‘ਪੰਜਾਬ ਦਰਸ਼ਨ’ ਤੇ ਵਿਦਵਾਨਾਂ ਦੀ ਵੰਨਗੀ: ਰਤਨ ਭੈਣ-ਭਾਈ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਪਿੱਛੇ ਜਿਹੇ ਮਨ ਵਿਚ ਖਿਆਲ ਆਇਆ ਕਿ ਪੰਜਾਬ ਦੇ ਬੇਭਰੋਸਗੀ ਵਾਲੇ ਸਮਾਜਿਕ ਅਤੇ ਸੱਭਿਆਚਾਰਕ ਹਾਲਾਤ ਵਿਚ ਕੁਝ ਨਾ ਕੁਝ ਭਰੋਸੇਯੋਗ ਤਬਦੀਲੀ ਲਿਆਉਣ ਲਈ ਕੋਈ ਉਪਰਾਲਾ ਕੀਤਾ ਜਾਵੇ। ਦੋਸਤਾਂ ਨਾਲ ਮਸ਼ਵਰਾ ਕੀਤਾ ਤਾਂ ਗੱਲ ਇਸ ਸਿੱਟੇ ‘ਤੇ ਪੁੱਜੀ ਕਿ ਆਨਲਾਈਨ ਵਰਚੂਅਲ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਾਵੇ।

ਇਸ ਕਾਜ ਲਈ ਅਸੀਂ ‘ਪੰਜਾਬ ਦਰਸ਼ਨ’ ਨਾਂ ਦਾ ਫੋਰਮ ਬਣਾਇਆ, ਜਿਹਦਾ ਭਾਵ ਸੀ ਕਿ ਪੰਜਾਬ ਦੇ ਤਸੱਵਰ ਨੂੰ ਪੰਜਾਬ ਦੀ ਤਸਵੀਰ ਦੇ ਸਨਮੁਖ ਰੱਖ ਕੇ ਸੋਚਿਆ ਜਾਵੇ ਕਿ ਕਿੱਥੇ ਕਿਹੜੀ ਕਮੀ ਹੈ। ਤਸੱਵਰ ਤੋਂ ਸਾਡਾ ਭਾਵ ਪੰਜਾਬ ਦਾ ਦਰਸ਼ਨ ਸੀ ਤੇ ਤਸਵੀਰ ਤੋਂ ਭਾਵ ਪੰਜਾਬ ਦਾ ਦਰਸ਼ਣ।
ਸਭ ਦੇ ਮਨ ਵਿਚ ਚਾਅ ਸੀ ਕਿ ਕੁਝ ਨਿਵੇਕਲਾ ਤੇ ਮੌਲਿਕ ਜਿਹਾ ਕਰੀਏ। ਉਨ੍ਹਾਂ ਲੋਕਾਂ ਨੂੰ ਸੁਣੀਏ, ਜੋ ਲੀਕ ਤੋਂ ਰਤਾ ਹਟ ਕੇ ਸੋਚਦੇ ਤੇ ਬੋਲਦੇ ਹੋਣ ਜਾਂ ਜਿਹੜੇ ਲੁਕੇ ਛਿਪੇ ਜਿਹੇ ਰਹਿਣਾ ਪਸੰਦ ਕਰਦੇ ਹੋਣ ਤੇ ਬਹੁਤੇ ਪਾਪੂਲਰ ਨਾ ਹੋਣ।
ਇੱਕ ਬੁੱਧਵਾਰ ਸਕਿਪ ਕਰਕੇ, ਲਗਾਤਾਰ ਦੋ ਬੁੱਧਵਾਰਾਂ ਨੂੰ ਸ਼ਾਮੀਂ ਸੱਤ ਵਜੇ ਵਿਖਿਆਨ ਅਰੰਭ ਕਰਨ ਦਾ ਸਮਾਂ ਮਿੱਥਿਆ ਤੇ ਸੋਚਿਆ ਕਿ ਸਮਾਪਤੀ ਿਿਵਖਿਆਨਕਾਰ ਖੁਦ ਆਪਣੀ ਮਰਜ਼ੀ ਅਨੁਸਾਰ ਕਰੇਗਾ। ਸੋਚਿਆ ਜਿਵੇਂ ਅਸੀਂ ਬਾਬਿਆਂ ਦੀਆਂ ਚੌਂਕੀਆਂ ਭਰਨੀਆਂ ਹੋਣ ਤੇ ਸੁਰਖਰੂ ਹੋਣਾ ਹੋਵੇ।
ਇਸ ਸਿਲਸਿਲੇ ਵਿਚ ਆਪਣੇ ਅਧਿਆਪਕ ਪ੍ਰੋ. ਹਰਪਾਲ ਸਿੰਘ ਨਾਲ ਮਸ਼ਵਰਾ ਕੀਤਾ ਅਤੇ ਆਪਣੇ ਸਤਿਕਾਰਯੋਗ ਵਿਦਵਾਨ ਤੇ ਸ਼ਾਇਰ ਇਤਿਹਾਸਕਾਰ ਡਾ. ਆਈ. ਡੀ. ਗੌੜ ਦੀ ਰਾਏ ਲਈ। ਦੋਹਾਂ ਪ੍ਰਬੁੱਧ ਤੇ ਸੁਹਿਰਦ ਹਸਤੀਆਂ ਦੀ ਸਰਪ੍ਰਸਤੀ ਹੇਠ ‘ਪੰਜਾਬ ਦਰਸ਼ਨ’ ਦਾ ਸ਼ੁਭ ਅਰੰਭ ਹੋਇਆ।
ਵਿਸ਼ਵ ਪ੍ਰਸਿੱਧ ਭਾਸ਼ਾ ਵਿਗਿਆਨੀ ਤੇ ਦਾਰਸ਼ਨਿਕ ਪ੍ਰੋ. ਹਰਜੀਤ ਗਿੱਲ ਤੋਂ ਗੱਲ ਅਰੰਭ ਹੋਈ ਤਾਂ ‘ਪੰਜਾਬ ਦਰਸ਼ਨ’ ਇਕਦਮ ਚਰਚਾ ਵਿਚ ਆ ਗਿਆ ਤੇ ਦੂਸਰੀ ਵਾਰ ਫਿਰ ਪ੍ਰੋ. ਗਿੱਲ ਨੂੰ ਹੀ ਬੁਲਾਉਣਾ ਪਿਆ-ਜਾਦੂ ਉਹ ਜੋ ਸਿਰ ਚੜ੍ਹ ਬੋਲੇ।
ਫਿਰ ਅਸੀਂ ਹਰ ਸ਼ੋਭੇ ਦੇ ਲੋਕਾਂ ਨਾਲ ਸੰਪਰਕ ਕੀਤਾ ਤੇ ਸਾਨੂੰ ਹਰ ਕਿਸੇ ਨੇ ਬੜੇ ਹੀ ਪਿਆਰ ਨਾਲ ਨਿਵਾਜਿਆ। ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਆਈ. ਡੀ. ਗੌੜ, ਪ੍ਰੋ. ਪਰਮਜੀਤ ਸਿੰਘ ਤੇ ਪ੍ਰੋ. ਅਕਸ਼ੈ ਕੁਮਾਰ ਨੇ ਕਮਾਲ ਦੇ ਵਿਖਿਆਨ ਦਿੱਤੇ, ਜਿਵੇਂ ਗਿਆਨ ਚਿਰਾਂ ਦੇ ਬੰਦ ਦਰਵਾਜੇ ਖੁਲ੍ਹ ਗਏ ਹੋਣ।
ਜੇ. ਐਨ. ਯੂ. ਦਿੱਲੀ ਤੋਂ ਪ੍ਰੋ. ਭਗਵਾਨ ਜੋਸ਼, ਪ੍ਰੋ. ਜੋਧਕਾ, ਮਦਨ ਗੋਪਾਲ, ਰੱਬੀ ਸ਼ੇਰਗਿੱਲ ਤੇ ਸਿਧਾਰਥ ਜੀ ਨੇ ਖੂਬ ਰੌਣਕਾਂ ਲਾਈਆਂ ਤੇ ਰੰਗ ਬੰਨ੍ਹਿਆ। ਦਿਲ ਅਸ਼ ਅਸ਼ ਉਠਿਆ।
ਚੰਡੀਗੜ੍ਹ ਤੋਂ ਪ੍ਰੋ. ਸਕੂਨ ਸਿੰਘ, ਡਾ. ਨੀਲਮ ਮਾਨ ਸਿੰਘ ਤੇ ਪ੍ਰੋ. ਮੋਨਿਕਾ ਕੁਮਾਰ ਨੇ ਆਪਣੇ ਵਿਖਿਆਨ ਨਾਲ ਹੱਲਚਲ ਹੀ ਮਚਾ ਦਿੱਤੀ ਕਿ ‘ਪੰਜਾਬ ਦਰਸ਼ਨ’ ਦੀ ਏਨੀ ਬੱਲੇ ਬੱਲੇ ਹੋ ਗਈ ਕਿ ਸਾਨੂੰ ਸੋਚਣਾ ਪਿਆ ਕਿ ਹੁਣ ਕੀ ਕਰਾਂਗੇ!
