ਕੈਨੇਡਾ ਵੱਸਦੇ ਉੱਘੇ ਕਹਾਣੀਕਾਰ ਹਰਪ੍ਰੀਤ ਸੇਖਾ ਦਾ ਪਲੇਠਾ ਨਾਵਲ ‘ਹਨੇਰੇ ਰਾਹ’ ਹਾਲ ਹੀ ਵਿਚ ਛਪਿਆ ਹੈ ਜਿਸ ਵਿਚ ਪਰਵਾਸ ਦੇ ਨਾਲ-ਨਾਲ ਟਰੱਕਿੰਗ ਸਨਅਤ ਬਾਰੇ ਬੜੇ ਸੂਖਮ ਵੇਰਵੇ ਕਲਾ ਵਿਚ ਪਰੋ ਕੇ ਪੇਸ਼ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਹ ਆਪਣੀ ਵਾਰਤਕ ਪੁਸਤਕ ‘ਟੈਕਸੀਨਾਮਾ’ ਵਿਚ ਟੈਕਸੀ ਸਨਅਤ ਨਾਲ ਜੁੜੇ ਪਰਵਾਸੀਆਂ, ਖਾਸਕਰ ਪੰਜਾਬੀਆਂ ਦੇ ਦਿਲਾਂ ਦੀਆਂ ਵੱਖ-ਵੱਖ ਕਥਾਵਾਂ ਸਾਂਝੀਆਂ ਕਰ ਚੁੱਕਾ ਹੈ। ‘ਉਹ ਰਾਤ’ ਕਹਾਣੀ ਵਿਚ ਉਸ ਨੇ ਪਰਵਾਸ ਅਤੇ ਰਿਸ਼ਤਿਆਂ ਦੀ ਅਜਿਹੀ ਬਿਸਾਤ ਵਿਛਾਈ ਹੈ ਕਿ ਮੁੱਖ ਪਾਤਰਾਂ ਦੇ ਸੁਭਾਅ, ਸਵਾਰਥ ਅਤੇ ਸ਼ੰਕੇ ਉੱਘੜਦੇ ਜਾਂਦੇ ਹਨ।
ਹਰਪ੍ਰੀਤ ਸੇਖਾ
ਉਹ ਰਾਤ ਮੇਰੇ ਅੰਦਰ ਖੁੱਭ ਗਈ ਸੀ। ਮੈਂ ਉਸ ਨੂੰ ਮੁੜ ਜਿਉਣਾ ਚਾਹੁੰਦੀ ਸੀ। ਇਸ ਬਾਰੇ ਮੈਂ ਵਿਉਂਤ ਬਣਾ ਲਈ। ਪਰ ਹਾਲੇ ਦਿਨ ਸੀ ਅਤੇ ਅਮਨ ਸੌਂ ਗਿਆ ਸੀ। ਪਹਿਲਾਂ ਉਹ ਵਹਿਸ਼ੀ ਬਣ ਗਿਆ ਸੀ। ਉਸ ਦੇ ਵਿਹਾਰ ਨੂੰ ਦੇਖ ਕੇ ਇੱਕ ਵਾਰ ਤਾਂ ਮੈਨੂੰ ਲੱਗਾ, ਜਿਵੇਂ ਉਹ ਮੇਰੇ ਤੋਂ ਕੋਈ ਬਦਲਾ ਲੈ ਰਿਹਾ ਹੋਵੇ। ਉਸ ਵਿਚੋਂ ਪਸੀਨੇ ਦੀ ਬਦਬੂ ਆ ਰਹੀ ਸੀ। ਕਹਿੰਦਾ ਕਿ ਉਹ ਸੌਣ ਤੋਂ ਬਾਅਦ ਹੀ ਨਹਾਵੇਗਾ। ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਾ। ਜਦੋਂ ਉਸ ਦਾ ਫਤੂਰ ਲੱਥਾ, ਮੈਂ ਗੁਸਲਖਾਨੇ ਵਿਚ ਚਲੀ ਗਈ। ਨਹਾਉਂਦਿਆਂ ਮੈਂ ਸਹਿਜ ਹੋ ਗਈ। ਸੋਚਿਆ ਕਿ ਐਨੇ ਸਾਲਾਂ ਬਾਅਦ ਮਿਲੇ ਹਾਂ, ਇਸ ਕਰ ਕੇ ਆਪਾ ਖੋ ਬੈਠਾ ਹੋਵੇਗਾ। ਜਦੋਂ ਮੈਂ ਨਹਾ ਕੇ ਬਾਹਰ ਨਿਕਲੀ, ਅਮਨ ਸੌਂ ਚੁੱਕਾ ਸੀ। ਮੇਰਾ ਜੀਅ ਕੀਤਾ ਕਿ ਫਰਸ਼ ‘ਤੇ ਵਿਛੇ ਗੱਦੇ ਉਤੇ ਉਸ ਦੇ ਨਾਲ ਲੱਗ ਕੇ ਹੀ ਲੇਟ ਜਾਵਾਂ ਪਰ ਉਸ ਨੂੰ ਘੂਕ ਸੁੱਤਾ ਦੇਖ ਕੇ ਮੈਂ ਨਾਲ ਵਾਲੇ ਗੱਦੇ ‘ਤੇ ਲੇਟ ਗਈ। ਫਰਨੀਚਰ ਮੈਂ ਹਾਲੇ ਕੋਈ ਖਰੀਦਿਆ ਨਹੀਂ ਸੀ, ਸੋਚਦੀ ਸੀ ਕਿ ਅਮਨ ਦੇ ਆਏ ਤੋਂ ਉਸ ਦੀ ਰਾਇ ਨਾਲ ਹੀ ਲਵਾਂਗੀ। ਘਰ ਦਾ ਹੋਰ ਸਮਾਨ ਵੀ ਖਰੀਦਣ ਵਾਲਾ ਸੀ। ਇਹ ਸਭ ਕੰਮ ਮੈਂ ਅਗਲੇ ਦਿਨ `ਤੇ ਛੱਡੇ ਹੋਏ ਸਨ। ਉਸ ਦਿਨ ਤਾਂ ਪੂਰੀ ਤਰ੍ਹਾਂ ਛੁੱਟੀ ਸੀ। ਅਮਨ ਦੇ ਸੌਂ ਕੇ ਉਠਣ ਤੋਂ ਬਾਅਦ ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਸੀ ਤੇ ਫਿਰ ਉਸ ਸੁਪਨੇ ਨੂੰ ਜਿਉਣਾ ਸੀ। ਮੈਨੂੰ ਲਗਦਾ ਸੀ ਜਿਵੇਂ ਉਹ ਮੇਰਾ ਅਸਲ ਵਿਚ ਵਿਆਹ ਵਾਲਾ ਦਿਨ ਹੋਵੇ। ਹਵਾਈ ਅੱਡੇ ਵੱਲ ਜਾਂਦਿਆਂ ਮੈਨੂੰ ਲੱਗਾ ਸੀ ਜਿਵੇਂ ਮੈਂ ਅਮਨ ਨੂੰ ਵਿਆਹੁਣ ਚੱਲੀ ਹੋਵਾਂ। ਰਾਹ ਵਿਚ ਸੋਚਦੀ ਰਹੀ ਕਿ ਜਾਣ ਸਾਰ ਉਸ ਦੇ ਨਾਲ ਹੀ ਚੁੰਬੜ ਜਾਵਾਂਗੀ ਪਰ ਉਥੇ ਪਹੁੰਚਣ ਸਾਰ ਪਤਾ ਨਹੀਂ ਕੀ ਹੋਇਆ ਕਿ ਮੈਂ ਇਸ ਤਰ੍ਹਾਂ ਨਾ ਕਰ ਸਕੀ। ਬੱਸ ਥੋੜ੍ਹਾ ਜਿਹਾ ਉਸ ਦੇ ਨਾਲ ਲੱਗ ਗਈ। ਅਮਨ ਵੀ ਕੋਈ ਦੁਆ ਸਲਾਮ ਕਰਨ ਤੋਂ ਬਿਨਾਂ ਹੀ ਪਾਸਪੋਰਟ ਮੇਰੇ ਵੱਲ ਵਧਾ ਕੇ ਬੋਲਿਆ, “ਦੇਖੀਂ ਸੀਰਤ, ਕਨੇਡਾ ਦੀ ਪੱਕੀ ਮੋਹਰ ਲੱਗ ਗਈ ਨਾ?” ਪਾਸਪੋਰਟ ਦੇਖ ਕੇ ਮੈਂ ਉਸ ਨੂੰ ਮੋੜ ਦਿੱਤਾ ਅਤੇ ਉਸ ਤੋਂ ਅਟੈਚੀਆਂ ਵਾਲੀ ਰੇੜ੍ਹੀ ਫੜ ਲਈ। ਅਸੀਂ ਕਾਰ ਵੱਲ ਤੁਰ ਪਏ। ਕਾਰ ਵਿਚ ਅਟੈਚੀ ਰੱਖ ਕੇ ਅਮਨ ਕਾਰ ਦੇ ਡਰਾਈਵਰ ਵਾਲੇ ਦਰਵਾਜ਼ੇ ਕੋਲ ਜਾ ਖੜ੍ਹਾ। ਮੈਂ ਮਜ਼ਾਕ ਨਾਲ ਚਾਬੀ ਉਸ ਵੱਲ ਕਰ ਦਿੱਤੀ। ਉਸ ਨੇ ਕਾਰ ਦੇ ਅੰਦਰ ਦੇਖਿਆ ਅਤੇ “ਓਹ ਤੇਰੀ, ਮੈਂ ਤਾਂ ਇੰਡੀਆ ਦੇ ਭੁਲੇਖੇ `ਚ ਹੀ ਸੀ”, ਆਖ ਕੇ ਸਵਾਰੀ ਵਾਲੇ ਪਾਸੇ ਚਲਿਆ ਗਿਆ ਅਤੇ ਫਿਰ ਕਾਰ ਵਿਚ ਬੈਠਣ ਸਾਰ ਬੋਲਿਆ, “ਹਾਲੇ ਤਾਂ ਤੇਰੀ ਸਵਾਰੀ ਹਾਂ।” ਮੈਂ ਮੁਸਕਰਾ ਪਈ। ਮੈਨੂੰ ਲੱਗਾ ਜਿਵੇਂ ਮੈਂ ਉਸ ਨੂੰ ਵਿਆਹ ਕੇ ਲੈ ਚੱਲੀ ਹੋਵਾਂ।
ਮੈਂ ਹਵਾਈ ਅੱਡੇ ਵੱਲ ਕਦੇ ਕਾਰ ਚਲਾ ਕੇ ਨਹੀਂ ਸੀ ਆਈ। ਰਾਹ-ਦਸੇਰੂ ਚਲਾ ਕੇ ਮੈਂ ਆਪਣਾ ਪੂਰਾ ਧਿਆਨ ਕਾਰ ਚਲਾਉਣ ਵੱਲ ਲਾ ਦਿੱਤਾ। ਹਾਈਵੇ 91 `ਤੇ ਕਾਰ ਪਾ ਕੇ ਮੈਂ ਸੁੱਖ ਦਾ ਸਾਹ ਲਿਆ। ਹੁਣ ਕਾਫੀ ਵਾਟ ਤੱਕ ਰਾਹ ਸਿੱਧਾ ਸੀ। ਰਾਹ-ਦਸੇਰੂ ਵਿਚੋਂ ਆਦੇਸ਼ ਦਿੰਦੀ ਆਵਾਜ਼ ਸ਼ਾਂਤ ਹੋ ਗਈ। ਅਮਨ ਬਾਹਰ ਵੱਲ ਦੇਖ ਰਿਹਾ ਸੀ। ਕਾਰ ਵਿਚਲੀ ਚੁੱਪ ਮੈਨੂੰ ਰੜਕੀ। ਮੇਰੇ ਚਿੱਤ `ਚ ਆਈ ਕਿ ਮੈਨੂੰ ਕੋਈ ਗੱਲ ਕਰਨੀ ਚਾਹੀਦੀ ਸੀ। ਪਰ ਕੀ ਗੱਲ ਕਰਾਂ, ਇਸ ਦੀ ਸਮਝ ਨਹੀਂ ਸੀ ਆ ਰਹੀ। ਮੈਂ ਅਮਨ ਵੱਲ ਦੇਖਿਆ। ਉਹ ਮੈਨੂੰ ਬਦਲਿਆ-ਬਦਲਿਆ ਲੱਗਾ, ਜਿਵੇਂ ਕੋਈ ਓਪਰਾ ਮਰਦ ਹੋਵੇ। ਪਤਾ ਨਹੀਂ ਕਿਧਰੋਂ ਮੇਰੇ ਚਿੱਤ `ਚ ਆਈ ਕਿ ਦਾਦੇ ਦੇ ਫੌਜ ਵਿਚੋਂ ਛੁੱਟੀ ਆਇਆਂ ਦਾਦੀ ਨੂੰ ਵੀ ਓਹ ਇਸੇ ਤਰ੍ਹਾਂ ਹੀ ਲਗਦਾ ਹੋਵੇਗਾ? ਫਿਰ ਮੇਰਾ ਧਿਆਨ ਮੰਮੀ ਵੱਲ ਚਲਾ ਗਿਆ। ਮੈਂ ਸੋਚਣ ਲੱਗੀ ਕਿ ਮੰਮੀ ਨੂੰ ਕਿਵੇਂ ਲੱਗਾ ਹੋਵੇਗਾ, ਜਦੋਂ ਪਾਪਾ ਦੋ-ਢਾਈ ਸਾਲਾਂ ਬਾਅਦ ਪਰਦੇਸੋਂ ਮੁੜੇ ਹੋਣਗੇ? ਉਦੋਂ ਤਾਂ ਹੁਣ ਵਰਗੀ ਤਕਨਾਲੋਜੀ ਵੀ ਨਹੀਂ ਸੀ। ਮੈਂ ਤਾਂ ਨਿੱਤ ਅਮਨ ਨੂੰ ਫੋਨ ਕੈਮਰੇ ਰਾਹੀਂ ਦੇਖਦੀ ਤੇ ਗੱਲ ਕਰਦੀ ਸੀ, ਫਿਰ ਵੀ ਇਹ ਮੈਨੂੰ ਕੋਈ ਓਪਰਾ ਲੱਗ ਰਿਹਾ ਸੀ। ਕੁਝ ਦੇਰ ਬਾਅਦ ਅਮਨ ਦੀ ਆਵਾਜ਼ ਨੇ ਹੀ ਚੁੱਪ ਤੋੜੀ। ਉਹ ਬੋਲਿਆ, “ਓਹ ਸਾਹਮਣੇ ਤਾਂ ਕੋਈ ਗੁਰੂ ਘਰ ਲਗਦੈ?”
“ਹਾਂ, ਨਾਨਕਸਰ ਗੁਰਦੁਆਰਾ ਐ”, ਮੈਨੂੰ ਆਪਣਾ ਇਹ ਜਵਾਬ ਬਹੁਤ ਸੰਖੇਪ ਲੱਗਾ। ਮੈਂ ਫਿਰ ਕਿਹਾ, “ਜਿੱਦਣ ਮੈਂ ਕਨੇਡਾ ਆਈ ਸੀ, ਰੋਮੀ ਮੈਨੂੰ ਇੱਥੇ ਮੱਥਾ ਟਿਕਾ ਕੇ ਫਿਰ ਘਰ ਲੈ ਕੇ ਗਈ ਸੀ।” ਇਹ ਤਾਂ ਮੈਨੂੰ ਬਾਅਦ ਵਿਚ ਸਮਝ ਲੱਗੀ ਸੀ ਕਿ ਮੱਥਾ ਟਿਕਾਉਣ ਦਾ ਮਤਲਬ ਲੰਗਰ ਛਕਾਉਣ ਤੋਂ ਸੀ।
ਕੁਝ ਪਲਾਂ ਬਾਅਦ ਉਹ ਬੋਲਿਆ, “ਹੁਣ ਰੋਮੀ ਨੀ ਮਿਲੀ ਕਿਤੇ?”
ਰੋਮੀ ਅਮਨ ਦੇ ਪਿੰਡੋਂ ਸੀ। ਉਹ ਮੇਰੇ ਤੋਂ ਸਾਲ ਪਹਿਲਾਂ ਪੜ੍ਹਨ ਲਈ ਵੈਨਕੂਵਰ ਆਈ ਹੋਈ ਸੀ। ਅਮਨ ਨੇ ਹੀ ਉਸ ਨੂੰ ਮੇਰੀ ਜਿ਼ੰਮੇਵਾਰੀ ਸੌਂਪੀ ਸੀ। ਉਹ ਇੱਕ ਹੋਰ ਕੁੜੀ ਨਾਲ ਇੱਕ ਕਮਰੇ ਦੀ ਬੇਸਮੈਂਟ ਵਿਚ ਕਿਰਾਏ `ਤੇ ਰਹਿੰਦੀ ਸੀ। ਤੀਜੀ ਉਨ੍ਹਾਂ ਨਾਲ ਮੈਂ ਹੋ ਗਈ। ਮੇਰਾ ਇੱਥੇ ਹੋਰ ਕੋਈ ਵੀ ਜਾਣਕਾਰ ਨਹੀਂ ਸੀ।
“ਉਹ ਤਾਂ ਵਿਆਹ ਕਰਵਾਉਣ ਤੋਂ ਬਾਅਦ ਹੀ ਵਿਨੀਪੈੱਗ ਚਲੀ ਗਈ ਸੀ। ਉਸ ਤੋਂ ਬਾਅਦ ਕੋਈ ਰਾਬਤਾ ਹੀ ਨਹੀਂ ਰਿਹਾ”, ਮੈਂ ਜਵਾਬ ਦਿੱਤਾ।
“ਓਹਨੇ ਤਾਂ ਮਸਾਂ ਸਾਲ ਭਰ ਹੀ ਫੀਸ ਭਰੀ ਹੋਊ ਏਥੇ ਕਾਲਜ ਦੀ?” ਅਮਨ ਬੋਲਿਆ।
“ਹਾਂ ਛੇਤੀ ਪੱਕੀ ਹੋ ਗਈ ਉਹ ਤਾਂ। ਅਗਲੀ ਨੂੰ ਮਨਪਸੰਦ ਮੁੰਡਾ ਲੱਭ ਗਿਆ ਇੱਥੇ ਹੀ। ਮੈਨੂੰ ਕਿਹਾ ਕਰੇ ਕਿ ਤੂੰ ਤਾਂ ਪਹਿਲਾਂ ਹੀ ਖੰਭ ਕਟਾ ਕੇ ਆਈ ਐਂ, ਭਰੀ ਜਾ ਫੀਸਾਂ।”
ਅਮਨ ਨੇ ਮੇਰੇ ਵੱਲ ਦੇਖਿਆ, ਜਿਵੇਂ ਮੇਰੇ ਚਿਹਰੇ ਤੋਂ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਤਾ ਨਹੀਂ ਉਸ ਨੇ ਕੀ ਪੜ੍ਹਿਆ ਹੋਵੇਗਾ ਪਰ ਮੇਰੇ ਦਿਲ ਵਿਚ ਉਸ ਵੇਲੇ ਖੰਭ ਕਟਾਉਣ ਦਾ ਪਛਤਾਵਾ ਨਹੀਂ ਸੀ। ਪਹਿਲਾਂ ਇਹ ਕਦੇ-ਕਦੇ ਹੁੰਦਾ ਰਿਹਾ ਸੀ। ਖਾਸ ਕਰ ਕੇ ਜਦੋਂ ਅਮਨ ਨੂੰ ਦੂਜੀ ਵਾਰ ਵੀ ਕਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲੇ ਵੀਜ਼ੇ ਤੋਂ ਇਨਕਾਰ ਹੋ ਗਿਆ ਸੀ। ਤੇ ਉਨ੍ਹੀਂ ਦਿਨੀਂ ਹੀ ਮੇਰੇ ਨਾਲ ਸਬਵੇਅ ਰੈਸਤੋਰਾਂ ਵਿਚ ਕੰਮ ਕਰਦਾ ਗੁਰਪ੍ਰੀਤ ਮੇਰੇ ਅੰਦਰ ਤਰਬਾਂ ਛੇੜਨ ਲੱਗਾ ਸੀ। ਮੈਂ ਬਹੁਤ ਕਸ਼ਮਕਸ਼ ਵਿਚੋਂ ਗੁਜ਼ਰੀ ਸੀ। ਮੇਰੇ ਸੁਪਨੇ ਵਿਚ ਚੰਨ-ਚਾਨਣੀ ਰਾਤ ਆਉਂਦੀ। ਪਾਰਕ ਵਿਚ ਖੜੋਤਿਆਂ ਮੇਰੀਆਂ ਬਾਹਾਂ ਗੁਰਪ੍ਰੀਤ ਦੇ ਗਲ ਵਿਚ ਹੁੰਦੀਆਂ। ਫਿਰ ਪਾਰਕ ਦੀ ਥਾਂ ਅਮਨ ਦੇ ਘਰ ਦੀ ਛੱਤ ਲੈ ਲੈਂਦੀ। ਅਮਨ ਤੇ ਗੁਰਪ੍ਰੀਤ ਦੇ ਚਿਹਰੇ ਰਲਗਡ ਹੋਣ ਲਗਦੇ। ਕਦੇ ਸੁਪਨੇ ਨੂੰ ਯਾਦ ਕਰ ਕੇ ਸਵਾਦ-ਸਵਾਦ ਹੋਣ ਲਗਦੀ ਤਾਂ ਦਾਦੀ ਦਾ ਚਿਹਰਾ ਮੂਹਰੇ ਆ ਜਾਂਦਾ। ਉਸ ਨੇ ਕਿਹਾ ਸੀ, “ਆਪਣੇ ਕਰਮ ਹੀ ਐਹੋ ਜੇ ਆ, ਧੀਏ। ਤੇਰਾ ਦਾਦਾ ਫੌਜ `ਚੋਂ ਛੁੱਟੀ ਆਇਆ, ਮੈਨੂੰ ਵਿਆਹ ਕੇ ਮੁੜ ਗਿਆ। ਤੇਰਾ ਪਿਓ, ਤੇਰੀ ਮਾਂ ਨੂੰ ਵਿਆਹ ਕੇ ਪਰਦੇਸੀਂ ਤੁਰ ਗਿਆ ਰੁਲਣ। ਲੋਕੀਂ ਆਖਣ ਭਈਆਂ ਵਾਸਤੇ ਵਿਆਹ ਕੇ ਲਿਆਇਆ। ਲੋਕਾਂ ਨੇ ਫੌਜਣਾਂ ਦੀਆਂ ਵੀ ਬਥੇਰੀਆਂ ਗੱਲਾਂ ਜੋੜੀਆਂ ਹੋਈਐਂ। ਬੜੀ ਔਖੀ ਘਾਟੀ ਐ ਧੀਏ। ਤਕੜੀ ਹੋ ਕੇ ਰਹੀਂ।” ਉਦੋਂ ਮੈਨੂੰ ਲੱਗਾ ਸੀ ਜਿਵੇਂ ਦਾਦੀ ਯੱਬਲੀਆਂ ਮਾਰ ਰਹੀ ਹੋਵੇ ਪਰ ਇੱਥੇ ਆ ਕੇ ਦਾਦੀ ਦੀ ਗੱਲ ਵਾਰ-ਵਾਰ ਯਾਦ ਆਈ ਸੀ।
ਮੇਰੇ ਵੱਲ ਪਲ ਭਰ ਦੇਖਣ ਤੋਂ ਬਾਅਦ ਅਮਨ ਕੁਝ ਚਿਰ ਚੁੱਪ ਰਿਹਾ, ਫਿਰ ਬੋਲਿਆ, “ਏਸ ਰੋਮੀ ਨੇ ਬੜਾ ਤਪਾਇਆ ਮੈਨੂੰ। ਲੋਕੀਂ ਕਿਹਾ ਕਰਨ ਕਿ ਜਿਵੇਂ ਮਾਸਟਰਾਂ ਦੀ ਰੋਮੀ ਨੀ ਮੁੜੀ ਕਨੇਡਾ ਤੋਂ, ਤੇਰੇ ਵਾਲੀ ਵੀ ਨਹੀਂ ਮੁੜਦੀ। ਹੁਣ ਛੱਡ ਦੇ ਝਾਕ।”
ਤਪਾਇਆ ਮੈਨੂੰ ਵੀ ਸੀ ਰੋਮੀ ਨੇ। ਉਸ ਦਾ ਇੱਕ ਨਵਾਂ-ਨਵਾਂ ਹੀ ਮਿੱਤਰ ਬਣਿਆ ਸੀ ਜਿਸ ਦੀ ਕਾਰ ਵਿਚ ਉਹ ਮੈਨੂੰ ਹਵਾਈ ਅੱਡੇ ਤੋਂ ਲਿਆਈ ਸੀ। ਉਹ ਦੋ-ਤਿੰਨ ਰਾਤਾਂ ਬਾਅਦ ਮਲਕ ਦੇਣੇ ਸਾਡੀ ਬੇਸਮੈਂਟ `ਚ ਆ ਜਾਂਦਾ। ਮੈਨੂੰ ਅੱਧ-ਸੁੱਤੀ ਨੂੰ ਉਠ ਕੇ ਬੈਠਕ ਵਿਚ ਸੌਣ ਜਾਣਾ ਪੈਂਦਾ। ਅੰਦਰੋਂ ਰੋਮੀ ਤੇ ਉਸ ਦੇ ਦੋਸਤ ਦੀ ਘੁਸਰ-ਮੁਸਰ ਸੁਣ ਕੇ ਮੇਰਾ ਮਨ ਮਚਲਣ ਲੱਗਦਾ। ਅਮਨ ਦੀ ਯਾਦ ਆਉਂਦੀ। ਜੀਅ ਭਟਕਦਾ। ਦਿਲ ਕਰਦਾ ਕਿ ਅਮਨ ਵੀ ਇੱਥੇ ਹੋਵੇ ਜਾਂ ਮੈਂ ਇੰਡੀਆ ਹੋਵਾਂ। ਤੇ ਜਿਸ ਦਿਨ ਸਾਨੂੰ ਮਕਾਨ ਮਾਲਕਾਂ ਨੇ ਬੇਸਮੈਂਟ ਖਾਲੀ ਕਰਨ ਲਈ ਕਿਹਾ, ਮੈਨੂੰ ਬਹੁਤ ਹੀ ਨਮੋਸ਼ੀ ਹੋਈ ਸੀ। ਉਨ੍ਹਾਂ ਨੇ ਕਿਰਾਏ `ਤੇ ਦੇਣ ਮੌਕੇ ਦੋ ਸ਼ਰਤਾਂ ਰੱਖੀਆਂ ਸਨ। ਇੱਕ ਸਿਰਫ ਕੁੜੀਆਂ ਦੇ ਰਹਿਣ ਦੀ ਤੇ ਦੂਜੀ, ਰਾਤ-ਬਰਾਤੇ ਕੋਈ ਮੁੰਡਾ ਨਾ ਮਿਲਣ ਆਵੇ, ਦੀ । ਜਦੋਂ ਉਨ੍ਹਾਂ ਨੂੰ ਰੋਮੀ ਦੇ ਮਿੱਤਰ ਦੇ ਮਿਲਣ ਆਉਣ ਬਾਰੇ ਪਤਾ ਲੱਗਾ, ਉਨ੍ਹਾਂ ਨੇ ਸਾਨੂੰ ਬੇਸਮੈਂਟ ਖਾਲੀ ਕਰਨ ਲਈ ਆਖ ਦਿੱਤਾ। ਨਵੀਂ ਬੇਸਮੈਂਟ ਲੱਭਣ ਲਈ ਸਾਨੂੰ ਬਹੁਤ ਖੱਜਲ-ਖੁਆਰ ਹੋਣਾ ਪਿਆ। ਕੋਈ ਸਾਨੂੰ ਵੇਖਣ ਸਾਰ ਹੀ ਆਖ ਦਿਆ ਕਰੇ ਕਿ ਪਾੜ੍ਹੇ ਸਫਾਈ ਨਹੀਂ ਰੱਖਦੇ, ਇਸ ਲਈ ਉਹ ਪਾੜ੍ਹਿਆਂ ਨੂੰ ਕਿਰਾਏ `ਤੇ ਨਹੀਂ ਦਿੰਦੇ। ਕੋਈ ਕਹੇ ਪਾੜ੍ਹੇ ਰੌਲਾ-ਰੱਪਾ ਬਹੁਤਾ ਪਾਉਂਦੇ ਆ। ਭੱਜ-ਨੱਠ ਕਰ ਕੇ ਮਸਾਂ ਕਿਤੇ ਡੇਢ ਗੁਣਾ ਵੱਧ ਕਿਰਾਏ `ਤੇ ਇੱਕ ਥਾਂ ਮਿਲੀ। ਪਰ ਮੈਨੂੰ ਵੱਧ ਕਿਰਾਏ ਨਾਲੋਂ ਜਿ਼ਆਦਾ ਤੰਗੀ ਇਸ ਗੱਲ ਦੀ ਸੀ ਕਿ ਰੋਮੀ ਦਾ ਮਿੱਤਰ ਇੱਥੇ ਵੀ ਰਾਤ ਨੂੰ ਆ ਜਾਂਦਾ। ਮੈਨੂੰ ਇਹੀ ਡਰ ਰਹਿੰਦਾ ਕਿ ਇਸ ਮਕਾਨ ਦੇ ਮਾਲਕ ਵੀ ਸਾਨੂੰ ਅਵਾਰਾ ਕੁੜੀਆਂ ਹੀ ਸਮਝਣ ਲੱਗਣਗੇ, ਜਿਵੇਂ ਪੁਰਾਣੇ ਮਕਾਨ ਮਾਲਕ ਨੇ ਸਮਝ ਕੇ ਸਾਨੂੰ ਕੱਢਿਆ ਸੀ। ਰੋਮੀ ਆਖਦੀ, “ਮਕਾਨ ਮਾਲਕ ਕੌਣ ਹੁੰਦੇ ਆ ਸਾਨੂੰ ਦੱਸਣ ਵਾਲੇ ਕਿ ਕੌਣ ਸਾਨੂੰ ਮਿਲਣ ਆ ਸਕਦੈ ਤੇ ਕੌਣ ਨਹੀਂ।”
ਮੈਂ ਅਮਨ ਵੱਲ ਦੇਖਿਆ। ਉਹ ਮੇਰੇ ਵੱਲ ਹੀ ਦੇਖ ਰਿਹਾ ਸੀ। ਮੈਨੂੰ ਨਹੀਂ ਪਤਾ ਉਸ ਦੇ ਚਿੱਤ ਵਿਚ ਉਸ ਵੇਲੇ ਕੀ ਚਲਦਾ ਸੀ, ਜਦੋਂ ਉਸ ਨੇ ‘ਰੋਮੀ ਨੇ ਬੜਾ ਤਪਾਇਆ ਮੈਨੂੰ’ ਕਿਹਾ ਸੀ। ਪਰ ਮੈਨੂੰ ਲੱਗਾ ਜਿਵੇਂ ਉਹ ਮੇਰੇ ਵੱਲ ਸ਼ੁਕਰਗੁਜ਼ਾਰ ਨਿਗਾਹਾਂ ਨਾਲ ਦੇਖ ਰਿਹਾ ਸੀ ਕਿ ਮੈਂ ਆਪਣੇ ਕੌਲਾਂ `ਤੇ ਪੂਰੀ ਉਤਰੀ ਸੀ ਤੇ ਉਸ ਨੂੰ ਕੈਨੇਡਾ ਮੰਗਵਾ ਲਿਆ ਸੀ।
ਮੈਨੂੰ ਉਨ੍ਹਾਂ ਦਿਨਾਂ ਦੀ ਅਮਨ ਦੀ ਰੋਣਹਾਕੀ ਆਵਾਜ਼ ਚੇਤੇ ਸੀ, ਜਿਨ੍ਹਾਂ ਦਿਨਾਂ ਦੀ ਉਹ ਰੋਮੀ ਵੱਲੋਂ ਤਪਾਉਣ ਦੀ ਗੱਲ ਕਰਦਾ ਸੀ। ਸਾਢੇ ਤਿੰਨ ਸਾਲ ਹੋ ਗਏ ਸਨ ਮੈਨੂੰ ਕੈਨੇਡਾ ਆਇਆਂ। ਕਾਲਜ ਵਿਚੋਂ ਦੋ ਸਾਲ ਦਾ ਕੋਰਸ ਮੁੱਕ ਗਿਆ ਸੀ ਅਤੇ ਮੈਂ ਇੱਥੇ ਪੱਕੇ ਹੋਣ ਦੀ ਉਡੀਕ ਕਰ ਰਹੀ ਸੀ। ਫਿਰ ਹੀ ਅਮਨ ਨੂੰ ਪੱਕਾ ਸੱਦ ਸਕਦੀ ਸੀ। ਵਰਕ ਪਰਮਿਟ `ਤੇ ਸੱਦਣ ਵਾਲਾ ਜੁਗਾੜ ਲੋਟ ਨਹੀਂ ਸੀ ਆਇਆ। ਅਮਨ ਅਕਸਰ ਹੀ ਆਖਦਾ, “ਹੁਣ ਤਾਂ ਤੂੰ ਛੇਤੀ-ਛੇਤੀ ਪੱਕੀ ਹੋਜੇਂ ਫੇਰ ਆ। ਏਥੇ ਤਾਂ ਲੋਕਾਂ ਨੇ ਮੇਰਾ ਬਾਹਰ ਨਿਕਲਣਾ ਦੁੱਭਰ ਕੀਤਾ ਪਿਐ।” ਤੇ ਇੱਕ ਦਿਨ ਇਸ ਨੇ ਰੋਣਹਾਕੀ ਆਵਾਜ਼ `ਚ ਕਿਹਾ ਸੀ, “ਲੋਕੀਂ ਕਹਿੰਦੇ ਜੇ ਓਹਨੇ ਤੈਨੂੰ ਸੱਦਣਾ ਹੁੰਦਾ, ਹੁਣ ਨੂੰ ਸੱਦ ਲੈਂਦੀ। ਓਹਨੇ ਓਥੇ ਹੋਰ ਵਿਆਹ ਕਰਵਾ ਲਿਆ ਹੋਣੈ ਰੋਮੀ ਵਾਂਗੂੰ। ਪਰ ਮੈਨੂੰ ਤੇਰੇ `ਤੇ ਪੂਰਾ ਭਰੋਸੈ ਬਈ ਤੂੰ ਨੀ ਇਓਂ ਕਰਦੀ।” ਉਸ ਦਿਨ ਅਮਨ ਦਾ ਦਿਲ ਧਰਾਉਣ ਤੋਂ ਬਾਅਦ ਪਿਛਲੇ ਸਾਢੇ ਤਿੰਨ ਸਾਲ ਮੇਰੀਆਂ ਯਾਦਾਂ ਵਿਚੋਂ ਗੁਜ਼ਰ ਗਏ ਸਨ। ਮੈਂ ਮਹਿਸੂਸ ਕੀਤਾ ਕਿ ਇਸ ਸਮੇਂ ਦੌਰਾਨ ਅਮਨ ਦੀ ਆਵਾਜ਼ ਵਿਚ ਕਿੰਨਾ ਫ਼ਰਕ ਪੈ ਗਿਆ ਸੀ। ਪਹਿਲਾਂ ਇਹ ਕਦੇ ਵੀ ਵੀਡੀਓ ਕਾਲ ਕਰ ਲੈਂਦਾ। ਫਿਰ ਆਖਦਾ, “ਆਸੇ-ਪਾਸੇ ਕੈਮਰਾ ਘੁਮਾ ਕੇ ਮੈਨੂੰ ਵੀ ਕਨੇਡਾ ਦਿਖਾ।” ਮੈਨੂੰ ਲਗਦਾ ਕਿ ਉਹ ਇਸ ਬਹਾਨੇ ਦੇਖਣਾ ਚਾਹੁੰਦਾ ਸੀ ਕਿ ਮੈਂ ਕਿੱਥੇ ਅਤੇ ਕਿਸ ਨਾਲ ਸੀ। ਜਾਂ ਕਦੇ ਪੁੱਛਦਾ ਕਿ ਮੇਰੀ ਫੇਸਬੁੱਕ ਵਿਚ ਫਲਾਣਾ ਮੁੰਡਾ ਕੌਣ ਹੈ। ਉਸ ਦੀ ਆਵਾਜ਼ ਵਿਚ ਆਦੇਸ਼ ਹੁੰਦਾ। ਇੱਕ ਦਿਨ ਕਹਿੰਦਾ, “ਤੂੰ ਰਾਤ ਦਾ ਕੰਮ ਨੀ ਕਰਨਾ।”
“ਦਿਨੇਂ ਕਾਲਜ ਜਾਣਾ ਹੁੰਦੈ। ਜੇ ਕੰਮ `ਤੇ ਨਾ ਗਈ ਤਾਂ ਅਗਲੇ ਸਮੈਸਟਰ ਦੀ ਫੀਸ ਕਿਵੇਂ ਭਰੂੰਗੀ?”
“ਮੈਂ ਆ ਹੀ ਜਾਣੈ। ਦਿਨਾਂ `ਚ ਈ ਕਮਾਦੂੰ ਫੀਸ ਜੋਗੇ ਤਾਂ।”
ਉਸ ਨੂੰ ਪਹਿਲੀ ਵਾਰ ਵਰਕ ਪਰਮਿਟ ਵੀਜ਼ੇ ਤੋਂ ਇਨਕਾਰ ਹੋ ਗਿਆ ਸੀ। ਦੂਜੇ ਸਮੈਸਟਰ ਦੀ ਫੀਸ ਅਮਨ ਨੇ ਇੰਡੀਆਂ ਤੋਂ ਭੇਜ ਦਿੱਤੀ ਸੀ। ਤੀਜੇ ਸਮੈਸਟਰ ਦੀ ਫੀਸ ਦੇਣ ਦਾ ਸਮਾਂ ਆਉਣ ਤੋਂ ਪਹਿਲਾਂ ਉਸ ਨੇ ਮੈਨੂੰ ਕਿਸੇ ਵੀ ਸ਼ਿਫਟ `ਤੇ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ।
ਰਾਹ-ਦਸੇਰੂ ਵਿਚੋਂ ਫਿਰ ਆਦੇਸ਼ ਦੀ ਆਵਾਜ਼ ਉਭਰੀ। ਅਲੈਕਸ ਫਰੇਜ਼ਰ ਬ੍ਰਿੱਜ ਚੜ੍ਹਨ ਤੋਂ ਪਹਿਲਾਂ ਮੈਂ ਫਿਰ ਆਪਣੀ ਪੂਰੀ ਤਵੱਜੋ ਕਾਰ ਚਲਾਉਣ ਵੱਲ ਕਰ ਲਈ। ਗੱਲਾਂ-ਬਾਤਾਂ ਵਿਚ ਮੈਂ ਹਾਈਵੇ ਵਿਚੋਂ ਬਾਹਰ ਨਿਕਲਣ ਵਾਲਾ ਰਸਤਾ ਖੁੰਝਾਉਣਾ ਨਹੀਂ ਸੀ ਚਾਹੁੰਦੀ। ਨੋਰਡਲਵੇਅ ਵਾਲੇ ਰਾਹ ਪੈ ਕੇ ਮੈਂ ਰਾਹ-ਦਸੇਰੂ ਬੰਦ ਕਰ ਦਿੱਤਾ। ਹੁਣ ਇਸ ਦੀ ਜ਼ਰੂਰਤ ਨਹੀਂ ਸੀ। ਮੇਰੇ ਆਪਣੇ ਸ਼ਹਿਰ ਡੈਲਟਾ-ਸਰੀ ਆ ਗਏ ਸਨ। ਇਹ ਰਾਹ ਮੇਰੇ ਦੇਖੇ ਭਾਲੇ ਸਨ। ਜਿਸ ਸੜਕ `ਤੇ ਅਸੀਂ ਜਾ ਰਹੇ ਸੀ, ਉਸ ਉਪਰ ਖੱਬੇ ਹੱਥ ਦਾਅਵਤ ਭਵਨ ਸੀ। ਇੱਥੇ ਮੈਂ ਇੱਕ ਸ਼ਾਮ ਕੰਮ ਕੀਤਾ ਸੀ। ਪੰਜਾਬ ਤੋਂ ਆਈ ਨੂੰ ਹਾਲੇ ਹਫ਼ਤਾ ਹੀ ਹੋਇਆ ਸੀ ਕਿ ਰੋਮੀ ਮੈਨੂੰ ਆਪਣੇ ਨਾਲ ਹੀ ਕੰਮ `ਤੇ ਲੈ ਗਈ। ਪੰਜਾਬੀਆਂ ਦੇ ਵਿਆਹ ਦੀ ਦਾਅਵਤ ਸੀ। ਮੇਰੇ ਆਪਣੇ ਵਿਆਹ ਨੂੰ ਹਾਲੇ ਦਸ ਦਿਨ ਹੋਏ ਸਨ। ਮੇਰੇ ਹੱਥਾਂ ਦੀ ਮਹਿੰਦੀ ਦਾ ਰੰਗ ਹਾਲੇ ਫਿੱਕਾ ਨਹੀਂ ਸੀ ਪਿਆ ਤੇ ਮੈਂ ਕਿਸੇ ਦੇ ਵਿਆਹ ਵਿਚ ਵਰਤਾਵੀ ਬਣੀ ਹੋਈ ਸੀ। ਭਾਵੇਂ ਮੇਰੇ ਮਾਪਿਆਂ ਦੇ ਘਰ ਮਸਾਂ ਹੀ ਗੁਜ਼ਾਰਾ ਹੁੰਦਾ ਸੀ ਪਰ ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਵਿਆਹਾਂ ਵਿਚ ਬਹਿਰੀ ਬਣਾਂਗੀ। ਉਹ ਸਾਰੀ ਸ਼ਾਮ ਹੀ ਮੈਨੂੰ ਲੱਗਦਾ ਰਿਹਾ ਸੀ ਜਿਵੇਂ ਹਰ ਨਿਗ੍ਹਾ ਮੇਰੇ `ਤੇ ਹੀ ਗੱਡੀ ਹੋਵੇ। ਕੰਮ ਤੋਂ ਬਾਅਦ ਮੇਰਾ ਰੋਣ ਨਿਕਲ ਗਿਆ ਸੀ। ਜਦ ਮੈਂ ਫੋਨ ਰਾਹੀਂ ਅਮਨ ਨੂੰ ਦੱਸਿਆ, ਉਹ ਬੋਲਿਆ, “ਫੇਰ ਨਾ ਜਾਈਂ ਕਦੇ ਐਹੋ ਜਹੇ ਕੰਮ `ਤੇ। ਪਾਰਟੀਆਂ `ਚ ਸ਼ਰਾਬੀ ਬੰਦਿਆਂ ਦਾ ਕੀ ਭਰੋਸਾ ਹੁੰਦੈ।” ਉਸੇ ਹੀ ਸੜਕ `ਤੇ ਸੱਜੇ ਹੱਥ ਸਬਵੇਅ ਰੈਸਤੋਰਾਂ ਸੀ। ਮੈਂ ਉਸ ਵੱਲ ਇਸ਼ਾਰਾ ਕਰ ਕੇ ਅਮਨ ਨੂੰ ਦੱਸਿਆ, “ਮੈਂ ਇੱਥੇ ਕੰਮ ਕਰਦੀ ਸੀ। ਏਨ੍ਹਾਂ ਨੇ ਹੀ ਸਪੌਂਸਰਸ਼ਿੱਪ ਦੇ ਕੇ ਪੱਕੀ ਕਰਵਾਇਐ।”
“ਅੱਛਾ। ਛੱਡ ਕਾਹਤੋਂ ਦਿੱਤਾ ਕੰਮ ਇੱਥੋਂ?” ਅਮਨ ਦੇ ਦਿਮਾਗ ਵਿਚ ਸ਼ਾਇਦ ਮੇਰੇ ਕਹੇ ‘ਪੱਕੀ ਕਰਵਾਉਣ’ ਵਾਲੇ ਹਿੱਸੇ ਨੇ ਸ਼ਰਧਾ ਪੈਦਾ ਕਰ ਦਿੱਤੀ ਸੀ। ਮੈਨੂੰ ਲੱਗਾ ਕਿ ਉਹ ਇਸੇ ਭਾਵ ਨਾਲ ਹੀ ਸਬਵੇਅ ਵੱਲ ਦੇਖ ਰਿਹਾ ਸੀ।
“ਤੈਨੂੰ ਦੱਸਿਆ ਤਾਂ ਸੀ। ਜਦੋਂ ਸਟੂਡੈਂਟ ਸੀ, ਉਦੋਂ ਕਾਨੂੰਨੀ ਤੌਰ `ਤੇ ਹਫਤੇ `ਚ ਵੀਹ ਘੰਟੇ ਹੀ ਕੰਮ ਕਰ ਸਕਦੀ ਸੀ ਪਰ ਮੈਂ ਕਰਦੀ ਸੀ ਪੰਜਾਹ-ਪੰਜਾਹ ਘੰਟੇ। ਬਾਕੀ ਤੀਹ ਘੰਟਿਆਂ ਦੀ ਇਹ ਨਿਗੂਣੀ ਜਿਹੀ ਤਨਖਾਹ ਦਿੰਦੇ। ਕੋਰਸ ਮੁੱਕਣ ਤੋਂ ਬਾਅਦ ਵੀ ਮੈਂ ਦੋ ਸਾਲ ਉਸੇ ਹਿਸਾਬ ਹੀ ਢੂਆ ਕੁਟਾਉਂਦੀ ਰਹੀ ਕਿ ਇਹ ਮੈਨੂੰ ਸਪੌਂਸਰਸ਼ਿੱਪ ਦੇਣਗੇ। ਕੰਮਾਂ ਵਾਲੇ ਇਹ ਐਨੀ ਛੇਤੀ ਕਿੱਥੇ ਦਿੰਦੇ ਆ। ਏਨ੍ਹਾਂ ਨੂੰ ਐਨੇ ਸਸਤੇ ਕਾਮੇ ਕਿੱਥੋਂ ਲੱਭਣੇ ਆਂ। ਪੱਕੀ ਹੋਣ ਦੀ ਦੇਰ ਸੀ, ਓਸੇ ਦਿਨ ਹੀ ਮੈਂ ਨਵੀਂ ਨੌਕਰੀ ਲੱਭ ਲਈ।”
“ਆਪਣੇ ਬੰਦੇ ਈ ਐ?” ਮੈਨੂੰ ਅਮਨ ਦੇ ਸਵਾਲ `ਤੇ ਹੈਰਾਨੀ ਹੋਈ। ਇਹ ਸਭ ਮੈਂ ਇਸ ਨੂੰ ਦੱਸਿਆ ਹੋਇਆ ਸੀ। ਫਿਰ ਸੋਚਿਆ ਕਿ ਕਿੰਨੇ ਕੰਮਾਂ ਵਾਲਿਆਂ ਦੀਆਂ ਤਾਂ ਇਸ ਨੂੰ ਗੱਲਾਂ ਸਣਾਉਂਦੀ ਰਹੀ ਹਾਂ। ਸ਼ਾਇਦ ਇੱਕ-ਦੂਜੇ ਵਿਚ ਉਲਝ ਗਿਆ ਹੋਵੇਗਾ ਜਾਂ ਜਹਾਜ਼ ਵਿਚ ਨੀਂਦ ਨਾ ਆਈ ਹੋਣ ਕਰ ਕੇ ਅੱਧ-ਉਨੀਂਦੇ ਦਾ ਮੇਰੀ ਗੱਲ ਵੱਲ ਪੂਰਾ ਧਿਆਨ ਨਾ ਹੋਵੇ।
ਮੈਂ ਜਵਾਬ ਦਿੱਤਾ, “ਆਪਣੇ ਲੋਕ ਹੀ ਆਪਣਿਆਂ ਦੀ ਲੁੱਟ ਕਰਦੇ ਆ। ਅੱਛਾ ਇਓਂ ਦੱਸ ਜੇ ਰੋਟੀ ਦੀ ਭੁੱਖ ਐ ਤਾਂ ਨੇੜੇ ਹੀ ਗੁਰਦੁਆਰਾ ਹੈ, ਉਥੇ ਚਲੇ ਚੱਲਦੇ ਹਾਂ। ਆਪਣੇ ਘਰ ਕੋਲ ਵੀ ਇੱਕ ਗੁਰਦੁਆਰਾ ਹੈ ਪਰ ਓਥੇ ਐਸ ਵੇਲੇ ਗਰਮ ਰੋਟੀ ਨੀ ਮਿਲਣੀ।”
“ਰੋਟੀ ਤਾਂ ਖਾਵਾਂਗੇ ਹੀ। ਜਹਾਜ਼ ਵਾਲਾ ਖਾਣਾ ਬਕਬਕਾ ਜਿਹਾ ਸੀ।”
ਮੈਂ ਕਾਰ ਗੁਰਦੁਆਰਾ ਦਸਮੇਸ਼ ਦਰਬਾਰ ਵੱਲ ਮੋੜ ਦਿੱਤੀ। ਅਚਾਨਕ ਹੀ ਅਮਨ ਬੋਲਿਆ, “ਆਹ ਕੀ ਬਈ? ਓਹ ਦੁਕਾਨ ਮੂਹਰੇ ਜਲੇਬੀਆਂ ਲਿਖਿਆ। ਇਹ ਦੁਕਾਨ ਦਾ ਨਾਂ ਹੈ ਕਿ ਮਸ਼ਹੂਰੀ ਕਰਨ ਵਾਸਤੇ ਲਿਖਿਆ?”
