ਪੰਜਾਬੀ ਮੱਧਵਰਗ ਦੀ ਅੰਦਰਲੀ ਹੂਕ: ਫੁੱਲਾਂ ਦੀ ਫਸਲ

ਦੇਵਿੰਦਰ ਕੌਰ ਗੁਰਾਇਆ
ਵਰਜੀਨੀਆ, ਅਮਰੀਕਾ
ਫੋਨ: 571-315-9543
ਇਹ ਇਕ ਸੱਚੀ ਧਾਰਨਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਮਾਜ ਵਿਚ ਵਰਤ ਰਹੇ ਵਰਤਾਰਿਆਂ ਤੋਂ ਪ੍ਰਭਾਵਿਤ ਹੋ ਕੇ ਸਾਹਿਤਕਾਰ ਲਿਖਦਾ ਹੈ। ਇਸ ਲਈ ਵੱਖ ਵੱਖ ਸਾਹਿਤਕ ਰੂਪਾਂ ਵਿਚੋਂ ਕਿਸੇ ਇਕ ਨੂੰ ਚੁਣ ਕੇ, ਜਿਵੇਂ ਨਾਵਲ, ਗਜ਼ਲ, ਕਵਿਤਾ, ਲੇਖ ਜਾਂ ਕਹਾਣੀ ਦੇ ਰੂਪਾਂ ਨੂੰ ਆਪਣੀ ਲਿਖਤ ਦਾ ਮਾਧਿਅਮ ਬਣਾਉਂਦਾ ਹੈ। ਨਾਮਵਰ ਲੇਖਕ ਸੁਖਪਾਲ ਸਿੰਘ ਥਿੰਦ ਆਲੋਚਨਾ ਤੇ ਸਫਰਨਾਮੇ ਦੇ ਸਾਹਿਤਕ ਪਿੜ ਵਿਚ ਪਹਿਲਾਂ ਹੀ ਪੱਕੀ ਮੋਹਰ ਲਾ ਚੁਕਾ ਹੈ, ਪਰ ਹੁਣ ਕਹਾਣੀ ਦੇ ਖੇਤਰ ਵਿਚ ਇਸ ਪਲੇਠੇ ਕਹਾਣੀ ਸੰਗ੍ਰਹਿ ‘ਫੁੱਲਾਂ ਦੀ ਫਸਲ’ ਨਾਲ ਇਕ ਸਮਰੱਥ ਕਹਾਣੀਕਾਰ ਹੋਣ ਦੀ ਇੱਟ ਵੀ ਗੱਡ ਦਿਤੀ ਹੈ।

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਥਿੰਦ ਦੇ ਕਹਾਣੀ ਸੰਗ੍ਰਹਿ ‘ਫੁੱਲਾਂ ਦੀ ਫਸਲ’ ਦੀ ‘ਵਾਰਸ ਕਹਾਣੀ ਸੰਕਟਨਾਮਾ ਪੰਜਾਬ: ਪੰਜਾਬ ਸੰਕਟ ਦੀ ਚੋਣਵੀ ਪੰਜਾਬੀ ਕਹਾਣੀ’ ਅਤੇ ‘ਫੁੱਲਾਂ ਦੀ ਫਸਲ’ ਕਹਾਣੀ ‘ਟੂਣੇਹਾਰੀ ਰੁੱਤ: ਇੱਕੀਵੀਂ ਸਦੀ ਦੀ ਚੋਣਵੀਂ ਪੰਜਾਬੀ ਕਹਾਣੀ’ ਪੁਸਤਕ ਵਿਚ ਛਪੀਆਂ ਹਨ। ਦੋਹਾਂ ਕਿਤਾਬਾਂ ਦੇ ਸੰਪਾਦਕ ਉੱਘੇ ਕਹਾਣੀ ਆਲੋਚਕ ਬਲਦੇਵ ਸਿੰਘ ਧਾਲੀਵਾਲ ਹਨ। ਹਥਲੇ ਲੇਖ ਵਿਚ ਮੈਂ ਸੁਖਪਾਲ ਸਿੰਘ ਥਿੰਦ ਦੇ ਇਸ ਚਰਚਿਤ ਕਹਾਣੀ ਸੰਗ੍ਰਹਿ ‘ਫੁੱਲਾਂ ਦੀ ਫਸਲ’ ਦਾ ਬੜੀ ਰੀਝ ਤੇ ਵਿਸਥਾਰ ਨਾਲ ਵਿਸ਼ਲੇਸ਼ਣ ਕਰ ਰਹੀ ਹਾਂ।
ਸੁਖਪਾਲ ਸਿੰਘ ਥਿੰਦ ਨੇ ‘ਫੁੱਲਾਂ ਦੀ ਫਸਲ’ ਪੁਸਤਕ ਵਿਚ ਆਪਣੀਆਂ ਕਹਾਣੀਆਂ ਨੂੰ ਸਮਾਜਿਕ ਸਥਿਤੀ ਦੇ ਪਰਿਪੇਖ ਵਿਚ ਰੱਖ ਕੇ ਮਨੁੱਖੀ ਹੋਣੀ ਨੂੰ ਆਪਣੇ ਮੌਲਿਕ ਢੰਗ ਨਾਲ ਪੇਸ਼ ਕੀਤਾ ਹੈ। ਇਸ ਮੌਲਿਕਤਾ ਨਾਲ ਨਵੀਂਆਂ ਸੰਸਾਰਕ ਤਰਤੀਬਾਂ ਨੂੰ ਜਨਮ ਮਿਲਿਆ ਹੈ। ਕਹਾਣੀਕਾਰ ਦੀ ਹਰ ਇਕ ਕਿਰਤ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਉਸ ਦੀਆਂ ਕਹਾਣੀਆਂ ਬਿਰਤਾਂਤ ਸ਼ਾਸਤਰੀ ਪੱਧਰ ਉਤੇ ਪੂਰੀਆ ਉਤਰਦੀਆਂ ਹੋਈਆਂ ਉਸ ਦੀ ਆਪਣੀ ਨਿੱਜੀ ਹੋਂਦ ਦੀ ਵੀ ਸਹੀ ਗਵਾਹੀ ਭਰਦੀਆਂ ਹਨ। ਸੁਖਪਾਲ ਥਿੰਦ ਨੇ ਆਪਣੀ ਬਾਗੀ ਸੁਰ ਨੂੰ ਮਾਨਵੀ ਮੁਕਤੀ ਨਾਲ ਰਲਗਡ ਕਰਕੇ ਪੇਸ਼ ਕੀਤਾ ਹੈ। ਦੂਜੇ ਸ਼ਬਦਾਂ ਵਿਚ ਸਮਾਜਿਕ ਮਜਬੂਰੀਆਂ ਬੇਬੱਸੀਆਂ, ਲਾਚਾਰੀਆਂ, ਦੁਸ਼ਵਾਰੀਆਂ, ਵੇਦਨਾਵਾਂ ਤੇ ਸੀਮਾਵਾਂ ਦੇ ਦੁਖਾਂਤਕ ਪਸਾਰ ਉਸ ਦੇ ਵਿਸਿ਼ਆਂ ਵਿਚ ਮੂੰਹੋਂ ਬੋਲਦੇ ਹਨ। ਸਾਰੀਆਂ ਕਹਾਣੀਆਂ ਵਿਚ ਪਾਤਰ ਆਪਣੇ ਆਪ, ਪਰਿਵਾਰ ਤੇ ਸਮਾਜ ਨਾਲ ਜੱਦੋ-ਜਹਿਦ ਕਰਦੇ ਨਜ਼ਰ ਆਉਂਦੇ ਹਨ। ਲੇਖਕ ਨੇ ਮੱਧ-ਵਰਗ ਦੀਆਂ ਮਜਬੂਰੀਆਂ ਤੇ ਲਾਲਸਾਵਾਂ ਨੂੰ ਬਿਆਨ ਕਰਦਿਆਂ ਬੜੇ ਸਹਿਜ ਨਾਲ ਆਪਣੇ ਆਪ ਨੂੰ ਉਸ ਸਭ ਵਿਚ ਵਿਅਕਤ ਕੀਤਾ ਹੈ। ਉਸ ਨੇ ਪਹਿਲਾ ਸੰਘਰਸ਼ ਆਪਣੇ ਆਪ ਨਾਲ ਲੜਦਿਆਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਿਆ। ਸਾਇੰਸ ਦਾ ਖੇਤਰ ਛੱਡ ਕੇ ਪੰਜਾਬੀ ਸਾਹਿਤ ਵੱਲ ਮੁੜਨਾ ਉਸ ਦਾ ਨਿਵੇਕਲਾ ਕਦਮ ਸੀ। ਪੰਜਾਬੀ ਖੇਤਰ ਨੂੰ ਚੁਣਨਾ ਉਸ ਲਈ ਤਾਂ ਲਾਭਦਾਇਕ ਹੈ ਹੀ, ਨਾਲ ਪੰਜਾਬੀ ਸਾਹਿਤ ਨੂੰ ਇਕ ਸਿਰਮੌਰ ਕਹਾਣੀਕਾਰ ਤੇ ਆਲੋਚਕ ਮਿਲਣ ਦਾ ਲਾਹਾ ਵੀ ਹੋਇਆ ਹੈ।
ਸੁਖਪਾਲ ਸਿੰਘ ਥਿੰਦ ਦੀ ਪੁਸਤਕ ‘ਫੁੱਲਾਂ ਦੀ ਫਸਲ’ ਮਾਂ ਦੀ ਲੋਰੀ ਵਰਗੀ ਹੈ, ਨਿੱਘੀ ਤੇ ਮਿੱਠੀ ਜਿਹੀ। ਇਕ ਕੋਨੇ ‘ਚ ਬਿਠਾ ਕੇ ਹਸਾਉਂਦੀ-ਰੁਆਉਂਦੀ ਆਪਣੀ ਗੋਂਦ ਵਿਚ ਲੈ ਕੇ ਸਭ ਕਾਸੇ ਤੋਂ ਮੁਕਤ ਕਰ ਦਿੰਦੀ ਹੈ। ‘ਫੁੱਲਾਂ ਦੀ ਫਸਲ’ ਨੇ ਸੰਨ 2020 ਦੇ ਵਿਹੜੇ ਪੈਰ ਧਰਦਿਆਂ ਹੀ ਸਾਹਿਤ ਪ੍ਰੇਮੀਆਂ ਨੂੰ ਆਪਣੀ ਆਗੋਸ਼ ਵਿਚ ਲੈ ਲਿਆ ਸੀ। ਜੇ ਇਹ ਕਿਹਾ ਜਾਵੇ ਕਿ ‘ਫੁੱਲਾਂ ਦੀ ਫਸਲ’ ਨੇ ਇਸ ਸਾਲ ਦਾ ਸਾਰਾ ਮੇਲਾ ਲੁੱਟ ਲਿਆ ਤਾਂ ਅਤਿਕਥਨੀ ਨਹੀਂ ਹੋਏਗੀ। ਇਸ ਦੀ ਆਮਦ ਉਸ ਸਮੇਂ ਹੋਈ ਜਦੋਂ ਕਰੋਨਾ ਮਹਾਮਾਰੀ ਦੇ ਭੈਅ ਨੇ ਦਿਲ ਦਿਮਾਗ ਨੂੰ ਜਕੜ ਰੱਖਿਆ ਸੀ। ਇਸ ਦੇ ਦਿਲ ਟੁੰਬਵੇਂ ਨਾਂ ‘ਫੁੱਲਾਂ ਦੀ ਫਸਲ’ ਨੇ ਮਾਸਕ ਢਕੇ ਸਾਹਾਂ ਨੂੰ ਤਾਜ਼ਾ ਮਹਿਕਦੀ ਹਵਾ ਦਾ ਅਹਿਸਾਸ ਦੁਆਇਆ। ਇਸ ਪੁਸਤਕ ਦੀ ਸੋਸ਼ਲ ਮੀਡੀਏ `ਤੇ ਖੂਬ ਚਰਚਾ ਹੋਈ। ਇਹ ਸਭ ਦੇਖ ਸੁਣ ਕੇ ਇਸ ਨੂੰ ਪੜ੍ਹਨ ਦੀ ਰੀਝ ਪ੍ਰਬਲ ਹੋ ਉਠੀ। ਫਿਰ ਕੀ ਸੀ, ਪੁਸਤਕ ਦੀ ਪ੍ਰਾਪਤੀ ਲਈ ਬੜੇ ਪਾਪੜ ਵੇਲਣੇ ਪਏ, ਆਖਰ ਗੱਲ ਬਣ ਗਈ। ਇਹ ਪੁਸਤਕ ਕਈ ਸ਼ਰਤਾਂ ਰੱਖਦੀ, ਨਖਰੇ ਕਰਦੀ ਇਕ ਪਵਿੱਤਰ ਸਾਹਿਤਕ ਸਾਂਝ ਦੀ ਮਹਿਕ ਲੈ ਕੇ ਹੱਸਦੀ ਹੋਈ ਮੇਰੇ ਘਰ ਪਹੁੰਚ ਗਈ। ਹੁਣ ਪੜ੍ਹਨਾ ਸ਼ੁਰੂ ਕੀਤਾ ਤਾਂ ਯਾਦ ਆਇਆ, ਕਾਲਜ ਦੀਆਂ ਛੁੱਟੀਆਂ ਵਿਚ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹਦਿਆਂ ਸਵੇਰ ਦੇ ਚਾਰ ਵੱਜ ਗਏ, ਹਵੇਲੀ ਵਿਚ ਹੰਢਾਲੀ ਕਰਕੇ ਚਾਚਾ ‘ਬਣਸ’ (ਨੌਕਰ) ਘਰ ਪਿਤਾ ਜੀ ਨੂੰ ਬੁਲਾਉਣ ਆਇਆ ਤਾਂ ਆਖਣ ਲੱਗਾ, “ਭਾਅ ਕੁੜੀ ਬੁਲਾਅ ਤੇ ਸਾਡੇ ਤੋਂ ਵੀ ਪਹਿਲਾ ਉਠ ਪਈ ਆ, ਬੜੀ ਪੜ੍ਹਾਈ ਕਰਦੀ ਆ ਵੱਡੀ ਮਾਸਟਰਨੀ ਬਣੇਗੀ।”
ਫਿਰ ਸਾਰੀ ਰਾਤ ਜਾਗਣ ਵਾਲੀ ਗੱਲ ਮੈਂ ਵੀ ਲੁਕਾਅ ਲਈ ਸੀ। ਇਸ ਤਰ੍ਹਾਂ ਹੀ ਇਸ ਪੁਸਤਕ ਦੀਆਂ ਕਹਾਣੀਆਂ ਪੜ੍ਹਦਿਆਂ ਲੰਚ ਤੇ ਡਿਨਰ ਦਾ ਸਮਾਂ ਇੱਧਰ-ਉਧਰ ਖਿਸਕਦਾ ਰਿਹਾ। ਇਹ ਗੱਲ ਦਿਲ ਦਿਮਾਗ ਨੂੰ ਟੁੰਬਦੀ ਰਹੀ ਕਿ ਰਾਜਨੀਤਿਕ, ਸਮਾਜਿਕ ਤੇ ਆਰਥਿਕ ਵਿਸਿ਼ਆਂ ਬਾਰੇ ਗੱਲ ਕਰਦੀ ਕੋਈ ਪੁਸਤਕ ਇੰਨੀ ਰੌਚਕ ਕਿੱਦਾਂ ਹੋ ਸਕਦੀ ਹੈ? ਅਸਲ ਵਿਚ ਇਹ ਕਹਾਣੀਕਾਰ ਦਾ ਉਚ ਕਲਾਤਮਕ ਕੌਸ਼ਲ ਕਾਰਨ ਹੈ ਕਿ ਯਥਾਰਥ ਨਾਲ ਬੱਝੀ ਹਰ ਕਹਾਣੀ ਪਾਠਕ ਨੂੰ ਪੜ੍ਹਦਿਆਂ ਸਾਹ ਤੱਕ ਨਹੀਂ ਲੈਣ ਦਿੰਦੀ।
‘ਫੁੱਲਾਂ ਦੀ ਫਸਲ’ ਕਹਾਣੀ ਵਿਚ ਜਸਮੀਤ ਦੇ ਬੋਲਾਂ ਰਾਹੀਂ ਕਹਾਣੀ ਦੀ ਹੁੰਦੀ ਸ਼ੁਰੂਆਤ ਵੇਖੋ: “ਸਾਡਾ ਵੀ ਪੁੱਤ ਹੋ ਗਿਆ ਪਰਦੇਸੀ…ਹਾਏ ਓ ਰੱਬਾ! ਕਾਹਤੋਂ ਜਾਣ ਦਿੱਤਾ ਅਸੀਂ…!”
ਇਹ ਸਤਰਾਂ ਹੀ ਪਾਠਕ ਨੂੰ ਪਕੜ ਲੈਂਦੀਆਂ ਹਨ ਅਤੇ ਉਸ ਦਾ ਬੇਰੋਕ ਕਹਾਣੀ ਸਫਰ ਸ਼ੁਰੂ ਹੋ ਜਾਂਦਾ ਹੈ। ਪੁਸਤਕ ਵਿਚ ਪੰਜ ਲੰਮੀਆਂ ਕਹਾਣੀਆਂ ਹਨ, ਜਿਨ੍ਹਾਂ ਦੀ ਡੂੰਘਾਈ ਬਹੁਤ ਗਹਿਰੀ ਤੇ ਵਿਸ਼ਾਲ ਹੈ। ਇਹ ਰਾਜਨੀਤਿਕ ਤਾਣੇ-ਬਾਣੇ ਦੀ ਚਰਚਾ ਵਿੱਢਦੀਆਂ ਵੀ ਰੁਮਾਂਚਕ ਕਹਾਣੀਆਂ ਵਾਂਗ ਪਾਠਕ ਨੂੰ ਅਨੰਦ-ਮੰਗਲ ਅਵਸਥਾ ਦੇ ਹੁਲਾਰੇ ਦਿੰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਸ਼ਬਦਾਂ ਨੂੰ ਬੀੜਨ ਦੀ ਕਲਾ ਕਮਾਲ ਦੀ ਹੈ। ਸੁਖਪਾਲ ਸਿੰਘ ਥਿੰਦ ਸ਼ਬਦਾਂ ਦਾ ਜਾਦੂਗਰ ਹੈ, ਉਸ ਦੀਆਂ ਕਹਾਣੀਆਂ ਦੇ ਸ਼ਬਦ ਉਸ ਦੀ ਮੁਸਕਾਣ ਵਰਗੇ ਹਨ, ਸੁਰਮਈ ਜਿਹੇ ਰੂਹ ‘ਚ ਉਤਰ ਜਾਣ ਵਾਲੇ। ਇਹ ਪੁਸਤਕ ਹਰ ਉਸ ਇਨਸਾਨ ਦੀ ਕਹਾਣੀ ਹੈ, ਜੋ ਧਰਤੀ ਤੇ ਆਸਮਾਨ ਦੇ ਵਿਚਕਾਰ ਲਟਕ ਰਿਹਾ ਹੈ। ਉਹ ਉੱਡਣਾ ਚਾਹੁੰਦਾ ਹੈ, ਪਰ ਪੈਰਾਂ ਵਿਚ ਮਜਬੂਰੀਆਂ, ਮਰਿਆਦਾਵਾਂ ਤੇ ਸੰਸਕ੍ਰਿਤੀ ਦੇ ਸੰਗਲ ਹਨ। ਇਨ੍ਹਾਂ ਬੰਧਨਾਂ ਨੂੰ ਤੋੜਦਾ ਉਹ ਕਿੰਨਾ ਟੁੱਟਦਾ, ਖਿੰਡਦਾ ਤੇ ਬਿਖਰ ਕੇ ਸੰਭਲਦਾ ਹੈ, ਇਹ ਸੰਘਰਸ਼ ਡੂੰਘੀ ਛਾਪ ਛੱਡਦਾ ਹੈ। ਅਸਲ ਵਿਚ ਪੁਸਤਕ ‘ਫੁੱਲਾਂ ਦੀ ਫਸਲ’ ਸਮਾਜਿਕ ਸਿਸਟਮ ਨਾਲ ਲੋਹਾ ਲੈ ਕੇ ਇਕ ਮਹਾਂਰਥੀ ਦੀ ਵਿਦਵਤਾ ਵਿਚੋਂ ਉਪਜੀ ਹੋਈ ਹੱਲਾਸ਼ੇਰੀ ਹੈ।
ਕਹਾਣੀ ਸੰਗ੍ਰਹਿ ਵਿਚ ਪਹਿਲੀ ਕਹਾਣੀ ‘ਸਾਂਝਾਂ ਦੀ ਸ਼ਤਰੰਜ’ ਹੈ। ਇਹ ਰੂਹ ‘ਚ ਉਤਾਰ ਕੇ ਸਮਝਣ ਤੇ ਮਹਿਸੂਸ ਕਰਨ ਦਾ ਅਹਿਸਾਸ ਹੈ। ਕਹਾਣੀ ਵਿਚ ਵਿੱਦਿਅਕ ਅਦਾਰਿਆਂ ਵਿਚ ਹੁੰਦੀ ਧੜੇਬੰਦੀ, ਜਾਤੀ ਵਿਰੋਧ ਤੇ ਟੱਕਰ ਨਾਲ ਮਨ ਦੀਆਂ ਕੋਮਲ ਭਾਵਨਾਵਾਂ ਨੂੰ ਵੀ ਛੋਹਿਆ ਗਿਆ ਹੈ। ਕਹਾਣੀ ਦਾ ਨਾਇਕ ਵਿਵੇਕਬੀਰ, ਜੋ ਇਸ ਸਭ ਕਾਸੇ ਨੂੰ ‘ਫਿਊਡਲ ਮਾਨਸਿਕਤਾ ਦਾ ਗੰਦ ਪਿੱਲ’ ਆਖਦਾ ਹੈ, ਉਹ ਵੀ ਇਸ ਤੋਂ ਬਚ ਨਹੀਂ ਸਕਿਆ। ਉਸ ਦੇ ਅੰਦਰ ਕਹਾਣੀ ਦੀ ਸ਼ੁਰੂਆਤ ਤੋਂ ਹੀ ਇਕ ਅੰਦਰੂਨੀ ਕਸ਼ਮਕਸ਼ ਛਿੜੀ ਜਾਪਦੀ ਹੈ,
ਵਿਵੇਕਬੀਰ: “ਸਾਰੇ ਪੰਜਾਬ ਦੇ ਕਾਲਜਾਂ ਨੂੰ ਆਪਣੇ ਕਾਲਜ ਬਰਾਬਰ ਤੋਲਣਾ ਕਿੰਨਾ ਕੁ ਠੀਕ ਹੈ?”
ਇਸੇ ਤਰ੍ਹਾਂ ਨਵੀਂ ਪੀੜ੍ਹੀ ਦੀ ਖੁੱਲ੍ਹ ਨਾ ਬਰਦਾਸ਼ਤ ਕਰਦਿਆਂ (ਮੈਡਮ) ਸਾਕਸ਼ੀ ਮਿਨਹਾਸ ਸਮਾਜਿਕ ਸਭਿਆਚਾਰ ਦੀ ਫਿਕਰ ਜਾਹਰ ਕਰਦੀ ਹੈ,
ਸਾਕਸ਼ੀ ਮਿਨਹਾਸ: “ਜਮਾਂ ਸ਼ਰਮ ਨ੍ਹੀਂ ਕਰਦੇ। ਇਨ੍ਹਾਂ ਦੇ ਕੱਪੜੇ ਵੇਖੋ, ਹੇਅਰ ਸਟਾਇਲ ਵੇਖੋ, ਇਉਂ ਲੱਗਦਾ ਜਿਵੇਂ ਰੋਮੀਓ ਕਾਲਜ ਦੀ ਗੇੜੀ ਮਾਰਨ ਆਏ ਹੋਣ।”
ਕਹਾਣੀ ਵਿਚ ਵਿਵੇਕਬੀਰ ਵਰਗੇ ਦੋਹਰੀ ਜਿ਼ੰਦਗੀ ਜੀਅ ਰਹੇ ਇਨਸਾਨ ਦੀ ਬੜੀ ਬਾਰੀਕੀ ਨਾਲ ਚੀਰ-ਫਾੜ ਕਰਦਿਆਂ ਕੋਝੇ ਸਿਸਟਮ `ਤੇ ਕਰਾਰੀ ਚੋਟ ਮਾਰੀ ਹੈ। ਗਰੀਬ ਘਰ ਦੇ ਪ੍ਰੋਫੈਸਰ ਵਿਵੇਕਬੀਰ ਦਾ ਅਮੀਰ ਘੱਟ ਪੜ੍ਹੀ ਕੁੜੀ ਨਾਲ ਜੋੜ ਪਦਾਰਥਵਾਦੀ ਯੁਗ ਦੀ ਦੌੜ ਵਿਚ ਸ਼ਾਮਲ ਹੋਣ ਦੀ ਲਾਲਸਾ ਬਿਆਨ ਕਰਦਾ ਮਨ ਦੀਆਂ ਕੋਮਲ ਇੱਛਾਵਾਂ ਨੂੰ ਛਿੱਕੇ ਟੰਗ ਦਿੰਦਾ ਹੈ, ਪਰ ਦਿਲ ਦੇ ਡੂੰਘੇ ਸਮੁੰਦਰ ‘ਚ ਡਿਕੋ-ਡੋਲੇ ਖਾਂਦੀ ਤਾਂਘ ਪਤਲੀ ਜਿਹੀ ਲਹਿਰ ਬਣ ਕੇ ਉੱਭਰਦੀ ਰਹਿੰਦੀ ਹੈ। ਇਹ ਆਹਰ ਵਿਵੇਕਬੀਰ ਨੂੰ ਹਾਰਨ ਨਹੀਂ ਦਿੰਦਾ। ਕਹਾਣੀ ਵਿਚ ਪਾਤਰਾਂ ਦਾ ਸੰਵਾਦ ਬੜਾ ਰੌਚਕ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਹਾਣੀ ਪੜ੍ਹ ਨਹੀਂ, ਸੁਣ ਰਹੇ ਹੋਈਏ।
ਵਿਵੇਕਬੀਰ: “ਮੈਂਟਲ ਸਾਂਝ ਵੀ ਕੋਈ ਚੀਜ਼ ਹੁੰਦੀ ਐ!”
“ਸੋਸ਼ਲ ਮੀਡੀਏ ਦੇ ‘ਸ਼ਾਮ ਦੇ ਕ੍ਰਾਂਤੀਕਾਰੀ’!”
