ਵਕਤ ਕਿੱਧਰ ਗਿਆ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਾਰਥਨਾ ਦੀ ਸੁੱਚਮ ਬਿਆਨਦਿਆਂ ਕਿਹਾ ਸੀ ਕਿ ਪ੍ਰਾਰਥਨਾ ਸਿਰਫ ਨੇਕਨੀਅਤੀ, ਇਨਸਾਨੀਅਤ, ਆਸਥਾ, ਨਿਰਮਾਣਤਾ, ਨਿਆਰੇਪਣ ਅਤੇ ਨਿਰਪੱਖਤਾ ਨਾਲ ਕੀਤੀ ਜਾਵੇ ਤਾਂ ਇਸ ਦੀਆਂ ਰਹਿਮਤਾਂ ਤੇ ਨਿਆਮਤਾਂ ਵਿਚੋਂ ਜੀਵਨ-ਮੋਤੀ ਨਸੀਬ ਹੁੰਦੇ।…

ਲੋੜ ਹੈ, ਪ੍ਰਾਰਥਨਾ ਨੂੰ ਸੀਮਤ ਤੇ ਸਥਾਪਤ ਦਾਇਰਿਆਂ ਵਿਚੋਂ ਬਾਹਰ ਕੱਢ, ਇਸ ਦੀ ਵਸੀਹਤਾ ਅਨੁਸਾਰ ਇਸ ਨੂੰ ਜੀਵਨ-ਸ਼ੈਲੀ ਬਣਾਈਏ। ਹਥਲੇ ਲੇਖ ਵਿਚ ਡਾ. ਭੰਡਾਲ ਨੇ ‘ਵਕਤ ਹੀ ਨਹੀਂ ਮਿਲਿਆ’ ਜਿਹੇ ਬਹਾਨਿਆਂ ਨੂੰ ਦਰਕਿਨਾਰ ਕਰਨ ਅਤੇ ਵਕਤ ਦੀਆਂ ਕੰਨੀਆਂ ਵਕਤ-ਸਿਰ ਫੜ ਲੈਣ ਯਾਨਿ ਮੌਕਾ ਸਾਂਭ ਲੈਣ ਦੀ ਸਲਾਹ ਦਿੱਤੀ ਹੈ, ਕਿਉਂਕਿ ਵਕਤ ਕਦੋਂ ਚੁਆਤੀ ਲਾ ਜਾਵੇ? ਇਹਦਾ ਅਹਿਸਾਸ ਤਾਂ ਵਕਤ ਲੰਘ ਜਾਣ ਪਿਛੋਂ ਹੀ ਹੁੰਦਾ। ਦਰਅਸਲ ਮਨੁੱਖ ਜਦ ਵਕਤ ਵਿਚੋਂ ਸੁਪਨਿਆਂ ਦੀ ਸਰਜਮੀਂ ਸਿਰਜਣ ਦਾ ਸੁਹਜ ਅਤੇ ਸਲੀਕਾ ਸਮਝ ਲਵੇ ਤਾਂ ਵਕਤ ਉਸ ਦੇ ਪੈਰਾਂ ਵਿਚ ਜਿ਼ੰਦਗੀ ਦੀਆਂ ਸੱਭੇ ਖੈਰਾਂ ਧਰਦਾ। ਉਹ ਕਹਿੰਦੇ ਹਨ ਕਿ ਵਕਤ ਭਾਵੇਂ ਸਿਕੰਦਰ ਏ, ਪਰ ਇਹ ਤਾਂ ਸਿਕੰਦਰ ਨੂੰ ਵੀ ਮੁਆਫ ਨਹੀਂ ਕਰਦਾ; ਤਾਂ ਹੀ ਬੁੱਲੇ ਸ਼ਾਹ ਦਾ ਕਹਿਣਾ ਹੈ, ‘ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।’…ਵਕਤ ਨਾਲ ਲੋਕ ਨਹੀਂ ਬਦਲਦੇ, ਸਗੋਂ ਵਕਤ ਦੇ ਨਾਲ ਉਨ੍ਹਾਂ ਲੋਕਾਂ ਦੀ ਅਸਲੀਅਤ ਤੇ ਸੱਚ ਸਾਹਮਣੇ ਆ ਜਾਂਦੇ, ਜੋ ਪੈਰ ਪੈਰ ਸਾਜਿ਼ਸ਼ਾਂ ਘੜਦੇ ਰਹਿੰਦੇ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਵਕਤ, ਹਵਾ ਦਾ ਰੁਮਕਣਾ, ਦਰਿਆਂ ਦਾ ਨਿਰੰਤਰ ਤੋਰ ਵਿਚ ਵਹਿਣਾ, ਚਿੜੀਆਂ ਦੇ ਚੰਬੇ ਦੀ ਉਡਾਰੀ। ਸਮੇਂ ਦੀ ਧਾਰਾ ਨਿਰੰਤਰ ਵਗਦੀ। ਕੋਈ ਨਹੀ ਠਹਿਰਾਅ, ਰੁਕਾਵਟ, ਜਾਂ ਸੁਸਤਾਉਣ ਦੀ ਵਿਹਲ।
ਵਕਤ ਆਪਣੀ ਤੋਰ ਦਾ ਆਪ ਜਾਮਨ। ਖੁਦ ਹੀ ਕਰਤਾ ਤੇ ਕੀਰਤੀ। ਵਕਤ ਨੂੰ ਕਿਵੇਂ ਵਰਤਣਾ? ਇਸ ਦੀਆਂ ਕਿਹੜੀਆਂ ਦਾਤਾਂ ਨੂੰ ਅਪਨਾਉਣਾ? ਨਿਆਮਤਾਂ ਨੂੰ ਆਪਣੇ ਹਿੱਸੇ ਦਾ ਹਾਸਲ ਕਿਵੇਂ ਬਣਾਉਣਾ ਜਾਂ ਇਸ ਦੀਆਂ ਬਰਕਤਾਂ ਵਿਚੋਂ ਖੁਦ ਨੂੰ ਕਿਵੇਂ ਰੁਸ਼ਨਾਉਣਾ, ਇਹ ਵਿਅਕਤੀ ਵਿਸ਼ੇਸ਼ ‘ਤੇ ਨਿਰਭਰ।
ਵਕਤ ਹਮੇਸ਼ਾ ਹੱਥ ‘ਚੋਂ ਤਿਲਕਦਾ ਵੀ ਅਤੇ ਪਲ ਪਲ ਬਦਲਦਾ ਵੀ। ਇਹ ਕਦੇ ਵੀ ਸਥਿਰ, ਸ਼ਾਂਤ, ਸਾਵਾਂ, ਸੁੰਦਰ ਅਤੇ ਸੰਪੂਰਨ ਨਹੀਂ ਹੁੰਦਾ। ਘੜੀ ਦੀਆਂ ਸੂਈਆਂ ਦੀ ਦਿਸ਼ਾ ਪਲ ਪਲ ਬਦਲਦੀ। ਘੜੀ ਦੀ ਕੀਮਤ ਕੁਝ ਵੀ ਹੋਵੇ, ਪਰ ਵਕਤ ਹਮੇਸ਼ਾ ਹੀ ਕੀਮਤੀ ਹੁੰਦਾ।
ਵਕਤ ਉਹ ਹਕੀਕਤ ਹੈ, ਜੋ ਦੌੜਦੀ ਹੈ। ਡਿੱਗ ਵੀ ਪਵੇ ਤਾਂ ਫਿਰ ਉਠ ਪੈਂਦੀ, ਪਰ ਕਦੇ ਵੀ ਰੁਕਦੀ ਨਹੀਂ।
ਵਕਤ ਭਾਵੇਂ ਸਿਕੰਦਰ ਏ, ਪਰ ਇਹ ਤਾਂ ਸਿਕੰਦਰ ਨੂੰ ਵੀ ਮੁਆਫ ਨਹੀਂ ਕਰਦਾ; ਤਾਂ ਹੀ ਬੁੱਲੇ ਸ਼ਾਹ ਦਾ ਕਹਿਣਾ ਹੈ, “ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।”
ਵਕਤ ਬਦਲਣ `ਤੇ ਜਦ ਆਪਣੇ ਰੰਗ ਬਦਲਦੇ ਨੇ ਤਾਂ ਵਕਤ ਦੇ ਮੂੰਹ ਵਿਚ ਵੀ ਘੁੰਘਣੀਆਂ ਪੈ ਜਾਂਦੀਆਂ। ਕਬਰਾਂ ਨਮੋਸ਼ੀ ਵਿਚ ਡੁੱਬ ਜਾਂਦੀਆਂ ਅਤੇ ਸਿਵਿਆਂ ਨੂੰ ਵੀ ਸਬਰ ਹੀ ਕਰਨਾ ਪੈਂਦਾ, ਜਦ ਆਪਣੇ ਹੀ ਆਪਣਿਆਂ ਲਈ ਕਬਰਾਂ ਪੁੱਟਦੇ।
ਵਕਤ ਨੇ ਸਦਾ ਚੱਲਦੇ ਰਹਿਣਾ। ਨਾ ਹੀ ਇਸ ਨੇ ਕਿਸੇ ਦੀ ਮੰਨਣੀ ਅਤੇ ਨਾ ਹੀ ਕਿਸੇ ਦੇ ਦਬਾਅ ਹੇਠ ਪਲ ਭਰ ਠਹਿਰਨਾ। ਇਸ ਦਾ ਸੁਭਾਅ ਹੀ ਨਹੀਂ ਕਿ ਇਹ ਕਿਸੇ ਦੀ ਉਡੀਕ ਕਰੇ। ਖੁਦ ਹੀ ਇਸ ਦੀ ਉਡੀਕ ਕਰਨੀ ਪੈਣੀ ਅਤੇ ਇਸ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਪੈਣਾ। ਬਹੁਤ ਪਛੜ ਜਾਂਦੇ ਨੇ ਉਹ ਲੋਕ, ਜਿਹੜੇ ਵਕਤ ਦੀ ਉਡੀਕ ਵਿਚ ਜਿ਼ੰਦਗੀ ਦੀ ਦਹਿਲੀਜ਼ `ਤੇ ਬੈਠੈ ਹੀ ਉਮਰ ਗੁਜਾਰ ਦਿੰਦੇ। ਆਖਰ ਨੂੰ ਇਕ ਪਛਤਾਵਾ ਝੋਲੀ ਵਿਚ ਪਵਾ, ਆਖਰੀ ਸਫਰ ਦੀ ਤਿਆਰੀ ਵਿਚ ਰੁੱਝ ਜਾਂਦੇ।
ਵਕਤ ਸਾਹਵੇਂ ਨਹੀਂ ਕਿਸੇ ਦੀ ਔਕਾਤ। ਵਕਤ ਵਿਚ ਰਾਤ ਵੀ ਹੁੰਦੀ ਤੇ ਪ੍ਰਭਾਤ ਵੀ। ਜਜ਼ਬਾਤ ਵੀ ਹੁੰਦੇ ਤੇ ਕਰਾਮਾਤ ਵੀ। ਨਫਾਸਤ ਵੀ ਤੇ ਸਾਇਸ਼ਤਗੀ ਵੀ। ਅਵਾਰਗੀ ਵੀ ਤੇ ਫਕੀਰਾਨਾ ਫਿਤਰਤ ਵੀ। ਵਕਤ ਸਰਘੀ ਵੀ ਤੇ ਸ਼ਾਮ ਵੀ। ਪੁੰਨਿਆਂ ਵੀ ਇਹੀ ਤੇ ਮੱਸਿਆ ਵੀ। ਇਹ ਤਾਂ ਬੰਦੇ `ਤੇ ਨਿਰਭਰ ਕਿ ਇਸ ਨੇ ਮੱਸਿਆ ਵਿਚੋਂ ਚੰਦਰਮਾ ਨੂੰ ਕਿਵੇਂ ਨਿਹਾਰਨਾ? ਸ਼ਾਮ ਦੇ ਧੁੰਦਲਕੇ ਵਿਚ ਸਵੇਰ ਨੂੰ ਕਿਵੇਂ ਕਿਆਸਣਾ? ਰਾਤ ਵਿਚੋਂ ਵੀ ਪੂਰਬ ਵਲੋਂ ਚੜ੍ਹਦੇ ਸੂਰਜ ਦੀ ਅੱਖ ਵਿਚ ਅੱਖ ਪਾ ਕੇ ਕਿੰਜ ਦੇਖਣਾ?
ਵਕਤ ਨਾਲ ਲੋਕ ਨਹੀਂ ਬਦਲਦੇ, ਸਗੋਂ ਵਕਤ ਨਾਲ ਉਨ੍ਹਾਂ ਦੀ ਅਸਲੀਅਤ ਤੇ ਸੱਚ ਸਾਹਮਣੇ ਆ ਜਾਂਦਾ, ਜਿਹੜਾ ਅਕਸਰ ਹੀ ਨਕਾਬ ਪਿੱਛੇ ਛੁਪਿਆ ਹੁੰਦਾ।
ਅੱਜ ਨੇ ਸਿਰਫ ਅੱਜ ਹੀ ਰਹਿਣਾ। ਕੱਲ੍ਹ ਤਾਂ ਬੀਤ ਚੁੱਕਿਆ ਵੀ ਹੁੰਦਾ ਅਤੇ ਆਉਣ ਵਾਲਾ ਵੀ ਕੱਲ੍ਹ ਹੀ ਹੁੰਦਾ। ਸੋ ਅੱਜ ਵਿਚ ਜਿਊਣਾ ਚੰਗਾ, ਨਾ ਕਿ ਆਉਣ ਵਾਲੇ ਕੱਲ੍ਹ ਦੀ ਉਡੀਕ ਵਿਚ ਅੱਜ ਨੂੰ ਹੱਥੋਂ ਗਵਾ ਲਿਆ ਜਾਵੇ। ਅੱਜ ਹੀ ਆਪਣੇ ਸੁਪਨਿਆਂ ਨੂੰ ਸੱਚ ਕਰੋ। ਕੀ ਪਤਾ ਕੱਲ੍ਹ ਆਵੇ ਜਾਂ ਨਾ ਆਵੇ।
ਵਕਤ ਬਹਿਸ਼ਤ, ਵਕਤ ਹੀ ਬੰਦਗੀ। ਵਕਤ ਹੀ ਬਰਕਤ। ਵਕਤ ਹੀ ਬੰਦਿਆਈ ਚੰਗਿਆਈ, ਬਹੁਲਤਾ ਅਤੇ ਬਹਾਦਰੀ। ਵਕਤ ਖੁਦਗਰਜ ਵੀ ਅਤੇ ਬੇਫਿਕਰੀ ਦਾ ਆਲਮ ਵੀ। ਦਰਅਸਲ ਮਨੁੱਖ ਜਦ ਵਕਤ ਵਿਚੋਂ ਸੁਪਨਿਆਂ ਦੀ ਸਰਜਮੀਂ ਸਿਰਜਣ ਦਾ ਸੁਹਜ ਅਤੇ ਸਲੀਕਾ ਸਮਝ ਲਵੇ ਤਾਂ ਵਕਤ ਉਸ ਦੇ ਪੈਰਾਂ ਵਿਚ ਜਿ਼ੰਦਗੀ ਦੀਆਂ ਸੱਭੇ ਖੈਰਾਂ ਧਰਦਾ। ਉਸ ਨੂੰ ਸੰਸਾਰਕ ਅਤੇ ਭਾਵੁਕ ਦੌਲਤਾਂ ਨਾਲ ਨਿਵਾਜਦਾ ਏ।
ਪਰ ਅਫਸੋਸ ਕਿ ਸਾਨੂੰ ਤਾਂ ਵਕਤ ਹੀ ਨਹੀਂ ਮਿਲਦਾ। ਪਤਾ ਨਹੀਂ ਲੱਗਦਾ ਕਿ ਵਕਤ ਹੀ ਕਿਧਰ ਗਿਆ? ਸਾਡੇ ਵਿਹੜੇ ਆਉਂਦਾ ਰਾਹ ‘ਚ ਵਿਟਰ ਗਿਆ ਅਤੇ ਉਸ ਦੀਆਂ ਦੁਆਵਾਂ ਤੇ ਅਦਾਵਾਂ ਵਿਚੋਂ ਬੰਦਾ ਵਿਸਰ ਗਿਆ।
ਬਸਤੇ ਦੇ ਬੋਝ ਥੱਲੇ ਜਦ ਬਚਪਨਾ ਸਹਿਕ ਜਾਵੇ ਤਾਂ ਵਿਹੜੇ ਦੀ ਛਪੜੀ ‘ਚ ਕਾਗਜ਼ ਦੀਆਂ ਬੇੜੀਆਂ ਚਲਾਉਣ, ਸਾਈਕਲ ਦੇ ਟਾਇਰ ਨੂੰ ਭਜਾਉਣ, ਛੱਪੜ ਦੇ ਕੰਢੇ ਬੈਠ ਕੇ ਠੀਕਰੀਆਂ ਚਲਾਉਣ, ਪਤੰਗ ਉਡਾਉਣ, ਘਰ ਦੀ ਹਰ ਕੰਧ `ਤੇ ਲੀਕਾਂ ਮਾਰਨ ਅਤੇ ਰਿਹਾੜ ਕਰਨ ਦਾ ਵਕਤ ਹੀ ਨਹੀਂ ਮਿਲਦਾ।
ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਲਈ ਪੜ੍ਹਾਈ ਵਿਚ ਅਜਿਹੇ ਖੁੱਭ ਗਏ ਕਿ ਅੱਲ੍ਹੜ ਉਮਰੇ ਕਿਸੇ ਨੂੰ ਪਿਆਰ ਕਰਨ ਦਾ ਮੌਕਾ ਹੀ ਨਾ ਮਿਲਿਆ। ਵਕਤ ਹੀ ਉਡੀਕਦੇ ਰਹੇ, ਪਰ ਉਮਰ ਨੇ ਕਦ ਉਡੀਕਣਾ ਸੀ?
ਵਕਤ-ਵਕਤ ਦੀ ਬਾਤ ਹੁੰਦੀ। ਵਕਤ ਬੀਤ ਜਾਵੇ ਤਾਂ ਦੱਸੋ ਕਿੰਜ ਬਾਤ ਹੋਵੇ? ਵਕਤ ਨਿਕਲ ਜਾਂਦਾ ਤਾਂ ਸਮੇਂ ਦੀ ਅੱਖ ਰੋਵੇ ਅਤੇ ਵਕਤ ਹੱਥੋਂ ਹੀ ਬੰਦਾ ਬਰਬਾਦ ਹੋਵੇ।
ਜਵਾਨੀ ਵਿਚ ਪੈਰ ਧਰਦਿਆਂ ਫੱਬਣ, ਸੱਜਣ-ਸਜਾਉਣਾ ਲਈ ਵਕਤ ਦੀ ਉਡੀਕ ਵਿਚ ਹੀ ਵਕਤ ਹੱਥੋਂ ਕਿਰ ਗਿਆ। ਉਮਰ ਬੀਤ ਜਾਣ ਤੋਂ ਬਾਅਦ ਕੌਣ ਸ਼ੌਕੀਨੀ ਪਾਲਣ ਦਾ ਜੇਰਾ ਕਰੇ? ਕਿਹੜੇ ਸਮੇਂ ਦੀ ਉਡੀਕ ਕਰੇ ਕਿ ਵਕਤ ਉਸ ਦੀਆਂ ਮੁੱਠੀਆਂ ਭਰੇ? ਇਹ ਸੋਚਦਿਆਂ ਹੀ ਬੀਤ ਜਾਂਦਾ ਏ ਵਕਤ ਅਤੇ ਪੱਲੇ ਵਿਚ ਰਹਿ ਜਾਂਦੀ ਏ ਬੀਤੇ ਸਮੇਂ ਦੀ ਹੱਥਾਂ ਵਿਚੋਂ ਕਿਰ ਰਹੀ ਰਾਖ।
ਕਦੇ ਸੱਜਣਾਂ ਨੇ ਆਖਿਆ ਕਿ ਮਿਲ ਕੇ ਜਾ। ਕੋਲ ਬਹਿ ਕੇ ਦਰਦ ਸੁਣਾ ਅਤੇ ਮੇਰਾ ਦੁੱਖੜਾ ਵੀ ਸੁਣਦਾ ਜਾ। ਜਖਮਾਂ ਨੂੰ ਸਹਿਲਾਅ ਤੇ ਰਿਸਦੇ ਜ਼ਖਮਾਂ ‘ਤੇ ਮਿੱਠੜੇ ਬੋਲਾਂ ਦੀ ਮਰਹਮ ਲਾ; ਪਰ ਵਕਤ ਹੀ ਨਹੀਂ ਮਿਲਿਆ ਅਤੇ ਸੱਜਣ ਹੋ ਗਏ ਸਦਾ ਲਈ ਪਰਾਏ।
ਆੜੀ ਨੇ ਕਿਹਾ ਕਿ ਆ ਜਾ ਯਾਰਾ। ਯਾਦਾਂ ਦਾ ਬਸਤਾ ਏ ਭਾਰਾ। ਕਦੇ ਕੱਢ ਵਕਤ ਤੂੰ ਦਿਲਦਾਰਾ। ਬੇਫਿਕਰੀ ਦੀਆਂ ਜੂਹਾਂ ਵਿਚ ਜਾਈਏ। ਬੀਤੇ ਵਕਤ ਨੂੰ ਮੋੜ ਲਿਆਈਏ। ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਰੂਹੇ-ਰੰਗ ਚੜ੍ਹਾਈਏ। ਇਸ ਜੀਵਨੀ ਭੱਜਦੌੜ ‘ਚ ਬੀਤੇ ਪਲਾਂ ਦੇ ਪੀਹੜੇ ਬਹਿ ਕੇ ਕੁਝ ਸੁਣੀਏ ਤੇ ਕੁਝ ਸੁਣਾਈਏ। ਮਨ ਤਾਂ ਕਰਦਾ ਸੀ ਕਿ ਮਾਸੂਮ ਸ਼ਰਾਰਤਾਂ ਤੇ ਇੱਲਤਾਂ ਵਿਚੋਂ ਮਾਪਿਆਂ ਦੀਆਂ ਘੁਰਕੀਆਂ ਤੇ ਉਲਾਹਮਿਆਂ ਨੂੰ ਫਿਰ ਤੋਂ ਚਿਤਾਰੀਏ ਅਤੇ ਮਾਸੂਮੀਅਤ ਦੇ ਰੁਆਂਸੇ ਮੁੱਖ ਨੂੰ ਸਿੰ਼ਗਾਰੀਏ, ਪਰ ਕੀ ਕਰੀਏ ਵਕਤ ਹੀ ਨਾ ਮਿਲਿਆ।
ਕਦੇ ਫਰਜ਼ਾਂ ਦੀ, ਕਦੇ ਕਰਜ਼ਾਂ ਦੀ ਤੇ ਕਦੇ ਮਰਜ਼ਾਂ ਦੀ ਪੰਡ ਢੋਂਦਿਆਂ, ਆਪਣਾ ਆਪਾ ਖੁਦ ਹੀ ਕੋਂਹਦਿਆਂ, ਬਾਹਰੋਂ ਹੱਸਦਿਆਂ ਪਰ ਅੰਦਰੋਂ ਰੋਂਦਿਆਂ, ਜਾਗਦੇ ਦੁੱਖੜਿਆਂ ਨੂੰ ਧਿੰਗੋਜੋਰੀਂ ਸੁਆਉਂਦਿਆਂ ਅਤੇ ਆਪਣੇ ਸਾਹਾਂ ਨੂੰ ਸੂਲੀ ‘ਤੇ ਟਿਕਾਉਂਦਿਆਂ ਜਦ ਖੁਦ ਨੂੰ ਮਿਲਣਾ ਚਾਹਿਆ ਤਾਂ ਵਕਤ ਹੀ ਨਾ ਮਿਲਿਆ।
ਪਲ ਭਰ ਸੁਖਨ ਨਾਲ ਬਹਿਣ ਦਾ, ਯਾਰ ਨੂੰ ਮਨ ਦੀਆਂ ਕਹਿਣ ਦਾ। ਉਸ ਦੀਆਂ ਸੁਣਨ ਅਤੇ ਆਪਣੀਆਂ ਸੁਣਾਉਣ ਦਾ। ਭਾਂਵਾਂ ਦੀ ਗੰਢ ਖੋਲਣ ਤੇ ਚਾਅ ਦੇ ਹਾਰ ਪਰੋਵਣ ਤੇ ਅਹਿਸਾਸਾਂ ਨੂੰ ਪਰਚਾਉਣ ਵਾਲੇ ਪਲਾਂ ਦੀ ਆਸ ਲਾਈ ਤਾਂ ਜੀਵਨ ਨੇ ਕੇਹੀ ਭਰੀ ਅੰਗੜਾਈ ਕਿ ਸਾਹਾਂ ਹੱਥੋਂ ਬੇਗਾਨਗੀ ਦਾ ਸਿਵਾ ਸੇਕਿਆ। ਰੂਹ ਦੀ ਬਗੀਚੀ ‘ਚ ਫੁੱਲ ਖਿੜਾਉਣ ਦਾ ਤਾਂ ਮੌਕਾ ਹੀ ਨਾ ਮਿਲਿਆ ਤੇ ਵਕਤ ਤਿਲਕ ਗਿਆ।
ਕਦੇ ਦਿਲ ਨੇ ਚਾਹਿਆ ਸਹਿਜੇ ਸਹਿਜੇ ਰੋਟੀ ਖਾਣ ਦਾ, ਸੁਹਜ ਦੀ ਬੀਹੀ ਹੇਕ ਲਾਉਣ ਦਾ ਤੇ ਸਕੂਨ ਨਾਲ ਜਿਊਣ ਦਾ। ਬੱਚਿਆਂ ਸੰਗ ਬੱਚੇ ਬਣਨ ਦਾ, ਉਨ੍ਹਾਂ ਦੀ ਸੰਗਤ ਵਿਚੋਂ ਖੁਦ ਦਾ ਗੁਆਚਿਆ ਬਚਪਨ ਭਾਲਣ ਅਤੇ ਬੱਚਿਆਂ ਦੀਆਂ ਕਿਲਕਾਰੀਆਂ, ਅਲਮਸਤਾ ਅਤੇ ਪਾਕੀਜ਼ਗੀ ਨੂੰ ਅੱਖਾਂ ਸਾਹਵੇਂ ਨਿਹਾਰਨਾ ਚਾਹਿਆ; ਪਰ ਕੀ ਕਰਾਂ ਕਿ ਵਕਤ ਹੀ ਨਹੀਂ ਮਿਲਿਆ।
ਕੰਧਾਂ ਵਿਚੋਂ ਮਕਾਨ ਉਸਾਰਨ, ਮਕਾਨ ਵਿਚੋਂ ਘਰ ਨਿਹਾਰਨ, ਕਮਰਿਆਂ ਵਿਚ ਪਲਮਦੇ ਪਿਆਰ ਨੂੰ ਵਿਸਥਾਰਨ, ਘਰ ਵਿਚ ਉਸਰੀਆਂ ਕੰਧਾਂ ਨੂੰ ਢਾਹੁਣ, ਗੂੰਗੀ ਚੁੱਪ ਦੇ ਨਾਮ ਕੁਝ ਬੋਲ ਲਾਉਣ, ਘਰ ਦੀ ਚੁੱਪ ਵਿਚ ਅਰਦਾਸ ਤੇ ਆਸਥਾ ਦਾ ਦੀਵਾ ਜਗਾਉਣ ਦੀ ਚਾਹਨਾ ਤਾਂ ਕੀਤੀ, ਪਰ ਸਮਾਂ ਹੀ ਨਾ ਮਿਲਿਆ ਅਤੇ ਵਕਤ ਹੀ ਲੰਘ ਗਿਆ।
ਕਦੇ ਕਦਾਈਂ ਕੋਰੇ ਕਾਗਜ਼ ਦੀ ਹਿੱਕ `ਤੇ ਹਰਫਾਂ ਨਾਲ ਸੰਵਾਦ ਰਚਾ, ਇਨ੍ਹਾਂ ਵਿਚ ਅਰਥਾਂ ਦੇ ਜੁਗਨੂੰ ਟਿਕਾ, ਇਬਾਰਤ ਵਿਚ ਸੁਖਨ ਤੇ ਸਕੂਨ ਉਗਾ ਅਤੇ ਕਾਪੀ ਨੂੰ ਕਿਤਾਬ ਬਣਾ, ਇਸ ਨੂੰ ਕਮਰੇ ਦੀ ਪਾਕ-ਨੁੱਕਰੇ ਟਿਕਾਉਣ ਦੀ ਬਹੁਤ ਤਮੰਨਾ ਸੀ, ਪਰ ਕੀ ਕਰਾਂ ਵਕਤ ਹੀ ਫਿੱਸਲ ਗਿਆ ਅਤੇ ਮੈਂ ਹੱਥ ਮਲਦਾ ਰਹਿ ਗਿਆ।
ਬਹੁਤ ਜੀਅ ਕਰਦਾ ਸੀ ਕਿ ਕਮਰੇ ਦੀ ਕੰਧ ‘ਤੇ ਕੈਨਵਸ ਲਟਕਾਵਾਂ, ਬੁਰਸ਼ ਦੀਆਂ ਛੂਹਾਂ ਨਾਲ ਕਲਾ-ਕਿਰਤੀਆਂ ਵਾਹਵਾਂ, ਮਨ ਵਿਚ ਦੱਬੀਆਂ ਭਾਵਨਾਵਾਂ ਤੋਂ ਰਾਹਤ ਪਾਵਾਂ ਅਤੇ ਆਪਣੇ ਸ਼ੌਕ ਦੇ ਅੰਦਾਜ਼ ਤੇ ਪਰਵਾਜ਼ ਲਈ ਪਰ ਬਣ ਜਾਵਾਂ, ਪਰ ਜਿ਼ੰਦਗੀ ਦੇ ਝਮੇਲਿਆਂ ਵਿਚ ਅਜਿਹਾ ਗਵਾਚਿਆ ਕਿ ਕੈਨਵਸ ਤੇ ਹਉਕੇ ਦੇ ਬੁਰਸ਼ ਨਾਲ ਸਿਰਫ ਇਕ ਹੰਝੂ ਤੇ ਸਿੱਸਕੀ ਹੀ ਧਰ ਸਕਿਆ ਅਤੇ ਵਕਤ ਬੀਤ ਗਿਆ।
ਰੂਹ ਚਾਹੁੰਦੀ ਸੀ ਕਿ ਕਦੇ ਜੰਗਲ-ਬੇਲੇ ਗਾਹਵਾਂ, ਪਹਾੜਾਂ ਦੀਆਂ ਅਣਛੋਹੀਆਂ ਟੀਸੀਆਂ ਨੂੰ ਹੱਥ ਲਾ ਕੇ ਆਵਾਂ, ਸ਼ਾਂਤ-ਸਮੁੰਦਰਾਂ ਦੀ ਡੂੰਘਾਈ ਨਾਪ ਕੇ ਆਵਾਂ, ਇਸ ਦੀ ਹਿੱਕ ਵਿਚਲੇ ਉਬਾਲਾਂ ਨੂੰ ਉਲਥਾਵਾਂ, ਦਰਿਆਵਾਂ ਦੀ ਰਵਾਨਗੀ ਨੂੰ ਜੀਵਨ-ਤੋਰ ਦੇ ਨਾਮ ਲਾਵਾਂ ਅਤੇ ਇਨ੍ਹਾਂ ਕੋਲੋਂ ਜਿਊਣ ਦਾ ਰਾਜ਼, ਆਪਣੀ ਜੀਵਨ ਜਾਚ ਵਿਚ ਉਕਰਾਵਾਂ; ਪਰ ਰੂਹ ਨੂੰ ਕੈਦਖਾਨੇ ਹੀ ਡੱਕੀ ਰੱਖਿਆ। ਜਦੋਂ ਇਸ ਨੂੰ ਆਜ਼ਾਦ ਕਰਨ ਦਾ ਚੇਤਾ ਆਇਆ ਤਾਂ ਉਨੀ ਦੇਰ ਤੱਕ ਵਕਤ ਹੀ ਨਿਕਲ ਗਿਆ ਅਤੇ ਮੈਂ ਚੁੱਪ ਕਰਕੇ ਬਹਿ ਗਿਆ।
ਬਹੁਤ ਜੀਅ ਕਰਦਾ ਸੀ ਕਿ ਮੈਂ ਆਪਣੇ ਬਾਪ ਦੀਆਂ ਬਿਆਈਆਂ, ਹੱਥਾਂ ਦੇ ਰੱਟਣਾਂ ਅਤੇ ਮੱਥੇ ਦੀਆਂ ਝੁਰੜੀਆਂ ਵਿਚੋਂ ਉਸ ਦੇ ਜੀਵਨ ਦੇ ਸਿਲਾਲੇਖਾਂ ਨੂੰ ਹਰਫ ਦੇਵਾਂ। ਉਨ੍ਹਾਂ ਦੀ ਇਬਾਰਤ ਨੂੰ ਇਬਾਦਤ ਬਣਾਵਾਂ ਅਤੇ ਇਸ ਨੂੰ ਇਬਾਦਤ ਨੂੰ ਵਿਰਾਸਤ ਬਣ ਕੇ ਅਗਲੀਆਂ ਪੀਹੜੀਆਂ ਦੇ ਨਾਮ ਕਰਾਂ; ਪਰ ਕੀ ਕਰਾਂ ਵਕਤ ਹੀ ਨਾ ਮਿਲਿਆ। ਇਸ ਦਾ ਪਛਤਾਵਾ ਤਾਉਮਰ ਮੇਰੇ ਨੈਣਾਂ ਵਿਚ ਘਰਾਲਾਂ ਬਣ ਕੇ ਮੁਖੜੇ `ਤੇ ਆਪਣੇ ਨਕਸ਼ ਉਕਰਦਾ ਰਹੇਗਾ। ਦਰਅਸਲ ਮੇਰੀ ਪਤਨੀ ਨੇ 2019 ਵਿਚ ਮੈਨੂੰ ਕਿਹਾ ਸੀ ਕਿ ਬਥੇਰੀ ਨੌਕਰੀ ਕਰ ਲਈ, ਹੁਣ ਕੁਝ ਵਕਤ ਆਪਣੇ ਬਾਪ (ਉਸ ਸਮੇਂ ਉਨ੍ਹਾਂ ਦੀ ਉਮਰ 95 ਸਾਲ ਅਤੇ ਅਰੋਗ ਸਨ) ਨਾਲ ਵੀ ਬਿਤਾਈਏ। ਵਾਅਦਾ ਕੀਤਾ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਤਿੰਨ ਮਹੀਨੇ ਬਾਪ ਸੰਗ ਗੁਜਾਰਾਂਗੇ, ਪਰ ਅਚਨਚੇਤ ਜਦ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਤੁਰ ਗਏ ਤਾਂ ਸਿਰਫ ਇਕ ਪਛਤਾਵਾ ਉਮਰ ਦਾ ਦਾਗ ਬਣ ਗਿਆ। ਵਕਤ ਨਾ ਮਿਲਣ ਦਾ ਬਹਾਨਾ, ਜੀਵਨ ਨੂੰ ਕਿਵੇਂ ਪ੍ਰਭਾਵਤ ਕਰਦਾ ਤੇ ਤੁਹਾਡੇ ਚਿੱਤਵੇ ਸੁਪਨਿਆਂ ਨੂੰ ਕਿੰਜ ਤਾਰ-ਤਾਰ ਕਰਦਾ, ਇਹ ਤਾਂ ਉਸ ਸਮੇਂ ਪਤਾ ਲੱਗਦਾ ਜਦ ਵਕਤ ਹੀ ਬੀਤ ਜਾਂਦਾ।
ਬੜਾ ਮਨ ਕਰਦਾ ਸੀ ਕਿ ਆਪਣੇ ਪਿਆਰੇ ਦੋਸਤ ਨੂੰ ਆਖਰੀ ਸਫਰ ਵੇਲੇ ਮੋਢਾ ਦੇਵਾਂਗਾ। ਉਸ ਦੀਆਂ ਆਖਰੀ ਰਸਮਾਂ ਪੂਰਨ ਤਨਦੇਹੀ ਤੇ ਸਮਰਪਿਤਾ ਨਾਲ ਨਿਭਾਵਾਂਗਾ। ਉਸ ਦੀ ਆਖਰੀ ਇੱਛਾ ਨੂੰ ਪੂਰੀ ਕਰਾਂਗਾ, ਪਰ ਕੀ ਕਰਾਂ? ਮੈਂ ਤਾਂ ਆਪਣੇ ਮਿੱਤਰ ਨੂੰ ਮੋਢਾ ਵੀ ਨਾ ਦੇ ਸਕਿਆ। ਵਕਤ ਬੀਤਣ ਤੋਂ ਬਾਅਦ ਜਦ ਪਿੰਡ ਜਾ ਕੇ ਸਿਵਿਆਂ ਨੂੰ ਸਿਜਦਾ ਕਰ ਸਕਾਂਗਾ। ਜਿਉਂਦੇ ਜੀਅ ਇਕ ਵਾਰ ਫਿਰ ਮਰਾਂਗਾ। ਪੁਸ਼ਤੈਨੀ ਘਰ ਦੀਆਂ ਬਰੂਹਾਂ ਤੇ ਬੂਹਿਆਂ ਨੂੰ ਟੋਹਾਂਗਾ। ਦੋਸਤੀ ਦੀਆਂ ਨਿਸ਼ਾਨੀਆਂ ਵਿਚੋਂ ਬੀਤੇ ਪਲਾਂ ਨੂੰ ਸੋਚ-ਸੂਲਾਂ ਵਿਚ ਪਰੋਵਾਂਗਾ। ਖੁਦ ਨੂੰ ਕੋਹਾਂਗਾ ਅਤੇ ਦਲਾਨ ਵਿਚ ‘ਕੱਲਾ ਬਹਿ ਕੇ ਜੀਅ ਭਰ ਕੇ ਰੋਵਾਂਗਾ। ਵਕਤ ਬੀਤ ਜਾਵੇ ਤਾਂ ਕੁਝ ਨਹੀਂ ਬਚਦਾ। ਪੱਲੇ ‘ਚ ਰਹਿ ਜਾਂਦੇ ਯਾਦਾਂ ਦੇ ਛੱਲੇ, ਜੋ ਜਿੰਦ ਨੂੰ ਵਲੇ ਅਤੇ ਅਰਮਾਨਾਂ ਵਿਚ ਪੀੜ ਦਾ ਆਰਾ ਚੱਲੇ।
ਕਦੇ ਕਦੇ ਮਨ ‘ਚ ਆਉਂਦਾ ਕਿ ਕਾਲਜੀਏਟ ਮਿੱਤਰ ਦੇ ਮੋਢੇ `ਤੇ ਸਿਰ ਰੱਖ ਕੇ ਰੋਵਾਂ, ਦਿਲ `ਤੇ ਲੱਗੇ ਹੋਏ ਪੁਰਾਣੇ ਦਾਗਾਂ ਨੂੰ ਧੋਵਾਂ, ਉਸ ਦੀ ਗਲਵੱਕੜੀ ‘ਚ ਖੁਦ ਨੂੰ ਲਕੋਵਾਂ, ਸੱਜਣਤਾਈ ਦੇ ਗੁਲਾਲ ‘ਚ ਮਲ ਮਲ ਨਹਾਵਾਂ, ਮਿੱਤਰ ਦੀ ਅਪਣੱਤ, ਅਵਾਰਗੀ ਤੇ ਅਲਬੇਲਤਾ ਨੂੰ ਮੁੜ ਤੋਂ ਜਗਾਵਾਂ ਅਤੇ ਉਸ ਨਾਲ ਬੀਤੀਆਂ ਯਾਦਾਂ ਵਿਚ ਖੁਦ ਨੂੰ ਉਲਥਾਵਾਂ। ਪਰ ਕੀ ਕਰਾਂ! ਸੋਚਦਾ ਹੀ ਰਹਿੰਦਾ ਹਾਂ ਅਤੇ ਵਕਤ ਲੰਘਦਾ ਜਾਂਦਾ ਏ।
ਕਦੇ ਕਦਾਈਂ ਤਾਂ ਭੈਣ-ਭਰਾ ਵੀ ਕਹਿੰਦੇ ਕਿ ਵੀਰਾ ਕਦੇ ਤਾਂ ਘਰ ਮੁੜ ਆ, ਇੱਟਾਂ ਨੂੰ ਘਰ ਬਣਾ, ਚੌਂਕੇ ‘ਚ ਚੁਗਲੀਆਂ ਕਰਦੀ ਅੱਗ ਨੂੰ ਬੁਝਾ, ਵਿਹੜੇ ਵਿਚਲੇ ਜਾਮਨ ਦੀਆਂ ਜਾਮਣਾਂ ਖਾਂ, ਇਸ ‘ਤੇ ਪੀਂਘ ਪਾ, ਆਪ ਵੀ ਝੂਟ ਤੇ ਸਾਨੂੰ ਵੀ ਝੁਟਾ। ਆਪਣੀ ਬੀਤੀ ਜਿ਼ੰਦਗੀ ਦੀਆਂ ਪਰਤਾਂ ਦੀ ਝਲਕ ਹੀ ਦਿਖਲਾ ਅਤੇ ਸਾਡੇ ਜੀਵਨ ਦੀਆਂ ਕੌੜੀਆਂ-ਕੁਸੈਲੀਆਂ ਅਤੇ ਖੱਟੀਆਂ ਮਿੱਠੀਆਂ ਯਾਦਾਂ ਨੂੰ ਮਨ-ਝੋਲੀ ਵਿਚ ਪਵਾ। ਭਾਵੇਂ ਅਗਲੇ ਦਿਨ ਹੀ ਮੁੜ ਜਾਈਂ, ਪਰ ਕੀ ਕਰਾਂ? ਸਮਾਂ ਹੀ ਨਹੀਂ ਮਿਲ ਸਕਿਆ ਅਤੇ ਫਿਰ ਯਾਦ ਹੀ ਨਾ ਰਿਹਾ ਕਿ ਵਕਤ ਕਿਧਰ ਗਿਆ?
ਮਨ ‘ਚ ਬੜੀ ਵਾਰ ਆਇਆ ਕਿ ਸਾਹ ਔਖਾ ਆਉਂਦਾ ਏ। ਰੋਟੀ ਵੀ ਨਹੀਂ ਪਚਦੀ। ਦਿਲ ਦੀ ਧੜਕਣ ਤੇਜ ਏ। ਗੋਡੇ ਵੀ ਜਵਾਬ ਦੇਈ ਜਾਂਦੇ। ਡਾਕਟਰ ਨੂੰ ਹੀ ਮਿਲ ਆਵਾਂ। ਕੁਝ ਸਿਹਤ ਦਾ ਹੀ ਓਹੜ-ਪੋਹੜ ਕਰਾਂ, ਪਰ ਵਕਤ ਹੀ ਨਹੀਂ ਮਿਲਿਆ ਅਤੇ ਆਖਰ ਨੂੰ ਸਰੀਰ ਹੀ ਜਵਾਬ ਦੇ ਗਿਆ। ਹੁਣ ਡਾਕਟਰ ਕੋਲ ਕੌਣ ਲਿਜਾਵੇ? ਕਿਹੜਾ ਦਵਾ ਦਾਰੂ ਕਰਾਵੇ? ਕੌਣ ਫਿਕਰ ਕਰੇ? ਕਿਹੜਾ ਜਿ਼ਕਰ ਕਰੇ? ਕੌਣ ਹਾਕ ਹੁੰਗਾਰਾ ਭਰੇ? ਵਕਤ ਬੀਤ ਜਾਣ ਤੋਂ ਬਾਅਦ ਕੌਣ ਏ ਆਪਣਾ ਅਤੇ ਕੌਣ ਏ ਪਰਾਇਆ? ਕੌਣ ਨੇ ਸਿਆਣੂ ਅਤੇ ਕੌਣ ਏ ਹਮਾਰਾ? ਹੁਣ ਤਾਂ ਖੁਦ ਹੀ ਖੁਦ ਦਾ ਕਰਨਾ ਪੈਣਾ ਏ ਨਿਸਤਾਰਾ।
ਦਿਲ ਕਰਦਾ ਏ ਕਦੇ ਖੇਤ ਨੂੰ ਜਾਂਦੀ ਪਹੀ ਨੂੰ ਮਿਲ ਕੇ ਆਵਾਂ। ਨਵੇਂ ਖੂਹ ਦੀ ਜੂਹ ਨੂੰ ਮੱਥਾ ਟੇਕਾਂ। ਅੰਬ ਦੇ ਬੂਟੇ ਦੀ ਠੰਢੀ ਛਾਂ ਹੇਠ ਸੁਸਤਾਵਾਂ। ਖੇਤਾਂ ਵਿਚ ਲਹਿਰਾਉਂਦੀਆਂ ਫਸਲਾਂ ਦਾ ਕਲਾਵਾ ਭਰਾਂ ਅਤੇ ਉਨ੍ਹਾਂ ਦੇ ਮੱਥੇ `ਤੇ ਚਾਨਣ ਦਾ ਚੁੰਮਣ ਧਰਾਂ। ਬਾਪ ਦੇ ਖੇਤਾਂ ਦੇ ਨਾਮ ਖੁਸ਼ਹਾਲੀ ਕਰਾਂ, ਜਿਨ੍ਹਾਂ ਤੋਂ ਆਪਣਿਆਂ ਨੇ ਮਹਿਰੂਮ ਕਰ ਦਿਤਾ; ਪਰ ਕੀ ਕਰਾਂ ਅਤੇ ਕਿੰਜ ਕਰਾਂ? ਮੈਨੂੰ ਵਕਤ ਹੀ ਨਹੀਂ ਮਿਲਿਆ।
ਜਿ਼ੰਦਗੀ ਦੇ ਇਸ ਮੌੜ `ਤੇ ਜੀਅ ਤਾਂ ਕਰਦਾ ਕਿ ਮੈਂ ਸਕੂਲ ਦੇ ਉਨ੍ਹਾਂ ਅਧਿਆਪਕਾਂ ਦੇ ਚਰਨ ਛੂਹਾਂ ਜਿਨ੍ਹਾਂ ਨੇ ਮੇਰੇ ਹੱਥ ਕਲਮ ਪਕੜਾਈ, ਜਿਨ੍ਹਾਂ ਨੇ ਪੂਰਨਿਆਂ ਵਿਚੋਂ ਅੱਖਰਾਂ ਦੀ ਜੋਤ ਜਗਾਈ। ਜਿਨ੍ਹਾਂ ਨੇ ਮੇਰੇ ਸੱਖਣੇ ਨੈਣਾਂ ਵਿਚ ਸੁਪਨਾ ਧਰਿਆ ਅਤੇ ਜਿਸ ਨੂੰ ਮੈਂ ਤਿਲ ਤਿਲ ਕਰਕੇ ਪੂਰਾ ਕਰਿਆ, ਪਰ ਜਿੰ਼ਮੇਵਾਰੀਆਂ ਹੱਥੋਂ ਬੇਬੱਸ ਤੇ ਲਚਾਰ ਸਾਂ ਕਿ ਮੈਂ ਜਾ ਹੀ ਨਾ ਸਕਿਆ ਤੇ ਵਕਤ ਬੀਤ ਗਿਆ। ਵਕਤ ਮਿਲ ਜਾਂਦਾ ਤਾਂ ਵਕਤ ਨੇ ਕਦ ਉਨ੍ਹਾਂ ਪਲਾਂ ਨੂੰ ਸਦੀਵੀ ਸੰਭਾਲ ਲੈਣਾ ਸੀ।
ਜੀਵਨ ਦੇ ਆਖਰੀ ਪੜਾਅ ਵਿਚ ਆਸ ਰਹੀ ਕਿ ਮੈਂ ਖੁਦ ਵਿਚੋਂ ਖੁਦ ਨੂੰ ਤਲਾਸ਼ਾਂ। ਖੁਦ ਦੇ ਰੂਬਰੂ ਹੋਵਾਂ। ਆਪਣੇ ਅੰਤਰੀਵ ਵਿਚ ਝਾਤੀ ਮਾਰਾਂ। ਖੁਦ ਨੂੰ ਨਿਹਾਰਾਂ। ਆਪਣਾ ਲੇਖਾ ਜੋਖਾ ਖੁਦ ਹੀ ਕਰਾਂ ਕਿ ਕੀ ਖੱਟਿਆ ਤੇ ਕੀ ਕਮਾਇਆ? ਕੀ ਪਾਇਆ ਤੇ ਕੀ ਗਵਾਇਆ? ਕੀ ਹੰਢਾਇਆ ਤੇ ਕੀ ਮਿਲਾਇਆ? ਕਿਹੜੀ ਕੁਤਾਹੀ ਤੇ ਕਿਹੜੀ ਕਮਾਈ? ਕਿਹੜੀ ਖਾਮੀ ਤੇ ਕਿਹੜੀ ਕੁਰਬਾਨੀ? ਕਿਹੜੀ ਤਕਦੀਰ ਤੇ ਕਿਹੜੀ ਤਦਬੀਰ? ਕਿਹੜੀ ਰੂਹ-ਰੇਜ਼ਾ ਅਤੇ ਕਿਹੜਾ ਅਲੱਖ ਅਭੇਜਾ? ਕਿਹੜੀ ਬੇਗਾਨਗੀ ਤੇ ਕਿਹੜੀ ਅਪਣੱਤ? ਕਿਹੜੀ ਚੰਗਿਆਈ ਅਤੇ ਕਿਹੜੀ ਬੁਰਿਆਈ? ਕਿਹੜੀ ਬੰਦਿਆਈ ਤੇ ਕਿਹੜੀ ਖੁਦਾਈ? ਕਿਹੜੀ ਅਰਦਾਸ ਤੇ ਕਿਹੜਾ ਵਿਸ਼ਵਾਸ? ਕਿਹੜੀ ਆਸ ਤੇ ਕਿਹੜਾ ਧਰਵਾਸ? ਕਿਹੜੀ ਉਦਾਸੀ ਤੇ ਕਿਹੜੀ ਚੌਰਾਸੀ? ਕਿਹੜਾ ਹਾਸਲ ਤੇ ਕਿਹੜੀ ਹੋਂਦ? ਬਹੁਤ ਸਾਰੇ ਸਵਾਲ ਮਨ ਵਿਚ ਪੈਦਾ ਹੁੰਦੇ, ਪਰ ਵਕਤ ਹੀ ਨਹੀਂ ਮਿਲਿਆ ਇਨ੍ਹਾਂ ਨੂੰ ਮੁਖਾਤਬ ਹੋਣ ਦਾ। ਇਨ੍ਹਾਂ ਵਿਚ ਆਪਣੇ ਆਪ ਨੂੰ ਪ੍ਰਗਟਾਉਣ ਅਤੇ ਆਪਣਾ ਸੱਚ ਸਾਬਤ ਕਰਨ ਲਈ।
ਵਕਤ ਵਕਤ ਕਰਦਿਆਂ ਹੀ
ਬੀਤ ਗਈ ਏ ਹਯਾਤੀ,
ਵਕਤ ਦੀ ਆਰਤੀ ਕਰਦੇ
ਹਰ ਦਮ ਦਿਨ ਤੇ ਰਾਤੀ,
ਵਕਤ ਦੇ ਪਹਿਰੇਦਾਰ ਕਹਾਂਦੇ
ਜਜ਼ਬਾ ਤੇ ਜਜ਼ਬਾਤੀ,
ਵਕਤ ਦੇ ਮੁੱਖ `ਤੇ ਸ਼ਾਮ ਉਤਰਦੀ
ਤੇ ਵਕਤ ਬਣੇ ਪ੍ਰਭਾਤੀ,
ਵਕਤ ਦੀ ਵਹਿੰਗੀ ਢੋਂਦਾ ਬੰਦਾ
ਅੰਦਰ ਮਾਰੇ ਨਾ ਝਾਤੀ,
ਤਾਂ ਹੀ ਉਸ ਨੂੰ ਚਿੱਣ ਕੇ ਸਿਵੇ ‘ਚ
ਆਪਣੇ ਲਾਉਣ ਚੁਆਤੀ।
ਤੇ ਬੰਦਾ ਸਿਰਫ ਸੋਚਦਿਆਂ ਹੀ ਤੁਰ ਜਾਂਦਾ ਕਿ ਵਕਤ-ਵਕਤ ਕਰਦਿਆਂ, ਭਲਾ ਵਕਤ ਕਿਧਰ ਗਿਆ?
ਤੁਸੀਂ ਵੀ ਜਰੂਰ ਪਤਾ ਕਰਨਾ ਕਿ ਤੁਹਾਡੇ ਹੱਥੋਂ ਵਕਤ ਤਿਲਕ ਕੇ ਕਿਧਰ ਗਿਆ?