ਅਵਤਾਰ ਸਿੰਘ
ਫੋਨ: 91-94175-18384
ਬੇਸ਼ੱਕ ਪੰਜਾਬੀ ਯੂਨੀਵਰਸਿਟੀ ਪਟਿਆਲੇ, ਮਾਲਵੇ ਜਾਂ ਪੰਜਾਬ ਤੱਕ ਸੀਮਤ ਨਹੀਂ ਹੈ, ਪਰ ਮਾਲਵੇ ਵਾਲੇ ਤੇ ਖਾਸ ਤੌਰ ਪਰ ਪਟਿਆਲੇ ਵਾਲਿਆਂ ਲਈ ਇਹ ਬੜੇ ਵੱਡੇ ਮਾਣ ਅਤੇ ਗੌਰਵ ਵਾਲੀ ਸੰਸਥਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਇਲਾਕੇ ਦੇ ਲੋਕ ਅਜਿਹਾ ਸਮਝਦੇ ਹਨ, ਪਰ ਜੇ ਯੂਨੀਵਰਸਿਟੀ ਆਪਣੇ ਆਪ ਨੂੰ ਕਿਸੇ ਸ਼ਹਿਰ, ਹਲਕੇ ਜਾਂ ਸੂਬੇ ਤੱਕ ਸੀਮਤ ਕਰ ਲਵੇ ਤਾਂ ਉਹ ਕਦਾਚਿਤ ਯੂਨੀਵਰਸਿਟੀ ਨਹੀਂ ਰਹਿੰਦੀ, ਖੰਡਰਾਤ ਬਣ ਜਾਂਦੀ ਹੈ।
ਯੂਨੀਵਰਸਿਟੀ ਸ਼ਬਦ ਦਾ ਮੂਲ ਬੜਾ ਦਿਲਚਸਪ ਹੈ। ਯੂਨੀ ਦਾ ਅਰਥ ਹੈ, ‘ਇੱਕ’ ਅਤੇ ਵਰਸ ਦਾ ਅਰਥ ਹੈ, ‘ਟਰਨ।’ ਜਿਵੇਂ ਮਿਸਤਰੀ ਕਿਸੇ ਸਰੀਏ ਦੇ ਵਿੰਗ ਵਲ ਕੱਢ ਕੇ ਸਿੱਧੇ ਡੰਡੇ ਦੀ ਸ਼ਕਲ ਦੇ ਦਿੰਦੇ ਹਨ, ਇਵੇਂ ਯੂਨੀਵਰਸਿਟੀ ਵੀ ਵਿੰਗ ਵਲ ਰਹਿਤ ਇੱਕ ਹੁੰਦੀ ਹੈ। ਅੰਗਰੇਜ਼ੀ ਵਿਚ ਕਹਿੰਦੇ ਹਨ: ੱਹਚਿਹ ਸਿ ਟੁਰਨੲਦ ਨਿਟੋ ੋਨੲ।
ਯੂਨੀਵਰਸਿਟੀ ਦਾ ਕਾਰਜ ਵੀ ਇਹੀ ਹੈ ਕਿ ਜਿਹੜੀਆਂ ਅਸੀਂ ਗਿਆਨ ਦੇ ਖੇਤਰ ਵਿਚ ਵੰਡੀਆਂ ਪਾਈਆਂ ਹੋਈਆਂ ਹਨ, ਉਨ੍ਹਾਂ ਦੀ ਗਹਿਰਾਈ ਵਿਚ ਉਤਰ ਕੇ ਇੱਕ ਨੂੰ ਪਛਾਣਨਾ।
ਸਰੀਏ ਤੇ ਗਿਆਨ ਵਿਚ ਏਨਾ ਕੁ ਫਰਕ ਹੈ ਕਿ ਸਰੀਏ ਨੂੰ ਮਿਸਤਰੀ ਨੇ ਕੁੱਟ-ਕੱਟ ਕੇ ਇਕ ਕਰਨਾ ਹੁੰਦਾ ਹੈ, ਪਰ ਗਿਆਨ ਨੂੰ ਕੱਟਣਾ ਜਾਂ ਕੁੱਟਣਾ ਨਹੀਂ ਹੁੰਦਾ, ਸਗੋਂ ਉਹਦੇ ਵਿਚੋਂ ਸਿਰਫ ਇੱਕ ਪਛਾਣਨਾ ਹੁੰਦਾ ਹੈ। ਇਹ ਨਹੀਂ ਕਿ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗ ਢਾਹ ਕੇ ਇੱਕ ਕਰਨੇ ਹੁੰਦੇ ਹਨ, ਸਗੋਂ ਉਨ੍ਹਾਂ ਵਿਭਾਗਾਂ ਦੀ ਅਨੇਕਤਾ ਵਿਚ ਏਕਤਾ ਦੀ ਤਲਾਸ਼ ਜਾਂ ਸ਼ਨਾਖਤ ਕਰਨਾ ਹੀ ਯੂਨੀਵਰਸਿਟੀ ਦਾ ਅਸਲ ਮਕਸਦ ਹੁੰਦਾ ਅਤੇ ਹੈ, ਜਿਹਨੂੰ ਜਪਾਨੀ ਦਰਸ਼ਨਵੇਤਾ ਨੇ ਕਿਹਾ ਹੈ। ਕਹਿਣ ਨੂੰ ਜੀ ਕਰਦਾ ਹੈ ਕਿ ੴ ਦਾ ਵੀ ਇਹੀ ਅਰਥ ਅਤੇ ਮਨੋਰਥ ਹੈ।
ਪੰਜਾਬੀ ਯੂਨੀਵਰਸਿਟੀ ਦੀ ਪਿਛਲੇ ਸਮੇਂ ਦੀ ਕਾਰਕਰਦਗੀ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਬੜੀ ਵੱਡੀ ਅਤੇ ਭਾਰੀ ਨਮੋਸ਼ੀ ਦਿੱਤੀ ਹੈ। ਜਿੱਥੇ ਵੀ. ਸੀ. ਲੱਗਣ ਲਈ ਲੋਕ ਲੇਲ੍ਹੜੀਆਂ ਕੱਢਦੇ ਹੋਣ, ਉੱਥੇ ਲੋਕ ਵੀ. ਸੀ. ਲੱਗਣ ਤੋਂ ਟਿੱਭਣ ਲੱਗ ਜਾਣ ਤਾਂ ਇਹਤੋਂ ਵੱਧ ਸ਼ਰਮਿੰਦੀ ਵਾਲੀ ਗੱਲ ਹੋਰ ਕਿਹੜੀ ਹੋ ਸਕਦੀ ਹੈ?
ਹੁਣ ਪੰਜਾਬੀ ਯੂਨੀਵਰਸਿਟੀ ਦਾ ਹਾਲ ਇਸ ਤਰ੍ਹਾਂ ਦਾ ਹੋ ਗਿਆ ਸੀ, ਜਿਵੇਂ ਕੋਈ ਬੁੱਢੀ ਵਿਧਵਾ ਸਵੰਬਰ ਦੀ ਉਡੀਕ ਕਰ ਰਹੀ ਹੋਵੇ ਤੇ ਕੋਈ ਆ ਹੀ ਨਾ ਰਿਹਾ ਹੋਵੇ। ਅਖੀਰ ਇਕ ਹੋਣਹਾਰ ਵਿਦਵਾਨ ਸਵੰਬਰ ਵਿਚ ਨਿੱਤਰਿਆ ਹੈ ਤੇ ਉਹਨੇ ਇਸ ਬੁੱਢੀ ਵਿਧਵਾ ਅਰਥਾਤ ਪੰਜਾਬੀ ਯੂਨੀਵਰਸਿਟੀ ਨੂੰ ਅਪਨਾ ਲਿਆ ਹੈ। ਇਹਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਸੁਸ਼ੀਲ ਕੰਨਿਆਂ ਨੇ ਇਕ ਲਾਚਾਰ ਅਤੇ ਰੰਡੇ ਬੁੜ੍ਹੇ ਨੂੰ ਵਰ ਲਿਆ ਹੈ।
ਨਵੇਂ ਵੀ. ਸੀ. ਸਾਹਿਬ ਤੋਂ ਉਮੀਦ ਹੈ ਕਿ ਉਹ ਆਪਣੇ ਗਿਆਨ ਨਾਲ ਪੰਜਾਬੀ ਯੂਨੀਵਰਸਿਟੀ ਦਾ ਬੁਢੇਪਾ ਤੇ ਰੰਡੇਪਾ ਦੂਰ ਕਰ ਦੇਣਗੇ ਤੇ ਇਹਨੂੰ ਪਹਿਲ-ਤਾਜ਼ਗੀ ਵਿਚ ਲੈ ਆਉਣਗੇ। ਕਹਿੰਦੇ ਹਨ ਕਿ ਮੁਹੱਬਤ ਵਿਚ ਉਮਰਾਂ ਦੇ ਤਕਾਜ਼ੇ ਵੈਸੇ ਹੀ ਸਿਮਟ ਕੇ ਮਿਟ ਜਾਂਦੇ ਹਨ ਤੇ ਬਾਣੀ ਵਿਚ ਵੀ ਤਾਂ ਆਇਆ ਹੈ: ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨ॥
ਪਰ, ਸਾਡਾ ਗਿਆਨ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਦੁਪਹਿਰੇ ਜਿਹੇ ਪਤਾ ਲੱਗਾ ਕਿ ਕੋਈ ਅਰਵਿੰਦ ਨਾਂ ਦਾ ਸ਼ਖਸ ਪੰਜਾਬੀ ਯੂਨੀਵਰਸਿਟੀ ਦਾ ਵੀ. ਸੀ. ਨਿਯੁਕਤ ਹੋਇਆ ਹੈ। ਸਾਡੇ ਸਿਰਾਂ ਵਿਚ ਖੁਰਕ ਹੋਣੀ ਸ਼ੁਰੂ ਹੋ ਗਈ ਕਿ ਇਹ ਗੈਰ-ਪੰਜਾਬੀ ਕਿਉਂ ਤੇ ਕਿਵੇਂ ਪੰਜਾਬੀ ਯੂਨੀਵਰਸਿਟੀ ਦਾ ਵੀ. ਸੀ. ਲੱਗ ਗਿਆ? ਢਾਈ ਕੁ ਵਜੇ ਪਤਾ ਲੱਗਾ ਕਿ ਇਹ ਪੰਜਾਬੀ ਹੀ ਹੈ। ਫਿਰ ਕਈ ਤੜਫਣ ਲੱਗੇ ਕਿ ਠੀਕ ਹੈ, ਇਹ ਪੰਜਾਬੀ ਹੈ, ਪਰ ਸਿੱਖ ਕਿਉਂ ਨਹੀਂ ਲਾਇਆ? ਕਿਸੇ ਨੇ ਦੱਸਿਆ ਕਿ ਇਹ ਸਿੱਖ ਹੀ ਹੈ ਤਾਂ ਵੀ ਕਈਆਂ ਨੂੰ ਚੈਨ ਨਾ ਆਈ। ਫਿਰ ਉਹ ਵੀ. ਸੀ. ਸਾਹਿਬ ਦੀ ਜਾਤ-ਗੋਤ ਲੱਭਣ ਲਈ ਲੁੱਛਦੇ ਰਹੇ। ਰਾਤ ਦੇ ਡੇਢ ਵਜੇ ਸਾਡੇ ਸਨਮਾਨਯੋਗ ਭਾਸ਼ਾ ਮਾਹਿਰ ਨੇ ਦੱਸਿਆ ਕਿ ਇਹ ਵੀ. ਸੀ. ਢਿੱਲੋਂ ਗੋਤ ਦਾ ਜੱਟ ਹੈ। ਬਸ ਫਿਰ ਸਾਰੇ ਸ਼ਾਂਤ ਹੋ ਗਏ ਤੇ ਮੁੜ ਕੋਈ ਸਵਾਲ ਨਹੀਂ ਆਇਆ। ਕਿਉਂਕਿ ਆਖਰੀ ਤੇ ਅਸਲ ਸਵਾਲ ਦਾ ਜਵਾਬ ਮਿਲ ਚੁਕਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਕਿਸੇ ਨੇ ਵੀ ਵੀ. ਸੀ. ਦੇ ਗਿਆਨ ਅਤੇ ਬੌਧਿਕ ਪੱਧਰ ਦੀ ਛਾਣਬੀਣ ਨਹੀਂ ਕੀਤੀ। ਇਹ ਸਾਡੀ ਮਹਾਂ ਤ੍ਰਾਸਦੀ ਹੈ ਕਿ ਅਸੀਂ ੴ ਦੇ ਵੱਡੇ ਉਪਾਸ਼ਕ ਹਾਲੇ ਤੱਕ ਯੂਨੀਵਰਸਿਟੀ ਦੇ ਅਰਥ ਨਹੀਂ ਜਾਣ ਸਕੇ ਤੇ ਵੀ. ਸੀ. ਦੇ ਗਿਆਨ-ਧਿਆਨ ਦੀ ਥਾਂ ਉਹਦੇ ਧਰਮ ਅਤੇ ਜਾਤ-ਗੋਤ ਵਿਚ ਵਧੇਰੇ ਰੁਚੀ ਰੱਖਦੇ ਹਾਂ।
ਕੁਝ ਵੀ ਹੋਵੇ, ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ, ਨਕੋਰ, ਜੁਆਨ ਅਤੇ ਸਾਇੰਸਦਾਨ ਵੀ. ਸੀ. ਦਾ ਵਰਦਾਨ ਮਿਲ ਗਿਆ ਹੈ। ਬਹੁਤ ਬਹੁਤ ਮੁਬਾਰਕ ਹੋਵੇ…।