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਬਲਵਿੰਦਰ ਸਿੰਘ ਟਿਵਾਣਾ ਨੇ ਹੈਰਾਨਕੁਨ ਡੀਟੇਲ ਵਾਲਾ ਵਿਖਿਆਨ ਪੇਸ਼ ਕੀਤਾ ਤੇ ਪ੍ਰੋ. ਜਤਿੰਦਰ ਸਿੰਘ ਨੇ ਵਿਖਿਆਨ ਦੀ ਗੰਭੀਰਤਾ ਨਾਲ ਬਹਿਜਾ ਬਹਿਜਾ ਕਰਵਾ ਦਿੱਤੀ ਤੇ ਕਈ ਵੱਡੇ ਚਿੰਤਕ ਚਿੰਤਤ ਹੋ ਗਏ।
ਪੱਛਮੀ ਪੰਜਾਬ ਦੇ ਨੈਨ ਸੁੱਖ ਨੇ ਦੋ ਦਫਾ ਸੁਹਿਰਦ ਗਿਆਨ ਅਤੇ ਹਲੀਮੀ ਭਰੇ ਅੰਦਾਜ਼ ਨਾਲ ਵਿਖਿਆਨ ਦੇ ਨਵੇਂ ਮਿਆਰ ਸਥਾਪਤ ਕਰ ਦਿੱਤੇ ਕਿ ਸਿਰ ਹੀ ਝੁਕ ਗਿਆ। ਹਾਰੂਨ ਖਾਲਿਦ ਨੇ ਵਿਖਿਆਨਕਾਰੀ ਦੀ ਸਪੀਡ ਨਾਲ ਹੀ ਹੈਰਾਨ ਕਰ ਦਿੱਤਾ।
ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਤੇ ਓਮੇਂਦਰ ਦੱਤ ਨੇ ਵੀ ਆਪਣੇ ਵਿਖਿਆਨ ਵਿਚ ਕਈ ਨਵੇਂ ਅਤੇ ਅਣਛੋਹੇ ਨੁਕਤੇ ਟੋਹੇ ਤੇ ਹੱਲਚਲ ਮਚਾ ਦਿੱਤੀ।
ਫਿਰ ਸਾਡੇ ਉਤਸ਼ਾਹ ਵਿਚ ਪਤਾ ਨਹੀਂ ਕਿਉਂ ਕਮੀ ਆ ਗਈ ਕਿ ਕੁਝ ਸੁਝੇ ਹੀ ਨਾ ਤੇ ਨਾ ਹੀ ਕੋਈ ਨਵਾਂ ਚਿਹਰਾ ਨਜ਼ਰ ਆਵੇ, ਜਿਹੜਾ ਛੁਪਿਆ ਜਿਹਾ ਹੋਵੇ ਜਾਂ ਛੁਪੇ ਰਹਿਣ ਦੀ ਚਾਹ ਰੱਖਦਾ ਹੋਵੇ ਤੇ ਜਿਹਦੇ ਕੋਲ ਕੁਝ ਮੌਲਿਕ ਜਿਹਾ ਕਹਿਣ ਸੁਣਨ ਨੂੰ ਵੀ ਹੋਵੇ।
ਅਚਾਨਕ ਮਨ ਵਿਚ ਐੱਨ. ਐੱਸ. ਰਤਨ ਦਾ ਖਿਆਲ ਆਇਆ ਕਿ ਦਿਲ ਖਿੜ ਗਿਆ। ਫਿਰ ਨੰਬਰ ਲੱਭਿਆ ਤੇ ਗੱਲ ਕੀਤੀ। ਉਹ ‘ਪੰਜਾਬ ਦਰਸ਼ਨ’ ਦੀ ਮੇਰੀ ਬੰਨ੍ਹੀ ਭੂਮਿਕਾ ਤੋਂ ਏਨੇ ਖਫਾ ਹੋ ਗਏ ਕਿ ਮੈਂ ਮੁਸ਼ਕਿਲ ਨਾਲ ਗੱਲ ਰਫਾ ਦਫਾ ਕੀਤੀ। ਫਿਰ ਹੋਰ ਗੱਲ ਖੁੱਲ੍ਹੀ ਤਾਂ ਉਹ ਧੀਰਜ ਨਾਲ ਗੱਲ ਸੁਣਨ ਅਤੇ ਕਰਨ ਲੱਗੇ।
