ਹਮਲੇ ਦੀ ਨਫਰਤੀ ਅਪਰਾਧ ਦੇ ਪੱਖੋਂ ਜਾਂਚ ਦੀ ਮੰਗੀ ਉਠੀ
ਇੰਡੀਅਨਐਪੋਲਿਸ, ਇੰਡੀਆਨਾ (ਬਿਊਰੋ): ਇੰਡੀਅਨਐਪੋਲਿਸ ਵਿਚ ਇਕ ‘ਫੈੱਡਐਕਸ` ਕੇਂਦਰ `ਤੇ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ `ਚ 4 ਸਿੱਖਾਂ ਸਣੇ 8 ਵਿਅਕਤੀ ਮਾਰੇ ਗਏ। 19 ਸਾਲਾ ਬੰਦੂਕਧਾਰੀ ਬਰੈਂਡਨ ਸਕੌਟ ਹੋਲ ਜੋ ਇੰਡੀਆਨਾ ਦਾ ਹੀ ਰਹਿਣ ਵਾਲਾ ਸੀ, ਨੇ ਹਮਲੇ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਮ੍ਰਿਤਕ ਬੰਦੂਕਧਾਰੀ ਪਹਿਲਾਂ ਇੰਡੀਅਨਐਪੋਲਿਸ ਕੇਂਦਰ ਵਿਚ ਹੀ ਕੰਮ ਕਰਦਾ ਰਿਹਾ ਹੈ।
‘ਫੈੱਡਐਕਸ` ਦੇ ਇਸ ਡਿਲੀਵਰੀ ਕੇਂਦਰ ਵਿਚ ਤਕਰੀਬਨ 90 ਪ੍ਰਤੀਸ਼ਤ ਵਰਕਰ ਭਾਰਤੀ-ਅਮਰੀਕੀ ਹਨ ਤੇ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਮਰਨ ਵਾਲੇ ਭਾਰਤੀਆਂ ਦੀ ਸ਼ਨਾਖ਼ਤ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਸੇਖੋਂ (48) ਤੇ ਜਸਵਿੰਦਰ ਸਿੰਘ (68) ਵਜੋਂ ਹੋਈ ਹੈ।
ਮ੍ਰਿਤਕ ਭਾਰਤੀ-ਅਮਰੀਕੀਆਂ ਵਿਚ ਤਿੰਨ ਔਰਤਾਂ ਹਨ। ਇਕ ਹੋਰ ਸਿੱਖ ਹਰਪ੍ਰੀਤ ਸਿੰਘ ਗਿੱਲ (45) ਦੇ ਅੱਖ ਕੋਲ ਗੋਲੀ ਵੱਜੀ ਹੈ ਤੇ ਉਹ ਹਸਪਤਾਲ ਦਾਖਲ ਹੈ। ਇੰਡੀਆਨਾ ਵਿਚ ਸਿੱਖ ਭਾਈਚਾਰੇ ਦੇ ਕਰੀਬ ਦਸ ਹਜ਼ਾਰ ਮੈਂਬਰ ਰਹਿੰਦੇ ਹਨ। ਦੂਜੇ ਮ੍ਰਿਤਕਾਂ ਵਿਚ ਮੈਥਿਊ ਅਲੈਗਜੈਂਡਰ (32), ਸਮਾਰੀਆ ਬਲੈਕਵੈੱਲ (19), ਕਾਰਲੀ ਸਮਿਥ (19) ਅਤੇ ਜੌਹਨ ਵੀਜ਼ਰਟ (74) ਸ਼ਾਮਿਲ ਹਨ।
ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਨਸਲਵਾਦੀ ਨਫਰਤ ਕਾਰਨ ਕੀਤਾ ਗਿਆ ਕਾਰਾ ਸੀ। ਬਰੈਂਡਨ ਹੋਲ ਨੂੰ ਫਰਵਰੀ 2020 ਵਿਚ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਮਾਰਚ 2020 ਵਿਚ ਉਸ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਪੁੱਤਰ ਖੁਦਕੁਸ਼ੀ ਕਰ ਸਕਦਾ ਹੈ। ਇੰਡੀਅਨਐਪੋਲਿਸ ਦੀ ਸਿੱਖ ਕੁਲੀਸ਼ਨ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਹ ਇੰਡੀਅਨਐਪੋਲਿਸ ਆਵੇ ਅਤੇ ਉਹ ਵਿਅਕਤੀ ਜਿਹੜੇ ਪਹਿਲਾਂ ਨਸਲਵਾਦੀ ਹਿੰਸਾ ਜਾਂ ਨਫਰਤ ਫੈਲਾਉਣ ਲਈ ਗ੍ਰਿਫਤਾਰ ਕੀਤੇ ਜਾ ਚੁੱਕੇ ਹੋਣ, ਨੂੰ ਹਥਿਆਰ ਵੇਚਣ ਦੀ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਜਾਵੇ।
