ਦਾਣਾ-ਪਾਣੀ ਖਿੱਚ ਕੇ ਲਿਆਉਂਦਾ…

ਸਿ਼ਵਚਰਨ ਜੱਗੀ ਕੁੱਸਾ
ਮੇਰਾ ਪੁੱਤਰ ਕਬੀਰ ਜਦੋਂ ਛੋਟਾ ਸੀ ਤਾਂ ਬੜਾ ਸ਼ਰਾਰਤੀ ਸੀ। ਅਜੇ ਉਹ 14 ਕੁ ਸਾਲ ਦਾ ਸੀ ਤਾਂ ਉਹ ਕਈ ਦਿਨ ਮੈਨੂੰ ਬਾਤਾਂ ਜਿਹੀਆਂ ਪਾਉਂਦਾ ਰਿਹਾ, “ਡੈਡ ਕੁੱਤਾ ਲੈਣੈਂ…!” ਮੈਂ ਉਸ ਨੂੰ ਹੱਸ ਕੇ ਹੀ ਟਾਲਦਾ ਰਿਹਾ, “ਜਦੋਂ ਤੂੰ ਘਰ ‘ਚ ਹੈਗੈਂ, ਹੋਰ ਆਪਾਂ ਨੂੰ ਕਿਸੇ ਜਾਨਵਰ ਦੀ ਲੋੜ ਈ ਨ੍ਹੀਂ…!” ਇਕ ਦਿਨ ਸ਼ਾਮ ਨੂੰ ਮੈਂ ਕੁਦਰਤੀਂ ਘਰ ਹੀ ਸੀ ਤਾਂ ਉਸ ਦਾ ਫੋਨ ਆ ਗਿਆ, “ਡੈਡ ਮੈਂ ਟੈਸਕੋ ਕੋਲ ਖੜ੍ਹਾਂ, ਮੈਨੂੰ ਆ ਕੇ ਲੈ ਜਾਵੋਂਗੇ ਪਲੀਜ਼?” ਖੈਰ, ਮੈਂ ਕਾਰ ਦੀ ਚਾਬੀ ਚੁੱਕੀ ਅਤੇ ਉਸ ਨੂੰ ਲੈਣ ਤੁਰ ਪਿਆ। ਟੈਸਕੋ ਵਾਲੇ ਪੈਟਰੋਲ ਪੰਪ ਦੇ ਕੋਲ ਉਹ ਇਕੱਲਾ ਨਹੀਂ, ਇਕ ਕੁੱਤੀ ਦਾ ਪਟਾ ਜਿਹਾ ਫੜੀ ਖੜ੍ਹਾ ਸੀ। ਮੈਨੂੰ ਖੁੜਕ ਗਈ ਕਿ ਕਬੀਰ ਸਾਹਿਬ ਕਿਸੇ ਮਿੱਤਰ ਤੋਂ ਕੁੱਤੀ ਲੈ ਆਏ ਹਨ।

“ਓਹ ਕਬੀਰ, ਇਹ ਕੁਤੀੜ੍ਹ ਜ੍ਹੀ ਕਿੱਥੋਂ ਫੜ ਲਿਆਇਆ…?” ਮੈਂ ਕਾਰ ਵਿਚ ਵੜਦੇ ਨੂੰ ਉਸ ਨੂੰ ਕੌੜਿਆ।
“ਇੱਕ ਦੋਸਤ ਕੁੜੀ ਨੇ ਦਿੱਤੀ ਐ, ਡੈਡ…!” ਉਸ ਨੇ ਝਿਜਕਦਿਆਂ ਕਿਹਾ। ਇੰਨੇ ਚਿਰ ਨੂੰ ਕੁੱਤੀ ਵੀ ਛਾਲ ਮਾਰ ਕੇ ਕਾਰ ਵਿਚ ਚੜ੍ਹ ਆਈ ਸੀ ਅਤੇ ਪਟਰਾਣੀ ਬਣ ਮੌਜ ਨਾਲ ਮੇਰੇ ਬਰਾਬਰ ਦੀ ਸੀਟ ‘ਤੇ ਬਿਰਾਜਮਾਨ ਹੋ ਚੁਕੀ ਸੀ। ਉਸ ਨੇ ਦੋ ਕੁ ਵਾਰ ਮੇਰੇ ਹੱਥ ਨੂੰ ਜੀਭ ਨਾਲ ਚੱਟਿਆ। ਮੇਰ ਜਿਹੀ ਕੀਤੀ। ਮੈਂ ਵੀ ਬਜੁਰਗ ਵਾਂਗ ਉਸ ਦਾ ਸਿਰ ਜਿਹਾ ਪਲੋਸਣ ਲੱਗ ਪਿਆ ਅਤੇ ਘਰ ਲੈ ਆਇਆ…।
ਮੇਰੇ ਸਕੂਲ ਮੌਕੇ ਖਾਸ ਤੌਰ ‘ਤੇ ਪੰਜਾਬ ਵਿਚ ਕੁੱਤਿਆਂ ਨਾਲ ਮੇਰਾ ਖਾਸ ਮੋਹ ਰਿਹਾ ਹੈ। ਸਾਡੇ ਖੇਤ ਦੋ ਕੁੱਤੇ, ‘ਮੌਜੀ’ ਅਤੇ ‘ਮੋਤੀ’ ਰੱਖੇ ਹੋਏ ਸਨ। ਸ਼ੇਰਾਂ ਵਰਗੇ ਕੌੜ ਕੁੱਤੇ! ਇਕ ਕੁੱਤੀ ਰੱਖੀ ਹੋਈ ਸੀ, ਜਿਸ ਦਾ ਨਾਂ ‘ਮੀਨਾਂ’ ਸੀ। ਸਾਡੀ ਜ਼ਮੀਨ ਦੋ ਥਾਂ ਸੀ। ਇਕ ‘ਖੂਹ ਵਾਲਾ’ ਖੇਤ ਅਤੇ ਦੂਜਾ ‘ਢਾਬ ਵਾਲਾ’ ਖੇਤ ਵੱਜਦਾ ਸੀ। ਕੁੱਤਿਆਂ ਵਿਚ ਇਹ ਗੁਣ ਸੀ ਕਿ ਜਿੰਨਾ ਚਿਰ ਕੋਈ ਪਸ਼ੂ ਸਾਡੇ ਖੇਤ ਦੀ ਜੂਹ ਤੋਂ ਪਰ੍ਹੇ ਹੁੰਦਾ ਸੀ, ਤਾਂ ਉਹ ਕੰਨ ਚੁੱਕ ਕੇ ਵੇਖਦੇ ਰਹਿੰਦੇ, ਪਰ ਜਦ ਪਸ਼ੂ ਸਾਡੀ ਜ਼ਮੀਨ ਵਿਚ ਆ ਵੜਦਾ ਤਾਂ ਉਹ ਛੂਟ ਵੱਟ ਲੈਂਦੇ ਅਤੇ ਪਸ਼ੂ ਨੂੰ ਪਹਿਲਾਂ ਖੋਤੀ-ਗੇੜ ਭਜਾਉਂਦੇ ਅਤੇ ਫਿਰ ਪਿੰਡ ਵਾੜ ਕੇ ਆਉਂਦੇ। ਇਹੀ ਕਾਰਨ ਸੀ ਕਿ ਛੇਤੀ ਕੀਤੇ ਸਿਆਣਾ ਪਸ਼ੂ ਸਾਡੀ ਜ਼ਮੀਨ ਵਿਚ ਨਹੀਂ ਸੀ ਵੜਦਾ। ਜੇ ਕੋਈ ਪਸ਼ੂ ਦੂਜੀ ਵਾਰ ਫਸਲ ਵਿਚ ਵੜਨ ਦੀ ਗਲਤੀ ਕਰ ਲੈਂਦਾ ਤਾਂ ਮੌਜੀ ਹੋਰੀਂ ਉਸ ਦੇ ਗਿੱਟੇ ਲਹੂ-ਲੁਹਾਣ ਕਰ ਦਿੰਦੇ!
ਮੌਜੀ ਅਤੇ ਮੋਤੀ ਇੱਕੋ ਮਾਂ ਦੇ ਜਾਏ ਭਰਾ ਵੀ ਸਨ ਅਤੇ ਹਮ-ਉਮਰ ਵੀ। ਇਕ ਵਾਰ ਸਾਡੇ ਗੁਆਂਢ ਖੇਤ ਵਾਲਾ ਤਾਇਆ ਲਾਲ ਸਿੰਘ ਪਹੀ-ਪਹੀ ਤੁਰਿਆ ਖੇਤ ਨੂੰ ਆ ਰਿਹਾ ਸੀ। ਛੇਤੀ ਕੀਤੇ ਕੁੱਤੇ ਕਿਸੇ ਬੰਦੇ ਨੂੰ ਕੁਝ ਨਹੀਂ ਆਖਦੇ ਸਨ। ਭੌਂਕਦੇ ਤਾਂ ਉਹ ਬਹੁਤ ਹੀ ਘੱਟ ਸਨ। ਬੱਸ ਐਕਸ਼ਨ ਹੀ ਕਰਦੇ ਸਨ। ਤਾਇਆ ਲਾਲ ਸਿੰਘ ਦੀਆਂ ਕਲਕੱਤੇ ਦੋ ਗੱਡੀਆਂ ਪਾਈਆਂ ਹੋਈਆਂ ਸਨ ਅਤੇ ਉਹ ਬਹੁਤ ਹੀ ਘੱਟ ਪਿੰਡ ਗੇੜਾ ਮਾਰਦਾ ਸੀ।
ਆਉਂਦੇ ਤਾਏ ਨੂੰ ਦੇਖ ਕੇ ਕੁੱਤੇ ਕੰਨ ਚੁੱਕੀ ਮੇਰੇ ਕੋਲ਼ ਖੜ੍ਹੇ ਹੀ ਜਾਇਜਾ ਜਿਹਾ ਲੈ ਰਹੇ ਸਨ। ਮੈਂ ਟਿਊਬਵੈੱਲ ਕੋਲ਼ ਬੈਠਾ ਸਕੂਲ ਦਾ ਕੰਮ ਕਰ ਰਿਹਾ ਸੀ। ਉਦੋਂ ਮੈਂ ਸ਼ਾਇਦ ਅੱਠਵੀਂ ਵਿਚ ਪੜ੍ਹਦਾ ਸੀ।
“ਆਹ ਕਤੀੜ੍ਹ ਕਿੱਡੇ ਕਿੱਡੇ ਰੱਖੇ ਐ ਉਏ, ਇਨ੍ਹਾਂ ਤੋਂ ਕਿਸੇ ਨੂੰ ਮਰਵਾਉਣੈਂ…?” ਬੋਲਣ ਵੱਲੋਂ ਤਾਇਆ ਬੜਾ ਅੱਖੜ ਬੰਦਾ ਸੀ। ਬੱਸ ਐਨਾ ਆਖਣ ਦੀ ਦੇਰ ਸੀ ਕਿ ਕੁੱਤਿਆਂ ਨੇ ਭਾਂਪ ਲਿਆ ਕਿ ਇਹ ਦੁਰਭਾਸ਼ਾ ਸਾਡੇ ਲਈ ਹੀ ਵਰਤੀ ਗਈ ਹੈ। ਕੁੱਤਾ ਅਤੇ ਘੋੜਾ ਬੜੀ ਸਿਆਣੀ ਜ਼ਾਤ ਹੈ। ਸੁਣਦਿਆਂ ਹੀ ਮੌਜੀ ਨੇ ਆਪਣੇ ਪੌਡੇ ਤਾਏ ਦੀ ਹਿੱਕ ਨੂੰ ਜਾ ਲਾਏ। ਉਸ ਦੇ ਮਗਰ ਮੋਤੀ ਕਰੋਧ ਵਿਚ ਉਸ ਦਾ ‘ਬਾਡੀਗਾਰਡ’ ਬਣਿਆ ਲਾਲ ਅੱਖਾਂ ਕਰੀ ਖੜ੍ਹਾ ਸੀ। ਰਿੱਛ ਜਿੱਡੇ ਕੁੱਤੇ ਦੇ ਛਾਤੀ ਨੂੰ ਲੱਗੇ ਪੌਡੇ ਦੇਖ ਕੇ ਤਾਏ ਦੇ ਆਪਣੇ “ਕੁੱਤੇ ਫੇਲ੍ਹ” ਹੋ ਗਏ ਅਤੇ ਸਾਹ ਮਗਜ ਨੂੰ ਚੜ੍ਹ ਗਏ। ਮੈਂ ਵੀ ਖਤਰਾ ਮਹਿਸੂਸ ਕਰਕੇ ਕਾਪੀ ਪੈੱਨ ਸੁੱਟ ਕੇ ਉਠ ਖੜ੍ਹਿਆ, “ਤਾਇਆ ਜੀ, ਹੁਣ ਬੋਲਿਓ ਨਾ…! ਚੁੱਪ ਕਰਕੇ ਖੜ੍ਹੇ ਰਿਹੋ! ਨਹੀਂ ਇਹ ਥੋਨੂੰ ਪਾੜ ਦੇਣਗੇ!” ਮੈਂ ਖਬਰਦਾਰ ਕੀਤਾ। ਬੋਲਣ ਜੋਕਰਾ ਤਾਂ ਤਾਇਆ ਪਹਿਲਾਂ ਹੀ ਨਹੀਂ ਸੀ ਰਿਹਾ। ਉਸ ਦਾ ਬਲੱਡ ਤਾਂ ਪਹਿਲਾਂ ਹੀ ਘਟ ਗਿਆ ਸੀ ਅਤੇ ਉਹ ਠੱਕੇ ਦੀ ਮਾਰੀ ਬੱਕਰੀ ਵਾਂਗ ਕੰਬੀ ਜਾ ਰਿਹਾ ਸੀ। ਮੈਂ ਜਾ ਕੇ ਮੌਜੀ ਦੇ ਚੁਪੇੜ ਜਿਹੀ ਮਾਰੀ ਅਤੇ ਮੋਤੀ ਨੂੰ ਵੀ ਦਬਕਿਆ। ਆਦਮ ਕੱਦ ਕੁੱਤੇ ਮੇਰੇ ਬੜੇ ਹੀ ਆਗਿਆਕਾਰ ਸਨ। ਖੈਰ, ਮੇਰੇ ਇਸ਼ਾਰੇ ‘ਤੇ ਮੌਜੀ ਨੇ ਤਾਏ ਦੀ ਛਾਤੀ ਤੋਂ ਪੌਡੇ ਚੁੱਕ ਲਏ ਅਤੇ ਦੋਨੋਂ ਕੁੱਤੇ ਬਕਰੈਣ ਥੱਲੇ ਆ ਕੇ ਅਰਾਮ ਨਾਲ ਬੈਠ ਗਏ।
ਮੈਂ ਕਦੇ-ਕਦੇ ਮੋਤੀ ਅਤੇ ਮੌਜੀ ਦੇ ਉਪਰ ‘ਘੋੜ-ਸਵਾਰੀ’ ਵੀ ਕਰ ਲੈਂਦਾ ਸੀ। ਮੈਂ ਕੰਨ ਫੜ ਕੇ ਉਨ੍ਹਾਂ ਦੇ ਉਪਰ ਬੈਠ ਜਾਣਾ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਗੁੱਸੇ ਹੋਣਾ, “ਉਏ ਯਧ ਕਮਲਿਆ, ਥੱਲੇ ਉਤਰ…! ਇਹਦੀ ਢੂਹੀ ਤੋੜਦੇਂਗਾ!” ਜੇ ਕਿਤੇ ਮੋਤੀ ਅਤੇ ਮੌਜੀ ਨੂੰ ਖੇਤ ਵਿਚ ਪਏ ਪਸ਼ੂ ਬਾਰੇ ਨਾ ਪਤਾ ਚੱਲਣਾ ਤਾਂ ਮੈਂ ਦੇਖ ਕੇ ਸਿਰਫ ਇਤਨਾ ਹੀ ਆਖਣਾ, “ਚੱਕ ਮੋਤੀ…!” ਬੱਸ ਐਨੀ ਗੱਲ ਉਨ੍ਹਾਂ ਨੂੰ ‘ਵਾਧੂ’ ਹੁੰਦੀ ਸੀ ਅਤੇ ਉਹ ਸੁਹਿਰਦ ਫੌਜੀ ਵਾਂਗ ਸਿਰਤੋੜ ਭੱਜਦੇ ਅਤੇ ਇਕੱਲੇ ਹੀ ਪਸ਼ੂ ਫਸਲ ‘ਚੋਂ ਬਾਹਰ ਕੱਢ ਕੇ ਆਉਂਦੇ! ਉਨ੍ਹਾਂ ਦੇ ਨਾਲ ਭੱਜਣ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਸੀ। ਉਹ ਪੈਂਦੇ ਵੀ ਸਿਰਫ ਪਸ਼ੂ ਦੇ ਗਿੱਟਿਆਂ ਨੂੰ ਹੀ ਸਨ। ਜਦੋਂ ਮੈਂ ਸਕੂਲੋਂ ਆਉਣਾ ਤਾਂ ਕਿਤਾਬਾਂ ਵਾਲਾ ਝੋਲਾ ਰੱਖ ਸਿੱਧਾ ਖੇਤ ਨੂੰ ਤੁਰ ਜਾਣਾ। ਜਦੋਂ ਮੈਂ ਛੱਪੜ ਵਾਲੀ ਡੰਡੀ ‘ਤੇ ਹੋਣਾ ਤਾਂ ਦੋਹਾਂ ਕੁੱਤਿਆਂ ਨੇ ਕਰੀਬ ਇਕ ਕਿਲੋਮੀਟਰ ਭੱਜ ਕੇ ਆ ਕੇ ਮੇਰਾ ਸੁਆਗਤ ਕਰਨਾ ਅਤੇ ਮੇਰੇ ਗੋਡੇ-ਲੱਤਾਂ ਚੱਟਦਿਆਂ, ਮੈਨੂੰ ਅਗਵਾਈ ਦੇ ਕੇ ਖੇਤ ਲੈ ਕੇ ਜਾਣਾ। ਨਾਲ ਦੇ ਖੇਤਾਂ ਵਾਲੇ ਇਨ੍ਹਾਂ ਤੋਂ ਭੈਅ ਖਾਂਦੇ ਸਨ।
ਮੀਨਾਂ ਬਹੁਤ ਹੀ ਸਾਊ ਕੁੱਤੀ ਸੀ। ਨਾ ਤਾਂ ਉਹ ਕਿਸੇ ਨੂੰ ਵੱਢਦੀ ਸੀ ਅਤੇ ਨਾ ਹੀ ਕਦੇ ਭੌਂਕਦੀ ਸੀ। ਬੱਸ ਉਹ ਚੁੱਪ ਚਾਪ ਹੀ ਕੋਲ ਆ ਕੇ, ਨੀਵੀਂ ਜਿਹੀ ਪਾ ਕੇ ਪੂਛ ਹਿਲਾਉਂਦੀ ਰਹਿੰਦੀ। ਹਾਂ, ਬੱਚੇ ਦੇਣ ਵੇਲੇ ਉਹ ਜ਼ਰੂਰ ਕੌੜ ਹੋ ਜਾਂਦੀ। ਇਹ ਗੱਲ ਸਮਝ ਆਉਣ ਵਾਲੀ ਵੀ ਸੀ! ਬੱਚਿਆਂ ਦੀ ਰਾਖੀ ਕਰਨੀ ਮਾਂ ਦਾ ਫਰਜ਼ ਵੀ ਹੈ ਅਤੇ ਕਰਮ ਵੀ! ਮੌਜੀ ਅਤੇ ਮੋਤੀ ਉਸ ਦੇ ਹੀ ਬੱਚੇ ਸਨ। ਜਦ ਉਹ ਬੱਚੇ ਦਿੰਦੀ, ਤਾਂ ਸਾਡੇ ਤੂੜੀ ਵਾਲੇ ਕੋਠੇ ‘ਚ ਹੀ ਦਿੰਦੀ। ਜਦੋਂ ਉਸ ਦੇ ਬੱਚੇ ਦਿੱਤੇ ਹੁੰਦੇ ਤਾਂ ਉਸ ਤੂੜੀ ਵਾਲੇ ਕੋਠੇ ਵਿਚ ਸਿਰਫ ਦੋ ਬੰਦੇ ਜਾ ਸਕਦੇ ਸਨ, ਇਕ ਮੈਂ ਅਤੇ ਇੱਕ ਮੇਰੇ ਦਾਦਾ ਜੀ! ਹੋਰ ਉਹ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੀ ਸੀ। ਬੁਰੀ ਤਰ੍ਹਾਂ ਘੂਰਦੀ ਅਤੇ ਕਰੋਧੀ ਹੋਈ ਵੱਢਣ ਵੀ ਆਉਂਦੀ। ਇਕ ਵਾਰ ਸਾਡਾ ਸੀਰੀ ਜੈਬਾ ਅੰਦਰ ਤੂੜੀ ਲੈਣ ਜਾ ਵੜਿਆ। ਮੀਨਾਂ ਦੇ ਬੱਚੇ ਦਿੱਤੇ ਹੋਏ ਸਨ। ਮੀਨਾਂ ਉਸ ਦੇ ਬੁਰੀ ਤਰ੍ਹਾਂ ਮਗਰ ਪੈ ਗਈ। ਉਹ ਦੁਹਾਈ ਦਿੰਦਾ ਮੇਰੇ ਵੱਲ ਭੱਜਿਆ ਆਵੇ, “ਜੱਗਿਆ ਬਚਾਈਂ ਉਏ ਛੋਟੇ ਭਾਈ, ਮੇਰੇ ਦੰਦ ਮਾਰੂਗੀ ਸਹੁਰੀ…!” ਮੈਂ ਉਠ ਕੇ ਮੀਨਾਂ ਨੂੰ ਘੂਰ ਕੇ ਪੈਰ ਦੜੱਕਾ ਜਿਹਾ ਮਾਰਿਆ, ਉਹ ਉਥੇ ਹੀ ਰੁਕ ਗਈ। ਮੈਂ ਉਸ ਦਾ ਕੰਨ ਫੜ ਕੇ ਫਿਰ ਤੂੜੀ ਵਾਲੇ ਕੋਠੇ ਵਿਚ ਉਸ ਦੇ ਬੱਚਿਆਂ ਕੋਲ ਛੱਡ ਆਇਆ।
ਹਾੜ੍ਹੀ ਦੀ ਵਾਢੀ ਚੱਲ ਰਹੀ ਸੀ। ਮੈਂ ਸਕੂਲੋਂ ਘਰ ਆਇਆ ਤਾਂ ਬੇਬੇ (ਦਾਦੀ) ਨੇ ਚਾਹ ਦਾ ਡੋਲਣਾ ਹੱਥ ਫੜਾ ਦਿੱਤਾ, “ਤੂੰ ਖੇਤ ਤਾਂ ਜਾਣਾਂ ਈ ਐਂ ਪੁੱਤ, ਮੁੰਡਿਆਂ ਦੀ ਚਾਹ ਵੀ ਲੈਂਦਾ ਜਾਹ, ਸਵੇਰ ਦੇ ਲੱਗੇ ਵੇ ਐ ਜਿਉਣ ਜੋਕਰੇ!” ਮੈਂ ਡੋਲਣਾ ਫੜ ਕੇ ਖੇਤ ਨੂੰ ਤੁਰ ਪਿਆ। ਆਮ ਵਾਂਗ ਮੌਜੀ ਅਤੇ ਮੋਤੀ ਨੇ ਮੇਰਾ ਡੰਡੀ ‘ਤੇ ਹੀ ਸੁਆਗਤ ਕੀਤਾ। ਜਦ ਖੇਤ ਗਿਆ ਤਾਂ ਮੀਨਾਂ ਨਜ਼ਰ ਨਾ ਆਈ। ਕਿਉਂਕਿ ਮੀਨਾਂ ਮੇਰੇ ਕੋਲ ਕਦੇ ਵੀ ਭੱਜ ਕੇ ਡੰਡੀ ‘ਤੇ ਨਹੀਂ ਸੀ ਆਉਂਦੀ। ਜਦ ਮੈਂ ਖੇਤ ਪਹੁੰਚਦਾ ਤਾਂ ਉਹ ਸਤਿਕਾਰ ਜਿਹੇ ਨਾਲ ਪੂਛ ਹਿਲਾ ਕੇ ਮੇਰੇ ਕੋਲ ਆਉਂਦੀ ਅਤੇ ਮੇਰੇ ਪੈਰ ਚੱਟਦੀ, ਪਰ ਅੱਜ ਮੀਨਾਂ ਮੈਨੂੰ ਨਾ ਦਿਸੀ। ਮੈਂ ਚਾਹ ਵਰਤਾਉਂਦਿਆਂ ਸਾਡੇ ਦੂਜੇ ਸੀਰੀ ਚਾਚੇ ਗਾਮੇ ਨੂੰ ਪੁੱਛਿਆ, “ਚਾਚਾ ਜੀ ਮੀਨਾਂ ਨ੍ਹੀ ਦੀਂਹਦੀ ਕਿਤੇ?” ਤਾਂ ਚਾਹ ਦੀ ਚੁਸਕੀ ਲੈ ਕੇ ਉਸ ਨੇ ਬੜੇ ਮਜ਼ਾਜ਼ ਨਾਲ ਦੱਸਿਆ, “ਉਹਨੂੰ ਹਲਕਿਆ ਕੁੱਤਾ ਦੰਦ ਮਾਰ ਗਿਆ ਸੀ, ਅੱਜ ਕੁੱਟ ਕੇ ਮਾਰੀ ਐ…!” ਮੇਰੇ ਸਿਰ ਨੂੰ ਚੱਕਰ ਆਇਆ, “ਥੋਨੂੰ ਕੀ ਪਤੈ ਬਈ ਉਹਨੂੰ ਹਲਕਿਆ ਕੁੱਤਾ ਦੰਦ ਮਾਰ ਗਿਆ ਸੀ?” ਮੇਰੇ ਸਿਰ ਵਿਚ ਭੰਮੀਰੀਆਂ ਘੁਕੀ ਜਾ ਰਹੀਆਂ ਸਨ, “ਹਰਨਾਮ ਦੱਸਦਾ ਸੀ…!” ਕਿਸੇ ਦੇ ਮੂੰਹ ਹਿਲਾਉਣ ‘ਤੇ ਹੀ, ਬਿਨਾ ਕਿਸੇ ਤਹਿਕੀਕਾਤ ਤੋਂ ਕਿਸੇ ਬੇਜ਼ੁਬਾਨ ਬੇਦੋਸ਼ੇ ਜਾਨਵਰ ਨੂੰ ਕੁੱਟ ਕੇ ਮਾਰ ਦੇਣਾਂ, ਕਿਧਰਲੀ ਇਨਸਾਨੀਅਤ ਹੈ? ਮੇਰਾ ਸਰੀਰ ਝੂਠਾ ਪਿਆ ਹੋਇਆ ਸੀ।
“ਕਿੱਥੇ ਮਾਰੀ ਐ…?” ਮੈਂ ਬੌਂਦਲਿਆ ਹੋਇਆ ਪੁੱਛ ਰਿਹਾ ਸਾਂ। ਮੇਰੇ ਕੰਨਾਂ ਵਿਚ ਬਿੰਡੇ ਟਿਆਂਕੀ ਜਾ ਰਹੇ ਸਨ।
“ਔਹ ਆਪਣੀ ਪਰਲੀ ਜ਼ਮੀਨ ‘ਚ, ਕਣਕ ਦੀ ਮੰਡਲੀ ਕੋਲੇ…!” ਚਾਚਾ ਬੜੇ ਸ਼ਾਂਤਮਈ ਢੰਗ ਨਾਲ ਗੱਲਾਂ ਕਰ ਰਿਹਾ ਸੀ। ਜਿਵੇਂ ਕੁਝ ਹੋਇਆ ਹੀ ਨਹੀਂ ਸੀ, ਪਰ ਕਰੋਧ ਮੇਰੇ ਸਿਰ ਨੂੰ ਬਾਰੂਦ ਬਣ ਚੜ੍ਹਦਾ ਜਾ ਰਿਹਾ ਸੀ। ਮੈਂ ਸਾਡੇ ਕਿਸੇ ਵੀ ਸੀਰੀ ਨੂੰ ਕਦੇ ਵੀ ਕੌੜਾ ਬਚਨ ਨਹੀਂ ਕੀਤਾ ਸੀ।
ਮੈਂ ਚਾਹ ਵਾਲਾ ਡੋਲਣਾ ਰੱਖ ਸਿਰਤੋੜ ਮੰਡਲੀ ਵੱਲ ਨੂੰ ਦੌੜ ਪਿਆ।
ਜਦ ਜਾ ਕੇ ਦੇਖਿਆ ਤਾਂ ਮੀਨਾਂ ਦੀ ਲਾਸ਼ ਪਈ ਸੀ। ਅੱਖਾਂ ਖੁੱਲ੍ਹੀਆਂ ਸਨ ਅਤੇ ਨੱਕ ਮੂੰਹ ‘ਚੋਂ ਖੂਨ ਨਿਕਲ ਕੇ ਸੁੱਕ ਚੁੱਕਾ ਸੀ। ਦੇਖ ਕੇ ਮੇਰਾ ਦਿਲ ਦੋਫਾੜ ਹੋ ਗਿਆ ਅਤੇ ਮੇਰਾ ਉਚੀ-ਉਚੀ ਰੋਣ ਨਿਕਲ ਗਿਆ। ਹਰ ਰੋਜ਼ ਮੇਰੇ ਪੈਰ ਚੱਟ ਕੇ ਮੇਰਾ ਸੁਆਗਤ ਕਰਨ ਵਾਲੀ ਮੀਨਾਂ ਜੱਗ ਜਹਾਨ ਛੱਡ ਪਤਾ ਨਹੀਂ ਕਿੱਧਰ ਤੁਰ ਗਈ ਸੀ? ਜਾਂ ਮੱਲੋਮੱਲੀ ਤੋਰ ਦਿੱਤੀ ਗਈ ਸੀ! ਮੇਰੇ ਸਿਰ ਨੂੰ ਐਸਾ ਗੁੱਸਾ ਗੁੱਸਾ ਚੜ੍ਹਿਆ ਕਿ ਮੈਂ ਸਾਰੇ ਹਾੜ੍ਹੀ ਵੱਢਦਿਆਂ ਨੂੰ ਉਚੀ-ਉਚੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, “ਉਏ ਤੁਸੀਂ ਮੇਰੀ ਮੀਨਾਂ ਮਾਰ`ਤੀ ਉਏ ਥੋਡੀ ਭੈਣ ਦੀ…! ਉਏ ਤੁਸੀਂ ਬਿਨਾ ਗੱਲੋਂ ਮੇਰੀ ਮੀਨਾਂ ਮਾਰਤੀ ਉਏ…!”
ਕੋਈ ਨਾ ਬੋਲਿਆ। ਕਿਸੇ ਨੇ ‘ਚੂੰ’ ਵੀ ਨਾ ਕੀਤੀ। ਮੈਂ ਲਾਸ਼ ਕੋਲ ਬੈਠ ਕੇ ਮੀਨਾਂ ਦੀਆਂ ਖੁੱਲ੍ਹੀਆਂ ਅੱਖਾਂ ਬੰਦ ਕੀਤੀਆਂ ਅਤੇ ਹੁਬਕੀਏਂ ਰੋਂਦਾ ਪਹੀ-ਪਹੀ ਪਿੰਡ ਨੂੰ ਤੁਰ ਪਿਆ। ਰਾਹ ਵਿਚ ਮੇਰੇ ਦਾਦਾ ਜੀ ਨੇ ਮੈਨੂੰ ਖਾਲੀ ਡੋਲਣਾ ਫੜਾਉਣਾ ਚਾਹਿਆ, ਪਰ ਮੈਂ ਡੋਲਣਾ ਫੜ ਖੇਤ ਵਿਚ ਚਲਾ ਕੇ ਮਾਰਿਆ ਅਤੇ ਚੱਕਵੇਂ ਪੈਰੀਂ ਪਿੰਡ ਨੂੰ ਤੁਰ ਪਿਆ। ਮੇਰਾ ਰੋਣਾ ਬੰਦ ਨਹੀਂ ਹੁੰਦਾ ਸੀ। ਦਾਦਾ ਜੀ ਨਾਲ ਮੇਰੀ ਇਹ ਸ਼ਾਇਦ ਜਿ਼ੰਦਗੀ ਦੀ ਪਹਿਲੀ ਬਦਸਲੂਕੀ ਸੀ। ਦਾਦਾ ਜੀ ਨੇ ਵੀ ਹਾਲਾਤ ਦੇਖ ਕੇ ਮੈਨੂੰ ਕੁਝ ਨਾ ਕਿਹਾ। ਉਨ੍ਹਾਂ ਨੂੰ ਭਲੀ ਭਾਂਤ ਪਤਾ ਸੀ ਕਿ ਮੈਂ ਤਿੰਨਾਂ ਕੁੱਤਿਆਂ ਨੂੰ ਕਿੰਨਾ ਮੋਹ ਕਰਦਾ ਸਾਂ।
ਘਰ ਆ ਕੇ ਮੈਂ ਬੇਬੇ ਨੂੰ ਸਵਾ ਗਜ ਖੱਦਰ ਦੇਣ ਬਾਰੇ ਕਿਹਾ।
“ਖੱਦਰ ਕੀ ਕਰਨੈਂ ਮੇਰੇ ਪੁੱਤ ਨੇ…?” ਬੇਬੇ ਨੇ ਬੜੇ ਪਿਆਰ ਨਾਲ ਪੁੱਛਿਆ।
ਮੇਰਾ ਫਿਰ ਭੁੱਬ ਵਾਂਗ ਉਚੀ-ਉਚੀ ਰੋਣ ਨਿਕਲ ਗਿਆ।
“ਉਨ੍ਹਾਂ ਮੇਰੇ ਸਾਲਿਆਂ ਨੇ ਆਪਣੀ ਮੀਨਾਂ ਮਾਰ`ਤੀ, ਅਖੇ ਇਹਨੂੰ ਹਲਕਿਆ ਕੁੱਤਾ ਵੱਢ ਗਿਆ।” ਸ਼ਾਇਦ ਬੇਬੇ ਨੂੰ ਵੀ ਪਤਾ ਸੀ। ਉਸ ਨੇ ਮੈਨੂੰ ਸਵਾ ਗਜ ਖੱਦਰ ਪਾੜ ਕੇ ਦੇ ਦਿੱਤਾ ਅਤੇ ਮੈਂ ਚੁੱਪ ਚਾਪ ਰੋਂਦਾ ਖੇਤ ਨੂੰ ਤੁਰ ਪਿਆ। ਖੇਤ ਆ ਕੇ ਮੈਂ ਕਹੀ ਲਈ ਅਤੇ ਮੀਨਾਂ ਦੀ ਲਾਸ਼ ਕੋਲ ਜਾ ਕੇ ਟੋਆ ਪੁੱਟਣਾਂ ਸ਼ੁਰੂ ਕਰ ਦਿੱਤਾ। ਮੈਨੂੰ ਟੋਆ ਪੁੱਟਦੇ ਨੂੰ ਦੇਖ ਕੇ ਜੈਬਾ ਕਣਕ ਵੱਢਣੀਂ ਛੱਡ ਮੇਰੇ ਕੋਲ ਆ ਗਿਆ, “ਪਰ੍ਹੇ ਹਟ ਛੋਟੇ ਭਾਈ, ਟੋਆ ਮੈਂ ਪੱਟਦੈਂ!” ਉਸ ਨੇ ਆਖਿਆ ਤਾਂ ਮੇਰੇ ਗੁੱਸੇ ਨੂੰ ਹੋਰ ਲਾਂਬੂ ਲੱਗ ਗਿਆ।
“ਬਾਈ ਜੈਬਿਆ, ਵਾਪਸ ਖੇਤ ਚਲਿਆ ਜਾਹ, ਨਹੀਂ ਆਹ ਕਹੀ ਨਾਲ ਤੇਰੇ ਟੋਟੇ ਨਾ ਹੋ ਜਾਣ…!” ਮੈਂ ਟੋਆ ਪੁੱਟਦਾ ਪੁੱਟਦਾ ਨਾਲ ਦੀ ਨਾਲ ਉਚੀ-ਉਚੀ ਰੋਈ ਵੀ ਜਾ ਰਿਹਾ ਸਾਂ। ਮੋਟੇ-ਮੋਟੇ ਹੰਝੂ ਮੇਰੀ ਹਿੱਕ ‘ਤੇ ‘ਤ੍ਰਿੱਪ-ਤ੍ਰਿੱਪ’ ਡਿੱਗੀ ਜਾ ਰਹੇ ਸਨ। ਜੈਬਾ ਚੁੱਪ ਚਾਪ ਖੇਤ ਤੁਰ ਗਿਆ। ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਜੈਬਾ, ਮੇਜਰ ਅਤੇ ਚਾਚਾ ਗਾਮਾ ਸਾਡੇ ਨਾਲ ਸੀਰੀ ਚੱਲੇ ਆ ਰਹੇ ਸਨ, ਮੈਂ ਉਨ੍ਹਾਂ ਨਾਲ ‘ਬਾਈ ਜੀ’ ਜਾਂ ‘ਚਾਚਾ ਜੀ’ ਤੋਂ ਬਿਨਾ ਗੱਲ ਨਹੀਂ ਕੀਤੀ ਸੀ, ਪਰ ਅੱਜ ਗੱਲ ਮੇਰੇ ਵੱਸੋਂ ਬਾਹਰ ਹੋਈ ਪਈ ਸੀ। ਮੀਨਾਂ ਦੀ ਲਾਸ਼ ਮੇਰੇ ਕਰੋਧ ਨੂੰ ਪੁਲੀਤਾ ਲਾਈ ਜਾ ਰਹੀ ਸੀ। ਮੈਂ ਮੁੜ੍ਹਕੋ-ਮੁੜ੍ਹਕੀ ਹੋਏ ਨੇ ਟੋਆ ਪੁੱਟ ਕੇ ਖੱਦਰ ਦਾ ਟੋਟਾ ਵਿਛਾਇਆ। ਫਿਰ ਮੀਨਾਂ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਖੱਦਰ ਉਪਰ ਲਿਟਾ ਕੇ ਉਸ ਨੂੰ ਸਹਿਜ ਨਾਲ ਲਪੇਟਿਆ। ਨਾਲ ਦੀ ਨਾਲ ਮੈਂ ਰੋਂਦਾ “ਵਾਹਿਗੁਰੂ-ਵਾਹਿਗੁਰੂ” ਦਾ ਜਾਪ ਵੀ ਕਰੀ ਜਾ ਰਿਹਾ ਸਾਂ। ਫਿਰ ਬੜੇ ਅਦਬ ਨਾਲ ਉਸ ਨੂੰ ਟੋਏ ਵਿਚ ਰੱਖਿਆ ਅਤੇ ਜਾਪ ਕਰਦਿਆਂ ਹੀ ਮਿੱਟੀ ਪਾ ਦਿੱਤੀ।
ਫਿਰ ਖੇਤੋਂ ਇਕ ਕਿੱਕਰ ਦਾ ਡਾਹਣਾ ਲਿਆ ਕੇ ਉਸ ਦੇ ਦਫਨਾਉਣ ਵਾਲੀ ਜਗ੍ਹਾ ‘ਤੇ ਰੱਖਿਆ ਕਿ ਰਾਤ ਨੂੰ ਅਵਾਰਾ ਕੁੱਤੇ ਇਸ ਦੀ ਲਾਸ਼ ਦੀ ਖੇਹ-ਖਰਾਬੀ ਨਾ ਕਰ ਜਾਣ। ਵੈਸੇ ਛੇਤੀ ਕੀਤੇ ਮੋਤੀ ਅਤੇ ਮੌਜੀ ਅਵਾਰਾ ਕੁੱਤਿਆਂ ਨੂੰ ਖੇਤ ਵਿਚ ਵੜਨ ਨਹੀਂ ਸਨ ਦਿੰਦੇ, ਪਰ ਮੈਂ ਆਪਣੇ ਮਨ ਦਾ ਸ਼ੰਕਾ ਨਵਿਰਤ ਕਰ ਲਿਆ। ਫਿਰ ਮੀਨਾਂ ਦੀ ਕਬਰ ‘ਤੇ ਖੜ੍ਹ ਕੇ ਅਰਦਾਸ ਕੀਤੀ ਅਤੇ ਚੁੱਪ ਚਾਪ ਘਰ ਆ ਗਿਆ। ਉਦੋਂ ਮੈਂ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਵਿਖੇ ਸਕੂਲੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਦਾ ਅਧਿਐਨ ਵੀ ਕਰ ਰਿਹਾ ਸਾਂ, ਕਾਫੀ ਗੁਰਬਾਣੀ ਮੈਨੂੰ ਕੰਠ ਸੀ ਅਤੇ ਅਸੀਂ ਹਰ ਰੋਜ਼ ਪਹਿਲੀ ਪਾਤਿਸ਼ਾਹੀ ਦੇ ਗੁਰਦੁਆਰੇ ਜਾ ਕੇ ਅਰਦਾਸ ਵੀ ਕਰਦੇ ਤੇ ਹੁਕਮਨਾਮਾ ਵੀ ਲੈਂਦੇ ਸਾਂ।
ਰਾਤ ਨੂੰ ਭੁੱਖ ਨਾ ਲੱਗੀ। ਬੇਬੇ ਦਾ ਦਿੱਤਾ ਦੁੱਧ ਵੀ ਨਾ ਪੀਤਾ। ਕਈ ਦਿਨ ਮੇਰਾ ਖੇਤ ਜਾਣ ਨੂੰ ਜੀਅ ਨਾ ਕੀਤਾ। ਜੇ ਬੇਬੇ ਖੇਤ ਚਾਹ ਲਿਜਾਣ ਨੂੰ ਆਖਦੀ ਤਾਂ ਮੈਂ ਇੱਕੋ ਗੱਲ ਨਾਲ ਬੇਬੇ ਨੂੰ ਚੁੱਪ ਕਰਵਾ ਦਿੰਦਾ, “ਬੇਬੇ ਮੀਨਾਂ ਦੇ ਕਾਤਲਾਂ ਵਾਸਤੇ ਨਾ ਤਾਂ ਮੈਨੂੰ ਰੋਟੀ ਲਿਜਾਣ ਵਾਸਤੇ ਆਖੀਂ ਤੇ ਨਾ ਚਾਹ, ਮੈਥੋਂ ਕੋਈ ਮਰ`ਜੂ…!” ਬੇਬੇ ਮੇਰੇ ਗੁੱਸੇ ਨੂੰ ਸਮਝਦੀ ਸੀ। ਬੇਬੇ ਕਈ ਵਾਰ ਖੁਦ ਵੀ ਗਿਲਾ ਕਰ ਚੁੱਕੀ ਸੀ, “ਪੁੱਤ ਖਾਣੇਂ ਦਿਆਂ ਨੇ ਨਿੱਜ ਨੂੰ ਜਾਣੇਂ ਅਮਲੀ ਦੇ ਆਖੇ ਲੱਗ ਕੇ ਕਿੱਡੀ ਸੋਹਣੀਂ ਨਸਲ ਦੀ ਕੁੱਤੀ ਮਾਰ`ਤੀ!” ਬੇਬੇ ਦੀ ਗੱਲ ਸੁਣ ਕੇ ਮੇਰਾ ਫਿਰ ਰੋਣ ਨਿਕਲ ਜਾਂਦਾ ਅਤੇ ਕਦੇ ਅੱਖਾਂ ਵਿਚ ਚੰਗਿਆੜੇ ਮੱਚਦੇ। ਸਮਾਂ ਪੈਣ ‘ਤੇ ਜਿੰਨਿਆਂ ਨੇ ਮੀਨਾਂ ਮਾਰੀ ਸੀ, ਸਾਰਿਆਂ ਨੂੰ ਹੀ ਸਮੇਂ-ਸਮੇਂ ਅਨੁਸਾਰ ਹਲਕੇ ਕੁੱਤੇ ਨੇ ਵੱਢਿਆ ਅਤੇ ਸਾਰਿਆਂ ਨੂੰ ਸਰਕਾਰੀ ਹਸਪਤਾਲ ਮੋਗਾ ਤੋਂ ਹਲਕਾਅ ਦੇ ਚੌਦਾਂ-ਚੌਦਾਂ ਟੀਕੇ ਧੁੰਨੀ ਵਿਚ ਕਰਵਾਉਣੇ ਪਏ! ਇਹ ਉਨ੍ਹਾਂ ਨੂੰ ਰੱਬ ਵੱਲੋਂ ਹੀ ਇਕ ਸਜ਼ਾ ਸੀ!
ਹਫਤੇ ਕੁ ਬਾਅਦ ਜਦੋਂ ਮੈਂ ਖੇਤ ਗਿਆ ਤਾਂ ਮੋਤੀ ਅਤੇ ਮੌਜੀ ਮੈਨੂੰ ਦੇਖ ਕੇ ਪਿੰਡ ਵਾਲੀ ਡੰਡੀ ‘ਤੇ ਆ ਗਏ ਅਤੇ ਮੇਰੇ ਗੋਡੇ-ਲੱਤਾਂ ਚੱਟਣ ਦੀ ਥਾਂ ਮੇਰੇ ਸਾਹਮਣੇ ਲਿਟਣ ਲੱਗ ਪਏ। ਜਿਵੇਂ ਗੁੱਸਾ ਕਰ ਰਹੇ ਹੋਣ ਕਿ ਤੂੰ ਕਿੰਨੇ ਦਿਨ ਹੋ ਗਏ ਖੇਤ ਹੀ ਨਹੀਂ ਆਇਆ? ਮੈਂ ਦੋਹਾਂ ਨੂੰ ਥਾਪੜ ਕੇ, ਭੰੁਜੇ ਬੈਠ ਆਪਣੇ ਗਲ ਨਾਲ ਲਾ ਲਿਆ ਅਤੇ ਆਪਣੇ ਨਾਲ ਤੋਰ ਲਿਆ। ਮੇਰਾ ਮਨ ਭਰਿਆ-ਭਰਿਆ ਰਹਿੰਦਾ। ਖੇਤ ਆ ਕੇ ਜਦੋਂ ਮੀਨਾਂ ਮੈਨੂੰ ਨਾ ਦਿਸਦੀ ਤਾਂ ਮੈਂ ਹੋਰ ਉਦਾਸ ਹੋ ਜਾਂਦਾ ਅਤੇ ਮੈਨੂੰ ਹੌਲ ਜਿਹੇ ਪੈਣ ਲੱਗ ਪੈਂਦੇ। ਮੇਜਰ, ਜੈਬੇ ਅਤੇ ਚਾਚੇ ਗਾਮੇ ਨੂੰ ਮੈਂ ਆਪਣੇ ‘ਬਾਹਰ’ ਆਉਣ ਤੱਕ ਨਹੀਂ ਬੁਲਾਇਆ ਸੀ। ਕਦੇ-ਕਦੇ ਮੈਂ ਮੀਨਾਂ ਦੀ ‘ਕਬਰ’ ‘ਤੇ ਚਲਿਆ ਜਾਣਾ। ਕਬਰ ‘ਤੇ ਘਾਹ ਉਗ ਆਇਆ ਸੀ। ਮੀਨਾਂ ਦੇ ਦਫਨਾਉਣ ਤੋਂ ਕੁਝ ਦੇਰ ਬਾਅਦ ਜਦ ਮੇਰੇ ਡੈਡੀ ਉਥੇ ਫਸਲ ਬੀਜਣ ਲੱਗੇ ਤਾਂ ਮੈਂ ਮੀਨਾਂ ਦੀ ਕਬਰ ਜਿੰਨੀ ਥਾਂ ‘ਤੇ ਗੋਲ ਦਾਇਰਾ ਵਾਹ ਦਿੱਤਾ ਕਿ ਐਨੀ ਥਾਂ ‘ਤੇ ਕੁਝ ਨਾ ਬੀਜਿਆ ਜਾਵੇ, ਅਤੇ ਇਹ ਥਾਂ ਹਰ ਹਾਲਤ ਵਿਚ ਖਾਲੀ ਰਹਿਣੀ ਚਾਹੀਦੀ ਹੈ! ਮੇਰੇ ਡੈਡੀ ਨੇ ਮੇਰੀ ਬੇਨਤੀ ਦੀ ਕਦਰ ਕੀਤੀ ਅਤੇ ਜਿੰਨਾ ਚਿਰ ਮੈਂ ਭਾਰਤ ਰਿਹਾ, ਉਨੀ ਥਾਂ ਹਮੇਸ਼ਾ ਅਣਬੀਜੀ ਹੀ ਰਹੀ।
ਕੁਝ ਦਿਨਾਂ ਬਾਅਦ ਹੀ ਮੈਂ ਸਕੂਲ ਵਿਚੋਂ ਚਾਰ ਗੇਂਦੇ ਦੇ ਬੂਟੇ ਲਿਆ ਕੇ ਉਸ ਥਾਂ ‘ਤੇ ਲਾ ਦਿੱਤੇ। ਜਿੰਨਾ ਚਿਰ ਮੈਂ ਪਿੰਡ ਰਿਹਾ, ਮੀਨਾਂ ਦੀ ਕਬਰ ‘ਤੇ ਗੇਂਦੇ ਲਾਉਣ ਦਾ ਕੰਮ ਹਰ ਸਾਲ ਨਿਰੰਤਰ ਜਾਰੀ ਰਿਹਾ। ਮੇਰੇ ‘ਬਾਹਰ’ ਆਉਣ ਤੋਂ ਬਾਅਦ ਜ਼ਮੀਨ ਦੀਆਂ ਵੰਡੀਆਂ ਪੈ ਗਈਆਂ ਅਤੇ ਉਹ ਜ਼ਮੀਨ ਮੇਰੇ ਫੌਜੀ ਚਾਚੇ ਦੀ ਮਲਕੀਅਤ ਬਣ ਗਈ…।
…ਗੱਲ ਕਬੀਰ ਦੀ ਲਿਆਂਦੀ ਕੁੱਤੀ ਦੀ ਚੱਲ ਰਹੀ ਸੀ। ਨਾਂ ਉਸ ਦਾ ‘ਮਿੰਮੀ’ ਸੀ। ਘਰ ਆ ਕੇ ਉਸ ਦੇ ਖਾਣੇ-ਦਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਓਪਰਾ ਜਿਹਾ ਘਰ ਦੇਖ ਕੇ ਮਿੰਮੀ ਡੌਰ-ਭੌਰ ਜਿਹੀ ਝਾਕ ਰਹੀ ਸੀ। ਕਬੀਰ ਨਾਲ ਤਾਂ ਉਹ ਵਾਹਵਾ ਘੁਲ-ਮਿਲ ਗਈ ਸੀ, ਪਰ ਜਦੋਂ ਕਬੀਰ ਸਕੂਲ ਚਲਿਆ ਜਾਂਦਾ, ਉਹ ਸੱਜ ਵਿਆਹੀ ਵਾਂਗ ਕੰਬਲ ਵਿਚ ਮੂੰਹ ਲਕੋ ਕੇ ਬੈਠ ਜਾਂਦੀ। ਜਿਵੇਂ ਉਹ ਸਾਨੂੰ ਦੇਖਣਾ ਜਾਂ ਸਾਨੂੰ ਆਪਣਾ ਮੂੰਹ ਦਿਖਾਉਣਾ ਨਾ ਚਾਹੁੰਦੀ ਹੋਵੇ। ਕਬੀਰ ਦੇ ਆਉਣ ਤੱਕ ਖਾਣਾ ਵੀ ਨਾ ਖਾਂਦੀ। ਬੱਸ ਪਾਣੀ ਜਾਂ ਮਾੜਾ ਮੋਟਾ ਦੁੱਧ ਪੀ ਛੱਡਦੀ। ਮੇਰੇ ਘਰਵਾਲੀ ਉਸ ਨੂੰ ਗਾਰਡਨ ਵਿਚ ਜਾਂ ਗਾਰਡਨ ਤੋਂ ਬਾਹਰ ਛੱਡ ਦਿੰਦੀ, ਜਿੱਥੇ ਉਹ ਆਪਣਾ ‘ਕਿਰਿਆ-ਕਰਮ’ ਸੋਧ ਕੇ ਆਪ ਹੀ ਅੰਦਰ ਆ ਜਾਂਦੀ ਅਤੇ ਘਰਵਾਲੀ ਗਾਰਡਨ ਵਾਲਾ ਦਰਵਾਜਾ ਬੰਦ ਕਰ ਦਿੰਦੀ।
ਦੋ ਦਿਨ ਬੀਤ ਗਏ ਸਨ। ਨਾ ਤਾਂ ਸਾਨੂੰ ਮਿੰਮੀ ਦੀ ਕੋਈ ਰਜਿ਼ਸਟ੍ਰੇਸ਼ਨ ਵਾਲੀ ਕਾਪੀ ਮਿਲੀ ਸੀ ਅਤੇ ਨਾ ਹੀ ਟੀਕਿਆਂ ਵਾਲੀ। ਦੂਜੀ ਵੱਡੀ ਗੱਲ ਇਹ ਸੀ ਕਿ ਮਿੰਮੀ ਦਿਲ ਨਹੀਂ ਲਾ ਰਹੀ ਸੀ। ਸਾਰੀ ਰਾਤ ਜਾਂ ਤਾਂ ਤੁਰੀ ਫਿਰਦੀ ਰਹਿੰਦੀ ਅਤੇ ਜੇ ਉਸ ਨੂੰ ਨੀਂਦ ਆ ਵੀ ਜਾਂਦੀ ਤਾਂ ਸੁੱਤੀ ਪਈ ਚੂਕਣ ਲੱਗ ਜਾਂਦੀ। ਤੀਜੇ ਦਿਨ ਮੈਂ ਕਬੀਰ ਤੋਂ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਦੀ ਮਾਲਕਣ ਕੁੜੀ ਨੇ ਕਤੂਰੇ ਲੈ ਕੇ ਇਸ ਨੂੰ “ਮਗਰੋਂ ਲਾਹਿਆ” ਹੈ। ਮੈਂ ਹੈਰਾਨ ਅਤੇ ਦੁਖੀ ਜਿਹਾ ਹੋ ਗਿਆ, ਕਿੱਡੀ ਬੇਰਹਿਮ ਹੈ ਦੁਨੀਆਂ? ਕੀ ਹੋ ਗਿਆ ਮਿੰਮੀ ਇਕ ਜਾਨਵਰ ਹੈ, ਪਰ ਮਾਂ ਦੀ ਮਮਤਾ ਤਾਂ ਉਸ ਵਿਚ ਵੀ ਹੈ! ਹੁਣ ਪਤਾ ਲੱਗਾ ਕਿ ਉਹ ਆਪਣੇ ਬੱਚਿਆਂ ਬਿਨਾ ਦਿਲ ਨਹੀਂ ਲਾ ਰਹੀ। ਮੈਨੂੰ ਮਹਿਸੂਸ ਹੋਇਆ ਕਿ ਅਸੀਂ ਇਸ ਦਾ ਪਾਪ ਲੈ ਰਹੇ ਹਾਂ। ਮੈਂ ਕਬੀਰ ਨੂੰ ਕਿਹਾ ਕਿ ਉਹ ਆਪਣੀ ਦੋਸਤ ਨੂੰ ਫੋਨ ਕਰੇ ਅਤੇ ਆਖੇ ਕਿ ਅਸੀਂ ਮਿੰਮੀ ਨੂੰ ਵਾਪਸ ਛੱਡਣ ਆ ਰਹੇ ਹਾਂ। ਜੇ ਉਸ ਨੇ ਵਾਪਸ ਨਾ ਲਈ ਤਾਂ ਅਸੀਂ ਕੌਂਸਲ ਨੂੰ ਰਿਪੋਰਟ ਦਿਆਂਗੇ।
ਖੈਰ! ਕਬੀਰ ਨੇ ਫੋਨ ਕਰ ਦਿੱਤਾ ਅਤੇ ਉਹ ਕੁੜੀ ਆਪਣੀ ਕੁੱਤੀ ਨੂੰ ਵਾਪਸ ਲੈਣ ਲਈ ਰਜ਼ਾਮੰਦ ਹੋ ਗਈ। ਮੈਂ ਅਤੇ ਕਬੀਰ ਮਿੰਮੀ ਨੂੰ ਕਾਰ ‘ਚ ਛੱਡਣ ਤੁਰ ਗਏ। ਮੈਂ ਕਾਰ ‘ਚੋਂ ਉਤਰ ਕੇ ਮਿੰਮੀ ਦਾ ਪਟਾ ਗੋਰੀ ਦੇ ਹੱਥ ਦਿੱਤਾ ਅਤੇ ਵੈਰਾਗਮਈ ਕਿਹਾ, “ਇਹਨੂੰ ਇਹਦੇ ਕਤੂਰਿਆਂ ਨਾਲੋਂ ਅਜੇ ਨਾ ਵਿਛੋੜੋ, ਮਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਇਨਸਾਨ ਹੋ ਕੇ ਬੇਰਹਿਮ ਨਾ ਬਣੋ…!” ਗੋਰੀ ਕੁੜੀ ਨੇ ਧੰਨਵਾਦ ਕਰਕੇ ਮਿੰਮੀ ਦਾ ਪਟਾ ਫੜ ਲਿਆ ਤਾਂ ਮਿੰਮੀ ਮੇਰੇ ਪੈਰ ਚੱਟਣ ਲੱਗ ਪਈ ਅਤੇ ਮੈਨੂੰ ਤੀਹ ਸਾਲ ਪਹਿਲਾਂ ਵਾਲੀ ਮੀਨਾਂ ਚੇਤੇ ਆ ਗਈ ਅਤੇ ਮੇਰਾ ਮਨ ਭਰ ਆਇਆ। ਮੈਂ ਮਿੰਮੀ ਨੂੰ ਇਕ ਤਰ੍ਹਾਂ ਨਾਲ ਬੁੱਕਲ ‘ਚ ਲੈ ਕੇ ਪਿਆਰ ਕੀਤਾ ਅਤੇ ਮੈਂ ਤੇ ਕਬੀਰ ਭਰੇ ਮਨ ਨਾਲ ਕਾਰ ਵਿਚ ਆ ਬੈਠੇ…!