ਉਨ੍ਹਾਂ ਦੱਸਿਆ ਕਿ ਉਹ ਫੋਨ ਕਰ ਸਕਦੇ ਹਨ ਤੇ ਸੁਣ ਸਕਦੇ ਹਨ। ਏਸ ਤੋਂ ਅੱਗੇ ਕਿਸੇ ਨੈੱਟ ਸ਼ੈੱਟ, ਜ਼ੂਮ ਸ਼ੂਮ ਜਾਂ ਅੜੀ ਈਮੇਲ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਫਿਰ ਉਹ ਏਨੇ ਧੀਰਜ ਵਿਚ ਆ ਗਏ ਕਿ ਮੈਂ ਹੈਰਾਨ ਹੋਇਆ ਕਿ ਉਹ ਉਹੀ ਹਨ, ਜੋ ਏਨੇ ਖਫਾ ਹੋ ਗਏ ਸਨ। ਉਨ੍ਹਾਂ ਨੇ ਏਨੀਆਂ ਗੱਲਾਂ ਸੁਣਾਈਆਂ, ਜਿੰਨੀਆਂ ਸ਼ਾਇਦ ‘ਪੰਜਾਬ ਦਰਸ਼ਨ’ ‘ਤੇ ਵੀ ਸੰਭਵ ਨਹੀਂ ਸਨ। ਮੈਂ ਉਨ੍ਹਾਂ ਦੀ ਨਿਸ਼ਠਾ, ਗਿਆਨ, ਧੀਰਜ, ਵਿਵੇਕ ਅਤੇ ਖਿਝ ਤੋਂ ਹੈਰਾਨ ਹੋ ਗਿਆ।
ਫਿਰ ਮੈਨੂੰ ਉਨ੍ਹਾਂ ਦੀ ਭੈਣ ਰਮਾ ਰਤਨ ਦਾ ਖਿਆਲ ਆਇਆ। ਫੋਨ ਮਿਲਾਇਆ ਤਾਂ ਉਹ ਵੀ ਆਨਾ ਕਾਨੀ ਜਿਹੀ ਕਰਨ ਡਹਿ ਪਏ। ਹੋਰ ਜ਼ੋਰ ਪਾਇਆ ਤਾਂ ਉਨ੍ਹਾਂ ਨੇ ਆਪਣੇ ਭਾਈ ਸੁਰੇਸ਼ ਰਤਨ ਨਾਲ ਗੱਲ ਕਰਨ ਲਈ ਆਖਿਆ ਕਿ ਉਹ ਬੜਾ ਗਿਆਨਵਾਨ ਹੈ ਤੇ ਅੱਛਾ ਵਿਖਿਆਨ ਦੇ ਸਕਦਾ ਹੈ। ਆਪ ਉਨ੍ਹਾਂ ਨੇ ਕੁਝ ਸਮਾਂ ਮੰਗਿਆ ਕਿ ਹਾਲਾਤ ਠੀਕ ਹੋਣ ‘ਤੇ ਉਹ ਖੁਦ ਵਿਖਿਆਨ ਦੇਣ ਲਈ ਆਖ ਦੇਣਗੇ।
ਫਿਰ ਮੈਂ ਡੈਨਮਾਰਕ ਵਿਚ ਰਹਿੰਦੇ ਉਨ੍ਹਾਂ ਦੇ ਭਾਈ ਸੁਰੇਸ਼ ਰਤਨ ਨਾਲ ਗੱਲ ਕੀਤੀ। ਉਹ ਬੜੇ ਹਸਮੁਖ ਮਿਜ਼ਾਜ ਲੱਗੇ ਤੇ ਕਹਿਣ ਲੱਗੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬ ਵਿਚ ਸਾਇੰਸ ਦੀ ਕੀ ਪੁਜ਼ੀਸ਼ਨ ਹੈ। ਉਨ੍ਹਾਂ ਨੇ ਆਪਣੀ ਅਸਮਰੱਥਾ ਜਾਹਰ ਕੀਤੀ ਕਿ ਉਹ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਨਾਲੋਂ ਟੁੱਟੇ ਹੋਏ ਹਨ ਤੇ ਪੰਜਾਬ ‘ਤੇ ਕੁਝ ਨਹੀਂ ਬੋਲ ਸਕਦੇ। ਅਖੀਰ ਕਹਿਣ ਲੱਗੇ ਕਿ ਮੈਂ ਉਨ੍ਹਾਂ ਦੇ ਭਾਈ ਬੀ. ਐੱਸ. ਰਤਨ ਨਾਲ ਗੱਲ ਕਰਾਂ।
ਫਿਰ ਮੈਂ ਬੀ. ਐੱਸ. ਰਤਨ ਨਾਲ ਗੱਲ ਕੀਤੀ। ਉਹ ਪੈਂਦੀ ਸੱਟੇ ਕਹਿਣ ਲੱਗੇ, “ਮੈਂ ਤਾਂ ਚੱਲਿਆ ਹੋਇਆ ਅਨਾਰ ਹਾਂ, ਰੋਜ਼ ਦਿਨ ਚੜ੍ਹਦਾ ਹੈ ਤਾਂ ਖੁਸ਼ ਹੋਈਦਾ ਕਿ ਚਲੋ ਇਕ ਦਿਨ ਹੋਰ ਮਿਲ ਗਿਆ। ਸ਼ਾਮ ਹੁੰਦੀ ਹੈ ਤਾਂ ਸ਼ੁਕਰ ਕਰੀਦਾ ਕਿ ਚਲੋ ਇਕ ਦਿਨ ਹੋਰ ਨਿਕਲ ਗਿਆ।” ‘ਪੰਜਾਬ ਦਰਸ਼ਨ’ ਤੇ ਵਿਖਿਆਨ ਲਈ ਉਨ੍ਹਾਂ ਬਹੁਤਾ ਉਤਸ਼ਾਹ ਨਾ ਦਿਖਾਇਆ।
ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਸਕਾਈਪ ‘ਤੇ ਗਰੁੱਪ ਬੈਠਕ ਦਾ ਇੰਤਜ਼ਾਮ ਕੀਤਾ ਹੋਇਆ ਹੈ, ਜਿਹਦੇ ਪੰਜਾਹ ਕੁ ਮੈਂਬਰ ਹਨ ਤੇ ਜਿੱਥੇ ਸਿਰਫ ਬਾਣੀ ਦੀ ਵਿਚਾਰ-ਚਰਚਾ ਹੁੰਦੀ ਹੈ ਤੇ ਜਿੱਥੇ ਹਰ ਕੋਈ ਬਾਣੀ ਬਾਬਤ ਆਪਣੇ ਵਿਚਾਰ ਅਤੇ ਮਨੋਭਾਵ ਸਾਂਝੇ ਕਰ ਸਕਦਾ ਹੈ।
ਮੈਂ ਉਹਦੇ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਝੱਟ ਹਾਮੀ ਭਰ ਦਿੱਤੀ ਤੇ ਨਾਲ ਹੀ ਨਸੀਹਤ ਦਿੱਤੀ ਕਿ ਅਸੀਂ ਕਿਸੇ ਨੂੰ ਦੱਸਦੇ ਜਾਂ ਸਮਝਾਉਂਦੇ ਨਹੀਂ, ਬਸ ਇਕ ਦੂਜੇ ਨੂੰ ਸੁਣਦੇ ਹਾਂ ਤਾਂ ਸਾਂਝਾ ਕਰਦੇ ਹਾਂ।
ਉਨ੍ਹਾਂ ਨੇ ਮੈਨੂੰ ਸੁਚੇਤ ਕੀਤਾ ਕਿ ਜਦ ਤੁਹਾਡਾ ਕੁਝ ਕਹਿਣ ਨੂੰ ਜੀ ਕਰੇ ਤਾਂ ਉਦੋਂ ਸ਼ਾਂਤ ਰਹੋ। ਅਸੀਂ ਖੁਦ ਤੁਹਾਨੂੰ ਬੇਨਤੀ ਕਰਾਂਗੇ ਕਿ ਬਾਣੀ ਬਾਬਤ ਆਪਣਾ ਅਨੁਭਵ ਸਾਂਝਾ ਕਰੋ ਤਾਂ ਫਿਰ ਉਦੋਂ ਗੱਲ ਕਰਨਾ।