ਲੇਖਕ ਨੇ ਕਹਾਣੀ ਵਿਚ ਆਰਥਿਕ, ਸਮਾਜਿਕ ਤੇ ਰਾਜਨੀਤਿਕ ਪਿੜ ਵਿਚ ਜੂਝ ਰਹੇ ਮਨੁੱਖ ਦੀ ਮਨੋਦਸ਼ਾ ਨੂੰ ਖੁੱਲ੍ਹ ਕੇ ਬਿਆਨ ਕਰਦਿਆਂ ਆਪਸੀ ਵਿਰੋਧ ‘ਚ ਪੈਦਾ ਹੋਈ ਬੇਵਸੀ ਨੂੰ ਨਿਰਾਸ਼ਾ ਦੀ ਢਲਾਣ ਵੱਲ ਨਹੀਂ ਜਾਣ ਦਿੱਤਾ। ਇਸ ਕਹਾਣੀ ਦਾ ਇਹ ਹੀ ਹਾਸਲ ਹੈ।
ਪੁਸਤਕ ਦੀ ਦੂਜੀ ਕਹਾਣੀ ‘ਕਾਲਖ ਕੋਠੜੀ’ ਹੈ। ਕਹਾਣੀ ਸੇਖੋਂ ਦੇ ਕਾਲੇ ਚਿੱਠੇ ਰਾਹੀਂ ਸਮਾਜ ਦੇ ਘਿਨੌਣੇ ਅਨਸਰਾਂ ਦੀਆਂ ਕਰਤੂਤਾਂ ਦਾ ਭਾਂਡਾ ਫੋੜਦੀ ਹੈ। ਕਹਾਣੀ ਦਾ ਨਾਇਕ ਜੁਝਾਰ ਅਗਾਂਹਵਧੂ ਸੋਚ ਦੇ ਧਾਰਨੀ ਅਨੰਦ ਅਗਰਵਾਲ ਤੋਂ ਪ੍ਰਭਾਵਿਤ ਹੈ। ਅਨੰਦ ਅਗਰਵਾਲ ਸਮਾਜਿਕ ਤਬਦੀਲੀ ਲਈ ਦੋਗਲੇ ਤੱਤਾਂ ਨੂੰ ਕੋਹੜ ਮੰਨਦਾ ਹੈ। ਉਸ ਅਨੁਸਾਰ ਸੁਥਰੇ ਸਮਾਜ ਲਈ ਚੰਗੇ ਲੋਕਾਂ ਦਾ ਇਕੱਠੇ ਹੋ ਕੇ ਕੰਮ ਕਰਨਾ ਜ਼ਰੂਰੀ ਹੈ। ‘ਕਾਲਖ ਕੋਠੜੀ’ ਵਿਚਲੇ ਅਨੰਦ ਅਗਰਵਾਲ ਦੇ ਬੋਲ ਪਾਠਕ ਨੂੰ ਮੋਹਣ ਵਾਲੇ ਹਨ, “ਸਾਰੀਆਂ ਚੰਗਿਆਈਆਂ ਇੱਕ-ਦੂਜੇ ਦੀਆਂ ਮਿੱਤਰ ਹੁੰਦੀਆਂ ਨੇ। ਆਪਸ ਵਿਚ ਮਿਲ ਜਾਂਦੀਆਂ ਨੇ, ਤੇ ਦੁਨੀਆਂ ਬਦਲਦੀਆਂ ਨੇ।”
ਅਨੰਦ ਅਗਰਵਾਲ ਦੀਆਂ ਕ੍ਰਾਂਤੀਕਾਰੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜੁਝਾਰ ਆਪਣੇ ਅੰਦਰ ਚੱਲ ਰਹੇ ਘੋਲ ਨੂੰ ਨਵੀਂ ਦਿਸ਼ਾ ਵੱਲ ਮੋੜਦਾ ਹੈ। ਉਸ ਦੇ ਜਜ਼ਬਾਤ ਲਾਵੇ ਵਾਂਗ ਫਟ ਕੇ ਬਾਹਰ ਵਹਿ ਤੁਰਦੇ ਹਨ। ਉਹ ਸ਼ੇਰ ਵਾਗ ਦਹਾੜ ਕੇ ਆਖਦਾ ਹੈ,
ਜੁਝਾਰ: “ਬਹੁਤ ਸਹਿ ਲਿਆ…ਹੁਣ ਹੋਰ ਨ੍ਹੀਂ…ਮੈਂ ਉਹ ਸਭ ਕਰਨਾ ਚਾਹੁੰਨਾਂ, ਜਿਸ ਦੀ ਅੱਜ ਸੱਚੀ ਮੁੱਚੀ ਲੋੜ ਐ।”
ਜੁਝਾਰ ਦੀ ਪਹਿਲੀ ਲੜਾਈ ਆਪਣੇ ਘਰ ਨਾਲ ਹੈ। ਪਿਉ ਨੂੰ ਹੀਰੋ ਮੰਨਣ ਵਾਲੇ ਜੁਝਾਰ ਦੀ ਸੋਚ ਦਾ ਘੇਰਾ ਹੌਲੀ ਹੌਲੀ ਫੈਲ ਜਾਂਦਾ ਹੈ। ਨਵੀਂਆਂ ਉਡਾਣਾਂ ਲਈ ਫੜਫੜਾ ਰਹੇ ਖੰਭਾਂ ਨੂੰ ਘਰ ਦਾ ਖੇਤਰਫਲ ਮੇਚ ਨਹੀਂ ਆਉਂਦਾ। ਅਸਲ ਵਿਚ ਜੁਝਾਰ ਦੀ ਦ੍ਰਿਸ਼ਟੀ ਦਾ ਧਰਾਤਲ ਪਿਉ ਦੀ ਸੰਘਰਸ਼ਸ਼ੀਲ ਜਿ਼ੰਦਗੀ ਦੀਆਂ ਕਹਾਣੀਆਂ ਹੁੰਦੀਆਂ ਹਨ, ਪਰ ਬਦਲੇ ਰਾਜਨੀਤਕ ਮਾਹੌਲ ਵਿਚ ਉਸ ਦੀ ਮਨੋਚੇਤਨਾ ਵਿਚ ਬਦਲਾਅ ਵਾਪਰ ਜਾਂਦਾ ਹੈ। ਇਹ ਬਦਲਾਅ ਘਰ ਵਿਚ ਸੰਕਟ ਪੈਦਾ ਕਰਦਾ ਹੈ। ਖਾਲਸਾ ਅੰਤਰ-ਆਤਮਾ ਤੋਂ ਜੁਝਾਰ ਨਾਲ ਸਹਿਮਤ ਹੁੰਦਾ ਹੋਇਆ ਵੀ ਪੁੱਤਰ ਮੋਹ ਵੱਸ ਉਸ ਨੂੰ ਔਖੇ ਪੈਂਡਿਆਂ ਤੋਂ ਬਚਾਉਣ ਦਾ ਫਰਜ਼ ਨਿਭਾਉਂਦਾ ਹੈ,
ਖਾਲਸਾ: “ਇਹ ਸਿਆਸਤ ਆਪਣੇ ਵਰਗੇ ਗਰੀਬ ਮਸਕੀਨਾਂ ਨੂੰ ਵਾਰਾ ਨਹੀਂ ਖਾਂਦੀ ਪੁੱਤਰਾ!…ਕਪਟੀ ਬੰਦਿਆਂ ਦਾ ਸਭ ਖੇਲ-ਤਮਾਸ਼ਾ…।”
ਕਹਾਣੀ ਵੱਖ ਵੱਖ ਦਿਸ਼ਾਵਾਂ ਵੱਲ ਤੁਰੇ ਫਿਰਦੇ ਆਪਣੇ ਪਾਤਰਾਂ ਨੂੰ ਬੜੀ ਕਲਾਕਾਰੀ ਨਾਲ ਸਿੱਧੀ ਸੜਕ ਵੱਲ ਤੋਰ ਦਿੰਦੀ ਹੈ। ਇਹ ਲੇਖਕ ਦੀ ਸੂਝ ਤੇ ਕਲਮ ਦੀ ਪਕੜ ਦਾ ਕਮਾਲ ਹੈ। ਜੁਝਾਰ ਆਉਣ ਵਾਲੇ ਸਮੇਂ ਲਈ ਫਿਕਰਮੰਦ ਤੇ ਸੁਚੇਤ ਹੈ। ਉਹ ਵੰਡੀਆਂ ਤੋਂ ਉੱਪਰ ਉਠ ਕੇ ਸਭ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੰਦਾ ਹੈ,
ਜੁਝਾਰ: “ਸੁਲੱਖਣੇ ਪੰਜਾਬ ਦੀ ਖਾਤਰ ਸਭ ਧਿਰਾਂ ਨੂੰ ਸਿਰ ਜੋੜ ਕੇ ਤੁਰਨਾ ਪੈਣਾ।”
ਮੱਧ-ਵਰਗ ਦੀ ਸਭ ਤੋਂ ਵੱਡੀ ਲੜਾਈ ਆਪਣੇ ਆਪ ਨਾਲ ਹੈ, ਹੇਠਾਂ ਡਿੱਗਣ ਦਾ ਡਰ ਤੇ ਉੱਪਰ ਜਾਣ ਦੀ ਲਾਲਸਾ ਤੋਂ ਉਹ ਕਦੀ ਮੁਕਤ ਨਹੀਂ ਹੁੰਦੇ। ਇਸ ਚੱਕਰਵਿਊ ‘ਚ ਘੁੰਮਦੇ ਉਹ ਰਾਜਨੀਤਿਕ ਢਾਂਚੇ ਦੇ ਹੱਥਾਂ ਵਿਚ ਕਠਪੁਤਲੀਆਂ ਬਣੇ ਰਹਿੰਦੇ ਹਨ। ਲੇਖਕ ਨੇ ਬੜੀ ਕਲਾਤਮਿਕਤਾ ਨਾਲ ਇਸ ਗੱਲ ਨੂੰ ਕਹਾਣੀ ਵਿਚਲੇ ਪਾਤਰ ਨਵਤੇਜ ਸਾਥੀ ਦੇ ਮੂੰਹੋਂ ਅਖਵਾਇਆ ਹੈ। ਸਾਥੀ ਦੇ ਬੋਲ ਮੱਧ ਵਰਗ ਦੀ ਸੋਚ ਅਤੇ ਨਵੀਂ ਬਣ ਰਹੀ ਰਾਜਨੀਤਿਕ ਪਾਰਟੀ ਦਾ ਬੜੀ ਖੂਬਸੂਰਤੀ ਨਾਲ ਪੋਸਟ ਮਾਰਟਮ ਕਰਦੇ ਹਨ,
“ਇਹ ਨੌਂਸਿੱਖੀਆਂ ਦੀ ਪਾਰਟੀ ਐ। ਪਾਰਟੀ ਦੀ ਕੋਈ ਸਪੱਸ਼ਟ ਵਿਚਾਰਧਾਰਾ ਵੀ ਨਹੀਂ ਦਿਸਦੀ।…ਇਹ ਵਿਵਸਥਾ ਖਿਲਾਫ ਲੋਕਾਂ ਦੇ ਗੁੱਸੇ ਨੂੰ ਕੈਸ਼ ਕਰ ਰਹੇ ਨੇ…ਮੱਧਵਰਗ ਦੇ ਪੇਟ ਅੰਦਰਲੀ ਗੁੜ-ਗੁੜ ਵਰਗਾ ਹੈ ਇਹ ਸਭ ਕੁਝ।”
‘ਕਾਲਖ ਕੋਠੜੀ’ ਕਹਾਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਰਾਜਨੀਤੀ ਵਰਗੇ ਖੁਸ਼ਕ ਵਿਸ਼ੇ ਨੂੰ ਬਿਆਨ ਕਰਦੀ ਵੀ ਉਸ ਨਦੀ ਵਾਂਗ ਵਹਿੰਦੀ ਹੈ, ਜੋ ਕਦੀ ਮੈਦਾਨੀ ਇਲਾਕਿਆਂ ਵਿਚ ਖੁੱਲ੍ਹਾਂ ਲੈਂਦੀ ਤੇ ਕਦੀ ਭੀੜੀਆਂ ਵਾਦੀਆਂ ਵਿਚ ਸੁੰਗੜਦੀ ਅੱਗੇ ਤੁਰੀ ਜਾਂਦੀ ਹੈ। ਨਾਇਕ ਜੁਝਾਰ ਅੱਜ ਦੀ ਪੀੜ੍ਹੀ ਦੀ ਅਗਵਾਈ ਕਰਦਾ ਉਨ੍ਹਾਂ ਲਈ ਨਵੇਂ ਰਾਹ ਮੋਕਲੇ ਕਰਦਾ ਅੱਗੇ ਤੁਰਿਆ ਜਾਂਦਾ ਹੈ।
ਕਹਾਣੀ ‘ਫੁੱਲਾਂ ਦੀ ਫਸਲ’ ਮੱਧਵਰਗੀ ਪਰਿਵਾਰ ਦੀ ਕਥਾ ਹੈ। ਇਹ ਪਿੰਡਾਂ ਨੂੰ ਸ਼ਹਿਰਾਂ ਤੇ ਸ਼ਹਿਰਾਂ ਨੂੰ ਵਿਦੇਸ਼ਾਂ ਵੱਲ ਧੱਕਦੀ ਸੱਚ ਦੀ ਉਂਗਲੀ ਘੁੱਟ ਕੇ ਫੜੀ ਰੱਖਦੀ ਹੈ। ਸੰਸਾਰੀਕਰਨ ਨਾਲ ਬਾਹਰ ਵੱਲ ਵਧਦੇ ਕਦਮ ਮਨੁੱਖੀ ਮਨ ਦੀ ਟੁੱਟ-ਭੱਜ ਤੇ ਗੰਢ ਤਰੁਪ ਨਾਲ ਪਰਿਵਾਰਕ ਸਾਂਝ ਦੀਆਂ ਤੰਦਾਂ ਨੂੰ ਖਿੱਚ-ਖਿੱਚ ਕਮਜ਼ੋਰ ਕਰਦੇ ਹਨ। ਇਹ ਘਟਨਾਕ੍ਰਮ ਇਕ ਤੋਂ ਬਾਅਦ ਦੂਜੀ ਪੀੜੀ ਵੱਲ ਵਧਦਾ ਹੋਰ ਮਜ਼ਬੂਤ ਹੁੰਦਾ ਜਾਂਦਾ ਹੈ। ਅਗਲੀ ਨਸਲ ਪਿਛਲਿਆਂ ਦੀਆਂ ਪੈੜਾਂ ਦੱਬਦੀ ਉਨ੍ਹਾਂ ਦੀ ਹਿਰਸ ਤੇ ਰੀਝ ‘ਚ ਆਸ਼ਾ-ਨਿਰਾਸ਼ਾ ਨਾਲ ਪਛਤਾਵਾ ਵੀ ਪਰੋਸ ਦਿੰਦੀ ਹੈ। ‘ਫੁੱਲਾਂ ਦੀ ਫਸਲ’ ਕਹਾਣੀ ਪੇਂਡੂ ਅਤੇ ਸ਼ਹਿਰੀ ਧਰਾਤਲ ‘ਚ ਉਪਜਿਆ ਉਹ ਸੱਚ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਚੰਗੇ ਭਵਿਖ ਦੀ ਕਾਮਨਾ ਕਰਦੇ ਮਾਂ ਬਾਪ ਆਪਣੇ ਦਰਦ ਨੂੰ ਸਮਾਜਿਕ ਸੰਦਰਭ ਨਾਲ ਜੋੜ ਕੇ ਘੱਟ ਕਰਨ ਦੀ ਕੋਸਿ਼ਸ਼ ਕਰਦੇ ਹਨ। ਦਿੱਲੀ ਏਅਰਪੋਰਟ ਤੋਂ ਜਦੋਂ ਮਹਿਕਦੀਪ ਮਾਂ-ਬਾਪ ਤੋਂ ਵਿਛੜਦਾ ਹੈ ਤਾਂ ਉਹ ਆਪਣਾ ਦਰਦ ਛੁਪਾਉਣ ਲਈ ਇਕ ਦੂਸਰੇ ਨੂੰ ਢਾਰਸ ਦੇਣ ਦਾ ਯਤਨ ਕਰਦੇ ਹਨ। ਇਸ ਕਹਾਣੀ ਦਾ ਵਾਰਤਾਲਾਪ ਦਿਲ ‘ਚ ਚੀਰ ਪਾਉਂਦਾ ਅੰਦਰ ਉਤਰ ਜਾਂਦਾ ਹੈ। ਮਹਿਕਦੀਪ ਦੇ ਮਾਂ ਬਾਪ ਦੇ ਬੋਲ ਪੜ੍ਹਨਯੋਗ ਹਨ।
ਜਰਨੈਲ: “ਬਹੁਤੇ ਲੋਕਾਂ ਤੋਂ ਤਾਂ ਚੰਗੇ ਈ ਆਂ, ਬਾਹਰ ਜਾਣ ਲਈ ਮਰਦੇ ਫਿਰਦੇ ਬੇਚਾਰੇ। ਆਪਣਾ ਤਾਂ ਨਾ ਹਿੰਗ ਲੱਗਾ, ਨਾ ਫਟਕੜੀ।”
ਪਰ ਮਾਂ ਦੀ ਮਮਤਾ ਵਿਚ ਲਾਭ-ਹਾਨੀ ਦੇ ਸਵਾਲ ਕਿਥੇ ਹੁੰਦੇ ਹਨ? ਮਹਿਕਦੀਪ ਦੀ ਮਾਂ ਅੰਤਰ ਆਤਮਾ ਤੋਂ ਕੁਰਲਾ ਕੇ ਆਖਦੀ ਹੈ, “ਤੁਹਾਡਾ ਨਾ ਲੱਗਿਆ ਹੋਊ…ਮੇਰੀਆਂ ਤਾਂ ਆਂਦਰਾਂ ਧਰੂਹ ਕੇ ਲੈ ਗਿਆ। ਜਿਵੇਂ ਉਹ ਗਿਆ, ਇਵੇਂ ਵੀ ਜਾਂਦਾ ਕੋਈ?”
‘ਫੁੱਲਾਂ ਦੀ ਫਸਲ’ ਕਹਾਣੀ ਕਿਸ਼ੋਰ ਅਵਸਥਾ ਦੇ ਉਸ ਸਧਾਰਨ ਮੁੰਡੇ ਜਿਹੀ ਹੈ, ਜਿਸ ਦੀ ਜਿਸਮਾਨੀ ਬਣਤਰ ਨੂੰ ਸਭ ਕੁਝ ਸੁੰਗੜਿਆ ਤੇ ਅਕਾਊ ਲੱਗਦਾ ਹੈ। ਜਿਸ ਦੇ ਮਨ ਦੀ ਰੀਝ ਤਾਂ ਮਨਚਲੇ ਭੌਰਿਆਂ ਵਰਗੀ ਹੈ, ਪਰ ਆਲੇ-ਦੁਆਲੇ ਕੋਈ ਫੁੱਲ ਨਜ਼ਰ ਨਹੀਂ ਆਉਂਦਾ। ਜੋ ਮਾਂ ਦੇ ਪਿੜੀਆਂ ਪਾ ਪਾ ਬਣਾਏ ਖਿੱਦੋ ਤੇ ਬਾਪ ਦੇ ਘੜ ਕੇ ਦਿੱਤੇ ਗੁੱਲੀ ਡੰਡੇ ਨੂੰ ਇੱਧਰ-ਉਧਰ ਸੁੱਟਦਾ ਅਮੀਰ ਘਰ ਦੇ ਗੁਆਢੀ ਮੁੰਡੇ ਦੇ ਹੱਥ ਰੀਮੋਟ ਵਾਲੀ ਕਾਰ ਦੇਖ ਕੇ ਸੁਪਨੇ ਬੁਣਨ ਲੱਗਦਾ ਹੈ। ਫਿਰ ਜਦੋਂ ਨਵੇਂ-ਪੁਰਾਣੇ ਦੀ ਟੱਕਰ ‘ਚ ਪੁਰਾਣਾ ਫੀਤਾ ਫੀਤਾ ਹੋ ਕੇ ਉੱਡਣ ਲੱਗਦਾ ਹੈ ਤਾਂ ਮਾਂ-ਬਾਪ ਪੁਰਾਣੇ ਲਈ ਹੰਝੂ ਕੇਰਦੇ ਚੁਪ-ਚਾਪ ਪੁੱਤ ਦੀ ਨਵੀਂ ਰੀਝ ਦੇ ਭਾਗੀ ਹੋ ਜਾਂਦੇ ਹਨ।
ਚੌਥੀ ਕਹਾਣੀ ‘ਵਾਰਸ’ ਉੱਨੀ ਸੌ ਚੌਰਾਸੀ ਦੇ ਕਾਲੇ ਦੌਰ ਨੂੰ ਆਟੇ ਵਾਂਗ ਗੁੰਨ ਕੇ ਕਹਾਣੀ ਦੀ ਪਰਾਤ ਵਿਚ ਰੱਖ ਦਿੰਦੀ ਹੈ। ਇਸ ਕਹਾਣੀ ਵਿਚ ਮਨੁੱਖਤਾ ਦੀ ਪੀੜਾ, ਬੇਭਰੋਸਗੀ, ਡਰ, ਬੇਗਾਨਗੀ ਤੇ ਡੋਲਦੀ ਮਾਨਸਿਕਤਾ ਨੂੰ ਸਮੂਹਿਕ ਸੰਤਾਪ ਬਣਾ ਕੇ ਪਾਠਕਾਂ ਅੱਗੇ ਪਰੋਸਿਆ ਗਿਆ ਹੈ। ਸੁਖਪਾਲ ਸਿੰਘ ਥਿੰਦ ਦੀ ਪਕੜ ਬੜੀ ਪੱਕੀ ਪੀਡੀ ਹੈ। ਪੜ੍ਹਦਿਆਂ ਇੰਜ ਲੱਗਦਾ ਹੈ, ਜਿਵੇਂ ਇਹ ਸਭ ਉਸ ਨੇ ਆਪਣੇ ਪਿੰਡੇ `ਤੇ ਹੰਢਾਇਆ ਹੋਵੇ। ਇਸ ਸਮੇਂ ਦੇ ਜਖਮਾਂ ਦੀ ਪੀੜਾ ਅਸਹਿ ਸੀ। ਬਲਦੇ ਸਿਵਿਆਂ ਨੂੰ ਛੱਡ ਕੇ ਪਰਦੇਸੀ ਹੋਏ ਪੁੱਤਾਂ ਦੇ ਸੀਨੇ ਵਿਚ ਅੱਗ ਅੱਜ ਵੀ ਧੁਖ ਰਹੀ ਹੈ। ਇਸ ਸਮੇਂ ਜੋ ਮੌਤ ਦਾ ਤਾਂਡਵ ਨਾਚ ਸੀ, ਉਹ ਇਤਿਹਾਸ ਦੇ ਮੱਥੇ `ਤੇ ਸਦਾ ਕਲੰਕ ਵਾਂਗ ਰਹੇਗਾ। ਕਹਾਣੀ ਦਾ ਇਹ ਸੁਨੇਹਾ ਕਿ ਕਿਸੇ ਵੀ ਧਰਮ ਨੂੰ ਬਾਣੇ ਦੀ ਨਹੀਂ, ਸੱਚੀ-ਸੁੱਚੀ ਸੋਚ ਦੀ ਜ਼ਰੂਰਤ ਹੁੰਦੀ ਹੈ। ਧਰਮ ਦੇ ਨਾਂ `ਤੇ ਰੋਟੀਆ ਸੇਕ ਰਹੇ ਠੇਕੇਦਾਰਾਂ `ਤੇ ਇਹ ਕਹਾਣੀ ਜ਼ਬਰਦਸਤ ਵਿਅੰਗ ਹੈ। ਕਹਾਣੀ ਸੁਪਨੇ ਤੋਂ ਸ਼ੁਰੂ ਹੁੰਦੀ ਹੈ, ਤੇ ਸੁਪਨਾ ਕੁਲਦੀਪ ਨੂੰ ਘੜੀਸ ਕੇ ਜਿ਼ੰਦਗੀ ਦੀ ਹਕੀਕਤ ਅੱਗੇ ਪੇਸ਼ ਕਰਦਾ ਹੈ। ਫਿਰ ਕੁਲਦੀਪ ਔਖੇ ਪੈਂਡਿਆਂ ਨੂੰ ਲਿਤਾੜਦਾ ਕੰਕਰ-ਕੰਡਿਆਂ ਨਾਲ ਲਹੂ-ਲੁਹਾਣ ਹੋਇਆ ਮੰਨੇ ਅਣਮੰਨੇ ਮਨ ਨਾਲ ਜਦੋਂ ਭਰੇ ਬੈਗ ਫੜ ਕੇ ਬੂਹੇ ਤੱਕ ਪਹੁੰਚਦਾ ਹੈ ਤਾਂ ਉਹ ਹਾਰਿਆ ਹੋਇਆ ਨਹੀਂ, ਹਕੀਕਤ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਸਮੇਂ ਦੇ ਹਾਣ ਦਾ ਹੋ ਜਾਂਦਾ ਹੈ। ਪਿੰਡਾਂ ਦੀ ਸਧਾਰਨ ਸ਼ਬਦਾਵਲੀ ਵਰਤ ਕੇ ਕਹਾਣੀ ਆਪਣੇ ਵਿਸ਼ੇ ਨਾਲ ਪੂਰਾ ਇਨਸਾਫ ਕਰਦੀ ਹੈ, ਜਿਵੇਂ:
ਕੁਲਦੀਪ: “ਜਾਉ ਨਹੀਂ ਜਾਂਦਾ। ਦਫ਼ਾ ਹੋ ਜਾਉ ਸਭ, ਗੰਦੀ ’ਲਾਦ ਕਿਤੋਂ ਦੀ…।”
ਮਾਂ: “ਵੇ ਐਵੇਂ ਕਾਹਨੂੰ ਰੋਈ ਜਾਨਾਂ। ਸਿਰ ਨੂੰ ਤੇਲ ਤਾਂ ਚੱਜ ਨਾਲ ਝਸਾ ਲਿਆ ਕਰ।”
ਕੁਲਦੀਪ ਦੀ ਮਾਂ ਦੇ ਇਹ ਸ਼ਬਦ ਸੁਣ ਕੇ ਪਿੰਡ ਦੇ ਬੱਚਿਆਂ ਦੀ ਉਹ ਤਸਵੀਰ ਸਾਹਮਣੇ ਆ ਜਾਂਦੀ ਹੈ, ਜਦੋਂ ਇਕ ਹਫਤੇ ਬਾਅਦ ਉਨ੍ਹਾਂ ਦਾ ਸਿਰ ਨਹਾਉਣਾ ਤੇ ਵਾਹੁਣਾ ਕਾਰਗਿਲ ਦੇ ਯੁੱਧ ਵਰਗਾ ਹੁੰਦਾ ਸੀ। ‘ਵਾਰਸ’ ਕਹਾਣੀ ਕਈ ਰੰਗਾਂ ਨਾਲ ਕੱਢੀ ਦਸੂਤੀ ਦੀ ਚਾਦਰ ਵਰਗੀ ਹੈ, ਜਿਸ ਨੂੰ ਪੜ੍ਹਦਿਆਂ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਦੇ ਰੰਗਾਂ ਨੂੰ ਪਹਿਲ ਦਿੱਤੀ ਜਾਏ ਜਾਂ ਕਸ਼ੀਦਕਾਰੀ ਨੂੰ। ਇਨ੍ਹਾਂ ਸਾਹਿਤਕ ਗੁਣਾਂ ਕਾਰਨ ਹੀ ਸੋਸ਼ਲ ਮੀਡੀਏ ਤੇ ਇਹ ਸਭ ਤੋਂ ਵੱਧ ਸੁਣੀ ਜਾਣ ਵਾਲੀ ਕਹਾਣੀ ਹੈ। ਕਹਾਣੀ ਪੜ੍ਹਦਿਆਂ ਇੰਜ ਲੱਗਦਾ ਹੈ। ਜਿਵੇਂ ਸਭ ਕੁਝ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ। ਜੋ ਕੁਝ ‘ਵਾਰਸ’ ਕਹਾਣੀ ਆਪਣੇ ਅੰਦਰ ਸਮੇਟੀ ਬੈਠੀ ਹੈ, ਉਸ ਦਰਦ ਤੇ ਸੰਤਾਪ ਨੇ ਪੰਜਾਬ ਦੇ ਹਰ ਘਰ ਤੇ ਹਰ ਹਿਰਦੇ ਨੂੰ ਛੋਹਿਆ ਸੀ।
‘ਸੰਤ ਦਾ ਕਤਲ’ ਆਖਰੀ ਪੰਜਵੀਂ ਕਹਾਣੀ ਹੈ। ਇਹ ਇਕ ਪਰਿਵਾਰ ਤੇ ਸੱਤਾਧਾਰੀ ਧਿਰ ਵਿਚਕਾਰ ਟੱਕਰ ਦੀ ਗੱਲ ਕਰਦੀ ਹੈ। ਦੇਸ਼ਬੰਧੂ ਦਲਿਤ ਪਰਿਵਾਰ ਨਾਲ ਸਬੰਧਿਤ ਪਾਤਰ ਹੈ। ਉਸ ਨੇ ਆਪਣੇ ਪਿਉ ਨੂੰ ਹੱਕਾਂ ਲਈ ਲੜਦਿਆਂ ਅੱਖੀਂ ਮਰਦੇ ਦੇਖਿਆ ਹੁੰਦਾ ਹੈ। ਇਹ ਗੱਲ ਉਸ ਦੇ ਅਚੇਤ ਮਨ ‘ਚ ਖੁਣੀ ਜਾਂਦੀ ਹੈ, ਜੋ ਵਕਤ ਆਉਣ `ਤੇ ਗੂੜ੍ਹੇ ਅੱਖਰਾਂ ਦੀ ਕਿਤਾਬ ਬਣ ਕੇ ਉਸ ਨੂੰ ਜਿ਼ੰਦਗੀ ਦੇ ਸਬਕ ਪੜ੍ਹਾਉਂਦੀ ਹੈ। ‘ਸੰਤ ਦਾ ਕਤਲ’ ਕਹਾਣੀ ਵਿਚ ਡੇਰਿਆਂ ਦੀਆਂ ਕਾਲੀਆਂ ਕਰਤੂਤਾਂ ਦਾ ਬਖੀਆ ਖੂਬ ਉਧੇੜਿਆ ਗਿਆ ਹੈ। ਕਹਾਣੀ ਨੇ ਬੜੀ ਬੇਬਾਕੀ ਤੇ ਨਿਡਰਤਾ ਨਾਲ ਇਕ ਮਾਸੂਮ ਬੱਚੇ ਨਾਲ ਹੋਏ ਕੁਕਰਮ ਨੂੰ ਨੰਗਾ ਕਰਕੇ ਉਸ ਦੀ ਮਾਸੂਮੀਅਤ ‘ਚ ਇਕ ਵਿਦਰੋਹੀ ਪੈਦਾ ਕੀਤਾ ਹੈ। ਨਾਇਕ ਦੇਸ਼ਬੰਧੂ ਦੀ ਵਿਦਰੋਹੀ ਸੁਰ ਨਾਲ ਉਸ ਦੀ ਸੂਝ-ਬੂਝ ਵੀ ਕੰਮ ਕਰਦੀ ਹੈ। ਉਹ ਆਪਣੀ ਮਾਂ ਨੂੰ ਡੇਰਿਆਂ ਦੀ ਕਲੰਕਿਤ ਜਿ਼ੰਦਗੀ `ਚੋਂ ਬਾਹਰ ਕੱਢਣ ਲਈ ਮਿਹਨਤ ਤੇ ਲਗਨ ਨਾਲ ਸਾਧਨ ਜੁਟਾਉਂਦਾ ਹੈ। ਦੇਸ਼ਬੰਧੂ ਸਮਝੌਤਾਵਾਦੀ ਨਹੀਂ ਤੇ ਇਸ ਗੱਲ ਦਾ ਖਮਿਆਜ਼ਾ ਭੁਗਤਣ ਤੋਂ ਵੀ ਨਹੀਂ ਡਰਦਾ। ਕਹਾਣੀ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਵੰਡੀਆਂ ਵਾਲੇ ਸਮਾਜ ਵਿਚ ਹੱਕ ਸੱਚ ਲਈ ਲੜਨ ਵਾਲਿਆਂ ਨੂੰ ਬੇਸ਼ੱਕ ਜਿ਼ੱਲਤ ਭਰੀ ਮੌਤ ਮਰਨਾ ਪੈਂਦਾ ਹੈ, ਪਰ ਇਹ ਜੰਗ ਕਦੀ ਖਤਮ ਨਹੀਂ ਹੁੰਦੀ, ਸਗੋਂ ਸਮੇਂ ਦੇ ਗੁਜ਼ਰਨ ਨਾਲ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਦੇਸ਼ਬੰਧੂ ਨੂੰ ਟੁੱਟ-ਟੁੱਟ ਕੇ ਜੁੜਨਾ ਆਉਂਦਾ ਹੈ। ਉਹ ਆਪਣੀ ਜਿ਼ੰਦਗੀ ਨੂੰ ਆਪਣੀਆਂ ਸ਼ਰਤਾਂ `ਤੇ ਜਿਉਣਾ ਚਾਹੁੰਦਾ ਹੈ।
ਦੇਸਬੰਧੂ: ਇਹ ਵੀ ਕੀ ਹੋਇਆ ਕਿ ਬੰਦਾ ਆਪਣੇ ਆਪ ‘ਚ ਸੰਗੜੀ ਫਿਰੇ…ਜਿ਼ੰਦਗੀ ਸਮੁੰਦਰ ਵਾਂਗ ਫੈਲਣ ਲਈ ਐ।”
ਸਹਿਜ ਦੇਸ਼ਬੰਧੂ ਦੀ ਸੋਚ ਦਾ ਧਾਰਨੀ ਹੁੰਦਾ ਹੋਇਆ ਵੀ ਸੱਤਾਧਾਰੀ ਢਾਂਚੇ ਦੇ ਡਰ ਤੋਂ ਮੁਕਤ ਨਹੀਂ ਹੋ ਪਾਉਂਦਾ। ਜਿ਼ੰਦਗੀ ਵਿਚ ਇਹੋ ਜਿਹੇ ਪਾਤਰ ਆਮ ਮਿਲਦੇ ਹਨ। ਦੇਸ਼ਬੰਧੂ ਦੋਹਰੀ ਲੜਾਈ ਲੜਦਾ ਬੇਸ਼ੱਕ ਨਿੱਜੀ ਜੰਗ ਹਾਰ ਜਾਂਦਾ ਹੈ, ਪਰ ਉਸ ਦੇ ਕਿਰਦਾਰ ਤੇ ਇਰਾਦੇ ਦੀ ਜਿੱਤ ਹੁੰਦੀ ਹੈ। ਉਸ ਨੂੰ ਨਿਰੰਤਰ ਜਾਤੀ ਅਤੇ ਜਮਾਤੀ ਜੰਗ ਲੜਨੀ ਪੈਂਦੀ ਹੈ, ਜਦ ਉਹ ਵਾਰ-ਵਾਰ ਜਾਤੀ ਜੰਗ ਵਿਚ ਲਤਾੜਿਆ ਜਾਂਦਾ ਹੈ ਤਾਂ ਇਹ ਬੋਲ ਉਸ ਦਾ ਕੜ ਪਾੜ ਕੇ ਬਾਹਰ ਆਏ ਜਾਪਦੇ ਹਨ: “ਵੱਡੀ ਗੱਲ ਸਾਲੀ ਧਾਲੀਵਾਲ ਹੋਣ ‘ਚ ਐ।”
ਇਸ ਗੱਲ ਦੀ ਪੁਸ਼ਟੀ ਹੈ ਕਿ ਜਿਸ ਮੁਲਕ ਦੀ ਰਾਜ-ਸੱਤਾ ਦੀ ਚਾਬੀ ਕਾਰਪੋਰੇਟ ਘਰਾਣਿਆਂ ਦੀ ਮੁੱਠੀ ਵਿਚ ਹੋਵੇ ਉੱਥੇ ਕਾਨੂੰਨ ਤੇ ਇਨਸਾਫ ਦੇਸ਼ਬੰਧੂ ਵਾਂਗ ਅਧਰੰਗ ਦੀ ਬੀਮਾਰੀ ਨਾਲ ਜੂਝ ਰਹੇ ਹੁੰਦੇ ਹਨ। ਦੇਸ਼ਬੰਧੂ ਕਪਟੀ ਸਿਸਟਮ ਨਾਲ ਲੋਹਾ ਲੈਂਦਾ ਉਹ ਇਨਸਾਨ ਹੈ, ਜੋ ਆਪਣਾ ਸਭ ਕੁਝ ਦਾਅ `ਤੇ ਲੱਗਦਾ ਦੇਖ ਕੇ ਵੀ ਇਸ ਦੀ ਅਧੀਨਗੀ ਕਬੂਲ ਨਹੀਂ ਕਰਦਾ। ਕਹਾਣੀ ਦੇ ਪਾਤਰਾਂ ਤੇ ਸਥਿਤੀਆਂ ਦਾ ਆਮ ਜਿ਼ੰਦਗੀ ਦੇ ਪਾਤਰਾਂ ਤੇ ਸਥਿਤੀਆਂ ਨਾਲ ਮਿਲ ਜਾਣਾ ਲੇਖਕ ਦਾ ਸੁਚੇਤ ਮਨ ਨਾਲ ਮਨੁੱਖਤਾ ਦੇ ਦਰਦ ਤੇ ਵਾਪਰ ਰਹੇ ਘਟਨਾਕ੍ਰਮ ਨੂੰ ਮਹਿਸੂਸ ਕਰਨ ਦੀ ਗਵਾਹੀ ਭਰਦਾ ਹੈ। ਛੋਟੀ ਤੋਂ ਛੋਟੀ ਗੱਲ ਵੀ ਉਸ ਦੇ ਮਨ ਦੀ ਕੋਮਲਤਾ ਨੂੰ ਛੋਹ ਕੇ ਲੰਘਦੀ ਹੈ।
ਸੁਖਪਾਲ ਸਿੰਘ ਥਿੰਦ ਦੀਆਂ ਕਹਾਣੀਆਂ ਵਿਚ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਯਥਾਰਥ ਦੀ ਉਂਗਲੀ ਫੜ ਕੇ ਤੁਰਦੀਆਂ, ਕੋਮਲ ਇੱਛਾਵਾਂ, ਬਿਰਤੀਆਂ ਤੇ ਭਾਵਨਾਵਾਂ ਨੂੰ ਵੀ ਪਾਤਰਾਂ ਦੇ ਮਨ ਦੀ ਮੰਮਟੀ `ਤੇ ਸੰਜੋਈ ਰੱਖਦੀਆਂ ਹਨ। ਸਾਰੀਆਂ ਕਹਾਣੀਆਂ ਪੇਂਡੂ ਅਤੇ ਸ਼ਹਿਰੀ ਮੱਧ-ਵਰਗ ਦੇ ਧਰਾਤਲ ‘ਚ ਉਪਜੀਆਂ ਹਨ। ਵਿਸ਼ੇ ਆਮ ਜਿ਼ੰਦਗੀ ਨਾਲ ਮਿਲਦੇ ਜੁਲਦੇ ਹਨ। ਸੁਖਪਾਲ ਸਿੰਘ ਥਿੰਦ ਦੀਆਂ ਕਹਾਣੀਆਂ ਦੇ ਪਾਤਰ ਉਸ ਦੀ ਨਿੱਜੀ ਜਿ਼ੰਦਗੀ ਨਾਲ ਨੇੜਿਉਂ ਜੁੜੇ ਜਾਂ ਵੇਖੇ ਹੋਣ ਦੀ ਗਵਾਹੀ ਭਰਦੇ ਹਨ; ਪਰ ਉਹ ਕਦੀ ਵੀ ਲੇਖਕ ਦੀ ਇਕਪਾਸੜ ਹਮਦਰਦੀ ਦਾ ਪੁਤਲਾ ਨਹੀਂ ਬਣਦੇ, ਕਿਉਂਕਿ ਜਿ਼ੰਦਗੀ ਦੀਆਂ ਖੰਘਰ ਸਥਿਤੀਆਂ ਦੀ ਰਗੜ ਵਿਚੋਂ ਉਪਜਿਆ ਉਸਾਰੂ ਦ੍ਰਿਸ਼ਟੀਕੋਣ ਹੀ ਵੱਖ ਵੱਖ ਪਾਤਰਾਂ ‘ਚ ਦ੍ਰਿਸ਼ਟੀਮਾਨ ਹੁੰਦਾ ਹੈ। ਇਸ ਕਾਰਨ ਹੀ ਇਹ ਪਾਤਰ ਜਿਉਂਦੇ ਧੜਕਦੇ ਅਤੇ ਬਿਹਤਰ ਜਿ਼ੰਦਗੀ ਲਈ ਜੂਝਦੇ ਪਾਤਰ ਬਣ ਜਾਂਦੇ ਹਨ। ਕਹਾਣੀਆਂ ਭਵਿੱਖਮੁਖੀ ਵਿਚਾਰਾਂ ਦੀ ਸੇਧ ਦਿੰਦੀਆਂ ਪਾਤਰਾਂ ਨੂੰ ਕਿਰਿਆਸ਼ੀਲ ਸਥਿਤੀ ਵਿਚ ਰੱਖਦੀਆਂ ਹਨ। ਉਸ ਦੇ ਨਾਇਕ ਮੌਜੂਦਾ ਸਮਾਜੀ ਢਾਂਚੇ ਨੂੰ ਚੁਣੌਤੀ ਦਿੰਦੇ ਨਵੀਂ ਸੇਧ ਦਿੰਦੇ ਹਨ। ਮਨੁੱਖੀ ਮਨ ਨੂੰ ਮਿਲਦੀ ਇਹ ਸੇਧ ਵੰਗਾਰਨ ਵਾਲੀ ਹੁੰਦੀ ਹੈ, ਕਹਾਣੀਆਂ ਦਾ ਕਿਰਿਆਸ਼ੀਲ ਵਾਤਾਵਰਨ ਪਾਤਰਾਂ ਨੂੰ ਹਰ ਸਥਿਤੀ ਵਿਚ ਜੂਝਣ ਦੀ ਪੱਧਰ ਤੱਕ ਲੈ ਜਾਂਦਾ ਹੈ। ਸਮਾਜ ਦੀ ਗਤੀਸ਼ੀਲਤਾ ਪੁਰਾਣੀ ਪੀੜ੍ਹੀ ਨੂੰ ਨਵੀਂ ਸੇਧ ਦੇ ਕੇ ਕਹਾਣੀ ਦੇ ਪਾਤਰਾਂ ਨਾਲ ਵਹਾ ਲੈਂਦੀ ਹੈ। ਇੰਜ ਕਰਨ ਨਾਲ ਲੇਖਕ ਦਾ ਜੁਝਾਰੂ ਸੁਭਾਅ ਭਵਿੱਖਮੁਖੀ ਵਿਚਾਰਾਂ ਦੀ ਗਵਾਹੀ ਭਰਦਾ ਹੈ। ਇਨ੍ਹਾਂ ਕਹਾਣੀਆਂ ਦਾ ਬਿਰਤਾਂਤਕ-ਪ੍ਰਬੰਧ ਇਸ ਸਾਰੇ ਮਾਹੌਲ ਨੂੰ ਅਜੋਕੇ ਪੱਧਰ `ਤੇ ਲਿਆ ਕੇ ਇਸ ਵਿਚ ਭਵਿੱਖੀ ਸੇਧ ਦੀਆਂ ਰਮਜ਼ਾਂ ਭਰ ਦਿੰਦਾ ਹੈ, ਪਰ ਇਹ ਕੋਈ ਅਖੌਤੀ ਜਨੂੰਨਬਾਜੀ ਨਹੀਂ ਅਤੇ ਨਾ ਹੀ ਇਹ ਕੋਈ ਉਪਭਾਵਿਕਤਾ ‘ਚ ਉਪਜਿਆ ਹੋਇਆ ਦ੍ਰਿਸ਼ਟੀਕੋਣ ਹੈ, ਸਗੋਂ ਇਹ ਲੇਖਕ ਦੀ ਤੀਖਣ ਦੂਰ-ਦ੍ਰਿਸ਼ਟੀ ਤੇ ਸੰਵੇਦਨਸ਼ੀਲਤਾ ਦਾ ਬੜੇ ਸੁਚੱਜੇ ਢੰਗ ਤਰੀਕੇ ਨਾਲ ਕਹਾਣੀਆਂ ਦੇ ਤਾਣੇ-ਬਾਣੇ ਵਿਚ ਸਿਰਜ ਹੋ ਰਹੇ ਪਾਤਰਾਂ ਵਿਚ ਵਿਅਕਤ ਹੋ ਜਾਣਾ ਹੈ।
ਪਿੰਡਾਂ ਦਾ ਸ਼ਹਿਰੀਕਰਨ ਤੋਂ ਵਿਦੇਸ਼ੀਕਰਨ, ਵਿੱਦਿਅਕ ਅਦਾਰਿਆਂ ਵਿਚ ਗੰਧਲੀ ਰਾਜਨੀਤਿਕ ਸੋਚ, ਔਰਤ ਦੀ ਮਨੋਦਸ਼ਾ, ਪੰਜਾਬ ਦੇ ਸੰਕਟ ਨਾਲ ਪੀੜ-ਪੀੜ ਹੋਈ ਮਨੁੱਖਤਾ ਦਾ ਦਰਦ, ਟੁੱਟਦੇ ਰਿਸ਼ਤਿਆਂ ਦੀਆਂ ਤਾਰ ਤਾਰ ਹੋਈਆਂ ਤੰਦਾਂ, ਵਿਸ਼ਵ ਮੰਡੀ ‘ਚ ਮੁੱਲ ਪਾਉਣ ਦੀ ਰੀਝ, ਕਾਹਲ, ਜੱਦੋ-ਜਹਿਦ ਤੇ ਘਰਾਂ ਪਰਿਵਾਰਾਂ ਦੀਆਂ ਕਦਰਾਂ-ਕੀਮਤਾਂ ਨੂੰ ਲੱਗੀ ਢਾਅ ਨੇ ਜਿਥੇ ਮਨ ਦਾ ਸੁੱਖ-ਚੈਨ ਖੋਇਆ ਹੈ, ਉੱਥੇ ਆਧੁਨਿਕ ਸਮਾਜਿਕ ਪ੍ਰਸਿਥੀਆਂ ਨੂੰ ਵੀ ਅਜੀਬ ਜਿਹੇ ਰੂਪ ਵਿਚ ਤੋੜ-ਭੰਨ ਦਿੱਤਾ ਹੈ। ਇਸ ਤੋੜ-ਭੰਨ ਵਿਚੋਂ ਪੰਜਾਬੀ ਮੱਧਵਰਗ ਦੀ ਹੂਕ ਨੂੰ ਸੁਣਿਆ ਸਮਝਿਆ ਜਾ ਸਕਦਾ ਹੈ। ਇਸ ਸਭ ਦਾ ਬੜਾ ਭਰਵਾਂ ਕਲਾਤਮਿਕ ਚਿਤਰਨ ਹੀ ‘ਫੁੱਲਾਂ ਦੀ ਫਸਲ’ ਕਹਾਣੀ ਸੰਗ੍ਰਹਿ ਦਾ ਅਸਲ ਹਾਸਲ ਹੈ।
ਰੂਪਕ ਪੱਖੋਂ ਜੇ ‘ਫੁੱਲਾਂ ਦੀ ਫਸਲ’ ਦੀ ਕਿਸੇ ਵੀ ਟਾਹਣੀ ਨੂੰ ਛੋਈਏ ਤਾਂ ਉਨ੍ਹਾਂ ਵਿਚ ਸ਼ਬਦ ਮੋਤੀਆਂ ਵਾਂਗ ਪਰੋਏ ਨਜ਼ਰ ਆਉਂਦੇ ਹਨ। ਕਿਸੇ ਮਹਿਫਲ ਵਿਚ ਜੇ ਲੇਖਕ ਬਾਰੇ ਚਰਚਾ ਛਿੜੇ ਤਾਂ ਉਸ ਦੀ ਮੁਹੱਬਤ, ਸਲੀਕਾ, ਵਫਾ, ਮੁਸਕਾਣ ਤੇ ਮਿਸ਼ਰੀ ਵਰਗੇ ਮਿੱਠੇ ਬੋਲ ਉਸ ਦੀ ਤਰਫਦਾਰੀ ਕਰਦੇ ਨਜ਼ਰ ਆਉਂਦੇ ਹਨ। ਲੇਖਕ ਨੇ ਬੜੀ ਕਲਾਤਮਿਕਤਾ ਤੋਂ ਕੰਮ ਲੈਂਦਿਆਂ ਕਹਾਣੀਆਂ ਦੇ ਪਾਤਰਾਂ ਨੂੰ ਅਖੀਰ ਤੱਕ ਲੜਨ ਦੇ ਜਜ਼ਬੇ ਨਾਲ ਬੰਨੀ ਰੱਖਿਆ ਹੈ। ਸੁਖਪਾਲ ਸਿੰਘ ਥਿੰਦ ਦੀ ਕਲਮ ਵਿਚ ਕਾਹਲ ਨਹੀਂ, ਉਹ ਬੜੀ ਸਹਿਜਤਾ, ਕੋਮਲਤਾ, ਨਖਰੇ ਤੇ ਮੜਕ ਨਾਲ ਕਦਮ ਪੁੱਟਦੀ ਆਪਣੀਆਂ ਪੈੜਾਂ ਦੇ ਪੱਕੇ ਨਿਸ਼ਾਨ ਛੱਡਦੀ ਅੱਗੇ ਤੁਰੀ ਜਾਂਦੀ ਹੈ। ਸੁਖਪਾਲ ਸਿੰਘ ਥਿੰਦ ਬਾਰੇ ਕਿਹਾ ਜਾ ਸਕਦਾ ਹੈ, ‘ਦੋ ਪੈਰ ਘੱਟ ਤੁਰਨਾ ਪਰ, ਤੁਰਨਾ ਮਟਕ ਦੇ ਨਾਲ।’
ਆਖਰ ‘ਚ ਇਹ ਹੀ ਕਹਾਂਗੀ ਕਿ ‘ਫੁੱਲਾਂ ਦੀ ਫਸਲ’ ਪੁਸਤਕ ਨੇ ਆਪਣੀ ਕਲਾਤਮਿਕਤਾ ਕਾਰਨ ਪਾਠਕਾਂ ਵਿਚ ਆਪਣੀ ਹਰਮਨਪਿਆਰਤਾ ਦਾ ਲੋਹਾ ਮੰਨਵਾਇਆ ਹੈ। ਇਸ ਪੁਸਤਕ ਦੀ ਕਲਾਤਮਿਕਤਾ ਤੇ ਹਰਮਨਪਿਆਰਤਾ ਕਰਕੇ ਹੀ, ਵੀਹ ਸੌ ਵੀਹ ਦਾ ‘ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ’ ਇਸ ਦੀ ਝੋਲੀ ਵਿਚ ਪਿਆ ਹੈ। ਇਸ ਲਈ ਲੇਖਕ ਸੁਖਪਾਲ ਸਿੰਘ ਥਿੰਦ ਦੀ ਕਲਮ ਦੀ ਸਿਆਹੀ ‘ਚ ਹੋਰ ਮੁੱਲਵਾਨ ਕਿਰਤਾਂ ਦੀ ਆਸ ਕਰਨਾ ਬਿਲਕੁਲ ਜਾਇਜ਼ ਜਾਪਦਾ ਹੈ।