ਸਿੱਖੀ ਦੀ ਆਨ ਤੇ ਸ਼ਾਨ ‘ਦਸਤਾਰ’

ਜਸਕੀਰਤ ਸਿੰਘ ਮੰਡੀ ਗੋਬਿੰਦਗੜ੍ਹ
ਫੋਨ: 91-98889-49201
ਦਸਤਾਰ ਦੀ ਦਾਸਤਾਨ ਬਹੁਤ ਪੁਰਾਣੀ, ਪੇਚੀਦਾ ਅਤੇ ਗੌਰਵਮਈ ਵੀ ਹੈ। ਇਹ ਭੇਦ-ਭਰੀ ਤੇ ਨਿਵੇਕਲੀ ਵੀ ਹੈ। ਮਨੁੱਖੀ ਲਿਬਾਸ ਦਾ ਸ਼ਾਇਦ ਹੀ ਕੋਈ ਹੋਰ ਬਸਤਰ ਏਨੀ ਧਾਰਮਿਕ, ਇਤਿਹਾਸਕ, ਸਮਾਜਿਕ, ਮਨੋਵਿਗਿਆਨਕ ਮਹੱਤਤਾ ਰੱਖਦਾ ਹੋਵੇ! ਸ਼ਾਇਦ ਹੀ ਕਿਸੇ ਹੋਰ ਲਿਬਾਸ ਦੇ ਏਨੇ ਨਾਂ ਹੋਣ, ਏਨੇ ਪਹਿਨਣ ਦੇ ਢੰਗ ਹੋਣ, ਏਨੇ ਸੰਕੇਤਰ ਅਰਥ ਹੋਣ ਜਾਂ ਕਿਸੇ ਲਿਬਾਸ ਨੂੰ ਜਿੰਦਾ ਰਹਿਣ ਲਈ ਏਨਾ ਸੰਘਰਸ਼ ਕਰਨਾ ਪਿਆ ਹੋਵੇ!

‘ਦਸਤਾਰ’ ਫਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ-ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਹੋਇਆ ਬਸਤਰ। ਇਸ ਨੂੰ ਅੰਗਰੇਜ਼ੀ ਜਾਂ ਜਰਮਨ ਵਿਚ ‘ਟਰਬਨ’, ਫਰੈਂਚ ਵਿਚ ‘ਟਲਬੈਂਡ’; ਇਤਾਲਵੀ, ਸਪੇਨੀ ਤੇ ਪੁਰਤਗਾਲੀ ਵਿਚ ‘ਟਰਬੈਂਟੇ’; ਡੈਚ ਵਿਚ ‘ਟਲਬਰਜ਼’, ਰੋਮਾਨੀ ਵਿਚ ‘ਟੁਲੀਪਨ’, ਲਾਤੀਨੀ ਵਿਚ ‘ਮਾਈਟਰ’ ਅਤੇ ਤੁਰਕੀ ਵਿਚ ‘ਸਾਰੀਕ’ ਕਿਹਾ ਜਾਂਦਾ ਹੈ। ਦਸਤਾਰ ਕਿਸੇ ਨਾ ਕਿਸੇ ਰੂਪ ਅਤੇ ਕਾਲ ਵਿਚ ਈਸਾਈਆਂ, ਯਹੂਦੀਆਂ, ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੇ ਸਿਰਾਂ ਦਾ ਸ਼ਿੰਗਾਰ ਰਹੀ ਹੈ ਅਤੇ ਅੱਜ ਵੀ ਹੈ।
ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿਚ ਸ਼ੁਰੂ ਹੋਈ, ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ? ਅਰਬ ਅਤੇ ਇਰਾਨ ਦੇਸ਼ਾਂ ਵਿਚ ਦਸਤਾਰ ਨੂੰ ਖਾਸ ਮੁਕਾਮ ਹਾਸਲ ਰਿਹਾ ਹੈ। ਦਸਤਾਰ ਸੰਸਾਰ ਦਾ ਪੁਰਾਤਨ ਇੱਜਤ ਆਬਰੂ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀਆਂ-ਦਰ-ਪੀੜ੍ਹੀਆਂ ਸਾਡੇ ਤਕ ਪੁੱਜਾ ਹੈ।
ਕੇਸਾਧਾਰੀ ਰਹਿਣਾ ਪੁਰਾਤਨ ਕਾਲ ਤੋਂ ਨੇਕ ਅਤੇ ਮਹਾਨ ਵਿਅਕਤੀਆਂ ਦੀ ਮਰਿਆਦਾ ਰਹੀ ਹੈ। ਕੇਸਾਂ ਦੀ ਸੰਭਾਲ ਕਰਨ ਲਈ ਦਸਤਾਰਾਂ ਦੇ ਨਵੇਂ-ਨਵੇਂ ਰੂਪ ਧਾਰ ਕੇ, ਸਿਰ ‘ਤੇ ਸਜਾ ਕੇ ਹਰ ਇਕ ਵਿਅਕਤੀ ਮਾਣ ਮਹਿਸੂਸ ਕਰਦਾ ਆਇਆ ਹੈ। ਪੁਰਾਤਨ ਸਮੇਂ ਵਿਚ ਜੇ ਕਿਸੇ ਵਿਅਕਤੀ ਨੂੰ ਨੀਵਾਂ ਕਰਨਾ ਹੋਵੇ ਜਾਂ ਕਿਸੇ ਨੂੰ ਡੂੰਘੀ ਸੱਟ ਮਾਰਨੀ ਹੁੰਦੀ ਸੀ ਤਾਂ ਰਾਜੇ-ਮਹਾਰਾਜੇ ਉਸ ਵਿਅਕਤੀ ਦੀ ਦਸਤਾਰ ਉਤਾਰ ਉਸ ਦੇ ਕੇਸ ਕਤਲ ਕਰ ਦਿੰਦੇ ਸਨ; ਕਿਉਂਕਿ ਕੇਸ ਕਤਲ ਕਰਨਾ ਗੁਲਾਮੀ ਦਾ ਚਿੰਨ੍ਹ ਹੈ।
ਇੱਕ ਨੰਦ ਰਾਜਾ ਉੱਘੇ ਪ੍ਰਤਾਪ ਦਾ ਮਾਲਕ ਸੀ। ਉਸ ਨੇ ਛੋਟੇ-ਮੋਟੇ ਰਾਜਿਆਂ ਨੂੰ ਜਿੱਤ ਕੇ ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ, ਪਰ ਨੰਦ ਰਾਜਾ ਅੰਦਰੋਂ-ਅੰਦਰੀ ਬਹੁਤ ਡਰਦਾ ਸੀ ਕਿ ਕਿਤੇ ਇਹ ਸਾਰੇ ਰਾਜੇ ਮਿਲ ਕੇ ਉਸ ਦੇ ਖਿਲਾਫ ਬਗਾਵਤ ਨਾ ਕਰ ਦੇਣ। ਅੰਤ ਨੰਦ ਰਾਜੇ ਨੇ ਆਪਣੇ ਵਜ਼ੀਰਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਇਨ੍ਹਾਂ ਦੀ ਤਾਕਤ ਨੂੰ ਕਿਵੇਂ ਖਤਮ ਕੀਤਾ ਜਾਵੇ! ਆਖਿਰ ਸਾਰੇ ਵਜ਼ੀਰਾਂ ਨੇ ਇਹ ਸਲਾਹ ਕੀਤੀ ਕਿ ਉਨ੍ਹਾਂ ਰਾਜਿਆਂ ਦੇ ਕੇਸ ਕਤਲ ਕਰਕੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਜਾਵੇ।
ਸਿੱਖ ਧਰਮ ਵਿਚ ਦਸਤਾਰ ਦੇ ਸਤਿਕਾਰ ਦੀ ਕਹਾਣੀ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਕੇਸਾਂ ਦਾ ਸਤਿਕਾਰ ਕਰਦਿਆਂ ਸਿਰ `ਤੇ ਦਸਤਾਰ ਸਜਾਉਂਦੇ ਸਨ।
ਕੁਝ ਲੋਕਾਂ ਦਾ ਇਹ ਮੱਤ ਵੀ ਠੀਕ ਜਾਪਦਾ ਹੈ ਕਿ ‘ਪੱਗ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਪਕਾ’ ਤੋਂ ਨਿਕਲਿਆ ਲੱਗਦਾ ਹੈ। ‘ਪਕ’ ਸ਼ਬਦ ਵਾਲਾਂ ਦੇ ਚਿੱਟੇ ਹੋਣ ਅਤੇ ਸਿਆਣੀ ਉਮਰ ਲਈ ਵਰਤਿਆ ਜਾਂਦਾ ਹੈ।
ਈਸਾਈ ਧਰਮ ਦੀ ਧਾਰਮਿਕ ਪੁਸਤਕ ‘ਬਾਈਬਲ’ ਵਿਚ ਪੱਗ ਬੰਨ੍ਹਣ ਦਾ ਜ਼ਿਕਰ ਅਨੇਕਾਂ ਵਾਰ ਆਉਂਦਾ ਹੈ। ਪੱਗ ਬਾਈਬਲ ਅਨੁਸਾਰ ਯਹੂਦੀ ਪਾਦਰੀਆਂ ਦੀ ਯੂਨੀਫਾਰਮ ਦਾ ਇਕ ਅਹਿਮ ਹਿੱਸਾ ਸੀ, ਜੋ ਰਾਜ ਗੱਦੀ ਅਤੇ ਹੋਰ ਅਜਿਹੀਆਂ ਰਸਮਾਂ ਸਮੇਂ ਬੰਨ੍ਹਣੀ ਲਾਜ਼ਮੀ ਸੀ। ਪੱਗ ਬਾਈਬਲ ਦੇ ਜ਼ਮਾਨੇ ਵਿਚ ਵੀ ਤਾਕਤ, ਜਵਾਨੀ, ਸ਼ੌਕੀਨੀ ਅਤੇ ਸੁੰਦਰਤਾ ਦਾ ਪ੍ਰਤੀਕ ਮੰਨੀ ਜਾਂਦੀ ਸੀ।
ਇਸਲਾਮ ਧਰਮ ਵਿਚ ਪੱਗ ਨੂੰ ਹੋਰ ਵੀ ਉਚੇਰਾ ਤੇ ਮਹੱਤਵਪੂਰਨ ਮੁਕਾਮ ਹਾਸਲ ਹੈ। ਪੈਗੰਬਰ ਮੁਹੰਮਦ ਸਾਹਿਬ ਦੇ ਆਪ ਪੱਗ ਬੰਨ੍ਹਣ ਬਾਰੇ ਕਈ ਹਦੀਸਾਂ ਵਿਚ ਜ਼ਿਕਰ ਹੈ। ਕਈ ਹਦੀਸਾਂ ਅਨੁਸਾਰ ਉਨ੍ਹਾਂ ਖੁਦ ਇਹ ਫੁਰਮਾਨ ਕੀਤਾ ਕਿ ਮੁਸਲਮਾਨ ਪੱਗ ਬੰਨ੍ਹਣ। ਉਨ੍ਹਾਂ ਕਿਹਾ ਕਿ ਫਰਿਸ਼ਤੇ ਵੀ ਪੱਗ ਬੰਨ੍ਹਦੇ ਹਨ। ਪੱਗ ਸਿਰ ਦਾ ਬਚਾਅ ਕਰਦੀ ਹੈ ਤੇ ਚਿਹਰੇ ਨੂੰ ਸੁੰਦਰਤਾ ਬਖਸ਼ਦੀ ਹੈ।
“ਪੱਗ ਬੰਨ੍ਹਣ ਦੀ ਆਦਤ ਬਣਾਓ, ਕਿਉਂਕਿ ਇਹ ਫਰਿਸ਼ਤਿਆਂ ਦੀ ਨਿਸ਼ਾਨੀ ਹੈ…।”
ਭਾਵੇਂ ਮੁਸਲਮਾਨਾਂ ਵਿਚ ਪੱਗ ਬੰਨ੍ਹਣ ਲਈ ਖੁਦ ਪੈਗੰਬਰ ਵਲੋਂ ਕਿਹਾ ਗਿਆ ਹੈ ਅਤੇ ਮੁਹੰਮਦ ਸਾਹਿਬ ਖੁਦ ਵੀ ਪੱਗ ਬੰਨ੍ਹਦੇ ਸਨ, ਪਰ ਪੱਗ ਬੰਨ੍ਹਣਾ ਇਕ ਲਾਜ਼ਮੀ ਫਰਜ਼ ਕਦੇ ਵੀ ਨਾ ਬਣ ਸਕਿਆ। ਸਿੱਖ ਧਰਮ ਵਿਚ ਕੁਦਰਤ ਵਲੋਂ ਬਖਸ਼ੇ ਵਾਲਾਂ ਨੂੰ ਹਮੇਸ਼ਾ ਸਾਬਤ-ਸੂਰਤ ਰੱਖਣ ਦੇ ਹੁਕਮ ਨੇ ਸਿੱਖਾਂ ਨੂੰ ‘ਦਸਤਾਰ’ ਸਿਰਾਂ `ਤੇ ਬੰਨ੍ਹਣਾ ਲਾਜ਼ਮੀ ਕਰ ਦਿੱਤਾ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਸਾਰੇ ਸਿੱਖ ਗੁਰੂ ਸਾਹਿਬਾਨ ਦਸਤਾਰ ਸਜਾਉਂਦੇ ਤੇ ਕੇਸ ਵੀ ਰੱਖਦੇ ਸਨ ਅਤੇ ਬਹੁਤ ਸਾਰੇ ਸਿੱਖ ਵੀ ਅਜਿਹਾ ਹੀ ਕਰਦੇ ਸਨ; ਪਰ 1699 ਦੀ ਵਿਸਾਖੀ ਨੂੰ ਹੋਏ ਫੁਰਮਾਨ ਨੇ ਕੇਸਾਂ ਅਤੇ ਦਸਤਾਰ ਨੂੰ ਸਿੱਖੀ ਸਰੂਪ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ।
ਪੱਗ ਨੂੰ ਫਾਰਸੀ ਵਿਚ “ਸਾਫਾ, ਪੱਗੜੀ ਅਤੇ ਦਸਤਾਰ’ ਵੀ ਆਖਿਆ ਜਾਂਦਾ ਹੈ। ਫਾਰਸੀ ਵਿਚ ‘ਦੁਲਬੰਦ’, ਤੁਰਕੀ ਵਿਚ ‘ਤਾਰਬੁਸ਼’ ਆਖਿਆ ਜਾਂਦਾ ਹੈ। ਅਸਲ ਵਿਚ ਪੰਜਾਬੀ ਦਾ ਸ਼ਬਦ ਦਸਤਾਰ ‘ਦੁਲਬੰਦ’ ਤੋਂ ਅਤੇ ਦੁਲਬੰਦ ‘ਤਾਰਬੁਸ਼’ ਤੋਂ ਪੈਦਾ ਹੋਇਆ ਹੈ। ਪੁਰਾਣੇ ਸਮੇਂ ਵਿਚ ਨੰਗੇ ਸਿਰ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਸੀ, ਜਿਸ ਦਾ ਪ੍ਰਮਾਣ ਭਾਈ ਗੁਰਦਾਸ ਜੀ ਦੀ ਬੱਤੀਵੀਂ ਵਾਰ ਵਿਚੋਂ ਮਿਲਦਾ ਹੈ। ਸਾਡੇ ਦੇਸ਼ ਵਿਚ ਸਿਰ ਦੀ ਰਾਖੀ ਲਈ ਪੱਗ ਬੰਨ੍ਹੀ ਜਾਂਦੀ ਸੀ। ਟੋਪੀ ਦੀ ਵਰਤੋਂ ਵੀ ਸਿਰ ਢਕਣ ਲਈ ਕੀਤੀ ਜਾਂਦੀ ਸੀ। ਬਾਵਾ ਬੁੱਧ ਸਿੰਘ, ਜੋ ਪੰਜਾਬੀ ਦੇ ਪ੍ਰਸਿੱਧ ਲੇਖਕ ਸਨ, ਨੇ ਆਪਣੀ ਪੁਸਤਕ ‘ਬੰਬੀਹਾ ਬੋਲ’ ਵਿਚ ਟੋਪੀ ਨੂੰ ਗੁਲਾਮੀ ਦੀ ਨਿਸ਼ਾਨੀ ਦੱਸਿਆ ਹੈ।
ਸਿੱਖ ਧਰਮ ਵਿਚ ਦਸਤਾਰ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੋ ਗਈ ਸੀ। ਪੁਰਾਤਨ ਸਾਹਿਤ ਇਸ ਦਾ ਪਤਾ ਦਿੰਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਬਹੁਤ ਸੁੰਦਰ ਦਸਤਾਰ ਸਜਾਉਂਦੇ ਸਨ ਅਤੇ ਉਨ੍ਹਾਂ ਤੋਂ ਮਗਰੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਨੇ ਸ਼ਾਹੀ ਠਾਠ-ਬਾਠ ਵਾਲਾ ਪਹਿਰਾਵਾ ਧਾਰਨ ਕੀਤਾ ਤੇ ਦਸਤਾਰ ਵੀ ਸਜਾਈ, ਕਿਉਂਕਿ ਇਹ ਗੁਰੂ ਦੀ ਗੱਦੀ ਰੱਬੀ ਬਾਦਸ਼ਾਹਤ ਸੀ। ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਖਾਲਸਾ ਬਣਾਇਆ ਤੇ ਕੇਸਾਂ ਦੀ ਸਾਂਭ-ਸੰਭਾਲ ਲਈ ਦਸਤਾਰ ਲਾਜ਼ਮੀ ਕਰ ਦਿੱਤੀ।
ਪੰਜਾਬੀ ਸਾਹਿਤ ਦੇ ਮਹਾਨ ਲੇਖਕ ਗਿਆਨੀ ਸੋਹਣ ਸਿੰਘ ਸ਼ੀਤਲ ਦੀ ਪੁਸਤਕ ‘ਸਿੱਖ ਰਾਜ ਕਿਵੇਂ ਗਿਆ’ ਵਿਚ ਸਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਕੁਝ ਪੜ੍ਹਨ ਨੂੰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ‘ਪਗੜੀ ਸੰਭਾਲ’ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਸਨ। ਉਸ ਸਮੇਂ ਪਗੜੀ ਇੱਜਤ-ਆਬਰੂ ਦੀ ਨੁਹਾਰ ਹੁੰਦੀ ਸੀ। ਇਸ ਦਾ ਮਾਣ-ਸਤਿਕਾਰ ਸਰਕਾਰੇ-ਦਰਬਾਰੇ ਅਤੇ ਸਮਾਜ ਵਿਚ ਹਮੇਸ਼ਾ ਬਣਿਆ ਰਹਿੰਦਾ ਸੀ।
ਮਹਾਰਾਜਾ ਰਣਜੀਤ ਸਿੰਘ ਆਪ ਵੀ ਬਹੁਤ ਸੁੰਦਰ ਦਸਤਾਰ ਸਜਾਉਂਦੇ ਸਨ ਅਤੇ ਦਸਤਾਰ ਬੰਨ੍ਹਣ ਦੇ ਮੁਕਾਬਲੇ ਵੀ ਕਰਵਾਉਂਦੇ ਸਨ। ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਦਸਤਾਰ ਦਾ ਉੱਚ ਸਨਮਾਨ ਕੀਤਾ ਅਤੇ ਇਸ ਨੂੰ ਸਿੱਖੀ ਦੀ ਆਨ-ਸ਼ਾਨ ਬਣਾਈ ਰੱਖਿਆ। ਗੁਰੂ ਗ੍ਰੰਥ ਸਾਹਿਬ ਵਿਚ ਦਸਤਾਰ ਦਾ ਜ਼ਿਕਰ ਇਉਂ ਕੀਤਾ ਮਿਲਦਾ ਹੈ,
ਕਾਇਆ ਕਿਰਦਾਰ ਅਉਰਤ ਯਕੀਨਾ॥
ਰੰਗ ਤਮਾਸੇ ਮਾਣਿ ਹਕੀਨਾ॥

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ
ਸਾਬਤ ਸੂਰਤਿ ਦਸਤਾਰ ਸਿਰਾ॥
ਅੰਤ ਵਿਚ ਅਸੀਂ ਇਹ ਆਖ ਸਕਦੇ ਹਾਂ ਕਿ ਦਸਤਾਰ ਪੰਜਾਬੀਆਂ ਦੇ ਸੱਭਿਆਚਾਰ ਅਤੇ ਵਿਰਸੇ ਦਾ ਅੰਗ ਹੁੰਦੀ ਹੋਈ ਸ਼ਾਨ ਦਾ ਪ੍ਰਤੀਕ ਹੈ। ਇਹ ਸਿੱਖਾਂ ਲਈ ਜਿੱਥੇ ਖਾਸ ਮਹੱਤਵ ਰੱਖਦੀ ਹੈ, ਉਥੇ ਹੋਰਨਾਂ ਧਰਮਾਂ ਵਿਚ ਵੀ ਇਸ ਦਾ ਆਪਣਾ ਸਥਾਨ ਹੈ। ਅੱਜ ਦੁਨੀਆਂ ਭਰ ਅੰਦਰ ਦਸਤਾਰ ਸਜਾਉਣ ਦੀ ਕਲਾ ਵਿਚ ਸਭ ਤੋਂ ਨਿਪੁੰਨ ਸਿੱਖ ਨੌਜਵਾਨ ਇਸ ਨੂੰ ਬੰਨ੍ਹਦੇ ਹਨ, ਕਿਸੇ ਹੋਰ ਧਰਮਾਂ ਵਿਚ ਇਸ ਤਰ੍ਹਾਂ ਨਹੀਂ ਹੈ। ਸਾਡੀ ਦਸਤਾਰ ਸਾਡੀ ਸਰਦਾਰੀ ਅਤੇ ਸਿੱਖੀ ਦਾ ਪ੍ਰਤੀਕ ਹੈ।