ਮੈਂ ਇਨ੍ਹਾਂ ਰਤਨ ਭੈਣ ਭਾਈਆਂ ਨਾਲ ਗੱਲ ਕਰਕੇ ਧੰਨ ਹੋ ਗਿਆ ਤੇ ਮਨ ਵਿਚ ਸੋਚਿਆ ਕਿ ਬਿਲਕੁਲ ਸਾਨੂੰ ਇਸੇ ਤਰ੍ਹਾਂ ਲੁਕੇ ਛਿਪੇ ਜਿਹੇ ਹੀ ਰਹਿਣਾ ਚਾਹੀਦਾ ਹੈ।
ਇਹ ਗੱਲ ਤਾਂ ਬੇਹੱਦ ਕਮਾਲ ਦੀ ਲੱਗੀ ਕਿ ਸਾਨੂੰ “ਚੱਲੇ ਹੋਏ ਅਨਾਰ” ਬਣ ਕੇ ਰਹਿਣ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੋ ਜਿਹੇ ਯੁੱਗ ਵਿਚ ਅਸੀਂ ਰਹਿ ਰਹੇ ਹਾਂ, ਉਹਦੇ ਵਿਚ ਮੇਰੇ ਵਰਗੇ ਨਿਮਾਣੇ ਤੇ ਨਿਤਾਣੇ ਜਿਹੇ ਲਈ ਤਾਂ ਬਿਲਕੁਲ ਹੀ ਚੱਲੇ ਹੋਏ ਅਨਾਰ ਤੋਂ ਵੱਧ ਸੋਚਣਾ ਬੱਜਰ ਗੁਨਾਹ ਹੈ।
ਇਹ ਚਾਰੇ ਰਤਨ ਉਸ ਮਹਾਂ ਰਤਨ, ਗਿਆਨੀ ਮੋਹਿੰਦਰ ਸਿੰਘ ਰਤਨ ਦੀ ਅਨੂਠੀ ਗਿਆਨ-ਰਤਨਾਵਲੀ ਹਨ, ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਦਸ਼ੇਦ ਕਰਕੇ, ਚੌਦਾਂ ਸੌ ਤੀਹ ਪੰਨਿਆਂ ਦਾ ਨਿਸ਼ਚਿਤ ਰੂਪ ਦਿੱਤਾ ਸੀ ਤੇ ਜਿਨ੍ਹਾਂ ਦੀ ਕਰਨੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਪਰ ਜਿਸ ਰਤਨ ਦਾ ਨਵੇਂ ਪੋਚ ਦੇ ਸਿੱਖ ਸਮਾਜ ਨੂੰ ਪਤਾ ਤੱਕ ਨਹੀਂ ਹੈ।
‘ਪੰਜਾਬ ਦਰਸ਼ਨ’ ਦੇ ਭਵਿੱਖ ਦਾ ਕੁਝ ਪਤਾ ਨਹੀਂ ਹੈ, ਪਰ ਮੈਂ ਪੰਜਾਬ ਦੀ ਇਸ ਰਤਨਾਵਲੀ ਤੋਂ ਜਿ਼ੰਦਗੀ ਭਰ ਦਾ ਸਬਕ ਸਿੱਖ ਲਿਆ ਹੈ। ਕੋਸਿ਼ਸ਼ ਕਰਾਂਗਾ ਉਸ ਸਬਕ ‘ਤੇ ਦ੍ਰਿੜਤਾ ਤੇ ਸੁਹਿਰਦਤਾ ਨਾਲ ਪਹਿਰਾ ਦੇਣ ਦੇਵਾਂ ਕਿ ਜੇ ਪੰਜਾਬ ਵਿਚ ਰਹਿਣਾ ਹੈ ਤਾਂ ਕੁਝ ਕਰਨ ਬਾਬਤ ਬਿਲਕੁਲ ਨਾ ਸੋਚੋ, ਬਸ ਚੱਲੇ ਹੋਏ ਅਨਾਰ ਬਣ ਕੇ ਰਹੋ। ਸਾਡੀ ਸਭ ਦੀ ਭਲਾਈ ਏਸੇ ਵਿਚ ਹੈ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ।