ਸਿ਼ਕਾਗੋ (ਬਿਊਰੋ): ਅਮਰੀਕਾ ਤੋਂ ਛਪਦੇ ਹਫਤਾਵਾਰੀ ਪਰਚੇ ‘ਪੰਜਾਬ ਟਾਈਮਜ਼’ ਦੇ ਸੰਪਾਦਕ ਸ. ਅਮੋਲਕ ਸਿੰਘ ਜੰਮੂ ਦਾ ਲੰਘੀ 20 ਅਪਰੈਲ ਨੂੰ ਦੇਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਉਹ ਪਿਛਲੇ ਕਈ ਸਾਲਾਂ ਤੋਂ ਮਾਸਕੂਲਰ ਡਿਸਟਰਾਫੀ ਤੋਂ ਪੀੜਤ ਸਨ। ਉਨ੍ਹਾਂ ਆਪਣੇ ਕਰੀਅਰ ਦਾ ਆਗਾਜ਼ ‘ਪੰਜਾਬੀ ਟ੍ਰਿਬਿਊਨ’ ਤੋਂ ਕੀਤਾ ਸੀ ਅਤੇ 1995 ਵਿਚ ਉਹ ਅਮਰੀਕਾ ਆ ਗਏ ਸਨ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ, ਪੁੱਤਰ ਮਨਦੀਪ ਸਿੰਘ ਅਤੇ ਨੂੰਹ ਸੰਦੀਪ ਕੌਰ ਹਨ। ਚਾਰ ਭੈਣ-ਭਰਾਵਾਂ ਵਿਚੋਂ ਸਵਰਗੀ ਜੰਮੂ ਸਭ ਤੋਂ ਵੱਡੇ ਸਨ।
ਸ. ਜੰਮੂ ਦਾ ਜਨਮ 14 ਜੁਲਾਈ 1955 ਨੂੰ ਸਿਰਸਾ (ਹਰਿਆਣਾ) ਜਿ਼ਲ੍ਹੇ ਦੇ ਪਿੰਡ ਕੁੱਤਾਵੱਢ ਵਿਚ ਹੋਇਆ। ਮੁਢਲੀ ਵਿਦਿਆ ਉਨ੍ਹਾਂ ਪਿੰਡ ਦੇ ਸਕੂਲ ਤੋਂ ਲਈ ਅਤੇ ਫਿਰ ਨੈਸ਼ਨਲ ਕਾਲਜ ਸਿਰਸਾ ਤੋਂ ਗਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਹਿਲਾਂ ਐੱਮ. ਏ. (ਪੰਜਾਬੀ) ਐੱਮ.ਫਿਲ, ਫਿਰ ਲਾਅ ਦੀ ਡਿਗਰੀ ਲਈ ਅਤੇ ਫਿਰ ਪੱਤਰਕਾਰੀ ਵਿਚ ਡਿਪਲੋਮਾ ਹਾਸਲ ਕੀਤਾ।
‘ਪੰਜਾਬ ਟਾਈਮਜ਼’ ਉਨ੍ਹਾਂ ਸਾਲ 2000 ਵਿਚ ਸਿ਼ਕਾਗੋ ਤੋਂ ਸ਼ੁਰੂ ਕੀਤਾ। ਉਦੋਂ ਤੋਂ ਹੁਣ ਤੱਕ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਪਰਚੇ ਦੀ ਧੜੱਲੇਦਾਰ ਅਗਵਾਈ ਕੀਤੀ ਅਤੇ ਇਸ ਨੂੰ ਅਮਰੀਕਾ ਵਿਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਤੇ ਵੱਖਰੀ ਸੁਰ ਵਾਲਾ ਪਰਚਾ ਬਣਾਇਆ। ਹੁਣ ਤਾਂ ਇਹ ਪਰਚਾ ਅਮਰੀਕਾ ਹੀ ਨਹੀਂ, ਕੈਨੇਡਾ ਅਤੇ ਪੰਜਾਬ ਵਿਚ ਵੀ ਵਾਹਵਾ ਪੜ੍ਹਿਆ ਜਾਂਦਾ ਹੈ। ਇਸ ਪਰਚੇ ਵਿਚ ਪੰਜਾਬ ਅਤੇ ਸਿੱਖੀ ਬਾਰੇ ਵੱਡੀਆਂ ਬਹਿਸਾਂ ਦਾ ਮੁੱਢ ਬੱਝਿਆ, ਜਿਸ ਦੇ ਆਧਾਰ ‘ਤੇ ਸ. ਜੰਮੂ ਦੀ ਸੰਪਾਦਨਾ ਹੇਠ ਵੱਡ-ਆਕਾਰੀ ਪੁਸਤਕ ‘ਸਿੱਖ ਕੌਮ: ਹੋਣੀ ਤੇ ਹਸਤੀ’ ਵੀ ਛਪੀ। ਕਰੋਨਾ ਸੰਕਟ ਤੋਂ ਪਹਿਲਾਂ ਇਸ ਪਰਚੇ ਦੇ ਤਿੰਨ ਐਡੀਸ਼ਨ- ਸਿ਼ਕਾਗੋ, ਸੈਨ ਫਰਾਂਸਿਸਕੋ (ਕੈਲੀਫੋਰਨੀਆ) ਤੇ ਨਿਊ ਯਾਰਕ ਤੋਂ ਛਪਦੇ ਰਹੇ ਅਤੇ ਅੱਜ ਕੱਲ੍ਹ ਇਹ ਤਿੰਨੇ ਐਡੀਸ਼ਨ ਨਿਰਵਿਘਨ, ਆਨਲਾਈਨ ਨਸ਼ਰ ਕੀਤੇ ਜਾਂਦੇ ਹਨ। ਆਪਣੇ ਸਿਰੜ ਅਤੇ ਮਿਹਨਤ ਸਦਕਾ ਉਹ ਅੰਤਾਂ ਦੇ ਬਿਮਾਰ ਹੋਣ ਦੇ ਬਾਵਜੂਦ ਅੰਤ ਤੱਕ ਪਰਚੇ ਦੀ ਦੇਖ-ਰੇਖ ਕਰਦੇ ਰਹੇ। ਉਨ੍ਹਾਂ ਅਣਗਿਣਤ ਲੇਖਕ ਅਤੇ ਵਿਦਵਾਨ ਆਪਣੇ ਪਰਚੇ ਨਾਲ ਜੋੜੇ ਤੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਆਪਣੀ ਗੱਲ ਰੱਖਣ ਦਾ ਮੰਚ ਮੁਹੱਈਆ ਕੀਤਾ।
ਜਦੋਂ ਉਨ੍ਹਾਂ ਸਾਲ 2000 ਵਿਚ ‘ਪੰਜਾਬ ਟਾਈਮਜ਼’ ਸ਼ੁਰੂ ਕੀਤਾ ਸੀ ਤਾਂ ਪਰਚੇ ਨੂੰ ਪੈਰਾਂ ਸਿਰ ਕਰਨ ਲਈ 18-18 ਘੰਟੇ ਕੰਮ ਕੀਤਾ। ਇਹ ਉਨ੍ਹਾਂ ਦਾ ਸਿਰੜ, ਮਿਹਨਤ ਅਤੇ ਲਗਨ ਹੀ ਸੀ ਕਿ ਉਨ੍ਹਾਂ ਚਾਰ-ਪੰਜ ਸਾਲਾਂ ਵਿਚ ਪਰਚੇ ਦਾ ਮੂੰਹ-ਮੱਥਾ ਬਣਾ ਲਿਆ। ‘ਪੰਜਾਬ ਟਾਈਮਜ਼’ ਚਲਾਉਣ ਲਈ ਉਨ੍ਹਾਂ ਨੂੰ ਭਾਵੇਂ ਮੁੱਢ ਤੋਂ ਹੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਪੱਤਰਕਾਰੀ ਦੇ ਮਿਆਰ ਨਾਲ ਕਦੀ ਸਮਝੌਤਾ ਨਹੀਂ ਕੀਤਾ ਅਤੇ ਘਾਟਾ ਸਹਾਰ ਕੇ ਵੀ ਆਪਣੇ ਸਟੈਂਡ ਉਤੇ ਕਾਇਮ ਰਹੇ। ਉਨ੍ਹਾਂ ਆਪਣੀ ਬਿਮਾਰੀ ਨੂੰ ਕਦੀ ਕੰਮਕਾਰ ਵਿਚ ਵਿਘਨ ਨਹੀਂ ਪਾਉਣ ਦਿੱਤਾ। ਉਨ੍ਹਾਂ ਸਗੋਂ ਆਪਣੇ ਸਮੁੱਚੇ ਪਰਿਵਾਰ ਨੂੰ ਆਪਣੇ ਕੰਮਕਾਰ ਵਿਚ ਸ਼ਾਮਿਲ ਕਰ ਲਿਆ। ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਨੇ ਹਰ ਮੁਸ਼ਕਿਲ ਵਿਚ ਉਨ੍ਹਾਂ ਦਾ ਸਾਥ ਦਿੱਤਾ। ਇਸੇ ਤਰ੍ਹਾਂ ਪੁੱਤਰ ਮਨਦੀਪ ਸਿੰਘ, ਜੋ ਐਪਲ ਕੰਪਨੀ ਵਿਚ ਕੰਪਿਊਟਰ ਇੰਜੀਨੀਅਰ ਹੈ ਅਤੇ ਨੂੰਹ ਸੰਦੀਪ ਕੌਰ ਜੋ ਸੀ. ਏ. ਹੈ, ਨੇ ਉਨ੍ਹਾਂ ਦਾ ਸਾਥ ਦਿੱਤਾ। ਇਸ ਤੋਂ ਇਲਾਵਾ ਜਿਹੜਾ ਸਾਥ ਪਰਚੇ ਨਾਲ ਜੁੜੇ ਸਲਾਹਕਾਰ ਮੰਡਲ ਅਤੇ ਸਟਾਫ ਨੇ ਦਿੱਤਾ, ਉਸ ਲਈ ਉਹ ਸਦਾ ਹੀ ਸਭ ਦੇ ਸ਼ੁਕਰ ਰਹੇ। ਉਨ੍ਹਾਂ ਦੀ ਸ਼ਖਸੀਅਤ ਦੇ ਇਸੇ ਗੁਣ ਕਰ ਕੇ ਹਰ ਕੋਈ ਉਨ੍ਹਾਂ ਦੇ ਨਾਲ ਚੱਲਣ ਲਈ ਤਿਆਰ ਹੋ ਜਾਂਦਾ ਸੀ। ਪਿਛਲੇ ਕਈ ਸਾਲਾਂ ਤੋਂ ਉਹ ਸਾਲਾਨਾ ‘ਪੰਜਾਬ ਟਾਈਮਜ਼ ਨਾਈਟ’ ਰਾਹੀਂ ਪੱਤਰਕਾਰੀ ਦਾ ਮੇਲਾ ਲਾਉਂਦੇ, ਜਿਸ ਵਿਚ ਅਹਿਮ ਸ਼ਖਸੀਅਤਾਂ ਪੁੱਜਦੀਆਂ। ਇਸ ਮੇਲੇ ਦਾ ਕੇਂਦਰ ਬਿੰਦੂ ਸ. ਅਮੋਲਕ ਸਿੰਘ ਜੰਮੂ ਹੀ ਹੁੰਦੇ।
ਸ. ਅਮੋਲਕ ਸਿੰਘ ਜੰਮੂ ਦੇ ਛੋਟੇ ਭਰਾ ਬਲਵਿੰਦਰ ਸਿੰਘ ਜੰਮੂ ਨੇ ਵੀ ‘ਪੰਜਾਬੀ ਟ੍ਰਿਬਿਊਨ’ ਲਈ ਕੰਮ ਕੀਤਾ। ਮਗਰੋਂ ਉਹ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਵੀ ਬਣੇ।
ਸਵਰਗੀ ਅਮੋਲਕ ਸਿੰਘ ਜੰਮੂ ਦਾ ਅੰਤਿਮ ਸਸਕਾਰ 25 ਅਪਰੈਲ 2021, ਐਤਵਾਰ ਨੂੰ ਡੇਵਨਪੋਰਟ ਫਿਊਨਰਲ ਹੋਮ (941 S. Old Rand Rd, Lake Zurich, IL 60047) ਲੇਕ ਜਿ਼ਊਰਿਕ ਵਿਚ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਦਰਮਿਆਨ ਹੋਵੇਗਾ। ਉਪਰੰਤ ਪਾਠ ਦਾ ਭੋਗ, ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਪੈਲਾਟਾਈਨ (1280 Winnetka Street, Palatine, IL 60067) ਵਿਖੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ। ਪਰਿਵਾਰ ਨਾਲ ਸੰਪਰਕ ਫੋਨ: 847-359-0746 ਰਾਹੀਂ ਕੀਤਾ ਜਾ ਸਕਦਾ ਹੈ।