ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਸਿੱਖ ਰਾਜ’ ਦਾ ਪ੍ਰਬੰਧਕੀ ਢਾਂਚਾ-2

ਸੰਤੋਖ ਸਿੰਘ ਮੰਡੇਰ ਸਰੀ, ਕੈਨੇਡਾ ਵਸਦਾ ਇਕ ਬਹੁਰੰਗੀ ਤੇ ਬਹੁਪੱਖੀ ਪੰਜਾਬੀ ਦਾ ਲੇਖਕ ਹੈ, ਜੋ ਆਪਣੀ ਨਿਵੇਕਲੀ ਸ਼ੈਲੀ ਵਿਚ ਖੇਡਾਂ-ਖਿਡਾਰੀਆਂ, ਸਫਰਨਾਮੇ ਤੇ ਇਤਿਹਾਸ ਦੇ ਜੀਵਨ ਦੀਆਂ ਪਰਤਾਂ ਫਰੋਲਦਿਆਂ ਅਸਲ ਦੀ ਤਲਾਸ਼ ਵਿਚ ਰਹਿੰਦਾ ਹੈ। ਖੇਡਾਂ-ਖਿਡਾਰੀਆਂ ਅੰਦਰ ਵਿਚਰਦਿਆਂ ਅਤੇ ਦੁਨੀਆਂ ਭਰ ਅੰਦਰ ਵੱਖੋ ਵੱਖ ਤਰ੍ਹਾਂ ਦੇ ਸਮਾਗਮਾਂ ਵਿਚ ਘੁੰਮਣ ਤੋਂ ਇਲਾਵਾ ਪਿਛਲੇ 30 ਸਾਲ ਤੋਂ ਉਹ ਸਿੱਖ ਰਾਜ ਦੀ ਰਾਜਧਾਨੀ ‘ਲਾਹੌਰ’ ਜਾ/ਆ ਰਿਹਾ ਹੈ। ਲਾਹੌਰ ਮੁਗਲਾਂ, ਸਿੱਖਾਂ ਤੇ ਅੰਗਰੇਜ਼ਾਂ ਦਾ ਸ਼ਾਹੀ ਦਰਬਾਰ ਰਿਹਾ। ਲਾਹੌਰ ਦੇ ਸ਼ਾਹੀ ਕਿਲੇ ਅਤੇ ਅੰਦਰੂਨ ਲਾਹੌਰ ਦੇ ਭਾਟੀ ਦਰਵਾਜੇ ਤੋਂ ਲੈ ਕੇ ਲਾਹੌਰ ਦੇ ਸ਼ਾਲਾਮਾਰ ਬਾਗ ਤੱਕ ਸ਼ਾਹੀ ਸਿੱਖ ਰਾਜ ਦਾ ਇਤਿਹਾਸ ਦੱਬਿਆ ਪਿਆ ਹੈ।

ਇਸ ਲੇਖ ਵਿਚ ਲੇਖਕ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਦੇਸ ਪੰਜਾਬ’ ਵਿਚ ਸਿੱਖ ਰਾਜ ਦੇ ਢਾਂਚੇ ਬਾਰੇ ਨਿਵੇਕਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਪੇਸ਼ ਹੈ, ਲੇਖ ਦੀ ਦੂਜੀ ਤੇ ਆਖਰੀ ਕਿਸ਼ਤ। -ਸੰਪਾਦਕ

ਸੰਤੋਖ ਸਿੰਘ ਮੰਡੇਰ, ਕੈਨੇਡਾ
ਵੱ੍ਹਟਸਐਪ: 1-604-505-7000

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਹਾਰਾਜਾ ਰਣਜੀਤ ਸਿੰਘ ਵਿਦੇਸ਼ੀ ਵਪਾਰੀਆਂ ਨੂੰ ਦੇਸ ਪੰਜਾਬ ਵਿਚ ਵਪਾਰ ਕਰਨ ਲਈ ਉਚੇਚਾ ਉਤਸ਼ਾਹਿਤ ਕਰਦਾ ਸੀ ਅਤੇ ਉਨ੍ਹਾਂ ਦਾ ਸ਼ਾਹੀ ਮਹਿਮਾਨਾਂ ਵਾਂਗ ਸੁਆਗਤ ਵੀ ਕਰਦਾ ਸੀ। ਖਾਲਸਾ ਰਾਜ ਵਿਚ ਇਲਾਕੇ ਦੇ ਚੌਧਰੀਆਂ, ਪੰਚਾਂ ਤੇ ਮੁਖੀਆਂ ਦੀ ਰਾਏ ਨਾਲ ਸਰਕਾਰੀ ਮਾਲੀਆ ਨਿਯਤ ਕੀਤਾ ਜਾਂਦਾ ਸੀ। ਖਾਲਸਾ ਰਾਜ ਦੇ ਹਜਾਰਾਂ ਪਿੰਡਾਂ ਦੇ ਨਾਮ ਮਹਾਰਾਜੇ ਦੇ ਜੁਬਾਨੀ ਯਾਦ ਸਨ ਅਤੇ ਪਿੰਡਾਂ ਦੇ ਮੁਖੀਆਂ ਤੇ ਉਥੇ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਨਿਜੀ ਤੌਰ `ਤੇ ਜਾਣਦਾ ਸੀ। ਅੱਜ ਦੀਆਂ ਸਰਕਾਰਾਂ ਵਾਂਗ ਕੋਈ ਕਾਲੇ ਕਾਨੂੰਨ ਥੋਪੇ ਨਹੀਂ ਸਨ ਜਾਂਦੇ।
ਜੱਟ ਜਿ਼ਮੀਂਦਾਰਾਂ ਦੇ ਬਲਦ, ਹਲ, ਪੰਜਾਲੀ ਜਾਂ ਜਮੀਨ ਆਦਿ ਲੈਣਦਾਰ ਆਪਣੇ ਲੈਣ ਵਿਚ ਕੁਰਕ ਨਹੀਂ ਸੀ ਕਰ ਸਕਦਾ। ਕਿਸਾਨਾਂ ਵੱਲ ਸਿੱਖ ਦਰਬਾਰ ਦੇ ਹਾਕਮਾਂ ਦੇ ਰਵੱਈਏ ਬਾਰੇ ਇਕ ਅੰਗਰੇਜ਼ ‘ਮੈਲਕਮ’ ਲਿਖਦਾ ਹੈ, “ਸ਼ਾਇਦ ਹੀ ਕਿਸੇ ਹੋਰ ਮੁਲਕ ਵਿਚ ਵੀ ਕਿਸਾਨਾਂ ਨਾਲ ਏਨੀ ਹਮਦਰਦੀ ਵਾਲਾ ਵਰਤਾਉ ਨਹੀਂ ਕੀਤਾ ਜਾਂਦਾ, ਜਿੰਨਾ ਲਾਹੌਰ ਦੇ ਸਿੱਖ ਹਾਕਮਾਂ ਦੇ ਪੰਜਾਬ ਰਾਜ ਵਿਚ ਕੀਤਾ ਜਾਂਦਾ।”
ਪੰਜਾਬ ਰਾਜ ਵਿਚ ਪਰਜਾ ਦੀ ਸਭ ਤੋਂ ਜਰੂਰੀ ਖੁਰਾਕ ਕਣਕ ਦਾ ਮੁੱਲ 14 ਆਨੇ ਮਣ ਸੀ। ਖਾਲਸਾ ਸਰਕਾਰ ਇਕ ਹੱਥ ਨਾਲ ਲੈਂਦੀ ਸੀ ਤੇ ਦੂਜੇ ਹੱਥ ਨਾਲ ਦੇ ਵੀ ਦਿੰਦੀ ਸੀ। ਮੁਸੀਬਤ ਤੇ ਦੁੱਖ ਦੇ ਸਮੇਂ ਮਾਮਲਾ ਮਾਫ ਕੀਤਾ ਜਾਂਦਾ ਤੇ ਟੈਕਸਾਂ ਦੀ ਵਾਧੂ ਉਗਰਾਹੀ ਵੀ ਵਾਪਿਸ ਕੀਤੀ ਜਾਂਦੀ ਸੀ। ਦੇਸ਼ ਵਿਚ ਬਰਸਾਤ ਨਾ ਹੋਣ ਤੇ ਜਾਂ ਕਾਲ ਪੈਣ ਸਮੇਂ ਲੋਕਾਂ ਦੀ ਸਹੂਲਤ ਲਈ ਫਸਲਾਂ ਦੇ ਬੀਜ ਬੀਜਣ ਲਈ ਮੁਫਤ ਦਿਤੇ ਜਾਂਦੇ ਸਨ। ਕਿਸਾਨਾਂ ਨੂੰ ਕਰਜੇ ਵੀ ਦਿਤੇ ਜਾਂਦੇ, ਵਪਾਰਕ ਅਦਾਰਿਆਂ ਤੇ ਕਾਰਖਾਨਿਆਂ ਦੀ ਵੀ ਪੂਰੀ ਮਦਦ ਕੀਤੀ ਜਾਂਦੀ। ਲਾਹੌਰ ਦੀ ਖਾਲਸਾ ਸਰਕਾਰ ਸਮੇਂ ਅਜਿਹੇ ਤਰੀਕਿਆਂ ਨਾਲ ਜਨਤਾ ਦਾ ਭਲਾ ਮੁੱਖ ਰਖਿਆ ਜਾਂਦਾ ਸੀ।
ਸੰਨ 1833 ਵਿਚ ਕਸ਼ਮੀਰ ਸੂਬੇ ਵਿਚ ਕਾਲ ਪੈ ਗਿਆ, ਪਰ ਜਮਾਂਦਾਰ ਖੁਸ਼ਹਾਲ ਸਿੰਘ ਫਿਰ ਵੀ ਉਥੋਂ ਬਹੁਤ ਸਾਰਾ ਕਰ ਦਾ ਪੈਸਾ ਇਕਠਾ ਕਰਕੇ ਲੈ ਆਇਆ ਤਾਂ ਮਹਾਰਾਜੇ ਨੂੰ ਬਹੁਤ ਦੁੱਖ ਲੱਗਾ ਤੇ ਉਸ ਨਾਲ ਨਾਰਾਜ਼ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰਾਂ ਖੱਚਰਾਂ ਉਤੇ ਕਣਕ ਲੱਦ ਕੇ ਕਸ਼ਮੀਰ ਭੇਜੀ ਅਤੇ ਮੰਦਰਾਂ ਤੇ ਮਸਜਿਦਾਂ ਤੋਂ ਇਸ ਨੂੰ ਪਰਜਾ ਵਿਚ ਵੰਡਣ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਿਨਾ ਸਰਕਾਰ ਵਲੋਂ ਚਾਰ ਸਿਪਾਹੀਆਂ ਦੀਆਂ ਪਲਟਨਾਂ ਨੂੰ ਵੀ ਇਸ ਕੰਮ ਵਾਸਤੇ ਲਾਇਆ ਗਿਆ ਕਿ ਕਸ਼ਮੀਰ ਦੇ ਲੋਕਾਂ ਨੂੰ ਮੈਦਾਨੀ ਇਲਾਕੇ ਵਿਚ ਇਕੱਠਾ ਕਰਕੇ ਆਟਾ, ਕੰਬਲ ਤੇ ਪੈਸੇ ਠੀਕ ਢੰਗ ਨਾਲ ਵੰਡੇ ਜਾਣ।
ਇਕ ਹੋਰ ਸਮੇਂ ਮਹਾਰਾਜੇ ਦਾ ਕੈਂਪ ਰੋਹਤਾਸ ਕਿਲੇ ਵਿਚ ਬਹੁਤ ਦੇਰ ਰਿਹਾ ਤਾਂ ਉਸ ਨੇ ਲੋਕਾਂ ਤੋਂ ਮਾਮਲਾ ਤੇ ਮਾਲੀਆ ਲੈਣਾ ਮਾਫ ਕਰ ਦਿਤਾ। ਖਾਲਸਾ ਫੌਜ ਦੇ ਇਟਾਲੀਅਨ ਜਰਨਲ ਅਵਾਤਬੀਲ ਵੈਨਤੁਰਾ ਨੇ ਪਿਸ਼ਾਵਰ ਦੇ ਖੱਤਰੀਆਂ ਵਲੋਂ ਸਰਕਾਰੀ ਮਾਲੀਆ ਨਾ ਦੇਣ ਕਰਕੇ ਉਨ੍ਹਾਂ ਦੇ ਘਰ ਢਾਹ ਦਿਤੇ ਤੇ ਉਨ੍ਹਾਂ ਤੋਂ ਜਬਰੀ 200 ਰੁਪਏ ਜੁਰਮਾਨਾ ਵੀ ਵਸੂਲ ਕੀਤਾ। ਮਹਾਰਾਜਾ ਸਾਹਿਬ ਨੂੰ ਪਤਾ ਲੱਗਣ ਉਪਰੰਤ ਉਨ੍ਹਾਂ ਉਸੇ ਵਕਤ ਜਰਨਲ ਵੈਨਤੁਰਾ ਨੂੰ ਪਿਸ਼ਾਵਰ ਪੁੱਜਣ ਲਈ ਹੁਕਮ ਦਿਤਾ ਤੇ ਜੁਰਮਾਨਾ ਵਾਪਿਸ ਕਰਨ ਦੇ ਨਾਲ ਸਾਰੇ ਢੱਠੇ ਘਰ ਸਰਕਾਰੀ ਖਰਚੇ ਉਪਰ ਨਵੇਂ ਬਣਾਉਣ ਦੀ ਤਾਕੀਦ ਵੀ ਕੀਤੀ।
ਦੇਸ ਪੰਜਾਬ ਦੇ ਰਾਜ ਪ੍ਰਬੰਧਾਂ ਵਿਚ ਮਹਾਰਾਜਾ ਵਲੋਂ ਕਿਸਾਨਾਂ, ਕਾਰਖਾਨਿਆਂ, ਖੇਤੀਬਾੜੀ ਤੇ ਵਪਾਰ ਨੂੰ ਠੋਸ ਆਰਥਿਕ ਮਦਦ ਤੇ ਸ਼ਾਹੀ ਹੌਸਲਾ ਦਿਤਾ ਜਾਂਦਾ ਸੀ। ਮੁਲਕ ਵਿਚ ਖੇਤੀਬਾੜੀ ਨੂੰ ਪ੍ਰਫੁਲਤ ਕਰਨ ਲਈ ਨਹਿਰਾਂ ਕੱਢੀਆਂ ਗਈਆਂ, ਖੂਹ ਲਾਏ ਗਏ ਤੇ ਪਾਣੀ ਦੀਆਂ ਝਲਾਰਾਂ ਦਾ ਪ੍ਰਬੰਧ ਕੀਤਾ ਗਿਆ। ਗਾਵਾਂ, ਮੱਝਾਂ ਤੇ ਬੈਲਾਂ ਦੀਆਂ ਚੰਗੀਆਂ ਨਸਲਾਂ ਲਈ ਚੰਗੀ ਨਸਲ ਦੇ ਸਰਕਾਰੀ ਸਾਂਢ ਵੱਖ ਵੱਖ ਥਾਣਿਆਂ ਵਿਚ ਰੱਖੇ ਗਏ। ਮਾਮਲਾ ਵੀ ਫਸਲਾਂ ਦੀ ਹਾਲਾਤ ਅਨੁਸਾਰ ਲਿਆ ਜਾਂਦਾ ਸੀ। ਜਦੋਂ ਫਸਲ ਚੰਗੀ ਨਹੀਂ ਹੁੰਦੀ ਸੀ ਤਾਂ ਮਾਮਲਾ ਮਾਫ ਕਰ ਦਿਤਾ ਜਾਂਦਾ ਸੀ। ਪਸ਼ੂਆਂ ਲਈ ਹਰਾ ਚਾਰਾ ਉਗਾਉਣ ਉਪਰ ਕੋਈ ਪੈਸਾ ਜਾਂ ਕਰ ਨਹੀਂ ਲਿਆ ਜਾਂਦਾ ਸੀ। ਮਹਾਰਾਜਾ ਭਾਵੇਂ ਅਨਪੜ੍ਹ ਸੀ, ਪਰ ਉਸ ਦਾ ਦਿਮਾਗ ਬਹੁਤ ਤੇਜ ਸੀ ਅਤੇ ਉਸ ਨੇ ਕੋਮਲ ਹੁਨਰ ਤੇ ਦਸਤਕਾਰੀ ਦੇ ਕੰਮਾਂ ਦੀ ਉਨਤੀ ਵਿਚ ਵੀ ਬੜੀ ਦਿਲਚਸਪੀ ਲਈ ਸੀ। ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜੇ ਨੇ ਆਪਣੇ ਦਰਬਾਰੀਆਂ ਤੇ ਮਹਿਮਾਨਾਂ ਨੂੰ ਰੇਸ਼ਮੀ ਸਾਮਾਨ ਦੇ ਤੋਹਫੇ ਦੇਣੇ ਸ਼ੁਰੂ ਕੀਤੇ। ਹੌਲੀ ਹੌਲੀ ਅਮੀਰ ਲੋਕਾਂ ਵਿਚ ਮੁਲਤਾਨ ਦੀ ਸਿਲਕ ਦੇ ਕਮਰਬੰਦ, ਕਸ਼ਮੀਰੀ ਪਸ਼ਮੀਨੇ ਦੇ ਸ਼ਾਹੀ ਸ਼ਾਲ ਤੇ ਪਟਕੇ ਆਦਿ ਪਹਿਨਣ ਦਾ ਵੱਖਰਾ ਰਿਵਾਜ ਸੁਰੂ ਹੋ ਗਿਆ। ‘ਪਸ਼ਮੀਨਾ’ ਜੋ ਇਕ ਬਹੁਤ ਕੀਮਤੀ, ਸੁੰਦਰ, ਹੌਲਾ ਫੁੱਲ ਵਰਗਾ ਤੇ ਸ਼ਾਹੀ ਦਿੱਖ ਵਾਲਾ ਕਸ਼ਮੀਰੀ ਉਨੀ ਕੱਪੜਾ ਹੈ, ਲਾਹੌਰ ਦਰਬਾਰ ਦੇ ਦਰਬਾਰੀਆਂ, ਫਰੰਗੀਆਂ, ਵਜੀਰਾਂ ਤੇ ‘ਨੋਬਲ ਲੋਕਾਂ’ ਵਿਚ ਬਹੁਤ ਪ੍ਰਚੱਲਤ ਸੀ। ‘ਨੋਬਲ ਲੋਕ’ ਪਰਜਾ ਵਿਚ ਉਨ੍ਹਾਂ ਨੂੰ ਕਿਹਾ ਜਾਦਾਂ ਸੀ, ਜੋ ਬਹੁਤ ਠਾਠ ਬਾਠ ਨਾਲ ਰਹਿੰਦੇ ਸਨ, ਜਿਸ ਵਿਚ ਆਮ ਤੌਰ `ਤੇ ਸਿੱਖ ਘਰਾਣਿਆਂ ਦੇ ਮਰਦ ਔਰਤਾਂ ਦੀ ਬਹੁਤਾਤ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਸਰਦੀ ਦੇ ਮੌਸਮ ਵਿਚ ਆਮ ਤੌਰ `ਤੇ ਕਸ਼ਮੀਰੀ ਉਨ ਦੇ ਪੀਲੇ ਕੱਪੜੇ ਅਤੇ ਗਰਮੀ ਦੀ ਰੁੱਤ ਵਿਚ ਪੀਲੇ ਰੰਗ ਦੇ ਰੇਸ਼ਮੀ-ਸਿਲਕੀ ਵਸਤਰ ਪਹਿਨਦੇ ਸਨ। ਸ਼ਾਹੀ ਦਰਬਾਰ ਵਿਚ ਹਾਜਰ ਹੋਣ ਵਾਲੇ ਸਰਦਾਰ ਹਜਾਰਾਂ ਰੁਪਏ ਦੇ ਬਹੁਤ ਕੀਮਤੀ ਸੋਨੇ ਦੇ ਗਹਿਣੇ, ਹੀਰੇ ਤੇ ਜਵਾਹਰਾਤ ਪਹਿਨ ਕੇ ਆਉਂਦੇ ਸਨ। ਸਰ ਹੈਨਰੀ ਫੇਨ ਦੇ ਸ਼ਬਦਾਂ ਅਨੁਸਾਰ “ਰਾਜਾ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਧੌਣ ਤੋਂ ਲੈ ਕੇ ਪੈਰਾਂ ਤਕ ਸੋਨੇ, ਚਾਂਦੀ ਤੇ ਹੀਰਿਆਂ ਵਿਚ ਜੜਿਆ ਇਕ ਵਿਅਕਤੀ ਸੀ, ਜਿਸ ਦੀਆਂ ਬਾਹਾਂ, ਗਰਦਨ ਤੇ ਲੱਤਾਂ ਉਪਰ ਅਣਗਿਣਤ ਅਣਮੁੱਲੇ ਹੀਰੇ-ਜਵਾਹਰਾਤ ਲੱਦੇ ਹੰੁਦੇ ਸਨ ਅਤੇ ਉਨ੍ਹਾਂ ਕੀਮਤੀ ਗਹਿਣਿਆਂ ਥੱਲੇ ਉਸ ਦਾ ਸਰੀਰ ਤਕ ਨਜ਼ਰ ਨਹੀਂ ਸੀ ਆਉਦਾ।”
ਮਹਾਰਾਜਾ ਆਪ ਬਹੁਤ ਹੀ ਸਾਦਾ ਲਿਬਾਸ ਪਹਿਨਦਾ ਸੀ, ਜੋ ਸਭ ਨਾਲੋਂ ਵੱਖਰਾ ਹੁੰਦਾ ਸੀ, ਪਰ ਆਪਣੇ ਦਰਬਾਰੀਆਂ ਨੂੰ ਉਚੇਚਾ ਸੁੰਦਰ ਸ਼ਾਹੀ ਪੌਸ਼ਾਕਾਂ ਅਤੇ ਕੀਮਤੀ ਗਹਿਣੇ ਪਹਿਨਣ ਲਈ ਹਮੇਸ਼ਾ ਹੀ ਉਤਸ਼ਾਹਿਤ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਦਰਬਾਰ ਦੀ ਸ਼ਾਨੋ ਸ਼ੌਕਤ ਯੂਰਪ ਦੇ ਫਾਰੰਗਿਆਂ ਦੇ ਸ਼ਾਹੀ ਮਹਿਲਾਂ ਦੇ ਬਰਾਬਰ ਦੀ ਹੁੰਦੀ ਸੀ। ਇਕ ਅੰਗਰੇਜ਼ ਲਿਖਾਰੀ ਜੀ. ਔਸਬਰਨ, ਜੋ ਸੰਨ 1838 ਵਿਚ ਮਹਾਰਾਜ ਦੇ ਦਰਬਾਰ ਵਿਚ ਗਿਆ ਸੀ, ਦੀ ਲਿਖਤ ਅਨੁਸਾਰ “ਮੇਰਾ ਨਿਸ਼ਚਾ ਹੈ ਕਿ ਯੂਰਪੀ ਜਾਂ ਪੂਰਬੀ ਦੇਸ਼ਾਂ ਵਿਚ ਸ਼ਾਇਦ ਹੀ ਕੋਈ ਅਜਿਹਾ ਦਰਬਾਰ ਹੋਵੇ, ਜਿਸ ਵਿਚ ਇੰਨੇ ਸੁੰਦਰ ਤੇ ਪ੍ਰਭਾਵਸ਼ਾਲੀ ਦਰਬਾਰੀ ਹੋਣ, ਜਿੰਨੇ ਮਹਾਰਾਜਾ ਦੇ ਲਾਹੌਰ ਦਰਬਾਰ ਵਿਚ ਇਹ ਮੁਖੀ ਸਿੱਖ ਸਰਦਾਰ ਸਨ।”
ਖਾਲਸਾ ਰਾਜ ਵਿਚ ਖਾਸ ਤੌਰ `ਤੇ ਸਿਰਫ ਸਿੱਖ ‘ਨੋਬਲ ਲੋਕਾਂ’ ਵਲੋਂ ਹੀ ‘ਪਸ਼ਮੀਨਾ’ ਬਹੁਤ ਖਾਸ ਸਮਾਗਮਾਂ ਤੇ ਸਿੱਖ ਸਰਦਾਰ, ਜਾਗੀਰਦਾਰ, ਸ਼ਾਹੀ ਘਰਾਣੇ ਦੇ ‘ਕੰਵਰ’ ਤੇ ‘ਸ਼ਾਹੀ ਦਿਖ ਲਈ ਪਹਿਨਿਆ ਜਾਂਦਾ ਸੀ, ਜਿਸ ਵਿਚ ਜਿ਼ਆਦਾਤਰ ਟਿੱਕਾ ਸ਼ਾਮਲ ਸਨ। ਅੰਦਰੂਨ ਲਾਹੌਰ ਦੇ ਭਾਟੀ ਦਰਵਾਜੇ ਅੰਦਰ ਸਥਿਤ ਫਕੀਰ ਭਰਾਵਾਂ ਦੇ ਜੱਦੀ ਪੁਸ਼ਤੀ ਹਵੇਲੀ ‘ਫਕੀਰਖਾਨਾ’ ਵਿਖੇ ਲਾਹੌਰ ਸਿੱਖ ਦਰਬਾਰ ਨਾਲ ਸਬੰਧਤ ਬਹੁਤ ਕੀਮਤੀ ਤੇ ਅਨਮੋਲ ਵਸਤਾਂ ਦਾ ਖਜਾਨਾ ਸਾਂਭਿਆ ਪਿਆ ਹੈ।
ਲਾਹੌਰ ਤੇ ਅੰਮ੍ਰਿਤਸਰ ਦੇ ਵਪਾਰੀ ਅਦਾਰਿਆਂ ਵਿਚ ਵੀ ਮੁਲਤਾਨ ਦੇ ਹੁਨਰ ਦੀ ਚਰਚਾ ਸੀ ਅਤੇ ਉਸ ਦੇ ਸਾਫ ਸੁਥਰੇ ਕੰਮ ਦੀ ਹੋਰ ਕੰਮਾਂ ਵਿਚ ਵੀ ਮਦਦ ਲਈ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਅਫਸਰ, ਜਿਨ੍ਹਾਂ ਨੂੰ ਆਮ ਕਰਕੇ ‘ਫਰੰਗੀ’ ਕਿਹਾ ਜਾਂਦਾ ਸੀ, ਸਦਾ ਹੀ ਬੜੇ ਸੋਹਣੇ, ਫੁਰਤੀਲੇ ਤੇ ਰੰਗ-ਬਰੰਗੇ ਖੁਬਸੂਰਤ ਪਹਿਰਾਵੇ ਵਿਚ ਹੰੁਦੇ ਸਨ। ਫਰੰਗੀ ਅਫਸਰਾਂ ਦੀ ਗਿਣਤੀ ਬਾਰੇ ਵੱਖ ਵੱਖ ਅਨੁਮਾਨ ਮਿਲਦੇ ਹਨ, ਜਿਸ ਵਿਚ ਸਭ ਤੋਂ ਬਹੁਤਾ ਅਨੁਮਾਨ 42 ਦਾ ਤੇ ਘੱਟ ਤੋਂ ਘੱਟ 20 ਅਫਸਰਾਂ ਦਾ ਮਿਲਦਾ ਹੈ। ਇਨ੍ਹਾਂ ਵਿਦੇਸ਼ੀ ਫਰੰਗੀ ਅਫਸਰਾਂ ਵਿਚ ਇਟੈਲੀਅਨ, ਯੂਨਾਨੀ, ਫਰਾਂਸੀਸੀ, ਅੰਗਰੇਜ਼, ਜਰਮਨ, ਰੂਸੀ, ਸਕਾਟ ਤੇ ਐਗਲੋ ਇੰਡੀਅਨ ਸ਼ਾਮਿਲ ਸਨ। ਇਨ੍ਹਾਂ ਸਭ ਫਰੰਗੀਆਂ ਨੂੰ ਮੋਟੀਆਂ ਤਨਖਾਹਾਂ, ਖੁੱਲ੍ਹੇ ਦਰਬਾਰੀ ਭੱਤੇ ਤੇ ਖਾਲਸਾ ਰਾਜ ਵਿਚ ਵੱਡੀਆਂ ਜਾਗੀਰਦਾਰੀਆਂ ਵੀ ਦਿਤੀਆਂ ਜਾਂਦੀਆਂ ਸਨ। ਇਨ੍ਹਾਂ ਸਭ ਫਾਰੰਗੀ ਅਫਸਰਾਂ ਦੀ ਭਰਤੀ 1809 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਜਲਦੀ ਸ਼ੁਰੂ ਹੋ ਗਈ ਸੀ। ਸੈਨਿਕ ਜਥੇਬੰਦੀ ਵਿਚ ਰਣਜੀਤ ਸਿੰਘ ਨੇ ਭਾਰਤੀ ਸੈਨਿਕ ਪ੍ਰਣਾਲੀ ਅਤੇ ਯੂਰਪੀਅਨ ਫੌਜੀ ਢੰਗ ਤਰੀਕੇ ਦੀਆਂ ਸਭ ਤੋਂ ਚੰਗੀਆਂ ਗੱਲਾਂ ਆਪਣੇ ਸੈਨਿਕ ਪ੍ਰਬੰਧ ਵਿਚ ਲਾਗੂ ਕੀਤੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਾਹੀ ਫੌਜ ਨੂੰ ਵਰਤਮਾਨ ਸਮੇਂ ਦੀ ਅਤਿ-ਆਧੁਨਿਕ ਫੌਜੀ ਸਿਖਲਾਈ ਦੇਣ ਲਈ ਸੰਸਾਰ ਭਰ ਦੇ ਕਾਬਲ ਫਾਰੰਗੀ ਅਫਸਰਾਂ ਨੂੰ ‘ਖਾਲਸਾ ਰਾਜ’ ਦਾ ਅਹਿਮ ਹਿੱਸਾ ਬਣਾਇਆ ਅਤੇ ਫੌਜ ਨੂੰ ਫਰੰਗੀ ਦੇਸ਼ਾਂ ਦੇ ਨਵੇਂ ਨਵੇਂ ਫੌਜੀ ਹਥਿਆਰਾਂ, ਬੰਦੂਕਾਂ, ਤੋਪਾਂ ਤੇ ਜੰਬੂਰਕਾਂ ਨਾਲ ਲੈਸ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਫੌਜ ਇੰਨੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਵੀ ਲੜਾਈ ਦਾ ਪੰਗਾ ਲੈਣੋਂ ਸਦਾ ਹੀ ਡਰਦੇ ਸਨ। ਦੁਨੀਆਂ ਦੇ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਫਰਾਸ ਯੂਰਪ ਦੇ ਬਹਾਦਰ ਜਰਨੈਲ ‘ਨਪੋਲੀਅਨ ਬੋਨਾਪਾਰਟ ਮਹਾਨ’ ਨਾਲ ਕਰਦੇ ਹਨ। ਆਖਰ ਅੰਗਰੇਜ਼ਾਂ ਨਾਲ ਹੋਈਆਂ ‘ਐਗਲੋ ਸਿੱਖ ਲੜਾਈਆਂ’ ਵਿਚ ਜੇ ਮਹਰਾਜੇ ਦੇ ਪਾਲਤੂ ਜੰਮੂ ਦੇ ਡੋਗਰੇ ਤੇ ਪੂਰਬੀਏ ਭੱਈਏ ਨਮਕ ਹਰਾਮੀ ਨਾ ਕਰਦੇ ਤਾਂ ਅੱਜ ਸਿੱਖਾਂ ਨੂੰ ਦਰ ਦਰ ਰੁਲਣਾ ਨਾ ਪੈਦਾ ਅਤੇ ਨਾ ਹੀ ਧਰਨਿਆਂ ਉਪਰ ਥਾਂ ਥਾਂ ਬੈਠਣ ਦੀ ਲੋੜ ਰਹਿੰਦੀ ਤੇ ਨਾ ਹੀ ਕੋਝੀਆਂ ਠੋਕਰਾਂ ਖਾਣੀਆਂ ਪੈਦੀਆਂ।
ਲਾਹੌਰ ਖਾਲਸਾ ਦਰਬਾਰ ਦੇ ਸਿੱਖ ਰਾਜ ਵਿਚ ਪਰਜਾ ਨੂੰ ਵਿਦਿਆ ਬਹੁਤ ਕਰਕੇ ਮੰਦਰਾਂ, ਮਸਜਿਦਾਂ, ਮਕਤਬਾਂ ਤੇ ਗੁਰਦੁਆਰਿਆਂ ਦੇ ਮਦਰੱਸਿਆਂ ਵਿਚ ਹੀ ਦਿਤੀ ਜਾਂਦੀ ਸੀ। ਮੁਸਲਮਾਨ ਆਪਣੇ ਬੱਚਿਆਂ ਨੂੰ ਚਾਰ ਸਾਲ ਚਾਰ ਮਹੀਨੇ ਚਾਰ ਦਿਨ ਦੀ ਉਮਰ ਵਿਚ ਪੜ੍ਹਨ ਲਈ ‘ਮਕਤਬ’ ਵਿਚ ਭੇਜਦੇ ਸਨ, ਜਦੋਂ ਕਿ ਹਿੰਦੂ-ਸਿੱਖ ਬੱਚਿਆਂ ਨੂੰ ਪੰਜ ਸਾਲ ਦੀ ਉਮਰ ਵਿਚ ‘ਪਾਠਸ਼ਾਲਾ’ ਭੇਜਿਆ ਜਾਂਦਾ ਸੀ। ਫਾਰਸੀ, ਅਰਬੀ ਤੇ ਗੁਰਮੁਖੀ ਦੇ ਨਾਲ ਨਾਲ ਸੰਸਕ੍ਰਿਤ ਤੇ ਹਿੰਦੀ ਵੀ ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਪੜ੍ਹਾਈ ਜਾਂਦੀ ਸੀ। ਮੁਢਲੀ ਵਿਦਿਆ ਸਭ ਧਰਮਾਂ ਦੇ ਮੁੰਡੇ-ਕੁੜੀਆਂ ਇਕਠਿਆਂ ਹੀ ਮਕਤਬਾਂ ਵਿਚ ਪ੍ਰਾਪਤ ਕਰਦੇ ਸਨ, ਪਰ ਉਚ ਵਿਦਿਆ ਲਈ ਕੁੜੀਆਂ ਨੂੰ ਵਾਂਝਿਆਂ ਹੀ ਰਖਿਆ ਜਾਂਦਾ ਸੀ। ਲਾਹੌਰ ਖਾਲਸਾ ਦਰਬਾਰ ਦੀ ਭਾਸ਼ਾ ਫਾਰਸੀ ਸੀ, ਪਰ ਪੰਜਾਬ ਦੇ ਲੋਕਾਂ ਦੀ ਬੋਲੀ ਪੰਜਾਬੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿਚ ਵੱਡੇ ਸਕੂਲਾਂ, ਕਾਲਜਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਉਚ ਵਿਦਿਅਕ ਸੰਸਥਾ ਦਾ ਵਜੂਦ ਨਹੀਂ ਸੀ। ਸਿੱਖਾਂ ਵਿਚ ਹਰ ਪੱਧਰ `ਤੇ ਅਨਪੜ੍ਹਤਾ ਆਮ ਸੀ, ਪਰ ਮੁਸਲਮਾਨਾਂ ਵਿਚ ਸਿੱਖਾਂ ਹਿੰਦੂਆਂ ਨਾਲੋਂ ਵਿਦਿਆ ਵਧੇਰੇ ਮਿਲਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਾਰੇ ਧਾਰਮਿਕ ਸਥਾਨਾਂ ਨੂੰ ਬਹੁਤ ਖੁੱਲ੍ਹੇ ਦਿਲ ਨਾਲ ਜਾਗੀਰਾਂ ਤੇ ਦਾਨ ਦਿਤਾ, ਜਿਸ ਕਰਕੇ ਖਾਲਸਾ ਰਾਜ ਵਿਚ ਮੁਲਕੀ ਵਿਦਿਆ ਦੀ ਉਨਤੀ ਵੱਡੇ ਪੱਧਰ ਉਪਰ ਹੋਈ। ਰਾਜ ਦੇ ਵਿਚ ਹੋਰ ਵਿਦਿਅਕ ਅਦਾਰਿਆਂ ਵਾਲੇ ਮਦਰੱਸਿਆਂ, ਮਕਤਬਾਂ ਤੇ ਪਾਠਸ਼ਾਲਾਵਾਂ ਦੀ ਸਰਪ੍ਰਸਤੀ ਵੀ ਕੀਤੀ ਗਈ। ਲਾਹੌਰ ਸ਼ਹਿਰ ਦੇ ਬਾਜ਼ਾਰ ਹਕੀਮਾਂ ਵਿਚ ਅਰਬੀ ਅਤੇ ਫਾਰਸੀ ਭਾਸ਼ਾ ਤੇ ਬੋਲੀ ਵਿਚ ਵਜ਼ੀਫਿਆਂ ਲਈ ਇਕ ਵਿਦਿਅਕ ਅਦਾਰਾ ਸੀ। ਉਚੀ ਵਿਦਿਆ ਪ੍ਰਾਪਤ ਕਰਨ ਵਾਲੇ ਗਰੀਬ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਰਹਿਣ-ਸਹਿਣ ਲਈ ਦਾਨ ਵੀ ਦਿਤਾ ਜਾਂਦਾ ਸੀ।
ਸੰਨ 1850 ਵਿਚ ਜਦੋਂ ਪੰਜਾਬ ਦਾ ਰਾਜਭਾਗ ਅੰਗਰੇਜ਼ੀ ਹਕੂਮਤ ਦੇ ਅਧੀਨ ਆ ਗਿਆ ਤਾਂ ਇਕ ਅੰਗਰੇਜ਼ ਫੌਜੀ ਸਰਜਨ ਅਫਸਰ ਡਾ. ਜੌਹਨ ਸਪੈਸਰ ਲੋਗਨ ਨੇ ਪੰਜਾਬ ਸੂਬੇ ਵਿਚ ਵਿਦਿਆ ਦੇ ਪਰਸਾਰ ਲਈ ਲਾਹੌਰ ਸ਼ਹਿਰ ਵਿਚ ਪੜ੍ਹੇ-ਲਿਖੇ ਲੋਕਾਂ ਦਾ ਪਤਾ ਲਾਉਣ ਲਈ ਇਕ ਸਰਵੇਖਣ ਕੀਤਾ। ਇਸ ਸਰਵੇਖਣ ਤੋਂ ਪਤਾ ਲੱਗਾ ਕਿ ਲਾਹੌਰ ਸ਼ਹਿਰ ਵਿਚ ਸਿਰਫ ਚਾਰ ਮਦਰੱਸੇ ਹਨ। ਕੋਈ ਵੀ ਵੱਡਾ ਵਿਦਿਅਕ ਅਦਾਰਾ ਨਹੀਂ ਹੈ, ਪਰ ਫਿਰ ਵੀ 87% ਲੋਕ ਫਾਰਸੀ, ਤੇ ਗੁਰਮੁਖੀ ਵਿਚ ਅਰਜੀ ਪੜ੍ਹ ਤੇ ਲਿਖ ਸਕਦੇ ਹਨ। ਪੂਰੇ ਪੰਜਾਬ ਵਿਚ 78% ਲੋਕ ਫਾਰਸੀ ਤੇ ਗੁਰਮੁਖੀ ਪੜ੍ਹ ਤੇ ਲਿਖ ਸਕਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਜਿ਼ਆਦਾ ਹੈ। ਇਹ ਹੀ ਡਾ. ਲੋਗਨ ਤੇ ਇਸ ਦੀ ਅੰਗਰੇਜ਼ ਪਤਨੀ ਸ੍ਰੀਮਤੀ ਲੋਗਨ ਸਿੱਖ ਰਾਜ ਦੇ ਖਾਤਮੇ ਵੇਲੇ ਆਖਰੀ ਨਾਬਾਲਿਗ ਸਿੱਖ ਮਹਾਰਾਜਾ ਦਲੀਪ ਸਿੰਘ ਦੇ ‘ਗਾਰਡੀਅਨ’ ਬਣੇ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿਚ ਉਸ ਦੇ ਦਿਮਾਗ ਵਿਚ ਨਵੇਂ ਨਵੇਂ ਫੁਰਨੇ ਫੁਰਦੇ ਰਹਿੰਦੇ ਅਤੇ ਜਦੋਂ ਉਸ ਦਾ ਮਨ ਮੰਨ ਜਾਂਦਾ ਤਾਂ ਉਹ ਉਨ੍ਹਾਂ ਫੁਰਨਿਆਂ ਉਪਰ ਠੋਸ ਅਮਲ ਵੀ ਕਰਦਾ। ਲਾਹੌਰ ਦਰਬਾਰ ਵਿਚ ਕੋਮਲ ਹੁਨਰਾਂ ਨੂੰ ਬਹੁਤ ਅਹਿਮੀਅਤ ਦਿਤੀ ਗਈ, ਖਾਸ ਕਰ ਸਿੱਖ ਚਿਤ੍ਰਕਾਰੀ ਰਾਜ ਦੀ ਸਰਪਰਸਤੀ ਹੇਠਾਂ ਖੂਬ ਵਧੀ ਫੁੱਲੀ। ਇਕ ਵਿਸ਼ੇਸ ‘ਸਿੱਖ ਚਿਤਰਕਾਰੀ ਸਕੂਲ’ ਲਾਹੌਰ ਵਿਚ ਸਥਾਪਿਤ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਅਨੇਕਾਂ ਵੱਖੋ ਵੱਖ ਕੌਮਾਂ ਤੇ ਧਰਮਾਂ ਦੇ ਚਿਤਰਕਾਰ ਸਨ, ਜਿਨ੍ਹਾਂ ਵਿਚੋਂ ਬਹੁਤੇ ਪ੍ਰਸਿਧ ਲਾਹੌਰ ਦਾ ਮੁਸਲਮਾਨ ਮਹੁਮੰਦ ਬਖਸ਼, ਸਿੱਖ ਕੇਹਰ ਸਿੰਘ ਤੇ ਕਾਂਗੜੇ ਦਾ ਹਿੰਦੂ ਪਾਰਖੂ ਸ਼ਾਮਲ ਸਨ। ਸਿੱਖ ਚਿਤਰਕਾਰੀ ਸਕੂਲ ਵਿਚ ਵਿਸ਼ੇ ਨੂੰ ਨਿਭਾਉਣ ਲਈ ਮੁਗਲ ਚਿਤਰਕਾਰੀ ਦਾ ਤਰੀਕਾਕਾਰ ਅਪਨਾਇਆ ਗਿਆ ਅਤੇ ਸੁੰਦਰ ਰੰਗ ਭਰਨ ਲਈ ਕਾਂਗੜਾ ਚਿਤਰਕਾਰੀ ਸਕੂਲ ਦੇ ਸਾਧਨਾਂ ਦੀ ਵਰਤੋਂ ਕੀਤੀ ਗਈ। ਲਾਹੌਰ ਦਰਬਾਰ ਦੇ ਰਈਸਾਂ ਵਲੋਂ ਸਦਾ ਹੀ ਵਧੀਆ ਚਿੱਤਰਾਂ ਦੀ ਮੰਗ ਰਹਿੰਦੀ ਸੀ। ਮੁਲਕ ਵਿਚ ਛੋਟੇ ਛੋਟੇ ਸਰਦਾਰ ਵੀ ਆਪਣੀਆਂ ਬੈਠਕਾਂ ਲਈ ਸੁੰਦਰ ਚਿੱਤਰਾਂ ਦੀ ਭਾਲ ਵਿਚ ਰਹਿੰਦੇ ਸਨ। ਅੰਗਰੇਜ਼ ਚਿਤਰਕਾਰ ‘ਔਸਬੋਰਨ’ ਰਣਜੀਤ ਸਿੰਘ ਦੇ ਦਰਬਾਰ ਦਾ ਵਿਦੇਸ਼ੀ ਬਹੁਤ ਨਿਪੁੰਨ ਚਿਤਰਕਾਰ ਸੀ। ਮਹਾਰਾਜਾ ਰਣਜੀਤ ਸਿੰਘ ਭਾਵੇਂ ਸੋਹਣਾ ਨਹੀਂ ਸੀ, ਪਰ ਖੁਦ ਸੁਹਾਜਤਮਕ ਕਦਰਾਂ ਕੀਮਤਾਂ ਦਾ ਬਹੁਤ ਕਦਰਦਾਨ ਸੀ।
ਲਾਹੌਰ ਦਰਬਾਰ ਵਿਚ ‘ਬਿਲੋ’ ਨਾਂ ਦੀ ਇਕ ਨੱਚਣ ਗਾਉਣ ਵਾਲੀ ਬਹੁਤ ਸੰੁਦਰ ਔਰਤ ਨੂੰ ਸ਼ਾਹੀ ਰੁਤਬਾ ਪ੍ਰਾਪਤ ਸੀ ਤੇ ਉਹ ਹੋਰ ਜਵਾਨ ਕੁੜੀਆਂ ਨੂੰ ਨੱਚਣ ਗਾਉਣ ਦੀ ਸਿਖਿਆ ਦੇ ਕੇ ਉਨ੍ਹਾਂ ਦੇ ਮੁਕਾਬਲੇ ਕਰਵਾਉਂਦੀ ਸੀ। ਇਨ੍ਹਾਂ ਸਿਖਿਅਤ ਨੱਚਣ ਗਾਉਣ ਵਾਲੀਆਂ ਹੁਸੀਨ ਕੁੜੀਆਂ ਦੇ ਅਹਿਮ ਪ੍ਰੋਗਰਾਮ ਬਹੁਤ ਖਾਸ ਖਾਸ ਮੌਕੇ ਲਾਹੌਰ ਦਰਬਾਰ ਵਿਚ ਆਉਣ ਵਾਲੇ ਦੇਸੀ-ਵਿਦੇਸ਼ੀ ਮਹਿਮਾਨਾਂ ਅੱਗੇ ਪੇਸ਼ ਕੀਤੇ ਜਾਂਦੇ। ਮਹਾਰਾਜਾ ਸਾਹਿਬ ਨੇ ਲਾਹੌਰ ਦੇ ਹਜੂਰੀ ਬਾਗ ਵਿਚ 15 ਦਰਵਾਜਿਆਂ ਵਾਲਾ ਇਕ ਬਹੁਤ ਖਾਸ ਚਿੱਟੇ ਸੰਗਮਰਮਰ ਦਾ ਸ਼ਾਨਦਾਰ ਘਰ ਆਪਣੀ ਗਰਮੀਆਂ ਦੀ ਰਿਹਾਇਸ਼ ਲਈ ਡਿਜ਼ਾਇਨ ਕੀਤਾ ਤੇ ਫਿਰ ਉਸ ਨੂੰ ਆਪਣੀ ਨਿਗਰਾਨੀ ਹੇਠ ਬਣਵਾਇਆ। ‘ਦੇਸ ਪੰਜਾਬ’ ਦਾ ਮਹਾਰਾਜਾ ਬਣਨ ਪਿਛੋਂ ਉਸ ਨੇ ਆਪਣੇ ਜਨਾਨਾ ਹਰਮ ਵਿਚ ਵੱਖ ਵੱਖ ਧਰਮਾਂ ਦੀਆਂ ਬਹੁਤ ਹੁਸੀਨ ਔਰਤਾਂ ਨੂੰ ਰਾਣੀਆਂ, ਮਹਾਰਾਣੀਆਂ, ਬੇਗਮਾਂ ਤੇ ਰਖੇਲਾਂ ਵਜੋਂ ਰੱਖਿਆ ਗਿਆ ਸੀ।
ਲਾਹੌਰ ਦਰਬਾਰ ਦੇ ਸਿੱਖ ਮਹਾਰਾਜਾ ਨੂੰ ਰਾਜ ਪ੍ਰਬੰਧ ਵਿਚ ਨਵੇਂ ਨਵੇਂ ਪੰਗੇ ਲੈਣ ਦਾ ਵੀ ਸ਼ੌਕ ਸੀ। ਇਨ੍ਹਾਂ ਵਿਚੋਂ ਇਕ ਪੰਗਾ ਜੋ ਉਸ ਦੇ ਦਰਬਾਰੀ ਫਕੀਰ ਸੱਯਦ ਵਹੀਦ-ਉ-ਦੀਨ ਦੀ ਉਰਦੂ ਕ੍ਰਿਤ (ਲਿਖਤ) ‘ਰਣਜੀਤ ਸਿੰਘ ਕਾ ਅਸਲੀ ਰੂਪ’ ਵਿਚੋਂ ਮਿਲਦਾ ਹੈ ਕਿ ਆਪਣੇ 700 ਦੇ ਕਰੀਬ ਹਾਥੀਆਂ ਵਿਚੋਂ ਸਭ ਤੋਂ ਵੱਡੇ ਸੁੰਦਰ ਹਾਥੀ ‘ਸੁੰਦਰਗਜ’ ਦੇ ਵੱਡੇ ਵੱਡੇ ਸਫੈਦ ਦੰਦਾਂ ਉਪਰ ਲਾਲਟੈਣਾਂ ਨੂੰ ਪੱਕੇ ਤੌਰ ਟਿਕਾਣਾ ਤੇ ਬੰਨਣਾ ਸੀ। ਇਹ ਲਾਲਟੈਣਾਂ ਹਾਥੀ ‘ਸੁੰਦਰਗਜ’ ਨੂੰ ਖਾਸ ਸੱਜ ਧੱਜ ਦਿੰਦੀਆਂ ਅਤੇ ਰਾਤ ਨੂੰ ਹਨੇਰੇ ਰਸਤੇ ਵਿਚ ਹਾਥੀ ਲਈ ਚਾਨਣ ਦਾ ਕੰਮ ਵੀ ਕਰਦੀਆਂ। ਲਾਹੌਰ ਸ਼ਹਿਰ, ਜਿਸ ਨੂੰ ਹੁਣ ‘ਵਾਲਿਡ ਸਿਟੀ’ ਕਿਹਾ ਜਾਂਦਾ ਹੈ, ਵਿਚ ਰਾਤ ਦੇ ਸਮੇਂ ਜਦੋਂ ਖਾਸ ਖਾਸ ਮੌਕਿਆਂ ਉਪਰ ਮਹਾਰਾਜਾ ਆਪਣੀਆਂ ਬੇਗਮਾਂ ਨਾਲ ‘ਸੁੰਦਰਗਜ’ ਹਾਥੀ ਉਪਰ ਬੈਠ ਕੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਲੰਘਦਾ ਤਾਂ ਬਹੁਤ ਹੀ ਸ਼ਾਨਦਾਰ ਦ੍ਰਿਸ਼ ਬਣਦਾ। ਲਾਹੌਰ ਦਾ ਮਸ਼ਹੂਰ ਮੋਤੀ ਬਾਜ਼ਾਰ, ਜਿਥੇ ਜੌਹਰੀਆਂ ਦੀਆਂ ਵੱਡੀਆਂ ਤੇ ਸੁੰਦਰ ਦੁਕਾਨਾਂ ਸਨ, ਖਾਲਸਾ ਰਾਜ ਦਾ ਸਭ ਤੋਂ ਵੱਡਾ ਫੈਸ਼ਨ ਤੇ ਸੁਹੱਪਣ ਵਾਲਾ ਬਾਜ਼ਾਰ ਸੀ। ‘ਸੁੰਦਰਗਜ ਹਾਥੀ’ ਦੇ ‘ਹਾਉਦੇ’ ਉਪਰ ਕੀਮਤੀ ਹੀਰੇ ਜਵਾਹਰਾਤ ਜੜੇ ਹੰੁਦੇ ਸਨ ਤੇ ਲਾਲਟੈਣਾਂ ਦੀ ਰੋਸ਼ਨੀ ਵਿਚ ਇਨ੍ਹਾਂ ਦੀ ਚਮਕ ਹੋਰ ਵੱਧ ਜਾਂਦੀ ਸੀ। ਲਾਹੌਰ ਦੇ ਮੋਤੀ ਬਾਜ਼ਾਰ ਵਿਚ ਹਾਥੀ ਉਪਰ ਮਾਨੋ ਹੀਰਿਆਂ ਦੀ ਦੁਕਾਨ ਤੁਰ ਫਿਰ ਰਹੀ ਹੈ। ਇਸ ਦਾ ਪ੍ਰਭਾਵ ਹੋਰ ਵੀ ਵੱਧ ਜਾਂਦਾ, ਜਦੋਂ ਹਾਥੀ ਸੁੰਦਰਗਜ ਆਪਣੀ ਪਿੱਠ ਉਪਰ ਖਾਸ ਲਾਲਟੈਣਾਂ ਦੀ ਰੋਸ਼ਨੀ ਵਿਚ ਮਹਾਰਾਜੇ ਦੇ ਸ਼ਾਹੀ ਹੈਰਮ ਦੇ ਕੀਮਤੀ ਮੋਤੀ, ਮਹਾਰਾਣੀ ਮੋਰਾਂ ਤੇ ਰਾਣੀ ਗੁੱਲ ਬਹਾਰ ਬੇਗਮ ਨੂੰ ਲਾਹੌਰ ਦੀ ਤਫਰੀ (ਸੈਰ) ਲਈ ਲੈ ਜਾਇਆ ਕਰਦਾ ਸੀ, ਜਿਨ੍ਹਾਂ ਦੇ ਗੋਰੇ ਚਿੱਟੇ ਚਿਹਰੇ ਦੀ ਅਨੋਖੀ ਸੁੰਦਰਤਾ, ਲਾਜਵਾਬ ਰੇਸ਼ਮੀ ਕੱਪੜਿਆਂ ਦੀ ਆਭਾ ਤੇ ਕੀਮਤੀ ਹੀਰੇ ਜਵਾਹਰਾਤ ਜੜੇ ਗਹਿਣੀਆਂ ਦੀ ਚਮਕ ਦਮਕ ਹੋਰ ਵੀ ਵਧ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਦੁਆਰਾ ਵਪਾਰ, ਸਿ਼ਲਪਕਾਰੀ ਤੇ ਦਸਤਕਾਰੀ ਨੂੰ ਸਰਪ੍ਰਸਤੀ ਦਿਤੇ ਜਾਣ ਨਾਲ ਲਾਹੌਰ ਸ਼ਹਿਰ ਦੀ ਉਨਤੀ ਵੀ ਖੂਬ ਹੋਈ। ਲਾਹੌਰ ਦਰਬਾਰ ਦੇ ਉਸ ਸਮੇ ਚਾਰ ਸ਼ਹਿਰ ਖਾਸ ਪ੍ਰਸਿਧ ਸਨ। ਇਨ੍ਹਾਂ ਸ਼ਹਿਰਾਂ ਵਿਚ ਲਾਹੌਰ, ਅੰਮ੍ਰਿਤਸਰ, ਪਿਸ਼ੌਰ ਤੇ ਮੁਲਤਾਨ ਸਨ। ਖਾਲਸਾ ਸਰਕਾਰ ਸਮੇ ਸ਼ਹਿਰੀ ਸਹੂਲਤਾਂ, ਖਾਸ ਕਰਕੇ ਸਫਾਈ ਦਾ ਪ੍ਰਬੰਧ ਪੁਰਾਣੇ ਸਮੇਂ ਦਾ ਹੀ ਸੀ, ਪਰ ਫਿਰ ਵੀ ਕੋਈ ਵਬਾ ਜਾਂ ਬਿਮਾਰੀ ਨਹੀਂ ਫੈਲੀ। ਹੈਜਾ ਤਾਂ ਬਹੁਤ ਹੀ ਘੱਟ ਹੰੁਦਾ ਸੀ ਤੇ ਪਲੇਗ ਦਾ ਨਾਮੋ ਨਿਸ਼ਾਨ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਲੋਕਾਂ ਅੰਦਰ ਬੀਮਾਰੀ ਦੇ ਮੁਕਾਬਲੇ ਲਈ ਬਲ ਤੇ ਤਾਕਤ ਅੱਜ ਦੇ ਸਮੇਂ ਨਾਲੋਂ ਵੱਧ ਹੁੰਦਾ ਸੀ, ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ ਕੁਦਰਤੀ, ਮਿਲਾਵਟ ਰਹਿਤ ਤੇ ਸੁਥਰੀਆਂ ਹੁੰਦੀਆਂ ਸਨ। ਖਾਲਸਾ ਰਾਜ ਵਿਚ ਦਵਾਖਾਨੇ ਚੋਖੀ ਗਿਣਤੀ ਵਿਚ ਸਨ ਅਤੇ ਲਾਹੌਰ ਸ਼ਹਿਰ ਵਿਚ ਖਾਸ ਕਰਕੇ ਯੂਨਾਨੀ ਦਵਾਈ ਮੁਫਤ ਮਿਲਦੀ ਸੀ। ਇਨ੍ਹਾਂ ਖਾਲਸਾ ਰਾਜ ਦੇ ਸਾਰੇ ਹੀ ਦਵਾਖਾਨਿਆਂ ਦੀ ਦੇਖਭਾਲ ਤੇ ਸਪੁਰਦੀ ਫਕੀਰ ਪਰਿਵਾਰ ਦੇ ਸਪੁਰਦ ਸੀ। ਖਾਲਸਾ ਦਰਬਾਰ ਦੇ ਸਿਹਤ ਮੰਤਰੀ ਫਕੀਰ ਨੂਰਊਦੀਨ ਦੀ ਨਿਗਰਾਨੀ ਹੇਠ ਇਹ ਵਿਭਾਗ ਕੰਮ ਕਰਦਾ ਸੀ, ਜੋ ਬਾਕੀ ਸਹਿਰਾਂ ਲਈ ਨਮੂਨਾ ਬਣਿਆ।
ਲਾਹੌਰ ਸ਼ਹਿਰ ਵਿਚ ਅਮਨ ਸ਼ਾਂਤੀ ਲਈ ਮੁਹੱਲੇਦਾਰੀ ਤੇ ਪੁਲਿਸ ਦਾ ਪ੍ਰਬੰਧ ਕੀਤਾ ਗਿਆ, ਜਿਸ ਲਈ ਇਕ ਕਾਬਲ ਇਨਸਾਨ ਇਮਾਮ ਬਖਸ਼ ਨੂੰ ਸ਼ਹਿਰ ਦਾ ਪਹਿਲਾ ਕੋਤਵਾਲ ਨਿਯਤ ਕੀਤਾ ਗਿਆ। ਲਾਹੌਰ ਦਰਬਾਰ ਦੇ ਆਵਾਜਾਈ ਦੇ ਸਾਧਨ ਬਹੁਤ ਸਾਦੇ ਤੇ ਦੇਸੀ ਸਨ। ਪੈਦਲ, ਊਠ, ਘੋੜਿਆਂ ਤੇ ਬੈਲ ਗੱਡਿਆਂ ਦੀ ਹੀ ਵਰਤੋ ਕੀਤੀ ਜਾਂਦੀ ਸੀ, ਪਰ ਡਾਕੀਏ ਵੱਡੇ ਸ਼ਹਿਰਾਂ ਦੀ ਡਾਕ ਵਾਸਤੇ ਕਾਫੀ ਸਨ। ਰਸਤੇ ਕੱਚੇ ਤੇ ਸਾਫ ਸੁਥਰੇ ਸਨ ਅਤੇ ਉਨ੍ਹਾਂ ਉਪਰ ਸਫਰ ਕਰਨ ਵਿਚ ਕੋਈ ਖਤਰਾ ਨਹੀਂ ਸੀ, ਕਿਉਂਕਿ ਡਾਕੂ ਬਹੁਤ ਘੱਟ ਹੁੰਦੇ ਸਨ। ਰਾਜ ਅੰਦਰ ਆਵਾਜਾਈ ਵਾਲੇ ਰਾਹ ਤੰਗ, ਕੱਚੇ ਤੇ ਮਿੱਟੀ ਘੱਟੇ ਵਾਲੇ ਹੀ ਹੁੰਦੇ ਸਨ, ਪਰ ਇਹ ਹਾਥੀਆਂ, ਘੋੜਿਆਂ, ਖੱਚਰਾਂ, ਬੈਲ ਗੱਡੀਆਂ, ਰਥਾਂ, ਪਾਲਕੀਆਂ ਆਦਿ ਲਈ ਠੀਕ ਸਨ। ਰਾਜ ਦੀ ਪਰਜਾ ਅੰਦਰ ਸਭ ਨਾਲੋਂ ਵੱਧ ਆਉਣ-ਜਾਣ ਦੇ ਸਾਧਨ ਆਮ ਆਦਮੀ ਦੇ ਪੈਦਲ ਸਨ। ਪਿੰਡਾਂ-ਸ਼ਹਿਰਾਂ ਦੇ ਲੋਕ ਸਵੇਰੇ ਸਵਖਤੇ ਮਿੱਸੀ ਰੋਟੀ ਦੇ ਨਾਲ ਗੰਢਾ ਜਾਂ ਆਚਾਰ ਲੜ ਬੰਨ ਕੇ ਤੁਰ ਪੈਂਦੇ ਤੇ ਦਿਨ ਚੜ੍ਹਦੇ ਨੂੰ ਰਿਸ਼ਤੇਦਾਰੀ ਵਿਚ ਪਹੰੁਚ ਜਾਂਦੇ ਸਨ। ਅਮੀਰ ਘਰਾਣੇ ਜਾਂ ਨਾਮਵਰ ਲੋਕ ਘੋੜੇ ਦੀ ਸਵਾਰੀ ਕਰਦੇ ਸਨ। ਵਿਆਹਾਂ ਸ਼ਾਦੀਆਂ ਵਿਚ ਦੁਲਹਨ ਲਈ ਦੋ ਬੱਲਦਾਂ ਵਾਲੇ ਬਹੁਤ ਸ਼ਾਨਦਾਰ ਰਥ ਦੀ ਅਤੇ ਬਰਾਤੀਆਂ ਲਈ ਲੱਕੜ ਦੇ ਪਹੀਆਂ ਵਾਲੇ ਗੱਡੇ ਵਰਤੇ ਜਾਂਦੇ ਸਨ। ਖਾਲਸਾ ਰਾਜ ਦੇ ਆਵਾਜਾਈ ਦੇ ਪ੍ਰਬੰਧ ਸਾਦੇ ਸਨ, ਪਰ ਰਸਤਿਆਂ ਵਿਚ ਸਭ ਥਾਂਵਾਂ ਉਪਰ ਪਾਣੀ ਪੀਣ ਲਈ ਖੂਹ ਤੇ ਆਰਾਮ ਕਰਨ ਲਈ ਸਰਾਂਵਾਂ ਹੁੰਦੀਆਂ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇਸ ਨੂੰ 40 ਸਾਲ ਅਮਨ ਸ਼ਾਂਤੀ ਦਾ ਰਾਜ ਦਿਤਾ, ਜਿਸ ਵਿਚ ਅਜਿਹੀ ਉਨਤੀ ਤੇ ਖੁਸ਼ਹਾਲੀ ਹੋਈ, ਜੋ ਵਰਤਮਾਨ ਮੋਦੀ ਸਰਕਾਰ, ਮੁਗਲਾਂ ਤੇ ਅਫਗਾਨਾਂ ਦੇ ਲੰਮੇ ਸਮੇਂ ਦੇ ਲੁੱਟ ਖਸੁੱਟ ਵਾਲੇ ਰਾਜਾਂ ਤੋਂ ਲੈ ਕੇ ਵੇਖਣੀ ਨਸੀਬ ਨਹੀਂ ਸੀ ਹੋ ਸਕੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਸਮੇਂ ਕਿਸੇ ਵੀ ਇਕ ਫੌਜਦਾਰੀ ਜਾਂ ਦਿਵਾਨੀ ਕੇਸ ਦੇ ਮੁਜਰਮ ਨੂੰ ਮੌਤ ਦੀ ਸਜ਼ਾ ਨਹੀਂ ਦਿਤੀ ਗਈ ਅਤੇ ਨਾ ਹੀ ਕਿਸੇ ਮਾੜੇ ਬੰਦੇ, ਬਦਮਾਸ਼, ਡਾਕੂ, ਚੋਰ ਵਿਦਰੋਹੀ ਜਾਂ ਬਾਗੀ ਨੂੰ ਅੰਗਰੇਜ਼ਾਂ ਵਾਂਗ ਫਾਂਸੀ ਉਪਰ ਹੀ ਲਟਕਾਈਆ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸੰਨ 1849 ਵਿਚ ਮੌਤ ਤੋਂ ਬਾਅਦ ਦਸ ਸਾਲ ਲਾਹੌਰ ਦਰਬਾਰ ਦੀ ਸ਼ਾਹੀ ਗੱਦੀ ਲਈ ਜੋ ਉਥਲ-ਪੁਥਲ ਦੀ ਖੇਡ ਖੇਡੀ ਗਈ, ਉਸ ਵਿਚ ਸੰਸਾਰ ਦੇ ਪਹਿਲੇ ਲਾਸਾਨੀ ਚਮਕ ਦਮਕ ਵਾਲੇ ਸਿੱਖ ਸ਼ਾਸ਼ਨ ਕਾਲ ਦਾ ਬਹੁਤ ਹੀ ਭੈੜਾ ਤੇ ਦਰਦਨਾਕ ਅੰਤ ਹੋ ਗਿਆ। ਭਾਰਤ ਦੇਸ਼ ਵਿਚ ਈਸਟ ਇੰਡੀਆ ਕੰਪਨੀ ਦੇ ਇਕ ਅਹਿਮ ਅੰਗਰੇਜ਼ ਅਫਸਰ ‘ਜਨਰਲ ਸਰ ਹੈਨਰੀ ਫੇਨ’ ਡਿਊਕ ਆਫ ਵਲਿੰਗਟਨ, ਕਮਾਂਡਰ ਇਨ ਚੀਫ ਆਫ ਇੰਡਿਆ, ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿਸੇ਼ਸ਼ ਸੱਦੇ ਪੱਤਰ ਉਪਰ ਮਾਰਚ 1837 ਵਿਚ ਮਹਾਰਾਜੇ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਹੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਵਿਖੇ ਉਚੇਚਾ ਆਇਆ ਸੀ, ਆਪਣੀ ਅੰਗਰੇਜ਼ੀ ਦੀ ਪੁਸਤਕ ‘ਫਾਈਵ ਈਅਰਜ਼ ਇਨ ਇੰਡੀਆ’ (ਭਾਰਤ ਵਿਚ ਪੰਜ ਸਾਲ) ਵਿਚ ਮਹਾਰਾਜਾ ਸਾਹਿਬ ਦੇ ਰਾਜ ਪ੍ਰਬੰਧ ਬਾਰੇ ਇਸ ਤਰ੍ਹਾਂ ਵਰਣਨ ਕਰਦਾ ਹੈ,
“ਰਣਜੀਤ ਸਿੰਘ ਆਪਣੇ ਦੇਸ ਪੰਜਾਬ ਦੀ ਆਪਣੀ ਪਰਜਾ ਵਿਚ ਇਕ ਦਿਆਵਾਨ ਤੇ ਸੁਖੀ ਹਾਕਮ ਦੇ ਤੌਰ `ਤੇ ਜਾਣਿਆ ਜਾਂਦਾ ਹੈ। ਉਸ ਬਾਰੇ ਮੇਰਾ ਜਾਤੀ ਪੱਕਾ ਖਿਆਲ ਹੈ ਕਿ ਉਹ ਹਿੰਦੁਸਤਾਨ ਦੇ ਬਿਹਤਰੀਨ ਹੋ ਚੁਕੇ ਬਾਦਸ਼ਾਹਾਂ ਵਿਚ ਸਭ ਤੋਂ ਉਪਰ ਸ਼ੁਮਾਰ ਕੀਤਾ ਜਾ ਸਕਦਾ ਹੈ। ਉਸ ਦੇ ਨੇਕ ਤੇ ਚੰਗੇ ਸੁਭਾਅ ਦਾ ਸਬੂਤ ਇਸ ਗੱਲ ਦਾ ਹੈ ਕਿ ਜਦ ਦਾ ਉਸ ਨੇ ਲਾਹੌਰ, ਪਿਸ਼ੌਰ, ਕਸ਼ਮੀਰ ਤੇ ਮੁਲਤਾਨ ਦੇ ਇਲਾਕੇ ਫਤਿਹ ਕਰਕੇ ਆਪਣਾ ਆਜ਼ਾਦ ਮੁਲਕ ਪੰਜਾਬ ਸਥਾਪਤ ਕੀਤਾ, ਉਸ ਨੇ ਆਪਣੀ ਪਰਜਾ ਵਿਚ ਕਿਸੇ ਇਕ ਆਦਮੀ ਨੂੰ ਵੀ ਸਖਤ ਤੋਂ ਸਖਤ ਅਪਰਾਧ ਲਈ ਵੀ ਫਾਂਸੀ ਨਹੀਂ ਦਿਤੀ। ਸਾਡੇ ਪੂਰੇ ਕਿਆਮ ਦੌਰਾਨ, ਉਨ੍ਹਾਂ ਸਭ ਲੋਕਾਂ ਪ੍ਰਤੀ ਜੋ ਸਾਡੇ ਨਾਲ ਸਨ, ਜੋ ਮਹਾਰਾਜੇ ਦਾ ਵਧੀਆ ਨਿਮਰਤਾ, ਮਹਿਮਾਨ ਨਵਾਜੀ, ਸਾਦਗੀ, ਦਿਆਲਤਾ ਤੇ ਮਿਠਾਸ ਭਰਿਆ ਸੁਭਾਅ ਅਸੀਂ ਵੇਖਿਆ, ਉਸ ਤੋਂ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਇਹ ਵਾਕੱਈ ਉਸ ਦਾ ਅਸਲੀ ਸੁਭਾਅ ਹੈ। ਹਰ ਹਾਲਤ ਵਿਚ ਇਹ ਪੱਕੀ ਗੱਲ ਹੈ ਕਿ ਉਹ ਆਪਣੇ ਰਾਜ ਵਿਚ ਇਕ ਵੀ ਮੌਤ ਦੀ ਸਜ਼ਾ ਤੋਂ ਬਗੈਰ ਆਪਣੇ ਇੰਨੇ ਡਾਢੇ ਲੋਕਾਂ ਤੇ ਇਸ ਖਿੱਤੇ ਦੇ ਵੱਖੋ ਵੱਖ ਕੱਟੜ ਮਜ਼ਹਬਾਂ ਨੂੰ ਪੂਰਨ ਤੌਰ `ਤੇ ਅਧੀਨ ਰਖਣ ਵਿਚ ਸਫਲ ਹੋਇਆ ਹੈ।”
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਸੰਧਾਵਾਲੀਆ ਤੇ ਸ਼ੁਕਰਚੱਕੀਆ ਮਿਸਲ ਦੇ ਬਾਨੀ ਦੀ ਪੁਸ਼ਤਾਨੀ ਨਾਨਕ ਸ਼ਾਹੀ ਲਾਲ ਇੱਟਾਂ ਦੀ ਬਣੀ ਸ਼ਾਨਦਾਰ ਹਵੇਲੀ ਹੁਣ ਪਾਕਿਸਤਾਨ ਦੇ ਗੁਜਰਾਂਵਾਲੇ ਸ਼ਹਿਰ ਦੇ ਖਿਆਲੀ ਦਰਵਾਜੇ ਅੰਦਰ, ਬੇਰੀ ਵਾਲਾ ਚੌਕ ਕੋਲ ਮੱਛੀ ਮਾਰਕੀਟ ਵਿਚ ਮੌਜੂਦ ਹੈ। ਗੁਜਰਾਂਵਾਲੇ ਜਿਲੇ ਦੇ ਮੌਜੂਦਾ ਡਿਪਟੀ ਕਮਿਸ਼ਨਰ ਲੈਫਟੀਨੈਟ ਜਨਾਬ ਸੁਹੇਲ ਅਸ਼ਰਫ ਗੋਰਾਇਆ ਨੇ ਪਾਕਿਸਤਾਨ ਸਰਕਾਰ ਦੇ ਇਕ ਖਾਸ ਹੁਕਮ ‘ਸਿੱਖ ਮੁਕੱਦਸ ਸਥਾਨ’ ‘ਸਰਕਾਰੀ ਜਾਇਦਾਦ’ ਤਹਿਤ ਇਸ ਇਤਿਹਾਸਕ ਇਮਾਰਤ ਦਾ ਸਾਰਾ ਆਲਾ-ਦੁਆਲਾ ਖਾਲੀ ਕਰਵਾ ਲਿਆ ਗਿਆ ਹੈ। ਹਵੇਲੀ ਰਣਜੀਤ ਸਿੰਘ ਦੇ ਆਲੇ ਦੁਆਲੇ ਮੱਛੀ ਮਾਰਕੀਟ ਦੀਆਂ 40 ਦੇ ਕਰੀਬ ਨਾਜਾਇਜ਼ ਕਬਜੇ ਵਾਲੀਆਂ ਦੁਕਾਨਾਂ ਢਾਹ ਢੇਰੀ ਕਰਕੇ ਖੁੱਲ੍ਹਾ ਤੇ ਸਾਫ ਕਰ ਦਿਤਾ ਗਿਆ ਹੈ। ਸ਼ੇਰੇ ਪੰਜਾਬ ਦੇ ਇਕ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਨਾਂ ਉਪਰ ਬਣੇ ਗੁਜਰਾਂਵਾਲਾ ਸਹਿਰ ਦੇ ‘ਸ਼ੇਰਾਂ ਵਾਲਾ ਬਾਗ’ ਵਿਚੋਂ ਇਕ ਸਿਧਾ ਸੌ ਫੁੱਟ ਦਾ ਵਿਸੇ਼ਸ਼ ਰਸਤਾ ‘ਹਵੇਲੀ ਰਣਜੀਤ ਸਿੰਘ’ ਨੂੰ ਦੇ ਦਿਤਾ ਗਿਆ ਹੈ ਤਾਂ ਜੋ ਦੇਸ-ਵਿਦੇਸ਼ ਦੀ ਸਿੱਖ ਸੰਗਤ ਆਸਾਨੀ ਨਾਲ ਇਸ ਲਾਸਾਨੀ ਸਿੱਖ ਮਹਾਰਾਜੇ ਦੇ ਪਿਤਾ ਪੁਰਖੀ ਘਰ ਦੇ ਦਰਸ਼ਨ ਕਰ ਸਕਣ।
ਅੰਗਰੇਜ਼ ਅਫਸਰ ‘ਸਰ ਅਲੈਗਜ਼ੈਡਰ ਬਰਨਜ਼’ ਆਪਣੀ ਪੁਸਤਕ ‘ਟਰੈਵਲਜ਼ ਇੰਨ ਟੂ ਬੁਖਾਰਾ-1834’ ਵਿਚ ਵਰਣਨ ਕਰਦਾ ਹੈ, “ਮੈਂ ਕਦੀ ਵੀ ਹਿੰਦੁਸਤਾਨ ਦੇ ਕਿਸੇ ਪੁਰਸ਼ ਤੋਂ ਤੁਰਨ ਸਮੇਂ ਐਸਾ ਪ੍ਰਭਾਵ ਨਹੀਂ ਪ੍ਰਾਪਤ ਕੀਤਾ, ਜਿੰਨਾ ਕਿ ਇਸ ਆਦਮੀ ਤੋਂ ਵਿਛੜਨ ਵੇਲੇ। ਬਗੈਰ ਵਿਦਿਆ ਦੇ, ਬਗੈਰ ਕਿਸੇ ਸਲਾਹਕਾਰ ਦੇ ਉਹ ਆਪਣੇ ਰਾਜ ਭਾਗ ਦੇ ਸਾਰੇ ਕੰਮ ਦੰਗ ਕਰ ਦੇਣ ਵਾਲੀ ਚੁਸਤੀ ਤੇ ਹੁਸਿ਼ਆਰੀ ਨਾਲ ਕਰਦਾ ਹੈ। ਫਿਰ ਵੀ ਉਹ ਆਪਣੀ ਤਾਕਤ ਦੀ ਵਰਤੋਂ ਇੰਨੀ ਹਮਦਰਦੀ ਨਾਲ ਕਰਦਾ ਹੈ, ਜੋ ਕਿ ਭਾਰਤੀ ਹੁਕਮਰਾਨਾਂ ਵਿਚ ਮੁਸ਼ਕਿਲ ਨਾਲ ਮਿਲਦੀ ਹੈ।”
ਇਕ ਹੋਰ ਅੰਗਰੇਜ਼ ਅਲੈਗਜਾਂਡਰ ਗਾਰਡਨਰ ਆਪਣੀਆਂ ਯਾਦਾਂ ਵਿਚ ਉਚੇਚਾ ਲਿਖਦਾ ਹੈ, “ਮਹਾਰਾਜਾ ਵਾਸਤਵ ਵਿਚ ਉਨ੍ਹਾਂ ਮਹਾਨ ਕਾਬਲ ਆਦਮੀਆਂ ਵਿਚੋਂ ਸੀ, ਜਿਨ੍ਹਾਂ ਨੂੰ ਸੰਸਾਰ ਦੀ ਰੂਪ ਰੇਖਾ ਬਦਲਣ ਲਈ ਸਿਰਫ ਮੌਕਾ ਚਾਹੀਦਾ ਹੁੰਦਾ ਹੈ। ਮਹਾਰਾਜਾ ਦਾ ਲਾਹੌਰ ਰਾਜ ਦਰਬਾਰ ਪੂਰਬੀ ਠਾਠ ਤੇ ਸ਼ਾਨੋ-ਸੌ਼ਕਤ ਨਾਲ ਚਮਕਦਾ ਸੀ, ਪਰ ਉਹ ਆਪਣੇ ਵਧੀਆ ਤੇ ਸ਼ਾਹੀ ਪਹਿਰਾਵੇ ਵਾਲੇ ਸਰਦਾਰਾਂ ਵਿਚ ਇੰਨਾ ਸਾਦਾ ਪਹਿਰਾਵਾ ਰਖਦਾ ਕਿ ਉਹ ਖਾਸਾਂ ਵਿਚੋਂ ਖਾਸ ਲਗਦਾ ਸੀ।
‘ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੇ 40 ਸਾਲ ਦੇ ‘ਲਾਹੌਰ ਖਾਲਸਾ ਦਰਬਾਰ’ ਨੂੰ ਬੀ. ਬੀ. ਸੀ. ਲੰਦਨ ਦੇ ਵਿਸੇ਼ਸ਼ ਖੋਜੀ ਇਤਿਹਾਸਕਾਰਾਂ ਦੀ ਇਕ ਟੀਮ ਨੇ ਪਿਛਲੇ 500 ਸਾਲਾਂ ਵਿਚ ਸੰਸਾਰ ਭਰ ਅੰਦਰ ਵੱਖੋ ਵੱਖ ਮੁਲਕਾਂ ਉਪਰ ਰਾਜ ਕਰਨ ਵਾਲੇ ਹੁਕਮਰਾਨਾਂ ਵਿਚੋਂ ਪਹਿਲੇ 10 ਸਥਾਨਾਂ ਵਿਚ 5ਵੇਂ ਸਥਾਨ ਦਾ ਸਫਲ, ਨਿਪੁੰਨ ਤੇ ਪਰਜਾਪਾਲਕ ‘ਰਾਜ ਪ੍ਰਬੰਧਕ’ ਸ਼ਾਸ਼ਕ ਐਲਾਨ ਕੇ ਸਿੱਖ ਕੌਮ ਦਾ ਮਾਣ ਦੁਨੀਆਂ ਵਿਚ ਹੋਰ ਵਧਾਇਆ ਹੈ।
(ਸਮਾਪਤ)