ਅਮਰੀਕਾ ਦੇ ਗੋਰੇ ਲੋਕਾਂ ਵਿਚ ਨਸਲਵਾਦੀ ਵਿਤਕਰੇ ਦੀ ਭਾਵਨਾ ਪਿਛਲੇ ਕੁਝ ਸਾਲਾਂ ਵਿਚ ਤੇਜੀ ਨਾਲ ਵਧੀ ਹੈ ਤੇ ਡੋਨਲਡ ਟਰੰਪ ਵਰਗੇ ਨਸਲਵਾਦੀ ਆਗੂਆਂ ਨੇ ਅਜਿਹੀ ਨਫਰਤ ਵਧਾਉਣ ਵਿਚ ਹਿੱਸਾ ਪਾਉਂਦਿਆਂ ਇਸ ਤੋਂ ਸਿਆਸੀ ਲਾਹਾ ਲਿਆ ਹੈ। ਅਮਰੀਕਾ ਦੇ ਕਈ ਉਘੇ ਕਾਂਗਰਸ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਫੈੱਡਐਕਸ ਹਮਲੇ ਦੀ ਨਫਰਤੀ ਅਪਰਾਧ ਦੇ ਪੱਖ ਤੋਂ ਜਾਂਚ ਮੰਗੀ ਹੈ। ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਸੰਭਾਵੀ ਸਿੱਖ ਵਿਰੋਧੀ ਹਮਲੇ ਦੇ ਪੱਖ ਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਹਮਲਾਵਰ ਦੇ ਇਰਾਦਿਆਂ ਬਾਰੇ ਸਪੱਸ਼ਟ ਪਤਾ ਲੱਗਣਾ ਚਾਹੀਦਾ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇੰਡੀਅਨਐਪੋਲਿਸ ਤੇ ਪੂਰਾ ਅਮਰੀਕਾ ਇਸ ਘਟਨਾ `ਤੇ ਸਿੱਖ ਭਾਈਚਾਰੇ ਨਾਲ ਦੁੱਖ ਜ਼ਾਹਿਰ ਕਰ ਰਿਹਾ ਹੈ। ਇੰਡੀਅਨਐਪੋਲਿਸ ਦੇ ਅੱਠ ਗੁਰਦੁਆਰਿਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲੇ ਤੱਕ ਹਮਲਾਵਰ ਦੇ ਇਰਾਦੇ ਦਾ ਪਤਾ ਨਹੀਂ ਲੱਗ ਸਕਿਆ ਹੈ, ਸ਼ਾਇਦ ਪੱਕੇ ਤੌਰ `ਤੇ ਪਤਾ ਨਾ ਵੀ ਲੱਗੇ ਪਰ ਇਕ ਗੱਲ ਸਭ ਨੂੰ ਪਤਾ ਹੈ ਕਿ ਇਹ ਫੈੱਡਐਕਸ ਕੇਂਦਰ, ਜਿਸ ਨੂੰ ਹਮਲਾਵਰ ਨੇ ਨਿਸ਼ਾਨਾ ਬਣਾਇਆ, ਵੱਡੀ ਗਿਣਤੀ ਲੋਕਾਂ ਨੂੰ ਕੰਮ ਦੇਣ ਲਈ ਜਾਣਿਆ ਜਾਂਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਈਚਾਰਾ ਆਸ ਕਰਦਾ ਹੈ ਕਿ ਇਸ ਘਟਨਾ ਦੀ ਪੂਰੀ ਜਾਂਚ ਹੋਵੇਗੀ ਤੇ ਜੋ ਵੀ ਨਿਕਲ ਕੇ ਸਾਹਮਣੇ ਆਵੇਗਾ, ਉਸ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ।