ਧਰਮ ਨਿਰਪੇਖਤਾ, ਸਮਾਜਕ ਨਿਆਂ-ਸਿੱਖ ਧਰਮ ਚਿੰਤਨ ਤੇ ਗਦਰ ਲਹਿਰ

ਡਾæ ਗੁਰਨਾਮ ਕੌਰ, ਕੈਨੇਡਾ
ਪੱਛਮ ਤੋਂ ਅਰੰਭ ਹੋਈ ਧਰਮ-ਨਿਰਪੇਖਵਾਦ ਇੱਕ ਅਜਿਹੀ ਲਹਿਰ ਹੈ ਜਿਸ ਦਾ ਉਦੇਸ਼ ਨੈਤਿਕ ਸੀ ਪਰ ਇਸ ਵਿਚ ਧਰਮ ਸ਼ਾਮਲ ਨਹੀਂ ਸੀ ਅਤੇ ਇਸ ਦਾ ਪਿਛੋਕੜ ਰਾਜਨੀਤਕ ਅਤੇ ਦਾਰਸ਼ਨਿਕ ਸਰੋਕਾਰ ਸਨ। ਇਸ ਦੀ ਨੀਂਹ ਜੀਵਨ ਅਤੇ ਵਿਹਾਰ ਦਾ ਖਾਸ ਸਿਧਾਂਤ ਦੇਣ ਦੇ ਉਦੇਸ਼ ਨਾਲ ਰੱਖੀ ਗਈ, ਜਿਸ ਦਾ ਹਾਂ-ਵਾਚਕ ਪੱਖ ਨੈਤਿਕ ਹੈ, ਪਰ ਇਹ ਸਭ ਕੁੱਝ ਕਿਸੇ ਦੇਵਤਾ ਜਾਂ ਅਗਲੇ ਜੀਵਨ ਦਾ ਹਵਾਲਾ ਦਿੱਤੇ ਬਗੈਰ ਕੀਤਾ ਗਿਆ। ਇਸ ਲਈ ਇਸ ਨੇ ਧਰਮ ਦਾ ਕਾਰਜ ਨਿਭਾਉਣ ਦਾ ਪ੍ਰਸਤਾਵ, ਧਾਰਮਿਕ ਸਹਾਇਕਾਂ ਤੋਂ ਬਿਨਾਂ ਰੱਖਿਆ ਜਿਸ ਕਰਕੇ ਇਹ ਧਰਮ ਪ੍ਰਤੀ ਨਾਂਹ-ਮੁਖੀ ਹੈ। ਇਸ ਦਾ ਅਰੰਭ ਰਾਜਨੀਤਕ ਹਾਲਾਤ ਕਰਕੇ ਅਤੇ ਦਾਰਸ਼ਨਿਕ ਅਸਰਾਂ ਕਾਰਨ ਹੋਇਆ। ਅਸਲ ਵਿਚ ਇਹ ਲਹਿਰ ਪੱਛਮ ਵਿਚ ਧਰਮ ਅਤੇ ਵਿਗਿਆਨ ਦੇ ਆਪਸੀ ਵਿਰੋਧ ਵਿਚੋਂ ਪੈਦਾ ਹੋਈ। ਇਹ ਇੱਕ ਅਜਿਹੀ ਵਿਚਾਰਧਾਰਾ ਹੈ ਜਿਸ ਵਿਚ ਸਮਾਜ ਦੇ ਜੀਵਨ ਨੂੰ ਵਿਵਸਥਤ ਕਰਨ ਵਾਲੀਆਂ ਸੰਸਥਾਵਾਂ ਪੂਰਨ ਤੌਰ ‘ਤੇ ਧਾਰਮਿਕ ਵਿਸ਼ਵਾਸ ਦੀਆਂ ਵਿਰੋਧੀ ਹਨ।
ਧਰਮ-ਨਿਰਪੇਖਵਾਦ ਦਾ ਲਾਜ਼ਮ ਸਿਧਾਂਤ ਮਨੁੱਖੀ ਸੁਧਾਰ ਸਿਰਫ ਪਦਾਰਥਕ ਸਾਧਨਾਂ ਰਾਹੀਂ ਕਰਨਾ ਲੋਚਦਾ ਹੈ। ਇਸ ਅਨੁਸਾਰ ਪਦਾਰਥਕ ਸਾਧਨ ਵੱਧ ਅਹਿਮ ਹਨ ਕਿਉਂਕਿ ਇਨ੍ਹਾਂ ਰਾਹੀਂ ਇੱਛਤ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਧਾਰਨਾ ਦੀ ਇੱਕਸੁਰਤਾ ਵਿਚ ਇਸ ਨੇ ਧਰਮ-ਨਿਰਪੇਖ ਸਤਿ ਦੀ ਆਜ਼ਾਦੀ ਦਾ ਐਲਾਨ ਕੀਤਾ। ਧਰਮ-ਨਿਰਪੇਖ ਗਿਆਨ ਦੀ ਨੀਂਹ ਜੀਵਨ ਦੇ ਅਨੁਭਵ ਦੇ ਆਧਾਰ ‘ਤੇ ਰੱਖੀ ਗਈ ਜਿਸ ਨੂੰ ਅਨੁਭਵ ਵਿਚ ਕਾਰਜ ਕਰ ਰਹੇ ਤਰਕ ਦੇ ਆਧਾਰ ‘ਤੇ ਪਰਖਿਆ ਅਤੇ ਕਾਇਮ ਰੱਖਿਆ ਜਾ ਸਕੇ। ਇਸ ਧਾਰਨਾ ਅਨੁਸਾਰ ਧਰਮ ਅਤੇ ਨਿਰਪੇਖਵਾਦ ਦਾ ਰਿਸ਼ਤਾ ਇਕ ਦੂਜੇ ਪ੍ਰਤੀ ਦੁਸ਼ਮਣੀ ਵਾਲਾ ਹੋਣ ਦੀ ਥਾਂ ਇੱਕ ਦੂਜੇ ਤੋਂ ਨਿਰਲੇਪਤਾ ਦਾ ਹੈ। ਧਰਮ-ਨਿਰਪੇਖਵਾਦ ਸਿਰਫ ਇਸ ਸੰਸਾਰ ਦੀ ਗੱਲ ਕਰਦਾ ਹੈ, ਅਗਲੇ ਜਹਾਨ ਨਾਲ ਇਸ ਦਾ ਕੋਈ ਵਾਹ-ਵਾਸਤਾ ਨਹੀਂ। ਆਸਤਿਕਤਾ ਜਾਂ ਨਾਸਤਿਕਤਾ-ਦੋਵਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਇਸ ਦਾ ਕਹਿਣਾ ਹੈ ਕਿ ਪੂਰਨ ਨੈਤਿਕਤਾ ਧਰਮ-ਨਿਰਪੇਖ ਸਰੋਕਾਰਾਂ ‘ਤੇ ਆਧਾਰਤ ਹੋ ਸਕਦੀ ਹੈ ਅਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਸਿਧਾਂਤ ਬੌਧਿਕਤਾ ਜ਼ਰੀਏ ਤਰਕ ਅਤੇ ਬੁੱਧੀ ‘ਤੇ ਆਧਾਰਤ ਨਿਯਮਾਂ ਰਾਹੀਂ ਸਥਾਪਤ ਕੀਤੇ ਅਤੇ ਕਾਇਮ ਰੱਖੇ ਜਾ ਸਕਦੇ ਹਨ।
‘ਵਰਡਸਵਰਥ ਡਿਕਸ਼ਨਰੀ ਆਫ ਬਿਲੀਫਸ ਐਂਡ ਰਿਲੀਜੀਅਨਸ’ ਅਨੁਸਾਰ ਧਰਮ ਨਿਰਪੇਖਵਾਦ ਇੱਕ ਅਜਿਹੀ ਵਿਚਾਰਧਾਰਾ ਹੈ ਜੋ ਸਮਾਜ ਦੇ ਜੀਵਨ ਨੂੰ ਧਰਮ-ਨਿਰਪੇਖ ਸੰਸਥਾਵਾਂ ਰਾਹੀਂ ਨਿਯੰਤਰਤ ਕਰਨ ਦੇ ਅਧਿਕਾਰ ਨੂੰ ਸਵੀਕਾਰ ਕਰਦੀ ਹੈ ਜੋ ਧਾਰਮਿਕ ਵਿਸ਼ਵਾਸ ਦੇ ਵਿਰੁਧ ਹੋਣ। ਇਹ ਧਰਮ ਦੇ ਬਦਲ ਵਿਚ ਇੱਕ ਸੰਸਾਰ ਨਜ਼ਰੀਆ ਹੈ ਜੋ ਧਰਮ ਦੇ ਬਰਾਬਰ ਆਪਣੀ ਕੱਟੜ ਧਰਮ-ਨਿਰਪੇਖਤਾ ਰਾਹੀਂ ਕੰਮ ਕਰਦਾ ਹੈ। ਭਾਰਤ ਦੀ ਬਹੁ-ਧਾਰਮਿਕ ਸਥਿਤੀ ਵਿਚ ਧਰਮ-ਨਿਰਪੇਖਵਾਦ ਦੇ ਅਰਥ ਬਿਲਕੁਲ ਵੱਖਰੇ ਹਨ। ਇਹ ਧਰਮ ਦੀ ਗੈਰਹਾਜ਼ਰੀ ਵੱਲ ਸੰਕੇਤਕ ਨਹੀਂ ਪ੍ਰੰਤੂ ਅਜਿਹੇ ਸਮਾਜਿਕ ਅਤੇ ਧਾਰਮਿਕ ਪ੍ਰਬੰਧ ਵੱਲ ਸੰਕੇਤਕ ਹੈ ਜਿਸ ਵਿਚ ਕਿਸੇ ਇੱਕ ਧਰਮ ਨੂੰ ਦੂਸਰੇ ਦੇ ਮੁਕਾਬਲੇ ਤਰਜੀਹ ਨਾ ਦਿੱਤੀ ਜਾਵੇ, ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੋਵੇ। ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇਸ ਆਧਾਰ ‘ਤੇ ਧਰਮ-ਨਿਰਪੇਖ ਐਲਾਨਿਆ ਗਿਆ ਕਿ ਭਾਰਤੀ ਸੰਵਿਧਾਨ ਦੀ ਨਿਗਾਹ ਵਿਚ ਸਾਰੇ ਧਰਮ ਬਰਾਬਰ ਹਨ ਅਤੇ ਇਹ ਕਿਸੇ ਇੱਕ ਧਰਮ ਨੂੰ ਦੂਸਰਿਆਂ ਦੇ ਮੁਕਾਬਲੇ ਤਰਜੀਹ ਨਹੀਂ ਦਿੰਦਾ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪੱਛਮੀ ਵਿਚਾਰਧਾਰਾ ਅਤੇ ਭਾਰਤ ਵਿਚ ਧਰਮ-ਨਿਰਪੇਖਵਾਦ ਦੇ ਅਰਥ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ।
ਜੇ ਗਰੀਕ ਨੈਤਿਕ ਸ਼ਾਸਤਰ ਨੂੰ ਘੋਖਿਆ ਜਾਵੇ ਤਾਂ ਨਿਆਉਂ ਇੱਕ ਅਜਿਹਾ ਗੁਣ ਹੈ ਜੋ ਦੂਸਰਿਆਂ ਨਾਲ ਸਮਾਜਿਕ ਰਿਸ਼ਤੇ ‘ਤੇ ਲਾਗੂ ਹੁੰਦਾ ਹੈ, ਕਿਉਂਕਿ ਇਹ ਦੂਸਰਿਆਂ ਦੇ ਹਿੱਤਾਂ ਨੂੰ ਉਚਿਆਉਂਦਾ ਹੈ, ਭਾਵੇਂ ਉਹ ਰਾਜਾ ਹੋਵੇ ਤੇ ਭਾਵੇਂ ਆਮ ਸ਼ਹਿਰੀ। ‘ਨਿਆਉਂ’ ਦੇ ਦੋ ਅਰਥ ਕੀਤੇ ਜਾਂਦੇ ਹਨ-ਕਾਨੂੰਨਨ ਅਤੇ ਨਿਰਪੱਖਤਾ। ਕਾਨੂੰਨ ਸਾਰੇ ਭਾਈਚਾਰੇ ਦੇ ਹਿੱਤ ਵਿਚ ਸਭ ‘ਤੇ ਇੱਕੋ ਜਿਹਾ ਲਾਗੂ ਹੁੰਦਾ ਹੈ ਭਾਵੇਂ ਉਹ ਆਮ ਸ਼ਹਿਰੀ ਹੋਵੇ ਅਤੇ ਭਾਵੇਂ ਰਾਜ-ਕਰਤਾ। ਨਿਰਪੱਖਤਾ ਤੋਂ ਭਾਵ ਹੈ ਹਰ ਸ਼ਹਿਰੀ ਨੂੰ ਉਸ ਦਾ ਬਣਦਾ ਹੱਕ ਦੇਣਾ। ਇਸ ਤਰ੍ਹਾਂ ਨਿਆਉਂ ਵਿਚ ਸਾਰੇ ਗੁਣ ਆ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਾਰੇ ਮਨੁੱਖ ਉਸ ਇੱਕ ਅਕਾਲ ਪੁਰਖ ਨੇ ਆਪਣੇ ਆਪ ਤੋਂ ਸਿਰਜੇ ਹਨ ਅਤੇ ਉਹ ਹਰ ਇੱਕ ਵਿਚ ਇੱਕ-ਰਸ ਵਿਆਪਕ ਹੈ। ਇਸ ਲਈ ਉਸ ਦੀ ਕਿਰਪਾ ਹਰ ਇੱਕ ‘ਤੇ ਹੁੰਦੀ ਹੈ। ਉਸ ਦੀ ਕਿਰਪਾ ਦਾ ਪਾਤਰ ਬਣਨ ਲਈ ਧਰਮ, ਨਸਲ, ਜਾਤ, ਵਰਣ, ਜਨਮ ਅਤੇ ਇਸਤਰੀ-ਪੁਰਸ਼ ਹੋਣ ਦਾ ਕੋਈ ਭੇਦ-ਭਾਵ ਨਹੀਂ ਹੈ। ਨਸਲ, ਜਨਮ, ਜਾਤ ਅਤੇ ਧਰਮ ਕਰਕੇ ਕੋਈ ਮਨੁੱਖ ਵੱਡਾ ਜਾਂ ਛੋਟਾ, ਊਚਾ ਜਾਂ ਨੀਵਾਂ ਨਹੀਂ ਹੈ। ਅਕਾਲ ਪੁਰਖ ਦੀ ਨਿਗਾਹ ਵਿਚ ਸਭ ਮਨੁੱਖ ਬਰਾਬਰ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਮੰਨੀਆਂ ਗਈਆਂ ਹਨ-ਗੁਰਮੁਖਿ ਅਤੇ ਮਨਮੁਖਿ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਚੱਲਦੇ ਹਨ, ਉਹ ਗੁਰਮੁਖਿ ਹਨ ਅਤੇ ਜੋ ਆਪਣੇ ਮਨ ਦੀ ਮਤਿ ਅਨੁਸਾਰ ਚੱਲਦੇ ਹਨ, ਉਹ ਮਨਮੁਖਿ ਹਨ। ਮਨੁੱਖੀ ਮਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਬਿਰਤੀਆਂ ਦੇ ਅਧੀਨ ਹੋਣ ਕਰਕੇ ਮਨੁੱਖ ਨੂੰ ਉਸ ਦੇ ਰਸਤੇ ਤੋਂ ਵਿਚਲਿਤ ਕਰ ਸਕਦਾ ਹੈ ਪਰ ਗੁਰਮੁਖਿ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਿਆਂ ਇਨ੍ਹਾਂ ਬਿਰਤੀਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ। ਇਸ ਲਈ ਕੁਦਰਤੀ ਹੈ ਕਿ ਗੁਰਮੁਖਿ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣਨ ਦੇ ਯੋਗ ਹੋ ਜਾਂਦਾ ਹੈ। ਸਮਾਜਿਕ ਬਰਾਬਰੀ ਤੋਂ ਬਿਨਾਂ ਨਿਆਉਂ ਅਰਥਹੀਣ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਰਣ-ਵੰਡ ਨੂੰ ਨਕਾਰਦੀ ਹੈ ਜੋ ਕਿ ਸਮਾਜਿਕ ਨਾ-ਬਰਾਬਰੀ ਦਾ ਕਾਰਣ ਹੈ। ਵਰਣ-ਵੰਡ ਨਸਲੀ ਨਫਰਤ ਦਾ ਕਾਰਨ ਹੈ ਕਿਉਂਕਿ ਇਸ ਦਾ ਆਧਾਰ ਵਰਣ ਅਰਥਾਤ ਰੰਗ ਹੈ। ਇਸ ਦੀ ਨੀਂਹ ਰੱਖਣ ਲਈ ਭਾਵੇਂ ਧਰਮ ਦਾ ਸਹਾਰਾ ਲਿਆ ਗਿਆ ਪਰ ਇਸ ਦਾ ਅਸਲ ਮਕਸਦ ਭਾਰਤ ਵਿਚ ਬਾਹਰੋਂ ਆਈ ਆਰੀਅਨ ਨਸਲ ਨੂੰ ਇਥੋਂ ਦੀ ਆਦਿਵਾਸੀ ਨਸਲ ਦਰਾਵੜ ਨਾਲੋਂ ਨਿਖੇੜਨਾ ਸੀ। ਇਸੇ ਲਈ ਇਸ ਦਾ ਆਧਾਰ ਵਰਣ ਅਰਥਾਤ ਰੰਗ ਨੂੰ ਬਣਾਇਆ ਗਿਆ। ਸਮਾਜਿਕ ਬਰਾਬਰੀ ਸਮਾਜਿਕ ਰਿਸ਼ਤਿਆਂ ਨੂੰ ਨਿਰਧਾਰਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਸ ਤਰ੍ਹਾਂ ਘੁਮਿਆਰ ਇੱਕੋ ਮਿੱਟੀ ਤੋਂ ਵੱਖਰੀ ਵੱਖਰੀ ਸ਼ਕਲ ਅਤੇ ਆਕਾਰ ਦੇ ਭਾਂਡੇ ਘੜਦਾ ਹੈ, ਇਸੇ ਤਰ੍ਹਾਂ ਸਿਰਜਣਹਾਰ ਨੇ ਇੱਕੋ ਕਿਸਮ ਦੇ, ਉਨ੍ਹਾਂ ਹੀ ਤੱਤਾਂ ਤੋਂ ਵੱਖਰੇ ਵੱਖਰੇ ਮਨੁੱਖ ਬਣਾਏ ਹਨ। ਇਸ ਵਿਚ ਨਾ ਹੀ ਮਿੱਟੀ ਦਾ ਦੋਸ਼ ਹੈ, ਨਾ ਹੀ ਸਿਰਜਣਹਾਰ ਦਾ। ਇਹ ਸਾਰਾ ਸੰਸਾਰ ਉਸ ਇੱਕ ਹੀ ਰੱਬੀ ਨੂਰ ਤੋਂ ਪੈਦਾ ਹੋਇਆ ਹੈ ਅਤੇ ਉਸ ਦਾ ਨੂਰ ਸਭ ਵਿਚ ਵਿਆਪਕ ਹੈ,
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥1॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥1॥ਰਹਾਉ॥
ਮਾਟੀ ਏਕ ਅਨੇਕ ਭਾਂਤਿ ਕਰਿ
ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ
ਨਾ ਕਛੁ ਪੋਚ ਕੁੰਭਾਰੈ॥2॥
(ਪੰਨਾ 1349-50)
ਇਸੇ ਸਿਧਾਂਤ ਦੀ ਪ੍ਰੋੜਤਾ ਬਾਬਾ ਫ਼ਰੀਦ ਦੀ ਬਾਣੀ ਤੋਂ ਵੀ ਹੋ ਜਾਂਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਸ ਖ਼ਲਕਤ ਨੁੰ ਬਣਾਉਣ ਵਾਲਾ ਪਰਵਰਦਗਾਰ ਆਪ ਸਾਰੀ ਖ਼ਲਕਤ ਵਿਚ ਮੌਜੂਦ ਹੈ ਅਤੇ ਖ਼ਲਕਤ ਉਸ ਬਣਾਉਣ ਵਾਲੇ ਵਿਚ ਵੱਸ ਰਹੀ ਹੈ। ਜਦੋਂ ਕੋਈ ਵੀ, ਕਿਧਰੇ ਵੀ ਉਸ ਤੋਂ ਬਿਨਾ ਹੈ ਹੀ ਨਹੀਂ ਤਾਂ ਫਿਰ ਕਿਸ ਨੂੰ ਮਾੜਾ ਜਾਂ ਮੰਦਾ ਕਿਹਾ ਜਾ ਸਕਦਾ ਹੈ। ਨਸਲੀ ਨਫਰਤ ਨੂੰ ਨਕਾਰਦਿਆਂ ਭਗਤ ਕਬੀਰ ਕਹਿੰਦੇ ਹਨ ਕਿ ਇਸ ਸੰਸਾਰ ਵਿਚ ਮਨੁੱਖ ਦੇ ਆਉਣ ਦਾ, ਉਸ ਦੇ ਜਨਮ ਲੈਣ ਦਾ ਅਮਲ ਇੱਕ ਹੀ ਹੈ, ਅਰਥਾਤ ਹਰ ਕੋਈ ਮਾਂ ਦੇ ਪੇਟ ਤੋਂ ਜਨਮ ਲੈਂਦਾ ਹੈ। ਜੇ ਨਸਲ ਕਾਰਨ ਕੋਈ ਉਚਾ ਜਾਂ ਨੀਵਾਂ ਹੁੰਦਾ ਹੈ ਤਾਂ ਉਚਾ ਕਹਾਉਣ ਵਾਲਾ ਕਿਸੇ ਹੋਰ ਰਸਤੇ ਇਸ ਸੰਸਾਰ ‘ਤੇ ਕਿਉਂ ਨਹੀਂ ਆਉਂਦਾ? ਇਹ ਵੀ ਨਹੀਂ ਹੈ ਕਿ ਉਚੀ ਨਸਲ ਦਾ ਕਹੇ ਜਾਣ ਵਾਲੇ ਦੀਆਂ ਨਾੜਾਂ ਵਿਚ ਦੁੱਧ ਵਗਦਾ ਹੈ ਅਤੇ ਨੀਵਾਂ ਕਹੇ ਜਾਣ ਵਾਲੇ ਦੀਆਂ ਨਾੜਾਂ ਵਿਚ ਖੂਨ। ਕੋਈ ਉਚਾ ਜਾਂ ਨੀਵਾਂ ਨਹੀਂ ਹੈ ਕਿਉਂਕਿ ਸੰਸਾਰ ‘ਤੇ ਆਉਣ ਦਾ ਅਮਲ ਵੀ ਸਭ ਦਾ ਇੱਕੋ ਜਿਹਾ ਹੈ ਅਤੇ ਸਭ ਦੇ ਅੰਦਰ ਸੰਚਾਰ ਕਰ ਰਹੇ ਖੂਨ ਦਾ ਰੰਗ ਵੀ ਉਹੀ ਹੈ। ਇਸ ਲਈ ਸਾਰੇ ਮਨੁੱਖ ਬਰਾਬਰ ਹਨ ਅਤੇ ਸਭ ਦਾ ਇੱਕੋ ਜਿਹਾ ਅਧਿਕਾਰ ਹੈ। (ਪੰਨਾ 324)
ਗੁਰੂ ਅਰਜਨ ਦੇਵ ਨਸਲੀ ਨਫਰਤ ਮਿਟਾਉਣ ਵਾਲੇ ਇਸ ਸਿਧਾਂਤ ਦੇ ਅਨੁਭਵ ਲਈ ਮਨੁੱਖ ਨੂੰ ਗੁਰੂ ਦੀ ਸੰਗਤਿ, ਸਤਿ-ਸੰਗਤਿ ਕਰਨ ਦਾ ਆਦੇਸ਼ ਕਰਦੇ ਹਨ ਕਿਉਂਕਿ ਸਤਿ-ਸੰਗਤਿ ਵਿਚ ਆ ਕੇ ਮਨੁੱਖ ਦੇ ਅੰਦਰੋਂ ਦੂਸਰਿਆਂ ਨਾਲ ਤੇਰ-ਮੇਰ ਵਰਗੇ ਭਾਵ ਖਤਮ ਹੋ ਜਾਂਦੇ ਹਨ। ਉਸ ਨੂੰ ਦੂਸਰਿਆਂ ਵਿਚ ਕੋਈ ਵੈਰੀ ਜਾਂ ਬਿਗਾਨਾ ਨਜ਼ਰ ਨਹੀਂ ਆਉਂਦਾ ਅਤੇ ਸਭ ਨਾਲ ਪ੍ਰੇਮ ਦਾ ਰਿਸ਼ਤਾ ਬਣਦਾ ਹੈ। ਉਸ ਨੂੰ ਪਰਮਾਤਮਾ ਦੇ ਕੀਤੇ ਨੂੰ ਭਲਾ ਕਰਕੇ ਮੰਨਣ ਦੀ ਜਾਚ ਆਉਂਦੀ ਹੈ। ਸਾਧ-ਸੰਗਤਿ ਵਿਚ ਮਨੁੱਖ ਨੂੰ ਇਸ ਤੱਥ ਦੀ ਸੋਝੀ ਆਉਂਦੀ ਹੈ ਕਿ ਸਾਰੇ ਮਨੁੱਖ ਉਸ ਪਰਮਾਤਮਾ ਦੀ ਸਿਰਜਣਾ ਹਨ ਅਤੇ ਹਰ ਇੱਕ ਵਿਚ ਉਹ ਪਰਮਾਤਮਾ ਵਸਦਾ ਹੈ। ਉਸ ਦੀ ਸਰਬ-ਵਿਆਪਕਤਾ ਨੂੰ ਮੰਨਣਾ ਹੀ ਸਮਾਜਿਕ ਬਰਾਬਰੀ ਦਾ ਆਧਾਰ ਹੈ। (ਪੰਨਾ 1299) ਸਿੱਖ ਗੁਰੂ ਸਾਹਿਬਾਨ ਵੱਲੋਂ ਸੰਗਤਿ, ਸੇਵਾ ਅਤੇ ਲੰਗਰ ਦੀ ਸੰਸਥਾ ਦਾ ਨਿਰਮਾਣ ਇਸੇ ਸਿਧਾਂਤ ਦੇ ਅਮਲੀ ਪ੍ਰਕਾਸ਼ਨ ਲਈ ਕੀਤਾ ਗਿਆ। ਸਮਾਜਿਕ ਬਰਾਬਰੀ ਨਾਲ ਹੀ ਸਮਾਜਿਕ ਨਿਆਉਂ ਦਾ ਸੰਕਲਪ ਜੁੜਿਆ ਹੋਇਆ ਹੈ। ਸਿੱਖ ਨੈਤਿਕ ਸ਼ਾਸਤਰ ਦੇ ਇੱਕ ਵਿਦਵਾਨ ਅਨੁਸਾਰ ਨਿਆਉਂ ਦਾ ਗੁਣ ਦੋ ਗੱਲਾਂ ਵਿਚ ਨਿਹਿਤ ਹੈ: ਦੂਸਰਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਦੂਸਰਿਆਂ ਦਾ ਸੋਸ਼ਣ ਨਾ ਕਰਨਾ। (ਡਾæ ਅਵਤਾਰ ਸਿੰਘ, ਐਥਿਕਸ ਆਫ ਦ ਸਿਖਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 99)
ਦੂਸਰਿਆਂ ਦੇ ਹੱਕਾਂ ਦੀ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਹੈ ਕਿ ਕਿਸੇ ਦਾ ਹੱਕ ਖੋਹਣਾ ਉਸੇ ਤਰ੍ਹਾਂ ਬੁਰਾ ਹੈ ਜਿਵੇਂ ਮੁਸਲਮਾਨ ਵਾਸਤੇ ਸੂਰ ਅਤੇ ਹਿੰਦੂ ਵਾਸਤੇ ਗਊ ਦਾ ਮਾਸ ਖਾਣਾ। ਜਿਸ ਤਰ੍ਹਾਂ ਮਸਾਲੇ ਪਾਉਣ ਨਾਲ ਹਰਾਮ ਦਾ ਮਾਸ ਹਲਾਲ ਨਹੀਂ ਹੋ ਜਾਂਦਾ, ਇਸੇ ਤਰ੍ਹਾਂ ਗੱਲਾਂ ਰਾਹੀਂ ਚੰਗਿਆਈ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਹੀ ਹਰਾਮ ਦੀ ਕਮਾਈ ਹਲਾਲ ਦੀ ਬਣ ਜਾਂਦੀ ਹੈ। ਦਾਨ-ਪੁੰਨ ਕਰਨ, ਗਲਤ ਤਰੀਕਿਆਂ ਨਾਲ ਕਮਾਇਆ ਧਨ ਜਾਇਜ਼ ਅਤੇ ਹੱਕ ਦੀ ਕਮਾਈ ਨਹੀਂ ਬਣ ਜਾਂਦਾ। ਗੁਰੂ ਅਤੇ ਪੀਰ ਵੀ ਉਸੇ ਦੀ ਹਾਮੀ ਭਰਦੇ ਹਨ ਜਿਹੜਾ ਹਰਾਮ ਦੀ ਕਮਾਈ ਨਹੀਂ ਖਾਂਦਾ,
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ
ਜਾ ਮੁਰਦਾਰੁ ਨ ਖਾਇ॥ (ਪੰਨਾ 141)
ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਧਰਮ-ਨਿਰਪੇਖਵਾਦ ਦਾ ਮਾਡਲ ਨਾ ਤੇ ਧਰਮ ਤੋਂ ਨਿਵੇਕਲਾ ਹੈ ਅਤੇ ਨਾ ਹੀ ਧਰਮ ਦੇ ਵਿਰੋਧ ਵਿਚ ਹੈ। ਇਹ ਧਰਮ ਦੇ ਪੱਖ ਵਿਚ ਵੀ ਹੈ ਅਤੇ ਧਰਮ ਨੂੰ ਸਮਿਲਤ ਵੀ ਕਰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੀ ਧਰਮ ਦੀ ਪਰਿਭਾਸ਼ਾ ਨਿਵੇਕਲੀ ਹੈ। ਇਹ ਧਰਮ ਸਿਰਫ਼ ਅਤੇ ਸਿਰਫ਼ ਪਰਮਾਤਮਾ ਅਤੇ ਉਸ ਦੀ ਸਿਰਜਣਾ ਅਰਥਾਤ ਮਾਨਵਤਾ ਨਾਲ ਪ੍ਰੇਮ ਹੈ ਜੋ ਸਾਰੀਆਂ ਧਾਰਮਿਕ ਹੱਦਬੰਦੀਆਂ ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਅਮਰਦਾਸ ਵਡਹੰਸ ਕੀ ਵਾਰ ਵਿਚ ਦੱਸਦੇ ਹਨ ਕਿ ਪਰਮਾਤਮਾ ਆਪਣੇ ਭਗਤਾਂ ‘ਤੇ ਆਪ ਖੁਸ਼ ਹੁੰਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ। ਉਹ ਆਪਣੇ ਭਗਤਾਂ ਦੇ ਸਿਰ ‘ਤੇ ਛਤਰ ਝੁਲਾ ਕੇ ਉਨ੍ਹਾਂ ਨੂੰ ਆਪ ਹੀ ਪਾਤਿਸ਼ਾਹੀ ਬਖਸ਼ਦਾ ਹੈ। ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀ ਰਹਿੰਦੇ ਹਨ। ਰਾਜੇ ਉਹ ਨਹੀਂ ਜਿਹੜੇ ਆਪਸ ਵਿਚ ਲੜ ਮਰਦੇ ਹਨ ਅਤੇ ਫਿਰ ਜੂਨਾਂ ਵਿਚ ਪਏ ਰਹਿੰਦੇ ਹਨ। ਨਾਮ ਤੋਂ ਵਿਹੂਣੇ ਰਾਜੇ ਨੱਕ ਵੱਢੇ ਹਨ ਅਤੇ ਕਦੇ ਸ਼ੋਭਾ ਨਹੀਂ ਪਾਉਂਦੇ। (ਪੰਨਾ 590) ਇਸ ਤਰ੍ਹਾਂ ਸੱਚੇ ਅਧਿਆਤਮਕ ਗੁਣਾਂ ਨੂੰ ਵਰੋਸਾਏ ਹੋਣਾ ਰਾਜੇ ਦਾ ਪਹਿਲਾ ਗੁਣ ਹੈ। ਰਾਜੇ ਦਾ ਦੂਸਰਾ ਜ਼ਰੂਰੀ ਗੁਣ ਨਿਆਉਂ ਹੈ, ਇਨਸਾਫ਼ ਹੈ। ਗੁਰੂ ਨਾਨਕ ਵਡਹੰਸ ਕੀ ਵਾਰ ਵਿਚ ਦੱਸਦੇ ਹਨ ਕਿ ਸੱਚੀਆਂ ਚੂਲੀਆਂ ਭਾਵ ਸੰਕਲਪ ਜੋ ਮਨੁੱਖ ਨੂੰ ਕਰਨੇ ਚਾਹੀਦੇ ਹਨ: ਸਿਆਣੇ ਦਾ ਸੰਕਲਪ ਹੈ ਗਿਆਨ ਪ੍ਰਾਪਤ ਕਰਨਾ, ਜੋਗੀ ਦਾ ਸੰਕਲਪ ਹੈ ਸੰਜਮ, ਬ੍ਰਾਹਮਣ ਦਾ ਸੰਕਲਪ ਹੈ ਸੰਤੋਖ, ਗ੍ਰਹਿਸਥੀ ਦਾ ਸੰਕਲਪ ਹੈ ਦਾਨ, ਰਾਜੇ ਦਾ ਸੰਕਲਪ ਹੈ ਸਭ ਨੂੰ ਨਿਆਂ ਦੇਣਾ ਅਤੇ ਵਿਦਵਾਨ ਦਾ ਸੰਕਲਪ ਹੈ ਸੱਚ ਦਾ ਧਿਆਨ ਧਰਨਾ। ਪਾਣੀ ਨਾਲ ਧੋਤਿਆਂ ਹਿਰਦਾ ਸਾਫ਼ ਨਹੀਂ ਹੁੰਦਾ ਅਰਥਾਤ ਇਸ਼ਨਾਨ ਕੀਤਿਆਂ ਮਨ ਪਵਿੱਤਰ ਨਹੀਂ ਹੁੰਦਾ। ਪਾਣੀ ਮਨੁੱਖ ਦੀ ਪਿਆਸ ਬੁਝਾਉਣ ਦਾ ਕੰਮ ਕਰਦਾ ਹੈ। ਪਾਣੀ ਜਗਤ ਦਾ ਮੂਲ ਹੈ ਅਤੇ ਪਾਣੀ ਹੀ ਫਿਰ ਖਤਮ ਕਰ ਦਿੰਦਾ ਹੈ। (ਪੰਨਾ 1240) ਧਾਰਮਿਕ ਕਪਟ ਅਤੇ ਪਖੰਡ, ਉਹ ਭਾਵੇਂ ਰਾਜ-ਕਰਤਾ ਦਾ ਹੀ ਕਿਉਂ ਨਾ ਹੋਵੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਿਰੇ ਤੋਂ ਨਕਾਰਿਆ ਗਿਆ ਹੈ।
ਧਰਮ-ਨਿਰਪੇਖਵਾਦ ਅਤੇ ਸਮਾਜਿਕ ਬਰਾਬਰੀ, ਸਮਾਜਿਕ ਨਿਆਉਂ ਦੀ ਸਭ ਤੋਂ ਵੱਡੀ ਮਿਸਾਲ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਹੈ ਅਤੇ ਸਿੱਖ ਧਰਮ ਦੀ ਸਭ ਤੋਂ ਵੱਡੀ ਸੰਸਥਾ ਗੁਰਦੁਆਰਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਧਰਮ ਦੇ ਛੇ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾ ਹਿੰਦੂ ਵੈਸ਼ਨਵ ਭਗਤਾਂ, ਭੱਟਾਂ, ਮੁਸਲਮਾਨ ਸੂਫ਼ੀ ਸੰਤਾਂ ਦੀ ਬਾਣੀ ਵੀ ਸ਼ਾਮਲ ਕੀਤੀ ਹੋਈ ਹੈ। ਭਗਤਾਂ ਵਿਚ ਉਹ ਭਗਤ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹਿੰਦੂ ਸਮਾਜਿਕ ਦਰਜਾਬੰਦੀ ਵਿਚ ਨੀਵੀਂ ਜਾਤ ਦੇ ਕਿਹਾ ਜਾਂਦਾ ਸੀ। ਇਹ ਭਗਤ ਅਤੇ ਸੰਤ ਹਿੰਦੁਸਤਾਨ ਦੇ ਵੱਖਰੇ ਵੱਖਰੇ ਪ੍ਰਾਂਤਾਂ, ਵੱਖਰੇ ਸਭਿਆਚਾਰਾਂ ਅਤੇ ਬੋਲੀਆਂ ਨਾਲ ਸਬੰਧਤ ਸਨ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਸਿਰਫ਼ ਉਨ੍ਹਾਂ ਭਗਤਾਂ ਅਤੇ ਸੰਤਾਂ ਦੀ ਸ਼ਾਮਲ ਕੀਤੀ ਗਈ ਜਿਨ੍ਹਾਂ ਦੀ ਵਿਚਾਰਧਾਰਾ ਸਿੱਖ ਧਰਮ ਨਾਲ ਮੇਲ ਖਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਨੇ ਆਪ ਕੀਤਾ। ਇਨ੍ਹਾਂ ਸਾਰੇ ਭਗਤਾਂ, ਸੰਤਾਂ ਦੀ ਬਾਣੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਇਸ ਬਾਣੀ ਨੂੰ ਕੋਈ ਵੀ ਪ੍ਰਾਣੀ-ਮਾਤਰ ਪੜ੍ਹ ਅਤੇ ਸੁਣ ਸਕਦਾ ਹੈ। ਅਜਿਹੀ ਮਿਸਾਲ ਕਿਸੇ ਹੋਰ ਧਰਮ-ਗ੍ਰੰਥ ਦੀ ਪ੍ਰਾਪਤ ਨਹੀਂ ਹੈ। ਧਰਮ-ਨਿਰਪੇਖਵਾਦ ਅਤੇ ਸਮਾਜਿਕ ਬਰਾਬਰੀ ਦਾ ਦੂਸਰਾ ਵੱਡਾ ਅਮਲੀ ਪ੍ਰਕਾਸ਼ਨ ਗੁਰਦੁਆਰਾ ਸੰਸਥਾ ਹੈ ਜਿਥੇ ਹਰ ਇੱਕ ਨੂੰ ਆਉਣ ਦਾ ਅਧਿਕਾਰ ਹੈ। ਦਰਬਾਰ ਸਾਹਿਬ ਦੇ ਚਾਰ ਪ੍ਰਵੇਸ਼ ਦੁਆਰ ਇਸ ਗੱਲ ਦਾ ਸੰਕੇਤ ਹਨ ਕਿ ਇਥੇ ਹਰ ਪ੍ਰਾਣੀ ਨੂੰ ਬਿਨਾ ਕਿਸੇ ਭੇਦ-ਭਾਵ ਦੇ ਆਉਣ ਦੀ ਖੁੱਲ੍ਹ ਹੈ। ਇਨ੍ਹਾਂ ਸਿਧਾਂਤਾਂ ਦੇ ਅਮਲੀ ਪ੍ਰਕਾਸ਼ਨ ਵਿਚ ਅਗਲਾ ਕਦਮ ਸੰਗਤਿ ਅਤੇ ਪੰਗਤਿ ਹੈ। ਸੰਗਤਿ ਵਿਚ ਆਉਣ, ਲੰਗਰ ਵਿਚ ਸੇਵਾ ਕਰਨ ਅਤੇ ਪ੍ਰਸ਼ਾਦਾ ਛਕਣ ਦਾ ਹਰ ਇੱਕ ਪ੍ਰਾਣੀ ਨੂੰ ਅਧਿਕਾਰ ਹੈ ਅਤੇ ਸਭ ਨੇ ਬਿਨਾ ਕਿਸੇ ਵਿਤਕਰੇ ਦੇ ਪੰਗਤਿ ਵਿਚ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਖਾਲਸੇ ਦੀ ਸਿਰਜਣਾ ਵੀ ਇਸੇ ਸਮਾਜਿਕ ਬਰਾਬਰੀ ਦਾ ਸਬੂਤ ਹੈ। ਗਦਰੀ ਬਾਬਿਆਂ ਨੇ ਧੁਰ ਪੂਰਬ ਅਤੇ ਕੈਨੇਡਾ, ਅਮਰੀਕਾ ਵਿਚ ਗੁਰਦੁਆਰਿਆਂ ਦਾ ਨਿਰਮਾਣ ਕੀਤਾ ਅਤੇ ਇਹ ਉਨ੍ਹਾਂ ਦੇ ਵਿਚਾਰ-ਵਟਾਂਦਰੇ ਦੇ ਕੇਂਦਰ ਬਣੇ ਜਿਥੇ ਸਿੱਖ, ਹਿੰਦੂ ਅਤੇ ਮੁਸਲਮਾਨ ਸਾਰੇ ਗਦਰੀ ਇਕੱਠੇ ਹੁੰਦੇ। ਇਹ ਗੁਰਦੁਆਰੇ ਉਨ੍ਹਾਂ ਦੀ ਠਾਹਰ ਦਾ ਸਥਾਨ ਵੀ ਬਣਦੇ ਰਹੇ।
(ਚਲਦਾ)

Be the first to comment

Leave a Reply

Your email address will not be published.