“ਇਹ ਮਠਿਆਈਆਂ ਦੀ ਦੁਕਾਨ ਹੈ। ਏਨ੍ਹਾਂ ਦੀਆਂ ਜਲੇਬੀਆਂ ਬਹੁਤ ਮਸ਼ਹੂਰ ਨੇ। ਮੈਂ ਏਥੇ ਵੀ ਥੋੜ੍ਹੇ ਜਿਹੇ ਦਿਨ ਕੰਮ ਕੀਤੈ।”
ਇਹ ਦੁਕਾਨ ਮੀਆਂ-ਬੀਵੀ ਚਲਾਉਂਦੇ ਸਨ। ਮੈਂ ਸ਼ਾਮ ਦੇ ਤਿੰਨ ਤੋਂ ਰਾਤ ਦੇ ਦਸ ਵਜੇ ਤੱਕ ਇੱਥੇ ਕੰਮ ਕਰਦੀ। ਮੇਰੀ ਬਸ ਦਸ ਵੱਜ ਕੇ ਦਸ ਮਿੰਟ `ਤੇ ਇੱਧਰੋਂ ਲੰਘਦੀ। ਮੈਨੂੰ ਕੁਝ ਦਿਨਾਂ `ਚ ਹੀ ਪਤਾ ਲੱਗ ਗਿਆ ਸੀ ਕਿ ਦੁਕਾਨ ਦਾ ਮਾਲਕ ਮੇਰੀ ਬਸ ਖੁੰਝਾਉਣੀ ਚਾਹੁੰਦਾ ਸੀ। ਉਹ ਦਸ ਵੱਜਣ `ਚ ਪੰਜ ਮਿੰਟ ਰਹਿੰਦਿਆਂ ਆ ਕੇ ਕਹਿੰਦਾ, “ਆਹ ਭਾਂਡਾ ਸਾਫ ਕਰਦੇ।” ਮੈਂ ਆਖਦੀ, “ਮੇਰੀ ਬਸ ਲੰਘ ਜਾਵੇਗੀ।” ਉਹ ਆਖਦਾ, “ਏਸ ਕੰਮ ਨੂੰ ਬਹੁਤਾ ਚਿਰ ਨੀ ਲੱਗਣਾ। ਜੇ ਬਸ ਲੰਘ ਗਈ, ਮੈਂ ਛੱਡ ਆਊਂ ਤੈਨੂੰ।” ਪਰ ਮੈਂ ਉਸ ਨੂੰ ਇਹ ਮੌਕਾ ਨਹੀਂ ਸੀ ਦੇਣਾ ਚਾਹੁੰਦੀ। ਮੈਨੂੰ ਉਸ ਦੀ ਅੱਖ ਵਿਚ ਮੈਲ ਦਿਸ ਗਈ ਸੀ। ਦੁਕਾਨ ਅੰਦਰ ਉਹ ਆਪਣੀ ਘਰਵਾਲੀ ਸਾਹਮਣੇ ਕੁਝ ਆਖ ਨਹੀਂ ਸੀ ਸਕਦਾ। ਤੇ ਮੈਂ ਦੋ ਹਫਤਿਆਂ ਬਾਅਦ ਹੀ ਉਥੋਂ ਕੰਮ ਛੱਡ ਦਿੱਤਾ ਸੀ। ਮੈਂ ਇਹ ਗੱਲ ਅਮਨ ਨੂੰ ਨਾ ਦੱਸੀ। ਸੋਚਿਆ ਕਿ ਪਤਾ ਨਹੀਂ ਅਮਨ `ਤੇ ਇਸ ਦਾ ਕੀ ਅਸਰ ਹੋਵੇਗਾ। ਪਰ ਮੈਂ ਉਸ ਨੂੰ ਕੰਮ ਛੱਡਣ ਤੋਂ ਇੱਕ ਰਾਤ ਪਹਿਲਾਂ ਬਾਰੇ ਦੱਸਣ ਲੱਗ ਪਈ, “ਮੇਰੇ ਟਿਕਾਣੇ ਤੋਂ ਏਧਰ ਬਹੁਤੀਆਂ ਬਸਾਂ ਨਹੀਂ ਸੀ ਚਲਦੀਆਂ। ਇੱਕ ਰਾਤ ਐਨੀ ਠੰਢ ਕਿ ਹੱਥ-ਪੈਰ ਨਾਲੋਂ ਲਹਿੰਦੇ ਲੱਗਣ। ਸਰੀਰ ਸੁੰਨ ਕਰਦੀ ਬਰਫੀਲੀ ਹਵਾ ਵਗੇ। ਮੇਰੇ ਦੇਖਦੀ-ਦੇਖਦੀ ਮੇਰੇ ਮੂਹਰੇ ਮੇਰੀ ਬਸ ਨਿਕਲ ਚੱਲੀ। ਮੈਂ ‘ਸਟਾਪ ਸਟਾਪ’ ਕਰਦੀ ਮਗਰ ਵੀ ਭੱਜੀ। ਪਰ ਉਹ ਰੁਕੀ ਨਹੀਂ। ਅਗਲੀ ਬਸ ਪਤਾ ਨਹੀਂ ਘੰਟੇ ਜਾਂ ਦੋ ਘੰਟੇ ਬਾਅਦ ਆਉਣੀ ਸੀ। ਅਗਲਾ ਦਿਨ ਕਾਲਜ ਦਾ ਕੰਮ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਸੀ। ਮੈਂ ਹਾਲੇ ਉਹ ਸ਼ੁਰੂ ਵੀ ਨਹੀਂ ਸੀ ਕੀਤਾ। ਕੰਮ ਵਿਚ ਹੀ ਐਨੀ ਰੁੱਝੀ ਹੋਈ ਸੀ। ਉਸ ਰਾਤ ਜਾ ਕੇ ਕਰਨਾ ਸੀ। ਸੋਚਦੀ ਸੀ ਕਿ ਉਸ ਰਾਤ ਨਾ ਸੌਵਾਂਗੀ। ਸੋਚਾਂ ਕਿ ਹੁਣ ਕੀ ਕਰਾਂ। ਮੈਂ ਰੋਣਹਾਕੀ ਹੋ ਗਈ। ਫੇਰ ਮੈਂ ਤੁਰ ਕੇ ਘਰ ਜਾਣ ਦਾ ਫੈਸਲਾ ਕਰ ਲਿਆ। ਰਾਹ ਵਿਚ ਖਿਆਲ ਆਈ ਜਾਣ ਕਿ ਜਿਵੇਂ ਬਸ ਦੇਖਦੇ-ਦੇਖਦੇ ਹੀ ਲੰਘੀ ਹੈ, ਕੋਰਸ ਵੀ ਇਸੇ ਤਰ੍ਹਾਂ ਹੀ ਹੱਥੋਂ ਨਿਕਲ ਜਾਵੇਗਾ। ਫਿਰ ਇਕ ਹੋਰ ਸਮੈਸਟਰ ਲਾਉਣਾ ਪਵੇਗਾ। ਚਿੱਤ `ਚ ਕਾਹਲ ਪਈ ਜਾਵੇ। ਅੱਖਾਂ ਭਰ-ਭਰ ਆਉਣ। ਹਵਾ ਨੱਕ-ਮੂੰਹ ਸੁੰਨ ਕਰੀ ਜਾਵੇ। ਤੇਰੇ `ਤੇ ਹਰਖ ਆਈ ਜਾਵੇ । ਪਾਪਾ `ਤੇ ਗੁੱਸਾ ਆਈ ਜਾਵੇ ਕਿ ਮੈਨੂੰ ਇੱਥੇ ਜੰਗਲ ਬੀਆਬਾਨ `ਚ `ਕੱਲੀ ਨੂੰ ਭਟਕਣ ਲਈ ਭੇਜ ਦਿੱਤਾ। ਵਿਚੇ ਮਨ ਨੂੰ ਕਰੜਾ ਕਰ ਕੇ ਸੋਚਦੀ ਕਿ ਕਿਸੇ ਓਧਰ ਜਾਂਦੀ ਕਾਰ ਨੂੰ ਰੋਕ ਕੇ ਉਸ ਨੂੰ ਘਰ ਤੱਕ ਛੱਡਣ ਲਈ ਆਖ ਦੇਵਾਂ। ਪਰ ਇਸ ਤਰ੍ਹਾਂ ਨਾ ਕਰ ਸਕੀ। ਠੰਢ ਨਾਲ ਪੈਰ ਮਣ-ਮਣ ਭਾਰੇ ਹੋ ਗਏ। ਰੋਂਦੀਂ ਢਹਿੰਦੀ ਮਸਾਂ ਟਿਕਾਣੇ `ਤੇ ਪਹੁੰਚੀ।”
ਮੈਨੂੰ ਲੱਗਾ ਜਿਵੇਂ ਅਮਨ ਮੇਰੇ ਵੱਲ ਹੀ ਦੇਖ ਰਿਹਾ ਸੀ। ਮੈਂ ਉਸ ਵੱਲ ਦੇਖਿਆ। ਮੈਨੂੰ ਲੱਗਾ ਜਿਵੇਂ ਉਹ ਮੇਰੇ ਸਿਰੜ `ਤੇ ਬਲਿਹਾਰੇ ਜਾ ਰਿਹਾ ਹੋਵੇ। ਉਹ ਬੋਲਿਆ, “ਪਤਾ ਨੀ ਸੀ ਨਾ ਸੀਰਤ ਬਈ ਤੈਨੂੰ ਏਥੇ ਇਓਂ `ਕੱਲੀ ਨੂੰ ਰਹਿਣਾ ਪਵੇਗਾ। ਏਜੰਟ ਤਾਂ ਕਹਿੰਦਾ ਸੀ ਕਿ ਤੇਰੇ ਏਥੇ ਪਹੁੰਚਣ ਦੇ ਮਹੀਨੇ ਬਾਅਦ ਮੇਰੀ ਵਰਕ ਪਰਮਿਟ ਵੀਜ਼ੇ `ਤੇ ਅਰਜ਼ੀ ਭਰ ਦੇਵਾਂਗੇ। ਓਦੋਂ ਹੀ ਵੀਜ਼ਾ ਮਿਲਜੂ। ਮੈਂ ਕੰਮ ਕਰੀ ਜਾਂਦਾ, ਤੂੰ ਪੜ੍ਹੀ ਜਾਂਦੀ। ਓਦੋਂ ਪਤਾ ਨਹੀਂ ਸੀ ਬਈ ਇਸ ਤਰ੍ਹਾਂ ਕਿਸੇ-ਕਿਸੇ ਨੂੰ ਹੀ ਵੀਜ਼ਾ ਮਿਲਦਾ।”
“ਚੱਲ ਹੁਣ ਤਾਂ ਲੰਘ ਗਿਆ ਔਖਾ ਸਮਾਂ”, ਮੈਂ ਕਿਹਾ। ਕੁਝ ਪਲਾਂ ਬਾਅਦ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, “ਸਮਾਂ ਤਾਂ ਔਖੇ-ਸੌਖੇ ਲੰਘ ਹੀ ਜਾਂਦਾ ਹੁੰਦੈ।” ਇਹ ਗੱਲ ਸ਼ਾਇਦ ਮੈਂ ਆਪਣੇ ਆਪ ਨੂੰ ਹੀ ਤਸੱਲੀ ਦੇਣ ਲਈ ਕਹੀ ਸੀ। ਪਲ ਦੀ ਪਲ ਮੇਰੇ ਸਾਹਮਣਿਓਂ ਮੇਰੀ ਭਰਜਾਈ ਦਾ ਚਿਹਰਾ ਲੰਘ ਗਿਆ ਸੀ। ਮੈਂ ਆਪ ਇਸ ਕੰਡਿਆਲੇ ਰਾਹ ਤੁਰੀ ਹੋਣ ਦੇ ਬਾਵਜੂਦ ਆਪਣੇ ਭਰਾ ਦਾ ਰਾਹ ਪੱਧਰਾ ਕਰਨ ਲਈ ਆਪਣੀ ਭਰਜਾਈ ਨੂੰ ਇਸੇ ਰਾਹ ਘੜੀਸ ਲਿਆ ਸੀ।
ਮੇਰਾ ਛੋਟਾ ਭਰਾ ਪਰਦੀਪ ਨਿੱਤ ਫੋਨ ਕਰ ਕੇ ਆਖਦਾ, “ਦੀਦੀ ਮੇਰਾ ਵੀ ਕਰੋ ਕੁਝ।”
“ਆਈਲੈਟਸ ਕਰ ਲੈ”, ਮੈਂ ਉਸ ਨੂੰ ਆਖਦੀ। ਮੈਂ ਵੀ ਇਹੀ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰ ਕੇ ਇੱਥੇ ਆਈ ਸੀ। ਇਸ ਤਰੀਕੇ ਨਾਲ ਹਜ਼ਾਰਾਂ ਹੀ ਵਿਦਿਆਰਥੀ ਪੰਜਾਬ ਤੋਂ ਆ ਰਹੇ ਸੀ। ਉਹ ਇੱਥੇ ਕਿਸੇ ਕਾਲਜ ਵਿਚ ਦੋ ਸਾਲਾਂ ਦਾ ਕੋਈ ਕੋਰਸ ਕਰਨ ਆਉਂਦੇ ਅਤੇ ਫਿਰ ਪੱਕੇ ਹੋਣ ਦੀ ਅਰਜ਼ੀ ਭਰ ਦਿੰਦੇ। ਇਹੀ ਸਲਾਹ ਮੈਂ ਪਰਦੀਪ ਨੂੰ ਦਿੰਦੀ। ਪਰ ਉਹ ਆਖਦਾ, “ਓਹ ਨੀ ਮੈਥੋਂ ਹੋਣੇ। ਕੋਈ ਹੋਰ ਤਰੀਕਾ ਲੱਭੋ।” ਤੇ ਮੈਨੂੰ ਉਹੀ ਤਰੀਕਾ ਲੱਭਿਆ ਜਿਸ ਪੈਂਡੇ ਮੈਂ ਪਈ ਸੀ। ਮੇਰੇ ਇੱਥੇ ਪੱਕੀ ਹੋਣ ਸਾਰ ਹੀ ਅਮਨ ਜ਼ੋਰ ਲਾਉਣ ਲੱਗਾ ਸੀ ਕਿ ਮੈਂ ਇੱਕ ਵਾਰ ਇੰਡੀਆ ਜ਼ਰੂਰ ਆਵਾਂ, ਭਾਵੇਂ ਥੋੜ੍ਹੇ ਦਿਨਾਂ ਲਈ ਹੀ ਸਹੀ। ਮੇਰਾ ਆਪਣਾ ਵੀ ਬਹੁਤ ਦਿਲ ਕਰਦਾ ਸੀ, ਲੰਬੀਆਂ ਛੁੱਟੀਆਂ ਕਰਨ ਲਈ। ਪਿਛਲੇ ਚਾਰ ਸਾਲ ਕੰਮ ਅਤੇ ਸਕੂਲ ਦੇ ਰੁਝੇਵੇਂ ਨੇ ਮੈਨੂੰ ਸਾਹ ਨਹੀਂ ਸੀ ਲੈਣ ਦਿੱਤਾ। ਮੈਂ ਗਿਣਤੀਆਂ-ਮਿਣਤੀਆਂ ਵਿਚ ਪੈ ਗਈ ਕਿ ਜਿੰਨੀ ਹੁਣ ਤੱਕ ਕਮਾਈ ਕੀਤੀ ਸੀ, ਉਹ ਰੋੜ੍ਹ ਆਵਾਂਗੀ ਨਾਲੇ ਕੰਮ ਤੋਂ ਛੁੱਟੀਆਂ ਲੈਣ ਨਾਲ ਕਮਾਈ ਬੰਦ ਹੋਵੇਗੀ, ਕਿਉਂ ਨਾ ਐਨੇ ਡਾਲਰਾਂ ਨਾਲ ਭਰਾ ਦੇ ਏਥੇ ਆਉਣ ਦਾ ਕੋਈ ਜੁਗਾੜ ਕਰ ਲਵਾਂ। ਤੇ ਜਦੋਂ ਮੈਂ ਅਮਨ ਨਾਲ ਇਸ ਬਾਰੇ ਗੱਲ ਕੀਤੀ, ਉਹ ਇਕਦਮ ਚੁੱਪ ਕਰ ਗਿਆ। ਫਿਰ ਬਹੁਤ ਹੀ ਠੰਢੀ ਆਵਾਜ਼ `ਚ ਬੋਲਿਆ, “ਜਿਵੇਂ ਤੇਰੀ ਮਰਜ਼ੀ ਐ।” ਮੈਂ ਅਮਨ ਦੇ ਇਸ ਜਵਾਬ ਤੋਂ ਡਰ ਗਈ। ਮਨ `ਚ ਆਇਆ ਕਿ ਭਰਾ ਦਾ ਘਰ ਵਸਾਉਂਦੀ-ਵਸਾਉਂਦੀ ਆਪਣਾ ਨਾ ਉਜਾੜ ਲਵਾਂ। ਮੈਂ ਆਪਣੇ ਪਾਪਾ ਨਾਲ ਸਲਾਹ ਕੀਤੀ। ਉਹ ਅਮਨ ਦੇ ਘਰ ਗਏ। ਉਨ੍ਹਾਂ ਦੇ ਸਾਰੇ ਪਰਿਵਾਰ ਦੇ ਚਿਹਰੇ ਸੁਜਾਏ ਹੋਏ ਪਰ ਮੂੰਹੋਂ ਕੋਈ ਕੁਝ ਨਾ ਬੋਲਿਆ। ਫਿਰ ਅਮਨ ਦੀ ਮੰਮੀ ਹੀ ਬੋਲੀ, “ਸਾਡਾ ਮੁੰਡਾ ਤਾਂ ਭਾਈ ਹਾਲੇ ਐਥੇ ਬੈਠਾ। ਲੋਕਾਂ ਨੇ ਸਾਡਾ ਬਾਹਰ ਨਿਕਲਣਾ ਔਖਾ ਕੀਤਾ ਪਿਐ।” ਅੱਗੋਂ ਮੇਰੇ ਪਾਪਾ ਕਹਿੰਦੇ, “ਤੁਹਾਡਾ ਨਹੀਂ ਜੀ, ਇਹ ਤਾਂ ਸਾਡਾ ਵੱਡਾ ਪੁੱਤ ਐ। ਸੀਰਤ ਪੱਕੀ ਹੋਣ ਸਾਰ ਪਹਿਲਾਂ ਇਸ ਦੀ ਅਰਜ਼ੀ ਭਰੂ, ਫੇਰ ਜਿਵੇਂ ਇਹ ਕਹੂ, ਓਵੇਂ ਕਰਾਂਗੇ। ਨਾਲੇ ਏਸੇ ਨੇ ਕਰਨੈ ਸਾਰਾ ਕਾਰਜ ਮੂਹਰੇ ਲੱਗ ਕੇ।” ਪਾਪਾ ਇਸ ਪੱਖੋਂ ਬਹੁਤ ਸਿਆਣੇ ਆ। ਉਨ੍ਹਾਂ ਨੇ ਵਡਿਆ ਕੇ ਅਮਨ ਦੇ ਪਰਿਵਾਰ ਨੂੰ ਮਨਾ ਲਿਆ ਅਤੇ ਪਰਦੀਪ ਦੇ ਵਿਆਹ ਦਾ ਅਖਬਾਰਾਂ ਵਿਚ ਉਸੇ ਤਰ੍ਹਾਂ ਦਾ ਇਸ਼ਤਿਹਾਰ ਦੇ ਦਿੱਤਾ ਜਿਸ ਤਰ੍ਹਾਂ ਦਾ ਅਮਨ ਦੇ ਡੈਡੀ ਨੇ ਚਾਰ ਸਾਲ ਪਹਿਲਾਂ ਦਿੱਤਾ ਸੀ। ਪਾਪਾ ਨੇ ਇਹ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਅਤੇ ਇਸ਼ਤਿਹਾਰ ਦੀ ਨਕਲ ਵੀ ਮੈਨੂੰ ਭੇਜ ਦਿੱਤੀ। ਉਸ ਵਿਚ ਲਿਖਿਆ ਸੀ: ਕੈਨੇਡਾ ਜਾਣ ਦੀ ਚਾਹਵਾਨ ਆਈਲੈਟਸ ਵਿਚੋਂ 6.5 ਬੈਂਡ ਨਾਲ ਪਾਸ ਲੜਕੀ ਦੀ ਜ਼ਰੂਰਤ ਹੈ। ਸਾਰਾ ਖਰਚ ਲੜਕੇ ਦੀ ਕੈਨੇਡਾ ਵਿਚ ਸੈਟਲਡ ਭੈਣ ਕਰੇਗੀ।
“ਹਾਂ, ਸਮੇਂ ਨੇ ਤਾਂ ਲੰਘਣਾ ਹੀ ਹੁੰਦੈ”, ਮੈਨੂੰ ਅਮਨ ਦੀ ਆਵਾਜ਼ ਸੁਣੀ। ਮੈਨੂੰ ਲੱਗਾ ਜਿਵੇਂ ਉਸ ਨੇ ਹਉਕਾ ਲਿਆ ਹੋਵੇ। ਹੋ ਸਕਦਾ ਹੈ ਕਿ ਮੈਨੂੰ ਐਵੇਂ ਹੀ ਲੱਗਾ ਹੋਵੇ।
ਗੁਰਦੁਆਰੇ ਤੋਂ ਲੰਗਰ ਛਕ ਕੇ ਅਸੀਂ ਘਰ ਵੱਲ ਕਾਰ ਕਰ ਲਈ। ਅੱਗੇ ਬੇਅਰ ਕਰੀਕ ਪਾਰਕ ਆ ਗਿਆ। ਇਹ ਉਹੀ ਪਾਰਕ ਹੈ ਜਿਸ ਦੇ ਇੱਕ ਹਿੱਸੇ ਵਿਚ ਮੈਨੂੰ ਆਪਣਾ ਆਪ ਗੁਰਪ੍ਰੀਤ ਦੇ ਗਲ ਵਿਚ ਬਾਹਾਂ ਪਾਈ ਖੜ੍ਹਾ ਦਿਸਦਾ।
ਇੱਕ ਦਿਨ ਗੁਰਪ੍ਰੀਤ ਨੇ ਗੱਲੀਂ-ਬਾਤੀਂ ਦੱਸਿਆ ਸੀ ਕਿ ਉਸ ਨੇ ਕੈਨੇਡਾ `ਚ ਪੱਕੇ ਹੋਣ ਲਈ ਅਰਜ਼ੀ ਭਰੀ ਹੋਈ ਸੀ ਤੇ ਕੁਝ ਦਿਨਾਂ `ਚ ਹੀ ਉਸ ਨੂੰ ਪੱਕੇ ਹੋਣ ਦੀ ਉਮੀਦ ਸੀ। ਮੈਂ ਸੁਭਾਵਿਕ ਹੀ ਪੁੱਛ ਲਿਆ, “ਉਸ ਤੋਂ ਬਾਅਦ ਅੱਗੇ ਕੀ ਪ੍ਰੋਗਰਾਮ ਹੈ?”
“ਜੇ ਤੇਰੇ ਵਰਗੀ ਕੁੜੀ ਮਿਲ ਜਾਵੇ ਤਾਂ ਇੱਥੇ ਹੀ ਵਿਆਹ ਕਰਵਾ ਲਵਾਂ।” ਉਸ ਦਾ ਇਹ ਜਵਾਬ ਸੁਣ ਕੇ ਮੈਨੂੰ ਆਪਣੇ ਅੰਦਰੋਂ ਕੁਝ ਖੁੱਸਦਾ ਜਿਹਾ ਜਾਪਿਆ। ਮੈਂ ਉਸ ਵੱਲ ਦੇਖਿਆ।
“ਮੇਰਾ ਤਾਂ ਭਰਾਵਾ ਪਹਿਲਾਂ ਹੀ ਹੋਇਆ ਵਿਐ”, ਮੇਰੇ ਮੂੰਹੋਂ ਮਸਾਂ ਹੀ ਨਿਕਲਿਆ। ਮੈਨੂੰ ਲੱਗਾ ਜਿਵੇਂ ਇਹ ਸੁਣ ਕੇ ਉਸ ਦਾ ਵੀ ਚਿਹਰਾ ਲੱਥ ਗਿਆ ਹੋਵੇ। ਉਸ ਰਾਤ ਮੇਰਾ ਦਿਲ ਰੋਣ-ਰੋਣ ਕਰੇ। ਮੈਨੂੰ ਆਪਣੇ ਪਾਪਾ `ਤੇ ਖਿਝ ਆਈ ਕਿ ਉਨ੍ਹਾਂ ਨੂੰ ਐਡੀ ਵੀ ਕੀ ਜਲਦੀ ਸੀ ਮੇਰੇ ਵਿਆਹ ਦੀ। ਫਿਰ ਪਾਪਾ ਦਾ ਰੋਂਦਾ ਚਿਹਰਾ ਸਾਹਮਣੇ ਆ ਗਿਆ ਸੀ। ਕਦੇ-ਕਦੇ ਉਹ ਸ਼ਰਾਬ ਪੀ ਕੇ ਰੋਣ ਲੱਗਦੇ। ਮੈਨੂੰ ਤੇ ਮੇਰੇ ਭਰਾ ਨੂੰ ਬੁੱਕਲ `ਚ ਲੈ ਕੇ ਆਖਦੇ, “ਜੇ ਕਿਤੇ ਰਾਹ `ਚ ਫੜਿਆ ਨਾ ਨਾ ਗਿਆ ਹੁੰਦਾ, ਅੱਜ ਮੇਰੇ ਬੱਚੇ ਵੀ ਅਮਰੀਕਾ `ਚ ਪੜ੍ਹਦੇ ਹੁੰਦੇ।”
ਮੇਰੇ ਜਨਮ ਤੋਂ ਪਹਿਲਾਂ ਉਨ੍ਹਾਂ ਨੇ ਪੈਲੀ ਵੇਚ ਕੇ ਅਮਰੀਕਾ ਜਾਣ ਲਈ ਏਜੰਟ ਨੂੰ ਪੈਸੇ ਦਿੱਤੇ ਸਨ ਪਰ ਉਨ੍ਹਾਂ ਦਾ ਜੁਗਾੜ ਠੀਕ ਸਿਰ ਨਹੀਂ ਸੀ ਬੈਠਾ। ਉਨ੍ਹਾਂ ਨੂੰ ਇਸ ਦਾ ਸਾਰੀ ਉਮਰ ਝੋਰਾ ਰਿਹਾ ਸੀ। ਤੇ ਮੈਨੂੰ ਆਈਲੈਟਸ ਦੀ ਪੌੜੀ ਰਾਹੀਂ ਵਿਆਹ ਕਰ ਕੇ ਕੈਨੇਡਾ ਭੇਜਣ ਦੇ ਫੈਸਲੇ `ਚ ਪਾਪਾ ਬੇਕਸੂਰ ਲੱਗੇ। ਮੈਂ ਸੋਚਿਆ ਕਿ ਜੇ ਉਨ੍ਹਾਂ ਵਿਚ ਆਪਣੇ ਬਲਬੂਤੇ ਮੈਨੂੰ ਕੈਨੇਡਾ ਭੇਜਣ ਦੀ ਸਮਰੱਥਾ ਹੁੰਦੀ ਤਾਂ ਉਹ ਕਿਓਂ ਮੇਰੇ ਪੈਰ ਬੰਨ੍ਹਦੇ।
ਮੈਂ ਅਮਨ ਨੂੰ ਬੇਅਰ ਕਰੀਕ ਪਾਰਕ ਬਾਰੇ ਕੁਝ ਨਾ ਦੱਸਿਆ। ਅੱਗੇ ਇਕ ਹੋਰ ਗੁਰਦੁਆਰਾ ਆ ਗਿਆ ਸੀ। ਮੈਂ ਅਮਨ ਨੂੰ ਕਿਹਾ, “ਆਹ ਗੁਰਦੁਆਰਾ ਤਾਂ ਘਰ ਵਾਂਗ ਹੀ ਹੈ। ਇਸ ਦਾ ਬਹੁਤ ਆਸਰਾ ਰਿਹੈ ਮੈਨੂੰ। ਜਦੋਂ ਵੀ ਕਦੇ ਸ਼ਾਮ ਨੂੰ ਰੋਟੀ ਖਾਣ ਲਈ ਦਿਲ ਕਰਦਾ, ਇੱਥੇ ਆ ਜਾਂਦੀ।”
“ਅੱਛਾ”, ਆਖ ਕੇ ਅਮਨ ਨੇ ਸਿਰ ਨਿਵਾਇਆ।
ਗੁਰਦੁਆਰੇ ਦੇ ਪਿਛਲੇ ਪਾਸੇ, ਜਿੱਥੇ ਪਾਰਕ ਇਸ ਨਾਲ ਮਿਲਦਾ ਹੈ, ਉਥੇ ਸੁੰਨ-ਸਾਨ ਥਾਂ `ਤੇ ਪੰਜਾਬ ਤੋਂ ਆਏ ਕੌਮਾਂਤਰੀ ਵਿਦਿਆਰਥੀ ਐਤਵਾਰ ਦੀ ਸ਼ਾਮ ਨੂੰ ਮਿਲਦੇ। ਉਸ ਤੋਂ ਅੱਗੇ ਦਰੱਖਤਾਂ ਦੇ ਝੁੰਡ ਸ਼ੁਰੂ ਹੋ ਜਾਂਦੇ। ਪਾਰਕ ਦਾ ਇਹੀ ਉਹ ਥਾਂ ਸੀ, ਜਿਹੜਾ ਮੇਰੇ ਸੁਪਨੇ ਵਿਚ ਆਉਂਦਾ ਸੀ। ਮੈਂ ਇੱਕ ਵਾਰ ਰੋਮੀ ਨਾਲ ਇੱਥੇ ਆਈ ਸੀ। ਮਸਤੀ ਦਾ ਆਲਮ, ਬੇਫਿਕਰੀ, ਹਾਸੇ ਜਿਵੇਂ ਇਸ ਥਾਂ `ਤੇ ਹੀ ਟਿਕੇ ਹੋਣ। ਚੰਨ-ਚਾਨਣੀ ਰਾਤ ਸੀ ਉਹ। ਰੋਮੀ ਦਾ ਹੱਥ ਉਸ ਦੇ ਦੋਸਤ ਦੇ ਹੱਥ ਵਿਚ ਸੀ ਤੇ ਹੋਰ ਕਈਆਂ ਦੇ ਹੱਥ ਆਪਣੇ-ਆਪਣੇ ਸਾਥੀਆਂ ਦੇ ਹੱਥਾਂ ਵਿਚ। ਉਹ ਸਮਾਂ ਮੇਰੇ ਅੰਦਰ ਰੁਕ ਗਿਆ। ਰੋਮੀ ਆਪਣੇ ਦੋਸਤ ਨਾਲ ਦਰੱਖਤਾਂ ਦੇ ਝੁੰਡਾਂ ਵਿਚ ਲੋਪ ਹੋ ਗਈ ਅਤੇ ਮੈਂ ਇਕੱਲੀ ਹੀ ਘਰ ਵੱਲ ਤੁਰ ਪਈ। ਉਸ ਸ਼ਾਮ ਪਹਿਲੀ ਵਾਰ ਮੈਨੂੰ ਦਾਦੀ ਦੀ ਤਕੜੀ ਹੋ ਕੇ ਰਹਿਣ ਵਾਲੀ ਗੱਲ ਦੀ ਸਮਝ ਲੱਗੀ ਸੀ।
“ਫੇਰ ਤਾਂ ਲੱਗਦੈ ਕਿ ਇੱਥੋਂ ਨੇੜੇ ਹੀ ਹੈ ਘਰ।” ਅਮਨ ਬੋਲਿਆ।
“ਹਾਂ, ਆਹ ਹੀ ਹੈ। ਤੇਰੇ ਆਉਣ ਨਾਲ ਹੀ ਘਰ ਬਣੇਗਾ। ਹਾਲੇ ਤਾਂ ਇੱਕ ਖਾਲੀ ਕਮਰਾ ਹੀ ਹੈ”, ਆਖਦੀ ਨੇ ਮੈਂ ਕਾਰ ਰੋਕ ਦਿੱਤੀ। ਬੇਸਮੈਂਟ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਮੇਰੇ ਚਿੱਤ `ਚ ਆਈ ਕਿ ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਆਪਣੇ ਘਰ ਵਿਚ ਦਾਖਲ ਹੋ ਰਹੇ ਹਾਂ, ਕੋਈ ਗੀਤ-ਸੰਗੀਤ ਹੁੰਦਾ, ਪਰਿਵਾਰ ਤੇ ਰਿਸ਼ਤੇਦਾਰ ਹੁੰਦੇ। ਕੋਈ ਤੇਲ ਚੋਂਦਾ। ਕੋਈ ਸਗਨ ਵਿਹਾਰ ਹੁੰਦਾ। ਪਰ ਇੱਥੇ ਤਾਂ ਸੁੰਨ-ਸਰਾਂ ਸੀ। ਇਹ ਸੋਚਦਿਆਂ ਮੇਰਾ ਮਨ ਭਰ ਆਇਆ। ਅੰਦਰ ਅਟੈਚੀ ਰੱਖ ਕੇ ਬੇਸਮੈਂਟ ਦਾ ਦਰਵਾਜ਼ਾ ਪਿੱਛੇ ਬੰਦ ਕਰਦਿਆਂ ਮੈਂ ਅਮਨ ਨੂੰ ਚੁੰਬੜ ਗਈ। ਮੇਰਾ ਰੋਣ ਨਿਕਲ ਗਿਆ। ਕੁਝ ਦੇਰ ਮੈਂ ਇਸੇ ਤਰ੍ਹਾਂ ਹੀ ਅਮਨ ਨਾਲ ਲੱਗ ਕੇ ਖੜ੍ਹੀ ਰਹੀ। ਕੁਝ ਪਲਾਂ ਬਾਅਦ ਅਮਨ ਨੇ ਮੇਰਾ ਚਿਹਰਾ ਉਪਰ ਕਰ ਕੇ ਮੇਰੇ ਹੰਝੂ ਪੂੰਝੇ।
ਤੇ ਫਿਰ ਉਹ ਸੌਂ ਗਿਆ ਸੀ। ਅਮਨ ਵਾਲੇ ਗੱਦੇ ਦੇ ਨਾਲ ਵਾਲੇ ਗੱਦੇ `ਤੇ ਪਈ ਮੈਂ ਆਪਣੇ ਫੋਨ ਵਿਚ ਸੰਭਾਲੀਆਂ ਵਿਆਹ ਵਾਲੀਆਂ ਫੋਟੋ ਦੇਖਣ ਲੱਗ ਪਈ। ਉਸ ਫੋਟੋ `ਤੇ ਮੇਰੀ ਨਿਗਾਹ ਅਟਕ ਗਈ ਸੀ। ਉਸ ਨੂੰ ਮੈਂ ਅੱਗੇ ਨਾ ਕੀਤਾ। ਉਸ ਵੱਲ ਦੇਖਦੀ ਰਹੀ। ਦੇਖਦੀ ਰਹੀ। ਪਤਾ ਨਹੀਂ ਕਿੰਨੇ ਵਾਰ ਪਹਿਲਾਂ ਵੀ ਇਸ ਫੋਟੋ ਨੂੰ ਇਸ ਤਰ੍ਹਾਂ ਨਿਹਾਰਿਆ ਸੀ। ਇਹ ਸਾਡੀ ਵਿਆਹ ਤੋਂ ਬਾਅਦ ਦੀ ਫੋਟੋ ਸੀ। ਮੇਰੀਆਂ ਚੂੜੇ ਭਰੀਆਂ ਬਾਹਾਂ ਅਮਨ ਦੇ ਮੋਢਿਆਂ ਉਤੇ ਟਿਕੀਆਂ ਹੋਈਆਂ ਹਨ। ਅਸੀਂ ਇੱਕ-ਦੂਜੇ ਦੀਆਂ ਅੱਖਾਂ ਵਿਚ ਦੇਖ ਰਹੇ ਹਾਂ।
ਵਿਆਹ ਵਾਲੀ ਰਾਤ ਅਮਨ ਨੇ ਮੁੜ ਇਹੀ ਪੋਜ਼ ਬਣਾਉਣ ਲਈ ਕਿਹਾ ਸੀ। ਉਸ ਗਰਮ ਰਾਤ ਬਿਜਲੀ ਚਲੀ ਗਈ ਸੀ। ਅੰਦਰ ਸਾਹ ਘੁਟਣ ਹੋਣ ਲੱਗੀ ਤਾਂ ਅਸੀਂ ਚੁਬਾਰੇ `ਚੋਂ ਬਾਹਰ ਆ ਗਏ। ਅਮਨ ਦਾ ਘਰ ਖੇਤਾਂ ਵਿਚ ਹੈ। ਆਸੇ-ਪਾਸੇ ਖੇਤ ਹੀ ਖੇਤ। ਹਵਾ ਰੁਮਕ ਰਹੀ ਸੀ। ਸ਼ਾਇਦ ਚੰਨ ਚਾਨਣੀ ਰਾਤ ਸੀ। ਸ਼ਾਇਦ ਨਾ ਹੀ ਹੋਵੇ। ਇਸ ਰਾਤ ਨੂੰ ਮੈਂ ਇੰਨੇ ਵਾਰ ਯਾਦ ਕੀਤਾ ਹੈ ਕਿ ਕਈ ਮੇਰੀਆਂ ਕਲਪਨਾਵਾਂ ਇਸ ਨਾਲ ਜੁੜ ਗਈਆਂ ਹਨ। ਅਮਨ ਨੇ ਕਿਹਾ ਸੀ, “ਮੇਰੇ ਗਲ ਵਿਚ ਉਵੇਂ ਹੀ ਬਾਹਾਂ ਪਾ, ਜਿਵੇਂ ਫੋਟੋ ਖਿਚਵਾਉਣ ਵੇਲੇ ਪਾਈਆਂ ਸਨ।”
“ਉਦੋਂ ਤਾਂ ਫੋਟੋ ਖਿਚਵਾਉਣੀ ਸੀ।”
“ਚੱਲ ਹੁਣ ਪਿਆਰ ਨਾਲ ਪਾ ਦੇ।”
“ਲੈ, ਇੱਥੇ ਬਾਹਰ?”
“ਹਾਂ, ਤਾਰਿਆਂ ਦੀ ਗਵਾਹੀ `ਚ।”
ਮੈਂ ਸੰਗਦਿਆਂ ਆਪਣੀਆਂ ਬਾਹਾਂ ਉਸ ਦੇ ਮੋਢਿਆਂ `ਤੇ ਰੱਖ ਦਿੱਤੀਆਂ। ਉਹ ਬੋਲਿਆ, “ਤੇਰੀਆਂ ਬਾਹਾਂ ਬੰਸਰੀਆਂ ਵਰਗੀਐਂ। ਕਿੰਨੀਆਂ ਸੋਹਣੀਆਂ!” ਫਿਰ ਉਸ ਨੇ ਆਪਣੇ ਬੁੱਲ੍ਹ ਮੇਰੀ ਵੀਣੀ `ਤੇ ਟਿਕਾਅ ਦਿੱਤੇ ਜਿਵੇਂ ਬੰਸਰੀ ਵਿਚ ਫੂਕ ਮਾਰ ਰਿਹਾ ਹੋਵੇ।
ਇਹੀ ਸੀਨ ਸੀ ਜਿਹੜਾ ਮੇਰੇ ਚੇਤਿਆਂ ਵਿਚ ਡੂੰਘਾ ਲਹਿ ਗਿਆ ਸੀ। ਇਹ ਯਾਦ ਹੀ ਨਹੀਂ ਕਿ ਮੈਂ ਉਸ ਰਾਤ ਨੂੰ ਕਿੰਨਾ ਕੁ ਮਾਣਿਆ ਸੀ। ਬੱਸ ਇੱਕ ਸੁਪਨੇ ਵਾਂਗ ਲਗਦੀ ਹੈ ਉਹ ਰਾਤ। ਉਸ ਵੇਲੇ ਮੇਰੇ ਦਿਮਾਗ ਵਿਚ ਦੋ ਦਿਨਾਂ ਬਾਅਦ ਕੈਨੇਡਾ ਪਹੁੰਚਣ ਦਾ ਚਾਅ ਸੀ। ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਅਠਾਰਾਂ ਸਾਲਾਂ ਦੀ ਹੋਣ ਤੋਂ ਦੋ ਦਿਨਾਂ ਬਾਅਦ ਹੀ ਮੇਰਾ ਵਿਆਹ ਹੋ ਜਾਵੇਗਾ। ਸਭ ਕੁਝ ਐਨੀ ਜਲਦੀ ਵਾਪਰ ਗਿਆ ਸੀ ਕਿ ਲਗਦਾ ਸੀ, ਵਿਆਹ ਵੀ ਕੈਨੇਡਾ ਪਹੁੰਚਣ ਲਈ ਇੱਕ ਕਾਰਵਾਈ ਹੀ ਹੈ, ਜਿਵੇਂ ਕਿਸੇ ਕਾਲਜ ਵਿਚ ਦਾਖਲੇ ਅਤੇ ਵੀਜ਼ੇ ਲਈ ਅਰਜ਼ੀ ਭਰੀ ਹੋਵੇ। ਤੇ ਜਿਸ ਸ਼ਾਮ ਮੈਂ ਰੋਮੀ ਨਾਲ ਪਾਰਕ ਗਈ ਸੀ, ਉਸ ਰਾਤ ਮੈਨੂੰ ਅਹਿਸਾਸ ਹੋਇਆ ਸੀ ਕਿ ਮੈਂ ਵਿਆਹੀ ਵਰੀ ਔਰਤ ਹਾਂ। ਮੇਰਾ ਜੀਅ ਕਰਨ ਲੱਗਾ ਸੀ ਕਿ ਅਮਨ ਛੇਤੀਂ ਇੱਥੇ ਆਵੇ। ਤੇ ਫਿਰ ਮੇਰੀ ਕਲਪਨਾ ਅਤੇ ਸੁਪਨਿਆਂ ਵਿਚ ਅਮਨ ਦੇ ਘਰ ਦੀ ਛੱਤ ਉਪਰਲੀ ਰਾਤ ਅਤੇ ਪਾਰਕ ਵਾਲੀ ਰਾਤ ਆਉਣ ਲੱਗੀਆਂ ਸਨ। ਮੈਂ ਸੋਚਦੀ ਕਿ ਜਿਸ ਦਿਨ ਅਮਨ ਕੈਨੇਡਾ ਆਵੇਗਾ ਮੈਂ ਮੁੜ ਉਸ ਰਾਤ ਨੂੰ ਜੀਵਾਂਗੀ।
ਤੇ ਉਹ ਦਿਨ ਆ ਗਿਆ ਸੀ। ਮੈਨੂੰ ਲਗਦਾ ਸੀ, ਜਿਵੇਂ ਆਉਣ ਵਾਲੀ ਰਾਤ ਹੀ ਅਸਲ ਵਿਚ ਵਿਆਹ ਵਾਲੀ ਰਾਤ ਹੋਵੇ। ਦਿਮਾਗ ਵਿਚ ਆਇਆ ਕਿ ਜਦੋਂ ਤੱਕ ਅਮਨ ਨੇ ਸੌਂ ਕੇ ਉਠਣਾ ਹੈ, ਉਦੋਂ ਤੱਕ ਡੂੰਘੀ ਸ਼ਾਮ ਹੋ ਚੁੱਕੀ ਹੋਵੇਗੀ। ਉਸ ਨੂੰ ਵ੍ਹਾਈਟ ਰੌਕ ਸ਼ਹਿਰ ਲੈ ਕੇ ਜਾਵਾਂਗੀ। ਬੀਚ `ਤੇ ਬਣੇ ਰੈਸਤੋਰਾਂ ਦੀ ਛੱਤ `ਤੇ ਤਾਰਿਆਂ ਤੇ ਮੋਮਬੱਤੀ ਦੇ ਚਾਨਣੇ ਖਾਣਾ ਖਾਵਾਂਗੇ। ਫਿਰ ਇਕ-ਦੂਜੇ ਦਾ ਹੱਥ ਫੜ ਬੀਚ `ਤੇ ਤੁਰਾਂਗੇ। ਇਸ ਕਲਪਨਾ ਨਾਲ ਮੈਂ ਰੁਮਾਂਚਿਤ ਹੋਣ ਲੱਗੀ। ਕੁਝ ਦੇਰ ਮੈਂ ਉਸ ਕਲਪਨਾ ਦਾ ਲੁਤਫ ਲੈਂਦੀ ਰਹੀ, ਫਿਰ ਉਠ ਕੇ ਤਿਆਰ ਹੋਣ ਲੱਗੀ। ਚਿੱਤ `ਚ ਆਈ ਕਿ ਕਿੰਨਾ ਚੰਗਾ ਹੁੰਦਾ, ਜੇ ਮੈਂ ਪਹਿਲਾਂ ਮਹਿੰਦੀ ਲਵਾ ਆਉਂਦੀ। ਕੱਪੜੇ ਬਦਲ ਕੇ ਮੈਂ ਚੂੜਾ ਪਾਇਆ। ਕੁਝ ਦੇਰ ਆਪਣੀਆਂ ਬਾਹਾਂ ਨੂੰ ਨਿਹਾਰਦੀ ਰਹੀ। ਇਸ ਚੂੜੇ ਨੂੰ ਮੈਂ ਢਕ-ਢਕ ਰੱਖਦੀ ਰਹੀ ਸੀ। ਉਸ ਉਮਰ ਵਿਚ ਵਿਆਹੀ ਦਿਸਣ `ਚ ਮੈਨੂੰ ਸ਼ਰਮ ਆਉਂਦੀ।
ਫਿਰ ਮੈਂ ਅਮਨ ਨੂੰ ਜਗਾਇਆ। ਜਦ ਤਿਆਰ ਹੋ ਕੇ ਮੈਂ ਉਸ ਨਾਲ ਸੈਲਫੀ ਲੈਣ ਲੱਗੀ, ਮੈਨੂੰ ਲੱਗਾ ਜਿਵੇਂ ਅਮਨ ਕਹੇਗਾ ਕਿ ਇਨ੍ਹਾਂ ਬੰਸਰੀਆਂ ਨੂੰ ਮੇਰੇ ਗਲ ਵਿਚ ਪਾ। ਪਰ ਉਸ ਨੇ ਇਸ ਤਰ੍ਹਾਂ ਨਾ ਕਿਹਾ। ਉਹ ਸ਼ਾਇਦ ਭੁੱਲ ਹੀ ਗਿਆ ਹੋਵੇ ਕਿ ਉਸ ਨੇ ਉਸ ਰਾਤ ਇਸ ਤਰ੍ਹਾਂ ਕਿਹਾ ਸੀ।
ਕਾਰ ਵਿਚ ਬੈਠ ਕੇ ਮੈਂ ਕਾਰ ਵ੍ਹਾਈਟ ਰੌਕ ਵਾਲੀ ਬੀਚ ਵੱਲ ਨਹੀਂ ਮੋੜੀ। ਮੇਰੇ ਦਿਮਾਗ ਵਿਚ ਉਸ ਰੈਸਤੋਰਾਂ ਦੇ ਖਾਣੇ ਦੀਆਂ ਕੀਮਤਾਂ ਆ ਗਈਆਂ ਸਨ। ਇੱਕ ਵਾਰ ਮੈਂ ਆਪਣੀ ਸਹੇਲੀ ਨਾਲ ਉਥੇ ਗਈ ਸੀ ਤੇ ਅਸੀਂ ਖਾਣੇ ਦੀਆਂ ਕੀਮਤਾਂ ਦੇਖ ਕੇ ਪਾਸਾ ਵੱਟ ਕੇ ਰੈਸਤੋਰਾਂ ਵਿਚੋਂ ਬਾਹਰ ਆ ਗਈਆਂ ਸੀ। ‘ਕਦੇ ਫਿਰ ਸਹੀ’, ਅਸੀਂ ਸੋਚਿਆ ਸੀ। ਇਸੇ ਤਰ੍ਹਾਂ ਹੀ ਸੋਚ ਕੇ ਮੈਂ ਕਾਰ ਮੈਕਡੋਨਲਡ ਰੈਸਤੋਰਾਂ ਵੱਲ ਮੋੜ ਲਈ। ਉਥੇ ਬਰਗਰ `ਤੇ ਬੁਰਕੀ ਵੱਢ ਕੇ ਅਮਨ ਨੇ ਕੁਸੇਲਾ ਜਿਹਾ ਮੂੰਹ ਬਣਾਇਆ।
“ਸਵਾਦ ਨੀ ਲੱਗਾ?” ਮੈਂ ਪੁੱਛਿਆ।
“ਐਵੇਂ ਬਕਬਕਾ ਜਿਹਾ ਐ, ਕੋਈ ਮਿਰਚ-ਮੁਰਚ ਲਿਆ।”
“ਹੌਲੀ-ਹੌਲੀ ਸਵਾਦ ਲੱਗਣ ਲੱਗੂ ਐਥੋਂ ਦਾ ਖਾਣਾ। ਮੈਨੂੰ ਤਾਂ ਹੁਣ ਇੱਥੋਂ ਦਾ ਸਵਾਦ ਪੈ ਗਿਐ।”
“ਤੈਨੂੰ ਹੋਰ ਪਤਾ ਨੀ ਇੱਥੋਂ ਦੇ ਕੀ-ਕੀ ਸਵਾਦ ਪਏ ਆ”, ਆਖ ਕੇ ਅਮਨ ਥੋੜ੍ਹਾ ਜਿਹਾ ਹੱਸ ਪਿਆ।
ਮੈਨੂੰ ਉਸ ਦਾ ਇਹ ਮਜ਼ਾਕ ਅਟਪਟਾ ਲੱਗਾ। ਮੈਂ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ। ਮੇਰਾ ਧਿਆਨ ਤਾਂ ਬਾਹਰ ਵੱਲ ਸੀ ਕਿ ਕਦੋਂ ਹਨੇਰਾ ਉਤਰੇ ਅਤੇ ਮੈਂ ਅਮਨ ਨਾਲ ਪਾਰਕ ਵਿਚ ਜਾਵਾਂ।
ਜਦੋਂ ਅਸੀਂ ਪਾਰਕ ਵਿਚ ਪਹੁੰਚੇ, ਹਨੇਰਾ ਉਤਰ ਆਇਆ ਸੀ। ਕਾਰ ਵਿਚੋਂ ਬਾਹਰ ਨਿਕਲ ਕੇ ਮੈਂ ਅਮਨ ਦਾ ਹੱਥ ਫੜ ਲਿਆ। ਹਲਕੀ-ਹਲਕੀ ਹਵਾ ਰੁਮਕ ਰਹੀ ਸੀ। ਮੇਰੇ ਸੁਪਨਿਆਂ ਵਿਚ ਆਉਣ ਵਾਲੀ ਥਾਂ ਕੁਝ ਕਦਮਾਂ ਦੀ ਵਿੱਥ `ਤੇ ਸੀ। ਮੈਂ ਓਧਰ ਝਾਤ ਮਾਰੀ। ਫਿਰ ਅਮਨ ਨੂੰ ਕਿਹਾ, “ਅਮਨੇ, ਆਪਣੀ ਅਸਲੀ ਸੁਹਾਗ ਰਾਤ ਤਾਂ ਅੱਜ ਐ। ਉਦੋਂ ਤਾਂ ਸਭ ਕੁਝ ਬਹੁਤ ਜਲਦੀ-ਜਲਦੀ ਹੋ ਗਿਆ ਸੀ। ਇਸ ਬਾਰੇ ਪਤਾ ਹੀ ਨਹੀਂ ਸੀ।” ਇਸ ਤਰ੍ਹਾਂ ਆਖਦਿਆਂ ਮੈਂ ਅਮਨ ਦੇ ਨਾਲ ਲੱਗ ਗਈ।
“ਹੁਣ ਆਪਾਂ ਕਿੱਧਰ ਚੱਲੇ ਆਂ?” ਉਹ ਬੋਲਿਆ।
“ਆਪਣੀ ਸੁਹਾਗ ਰਾਤ ਮਨਾਉਣ।”
ਮੇਰੀ ਗੱਲ ਸੁਣ ਕੇ ਅਮਨ ਹੱਸ ਪਿਆ। ਬੋਲਿਆ, “ਏਧਰ ਤਾਂ ਕੋਈ ਪਾਰਕ ਲੱਗਦੈ।”
ਮੈਂ ਅਮਨ ਦਾ ਹੱਥ ਫੜ ਕੇ ਉਸ ਨੂੰ ਪਾਰਕ ਦੇ ਉਸ ਹਿੱਸੇ ਵੱਲ ਲੈ ਤੁਰੀ। ਮੈਂ ਜਿਵੇਂ ਉਡ ਰਹੀ ਹੋਵਾਂ। ਚਾਅ ਵਿਚ ਸਰੂਰੀ। ਮਖਮੂਰੀ। ਮੈਂ ਕਿਹਾ, “ਅਮਨੇ, ਮੇਰੇ ਮਿੱਠੇ, ਆਪਣੀ ਉਹ ਖੇਤਾਂ ਵਿਚਲੇ ਘਰ ਵਾਲੀ ਰਾਤ। ਕੋਠੇ `ਤੇ ਖੜ੍ਹਿਆਂ ਵਾਲਾ ਸੀਨ ਪਤਾ ਨਹੀਂ ਕਿੰਨੇ ਵਾਰ ਮੇਰੇ ਜਾਗਦੇ-ਸੌਂਦੇ ਸੁਪਨਿਆਂ ਵਿਚ ਆਇਐ। ਤੈਨੂੰ ਚੇਤੈ, ਜਦੋਂ ਮੈਂ ਤੇਰੇ ਗਲ ਬਾਹਾਂ ਪਾਈਆਂ ਸਨ?” ਤੁਰਦਿਆਂ ਮੈਂ ਰੁਕ ਗਈ। ਮੇਰਾ ਜੀਅ ਕੀਤਾ ਕਿ ਹੁਣੇ ਹੀ ਅਮਨ ਮੈਨੂੰ ਆਪਣੇ ਕਲਾਵੇ ਵਿਚ ਲੈ ਲਵੇ। ਉਸ ਨੇ ਇਸ ਤਰ੍ਹਾਂ ਨਾ ਕੀਤਾ। ਮੈਂ ਤੁਰ ਪਈ। ਉਸ ਥਾਂ ਪਹੁੰਚ ਕੇ ਮੈਂ ਘੁੱਟ ਕੇ ਅਮਨ ਨੂੰ ਜੱਫੀ ਪਾ ਲਈ। ਮੈਨੂੰ ਲੱਗਾ ਕਿ ਅਮਨ ਹੁਣੇ ਹੀ ਮੇਰਾ ਚਿਹਰਾ ਆਪਣੇ ਹੱਥਾਂ ਵਿਚ ਲੈ ਕੇ ਉਪਰ ਕਰੇਗਾ ਅਤੇ ਬੰਸਰੀਆਂ ਵਿਚ ਤਰੰਗਾਂ ਛੇੜੇਗਾ। ਕੁਝ ਦੇਰ ਇਸੇ ਤਰ੍ਹਾਂ ਹੀ ਖੜ੍ਹੀ ਰਹਿਣ ਤੋਂ ਬਾਅਦ ਮੈਂ ਆਪ ਹੀ ਅਮਨ ਵੱਲ ਦੇਖਿਆ। ਉਹ ਦਰੱਖਤਾਂ ਦੇ ਝੁੰਡਾਂ ਵੱਲ ਦੇਖ ਰਿਹਾ ਸੀ। ਸਾਡੇ ਦੇਖਦਿਆਂ ਦੋ ਪਰਛਾਵੇਂ ਉਨ੍ਹਾਂ ਵਿਚ ਲੋਪ ਹੋਏ ਸਨ। ਕੁਝ ਪਲ ਓਧਰ ਦੇਖਣ ਤੋਂ ਬਾਅਦ ਅਮਨ ਬੋਲਿਆ, “ਤੂੰ ਪਹਿਲਾਂ ਵੀ ਕਿਸੇ ਨਾਲ ਕਦੇ ਇੱਥੇ ਆਈ ਐਂ?”
ਅਮਨ ਦੀ ਠੰਢੀ ਆਵਾਜ਼ ਸੁਣ ਕੇ ਆਪਣੇ ਹੱਥਾਂ ਵਿਚ ਘੁੱਟਿਆ ਉਸ ਦਾ ਹੱਥ ਮੈਥੋਂ ਆਪਣੇ ਆਪ ਹੀ ਛੱਡਿਆ ਗਿਆ।