪ੍ਰਭਾਵ ਵਾਲੇ ਹਲਕਿਆਂ ਵਿਚ ਲੋਕਾਂ ਨੂੰ ਲਾਮਬੰਦ ਕਰਨ ਲੱਗੀਆਂ। ਅਰੰਭ ਵਿਚ ਆਗੂਆਂ ਦੀ ਸਰਗਰਮੀ ਅਤੇ ਬਿਆਨ ਰਵਾਇਤੀ ਝੰਡਾਵਾਦੀ ਸੁਰ ਵਾਲੇ ਸਨ। ਇੱਕ ਹੀ ਧਰਨੇ-ਮੁਜਾਹਰੇ ਵਿਚ ਕਈ-ਕਈ ਜਥੇਬੰਦੀਆਂ ਦੇ ਝੰਡੇ ਦੇਖਣ ਨੂੰ ਮਿਲਦੇ ਸਨ। ਵੱਖ-ਵੱਖ ਇਲਾਕਿਆਂ ਵਿਚ ਹੋਂਦ ਰੱਖਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਨਿਜੀ ਵਿਚਾਰਧਾਰਾ ਉੱਪਰ ਆਧਾਰਿਤ ਸਨ ਅਤੇ ਇਨ੍ਹਾਂ ਦਾ ਵਿਸ਼ਾ ਖੇਤੀ ਸਬੰਧੀ ਮੁਸ਼ਕਿਲਾਂ ਤੱਕ ਹੀ ਸੀਮਤ ਹੁੰਦਾ ਸੀ। ਫਿਰ ਰੇਲ ਰੋਕੋ ਮੁਹਿੰਮ ਅਧੀਨ ਰੇਲਵੇ ਲਾਈਨਾਂ ਅਤੇ ਸਟੇਸ਼ਨਾਂ ਉੱਪਰ ਧਰਨੇ ਲਾਏ ਗਏ। ਨਾਲ ਹੀ ਰਾਜ ਅੰਦਰ ਚੱਲ ਰਹੇ ਟੌਲ-ਪਲਾਜਿ਼ਆਂ ਨੂੰ ਬੰਦ ਕਰਾਉਣ ਲਈ ਵੀ ਧਰਨੇ ਲਾਏ ਗਏ।
ਇਸ ਪੜਾਅ ਤੱਕ ਆਗੂਆਂ ਅਤੇ ਬੁਲਾਰਿਆਂ ਦੇ ਬਿਆਨ ਆਪਣੀ ਪੱਧਰ ਦੀ ਲਾਮਬੰਦੀ ਵਾਲੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੁਆਲੇ ਹੀ ਘੁੰਮਦੇ ਸਨ। ਇਨ੍ਹਾਂ ਧਰਨਿਆਂ ਉੱਪਰ ਵੱਖ-ਵੱਖ ਪਿੰਡਾਂ ਦੇ ਸਭ ਜਥੇਬੰਦੀਆਂ ਨਾਲ ਸਬੰਧਤ ਲੋਕ ਇੱਕੋ ਥਾਂ ਇਖੱਠੇ ਬੈਠਦੇ ਸਨ ਤਾਂ ਇਨ੍ਹਾਂ ਧਰਨਿਆਂ ਉੱਪਰ ਦਿਖਾਈ ਦਿੰਦੇ ਵੱਖੋ-ਵੱਖਰੇ ਝੰਡਿਆਂ ਦੀ ਮੌਜੂਦਗੀ ਆਮ ਲੋਕਾਂ ਨੂੰ ਚੁਭਣ ਲੱਗੀ ਅਤੇ ਵੱਖਰੇ ਝੰਡੇ ਲੈ ਕੇ ਇੱਕੋ ਧਰਨੇ `ਤੇ ਬੈਠਣਾ ਉਨ੍ਹਾਂ ਦੀ ਸਾਂਝ ਨੂੰ ਠੇਸ ਪਹੁੰਚਾਉਂਦਾ ਸੀ। ਕਿਸਾਨਾਂ ਦੇ ਆਪਸੀ ਏਕੇ ਵਿਚ ਰੁਕਾਵਟ ਬਣ ਰਹੇ ਇਹ ਝੰਡੇ ਵੀ ਧਰਨਿਆਂ ਵਿਚ ਘੱਟ ਦਿਖਾਈ ਦੇਣ ਲੱਗੇ। ਇਸ ਨਾਲ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਵੀ ਸਾਂਝੇ ਯਤਨਾਂ ਲਈ ਪ੍ਰੇਰਿਤ ਕਰਨ ਦੀ ਪੁੱਠ ਚੜ੍ਹਨ ਲੱਗੀ, ਜੋ ਅੱਗੇ ਚੱਲ ਕੇ ਇੱਕ ਸਾਂਝਾ ਮੋਰਚਾ ਬਣਾਉਣ ਵਿਚ ਕਾਫੀ ਸਹਾਈ ਹੋਈ ਅਤੇ ਖਿਲਰੀ ਹੋਈ ਕਿਸਾਨ ਅਗਵਾਈ ਨੂੰ ਘੱਟੋ-ਘੱਟ ਇੱਕ ਸਾਂਝਾ ਝੰਡਾ ਨਸੀਬ ਹੋਇਆ। ਇਸ ਪੜਾਅ `ਤੇ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੀਆਂ ਡੂੰਘੀਆਂ ਰਮਜਾਂ ਅਤੇ ਮਾਰਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਨ੍ਹਾਂ ਦੇ ਬਿਆਨ ਲਾਮਬੰਦੀ, ਖੇਤੀ ਨੂੰ ਦਰਪੇਸ਼ ਚੁਣੌਤੀਆਂ ਵਿਚਾਰਨ ਦੇ ਨਾਲ ਨਾਲ ਨਵੇਂ ਆ ਰਹੇ ਖੇਤੀ ਕਾਨੂੰਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੁਆਲੇ ਕੇਂਦਰਤ ਹੋਣੇ ਸ਼ੁਰੂ ਹੋ ਗਏ।
ਕੁਝ ਆਗੂਆਂ ਨੇ ਪਹਿਲਾਂ ਹੀ ਅਤੇ ਕੁਝ ਨੇ ਇਕ ਦੂਸਰੇ ਦੇ ਸੰਪਰਕ ਨਾਲ ਖੇਤੀ ਕਾਨੂੰਨਾਂ ਨੂੰ ਘੋਖਣਾ ਅਤੇ ਵਿਚਾਰਨਾ ਸ਼ੁਰੂ ਕੀਤਾ ਤਾਂ ਕਿ ਆਮ ਕਿਸਾਨਾਂ ਨੂੰ ਇਨ੍ਹਾਂ ਦੀ ਗੰਭੀਰਤਾ ਬਾਰੇ ਸੁਚੇਤ ਕੀਤਾ ਜਾ ਸਕੇ। ਇਸ ਸਮੇਂ ਤੱਕ ਕਿਸਾਨ ਸੰਘਰਸ਼ ਪੰਜਾਬ ਦੇ ਸਭ ਜਿਲਿਆਂ ਤੋਂ ਵੱਖਰੇ-ਵੱਖਰੇ ਮੁਹਾਜਾਂ ਤੋਂ ਆਪੋ ਆਪਣੇ ਤਰੀਕੇ ਨਾਲ ਲੜਿਆ ਜਾ ਰਿਹਾ ਸੀ। ਮੁਹਾਜਾਂ ਦੀ ਆਪਸੀ ਦੂਰੀ ਅਤੇ ਵੱਖਰੀਆਂ ਵਿਚਾਰਧਾਰਾਵਾਂ ਹੋਣ ਦੇ ਬਾਵਜੂਦ ਸਭ ਦਾ ਮਕਸਦ ਸਾਂਝਾ ਸੀ, ਜਿਸ ਨਾਲ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਏਕਤਾ ਦੀ ਰੰਗਤ ਚੜ੍ਹਨ ਲੱਗੀ। ਪੂਰੇ ਪੰਜਾਬ ਅੰਦਰ ਚੱਲ ਰਹੇ ਪਰਸਪਰ ਮੁਕਾਬਲੇ ਦੇ ਮੋਰਚਿਆਂ ਦੀ ਹੀ ਦੇਣ ਸੀ ਕਿ ਕਿਸਾਨ ਆਗੂ ਬਹੁਤ ਸੋਚ ਸਮਝ ਕੇ ਬਿਆਨ ਦੇ ਰਹੇ ਸਨ। ਇਮਾਨਦਾਰ ਅਗਵਾਈ ਦੇ ਪਾਬੰਦ ਬਣੇ ਹੋਏ ਸਨ।
ਇਸ ਮੁਕਾਮ `ਤੇ ਕਿਸਾਨ ਆਗੂਆਂ ਦੇ ਬਿਆਨ ਸੰਭਲੇ ਹੋਏ, ਜਿੰਮੇਵਾਰ, ਏਕੇ ਦੇ ਹਾਮੀ ਅਤੇ ਖੇਤੀ ਕਨੂੰਨਾਂ ਤੋਂ ਪੈਦਾ ਹੋਣ ਵਾਲੀਆਂ ਪ੍ਰਸਥਿਤੀਆਂ ਤੋਂ ਕਿਸਾਨਾਂ ਤੋਂ ਇਲਾਵਾ ਬਾਕੀ ਸਬੰਧਤ ਵਰਗਾਂ ਨੂੰ ਜਾਗ੍ਰਿਤ ਕਰਨ ਦੇ ਸਮਰੱਥ ਹੋ ਗਏ ਸਨ, ਪਰ ਆਪਸੀ ਦੂਰੀ ਕਾਰਨ ਹਾਲੇ ਜਥੇਬੰਦੀ ਅਤੇ ਵਿਚਾਰਧਾਰਾ ਦੇ ਅਸਰ ਨੇ ਪਿੱਛਾ ਨਹੀਂ ਸੀ ਛੱਡਿਆ। ਹੁਣ ਤੱਕ ਬਹੁਤ ਲਾਮਬੰਦੀ ਹੋ ਚੁਕੀ ਸੀ ਅਤੇ ਕਿਸਾਨਾਂ ਨਾਲ ਮਜ਼ਦੂਰ ਵਰਗ ਵੀ ਮਿਲ ਚੁਕਾ ਸੀ। ਧਰਨਿਆਂ ਅਤੇ ਮੋਰਚਿਆਂ ਉੱਪਰ ਕਿਸਾਨਾਂ ਦੇ ਨਾਲ ਨਾਲ ਹੋਰ ਵਰਗ ਵੀ ਵੱਡੀ ਗਿਣਤੀ ਵਿਚ ਜੁੜਨ ਲੱਗੇ। ਵੱਖ ਵੱਖ ਖੇਤਰਾਂ ਦੇ ਚਿੰਤਕਾਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਕਲਾਕਾਰ ਹਸਤੀਆਂ ਦੇ ਮੋਰਚਿਆਂ ਵਿਚ ਸ਼ਮੂਲੀਅਤ ਕਰਨ ਨਾਲ ਅੰਦੋਲਨ ਅਤੇ ਆਗੂਆਂ ਨੂੰ ਬਹੁਤ ਤਾਕਤ ਮਿਲੀ ਤੇ ਅੰਦੋਲਨ ਨੂੰ ਨਵੇਂ ਬੁਲਾਰੇ ਮਿਲੇ ਇਸ ਨਾਲ ਮੁਹਾਜਾਂ ਦੀ ਆਵਾਜ਼ ਹੋਰ ਵੀ ਪ੍ਰਚੰਡ ਹੋ ਗਈ। ਇਸ ਨਾਲ ਆਗੂਆਂ ਦੇ ਬਿਆਨ ਆਤਮ ਵਿਸ਼ਵਾਸ ਨਾਲ ਭਰ ਗਏ ਸਨ।
ਅੰਦੋਲਨ ਹੁਣ ਜਵਾਨ ਹੋ ਚੁਕਾ ਸੀ ਅਤੇ ਮੋਰਚਿਆਂ ਤੋਂ ਅੰਦੋਲਨ ਦੀ ਤੀਬਰਤਾ ਵਧਾਉਣ ਦੇ ਹੌਸਲੇ ਭਰਪੂਰ ਅਤੇ ਏਕੇ ਵਾਲੇ ਬਿਆਨ ਆਉਣੇ ਸ਼ੁਰੂ ਹੋਏ। ਸਾਂਝੇ ਲੋਕਾਂ ਅਤੇ ਸਾਂਝੇ ਚਿੰਤਕਾਂ ਦੀ ਮੌਜੂਦਗੀ ਸਦਕਾ ਕਿਸਾਨ ਜਥੇਬੰਦੀਆਂ ਦੀ ਨੇੜਤਾ ਵਧਣ ਲੱਗੀ, ਜਿਸ ਨਾਲ ਏਕਤਾ, ਸਾਂਝੀ ਨੀਤੀ ਅਤੇ ਸਾਂਝੇ ਪ੍ਰੋਗਰਾਮਾਂ ਦੀ ਲੋੜ ਮਹਿਸੂਸ ਹੋਈ ਅਤੇ ਖਿਲਰੇ ਹੋਏ ਸੰਘਰਸ਼ ਦਾ ਕੇਂਦਰ ਸਰਕਾਰ `ਤੇ ਅਸਰ ਨਾ ਹੁੰਦਾ ਦੇਖ ਕੇ ਸਾਰੀਆਂ ਜਥੇਬੰਦੀਆਂ ਤੇ ਮੋਰਚਿਆਂ ਨੇ ਸਾਂਝੀ ਰਣਨੀਤੀ ਬਣਾਈ ਅਤੇ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਤੈਅ ਹੋਇਆ। ਹੁਣ ਆਗੂਆਂ ਦੇ ਬਿਆਨਾਂ ਨੂੰ ਭਰੋਸੇ ਤੇ ਏਕਤਾ ਦਾ ਬਲ ਮਿਲ ਚੁਕਾ ਸੀ ਅਤੇ ਉਹ ਉੱਪਰਲੀ ਸੁਰ ਵਿਚ ਹੋ ਚੁਕੇ ਸਨ। ਇਸ ਪੜਾਅ `ਤੇ ਕਿਸਾਨ ਆਗੂਆਂ ਦੇ ਬਿਆਨ ਆਪਣੇ ਵਰਕਰਾਂ, ਕਿਸਾਨਾਂ ਅਤੇ ਹੋਰ ਲੋਕਾਂ ਨੂੰ ਉਤਸ਼ਾਹਿਤ ਕਰਕੇ ਵੱਡੀ ਗਿਣਤੀ ਵਿਚ ਨਾਲ ਤੋਰਨ, ਉਨ੍ਹਾਂ ਵਿਚ ਜੋਸ਼ ਭਰਨ ਅਤੇ ਹੱਲਾ ਬੋਲ ਤਿਆਰੀ ਕਰਨ ਲਈ ਪ੍ਰੇਰਨ ਵਾਲੇ ਸਨ।
ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਸਰਕਾਰ ਵਲੋਂ ਪਈਆਂ ਭਾਰੀ ਰੁਕਾਵਟਾਂ ਨੂੰ ਪਾਰ ਕਰਨ ਵਿਚ ਪੰਜਾਬ ਦੇ ਨੌਜਵਾਨ ਵਰਗ ਨੇ ਲਾਸਾਨੀ ਹਿੰਮਤ ਦਿਖਾਈ ਅਤੇ ਆਪਣੇ ਉੱਪਰ ਲੰਬੇ ਸਮੇਂ ਤੋਂ ਲਗਦੇ ਆ ਰਹੇ ਦਾਗ ਧੋ ਦਿੱਤੇ। ਹਰਿਆਣੇ ਦੀ ਭਰਪੂਰ ਹਮਾਇਤ ਸਦਕਾ ਕਿਸਾਨਾਂ ਦੇ ਮੋਰਚੇ ਕੇਂਦਰ ਸਰਕਾਰ ਦੀ ਨੀਅਤ ਨੂੰ ਭਾਂਪਦਿਆਂ ਦਿੱਲੀ ਦੀਆਂ ਸਰਹੱਦਾਂ `ਤੇ ਡਟ ਗਏ ਅਤੇ ਸਟੇਜਾਂ ਸਜਾ ਲਈਆਂ ਗਈਆਂ। ਇੱਥੇ ਟਿਕ ਜਾਣ `ਤੇ ਕਿਸਾਨ ਆਗੂਆਂ ਦੇ ਬਿਆਨਾਂ ਵਿਚ ਬੁਲੰਦ ਹੌਸਲੇ ਅਤੇ ਆਤਮ ਵਿਸ਼ਵਾਸ ਹੋਰ ਵਧ ਗਿਆ। ਅੰਦੋਲਨ ਦੇ ਸ਼ਾਂਤਮਈ, ਅਨੁਸ਼ਾਸਿਤ ਅਤੇ ਹੱਕੀ ਹੋਣ ਕਾਰਨ ਇਸ ਨੂੰ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਭਰਵੀਂ ਹਮਾਇਤ ਮਿਲਣੀ ਸ਼ੁਰੂ ਹੋ ਗਈ ਤਾਂ ਕਿਸਾਨ ਆਗੂਆਂ ਦੇ ਬਿਆਨ ਦੇਸ਼ ਦੀ ਮੁੱਖ ਵਿਰੋਧੀ ਧਿਰ ਦੇ ਹਾਣ ਦੇ ਹੋ ਗਏ, ਕਿਉਂਕਿ ਵਿਰੋਧੀ ਧਿਰ ਦੀ ਭੂਮਿਕਾ ਨਾਦਾਰਦ ਹੀ ਰਹੀ। ਇਸ ਪੜਾਅ `ਤੇ ਪੂਰੇ ਦੇਸ਼ ਹੀ ਨਹੀਂ, ਸਗੋਂ ਦੁਨੀਆਂ ਦੇ ਕੰਨ ਕਿਸਾਨ ਆਗੂਆਂ ਦੇ ਬਿਆਨਾਂ ਵੱਲ ਲੱਗੇ ਹੋਏ ਸਨ। ਕਿਸਾਨ ਮੋਰਚੇ ਦੀ ਹਰ ਗੱਲ ਅਤੇ ਹਰ ਗਤੀਵਿਧੀ ਸੁਰਖੀ ਬਣਨ ਲੱਗੀ।
ਕਿਸਾਨ ਅੰਦੋਲਨ ਦੇ ਇਸ ਹੱਦ ਤੱਕ ਪਹੁੰਚ ਜਾਣ ਅਤੇ ਇਸ ਦਾ ਖੱਦ ਵਿਸ਼ਵ ਪੱਧਰ ਤੱਕ ਉੱਚਾ ਹੋ ਜਾਣ ਦਾ ਕਿਆਸ ਤਾਂ ਆਗੂਆਂ ਨੇ ਵੀ ਨਹੀਂ ਲਾਇਆ ਸੀ। ਇਥੇ ਇੱਕ ਵਿਲੱਖਣ ਚੀਜ਼ ਵੀ ਦੇਖਣ ਨੂੰ ਮਿਲੀ ਕਿ ਅੰਦੋਲਨ ਦੇ ਅੰਦਰ ਹੀ ਇੱਕ ਮੁਕਾਬਲੇ ਦਾ ਦਬਾਓ ਸਮੂਹ ਪਰਗਟ ਹੋ ਚੁਕਾ ਸੀ, ਜੋ ਆਗੂਆਂ ਦੀ ਹਰ ਗਤੀਵਿਧੀ ਨੂੰ ਵਾਚ ਰਿਹਾ ਸੀ। ਇਸ ਸਦਕਾ ਆਗੂਆਂ ਦੇ ਯਤਨ, ਬਿਆਨ ਅਤੇ ਰਵੱਈਆ ਲੋਕ ਤਰਜਮਾਨੀ ਨਾਲ ਲਬਾਲਬ ਸੀ। ਫਿਰ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਆਇਆ ਅਤੇ ਮੀਟਿੰਗਾਂ ਦਾ ਦੌਰ ਕਾਫੀ ਸਮਾਂ ਚੱਲਿਆ ਤਾਂ ਹਰ ਮੀਟਿੰਗ ਤੋਂ ਬਾਅਦ ਦੇ ਆਗੂਆਂ ਦੇ ਬਿਆਨ ਕਾਫੀ ਖਿੱਚ ਦਾ ਕੇਂਦਰ ਰਹੇ। ਇੱਥੋਂ ਕਿਸਾਨ ਆਗੂਆਂ ਦੇ ਬਿਆਨਾਂ ਨੂੰ ਸ੍ਵੈ-ਸਿਫਤੀ ਅਤੇ ਸਿਆਸੀ ਵਲੇਵੇਂਦਾਰ ਪੁੱਠ ਚੜ੍ਹਨ ਲੱਗੀ। ਮੀਟਿੰਗਾਂ ਦੇ ਦੌਰ ਦੇ ਸ਼ੁਰੂ ਵਿਚ ਤਾਂ ਉਨ੍ਹਾਂ ਦੇ ਬਿਆਨਾਂ ਵਿਚ ਹੋਈ ਗੱਲਬਾਤ ਦਾ ਵੇਰਵਾ ਹੀ ਹੁੰਦਾ ਸੀ, ਪਰ ਹੌਲੀ ਹੌਲੀ ਰੁਤਬਾ ਵਧਣ ਨਾਲ ਪਹੁੰਚ ਦੀ ਹਉਮੈ ਭਾਰੂ ਹੋ ਗਈ। ਇਸ ਪੜਾਅ `ਤੇ ਉਨ੍ਹਾਂ ਨੂੰ ਅੰਦੋਲਨ ਦੇ ਕੱਦ ਅਨੁਸਾਰ ਵਿਸ਼ਾਲ ਵਿਚਾਰਧਾਰਾ ਵਾਲੇ ਦਾਇਰੇ ਦੀ ਤਪੱਸਿਆ ਦੀ ਲੋੜ ਸੀ, ਪਰ ਉਹ ਆਪਣੇ ਬਿਆਨਾਂ ਨੂੰ ਨਿਜੀ ਵਿਚਾਰਧਾਰਾ ਦਾ ਰੰਗ ਦੇਣ ਵਿਚ ਰੁੱਝ ਗਏ, ਜਦੋਂ ਕਿ ਲੋੜ ਸਰਬ ਸਾਂਝੀ ਵਿਚਾਰਧਾਰਾ ਅਪਨਾਉਣ ਦੀ ਸੀ। ਇਸ ਪੜਾਅ `ਤੇ ਕਿਸਾਨ ਆਗੂ ਕੋਈ ਵੀ ਦਖਲ ਜਾਂ ਮੁਕਾਬਲਾ ਬਰਦਾਸ਼ਤ ਕਰਨ ਦੇ ਰੌਂਅ ਵਿਚ ਦਿਖਾਈ ਨਹੀਂ ਦਿੰਦੇ ਸਨ, ਹੁਣ ਉਨ੍ਹਾਂ ਦੇ ਬਿਆਨਾਂ ਵਿਚ ਉੱਚਤਾ ਦੀ ਭਾਵਨਾ ਦਿਖਾਈ ਦੇਣ ਲੱਗੀ ਸੀ।
ਫਿਰ 26 ਜਨਵਰੀ ਦੀ ਟਰੈਕਟਰ ਪਰੇਡ ਦਾ ਪ੍ਰੋਗਰਾਮ ਬਣਿਆ, ਜਿਸ ਦੌਰਾਨ ਲਾਲ ਕਿਲ੍ਹੇ `ਤੇ ਕਿਸਾਨੀ ਅਤੇ ਖਾਲਸਾਈ ਝੰਡੇ ਲਹਿਰਾਉਣ ਦੀ ਘਟਨਾ ਵੀ ਵਾਪਰੀ। ਇਸ ਘਟਨਾ ਨੇ ਵੀ ਕਿਸਾਨ ਅੰਦੋਲਨ ਅਤੇ ਕਿਸਾਨ ਆਗੂਆਂ ਦੇ ਬਿਆਨਾਂ ਵਿਚ ਇੱਕ ਨਵਾਂ ਮੋੜ ਲਿਆਂਦਾ। ਇਸ ਮੋੜ `ਤੇ ਲਗਾਤਾਰ ਕਈ ਦਿਨ ਅੰਦੋਲਨ ਵਿਚ ਘਟਨਾਵਾਂ ਦੀ ਝੜੀ ਲੱਗੀ ਰਹੀ, ਜਿਨ੍ਹਾਂ ਨੇ ਅੰਦੋਲਨ ਅਤੇ ਆਗੂਆਂ ਦੇ ਬਿਆਨਾਂ ਨੂੰ ਇਕ ਦਮ ਬਦਲ ਕੇ ਰੱਖ ਦਿੱਤਾ। ਸਰਕਾਰ ਅਤੇ ਸਰਕਾਰੀ ਮੀਡੀਏ ਨੇ ਇਸ ਘਟਨਾ ਨੂੰ ਹਿੰਸਾ ਵਾਲੀ ਰੰਗਤ ਦੇ ਕੇ ਪ੍ਰਚਾਰਿਆ, ਜਿਸ ਦੇ ਪ੍ਰਭਾਵ ਅਧੀਨ ਕਿਸਾਨ ਆਗੂਆਂ ਦੇ ਬਿਆਨ ਡਰ, ਸਹਿਮ ਤੇ ਦਹਿਸ਼ਤ ਦੇ ਸਾਏ ਹੇਠ ਹੋ ਗਏ ਅਤੇ ਉਨ੍ਹਾਂ ਨੇ ਸਰਕਾਰ ਵਾਲੀ ਬੋਲੀ ਬੋਲਦਿਆਂ ਬਿਆਨਾਂ ਦਾ ਰੁਖ ਮੌਕਾਪ੍ਰਸਤੀ ਅਤੇ ਆਪਸੀ ਭੰਡੀ ਵੱਲ ਕਰ ਲਿਆ। ਨਤੀਜੇ ਵਜੋਂ ਕਿਸਾਨ ਆਗੂਆਂ ਨੂੰ ਟੱਕਰ ਅਤੇ ਦਖਲ ਦੇ ਕੇ ਟਿਕਾਣੇ ਰੱਖਣ ਵਾਲੀਆਂ ਧਿਰਾਂ ਸਰਕਾਰੀ ਅਤੇ ਸਿਆਸੀ ਦਮਨ ਦਾ ਸਿ਼ਕਾਰ ਹੋ ਗਈਆਂ।
ਇਸ ਨਵੇਂ ਦੌਰ ਦੌਰਾਨ ਕਿਸਾਨ ਆਗੂਆਂ ਦੇ ਬਿਆਨਾਂ ਦਾ ਰੁਖ ਸਰਕਾਰ ਵਲੋਂ ਭਟਕ ਕੇ ਆਪਣਿਆਂ ਵੱਲ ਹੋ ਗਿਆ, ਜੋ ਅੰਦੋਲਨ ਵਾਸਤੇ ਸਭ ਤੋਂ ਮਾੜਾ ਵਰਤਾਰਾ ਸਾਬਤ ਹੋਇਆ। ਇਸ ਘਟਨਾਕ੍ਰਮ ਦੌਰਾਨ ਕਿਸਾਨ ਆਗੂਆਂ ਦੇ ਬਿਆਨਾਂ ਉੱਪਰ ਆਪਸੀ ਖਿੱਚੋਤਾਣ, ਨਿਜੀ ਹੈਂਕੜ, ਗੁੰਮਰਾਹਕੁਨ ਬਿਰਤਾਂਤ ਅਤੇ ਨਾ-ਮਿਲਵਰਤਨ ਵਾਲੀ ਭਾਵਨਾ ਭਾਰੂ ਹੋ ਗਈ ਸੀ, ਜੋ ਹਾਲੇ ਤੱਕ ਵੀ ਜਾਰੀ ਹੈ। ਆਗੂਆਂ ਦੀ ਨੌਜਵਾਨਾਂ ਅਤੇ ਬਰਾਬਰ ਦੀਆਂ ਜਥੇਬੰਦੀਆਂ ਬਾਰੇ ਦਿੱਤੇ ਕੌੜੇ-ਕਸੈਲੇ ਬਿਆਨਾਂ ਨਾਲ ਅੰਦੋਲਨ ਵਿਚੋਂ ਨੌਜਵਾਨਾਂ ਦੀ ਗਿਣਤੀ ਘਟਣ ਲੱਗੀ ਸੀ, ਪਰ ਫਿਰ ਵੀ ਕਿਸਾਨ ਆਗੂਆਂ ਦੇ ਪਰਦਾ-ਪਾਊ ਬਿਆਨ ਆਉਂਦੇ ਰਹੇ। 26 ਜਨਵਰੀ ਦੀਆਂ ਘਟਨਾਵਾਂ ਅਤੇ ਸਰਕਾਰੀ ਤਸ਼ੱਦਦ ਦੇ ਸਿ਼ਕਾਰ ਬੇਕਸੂਰ ਨੌਜਵਾਨਾਂ ਪ੍ਰਤੀ ਕਿਸਾਨ ਆਗੂਆਂ ਦੇ ਬਿਆਨਾਂ ਅਤੇ ਯਤਨਾਂ ਵਿਚੋਂ ਹਮਦਰਦੀ ਦੀ ਅਣਹੋਂਦ ਵੀ ਸੰਘਰਸ਼ੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ। ਕਿਸਾਨ ਆਗੂ ਬਿਆਨਾਂ ਵਿਚ ਚਾਹੇ ਨਹੀਂ ਮੰਨੇ, ਪਰ ਇਸ ਵਰਤਾਰੇ ਤੋਂ ਬਾਅਦ ਇੱਕ ਵਾਰ ਨੌਜਵਾਨਾਂ ਦਾ ਮੋਰਚਿਆਂ ਤੋਂ ਮੋਹ ਵੀ ਭੰਗ ਹੋਇਆ। ਪਹਿਲਾਂ ਕਿਸਾਨ ਮੋਰਚਿਆਂ ਦੀ ਰੌਣਕ ਆਪ ਮੁਹਾਰੇ ਗਏ ਲੋਕ ਸਨ, ਪਰ ਹੁਣ ਆਗੂਆਂ ਨੂੰ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਵਾਜ਼ਾਂ ਮਾਰਨ ਵਾਲੇ ਬਿਆਨ ਦੇਣੇ ਪੈ ਰਹੇ ਸਨ।
ਕਿਸਾਨ ਆਗੂਆਂ ਵਲੋਂ ਨਾਦਾਰਦ ਅਤੇ ਤ੍ਰਿਸਕਾਰੇ ਹੋਣ ਦੇ ਬਾਵਜੂਦ ਮੁਕਾਬਲੇ ਦੀਆਂ ਧਿਰਾਂ ਨੇ ਫਿਰ ਵੀ ਲੋਕਾਂ ਨੂੰ ਆਗੂਆਂ ਦੇ ਨਾਲ ਖੜ੍ਹਨ ਲਈ ਪ੍ਰੇਰਨਾ ਜਾਰੀ ਰੱਖਿਆ, ਜਿਸ ਦੀ ਬਦੌਲਤ ਮੋਰਚਾ ਮੁੜ ਪੈਰਾਂ ਸਿਰ ਹੋ ਗਿਆ, ਪਰ ਪੰਜਾਬ ਦੇ ਕਿਸਾਨ ਆਗੂਆਂ ਦੇ ਬਿਆਨ ਅਤੇ ਰਵੱਈਆ ਹਾਲੇ ਵੀ ਨਾ-ਮਿਲਵਰਤਨ ਅਤੇ ਹੈਂਕੜ ਵਾਲਾ ਹੀ ਰਿਹਾ। ਆਗੂਆਂ ਦੇ ਆਮ ਲੋਕਾਂ ਵਿਚ ਵਿਚਰਨ ਅਤੇ ਸੰਪਰਕ ਦੀ ਘਾਟ ਹੋ ਗਈ, ਲੋਕਾਂ ਨੂੰ ਹੁਣ ਕਿਸਾਨ ਅੰਦੋਲਨ ਤੇ ਆਪਣਾ ਨਹੀਂ, ਸਗੋਂ ਬਿਗਾਨਾ ਕਬਜ਼ਾ ਹੋਣ ਦਾ ਅਹਿਸਾਸ ਹੋਣ ਲੱਗਾ ਹੈ, ਕਿਉਂਕਿ ਹੁਣ ਕਿਸਾਨ ਆਗੂਆਂ ਦੀਆਂ ਤਕਰੀਰਾਂ ਅਤੇ ਬਿਆਨਾਂ ਉੱਪਰ ਤੱਥਾਂ, ਹਾਲਾਤਾਂ, ਸਥਿਤੀਆਂ ਅਤੇ ਘਟਨਾਵਾਂ ਨੂੰ ਮੁਲੰਮਾ ਚੜ੍ਹਾਅ ਕੇ ਪੇਸ਼ ਕਰਨ ਦੇ ਸ਼ੱਕ ਪੈਦਾ ਹੋ ਗਏ ਹਨ। ਆਪਸੀ ਕਿੜਾਂ, ਮਨਮਰਜੀ ਅਤੇ ਕਬਜੇ ਦੀ ਬਿਆਨਬਾਜੀ ਵਿਚ ਉਲਝ ਕੇ ਕਿਸਾਨ ਅੰਦੋਲਨ ਨੂੰ ਮਿਲੇ ਅੰਦਰੂਨੀ ਅਤੇ ਵਿਦੇਸ਼ੀ ਸਮਰਥਨ ਨੂੰ ਸਾਂਭਣ ਬਾਰੇ ਵੀ ਆਗੂ ਬਣਦੀ ਸਕਾਰਾਤਮਕ ਭੂਮਿਕਾ ਨਿਭਾਉਣ ਤੋਂ ਖੁੰਝ ਗਏ।
ਅੱਜ ਕਿਸਾਨ ਆਗੂਆਂ ਦਾ ਲੋਕ ਸੰਪਰਕ ਖਤਮ ਦੇ ਬਰਾਬਰ ਹੈ, ਬਸ ਨਿਜੀ ਵਿਚਾਰਧਾਰਾ ਆਧਾਰਤ ਫੈਸਲੇ ਥੋਪਣ `ਤੇ ਜੋਰ ਹੈ। ਕਿਸਾਨ ਆਗੂਆਂ ਦੇ ਬਿਆਨਾਂ ਵਿਚੋਂ ਲੋਕ ਤਰਜਮਾਨੀ, ਜੁਆਬਦੇਹੀ, ਵੇਦਨਾ ਅਤੇ ਮੁੱਖ ਮੁੱਦਿਆਂ ਪ੍ਰਤੀ ਅਸਲ ਗੰਭੀਰਤਾ ਕਰੀਬ ਗਾਇਬ ਹੈ ਅਤੇ ਸਿਆਸੀ ਰੰਗਤ ਦਾ ਬੋਲ ਬਾਲਾ ਹੈ। ਰੱਬ ਆਸਰੇ ਨਾਲ ਸ਼ੁਰੂ ਹੋਇਆ ਅੰਦੋਲਨ ਅੱਜ ਫਿਰ ਰੱਬ ਆਸਰੇ ਹੋ ਗਿਆ ਹੈ। ਜਿਸ ਅਣ-ਕਿਆਸੇ ਪੱਧਰ `ਤੇ ਕਿਸਾਨ ਅੰਦੋਲਨ ਪਹੁੰਚ ਗਿਆ ਸੀ, ਸ਼ਾਇਦ ਆਗੂ ਉਸ ਪੱਧਰ ਦੀ ਆਪਣੀ ਸਰਬ ਸਾਂਝੀ ਵਿਚਾਰਧਾਰਾ ਨਹੀਂ ਬਣਾ ਸਕੇ। ਜੇ ਹਾਲੇ ਵੀ ਨਾ ਸੰਭਲੇ ਤਾਂ ਦੇਸ਼ ਦੀ ਜਨਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ।