ਕਿਰਤ ਜੋਗੀ ਦੀ ਖਾਲੀ ਬਗਲੀ

ਸਨਮਾਨਯੋਗ ਡਾ. ਗੁਰਬਖਸ ਸਿੰਘ ਭੰਡਾਲ ਦੇ ਜਾਦੂਮਈ ਸ਼ਬਦਾਂ ਨਾਲ ਸਜੀ ਇੱਕ ਕਾਵਿਮਈ ਰਚਨਾ ਤਾਂ ਹੋ ਸਕਦੀ ਹੈ, ਪਰ ਯਥਾਰਥ ਤੋਂ ਅੱਖਾਂ ਚੁਰਾ ਕੇ ਇੱਕ ਖੁਸ਼ਬੂ ਦਾ ਛਿੱਟਾ ਦੇ ਲੰਘ ਜਾਂਦੀ ਹੈ। ਯਥਾਰਥ ਨਿਰਸੰਦੇਹ ਹਕੀਕਤ ਵਿਚ ਖਰ੍ਹਵਾ ਹੁੰਦਾ ਹੈ, ਇਸ ਲਈ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਵਾਂਗ ਤਲਖ ਸੱਚਾਈਆਂ ਨਾਲ ਰੂਬਰੂ ਹੋਣ ਤੋਂ ਸੰਕੋਚ ਕਰ ਜਾਂਦਾ ਹੈ।

ਡਾ. ਸਾਹਿਬ ਦੀਆਂ ਰਚਨਾਵਾਂ ਜਿ਼ੰਦਗੀ ਦੀਆਂ ਖੂਬਸੂਰਤ ਧੜਕਨਾਂ ਨਾਲ ਲਬਰੇਜ਼ ਹੁੰਦੀਆਂ ਹਨ, ਸੰਵੇਦਨਾਵਾਂ ਨਾਲ ਸਿ਼ੰਗਾਰੀਆਂ ਹੁੰਦੀਆਂ ਹਨ, ਪਰ ਜਿ਼ੰਦਗੀ ਦੀਆਂ ਹਕੀਕੀ ਦੁਸ਼ਵਾਰੀਆਂ ਨਾਲ ਤਾਲਮੇਲ ਕੀਤੇ ਬਿਨਾ ਅੱਜ ਅਸੀਂ ਸੁਫਨੇ ਤਾਂ ਲੈ ਸਕਦੇ ਹਾਂ, ਕਿਸੇ ਸਮੱਸਿਆ ਦਾ ਹੱਲ ਨਹੀਂ ਲੱਭ ਸਕਦੇ। ਇਸ ਲੇਖ ਵਿਚ ਉਨ੍ਹਾਂ ਕਿਸਾਨ ਦੀ ਮੰਦਹਾਲੀ ਦਾ ਜੋ ਕਾਵਿਮਈ ਜਿ਼ਕਰ ਕੀਤਾ ਹੈ, ਅਸਲ ਵਿਚ ਉਹ ਬੀਤੇ ਜਮਾਨੇ ਦੀ ਤਸਵੀਰ ਪੇਸ਼ ਕਰਦਾ ਹੈ। ਅੱਜ ਦਾ ਕਿਸਾਨ ਬਲਦਾਂ ਤੋਂ ਟਰੈਕਟਰਾਂ ਤੱਕ ਅਪੜ ਗਿਆ ਹੈ, ਸਾਈਕਲਾਂ ਤੋਂ ਮੋਟਰਸਾਈਕਲਾਂ ਅਤੇ ਬਹੁਤੇ ਤਾਂ ਕਾਰਾਂ ਤੱਕ ਅਪੜ ਗਏ ਹਨ। ਕੱਚੇ ਘਰਾਂ ਦੀ ਥਾਂ ਕੋਠੀਆਂ ਵੀ ਹਨ। ਜੇ ਪਰਵਾਸੀ ਪੰਜਾਬੀਆਂ ਨੇ ਕੋਠੀਆਂ ਬਣਾ ਲਈਆਂ ਤਾਂ ਸਮਰੱਥ ਕਿਸਾਨ ਵੀ ਪਿੱਛੇ ਨਹੀਂ ਰਹੇ। ਜੇ ਥੋੜ੍ਹੀਆਂ ਜਮੀਨਾਂ ਵਾਲਿਆਂ ਦਾ ਜਿ਼ਕਰ ਕਰੀਏ ਤਾਂ ਮੇਰੀ ਜਾਣਕਾਰੀ ਵਿਚ ਇਹੋ ਜਿਹੇ ਕਿਸਾਨ ਹਨ, ਜੋ ਜਮੀਨ ਠੇਕੇ ‘ਤੇ ਦੇ ਸਾਈਡ ਬਿਜਨਸ ਨਾਲ ਵੱਡੀਆਂ ਜਮੀਨਾਂ ਵਾਲਿਆਂ ਦਾ ਮੁਕਾਬਲਾ ਕਰ ਰਹੇ ਹਨ। ਕੀ ਭਾਰਤ ਵਿਚ ਕਿਸੇ ਕਿਸਾਨ ਦੇ ਸਾਈਡ ਬਿਜਨਸ ਕਰਨ ‘ਤੇ ਪਾਬੰਦੀ ਹੈ?
ਨੌਕਰੀਆਂ ਦੀ ਗੱਲ ਕਰਦੇ ਹਾਂ। ਮੈਂ ਪ੍ਰਤੱਖ ਦੇਖਿਆ ਹੈ ਕਿ ਪੰਜਾਬ ਵਿਚ ਛੋਟੀ ਇੰਡਸਟਰੀ ਵਿਚ ਜਿ਼ਆਦਾਤਰ ਯੂ. ਪੀ., ਬਿਹਾਰ ਦੇ ਨੌਜਵਾਨ ਆ ਨੌਕਰੀਆਂ ਕਰ ਰਹੇ ਹਨ, ਜੋ 7-8 ਹਜਾਰ ਤੋਂ 12-15 ਹਜਾਰ ਤੱਕ ਤਨਖਾਹਾਂ ਲੈ ਰਹੇ ਹਨ। ਪਰ ਮਿੱਤਰਾਂ ਦੇ ਤਾਂ ਐਨੇ ਦੇ ਬੂਟ ਹੀ ਆਉਂਦੇ ਹਨ। ਵੱਡੀਆਂ ਤਨਖਾਹਾਂ ਲਈ ਅੱਜ ਦੀ ਮੰਗ ਅਨੁਸਾਰ ਪੜ੍ਹਾਈ ਚਾਹੀਦੀ ਹੈ। ਦਿੱਲੀ ਦੇ ਆਸ-ਪਾਸ ਦੇ ਨੌਜਵਾਨਾਂ ਨੇ ਕੰਪਿਊਟਰ ਟੈਕਨੋਲੌਜੀ ਦੇ ਹਾਈ ਫਾਈ ਕੋਰਸ ਕਰ ਸ਼ਾਨਦਾਰ ਨੌਕਰੀਆਂ ਵੀ ਹਾਸਲ ਕੀਤੀਆਂ ਹਨ। ਹੁਣ ਬੀ. ਏ., ਐਮ. ਏ. ਕਰ ਵਧੀਆ ਨੌਕਰੀਆਂ ਦਾ ਜਮਾਨਾ ਲਦ ਗਿਆ। ਮੈਂ ਬਿਜਨਸ ਵਿਚ ਯੂ. ਪੀ., ਬਿਹਾਰ ਤੋਂ ਆਏ ਬੰਦਿਆਂ ਨੂੰ 50-60 ਹਜਾਰ ਮਹੀਨੇ ਤੱਕ ਕਮਾਉਂਦੇ ਦੇਖਿਆ ਹੈ। ਸਾਡੇ ਨੌਜਵਾਨ ਵਿਦੇਸ਼ ਵਿਚ ਕੁਝ ਵੀ ਕਰ ਲੈਣਗੇ, ਪਰ ਆਪਣੇ ਮੁਲਕ ਵਿਚ ਛੋਟੇ ਕੰਮਾਂ ਤੋਂ ਸ਼ਰਮ ਆਉਂਦੀ ਹੈ।
ਰਹੀ ਖੁਦਕਸ਼ੀਆਂ ਦੀ ਗੱਲ! ਤਾਂ ਇਸ ਲਈ ਸਮਾਜਕ ਕੁਰੀਤੀਆਂ ਨਾਲ ਆਡਾ ਲਾਉਣਾ ਪੈਣਾ ਹੈ, ਜਿਸ ਨਾਲ ਚਾਦਰ ਦੇਖ ਪੈਰ ਪਸਾਰਨ ਦਾ ਵੱਲ ਸਿੱਖਿਆ ਜਾ ਸਕੇ। ਸਰਕਾਰ ਕੋਈ ਵੀ ਆ ਜਾਵੇ, ਕਿਸੇ ਗਿੱਦੜਸਿੰਗੀ ਨਾਲ ਸਭ ਕੁਝ ਮੁਫਤ ਨਹੀਂ ਕਰ ਸਕਦੀ; ਨਾ ਹਮੇਸ਼ਾ ਕਰਜੇ ਮਾਫ ਕਰ ਸਕਦੀ ਹੈ। ਨੌਜਵਾਨਾਂ ਨੂੰ ਫੁਕਰੇ ਦਮਗਜੇ ਮਾਰਨ ਨਾਲੋਂ ਕਿੱਤਾਮੁਖੀ ਰਾਹ ਅਪਨਾਉਣ ਵੱਲ ਪ੍ਰੇਰਨ ਦੀ ਲੋੜ ਹੈ। ਇਨ੍ਹਾਂ ਨੂੰ ‘ਬਾਗੀ ਜਾਂ ਬਾਦਸ਼ਾਹ’ ਵਾਲੇ ਭੁਲੇਖਿਆਂ ਵਿਚੋਂ ਕੱਢ ਅੱਜ ਦੇ ਸਮੇਂ ਅਨੁਸਾਰ ਢਾਲਣ ਦੀ ਲੋੜ ਹੈ।
ਇਹ ਗੱਲ ਨਹੀਂ ਹੈ ਕਿ ਡਾ. ਸਾਹਿਬ ਇਸ ਤੱਥ ਤੋਂ ਜਾਣੂ ਨਾ ਹੋਣ ਕਿ ਕਿਸਾਨ ਅੰਦੋਲਨ ਨੂੰ ਜਿਸ ਅਫਰਾ-ਤਫਰੀ ਅਤੇ ਅਰਾਜਕਤਾ ਦੀ ਕਾਕਟੇਲ ਬਣਾ ਦਿੱਤਾ ਗਿਆ, ਕੁਝ ਵੀ ਸਾਰਥਕ ਹਾਸਲ ਕਰਨਾ ਅਸੰਭਵ ਬਣ ਗਿਆ ਸੀ। ਡਾ. ਸਾਹਿਬ ਨੂੰ ਬੇਨਤੀ ਹੈ ਕਿ ਤਸਵੀਰ ਦਾ ਦੂਜਾ ਪਾਸਾ ਵੀ ਬਿਆਨਣ। ਭਾਵੇਂ ਪਾਣੀ ਦੇ ਵਹਾਅ ਦੇ ਉਲਟ ਤਰਨਾ ਮੁਸ਼ਕਿਲ ਹੁੰਦਾ ਹੈ, ਪਰ ਡਾ. ਸਾਹਿਬ ਦੀ ਜਾਦੂਮਈ ਸਮਰੱਥ ਲੇਖਣੀ ਲਈ ਉਹ ਵੀ ਅਸੰਭਵ ਨਹੀਂ।
-ਹਰਜੀਤ ਦਿਉਲ, ਬਰੈਂਪਟਨ