ਆਪਣੇ ਅਮੋਲਕ ਦੀਆਂ ਗੱਲਾਂ…

‘ਪੰਜਾਬ ਟਾਈਮਜ਼’ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲਾ ਸ਼ਖਸ ਅਮੋਲਕ ਸਿੰਘ ਜੰਮੂ ਆਖਰਕਾਰ ਤੁਰ ਗਿਆ ਹੈ। ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪੁਰਾਣੇ ਸਾਥੀ ਪ੍ਰੋ. ਹਰਪਾਲ ਸਿੰਘ ਦਾ ਇਹ ਲੇਖ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਲੇਖ ਵਿਚ ਅਮੋਲਕ ਬਾਰੇ ਆਏ ਵੇਰਵੇ ਦੱਸਦੇ ਹਨ ਕਿ ਉਹ ਜ਼ਿੰਦਗੀ ਨੂੰ ਕਿਵੇਂ ਬੁੱਕ ਭਰ-ਭਰ ਕੇ ਪੀਣ ਵਾਲਾ ਸ਼ਖਸ ਸੀ।

ਪ੍ਰੋ: ਹਰਪਾਲ ਸਿੰਘ
ਫੋਨ: +91-94171-32373

ਲੰਘੀ ਸਦੀ ਦੇ ਸੱਤਰਵਿਆਂ ਵਿਚ ਜਦੋਂ ਅਮੋਲਕ ਸਿੰਘ ਪਹਿਲੀ ਵਾਰ ਮੈਨੂੰ ਚੰਡੀਗੜ੍ਹ ਮਿਲਿਆ ਤਾਂ ਉਹ ਕਾਲਜ ਦਾ ਵਿਦਿਆਰਥੀ ਸੀ – ਬਿਲਕੁਲ ਅਲੂੰਆਂ। ਵੈਸੇ ਵੀ ਦਾੜ੍ਹੀ ਉਸ ਨੂੰ ਪਛੜ ਕੇ ਉਤਰੀ ਅਤੇ ਉਹ ਵੀ ਸਹਿੰਦੀ ਸਹਿੰਦੀ; ਭਰਵੀਂ ਨਹੀਂ।
ਉਸ ਲਈ ਬੀ.ਏ. ਡਿਗਰੀ ਦੀ ਪੜ੍ਹਾਈ ਦੇ ਚੱਲਦਿਆਂ ਵਿਚੇ ਹੀ ਦੁਰਾਡੇ ਚੰਡੀਗੜ੍ਹ ਵਿਚ ਆ ਦਾਖਲਾ ਲੈਣਾ ਅਕਸਮਾਤੀ ਘਟਨਾ ਸੀ। ਦੇਖੋ, ਜ਼ਿੰਦਗੀ ਕਿਹੋ ਕਿਹੇ ਸਬਬ ਜ਼ਿੰਦਗੀ ਬਣਾਉਂਦੀ ਹੈ ਅਤੇ ਬੰਦਾ ਉਸ ਦੇ ਰਹਿਮੋ-ਕਰਮ ਤੇ ਹੋ ਜਾਂਦਾ ਹੈ।
ਚੌਧਰੀ ਬੰਸੀ ਲਾਲ ਉਹਨੀਂ ਦਿਲੀ ਹਰਿਆਣੇ ਦਾ ਮੁੱਖ ਮੰਤਰੀ ਸੀ। ਅੱਵਲ ਦਰਜੇ ਦੇ ਅੱਖੜ ਹਾਕਮ ਵਜੋਂ ਉਸ ਨੇ ਆਪਣੀ ਪਛਾਣ ਬਣਾਈ ਹੋਈ ਸੀ। ਮੁਖ ਮੰਤਰੀ ਦੀ ਧੀ ਜੋ ਉਦੋਂ ਲੜਕੀਆਂ ਦੇ ਕਾਲਜ ਸੈਕਟਰ ਗਿਆਰਾਂ ਵਿਚ ਪੜ੍ਹਦੀ ਸੀ, ਉਸ ਦੀ ਕਿਸੇ ਵਿਸ਼ੇਸ਼ ਮੰਗ ਨੂੰ ਲੈ ਕੇ ਬੰਸੀ ਲਾਲ ਦਾ ਕਾਲਜ ਦੀ ਪ੍ਰਿੰਸੀਪਲ ਨਾਲ ਤਕਰਾਰ ਹੋ ਗਿਆ। ਮਾਮਲਾ ਉਪਰੰਤ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੱਕ ਪਹੁੰਚ ਗਿਆ। ਬੰਸੀ ਲਾਲ ਆਪਣੀ ਧੁਨ ਦਾ ਪੱਕਾ ਅਤੇ ਆਪਣੀ ਗੱਲ ਮਨਾਉਣ ਦਾ ਆਦੀ ਸੀ; ਪਰ ਅੱਗਿਓਂ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੂਰਜ ਭਾਨ ਉਸ ਨੂੰ ਪਿਉ ਬਣ ਕੇ ਟੱਕਰਿਆ। ਅੜੀ ਪੁਗਦੀ ਨਾ ਵੇਖ ਕੇ ਮੁਖ ਮੰਤਰੀ ਨੇ ਯੂਨੀਵਰਸਿਟੀ ਨੂੰ ਸਬਕ ਸਿਖਾਉਣ ਲਈ ਹਰਿਆਣੇ ਦੇ ਸਬੰਧਿਤ ਕਾਲਜ ਪੰਜਾਬ ਯੂਨੀਵਰਸਿਟੀ ਨਾਲੋਂ ਤੋੜ ਕੇ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਜੋੜ ਦਿੱਤੇ। ਹਰਿਆਣਾ ਸਰਕਾਰ ਦੇ ਇਸੇ ਅਹਿਮ ਫੈਸਲੇ ਨੇ ਅਮੋਲਕ ਨੂੰ ਚੰਡੀਗੜ੍ਹ ਆਉਣ ਲਈ ਮਜਬੂਰ ਕਰ ਦਿੱਤਾ।
ਉਸ ਵੇਲੇ ਅਮੋਲਕ ਬੀ.ਏ. ਸੈਕਿੰਡ ਈਅਰ ਵਿਚ ਨੈਸ਼ਨਲ ਕਾਲਜ ਸਿਰਸਾ ਦਾ ਵਿਦਿਆਰਥੀ ਸੀ। ਉਥੇ ਉਸ ਨੂੰ ਪੰਜਾਬੀ ਦੇ ਚੰਗੇ ਪ੍ਰੋਫੈਸਰ ਮਿਲੇ ਸਨ ਜਿਨ੍ਹਾਂ ਵਿਚ ਉਹ ਗੁਰਚਰਨ ਸਿੰਘ ਸਾਕੀ ਅਤੇ ਇਕ ਹੋਰ ਟੀਚਰ ਦਾ ਜ਼ਿਕਰ ਬੜੇ ਮਾਣ ਨਾਲ ਕਰਦਾ ਸੀ।
ਅਮੋਲਕ ਦਾ ਨੈਸ਼ਨਲ ਕਾਲਜ ਸਿਰਸੇ ਵਿਚ ਸੀਨੀਅਰ ਬਲਦੇਵ ਸਿੰਘ ਮੋਮੀ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਵਿਚ ਮੇਰਾ ਜਮਾਤੀ ਸੀ। ਐਮ.ਏ. ਦੇ ਪਹਿਲੇ ਸਾਲ ਵਿਚ ਹੀ ਉਹ ਡੀ.ਆਰ. (ਡਿਪਾਰਟਮੈਂਟ ਰਿਪਰਜ਼ੈਂਟੇਟਿਵ) ਚੁਣਿਆ ਗਿਆ ਸੀ ਅਤੇ ਉਪਰੰਤ ਸਟੂਡੈਂਟ ਕੌਂਸਲ ਦੀ ਕਾਰਜਕਾਰਨੀ ਦਾ ਮੈਂਬਰ ਬਣ ਗਿਆ ਸੀ। ਆਪਣੇ ਰਸੂਖ ਦਾ ਇਸਤੇਮਾਲ ਕਰ ਕੇ ਉਸ ਨੇ ਇਕ ਨੰਬਰ ਹੋਸਟਲ ਦੀ ਡੌਰਮਿੱਟਰੀ ਅਲਾਟ ਕਰਵਾਈ ਹੋਈ ਸੀ ਜੋ ਆਮ ਕਮਰੇ ਕਿਊਬੀਕਲ ਦੇ ਮੁਕਾਬਲੇ ਵਿਚ ਚੋਖੀ ਖੁੱਲ੍ਹੀ ਡੁੱਲ੍ਹੀ ਹੁੰਦੀ ਹੈ। ਆਰੰਭ ਵਿਚ ਅਮੋਲਕ ਉਸ ਕੋਲ ਆ ਕੇ ਰਹਿਣ ਲੱਗਿਆ ਅਤੇ ਇਥੇ ਹੀ ਮੇਰੀ ਮੁਲਾਕਾਤ ਉਸ ਨਾਲ ਹੋਈ। ਮੈਂ ਹਾਲਾਂਕਿ ਬਾਰਾਂ ਕਿਲੋਮੀਟਰ ਆਪਣੇ ਪਿੰਡ ਤੋਂ ਸਾਈਕਲ ਤੇ ਪੜ੍ਹਨ ਆਉਂਦਾ ਸੀ ਪਰ ਹਫਤੇ ਵਿਚ ਦੋ ਤਿੰਨ ਵਾਰ ਸ਼ਾਮ ਤੱਕ ਬਲਦੇਵ ਕੋਲ ਰੁਕ ਜਾਂਦਾ ਸੀ। ਜਦੋਂ ਕਦੇ ਬਲਦੇਵ ਸਿੰਘ ਕਿਸੇ ਕੰਮ ਕਰ ਕੇ ਬਾਹਰ ਹੁੰਦਾ ਤਾਂ ਮੈਨੂੰ ਤੇ ਅਮੋਲਕ ਨੂੰ ਖੁੱਲ੍ਹ ਕੇ ਗੱਲਾਂ ਕਰਨ ਦਾ ਵਕਤ ਮਿਲ ਜਾਂਦਾ ਸੀ। ਵੈਸੇ ਵੀ ਅਮੋਲਕ ਮੇਰੇ ਵਾਂਗ ਸਾਧਾਰਨ ਪੇਂਡੂ ਪਰਿਵਾਰ ਵਿਚੋਂ ਆਉਣ ਕਰ ਕੇ ਜ਼ਿਮੀਦਾਰ ਸੋਚ ਵਾਲੇ ਬਲਦੇਵ ਨਾਲ ਘੱਟ ਭਿੱਜਦਾ ਸੀ।
ਐਮ.ਏ. ਦੇ ਜ਼ਿੰਮੇਦਾਰ ਵਿਦਿਆਰਥੀਆਂ ਵਿਚ ਖੁਦ-ਬ-ਖੁਦ ਲੈਕਚਰਾਰ ਬਣਨ ਦਾ ਅਹਿਸਾਸ ਪਲਣ ਲੱਗਦਾ ਹੈ। ਸਾਡੇ ਟੀਚਰ ਵੀ ਸਾਨੂੰ ਅਜਿਹਾ ਮਹਿਸੂਸ ਕਰਾ ਕੇ ਸਾਡੇ ਸਵੈ-ਵਿਸ਼ਵਾਸ ਵਿਚ ਵਾਧਾ ਕਰਦੇ ਹਨ। ਡਾਕਟਰ ਦਰਸ਼ਨ ਸਿੰਘ ਸਾਨੂੰ ਅਕਸਰ ਆਖਦੇ ਸਨ, ਅਸੀਂ ਤੁਹਾਨੂੰ ਪ੍ਰੋਫੈਸਰ ਹੀ ਮੰਨਦੇ ਹਾਂ।
ਇਉਂ ਐਮ.ਏ. ਕਰਦਿਆਂ ਮੈਨੂੰ ਆਪਣਾ ਆਪ ਪ੍ਰੋਫੈਸਰ ਅਤੇ ਅਮੋਲਕ ਆਪਣਾ ਵਿਦਿਆਰਥੀ ਲੱਗਦਾ ਅਤੇ ਮੈਂ ਉਸੇ ਅਧਿਕਾਰ ਅਤੇ ਲਾਡ ਨਾਲ ਉਸ ਨੂੰ ਕੁਝ ਨਾ ਕੁਝ ਨਵਾਂ ਦੱਸਣ ਲਈ ਤੱਤਪਰ ਰਹਿੰਦਾ। ਕਿਸੇ ਅਜਿਹੀ ਹੀ ਸੋਚ ਵਿਚ ਮੈਂ ਦੂਜੀ ਤੀਜੀ ਮੁਲਾਕਾਤ ਵਿਚ ਹੀ ਅਮੋਲਕ ਨੂੰ ਕਾਲਜ ਦੀ ਕੋਈ ਨੋਟਬੁਕ ਦਿਖਾਉਣ ਲਈ ਕਿਹਾ। ਦਰਅਸਲ ਮੇਰੇ ਆਪਣੇ ਸਕੂਲ ਅਧਿਆਪਕਾਂ ਨੇ ਛੇਵੀਂ ਸੱਤਵੀਂ ਜਮਾਤ ਤੱਕ ਗੁਰਮੁਖੀ ਅੱਖਰ-ਬਣਤਰ ਅਤੇ ਸਹੀ ਸ਼ਬਦ-ਜੋੜ ਦੇ ਨੁਕਤੇ ਤੋਂ ਸਾਨੂੰ ਚੰਗਾ ਚੰਡ ਦਿੱਤਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਵੀ ਹਰ ਵੇਲੇ ਅਚਵੀ ਲੱਗੀ ਰਹਿੰਦੀ ਸੀ ਕਿ ਕੋਈ ਪੰਜਾਬੀ ਪੜ੍ਹਨ-ਸਿੱਖਣ ਵਾਲਾ ਮੈਨੂੰ ਟੱਕਰੇ ਤਾਂ ਕਿ ਮੈਂ ਉਸ ਦੀ ਕਿਸੇ ਰੜਕਵੀਂ ਤਰੁਟੀ ਵਲ ਧਿਆਨ ਦਿਵਾਵਾਂ ਅਤੇ ਦਰੁਸਤੀ ਕਰਾਂ। ਹੁਣ ਇਸ ਗੱਲੋਂ ਅਮੋਲਕ ਮੇਰੇ ਅੜਿੱਕੇ ਆਇਆ ਸੀ। ਸ਼ੁਰੂਆਤੀ ਮੁਲਾਕਾਤਾਂ ਵਿਚ ਉਸ ਦੀ ਨੋਟਬੁਕ ਦੀ ਇਸ ਨੁਕਤੇ ਤੋਂ ਸੁਧਾਈ ਕਰਨ ਦਾ ਲਾਲਚ ਮੇਰੇ ਮਨ ਵਿਚ ਬਣਿਆ ਰਹਿੰਦਾ ਸੀ। ਚੰਗੀ ਗੱਲ ਇਹ ਬਣੀ ਕਿ ਅਮੋਲਕ ਦੀ ਕੁਝ ਨਵਾਂ ਜਾਨਣ ਅਤੇ ਸਿੱਖਣ ਦੀ ਉਤੇਜਨਾ ਮੇਰੇ ਅੰਦਰਲੇ ਟੀਚਰ ਤੋਂ ਵੀ ਜ਼ਿਆਦਾ ਤਿੱਖੀ ਸੀ; ਮਿਰਜ਼ਾ ਗਾਲਿਬ ਦੇ ਬਿਆਨ ਵਾਂਗ
‘ਸੀਨਾ-ਏ-ਸ਼ਮਸ਼ੀਰ ਸੇ ਬਾਹਰ ਹੈ ਦਮ ਸ਼ਮਸ਼ੀਰ ਕਾ’
ਅਰਥਾਤ, ਹਮਲਾਵਰ ਹੋਣ ਲਈ ਤਿਆਰ ਤਲਵਾਰ ਦੇ ਮੁਕਾਬਲੇ ਵਿਚ ਤਲਵਾਰ ਦੀ ਧਾਰ ਉਸ ਨਾਲੋਂ ਵੀ ਅੱਗੇ ਨਿਕਲੀ ਹੁੰਦੀ ਹੈ। ਉਸ ਤੋਂ ਮਿਲਦਾ ਟੀਚਰ ਵਾਲਾ ਆਦਰ ਮੈਨੂੰ ਸੁਖਦ ਲਗਦਾ। ਛੇਤੀ ਹੀ ਉਹ ਵੀ ਉਡਾਰ ਹੋ ਗਿਆ ਅਤੇ ਸਿਖਣ-ਸਿਖਾਉਣ ਵਾਲੀ ਸਕੂਲੀ ਕਵਾਇਦ ਦੀ ਥਾਂ ਗੱਲਾਂ-ਬਾਤਾਂ ਅਤੇ ਵਿਚਾਰ-ਵਟਾਂਦਰੇ ਨੇ ਲੈ ਲਈ। ਹੁਣ ਸਾਡੇ ਵਿਚਕਾਰ ਦੋਸਤਾਨਾਂ ਤੰਦਾਂ ਨੂੰ ਸੰਘਣਾ ਕਰਨ ਲਈ ਕੁਝ ਹੋਰ ਅਨਸਰ ਵੀ ਆ ਜੁੜੇ ਸਨ। ਦੇਖਣ ਵਿਚ ਆਇਆ ਕਿ ਲੰਮੇ ਝੰਮੇ, ਗੋਰੇ ਸੁਨੱਖੇ ਅਮੋਲਕ ਦੇ ਦਿਲ ਵਿਚ ਉਸ ਦੀ ਜਮਾਤਣ ਜਸਪ੍ਰੀਤ ਆ ਵਸੀ ਸੀ। ਆਲੇ-ਦੁਆਲੇ ਵਾਲੇ ਸਾਰੇ ਹੈਰਾਨ ਸਨ ਕਿ ਦੇਖਣ ਨੂੰ ਸੁਸਤ ਅਤੇ ਡੋਬੂ ਜਿਹੀ ਆਵਾਜ਼ ਵਾਲੀ ਕੁੜੀ ਵਿਚ ਉਸ ਨੂੰ ਚੁੰਬਕੀ ਖਿੱਚ ਵਾਲੀ ਕਿਹੜੀ ਚੀਜ਼ ਲੱਭ ਪਈ ਸੀ। ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਅਮੋਲਕ ਦੀ ਦੁਨੀਆ ਇਸ਼ਕ ਦੀ ਇਸ ਬਹਾਰ ਨਾਲ ਖਿੜ ਉਠੀ ਸੀ। ਇਸ਼ਕੀਆ ਉਮਾਹ ਅਤੇ ਜੋਸ਼ ਦਾ ਇਹ ਆਲਮ ਸੀ ਕਿ ਆਪਣੀ ਮੁਹੱਬਤ ਦੇ ਮੁਜੱਸਮੇ ਲਈ ਕੁਝ ਨਾ ਕੁਝ ਕਰਦੇ ਰਹਿਣਾ ਉਸ ਦੇ ਲਈ ਆਹਰ ਬਣ ਗਿਆ ਸੀ। ਉਦੋਂ ਮੈਂ ਵੀ ਕਿਸੇ ਐਸੀ ਤੜਫਾਹਟ ਦੀ ਕਸਕ ਹੰਢਾ ਰਿਹਾ ਸਾਂ। ਬੇਚੈਨੀ ਨਾਲ ਵਲੂੰਦਰੇ ਮੇਰੇ ਆਪਣੇ ਆਪ ਨੂੰ ਅਮੋਲਕ ਨਿੱਕੇ ਭਰਾ ਵਰਗਾ ਲਗਦਾ।
ਐਮ.ਏ. ਕੀਤਿਆਂ ਮੈਨੂੰ ਦੂਜਾ ਸਾਲ ਚੜ੍ਹਿਆ ਹੋਇਆ ਸੀ ਅਤੇ ਮੈਂ ਅੰਗਰੇਜ਼ੀ ਟ੍ਰਾਂਸਲੇਸ਼ਨ ਦਾ ਡਿਪਲੋਮਾ ਮੁਕੰਮਲ ਕਰ ਕੇ ਯੂਨੀਵਰਸਿਟੀ ਟਿਕੇ ਰਹਿਣ ਲਈ ਕਿਸੇ ਹੋਰ ਕੋਰਸ ਵਿਚ ਪੈਰ ਅੜਾਉਣ ਦਾ ਵਸੀਲਾ ਬਣਾ ਰਿਹਾ ਸੀ। ਜਸਪ੍ਰੀਤ ਦੇ ਸਹੇਲੀ ਦਾਇਰੇ ਵਿਚ ਉਹ ਸੂਰਤ ਵੀ ਸ਼ਾਮਲ ਸੀ ਜਿਸ ਨੂੰ ਨਿੱਤ ਦੇਖੇ ਬਿਨਾ ਮੇਰੀ ਰੂਹ ਤ੍ਰਿਪਤ ਨਹੀਂ ਸੀ ਹੁੰਦੀ। ਇਉਂ ਅਮੋਲਕ ਇਕ ਜ਼ਰੀਆ ਵੀ ਸੀ ਜਿਸ ਰਾਹੀਂ ਮੈਨੂੰ ਆਪਣੀ ਦੁਨੀਆ ਦੀਆਂ ਉਹ ਗੱਲਾਂ ਵੀ ਪਤਾ ਲਗਦੀਆਂ ਜਿਨ੍ਹਾਂ ਤੋਂ ਮੈਂ ਉੱਕਾ ਹੀ ਬੇਖਬਰ ਸੀ। ਜਦੋਂ ਇਕ ਗੱਲ ਤੋਂ ਸਕੂਲ ਮਿਲਦਾ ਤਾਂ ਦੂਜੀ ਤੋਂ ਬੇਆਰਾਮੀ। ਚੀਸ ਤੇ ਕਸੀਸ ਇਕੱਠੀਆਂ ਦਮ ਭਰਦੀਆਂ।
ਉਦੋਂ ਤੱਕ ਮੈਂ ਇਕ ਦੋ ਵਾਰ ਆਪਣੇ ਜਮਾਤੀ ਬਲਦੇਵ ਦੇ ਰਾਣੀਆਂ ਕਸਬੇ ਨੇੜਲੇ ਪਿੰਡ ਲਹਿਰੇ ਵਾਲੀ ਢਾਣੀ ਫੇਰਾ ਪਾ ਚੁੱਕਾ ਸੀ। ਅਮੋਲਕ ਦਾ ਪਿੰਡ ਵੀ ਉਧਰ ਹੀ ਥੋੜ੍ਹਾ ਹਟਵਾਂ ਰਾਹ ਵਿਚ ਹੀ ਪੈਂਦਾ ਸੀ। ਜਦੋਂ ਅਮੋਲਕ ਨਾਲ ਮੇਰਾ ਸਨੇਹੀ ਰਿਸ਼ਤਾ ਬਣ ਗਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਅਗਲੀ ਵਾਰ ਜਦੋਂ ਮੈਂ ਬਲਦੇਵ ਦੇ ਪਿੰਡ ਜਾਣਾ ਹੋਵੇ ਤਾਂ ਉਸ ਦੇ ਪਿੰਡ ਵੀ ਜ਼ਰੂਰ ਜਾਵਾਂ। ਉਸ ਦਾ ਪਿੰਡ ਕੁੱਤੇਵੱਢ ਸੀ ਜਿਸ ਦਾ ਨਾਂ ਸੁਣਦਿਆਂ ਮੇਰੇ ਪਿੰਡ ਦੇ ਮੋਹਣੇ ਦਾ ਹਾਸਾ ਨਹੀਂ ਸੀ ਰੁਕਦਾ। ਮੇਰੇ ਰਾਹੀਂ ਮੇਰੇ ਪਿੰਡ ਦਾ ਮੋਹਣਾ ਅਤੇ ਤੀੜੇ ਪਿੰਡ ਦਾ ਬੇਅੰਤ ਵੀ ਅਮੋਲਕ ਦੇ ਜਾਣੂਆਂ ਵਿਚ ਸ਼ੁਮਾਰ ਹੋ ਗਏ ਸਨ। ਬਲਦੇਵ ਉਸ ਦਾ ਗਰਾਈਂ ਹੋਣ ਦੇ ਬਾਵਜੂਦ ਉਸ ਨਾਲ ਭਿੱਜਦਾ ਨਹੀਂ ਸੀ, ਕਿਉਂਕਿ ਵੱਡੀ ਢੇਰੀ ਵਾਲਿਆਂ ਦਾ ਘੱਟ ਜ਼ਮੀਨ ਵਾਲਿਆਂ ਨਾਲ ਅਕਸਰ ਮੂੰਹ-ਘੁਟ ਰਿਸ਼ਤਾ ਹੀ ਹੁੰਦਾ ਹੈ। ਬਲਦੇਵ ਦੇ ਅਮੋਲਕ ਪ੍ਰਤੀ ਅਜਿਹੇ ਵਤੀਰੇ ਬਾਰੇ ਮੈਂ ਉਸ ਨੂੰ ਕਦੇ ਟੋਕਿਆ ਨਹੀਂ ਸੀ ਪਰ ਮੈਨੂੰ ਉਸ ਦਾ ਇਉਂ ਸੋਚਣਾ ਉਕਾ ਹੀ ਨਾਪਸੰਦ ਸੀ। ਮੇਰੇ ਇਲਾਕੇ ਦੇ ਜਿਹੜੇ ਜਾਣੂ ਮੁੰਡੇ ਮੇਰੇ ਕੋਲ ਆਉਂਦੇ ਜਾਂਦੇ ਸਨ, ਉਹਨਾਂ ਦਾ ਵੀ ਅਮੋਲਕ ਨਾਲ ਅਪਣੱਤ ਵਾਲਾ ਨੇੜਲਾ ਸੰਬੰਧ ਬਣ ਗਿਆ ਸੀ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਅਸੀਂ ਤਿੰਨੇ ਛੋਟੀ ਕਿਸਾਨੀ ਦੇ ਪਿਛੋਕੜ ਵਾਲੇ ਅਤੇ ਨੌਕਰਪੇਸ਼ਾ ਪਿਉਆਂ ਦੇ ਬੇਟੇ ਸਾਂ। ਬਿਨਾਂ ਝਿਜਕ ਅਮੋਲਕ ਕਈ ਵਾਰ ਇਕੱਲਿਆਂ ਹੀ ਚੰਡੀਗੜ੍ਹ ਤੋਂ ਸਾਡੇ ਪਿੰਡ ਪਹੁੰਚ ਜਾਂਦਾ ਸੀ। ਨੌਕਰੀ ਕਰਦੇ ਮੋਹਣੇ ਅਤੇ ਬੇਅੰਤ ਦੇ ਦਫਤਰਾਂ ਵਿਚ ਵੀ ਮੂਡ-ਬਦਲੀ ਲਈ ਗੇੜਾ ਮਾਰ ਲੈਂਦਾ ਸੀ।
ਮੇਰੇ ਤੋਂ ਉਮਰ ਵਿਚ ਇਹ ਸਾਰੇ ਜਣੇ ਹੀ ਛੋਟੇ ਸਨ। ਮੋਹਣਾ ਦੋ ਸਾਲ, ਅਮੋਲਕ ਰਤਾ ਹੋਰ ਅਤੇ ਬੇਅੰਤ ਤਾਂ ਕਈ ਸਾਲ ਥੱਲੇ ਸੀ। ਬੇਅੰਤ ਸਿੰਘ ਤੇਜ਼ ਤਰਾਰ ਅਤੇ ਕਾਹਲੇ ਮਿਜ਼ਾਜ ਦਾ ਸੀ ਪਰ ਆਪਣੇ ਕੰਮਕਾਰ ਵਿਚ ਬੇਹੱਦ ਨਿਪੁੰਨ। ਉਸ ਦੇ ਅਫਸਰ ਉਸ ਦੀ ਦਫਤਰੀ ਲਿਆਕਤ ਤੇ ਕਾਇਲ ਸਨ। ਅਮੋਲਕ ਨੇ ਉਸ ਦੀ ਅੱਲ ‘ਝੱਲਾ’ ਪਾਈ ਹੋਈ ਸੀ ਜੋ ਬੇਅੰਤ ਉਪਰ ਇੰਨੀ ਸਹੀ ਬੈਠਦੀ ਸੀ ਕਿ ਦੋਸਤਾਂ ਨੇ ਪਕਾ ਛੱਡੀ ਸੀ। ਮੈਂ ਦੋ ਮੌਕਿਆਂ ਉਪਰ ਜਦੋਂ ਅਮੋਲਕ ਨੂੰ ਮਿਲਣ ਸ਼ਿਕਾਗੋ ਗਿਆ ਤਾਂ ਯੂਨੀਵਰਸਿਟੀ ਦਿਨਾਂ ਦੀ ਗੱਲਾਂ ਛਿੜ ਕੇ ਮੁੱਕਣ ਦਾ ਨਾਂ ਨਹੀਂ ਲੈਂਦੀਆਂ ਸਨ। ਬੇਅੰਤ ਦਾ ਨਾਂ ਲੈਂਦਿਆਂ ਹੀ ਉਸ ਨੂੰ ਹਾਸਾ ਆ ਜਾਂਦਾ ਅਤੇ ਆਖਦਾ, ‘ਅੱਛਾ’, ਉਹ ‘ਝੱਲਾ!’ ਫਿਰ ਉਸ ਦੀਆਂ ਕਈ ਚੰਗੀਆਂ ਮਿਠੀਆਂ ਗੱਲਾਂ ਸੁਣਾ ਦਿੰਦਾ ਜੋ ਮੈਨੂੰ ਵੀ ਭੁੱਲ ਚੁਕੀਆਂ ਹੁੰਦੀਆਂ ਸਨ। ਅਮੋਲਕ ਦਾ ਸਾਡੇ ਨਾਲ ਭਾਉ ਅਤੇ ਚਾਉ ਵਾਲਾ ਰਿਸ਼ਤਾ ਬਣ ਗਿਆ ਸੀ। ਸਾਡੀ ਜੁੰਡਲੀ ਵਿਚ ਇਕ ਹੋਰ ਦਿਲਚਸਪ ਬੰਦਾ ਨਾਲ ਦੇ ਪਿੰਡ ਬਾਂਸੇਪੁਰ ਵਾਲਾ ਗੁਰਮੀਤ ਜੁੜ ਗਿਆ ਸੀ ਜਿਸ ਨੂੰ ਸਾਰੇ ਗੀਤੂ ਕਹਿੰਦੇ ਸਨ। ਪੰਜ ਭਰਾਵਾਂ ਵਾਲੇ ਜ਼ਿੰਮੀਦਾਰੇ ਪਰਿਵਾਰ ਵਿਚ ਉਹ ਸਭ ਤੋਂ ਛੋਟਾ ਸੀ। ਆਲੇ-ਦੁਆਲੇ ਦੇ ਤਿੰਨ ਚਾਰ ਪਿੰਡਾਂ ਵਿਚ ਪਹਿਲਾ ਟੈ੍ਰਕਟਰ ਉਹਨਾਂ ਦੇ ਘਰ ਆਇਆ ਸੀ ਅਤੇ ਮਾਂ ਬਾਪ ਦਾ ਛਿੰਦਾ ਪੁੱਤ ਗੀਤੂ ਹੀ ਇਸ ਨੂੰ ਭਜਾਈ ਫਿਰਦਾ ਰਹਿੰਦਾ ਸੀ। ਕਈ ਵਾਰ ਘਰਦਿਆਂ ਨੂੰ ਬਹਾਨਾ ਮਾਰ ਕੇ ਅਸੀਂ ਖਾਲੀ ਟ੍ਰੈਕਟਰ ਨਾਲ ਚੰਡੀਗੜ੍ਹ ਪਿੰਜੌਰ ਅਤੇ ਕਾਲਕਾ ਤੱਕ ਪਿਕਨਿਕ ਤੇ ਨਿਕਲ ਜਾਂਦੇ ਸਾਂ। ਹੁਣ ਚੌਥਾ ਜਣਾ ਅਮੋਲਕ ਵੀ ਸਾਡੇ ਨਾਲ ਰਲ ਗਿਆ ਸੀ। ਸਾਡੀਆਂ ਰਿਸ਼ਤੇਦਾਰੀਆਂ ਵਿਚ ਵੀ ਉਹ ਸਾਡੇ ਵਾਂਗ ਹੀ ਲਡਿਆਇਆ ਅਤੇ ਸਤਿਕਾਰਿਆ ਜਾਂਦਾ ਸੀ। ਸਾਡੇ ਵਿਚੋਂ ਕਿਸੇ ਇਕ ਦੀ ਰਿਸ਼ਤੇਦਾਰੀ ਵਿਚ ਵੀ ਦੂਰ ਦੁਰਾਡੇ ਵਿਆਹ ਹੋਣਾ ਤਾਂ ਅਮੋਲਕ ਵੀ ਸਾਡੇ ਨਾਲ ਹੀ ਬਰਾਤੇ ਚੜ੍ਹਦਾ ਸੀ। ਸਾਡੇ ਘਰਾਂ ਵਿਚ ਵੀ ਉਹ ਸਾਡੇ ਵਾਂਗ ਹੀ ਵਿਚਰਦਾ ਸੀ।
ਇਕ ਵਾਰੀ ਐਸੀ ਘਟਨਾ ਵਾਪਰੀ ਜੋ ਸਾਰੀ ਉਮਰ ਸਾਡੇ ਚੇਤਿਆਂ ਵਿਚੋਂ ਨਹੀਂ ਨਿਕਲਦੀ। ਅਮੋਲਕ ਮੇਰੇ ਪਿੰਡ ਸੰਗਾਲਾਂ ਆਇਆ ਹੋਇਆ ਸੀ ਜਿਹੜਾ ਹੁਣ ਨਿਊ ਚੰਡੀਗੜ੍ਹ ਦੀ ਭੇਟ ਚੜ੍ਹ ਗਿਆ ਹੈ ਅਤੇ ਯੂੂਨੀਵਰਸਿਟੀ ਤੋਂ ਮਸਾਂ ਦਸ ਕਿਲੋਮੀਟਰ ਦੂਰ ਹੈ। ਗੀਤੂ ਦੇ ਟ੍ਰੈਕਟਰ ਤੇ ਘੁੰਮਣ ਨਿਕਲਣ ਦਾ ਪ੍ਰੋਗਰਾਮ ਬਣ ਗਿਆ। ਪ੍ਰੋਗਰਾਮ ਕਾਹਦਾ ਹੁੰਦਾ ਸੀ; ਬੱਸ ਇਕ ਜਣੇ ਨੇ ਕਹਿ ਦੇਣਾ ਕਿ ਕਿਧਰੇ ਨਿਕਲੀਏ ਅਤੇ ਬਾਕੀਆਂ ਨੇ ਹਾਂ ਭਰ ਦੇਣੀ। ਉਜ਼ਰ ਕਰਨ ਦਾ ਸਵਾਲ ਤਾਂ ਕਦੇ ਪੈਦਾ ਹੀ ਨਹੀਂ ਸੀ ਹੋਇਆ। ਮੇਰੇ ਪਿੰਡ ਅਤੇ ਬਾਂਸੇਪੁਰ ਦਾ ਫਾਸਲਾ ਮਹਿਜ਼ 300 ਗਜ਼ ਤੋਂ ਵੱਧ ਨਹੀਂ ਹੋਣਾ। ਕੋਠੇ ਤੇ ਚੜ੍ਹ ਕੇ ਮਾਰੀ ਹਾਕ ਦੂਜੇ ਪਿੰਡ ਸੁਣ ਜਾਂਦੀ ਸੀ।
ਮੈਂ ਮੋਹਣਾ ਅਤੇ ਅਮੋਲਕ ਗੀਤੂ ਦੇ ਪਿੰਡ ਨੂੰ ਤੁਰ ਪਏ। ਅਜਿਹੇ ਮੌਕੇ ਘਰ ਦਿਆਂ ਵਲੋਂ ਸੰਭਾਲੇ ਕੰਮ ਨੂੰ ਵੀ ਅਸੀਂ ਵਿਚਾਲੇ ਹੀ ਛੱਡ ਦਿੰਦੇ ਸੀ ਅਤੇ ਬਹਾਨਾ ਮਾਰ ਕੇ ਖਿਸਕਣ ਦੀ ਕਰਦੇ ਸੀ; ਕਿਉਂਕਿ ਸਾਫ ਪਤਾ ਹੁੰਦਾ ਸੀ ਕਿ ਘਰਦਿਆਂ ਨੇ ਤਾਂ ਪੈਰ ਪੁੱਟਣ ਨਹੀਂ ਦੇਣਾ। ਪ੍ਰੋਗਰਾਮ ਬਣ ਚੁੱਕਾ ਸੀ। ਗੀਤੂ ਸਾਨੂੰ ਤਿੰਨਾਂ ਨੂੰ ਲੈਣ ਮੇਰੇ ਪਿੰਡ ਸੰਗਾਲਾਂ ਆ ਪਹੁੰਚਿਆ ਅਤੇ ਉਭੜਦੇ ਚਾਅ ਨਾਲ ਅਸੀਂ ਟ੍ਰੈਕਟਰ ਤੇ ਸਵਾਰ ਹੋ ਗਏ। ਇਕ ਪਾਸੇ ਜਿੱਥੇ ਮਡਗਾਰਡ ਉਤੇ ਫੱਟੀ ਜੜੀ ਹੋਈ ਸੀ, ਉਥੇ ਮੈਂ ਤੇ ਮੋਹਣਾ ਬੈਠ ਗਏ, ਦੂਜੀ ਤਰਫ ਸਾਫ ਪੱਧਰੇ ਮਡਗਾਰਡ ਉਤੇ ਅਮੋਲਕ ਬੈਠ ਗਿਆ। ਜਿਨ੍ਹਾਂ ਨੇ ਇਸ ਹਾਲਾਤ ਵਿਚ ਟ੍ਰੈਕਟਰ ‘ਤੇ ਸਵਾਰੀ ਕੀਤੀ ਹੈ, ਉਹ ਜਾਣਦੇ ਹਨ ਕਿ ਖਬਰਦਾਰ ਹੋ ਕੇ ਬੈਠਣਾ ਪੈਂਦਾ ਹੈ ਕਿਉਂਕਿ ਕਿਸੇ ਪਾਸੇ ਹੱਥ ਪਾਉਣ ਅਤੇ ਫੜਨ ਸੰਭਲਣ ਦਾ ਕੋਈ ਖਾਸ ਹੀਲਾ ਨਹੀਂ ਹੁੰਦਾ। ਪਿੰਡੋਂ ਚੱਲ ਕੇ ਦੋਂਹ ਮਿੰਟਾਂ ਵਿਚ ਹੀ ਅਸੀਂ ਬਾਂਸੇਪੁਰ ਪਿੰਡ ਦੀ ਬਾਹਰਲੀ ਫਿਰਨੀ ਉਤੇ ਚੜ੍ਹ ਗਏ ਅਤੇ ਚੰਡੀਗੜ੍ਹ ਵੱਲ ਜਾਦੀ ਸੜਕ ਫੜਨ ਲਈ ਟ੍ਰੈਕਟਰ ਉਧਰ ਮੋੜ ਲਿਆ। ਅਜੇ ਪਿੰਡ ਦੇ ਨਾਲ ਨਾਲ ਸੌ ਗਜ਼ ਗਏ ਹੋਵਾਂਗੇ ਕਿ ਗੀਤੂ ਨੂੰ ਸਾਹਮਣਿਊ ਆਪਣੇ ਧਿਆਨ ਵਿਚ ਤੁਰਿਆ ਆਉਂਦਾ ਉਸ ਦਾ ਚਾਚਾ ਹਰੀ ਸਿੰਘ ਦਿਸ ਪਿਆ ਜੋ ਘਰ ਵੱਲ ਮੁੜਨ ਲੱਗਾ ਸੀ। ਚਾਚੇ ਤੋਂ ਮੌਕਾ ਬਚਾਉਣ ਖਾਤਰ ਉਸ ਨੇ ਇਕ ਦਮ ਟ੍ਰੈਕਟਰ ਨੂੰ ਬ੍ਰੇਕ ਮਾਰੀ ਅਤੇ ਝਟਕੇ ਨਾਲ ਅਮੋਲਕ ਧੜੰਮ ਕਰ ਕੇ ਟ੍ਰੈਕਟਰ ਦੇ ਵੱਡੇ ਪਹੀਏ ਮੂਹਰੇ ਡਿੱਗ ਪਿਆ।
‘ਉਏ!’ ਕਹਿੰਦਿਆਂ ਅਸੀਂ ਘਬਰਾ ਗਏ; ਘਬਰਾਹਟ ਇਕ ਪਾਸੇ, ਅਸੀਂ ਡਰ ਨਾਲ ਸੁੰਨ ਹੋ ਗਏ ਸੀ। ਇਕ ਗੀਤੂ ਸੀ ਜੋ ਨਾ ਡੋਲਿਆ ਨਾ ਘਬਰਾਇਆ। ਸ਼ੁਕਰ ਹੈ ਕਿ ਅਮੋਲਕ ਦਾ ਸਿਰ ਇੱਧਰ ਉਧਰ ਕਿਸੇ ਲੋਹੇ ਦੀ ਚੀਜ਼ ਨਾਲ ਨਹੀਂ ਟਕਰਾਇਆ। ਇਹ ਹਾਦਸਾ ਫਿਰਨੀ ਨਾਲ ਲਗਦੇ ਘਰਾਂ ਦੇ ਐਨ ਸਾਹਮਣੇ ਵਾਪਰਿਆ ਸੀ। ਇਕ ਦਮ ਕਈ ਜਣੇ ਇਧਰੋਂ ਉਧਰੋਂ ਭੱਜ ਕੇ ਆ ਗਏ ਅਤੇ ਮੇਰੇ ਅਤੇ ਮੋਹਣੇ ਦੇ ਹੇਠਾਂ ਉਤਰਨ ਤੋਂ ਪਹਿਲਾਂ ਹੀ ਅਮੋਲਕ ਨੂੰ ਉਠਾਲ ਕੇ ਖੜ੍ਹਾ ਕਰ ਲਿਆ। ਸਾਡਾ ਸਾਹ ਵਿਚ ਸਾਹ ਆਇਆ। ਮਾਮੂਲੀ ਜਿਹੀ ਝਰੀਟ ਤੋਂ ਸਿਵਾ – ਜੇ ਮੁਹਾਵਰਾ ਵਰਤੀਏ ਉਸ ਦਾ ਵਾਲ ਵਿੰਗਾ ਨਹੀਂ ਸੀ ਹੋਇਆ। ਮੈਂ ਅਤੇ ਮੋਹਣਾ ਕਈ ਦਿਨ ਇਸ ਘਟਨਾ ਦੇ ਸਹਿਮ ਵਿਚੋਂ ਨਹੀਂ ਨਿਕਲੇ। ਪਤਾ ਨਹੀਂ, ਅਮੋਲਕ ਨੂੰ ਉਹ ਦਿਨ ਯਾਦ ਵੀ ਸੀ ਕਿ ਨਹੀਂ ਜਿਸ ਨੇ ਇਕ ਵਾਰੀ ਸਾਡੇ ਸਾਹ ਸੁਕਾ ਦਿੱਤੇ ਸੀ।
ਮੇਰੇ ਵਾਂਗ ਅਮੋਲਕ ਦਾ ਲੰਮੇ ਸਮੇਂ ਤੱਕ ਯੂਨੀਵਰਸਿਟੀ ਨਾਲ ਸਬੰਧ ਰਿਹਾ; ਮਤਲਬ ਅਸੀਂ ਸੱਤ ਅੱਠ ਸਾਲ ਕਿਸੇ ਨਾ ਕਿਸੇ ਜੁਗਤ ਜਾਂ ਬਹਾਨੇ ਨਾਲ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰਹੇ। ਉਹਨਾਂ ਦਿਨਾਂ ਵਿਚ ਇਹੋ ਜਿਹਾ ਜੁਗਾੜ ਲਾਉਣਾ ਕੋਈ ਅਲਜਬਰੇ ਦਾ ਸਵਾਲ ਨਹੀਂ ਸੀ। ਲੋਕਲ ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਆਪਣੇ ਯੂਨੀਵਰਸਿਟੀ ਪੜ੍ਹਾਈ ਕਰਦੇ ਭੈਣ ਭਰਾਵਾਂ ਨਾਲ ਹੋਸਟਲਾਂ ਵਿਚ ਚੁੱਪ ਕਰ ਕੇ ਟਿਕ ਜਾਂਦੇ ਸਨ। ਕਈ ਆਪਣੇ ਇਲਾਕੇ ਦੇ ਐਮ.ਏ. ਕਰਦੇ ਜਾਣੂ ਲਿਹਾਜ਼ੀਆਂ ਨਾਲ ਹੋਸਟਲਾਂ ਵਿਚ ਆਰਾਮ ਨਾਲ ਰਹਿ ਲੈਂਦੇ ਸਨ। ਕਈ ਲੋਕ ਡੇ-ਸਕੌਲਰਾਂ ਦੇ ਨਾਂ ‘ਤੇ ਕਮਰੇ ਅਲਾਟ ਕਰਾ ਲੈਂਦੇ ਸਨ।
ਇਉਂ ਅਮੋਲਕ ਡੀ.ਏ.ਵੀ. ਕਾਲਜ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਤੋਂ ਐਮ.ਏ. ਕਰਨ ਮਗਰੋਂ ਵੀ ਹੋਸਟਲ ਵਿਚ ਹੀ ਟਿਕਿਆ ਰਿਹਾ। ਅੱਗੜ ਪਿੱਛੜ ਉਹ ਮੁਹੱਬਤ ਦੇ ਦੋ ਤੂਫਾਨਾਂ ਵਿਚ ਦੀ ਗੁਜ਼ਰਿਆ, ਦੋ ਪੁੜਾਂ ਵਿਚ ਪਿਸਿਆ। ਅਸੀਂ ਦੋਵੇਂ ਰਹਿੰਦੇ ਤਾਂ ਯੂਨੀਵਰਸਿਟੀ ਕੈਂਪਸ ਵਿਚ ਹੀ ਸੀ ਪਰ ਸਾਡੇ ਮੁਲਾਕਾਤੀਆਂ ਦਾ ਦਾਇਰਾ ਜ਼ਿਆਦਾਤਰ ਆਪਣਾ-ਆਪਣਾ ਸੀ। ਐਮ.ਏ. ਪੜ੍ਹਦਿਆਂ ਜਮਾਤੀ ਮੁੰਡੇ-ਕੁੜੀਆਂ ਨਾਲ ਬਣੇ ਰਿਸ਼ਤਿਆਂ ਵਿਚ ਉਹ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ। ਹੌਲੀ-ਹੌਲੀ ਚਿਰ ਬਾਅਦ ਮੈਨੂੰ ਪਤਾ ਲੱਗਾ ਕਿ ਅਮੋਲਕ ਦੀ ਜ਼ਿੰਦਗੀ ਵਿਚ ਦੋ ਮਾਮਲੇ ਇਕੱਠੇ ਹੀ ਚੱਲ ਰਹੇ ਸਨ; ਇਕ ਅੰਦਰ ਅਤੇ ਇਕ ਬਾਹਰ; ਜਾਂ ਇਉਂ ਕਹਿ ਲਵੋ ਕਿ ਬਾਹਰ ਵਾਲਾ ਮਾਮਲਾ ਅੰਦਰ ਜਾਣ ਦੇ ਵਲਵਲੇ ਨੂੰ ਲੈ ਕੇ ਉਡਿਆ ਫਿਰਦਾ ਸੀ ਅਤੇ ਅੰਦਰ ਵੱਸ ਚੁੱਕ ਮਾਮਲੇ ਲਈ ਬਾਹਰੀ ਪ੍ਰਗਟਾਵੇ ਦੀ ਕੋਈ ਸੂਰਤ ਨਹੀਂ ਸੀ। ‘ਮਾਮਲੇ’ ਤੋਂ ਮੇਰਾ ਭਾਵ ਮਿਰਜ਼ਾ ਗਾਲਿਬ ਦੇ ਸ਼ਿਅਰ ਵਾਲਾ ਹੀ ਹੈ:
ਖੁਲ੍ਹਤਾ ਕਯੋਂ ਕਿਸੀ ਪੇ ਮੇਰੇ ਦਿਲ ਕਾ ਮਆਮਲਾ,
ਸ਼ਿਅਰੋਂ ਕੇ ਇੰਤਖਾਬ ਨੇ ਰੁਸਵਾ ਕੀਆ ਮੁਝੇ।
ਨਿੱਕੀਆਂ ਨਿੱਕੀਆਂ ਗੱਲਾਂ ਸਨ ਜੋ ਅਮੋਲਕ ਨੂੰ ਜਸਪ੍ਰੀਤ ਲਈ ਕਰ ਕੇ ਖੁਸ਼ੀ ਹੁੰਦੀ ਸੀ। ਸਾਡਾ ਦੋਸਤ ਬੇਅੰਤ (ਝੱਲਾ) ਪੈਂਤੀ ਸੈਕਟਰ ਵਿਚ ਗ੍ਰਹਿ ਮੰਤਰਾਲੇ ਵਲੋਂ ਖੋਲ੍ਹੇ ਸੈਂਟਰਲ ਡਿਟੈਕਟਿਵ ਟ੍ਰੇਨਿੰਗ ਸਕੂਲ ਦੇ ਡਾਇਰੈਕਟਰ ਦਾ ਪੀ.ਏ. ਲੱਗਾ ਹੋਇਆ ਸੀ। ਮੈਂ ਅਤੇ ਅਮੋਲਕ ਉਸ ਕੋਲ ਅਕਸਰ ਚਲੇ ਜਾਂਦੇ। ਟਾਇਮ ਮਸ਼ੀਨ ਵਿਚ ਰੰਗੀਨ ਟੇਪ ਚੜ੍ਹਾ ਕੇ ਉਹ ਬੇਅੰਤ ਨੂੰ ਜਸਪ੍ਰੀਤ ਦੇ ਨਾਂ ਵਾਲੀਆਂ ਨਿੱਕੀਆਂ-ਨਿੱਕੀਆਂ ਸਲਿੱਪਾਂ ਅੰਗੇਰਜ਼ੀ ਵਿਚ ਟਾਇਪ ਕਰਨ ਲਈ ਆਖਦਾ। ਟਾਈਪ ਮਸ਼ੀਨ ਦੇ ਟਕ-ਟਕ ਕਰਦੇ ਸਟ੍ਰੋਕ ਜਦੋਂ ਜਸਪ੍ਰੀਤ ਕੌਰ ਬਾਜਵਾ ਲਿਖਦੇ ਤਾਂ ਉਸ ਦੇ ਕੰਨਾਂ ਵਿਚ ਕੋਈ ਸੰਗੀਤ ਘੋਲ ਦਿੰਦੇ। ਉਂਜ ਦੇਖਣ ਨੂੰ ਇਹ ਨਿਰਾ ਨਿਆਣਪੁਣਾ ਲਗਦਾ ਸੀ ਪਰ ਸੱਚੀ ਗੱਲ ਇਹ ਹੈ ਕਿ ਮਾਸ਼ੂਕ ਦੀ ਸੇਵਾ ਵਿਚ ਗੜੁੱਚ ਗੱਭਰੂ ਦੀਆਂ ਹਰਕਤਾਂ ਵਿਚ ਨਿਆਣਿਆਂ ਵਰਗੀ ਮਾਸੂਮੀਅਤ ਆ ਹੀ ਜਾਂਦੀ ਹੈ। ਇਨ੍ਹਾਂ ਸਲਿੱਪਾਂ ਨੂੰ ਪਿਆਰ ਨਾਲ ਜਸਪ੍ਰੀਤ ਕੋਲ ਪੁੱਜਦੀਆਂ ਕਰਨ ਨੂੰ ਤੁਸੀਂ ਕੀ ਕਹੋਗੇ!
ਉਦੋਂ ਤੱਕ ਮੈਂ ਐਮ.ਏ. ਸਮਾਪਤੀ ਉਪਰੰਤ ਅੰਗਰੇਜ਼ੀ ਟ੍ਰਾਂਸਲੇਸ਼ਨ ਦਾ ਡਿਪਲੋਮਾ ਡਾਕਟਰ ਹਰਦੇਵ ਸਿੰਘ ਸੱਚਰ ਦੀ ਨਿਗਰਾਨੀ ਵਿਚ ਕਰ ਚੁੱਕਾ ਸਾਂ। ‘ਪੰਜਾਬੀ ਟ੍ਰਿਬਿਊਨ’ ਵਿਚ ਨੌਕਰੀ ਦੇ ਮੁਢਲੇ ਸਾਲਾਂ ਵਿਚ ਅਮੋਲਕ ਨੇ ਪਰੂਫ ਰੀਡਿੰਗ ਅਤੇ ਟਰਾਂਸਲੇਸ਼ਨ ਦਾ ਕੰਮ ਕੀਤਾ। ਡਾ. ਸੱਚਰ ਸਾਹਿਬ ਤੋਂ ਟਰਾਂਸਲੇਸ਼ਨ ਦੀ ਸਮਝ ਅਤੇ ਸੋਝੀ ਦੇ ਸਬੰਧ ਵਿਚ ਸਿੱਖੇ ਨੁਕਤੇ ਵੀ ਮੈਂ ਅਮੋਲਕ ਨਾਲ ਸਾਂਝੇ ਕਰਦਾ। ਮੈਨੂੰ ਇਹ ਸੋਚ ਕੇ ਕਿਸੇ ਕਲਪਿਤ ਖੁਸ਼ੀ ਦਾ ਅਹਿਸਾਸ ਹੁੰਦਾ ਕਿ ਅਖਬਾਰ ਵਿਚ ਕੰਮ ਕਰਦਿਆਂ ਮੇਰੇ ਨਾਲ ਕਾਪੀ ਫੜ ਕੇ ਸਿੱਖੀਆਂ ਕਈ ਗੱਲਾਂ ਦਾ ਕੋਈ ਫਾਇਦਾ ਉਸ ਨੂੰ ਕਿਸੇ ਵੇਲੇ ਜ਼ਰੂਰ ਯਾਦ ਆਉਂਦਾ ਹੋਵੇਗਾ। ਮੈਂ ਸੁਣਦਾ ਰਹਿੰਦਾ ਸਾਂ ਕਿ ਉਸ ਨੇ ਉਦਮੀ ਮਿਹਨਤ ਨਾਲ ਅਖਬਾਰ ਦੇ ਕੰਮ-ਕਾਜੀ ਡੈਸਕ ਉਤੇ ਆਪਣੀ ਚੰਗੀ ਪੁਜ਼ੀਸ਼ਨ ਬਣਾ ਲਈ ਸੀ।
‘ਪੰਜਾਬੀ ਟ੍ਰਿਬਿਊਨ’ ਦੇ ਸ਼ੁਰੂਆਤੀ ਸਾਲਾਂ ਵਿਚ ਖੱਬੇ ਪੱਖੀ ਸੋਚ ਰੱਖਣ ਵਾਲਿਆਂ ਦਾ ਬੋਲਬਾਲਾ ਸੀ ਪਰ ਅਖਬਾਰ ਦੇ ਟਰੱਸਟ ਦੀਆਂ ਪਾਲਸੀਆਂ ਅਜਿਹੀਆਂ ਸਨ ਕਿ ਉਲਾਰ ਕਾਮਰੇਡਾਂ ਦੀ ਕਾਮਰੇਡੀ ਵੀ ਛਾਂਗੀ ਜਾਂਦੀ ਸੀ। ਇਹਨਾਂ ਵਿਚ ਇਕ ਅਮੋਲਕ ਦਾ ਚਹੇਤਾ ਦੋਸਤ ਨਰਿੰਦਰ ਭੁੱਲਰ ਸੀ। ਅਮੋਲਕ ਮੱਲੋ-ਮੱਲੀ ਆਪਣੀ ਡਿੱਗਦੀ ਸਿਹਤ ਦਾ ਖਿਆਲ ਕਰ ਕੇ ਨਰਿੰਦਰ ਨੂੰ ‘ਪੰਜਾਬ ਟਾਈਮਜ਼’ ਦੇ ਭਵਿੱਖ ਵਜੋਂ ਵੇਖਦਾ ਸੀ ਪਰ ਨਰਿੰਦਰ ਭੁੱਲਰ ਦੀ ਚਾਣਚੱਕ ਮੌਤ ਅਮੋਲਕ ਲਈ ਦੋਸਤ ਦੇ ਖੁੱਸ ਜਾਣ ਦੇ ਸਦਮੇ ਦੇ ਨਾਲ ਉਸ ਦੇ ਹੁਸੀਨ ਸੁਪਨੇ ਦਾ ਕਤਲ ਵੀ ਸੀ।
ਟ੍ਰਿਬਿਊਨ ਦੇ ਦਫਤਰ ਮੈਂ ਬਹੁਤਾ ਕਰ ਕੇ ਕਰਮਜੀਤ ਸਿੰਘ ਨੂੰ ਮਿਲਣ ਜਾਂਦਾ ਸੀ ਜੋ ਮੇਰੇ ਦੋਸਤ ਜਸਮੇਰ ਸਿੰਘ ਦੇ ਵੀ ਬਹੁਤ ਨੇੜੇ ਸੀ। ਅਮੋਲਕ ਨੂੰ ਤਾਂ ਯੂਨੀਵਰਸਿਟੀ ਹੀ ਮਿਲੀਦਾ ਸੀ। ਟ੍ਰਿਬਿਉਨ ਵਿਚ ਉਹ ਕਿਵੇਂ ਵਿਚਰਦਾ ਸੀ; ਇਸ ਬਾਰੇ ਤਾਂ ਉਸ ਦੇ ਪਿਆਰੇ ਜਾਣੂ ਗੁਰਦਿਆਲ ਬੱਲ ਅਤੇ ਕਰਮਜੀਤ ਹੀ ਜਾਣਦੇ ਹੋਣਗੇ। ਵੇਲੇ ਨਾਲ ਜਦੋਂ ਯੂਨੀਵਰਸਿਟੀ ਦੇ ਗਲਿਆਰਿਆਂ ਅਤੇ ਪਗਡੰਡੀਆਂ ਤੋਂ ਦਿਲਾਂ ਨੂੰ ਧੜਕਾਉਣ ਵਾਲੇ ਚਿਹਰੇ ਘਰਾਂ ਨੂੰ ਤੁਰ ਗਏ ਤਾਂ ਸਾਡਾ ਮਿਲਣਾ ਵੀ ਕਦੇ ਕਦਾਈਂ ਅਤੇ ਟਾਵਾਂ-ਟਾਵਾਂ ਹੋ ਗਿਆ ਸੀ।
ਪਹਿਲੀ ਵਾਰ ਮੈਂ 2008 ਵਿਚ ਅਮਰੀਕਾ ਗਿਆ। ਦੋ ਹੀ ਮਕਸਦ ਮਨ ਵਿਚ ਧਾਰ ਕੇ ਮੈਂ ਅਮਰੀਕਾ ਫੇਰੀ ਦਾ ਪ੍ਰੋਗਰਾਮ ਬਣਾਇਆ। ਅਮੋਲਕ ਨੂੰ ਮਿਲਣਾ ਪਹਿਲਾ ਸੀ, ਕਿਉਂਕਿ ਉਸ ਦੀ ਦਗਾ ਦੇ ਰਹੀ ਤਬੀਅਤ ਦੀ ਖਬਰ ਮੈਨੂੰ ਲਗਾਤਾਰ ਮਿਲਦੀ ਰਹਿੰਦੀ ਸੀ। ਇਸ ਖਿਆਲ ਨਾਲ ਮਨ ਉਸ ਨੂੰ ਦੇਖਣ ਅਤੇ ਮਿਲਣ ਲਈ ਇਹ ਸੋਚ ਕੇ ਕਾਹਲਾ ਸੀ ਕਿ ‘ਚੜ੍ਹੇ ਸੂਰਜਾਂ ਨੇ ਸਦਾ ਚੜ੍ਹੇ ਹੀ ਥੋੜ੍ਹੀ ਰਹਿਣਾ ਹੈ!’
ਸੈਕਰਾਮੈਂਟੋ ਤੋਂ ਮੇਰੇ ਵਿਦਿਆਰਥੀ ਰਹੇ ਜਸਵੀਰ ਸਿੰਘ ਥਾਂਦੀ ਨੇ ਮੈਨੂੰ ਅਮੋਲਕ ਦੇ ਸ਼ਹਿਰ ਸ਼ਿਕਾਗੋ ਪੁਚਾਉਣ ਦਾ ਬੰਦੋਬਸਤ ਕਰ ਦਿੱਤਾ ਸੀ। ਪਹੁੰਚ ਕੇ ਦੇਖਿਆ ਤਾਂ ਉਸ ਦੀ ਸਿਹਤ ਕੰਮਕਾਰ ਦੇ ਪੱਖੋਂ ਪੂਰੀ ਕਾਇਮ ਸੀ। ਹਿੰਮਤ ਨਾਲ ਥੋੜ੍ਹਾ ਜ਼ੋਰ ਮਾਰ ਕੇ ਉਠ ਬੈਠ ਅਤੇ ਤੁਰ ਫਿਰ ਵੀ ਲੈਂਦਾ ਸੀ। ਉਸ ਦੀ ਸੰਭਾਲ ਅਤੇ ਸੇਵਾ ਲਈ ਅਮਰੀਕੀ ਸਰਕਾਰ ਨੇ ਇਕ ਤਕੜੇ ਜੁੱਸੇ ਵਾਲਾ ਮੈਡੀਕਲ ਕਾਮਾ ਡਿਊਟੀ ਹਾਜ਼ਰ ਕੀਤਾ ਹੋਇਆ ਸੀ। ਉਹ ਦੋ ਘੰਟੇ ਲਈ ਦਿਨ ਚੜ੍ਹੇ ਆਉਂਦਾ ਸੀ; ਮਾਲਸ਼ ਕਰਦਾ ਅਤੇ ਨਹਾਉਂਦਾ ਧੁਆਉਂਦਾ ਸੀ ਅਤੇ ਅਮੋਲਕ ਨੂੰ ਫੁੱਲਾਂ ਵਰਗਾ ਕਰ ਦਿੰਦਾ ਸੀ। ਹੱਸਦਾ, ਚਹਿਕਦਾ ਤੇ ਟਹਿਕਦਾ ਅਮੋਲਕ ਪੂਰਾ ਦਿਨ ਭਰ ਅਤੇ ਰਾਤ ਤੱਕ ਕੰਮ ਕਰਨ ਦੇ ਜ਼ੋਸ ਨਾਲ ਭਰ ਜਾਂਦਾ ਸੀ।
ਵਿਚ ਵਿਚਾਲੇ ਗੱਲਾਂ ਕਰਨ ਲਈ ਸਾਨੂੰ ਰੱਜ ਕੇ ਟਾਈਮ ਮਿਲ ਜਾਂਦਾ ਸੀ। ਉਪਰਲੀ ਮੰਜ਼ਿਲ ‘ਤੇ ਮੈਨੂੰ ਅਲੱਗ ਕਮਰਾ ਦਿੱਤਾ ਹੋਇਆ ਸੀ ਜਿੱਥੇ ਕਈ ਕਿਤਾਬਾਂ ਵੀ ਇੱਧਰ ਉਧਰ ਪਈਆਂ ਹੋਈਆਂ ਸਨ। ਟਾਲਸਟਾਏ ਦੇ ਜੀਵਨ ਬਾਰੇ ਇੰਦਰ ਸਿੰਘ ਖਾਮੋਸ਼ ਦੀ ਲਿਖੀ ਕਿਤਾਬ ਮੈਂ ਉਥੇ ਹੀ ਪੜ੍ਹੀ। ਦਿਨ ਵਿਚ ਤਿੰਨ ਚਾਰ ਵਾਰ ਜਦੋਂ ਮੇਰੇ ਅੰਦਰੋਂ ਆਵਾਜ਼ ਆਉਂਦੀ ਤਾਂ ਮੈਂ ਅਮੋਲਕ ਨੂੰ ਮਿਲਣ ਲਈ ਥੱਲੇ ਆ ਜਾਂਦਾ ਸਾਂ। ਬਹੁਤ ਵਾਰ ਅਜਿਹਾ ਹੁੰਦਾ ਕਿ ਮੇਰੇ ਪਹੁੰਚਣ ’ਤੇ ਉਹ ਆਪਣੀ ਚੇਅਰ ਵਿਚ ਇਸ ਤਰ੍ਹਾਂ ਬੈਠਾ ਹੁੰਦਾ, ਜਿਵੇਂ ਮੈਨੂੰ ਹੀ ਉਡੀਕ ਰਿਹਾ ਹੋਵੇ। ਪੌੜੀਆਂ ਉਤਰ ਕੇ ਉਸ ਦੇ ਕਮਰੇ ਵਿਚ ਪੈਰ ਰੱਖਦਿਆਂ ਹੀ ਉਹ ਮੁਸਕਰਾ ਕੇ ਮੇਰਾ ਸਵਾਗਤ ਕਰਦਾ ਅਤੇ ਅਕਸਰ ਕਹਿ ਵੀ ਦਿੰਦਾ ਕਿ ਉਹ ਮੈਨੂੰ ਹੀ ਉਡੀਕ ਰਿਹਾ ਸੀ। ਮੇਰੇ ਉਥੇ ਰਹਿੰਦਿਆਂ ਮੇਰੇ ਨਾਲ ਗੱਲਾਂ ਕਰਨ ਦਾ ਉਸ ਨੂੰ ਲਾਲਚ ਜਿਹਾ ਹੋ ਗਿਆ ਸੀ। ਯੂਨੀਵਰਸਿਟੀ ਦੀਆਂ ਯਾਦਾਂ ਨੂੰ ਉਹ ਸਮੇਟ-ਘੋਲ ਕੇ ਪੀ ਜਾਣਾ ਚਾਹੁੰਦਾ ਸੀ। ਉਹ ਕਦੇ ਕਦੇ ਮੇਰੀਆਂ ਅੱਖਾਂ ਵਿਚ ਸਿੱਧਾ ਝਾਕਦਾ ਹੋਇਆ ਗੰਭੀਰ ਚੁੱਪ ਸਾਧ ਲੈਂਦਾ। ਉਹ ਮੇਰੇ ਤੋਂ ਮੇਰੀ ਵਿਥਿਆ ਵੀ ਸੁਣਨਾ ਚਾਹੁੰਦਾ ਸੀ, ਕਿਉਂਕਿ ਸਾਡੀ ਦੋਹਾਂ ਦੀ ਜੀਵਨ ਗਾਥਾ ਦੇ ਤਾਣੇ ਬਾਣੇ ਦੀਆਂ ਕਈ ਤੰਦਾਂ ਸਾਂਝੀਆਂ ਸਨ।
ਉਸ ਨਾਲ ਕਰਨ ਵਾਲੀ ਇਕ ਗੱਲ ਇਸ ਕਦਰ ਮੇਰੇ ਅੰਦਰ ਅਟਕੀ ਹੋਈ ਸੀ ਜਿਸ ਨੂੰ ਜ਼ਬਾਨ ਤੇ ਲਿਆਉਣ ਸਾਰ ਮੇਰੇ ਸਾਹ-ਸੱਤ ਜਵਾਬ ਦੇਣ ਲੱਗਦੇ। ਅਜਿਹੀ ਮਾਨਸਿਕ ਹਾਲਤ ਵਿਚ ਅਮੋਲਕ ਨਾਲ ਕਰੀਦੀਆਂ ਹੋਰ ਗੱਲਾਂ ਵੀ ਕਈ ਵਾਰ ਫਿਕੀਆਂ ਤੇ ਰਸਮੀ ਬਣ ਜਾਂਦੀਆਂ ਸਨ। ਮੇਰੇ ਮਾਨਸਿਕ ਲਗਾਮ ਦੀ ਠੱਲ੍ਹੀ ਹੋਈ ਇਹ ਗੱਲ ਹੀ ਦਰਅਸਲ ਅਮਰੀਕਾ ਦੀ ਯਾਤਰਾ ਕਰਨ ਦਾ ਦੂਜਾ ਮਕਸਦ ਸੀ।
ਅਮੋਲਕ ਕੋਲ ਮੇਰਾ ਪੰਜ ਦਿਨ ਰੁਕਣ ਦਾ ਪ੍ਰੋਗਰਾਮ ਸੀ। ਚੌਥਾ ਦਿਨ ਚੜ੍ਹ ਗਿਆ ਸੀ ਅਤੇ ਗੱਲ ਕਰਨ ਦੀ ਬੇਚੈਨੀ ਅੰਦਰੋਂ ਅੰਦਰ ਕੁਤਰ ਰਹੀ ਸੀ। ਉਸ ਦਿਨ ਦੀ ਸ਼ਾਮ ਅਮੋਲਕ ਬਿਲਕੁਲ ਵਿਹਲਾ ਸੀ। ਉਸ ਦੇ ਅਖਬਾਰ ‘ਪੰਜਾਬ ਟਾਈਮਜ਼’ ਦਾ ਮੈਟਰ ਛਪਣ ਲਈ ਜਾ ਚੁੱਕਾ ਸੀ। ਉਸ ਦਿਨ ਉਸ ਨੇ ਮੈਨੂੰ ਸਿੱਧਾ ਹੀ ਪੁੱਛ ਲਿਆ ਕਿ ‘ਉਹ’ ਨ੍ਹੀਂ ਕਦੇ ਮਿਲੀ? ਇਹ ਸਤਰ ਲਿਖਦਿਆਂ ਹੁਣ ਵੀ ਮੇਰਾ ਲੰਮਾ ਸਾਹ ਨਿਕਲਿਆ ਹੈ। ਅਮੋਲਕ ਦੇ ਚਿਹਰੇ ਤੋਂ ਮੇਰੀਆਂ ਅੱਖਾਂ ਨਿਗ੍ਹਾ ਚੁਰਾ ਕੇ ਕਮਰੇ ਦੀ ਕੰਧ ਉਤੇ ਟਿਕ ਗਈਆਂ ਸਨ। ਮੇਰੀ ਪਰੇਸ਼ਾਨੀ ਨੂੰ ਤਾੜਦਿਆਂ ਉਸ ਨੇ ਆਪ ਹੀ ਫੇਰ ਸਵਾਲੀਆ ਲਹਿਜੇ ਵਿਚ ਕਿਹਾ: ‘ਮਿਲਾ ਦੇਈਏ ਫੇਰ’? ਮੈਂ ਉਸ ਵੱਲ ਬੇਵਸੀ ਭਰੀ ਚੁੱਪ ਨਾਲ ਦੇਖ ਰਿਹਾ ਸੀ। ਤੇ ਜਿਵੇਂ ਉਸ ਨੇ ਮੇਰੀਆਂ ਅੱਖਾਂ ਵਿਚਲੀ ਆਰਜ਼ੂ ਅਤੇ ਅਰਜ਼ੋਈ ਨੂੰ ਪੜ੍ਹ ਲਿਆ ਸੀ। ਚੁਪੀਤੇ ਮੈਨੂੰ ‘ਉਸ ਦਾ’ ਨੰਬਰ ਕਾਗਜ਼ ਉਪਰ ਲਿਖ ਕੇ ਫੜਾ ਦਿੱਤਾ, ‘ਸੱਤ ਕੁ ਵਜੇ ਕਾਲ ਕਰੀਂ’। ਹੌਲੀ ਜਿਹੀ ਨਾਲ ਲਗਦੀ ਇਹ ਗੱਲ ਮੇਰੇ ਕੰਨੀਂ ਪਾ ਦਿੱਤੀ। ਅੱਗੇ ਮੈਂ ਕੁਝ ਨਾ ਪੁਛਿਆ; ਕੁਝ ਨਾ ਬੋਲਿਆ। ਸ਼ਾਮ ਦਾ ਹਨੇਰਾ ਪਸਰਨ ਦੇ ਨਾਲ ਹੀ ਘੜੀ ਦੀਆਂ ਸੂਈਆਂ ਦੀ ਟਕ-ਟਕ ਅਤੇ ਮੇਰੇ ਅੰਦਰਲੀ ਧਕ-ਧਕ ਇੱਕਠੀਆਂ ਸੱਤ ਵਜੇ ਵੱਲ ਨੂੰ ਕਦਮ ਪੁੱਟ ਰਹੀਆਂ ਸਨ। ਪੂਰੇ ਤੀਹ ਸਾਲ ਹਮਕਲਾਮ ਨਾ ਹੋ ਸਕਣ ਦੀ ਬੇਵਸੀ ਦਾ ਬੰਨ੍ਹ ਧੁਰ ਕੰਢਿਆ ਤੱਕ ਭਰਿਆ ਹੋਇਆ ਸੀ। ਮਨ ਦਾ ਧੁੜਕੂ ਅਤੇ ਗੱਲ ਕਰਨ ਦੀ ਤਮੰਨਾ ਦੇ ਇਕ ਦੂਜੇ ਤੋਂ ਮੂਹਰੇ ਹੋਣ ਲਈ ਮੋਢੇ ਭਿੜ ਰਹੇ ਸਨ। ਧੁੜਕੂ ਇਹ ਕਿ ਉਸ ਦੇ ਬੋਲਣ ਤੇ ਮੈਂ ਕੀ ਗੱਲ ਅਤੇ ਕਿਵੇਂ ਕਰਾਂਗਾ।
ਧੜਕਦੇ ਦਿਲ ਨਾਲ ਸੱਤ ਵਜੇ ਨੰਬਰ ਡਾਇਲ ਕਰ ਦਿੱਤਾ। ਓਪਰਾ ਨੰਬਰ ਦੇਖਦਿਆਂ ਉਸ ਨੇ ਧੀਮੀ ਆਵਾਜ਼ ਵਿਚ ਬੇਹੱਦ ਸੰਖੇਪ ‘ਹੈਲੋ’ ਕਿਹਾ। ਆਪਣੀ ਪਛਾਣ ਦੱਸਦਿਆਂ ਹੀ ਜਿਸ ਭਰੋਸੇ ਨਾਲ ਉਸ ਦਾ ਹੁੰਗਾਰਾ ਸੁਣਿਆ; ਉਸ ਦੀ ਅਪਣੱਤ ਭਰੀ ਗੱਲਬਾਤ ਨੇ ਦਹਾਕਿਆਂ ਦੀ ਦੂਰੀ ਨੂੰ ਘੜੀ ਪਲਾਂ ਵਿਚ ਹਵਾ ਕਰ ਦਿੱਤਾ। ਬੀਤੇ ਦੀਆਂ ਯਾਦਾਂ ਮੇਰੀ ਰਹਿੰਦੀ ਅਉਧ ਦੇ ਪਲ-ਪਲ ਵਿਚ ਕਦੇ ਨਾ ਮੁਕਣ ਵਾਲੀ ਮਹਿਕਦੀ ਸੁਗੰਧ ਬਣ ਕੇ ਫੈਲ ਗਈਆਂ ਸਨ।
ਹਾਂਲਾਕਿ ਮੈਂ ਅਮੋਲਕ ਨੂੰ ਕਦੇ ਇਹ ਸਵਾਲ ਨਹੀਂ ਕੀਤਾ ਪਰ ਮੈਂ ਕਹਿ ਸਕਦਾ ਹਾਂ ਕਿ ਅਮਰੀਕਾ ਜਾਣ ਅਤੇ ਉਥੇ ਜਾ ਕੇ ਵਸ ਜਾਣ ਬਾਰੇ ਉਸ ਨੇ ਕਦੀ ਸੋਚਿਆ ਵੀ ਨਹੀ ਸੀ ਪਰ ਜ਼ਿੰਦਗੀ ਦੇ ਹਾਲਾਤ ਤਾਂ ਕੁਝ ਮੁਮਕਿਨ ਬਣਾ ਸਕਦੇ ਹਨ। ਉਸ ਦੇ ਅਮਰੀਕਾ ਜਾਣਾ ਬਾਅਦ ਮਿਲਣ-ਗਿਲਣ ਤੋਂ ਇਲਾਵਾ ਗਲਬਾਤ ਦਾ ਸਿਲਸਿਲਾ ਵੀ ਟੁੱਟ ਗਿਆ ਸੀ। ਅਸੀਂ ਦੋਵੇਂ ਆਪਣੀ ਦੁਨੀਆ ਵਿਚ ਇਸ ਕਦਰ ਮਸਰੂਫ ਹੋ ਗਏ ਸੀ ਕਿ ਉਸ ਦੀ ਖਬਰਸਾਰ ਮੈਨੂੰ ਉਸ ਦੇ ਟ੍ਰਿਬਿਊਨ ਵਿਚ ਰਹਿ ਚੁਕੇ ਸਾਥੀਆਂ ਤੋਂ ਹੀ ਮਿਲਦੀ ਸੀ। ਹੁਣ ਇਹ ਸਿਲਸਿਲਾ ਵੀ ਟੁੱਟ ਗਿਆ ਹੈ।