ਲੋਕ ਕਵੀ ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ

ਗੁਲਜ਼ਾਰ ਸਿੰਘ ਸੰਧੂ
ਮੇਰੇ ਘਰ ਦੀਆਂ ਕੰਧਾਂ ਉੱਤੇ ਤਿੰਨ ਲੇਖਕਾਂ ਦੀਆਂ ਤਸਵੀਰਾਂ ਹਨ। ਇੱਕ ਥਾਂ ਉਰਦੂ ਅਫਸਾਨਾ ਨਿਗਾਰ ਸਆਦਤ ਹਸਨ ਮੰਟੋ ਅਤੇ ਦੂਜੀ ਥਾਂ ਕਵੀ ਮੋਹਨ ਸਿੰਘ ਮਾਹਿਰ ਤੇ ਲੋਕ ਕਵੀ ਸੰਤ ਰਾਮ ਉਦਾਸੀ। ਮੋਹਨ ਸਿੰਘ ਦੀ ਤਸਵੀਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਵਲੋਂ ਜਾਰੀ ਕੀਤੀ ਗਈ ਸੀ ਤੇ ਉਦਾਸੀ ਦੀ ਸੰਤ ਰਾਮ ਉਦਾਸੀ ਯਾਦਗਾਰੀ ਟਰਸਟ (ਇੰਟਰਨੈਸ਼ਨਲ) ਵਲੋਂ। ਮਾਹਿਰ ਦੀ ਤਸਵੀਰ ਨਾਲ ਕਵੀ ਦੇ ਬੋਲ ਹਨ:

ਲਕੜੀ ਟੁੱਟਿਆਂ ਕਿੜ ਕਿੜ ਹੋਵੇ
ਸ਼ੀਸ਼ਾ ਟੁੱਟਿਆਂ ਤੜ ਤੜ
ਲੋਹਾ ਟੁੱਟਿਆਂ ਕੜ ਕੜ ਹੋਵੇ
ਪੱਥਰ ਟੁੱਟਿਆਂ ਖੜ ਖੜ
ਮਾਹਿਰ ਲੱਖ ਸ਼ਾਬਾ ਇਸ ਦਿਲ ਨੂੰ
ਸਾਲਾ ਰਹੇ ਸਲਾਮਤ
ਜਿਸ ਦੇ ਟੁੱਟਿਆਂ ਵਾਜ ਨਾ ਨਿਕਲੇ
ਨਾ ਕਿੜ ਕਿੜ ਨਾ ਤੜ ਤੜ।
ਸੰਤ ਰਾਮ ਉਦਾਸੀ ਦੀ ਲੰਮੀ ਕਵਿਤਾ ਹੈ, ਜਿਸ ਦਾ ਇੱਕ ਬੰਦ ਇਸ ਤਰ੍ਹਾਂ ਹੈ:
ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਆਂ
ਥੋਡੀ ਯਾਦ ਵਿਚ ਬੈਠ ਕੇ ਦੋ ਘੜੀਆਂ
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿਚੋਂ
ਮੁਢ ਬੰਨਿਆਂ ਤੁਸੀਂ ਕਹਾਣੀਆਂ ਦਾ
ਸਹੁੰ ਖਾਂਦੇ ਹਾਂ ਅਸੀਂ ਜੁਆਨੀਆਂ ਦੀ
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ।
ਇਨ੍ਹਾਂ ਮਹਾਰਥੀਆਂ ਨੂੰ ਚੇਤੇ ਕਰਨ ਦਾ ਸਬੱਬ ਇਹ ਹੈ ਕਿ ਇਨ੍ਹਾਂ ਸਤਰਾਂ ਦੇ ਲਿਖਣ ਸਮੇਂ ਸੰਤ ਰਾਮ ਉਦਾਸੀ ਨੂੰ ਜਨਮ ਧਾਰਿਆਂ 82 ਵਰੇ (ਜਨਮ ਮਿਤੀ 20 ਅਪਰੈਲ 1939) ਹੋ ਗਏ ਹਨ। ਉਹ ਪੰਜਾਬ ਦੇ ਬਰਨਾਲਾ ਨੇੜਲੇ ਪਿੰਡ ਰਾਏਸਰ ਦੇ ਇੱਕ ਦਲਿਤ ਪਰਿਵਾਰ ਵਿਚ ਪੈਦਾ ਹੋਇਆ ਤੇ ‘ਚੜ੍ਹਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਦਾ ਹੋਕਾ ਦਿੰਦਾ 5 ਨਵੰਬਰ 1986 ਨੂੰ ਗੁਰਦੁਆਰਾ ਨਾਂਦੇੜ (ਹਜ਼ੂਰ ਸਾਹਿਬ) ਦੇ ਕਵੀ ਦਰਬਾਰ ਵਿਚ ਕਵਿਤਾ ਪੜ੍ਹ ਕੇ ਰੇਲ ਗੱਡੀ ਵਿਚ ਵਾਪਸ ਪਰਤ ਰਿਹਾ ਸੀ ਕਿ ਮਨਵਾੜ ਦੇ ਨੇੜੇ ਸੁੱਤਾ ਪਿਆ ਪਰਲੋਕ ਸਿਧਾਰ ਗਿਆ। ਉਸ ਦੇ ਸਾਥੀਆਂ ਨੇ ਉਸ ਦਾ ਮਨਵਾੜ ਵਿਖੇ ਸਸਕਾਰ ਕਰਕੇ ਗੋਦਾਵਰੀ ਨਦੀ ਵਿਚ ਫੁੱਲ ਤਾਰੇ ਤੇ ਹਜ਼ੂਰ ਸਾਹਿਬ ਜਾ ਕੇ ਭੋਗ ਪਾਇਆ। ਉਸ ਦੀ ਜਨਮ ਭੋਂ ਤੋਂ ਸੈਂਕੜੇ ਕੋਹਾਂ ਦੂਰ। ਤੁਰਦੇ ਸਮੇਂ ਉਸ ਦੇ ਦਿਲ ਵਿਚੋਂ ਮੋਹਣ ਸਿੰਘ ਮਾਹਿਰ ਦੇ ਸ਼ਬਦਾਂ ਵਿਚ ਨਾ ਕਿੜ ਕਿੜ ਦੀ ਆਵਾਜ਼ ਆਈ, ਨਾ ਤੜ ਤੜ ਦੀ ਤੇ ਨਾ ਹੀ ਖੜ ਖੜ ਦੀ।
ਮੈਂ 1953 ਤੋਂ 1985 ਤੱਕ ਦਿੱਲੀ ਰਿਹਾ ਤੇ ਮੇਰੀ ਉਦਾਸੀ ਨਾਲ ਕਦੀ ਕੋਈ ਮੁਲਾਕਾਤ ਨਹੀਂ ਹੋਈ। ਉਹ ਮੇਰੇ ਮਿੱਤਰ ਸਰਵਣ ਸਿੰਘ ਦਾ ਹਾਣੀ ਵੀ ਸੀ ਤੇ ਇੱਕ ਤਰ੍ਹਾਂ ਨਾਲ ਗਵਾਂਢੀ ਪਿੰਡ ਦਾ ਜੰਮਪਲ ਵੀ। ਮੋਹਣ ਸਿੰਘ ਵਾਂਗ ਉਦਾਸੀ ਵੀ ਕੇਸਾਧਾਰੀ ਤੇ ਪਗੜੀ ਧਾਰੀ ਸੀ। ਉਸ ਦੇ ਪਿਤਾ ਮੇਹਰ ਸਿੰਘ ਨੇ ਸੀਰੀ ਕੀਤੀ, ਭੇਡਾਂ ਚਾਰੀਆਂ ਤੇ ਵਟਾਈ `ਤੇ ਖੇਤੀ ਕੀਤੀ। ਮਾਤਾ ਧੰਨ ਕੌਰ ਨੇ ਚੱਕੀਆਂ ਵੀ ਝੋਈਆਂ ਤੇ ਜ਼ਿਮੀਂਦਾਰਾਂ ਦਾ ਗੋਹਾ-ਕੂੜਾ ਵੀ ਕੀਤਾ। ਉਂਜ ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ, ਜਿਸ ਦੀ ਸਰੋਦੀ ਆਵਾਜ਼ ਪੜਪੋਤਰੇ ਸੰਤ ਰਾਮ ਦੇ ਹਿੱਸੇ ਆਈ; ਪਰ ਉਹ 47 ਵਰ੍ਹੇ ਦੀ ਛੋਟੀ ਉਮਰੇ ਤੁਰ ਗਿਆ। ਸਰਵਣ ਸਿੰਘ ਦੇ ਕਹਿਣ ਅਨੁਸਾਰ ਜੇ ਉਹ ਜਿਉਂਦਾ ਹੁੰਦਾ ਤਾਂ ਉਸ ਨੇ ਅਜੋਕੇ ਸੰਯੁਕਤ ਕਿਸਾਨ ਮੋਰਚੇ ਦਾ ਮੁੱਖ ਬੁਲਾਰਾ ਹੋਣਾ ਸੀ। ਇਨਕਲਾਬੀ ਤੇ ਨਕਸਬਾੜੀ ਧਾਰਨਾ ਉਸ ਦੀ ਰਗ ਰਗ ਵਿਚ ਰਮੀ ਹੋਈ ਸੀ। ਉਸ ਦੇ ਬੋਲ ਹਨ :
ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ,
ਬੜੇ ਹੀ ਅਸੀਂ ਦੁਖੜੇ ਜਰੇ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ ਨਾ ਧਰੇ।
ਉਸ ਦੇ ਇਹ ਬੋਲ ਉਦੋਂ ਨਾਲੋਂ ਅੱਜ ਵੀ ਰਾਜਨੀਤੀ ’ਤੇ ਵਧੇਰੇ ਢੁਕਦੇ ਹਨ।
ਮੇਰੀ ਗੁਰਮਤਿ ਕਾਲਜ ਪਟਿਆਲਾ ਫੇਰੀ: ਜਸਬੀਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਕਾਸ ਵਿਭਾਗ ਵਿਚ ਉਦੋਂ ਤੋਂ ਸੇਵਾ ਨਿਭਾ ਰਹੀ ਹੈ, ਜਦੋਂ 25 ਸਾਲ ਪਹਿਲਾਂ ਮੈਂ ਉਥੋਂ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦਾ ਮੁਖੀ ਹੁੰਦਾ ਸਾਂ। ਭਾਵੇਂ ਇਹ ਜ਼ਿੰਮੇਵਾਰੀ ਹਾਲੇ ਵੀ ਉਸ ਦੇ ਮੋਢਿਆਂ ਉੱਤੇ ਹੈ, ਪਰ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਬੰਧਕ ਉਸ ਨੂੰ ਯੂਨੀਵਰਸਿਟੀ ਦੇ ਕੈਂਪਸ ਤੋਂ ਪੁੱਟ ਕੇ ਆਪਣੇ ਕਾਲਜ ਵਿਚ ਲੈ ਗਏ ਹਨ, ਜਿੱਥੇ ਉਹਦੇ ਕੋਲ ਰਹਿਣ ਲਈ ਏਕੜ ਭਰ ਖੁੱਲ੍ਹੇ ਪਲਾਟ ਵਿਚ ਵੱਡਾ ਬੰਗਲਾ ਹੈ। ਉਹ ਜਦੋਂ ਤੋਂ ਉੱਥੇ ਗਈ ਹੈ, ਉਹਦੇ ਵਲੋਂ ਉਥੇ ਜਾਣ ਦਾ ਸੱਦਾ ਮੇਰੀ ਜੇਬ ਵਿਚ ਸੀ। ਇਹ ਸੱਚ ਮੁੱਚ ਹੀ ਵਿਲੱਖਣ ਗੁਰਮਤਿ ਵਿਦਿਆਲਾ ਹੈ। ਉਥੇ ਸਿਰਫ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਦਾਖਲਾ ਮਿਲਦਾ ਹੈ। ਸਵੇਰੇ ਚਾਰ ਵਜੇ ਤੋਂ ਸ਼ਾਮ ਦੇ ਅੱਠ ਵਜੇ ਤੱਕ ਗੁਰਮਤਿ ਦੀ ਸਿਖਿਆ ਦਿੱਤੀ ਜਾਂਦੀ ਹੈ। ਹਰ ਰੋਜ਼ ਸਵੇਰੇ ਸਾਢੇ ਚਾਰ ਵਜੇ ਚੰਦੋਆ ਲਾ ਕੇ ਮਹਾਰਾਜ ਦਾ ਪ੍ਰਕਾਸ਼ ਕਰਨਾ, ਫੇਰ ਮੱਥਾ ਟੇਕ ਕੇ ਗੁਰਚਰਨੀ ਲੱਗਣਾ ਤੇ ਚੌਰ ਕਰਨਾ। ਇਸ ਤੋਂ ਪਿੱਛੋਂ ਕੀਰਤਨ ਦਾ ਅਰੰਭ ਹੁੰਦਾ ਹੈ ਤੇ ਫਿਰ ਸਮੇਂ ਅਨੁਸਾਰ ਆਸਾ ਦੀ ਵਾਰ ਆਨੰਦ ਸਾਹਿਬ ਤੇ ਸਮਾਪਤੀ ਅਰਦਾਸ, ਜਿਸ ਤੋਂ ਪਿਛੋਂ ਚਾਹ-ਪਾਣੀ ਛਕਣ ਲਈ ਸਮਾਂ ਦਿੱਤਾ ਜਾਂਦਾ ਹੈ। ਕਾਲਜ ਦੀ ਬਿਲਡਿੰਗ ਵਿਚ ਨਿਸ਼ਾਨ ਸਾਹਿਬ ਕਲਾਸਾਂ ਲੱਗਣ ਤੋਂ ਪਹਿਲਾ ਲਹਿਰਾਇਆ ਜਾਂਦਾ ਹੈ, ਫਿਰ 9 ਵਜੇ ਤੋਂ 11 ਵਜੇ ਤੱਕ ਨਿੱਠ ਕੇ ਗੁਰਮਤਿ ਵਿਦਿਆ ਦੀ ਬੈਠਕ ਲਗਦੀ ਹੈ। ਉਸ ਤੋਂ ਪਿੱਛੋਂ ਮੁੜ ਚਾਹ ਦਾ ਲੰਗਰ ਲਗਦਾ ਹੈ ਤੇ ਫਿਰ 12 ਤੋਂ 1 ਵਜੇ ਤੱਕ ਕਲਾਸਾਂ ਲਗਦੀਆਂ ਹਨ। ਇਕ ਤੋਂ ਦੋ ਵਜੇ ਤੱਕ ਪ੍ਰਸ਼ਾਦਾ ਛਕਣ ਦੀ ਖੁੱਲ੍ਹ ਹੁੰਦੀ ਹੈ।
ਦੁਪਹਿਰ ਪਿਛੋਂ ਦੋ ਤੋਂ ਚਾਰ ਵਜੇ ਤੱਕ ਵਿਦਿਆਰਥੀਆਂ ਨੇ ਲਾਇਬਰੇਰੀ ਜਾ ਕੇ ਪੜ੍ਹਾਈ ਕਰਨੀ ਹੁੰਦੀ ਹੈ ਤੇ ਪੰਜ ਤੋਂ ਸੱਤ ਵਜੇ ਤੱਕ ਮੁੜ ਕਲਾਸਾਂ ਲਗਦੀਆਂ ਹਨ। ਪੜ੍ਹਾਈ ਤੋਂ ਪਿਛੋਂ ਰਹਿਰਾਸ ਦਾ ਪਾਠ ਤੇ ਕੀਰਤਨ ਸੋਹਲਾ ਇਸ ਦੇ ਨਾਲ ਹੀ ਕਥਾ ਹੁੰਦੀ ਹੈ, ਜਿਸ ਵਿਚ ਕਿਸੇ ਇੱਕ ਸ਼ਬਦ ਦੀ ਭਰਪੂਰ ਵਿਆਖਿਆ ਕੀਤੀ ਜਾਂਦੀ ਹੈ। ਕਥਾ ਵਿਆਖਿਆ ਵਿਦਿਆਰਥੀ ਖੁਦ ਕਰਦੇ ਹਨ। ਕਥਾ ਦੀ ਸਮਾਪਤੀ ਤੇ ਸੁਖਾਅਸਣ ਦਾ ਸਮਾਂ ਹੋ ਜਾਂਦਾ ਹੈ, ਜਿਸ ਪਿੱਛੋਂ ਲੰਗਰ ਵਰਤਾਇਆ ਜਾਂਦਾ ਹੈ ਤਾਂਕਿ ਸਾਰੇ ਵਿਦਿਆਰਥੀ ਅੱਠ ਵਜੇ ਤੱਕ ਹਰ ਤਰ੍ਹਾਂ ਦੀ ਸੇਵਾ ਨਿਭਾ ਕੇ ਸੁਖ ਦੀ ਨੀਂਦ ਸੌ ਸਕਣ। ਉਨ੍ਹਾਂ ਨੇ ਸਵੇਰੇ ਚਾਰ ਵਜੇ ਮੁੜ ਉਠਣਾ ਹੁੰਦਾ ਹੈ। ਦੁਨੀਆਂ ਵਿਚ ਸ਼ਾਇਦ ਹੀ ਅਜਿਹੀ ਧਾਰਮਿਕ ਸੰਸਥਾ ਹੋਵੇ, ਜਿਥੇ ਨੇਮ ਨਾਲ ਸਭ ਪਾਬੰਦੀਆਂ ਨਿਭਾਈਆਂ ਜਾਂਦੀਆਂ ਰਹੀਆਂ ਹਨ।
ਚੇਤੇ ਰਹੇ, ਪਟਿਆਲਾ ਸ਼ਹਿਰ ਦੇ ਬਾਹਰਵਾਰ ਇਹ ਧਾਰਮਿਕ ਸੰਸਥਾ 1966 ਵਿਚ ਸਥਾਪਤ ਹੋਈ, ਜਦੋਂ ਪ੍ਰਸਿੱਧ ਇਤਿਹਾਸਕਾਰ ਤੇ ਧਰਮ ਸ਼ਾਸਤਰੀ ਡਾ. ਗੰਡਾ ਸਿੰਘ ਨੂੰ ਇਸ ਦਾ ਪ੍ਰਿੰਸੀਪਲ ਥਾਪਿਆ ਗਿਆ ਸੀ। ਇਸ ਪਿੱਛੋਂ ਹੋਰਨਾਂ ਤੋਂ ਬਿਨਾ ਸਤਿਬੀਰ ਸਿੰਘ ਤੇ ਐਸ. ਐਸ. ਅਮੋਲ ਵਰਗੀਆਂ ਹਸਤੀਆਂ ਪਿ੍ਰੰਸੀਪਲ ਦੀ ਜ਼ਿੰਮੇਵਾਰੀ ਨਿਭਾ ਚੁਕੀਆਂ ਹਨ। ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਮੇਰੀ ਅਜ਼ੀਜ਼ ਜਸਬੀਰ ਕੌਰ ਵੀ ਕਿਸੇ ਦਿਨ ਇਸ ਪਦਵੀ ਉੱਤੇ ਬਿਰਾਜਮਾਨ ਹੋਵੇਗੀ।
ਮੇਰੇ ਤੇ ਮੇਰੀ ਪਤਨੀ ਲਈ ਇਹ ਫੇਰੀ ਬੜੀ ਵਡਮੁੱਲੀ ਸੀ।
ਅੰਤਿਕਾ: (ਸੰਤ ਰਾਮ ਉਦਾਸੀ)
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲੇ ਆਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ।