ਵਿਸਾਖੀ 2021 ਅਤੇ ਹੱਕਾਂ ਲਈ ਸੰਘਰਸ਼

ਡਾ. ਗੁਰਨਾਮ ਕੌਰ ਕੈਨੇਡਾ
ਵਿਸਾਖੀ ਦਾ ਤਿਉਹਾਰ ਪੰਜਾਬ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਭਿਆਚਾਰਕ ਤਿਉਹਾਰ ਹੋਣ ਦੇ ਨਾਲ ਨਾਲ ਖਾਲਸੇ ਦੀ ਸਿਰਜਣਾ ਦਾ ਦਿਵਸ ਵੀ ਹੈ। ਇਸ ਲਈ ਖਾਲਸੇ ਦਾ ਜਨਮ ਦਿਨ ਹੋਣ ਕਰਕੇ ਸਿੱਖ ਮਨਾਂ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ। ਸੰਨ 1699 ਦੀ ਵਿਸਾਖੀ ਨੂੰ ਦਸਮ ਪਾਤਿਸ਼ਾਹ ਹਜ਼ੂਰ ਨੇ ਉਸ ਮਿਸ਼ਨ ਨੂੰ ਸੰਪੂਰਨ ਕੀਤਾ, ਜਿਸ ਦਾ ਆਗਾਜ਼ ਗੁਰੂ ਨਾਨਕ ਪਾਤਿਸ਼ਾਹ ਨੇ 1499 ਦੀ ‘ਵੇਈਂ ਨਦੀ ਪ੍ਰਵੇਸ਼’ ਉਪਰੰਤ ਕੀਤਾ ਸੀ ਅਤੇ ਇਸ ਦਾ ਪਹਿਲਾ ਐਲਾਨਨਾਮਾ ਸੀ ‘ਨ ਕੋ ਹਿੰਦੂ; ਨ ਮੁਸਲਮਾਨ।’ ਦੁਨੀਆਂ ਨੂੰ ਇਹ ਸਮਝਾਉਣ ਲਈ ਕਿ ਮਨੁੱਖ ਨੂੰ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭਿ ਮਹਿ ਚਾਨਣੁ ਹੋਇ॥” ਦੇ ਸਿਧਾਂਤ ਅਨੁਸਾਰ ਉਸੇ ਇੱਕੋ ਰੱਬ ਦੀ ਜੋਤਿ ਨਾਲ ਰੁਸ਼ਨਾਏ ਹੋਣ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਵਰਣ ਜਾਂ ਧਰਮ ਕਰਕੇ ਉਸ ਦੀ ਪਛਾਣ ਹੋਣੀ ਚਾਹੀਦੀ ਹੈ।

ਗੁਰੂ ਨਾਨਕ ਦੇ ਆਗਮਨ ਤੋਂ ਪਹਿਲਾਂ ਦਾ ਹਿੰਦੁਸਤਾਨੀ ਸਮਾਜ ਕਿਹੋ ਜਿਹਾ, ਕਿਵੇਂ ਅਤੇ ਕਿਉਂ ਵੰਡਿਆ ਹੋਇਆ ਸੀ? ਇਸ ਦਾ ਜ਼ਿਕਰ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚੋਂ ਵੀ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ, ਖਾਸ ਕਰਕੇ ਉਨ੍ਹਾਂ ਦੀਆਂ ਵਾਰਾਂ, ਵਿਚੋਂ ਮਿਲ ਜਾਂਦਾ ਹੈ। ਗੁਰੂ ਨਾਨਕ ਨੇ ਇਸ ਨੂੰ “ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ” ਕਿਹਾ ਹੈ ਅਤੇ ਭਾਈ ਗੁਰਦਾਸ ਨੇ ਇਸ ਨੂੰ ਸੰਸਾਰ ਵਿਚ ਵੱਖ ਵੱਖ ਤਰ੍ਹਾਂ ਦੀਆਂ ਵੰਡੀਆਂ `ਤੇ ਆਧਾਰਤ ਆਪਸੀ ਨਫਰਤ ਦਾ ਮਾਹੌਲ ਪੈਦਾ ਕਰਕੇ “ਪਾਪੇ ਦਾ ਵਰਤਿਆ ਵਰਤਾਰਾ” ਕਿਹਾ ਹੈ। ਕਿਉਂ? ਇਸ ਲਈ ਕਿ ਸਮਾਜ ਵਿਚ ਨਫਰਤ ਫੈਲਾਉਣ ਅਤੇ ਸਮਾਜਿਕ ਵੰਡੀਆਂ ਪਾਉਣ ਲਈ ਪਹਿਲਾਂ ਇਸ ਨੂੰ “ਵਰਣ ਆਸ਼ਰਮ ਧਰਮ” ਦੇ ਸਿਧਾਂਤ `ਤੇ ਆਧਾਰਤ ਕਰਕੇ ਵੱਖ ਵੱਖ ਵਰਣਾਂ ਤੇ ਜਾਤਾਂ ਵਿਚ ਵੰਡਿਆ ਗਿਆ ਅਤੇ ਹਰ ਵਰਣ ਮੁਤਾਬਿਕ “ਆਸ਼ਰਮ ਧਰਮ” ਨਿਰਧਾਰਤ ਕੀਤਾ ਗਿਆ। ਇੱਥੇ ਹੀ ਇਹ ਵੰਡ ਖਤਮ ਨਹੀਂ ਹੋ ਜਾਂਦੀ, ਸਗੋਂ ਧਰਮ `ਤੇ ਆਧਾਰਤ ਇਹ ਵੰਡ ਅੱਗੇ ਤੋਂ ਅੱਗੇ ਪੈਰ ਪਸਾਰਦੀ ਗਈ। ਸੰਨਿਆਸੀ, ਜੋਗੀ ਅਤੇ ਬ੍ਰਾਹਮਣ-ਇਹ ਤਿੰਨ ਧਾਰਮਿਕ ਆਗੂ ਸਨ, ਉਸ ਵੇਲੇ ਦੇ ਸਮਾਜ ਦੇ। ਇਹ ਧਾਰਮਿਕ ਆਗੂ ਇਸ ਵੰਡ ਨੂੰ ਹੋਰ ਵਿਸਥਾਰ ਵੀ ਦਿੰਦੇ ਹਨ ਅਤੇ ਮਜ਼ਬੂਤ ਵੀ ਕਰਦੇ ਹਨ।
ਸੰਨਿਆਸੀਆਂ ਦੇ ਗਿਣਤੀ ਵਿਚ ਦਸ ਅਤੇ ਜੋਗੀਆ ਦੇ ਬਾਰਾਂ ਫਿਰਕੇ ਸਨ, ਜੋ ਆਪਸ ਵਿਚ ਲੜਦੇ-ਲੜਾਉਂਦੇ ਰਹਿੰਦੇ ਸਨ। ਇਸ ਤੋਂ ਬਿਨਾ ਜੰਗਮ, ਸਰੇਵੜੇ ਅਤੇ ਦਿਗੰਬਰ ਸਾਧੂਆਂ ਦੀਆਂ ਆਪਸੀ ਖਹਿਬਾਜੀਆਂ ਚਲਦੀਆਂ ਸਨ। ਬ੍ਰਾਹਮਣਾਂ ਦਾ ਕੰਮ ਵੇਦਾਂ ਅਨੁਸਾਰ ਸਿੱਖਿਆ ਦੇਣਾ, ਪਾਠ-ਪੂਜਾ ਆਦਿ ਕਰਨਾ-ਕਰਾਉਣਾ ਰਿਹਾ ਹੈ। ਵੇਦ ਗਿਣਤੀ ਵਿਚ ਚਾਰ ਹਨ ਅਤੇ ਹਰ ਵੇਦ ਦੇ ਅੱਗੇ ਚਾਰ ਭਾਗ ਹਨ-ਸੰਹਿਤਾ, ਆਰਨਿਕ ਗ੍ਰੰਥ, ਬ੍ਰਾਹਮਣ ਗ੍ਰੰਥ ਅਤੇ ਉਪਨਿਸ਼ਦ; ਇਸ ਦੇ ਨਾਲ ਹੀ ਛੇ ਦਰਸ਼ਨ-ਸ਼ਾਸਤਰ ਹਨ। ਹਰ ਵੇਦ ਦੇ ਪੁਰੋਹਿਤ ਅਰਥਾਤ ਪੜ੍ਹਨ-ਪੜ੍ਹਾਉਣ ਵਾਲੇ ਵੀ ਅਲੱਗ ਅਲੱਗ ਹਨ। ਇਸ ਉੱਚ ਜਾਤੀ ਦਾ ਕਾਰਜ ਵੀ ਕੁਝ ਇਸੇ ਕਿਸਮ ਦਾ ਸੀ ਕਿ ਵੇਦਾਂ, ਸ਼ਾਸਤਰਾਂ, ਪੁਰਾਣਾਂ ਦੀ ਚਰਚਾ ਰਾਹੀਂ ਆਪਸ ਵਿਚ ਲੜਦੇ-ਲੜਾਉਂਦੇ ਰਹਿਣਾ ਅਤੇ ਆਮ ਜਨਤਾ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਵੰਡ ਕੇ ਰੱਖਣਾ ਤਾਂ ਕਿ ਉਨ੍ਹਾਂ ਦੀ ਸੋਚ ਤੇ ਨਜ਼ਰੀਏ ਨੂੰ ਤੰਗ ਵਲਗਣਾਂ ਵਿਚ ਸਦੀਵੀ ਵਲ ਕੇ ਰੱਖਿਆ ਜਾ ਸਕੇ ਅਤੇ ਉਹ ਆਪਣੀ ਅਸਲ ਹਾਲਤ ਬਾਰੇ ਨਾ ਕਦੀ ਸੋਚ ਸਕਣ ਤੇ ਨਾ ਹੀ ਉਨ੍ਹਾਂ ਦਾ ਸੁਧਾਰ ਕਰਨ ਦਾ ਕੋਈ ਉਪਰਾਲਾ ਕਰਨ।
ਇਸ ਵਰਣ-ਆਸ਼ਰਮ ਵੰਡ ਦੇ ਨਾਲ ਹੀ ਇੱਕ ਹੋਰ ਵੰਡ ਸੀ-ਹਿੰਦੂ ਅਤੇ ਮੁਸਲਮਾਨ ਵਿਚ ਵੰਡੇ ਹੋਣਾ। ਹਮਲਾਵਰਾਂ ਰਾਹੀਂ ਭਾਰਤ ਵਿਚ ਤੁਰਕ ਅਤੇ ਮੁਗਲ ਸ਼ਾਸਕਾਂ ਦਾ ਰਾਜ ਕਾਇਮ ਹੋਇਆ, ਜਿਨ੍ਹਾਂ ਦਾ ਆਪਣਾ ਧਰਮ ਇਸਲਾਮ ਸੀ। ਇਸ ਤਰ੍ਹਾਂ ਜਿੱਥੇ ਸ਼ਾਸਕਾਂ ਦਾ ਆਪਣਾ ਧਰਮ ਇਸਲਾਮ ਸੀ, ਉਥੇ ਹੀ ਹਿੰਦੁਸਤਾਨੀ ਜਨਤਾ ਵਿਚ ਵੀ ਇਸਲਾਮ ਧਰਮ ਫੈਲਿਆ। ਇੱਕ ਪਾਸੇ ਵੈਦਕ ਧਰਮ ਨੂੰ ਮੰਨਣ ਵਾਲਿਆਂ ਦੇ ਆਪਸੀ ਝਗੜੇ ਜਿਵੇਂ ਕਿ ਉਪਰ ਦੱਸਿਆ ਹੈ ਅਤੇ ਦੂਸਰੇ ਪਾਸੇ ਇਸਲਾਮ ਧਰਮ ਨੂੰ ਮੰਨਣ ਵਾਲਿਆ ਨਾਲ ਖਹਿਬਾਜ਼ੀ। ਅੱਗੋਂ ਇਸਲਾਮ ਵਿਚ ਵੀ ਹੋਰ ਧਰਮਾਂ ਦੀ ਤਰ੍ਹਾਂ ਕਈ ਫਿਰਕੇ ਕਾਇਮ ਹੋ ਗਏ ਸਨ, ਜੋ ਆਪਸ ਵਿਚ ਦੁਸ਼ਮਣਾਂ ਵਾਂਗ ਖਹਿੰਦੇ ਰਹਿੰਦੇ ਸਨ। ਉਸ ਸਮੇਂ ਦੇ ਹਿੰਦੁਸਤਾਨ ਵਿਚ ਸਮਾਜਿਕ ਅਤੇ ਧਾਰਮਿਕ ਵਰਤਾਰੇ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਨੇ ਇਸ ਬਾਰੇ ਵੀ ਬਿਆਨ ਕੀਤਾ ਹੈ:
ਚਾਰਿ ਵਰਨ ਚਾਰਿ ਮਜ਼ਹਬਾਂ
ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ
ਖਿਚੋਤਾਣਿ ਕਰੇਨਿ ਧਿਙਾਣੇ।…

ਸਚੁ ਕਿਨਾਰੇ ਰਹਿ ਗਿਆ
ਖਹਿ ਮਰਦੇ ਬਾਮ੍ਹਣਿ ਮੌਲਾਣੇ।
ਸਿਰੋ ਨ ਮਿਟੇ ਆਵਣਿ ਜਾਣੇ॥21/1॥
ਅੱਜ ਕੱਲ ਜਿਸ ਕਿਸਮ ਦਾ ਵਰਤਾਰਾ ਅਤੇ ਮਾਹੌਲ ਰਾਸ਼ਟਰੀ ਸਵੈਮ ਸੇਵਕ ਸੰਘ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਸਿਰਜਿਆ ਜਾ ਰਿਹਾ ਹੈ, ਉਹ ਵੀ ਕੁਝ ਇਸੇ ਕਿਸਮ ਦਾ ਆਪਸੀ ਨਫਰਤ, ਗਊ ਹੱਤਿਆ ਅਤੇ ਅਜਿਹੇ ਹੋਰ ਮੁੱਦਿਆਂ ਦੇ ਨਾਮ `ਤੇ ਭੀੜਾਂ ਵੱਲੋਂ ਕੀਤੀਆਂ ਜਾਂਦੀਆਂ ਹਿੰਸਕ ਘਟਨਾਵਾਂ, ਘੱਟ ਗਿਣਤੀ ਫਿਰਕਿਆਂ ਅਤੇ ਦਲਿਤਾਂ ਪ੍ਰਤੀ ਨਫਰਤ ਅਤੇ ਅਤਿਆਚਾਰ ਵਗੈਰਾ। ਸਭ ਜਾਣਦੇ ਹਨ, ਇਹ ਬਿਰਤਾਂਤ ਕਿਉਂ ਅਤੇ ਕਿਵੇਂ ਸਿਰਜਿਆ ਜਾ ਰਿਹਾ ਹੈ!
ਬਾਨੀ ਗੁਰੂ, ਗੁਰੂ ਨਾਨਕ ਦੇਵ ਜੀ ਨੇ 1499 ਈ. ਵਿਚ ਵੇਈਂ ਨਦੀ ਪ੍ਰਵੇਸ਼ ਉਪਰੰਤ ਪਹਿਲਾ ਐਲਾਨਨਾਮਾ ਕੀਤਾ “ਨ ਕੋ ਹਿੰਦੂ ਨ ਮੁਸਲਮਾਨ” ਅਰਥਾਤ ਮਨੁੱਖ ਨੂੰ ਧਰਮ ਦੇ ਨਾਂ `ਤੇ ਵੰਡਿਆ ਨਹੀਂ ਜਾ ਸਕਦਾ। ਇੱਥੋਂ ਹੀ ਉਨ੍ਹਾਂ ਨੇ ਮਨੁੱਖੀ ਬਰਾਬਰੀ, ਭਾਈਚਾਰਕ ਸਾਂਝ ਅਤੇ ਏਕਤਾ, ਸਮਾਜਿਕ ਨਿਆਉਂ, ਮਨੁੱਖੀ ਅਧਿਕਾਰਾਂ ਅਤੇ ਧਰਮ ਨੂੰ ਸੱਚੀ-ਸੁੱਚੀ ਕਿਰਤ ਨਾਲ ਜੋੜਨ, ਮਨੁੱਖੀ ਸਵੈਮਾਣ, ਮਨੁੱਖੀ ਆਜ਼ਾਦੀ ਆਦਿ ਦੇ ਕੀਮਤ ਸਿਧਾਂਤਾਂ ਨੂੰ ਵਰੋਸਾਏ ਨਵੇਂ ਮਾਰਗ ਦੀ ਨੀਂਹ ਰੱਖੀ। ਭਾਈ ਗੁਰਦਾਸ ਨੇ ਇਸ ਨੂੰ “ਚਾਰ ਵਰਨਿ ਇਕੁ ਵਰਨੁ ਕਰਾਇਆ” ਅਤੇ “ਰਾਣਾ ਰੰਕੁ ਬਰਾਬਰੀ” ਕਿਹਾ ਹੈ। ਆਪਣੇ ਇਸ “ਸਰਬਤ ਦਾ ਭਲਾ” ਨੂੰ ਪ੍ਰਣਾਏ ਜੀਵਨ-ਫਲਸਫੇ ਪ੍ਰਤੀ ਆਮ ਲੋਕਾਈ ਨੂੰ ਚੇਤੰਨ ਕਰਨ, ਅਗਿਆਨ ਦੇ ਅੰਧੇਰ ਵਿਚੋਂ ਕੱਢਣ ਅਤੇ ਦੇਸ-ਦੇਸਾਂਤਰਾਂ ਵਿਚ ਜਾ ਕੇ ਵਿਚਾਰ-ਵਟਾਂਦਰੇ ਅਤੇ ਗੋਸ਼ਟੀਆਂ ਰਚਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਚਾਰ ਦਿਸ਼ਾਵਾਂ ਵਿਚ ਚਾਰ ਯਾਤਰਾ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ `ਤੇ ਸਾਥ ਦੇਣ ਲਈ ਉਨ੍ਹਾਂ ਨੇ ਆਪਣੇ ਨਾਲ ਮਰਦਾਨੇ ਨੂੰ ਚੁਣਿਆ, ਜੋ ਉਸ ਭਾਈਚਾਰੇ ਨਾਲ ਸਬੰਧਿਤ ਸੀ, ਜਿਸ ਨੂੰ ਜਾਤਿ-ਵੰਡ ਵਿਚ ਅਖੌਤੀ ਨੀਵੀਂ ਮਰਾਸੀ ਜਾਤਿ ਕਿਹਾ ਜਾਂਦਾ ਸੀ ਅਤੇ ਮਜ਼ਹਬ ਦੇ ਤੌਰ `ਤੇ ਮਰਦਾਨਾ ਇਸਲਾਮ ਨਾਲ ਸਬੰਧਿਤ ਸੀ।
ਬਾਬੇ ਨਾਨਕ ਨੇ ਮਰਦਾਨੇ ਨੂੰ “ਭਾਈ” ਦਾ ਖਿਤਾਬ ਬਖਸ਼ਿਸ਼ ਕੀਤਾ, ਜਿਸ ਨੂੰ ਸਿੱਖ ਧਰਮ ਵਿਚ ਬਹੁਤ ਵਿਸ਼ੇਸ਼ ਸਥਾਨ ਸਨਮਾਨ ਮੰਨਿਆ ਜਾਂਦਾ ਹੈ। ਭਾਈ ਮਰਦਾਨਾ ਗੁਰੂ ਨਾਨਕ ਵੱਲੋਂ ਬਾਣੀ ਦਾ ਉਚਾਰਨ ਕਰਨ ਸਮੇਂ ਦਾ ਰਬਾਬ ਤੇ ਸੰਗੀਤਕ ਧੁਨਾਂ ਛੇੜ ਕੇ ਸਾਥ ਦਿੰਦਾ ਸੀ। ਇਨ੍ਹਾਂ ਉਦਾਸੀਆ ਨੂੰ ਭਾਈ ਗੁਰਦਾਸ ਨੇ “ਚੜ੍ਹਿਆ ਸੋਧਣਿ ਧਰਤਿ ਲੁਕਾਈ” ਦੀ ਸੰਗਿਆ ਦਿੱਤੀ ਹੈ। ਗੁਰੂ ਨਾਨਕ ਨੇ ਆਪਣੇ ਫਲਸਫੇ ਵਿਚ ਦੱਸਿਆ ਕਿ ਮਨੁੱਖ ਦੀ ਜਨਮ ਜਾਂ ਇਸਤਰੀ-ਪੁਰਸ਼ ਹੋਣ ਦੇ ਅਧਾਰ `ਤੇ ਉੱਚੀ ਜਾਂ ਨੀਵੀਂ ਸ਼੍ਰੇਣੀ ਵਿਚ ਵੰਡ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮਨੁੱਖ ਦੇ ਜਨਮ ਦਾ ਸੋਮਾ ਜਾਂ ਆਧਾਰ ਇੱਕੋ ਰੱਬੀ ਜੋਤਿ ਹੈ, “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” ਅਤੇ ਗੁਰੂ ਅਮਰਦਾਸ ਅਨੁਸਾਰ ਮਨੁੱਖ ਨੇ ਆਪਣੇ ਇਸੇ ਮੂਲ ਤੋਂ ਹੋਣ ਦੀ ਪਛਾਣ ਕਰਨੀ ਹੈ, ਆਪਣੇ ਸੰਸਾਰ `ਤੇ ਆਉਣ ਦੇ ਇਸੇ ਸੋਮੇ ਦਾ ਅਨੁਭਵ ਕਰਨਾ ਹੈ, “ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥”
ਗੁਰੂ ਨਾਨਕ ਨੇ ਮਨੁੱਖ ਲਈ ਆਦਰਸ਼ “ਸਚਿਆਰ” ਹੋਣ ਦਾ ਰੱਖਿਆ ਅਤੇ ਸੱਚੇ ਆਚਾਰ ਨੂੰ ਸੱਚ ਤੋਂ ਵੀ ਉਪਰ ਮੰਨਦਿਆਂ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” ਦੀ ਪਾਲਣਾ ਕਰਨ ਦਾ ਸਿਧਾਂਤ ਦਿੱਤਾ। ਇੱਕ ਜੋਤਿ ਤੋਂ ਪ੍ਰਕਾਸ਼ਿਤ ਹੋਣ ਦੇ ਮਨੁੱਖੀ ਬਰਾਬਰੀ ਦਾ ਸਿਧਾਂਤ ਦਿੰਦਿਆਂ ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਦੱਬੇ-ਕੁਚਲੇ ਅਤੇ ਸਦੀਆਂ ਤੋਂ ਨੀਂਵੇਂ, ਅਛੂਤ ਕਹਿ ਕੇ ਦਬਾਏ ਹੋਏ ਲੋਕਾਂ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ,
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੇ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥
ਇਸ ਦੇ ਨਾਲ ਹੀ ਧਰਮ ਨੂੰ ਕਿਰਤ ਨਾਲ ਜੋੜਦਿਆਂ ਇਹ ਵੀ ਸਪੱਸ਼ਟ ਕੀਤਾ ਕਿ ਧਰਮ ਦੇ ਨਾਂ `ਤੇ ਦੁਕਾਨਦਾਰੀ ਕਰਕੇ ਜਾਂ ਕਿਸੇ ਹੋਰ ਲੁੱਟ-ਖਸੁੱਟ ਦੀ ਕਮਾਈ ਦੀ ਰੋਟੀ ਖਾਣ ਨਾਲੋਂ ਦਸਾਂ ਨਹੁੰਆਂ ਦੀ ਇਮਾਨਦਾਰੀ ਦੀ ਸੱਚੀ ਕਿਰਤ ਕਰਕੇ ਅਤੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਖਾਣਾ ਹੀ ਸਹੀ ਮਾਰਗ ਹੈ, “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” ਦੂਸਰਿਆਂ ਦਾ ਹੱਕ ਖੋਹਣ ਨੂੰ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥” ਕਹਿ ਕੇ ਨਿੰਦਿਆ। ਗੁਰੂ ਨਾਨਕ ਦਾ ਦਿੱਤਾ ਇਹ ਮਾਰਗ “ਪਤਿ ਸੇਤੀ” ਜਿਊਣ ਦਾ ਰਸਤਾ ਹੈ, ਕਿਉਂਕਿ ਸਵੈਮਾਣ ਤੋਂ ਬਿਨਾ ਜਿਊਣਾ ਅਸਲੀ ਜੀਵਨ ਨਹੀਂ ਹੈ, “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥”
ਇਹ ਗੁਰੂ ਨਾਨਕ ਦੇਵ ਹੀ ਸਨ, ਜਿਨ੍ਹਾਂ ਨੇ ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਨੂੰ “ਪਾਪ ਕੀ ਜੰਞ ਲੈ ਕਾਬਲਹੁ ਧਾਇਆ” ਕਿਹਾ ਅਤੇ ਇਹ ਵੀ ਕਿਹਾ ਕਿ ਹਮਲਾਵਰ ਦਾ ਕੋਈ ਧਰਮ ਨਹੀਂ ਹੁੰਦਾ। ਇਨ੍ਹਾਂ ਸਿਧਾਂਤਾਂ ਦੇ ਅਮਲੀ ਪ੍ਰਕਾਸ਼ਨ ਲਈ ਸੰਗਤਿ ਅਤੇ ਲੰਗਰ ਦੀ ਸੰਸਥਾ ਅਰੰਭ ਕੀਤੀ ਗਈ, ਜਿੱਥੇ ਸਾਰੇ ਮਨੁੱਖ ਬਿਨਾ ਕਿਸੇ ਵਿਤਕਰੇ ਜਾਂ ਭੇਦ-ਭਾਵ ਦੇ ਬਰਾਬਰੀ ਤੇ ਸ਼ਾਮਲ ਹੋਣ ਅਤੇ ਸੇਵਾ ਨਿਭਾਉਣ ਲੱਗੇ। ਇਸ ਨੂੰ ਅੱਗੇ ਵਧਾਉਂਦਿਆਂ ਗੁਰੂ ਅਮਰਦਾਸ ਨੇ “ਪਾਹਲੇ ਪੰਗਤਿ। ਪਾਛੇ ਸੰਗਤਿ” ਦੇ ਰੂਪ ਵਿਚ ਪੂਰੀ ਤਰ੍ਹਾਂ ਦ੍ਰਿੜ ਕਰਾ ਦਿੱਤਾ। ਸਵੈਮਾਣ ਵਾਲੀ ਜ਼ਿੰਦਗੀ ਜਿਊਣ ਲਈ ਮਨੁੱਖ ਨੂੰ ਦ੍ਰਿੜ ਇਰਾਦੇ ਨਾਲ ਪੂਰਨ ਸਮਰਪਣ ਦੇ ਮਾਰਗ `ਤੇ ਚੱਲਣਾ ਪੈਂਦਾ ਹੈ, ਜਿਸ ਨੂੰ ਗੁਰੂ ਨਾਨਕ ਨੇ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” ਕਿਹਾ ਹੈ। ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਕਰਕੇ ਉੱਚੀਆਂ ਅਤੇ ਨੀਵੀਂਆਂ ਕਹੀਆਂ ਜਾਂਦੀਆਂ ਜਾਤਾਂ ਨੂੰ ਇੱਕੋ ਥਾਂ ਇਸ਼ਨਾਨ ਕਰਨ ਦੀ ਪਰੰਪਰਾ ਦਾ ਅਰੰਭ ਕੀਤਾ। ਪੰਜਵੇਂ ਗੁਰੂ ਨੇ ਆਪਣੇ ਪੂਰਬਜ ਗੁਰੂਆਂ ਅਤੇ ਆਪਣੀ ਬਾਣੀ ਦੇ ਨਾਲ ਹੀ ਵੱਖ ਵੱਖ ਜਾਤਾਂ, ਇਲਾਕਿਆਂ, ਬੋਲੀਆਂ ਅਤੇ ਧਰਮਾਂ ਨਾਲ ਸਬੰਧਿਤ ਸੰਤਾਂ, ਭਗਤਾਂ ਦੀ ਉਸ ਬਾਣੀ, ਜੋ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ, ਨੂੰ ਸ਼ਾਮਲ ਕਰਕੇ “ਗ੍ਰੰਥ ਸਾਹਿਬ” ਦਾ ਸੰਕਲਨ ਕੀਤਾ ਅਤੇ ਸੰਸਾਰ ਧਰਮ ਗ੍ਰੰਥਾਂ ਵਿਚ ਇੱਕ ਵਿਲੱਖਣ ਸਥਾਨ ਦਿੱਤਾ, ਜੋ ਮਾਨਵਤਾਵਾਦੀ ਸਹਿਹੋਂਦ ਦੀ ਆਪਣੇ ਆਪ ਵਿਚ ਇੱਕ ਨਿਵੇਕਲੀ ਮਿਸਾਲ ਹੈ।
ਗੁਰੂ ਨਾਨਕ ਸਾਹਿਬ ਦੇ ਦਿੱਤੇ ਇਸ ਮਾਰਗ `ਤੇ ਚਲਦਿਆਂ ਹੀ ਭਗਤ ਰਵਿਦਾਸ ਜੀ ਦਾ ਦਿੱਤਾ “ਬੇਗਮੁ ਪੁਰਾ” ਦਾ ਸੰਕਲਪ ਸਾਕਾਰ ਕੀਤਾ ਜਾ ਸਕਦਾ ਹੈ, ਜਿਸ ਵਿਚ ਗੁਰੂ ਅਰਜਨ ਦੇਵ ਜੀ ਅਨੁਸਾਰ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥” ਅਤੇ ਭਗਤ ਕਬੀਰ ਜੀ ਦੇ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” ਦਾ ਪ੍ਰਕਾਸ਼ਨ ਸੰਭਵ ਹੋ ਸਕਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਮਾਰਗ ਨੂੰ ਅੱਗੇ ਵਧਾਉਂਦਿਆਂ ਸੰਸਾਰਕਤਾ ਤੇ ਅਧਿਆਤਮਕਤਾ ਨੂੰ ਇਕੱਠਿਆਂ ਕੀਤਾ ਅਤੇ ਮੀਰੀ-ਪੀਰੀ ਦਾ ਸੰਕਲਪ ਸਾਹਮਣੇ ਲਿਆਂਦਾ। ਇਸ ਮਾਰਗ ਨੂੰ ਅੱਗੇ ਵਧਾਉਂਦਿਆਂ ਗੁਰੂ ਤੇਗ ਬਹਾਦਰ ਨੇ ਗਿਆਨ ਦੀ ਕਸੌਟੀ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥” ਨੂੰ ਬਣਾਇਆ ਅਰਥਾਤ ਕਿਸੇ ਨੂੰ ਡਰਾਉਣਾ ਵੀ ਨਹੀਂ ਅਤੇ ਕਿਸੇ ਤੋਂ ਡਰਨਾ ਵੀ ਨਹੀਂ। ਇਸ ਤਰ੍ਹਾਂ ਗੁਰੂ ਨਾਨਕ ਦੇ ਦੱਸੇ ਮਾਰਗ ਨੇ ਮਨੁੱਖ ਨੂੰ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੋ ਕੇ ਜਿਊਣ ਦਾ ਵੱਲ ਦੱਸਿਆ। ਮਨੁੱਖ ਲਈ ਸਭ ਤੋਂ ਵੱਡਾ ਭੈ ਮੌਤ ਦਾ ਹੁੰਦਾ ਹੈ ਅਤੇ ਮੌਤ ਦੇ ਭੈ ਤੋਂ ਮੁਕਤ ਕਰਦਿਆਂ ਗੁਰੂ ਨੇ ਆਦੇਸ਼ ਕੀਤਾ ਕਿ “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥” ਸਮਾਜ ਨੂੰ ਬਦਲਣ ਵਾਸਤੇ ਮਨੁੱਖ ਦੀ ਮਾਨਸਿਕਤਾ ਨੂੰ ਬਦਲਨਾ ਬਹੁਤ ਜ਼ਰੂਰੀ ਹੁੰਦਾ ਹੈ। ਗੁਰੂ ਨਾਨਕ ਦਾ ਮਾਰਗ ੴ ਅਤੇ ਉਸ ਦੀ ਕੁਦਰਤਿ, ਜਿਸ ਵਿਚ ਸਾਰੀ ਮਨੁੱਖ ਜਾਤੀ ਵੀ ਸ਼ਾਮਲ ਹੈ, ਨਾਲ ਪ੍ਰੇਮ ਦਾ ਮਾਰਗ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਵੀ “ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ” ਨੂੰ ਦ੍ਰਿੜ ਕਰਾਉਂਦਿਆਂ “ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤਿ ਸਭੈ ਏਕੈ ਪਹਚਾਨਬੋ॥” ਨੂੰ ਰੱਬ ਦਾ ਰਸਤਾ, ਰੱਬੀ ਪ੍ਰਾਪਤੀ ਦਾ ਰਸਤਾ ਦੱਸਿਆ।
“ਸਚਿਆਰ” ਹੋਣ ਦਾ ਜੋ ਆਦਰਸ਼ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਸਾਹਮਣੇ ਰੱਖਿਆ ਸੀ, ਅਜਿਹੀ ਮਾਨਸਿਕਤਾ ਨੂੰ ਪੱਕੇ ਪੈਰੀਂ ਤਿਆਰ ਕਰਨ ਲਈ ਪੂਰੀਆਂ ਦਸ ਪੀੜ੍ਹੀਆਂ ਤੇ 200 ਸਾਲ ਤੋਂ ਉਤੇ ਦਾ ਸਮਾਂ ਲੱਗਿਆ ਅਤੇ 1699 ਦੀ ਵਿਸਾਖੀ ਨੂੰ ਅਜਿਹੀ ਮਾਨਸਿਕਤਾ ਵਾਲੇ ਤਿਆਰ-ਬਰ-ਤਿਆਰ, ਉਹ ਪੰਜ ਸਿੱਖਾਂ ਦੀ ਚੋਣ ਕਰਕੇ ਖਾਲਸਾ ਸਾਜਿਆ, ਜਿਹੜੇ ਵਰਣ-ਆਸ਼ਰਮ ਵੰਡ `ਤੇ ਆਧਾਰਤ ਪੰਜ ਜਾਤੀਆਂ ਵਿਚੋਂ ਲਾਹੌਰ ਤੋਂ ਦਇਆ ਰਾਮ ਖੱਤਰੀ, ਹਸਤਨਾਪੁਰ ਦਾ ਧਰਮ ਚੰਦ ਜੱਟ, ਹਿੰਮਤ ਰਾਇ ਜਗਨਨਾਥ ਪੁਰੀ (ਉੜੀਸਾ) ਤੋਂ ਝੀਵਰ ਜਾਤਿ ਨਾਲ ਸਬੰਧਿਤ, ਮੁਕਮ ਚੰਦ ਦਵਾਰਕਾ (ਗੁਜਰਾਤ) ਤੋਂ ਛੀਂਬਾ ਜਾਤਿ ਅਤੇ ਸਹਿਬ ਚੰਦ ਬਿਦਰ (ਕਰਨਾਟਕ) ਤੋਂ ਨਾਈ ਜਾਤਿ ਨਾਲ ਸਬੰਧਿਤ ਇਨ੍ਹਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ “ਸਿੰਘ” ਦਾ ਨਾਮ ਦਿੱਤਾ ਅਤੇ ਊਚ-ਨੀਚ, ਬੋਲੀ, ਇਲਾਕਾਈ ਹਰ ਤਰ੍ਹਾਂ ਦੇ ਭੇਦ-ਭਾਵ ਮਿਟਾ ਕੇ ਸਭ ਨੂੰ ਇੱਕੋ ਬਾਟੇ ਵਿਚੋਂ ਅੰਮ੍ਰਿਤ ਛਕਾਇਆ। ਫਿਰ ਉਨ੍ਹਾਂ ਪੰਜ ਪਿਆਰਿਆਂ ਹੱਥੋਂ ਆਪ ਵੀ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਅਖਵਾਏ। ਉਨ੍ਹਾਂ ਨੂੰ ਆਗਿਆ ਕੀਤੀ ਕਿ ਅੱਜ ਤੋਂ ਪੰਜ ਪਿਆਰੇ ਫੈਸਲੇ ਲੈ ਸਕਣ ਦਾ ਹੱਕ ਰੱਖਦੇ ਹਨ ਅਤੇ ਆਪਣੇ ਗੁਰੂ ਨੂੰ ਵੀ ਅਦੇਸ਼ ਕਰ ਸਕਦੇ ਹਨ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਉਸ ਮਿਸ਼ਨ ਨੂੰ ਸੰਪੂਰਨ ਕੀਤਾ, ਜੋ ਗੁਰੂ ਨਾਨਕ ਨੇ 1499 ਦੀ ਵੇਈਂ ਨਦੀ ਪ੍ਰਵੇਸ਼ ਤੋਂ ਸ਼ੁਰੂ ਕੀਤਾ ਸੀ। ਖਾਲਸੇ ਨੂੰ ਆਪਣਾ ਰੂਪ ਮੰਨਦਿਆਂ ਐਲਾਨਿਆ “ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋਸੋ ਗਰੀਬ ਕਰੋਰ ਪਰੇ॥”
ਪ੍ਰੋ. ਪੂਰਨ ਸਿੰਘ ਅਨੁਸਾਰ ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ `ਤੇ। ਗੁਰੂਆਂ ਵੱਲੋਂ ਦਿੱਤੇ ਜੀਵਨ ਦਰਸ਼ਨ ਦਾ ਪੰਜਾਬ `ਤੇ ਵਿਆਪਕ ਅਸਰ ਰਿਹਾ ਹੈ ਅਤੇ ਪੰਜਾਬ ਸਦਾ ਉਸ ਕੀਮਤ ਪ੍ਰਬੰਧ ਦਾ ਅਨੁਸਾਰੀ ਹੋ ਕੇ ਜੀਵਿਆ ਹੈ। ਕੋਈ ਵੀ ਲਹਿਰ ਉੱਠੀ, ਭਾਵੇਂ ਉਹ ਆਜ਼ਾਦੀ ਲਈ ਗਦਰ ਲਹਿਰ ਸੀ ਜਾਂ ਮਾਨਵੀ ਅਤੇ ਕਿਸਾਨੀ ਦੇ ਹੱਕਾਂ ਲਈ; ਪੰਜਾਬ ਤੋਂ ਉੱਠੀ ਹਰ ਲਹਿਰ ਗੁਰੂ ਨਾਨਕ ਦੇ ਫਲਸਫੇ ਤੋਂ ਪ੍ਰੇਰਤ ਰਹੀ ਹੈ। 26 ਨਵੰਬਰ 2020 ਤੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਦਿੱਲੀ ਦੀਆਂ ਫਿਰਨੀਆਂ `ਤੇ ਬੈਠੇ ਹਨ ਅਤੇ ਇਹ ਲੜਾਈ ਲੜਦਿਆਂ ਉਨ੍ਹਾਂ ਨੇ ਉਸ ਜੀਵਨ ਦਰਸ਼ਨ ਦਾ ਅਮਲੀ ਪ੍ਰਕਾਸ਼ਨ ਕੀਤਾ ਹੈ, ਜੋ ਉਨ੍ਹਾਂ ਨੂੰ ਗੁਰੂਆਂ ਤੋਂ ਵਿਰਾਸਤ ਵਿਚ ਮਿਲਿਆ ਹੈ। ਆਪਣੇ ਹੱਕਾਂ ਲਈ ਜੂਝਦਿਆਂ ਉਹ ਅਨੇਕ ਕਿਸਮ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਬਹਾਦਰੀ ਨਾਲ ਕਰ ਰਹੇ ਹਨ ਅਤੇ ਸਰਕਾਰ ਨੂੰ ਆਪਣੇ ਸੰਘਰਸ਼ ਰਾਹੀਂ ਇਹ ਅਹਿਸਾਸ ਲਗਾਤਾਰ ਕਰਾ ਰਹੇ ਹਨ ਕਿ ਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ, ਨਾ ਕਿ ਲੋਕ ਸਰਕਾਰਾਂ ਲਈ। ਉਨ੍ਹਾਂ ਨੂੰ ਆਪਣੇ ਰਸਤੇ ਤੋਂ ਵਿਚਲਿਤ ਕਰਨ ਲਈ ਅੰਦਰੋਂ-ਬਾਹਰੋਂ ਲਗਾਤਾਰ ਬਹੁਤ ਤਰ੍ਹਾਂ ਦੇ ਯਤਨ ਹੋ ਰਹੇ ਹਨ, ਪਰ ਉਹ ਆਪਣੇ ਸੰਘਰਸ਼ ਨੂੰ ਪੂਰੀ ਦ੍ਰਿੜਤਾ ਨਾਲ ਅੱਗੇ ਵਧਾ ਰਹੇ ਹਨ ਅਤੇ ਹਿੰਦੁਸਤਾਨ ਦੇ ਹੋਰ ਪ੍ਰਾਂਤਾਂ ਦੇ ਕਿਸਾਨਾਂ ਨੂੰ ਵੀ ਜਾਗ੍ਰਿਤ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਵੱਖ ਵੱਖ ਇਤਿਹਾਸਕ ਦਿਹਾੜਿਆ ਨੂੰ ਮਨਾਉਂਦਿਆਂ ਕਿਸਾਨਾਂ ਨੇ ਉਸ ਕੀਮਤ ਪ੍ਰਬੰਧ ਨੂੰ ਵਾਰ ਵਾਰ ਆਪਣੇ ਚੇਤਿਆ ਵਿਚ ਉਜਾਗਰ ਕੀਤਾ ਹੈ। ਸਿੰਘੂ-ਟਿੱਕਰੀ-ਗਾਜੀਪੁਰ ਬਾਰਡਰ `ਤੇ ਵਿਸਾਖੀ ਮਨਾਉਂਦਿਆਂ ਖਾਲਸਾ ਸਿਰਜਣਾ ਦੀਆ ਯਾਦਾਂ ਨੂੰ ਤਾਜ਼ਾ ਕੀਤਾ ਹੈ।