ਚੰਡੀਗੜ੍ਹ: ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ‘ਤੇ ਝੂਠੇ ਮੁਕਾਬਲੇ ਕਰਨ ਦੇ ਦੋਸ਼ ਅਕਸਰ ਲੱਗਦੇ ਰਹੇ ਪਰ ਹੁਕਮਰਾਨਾਂ ਨੇ ਹੁਣ ਤੱਕ ਇਸ ਮਾਮਲੇ ‘ਤੇ ਮਿੱਟੀ ਪਾਉਣੀ ਹੀ ਬਿਹਤਰ ਸਮਝੀ ਕਿਉਂਕਿ ਇਸ ਦਾ ਸੇਕ ਉਨ੍ਹਾਂ ਨੂੰ ਵੀ ਲੱਗ ਸਕਦਾ ਸੀ। ਪੰਜਾਬ ਪੁਲਿਸ ਨੇ ਉਸ ਸਮੇਂ ਦੌਰਾਨ ਕਿਵੇਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰ ਖਪਾਇਆ, ਇਸ ਦਾ ਖੁਲਾਸਾ ਪੁਲਿਸ ਵਿਚ ਤਾਇਨਾਤ ਰਹੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਕੀਤਾ ਹੈ। ਸੁਰਜੀਤ ਸਿੰਘ ਦੇ ਇਸ ਖੁਲਾਸੇ ਨੇ ਪੁਲੀਸ ਦਾ ਅਸਲ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਖਾੜਕੂਵਾਦ ਸਮੇਂ ਮਜੀਠਾ ਪੁਲਿਸ ਜ਼ਿਲ੍ਹੇ ਵਿਚ ਤਾਇਨਾਤ ਰਹੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦਰਜਨ ਦੇ ਕਰੀਬ ਖਾੜਕੂਆਂ ਨੂੰ ਪੁਲਿਸ ਅਫਸਰਾਂ ਦੇ ਕਹਿਣ ‘ਤੇ ਝੂਠੇ ਮੁਕਾਬਲੇ ਦੌਰਾਨ ਮਾਰਨ ਦੀ ਗੱਲ ਕਬੂਲੀ ਹੈ। ਹੁਣ ਤਕ ਇਸ ਮਾਮਲੇ ਵਿਚ ਚੁੱਪ ਧਾਰਨ ਬਾਰੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਦਬਾਅ ਹੇਠ ਹੀ ਉਹ ਇਨ੍ਹਾਂ ਝੂਠੇ ਮੁਕਾਬਲਿਆਂ ਬਾਰੇ ਕਿਸੇ ਨੂੰ ਦੱਸ ਨਹੀਂ ਸਕਿਆ। ਇਸ ਬਾਰੇ ਸੁਰਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ।
ਸਬ ਇੰਸਪੈਕਟਰ ਦੇ ਤੌਰ ‘ਤੇ ਪਿਛਲੇ 8-9 ਮਹੀਨੇ ਤੋਂ ਤਰਨਤਾਰਨ ਪੁਲਿਸ ਲਾਇਨ ਵਿਚ ਤਾਇਨਾਤ ਸੁਰਜੀਤ ਸਿੰਘ ਨੇ ਦੱਸਿਆ ਕਿ ਖਾੜਕੂਵਾਦ ਦੇ ਸਮੇਂ ਉਹ ਮਜੀਠਾ ਪੁਲਿਸ ਜ਼ਿਲ੍ਹੇ ਵਿਚ ਵੱਖ ਵੱਖ ਜਗ੍ਹਾ ‘ਤੇ ਤਾਇਨਾਤ ਰਿਹਾ ਜਿਥੇ ਉਸ ਦੇ ਅਫਸਰਾਂ ਵੱਲੋਂ ਖਾੜਕੂਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਬਾਰੇ ਉਨ੍ਹਾਂ ਨੂੰ ਦਿੱਤੇ ਗਏ ਹੁਕਮਾਂ ਤੋਂ ਬਾਅਦ ਉਸ ਨੇ ਕਈ ਫਰਜ਼ੀ ਪੁਲਿਸ ਮੁਕਾਬਲੇ ਬਣਾ ਕੇ ਦਰਜਨ ਦੇ ਕਰੀਬ ਖਾੜਕੂਆਂ ਨੂੰ ਮਾਰਿਆ ਸੀ ਜਦਕਿ ਇਸ ਤੋਂ ਇਲਾਵਾ ਉਹ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਖਾੜਕੂਆਂ ਦਾ ਚਸ਼ਮਦੀਦ ਗਵਾਹ ਵੀ ਹੈ। ਸੁਰਜੀਤ ਸਿੰਘ ਨੇ ਦਾਇਰ ਕੀਤੀ ਰਿੱਟ ਵਿਚ ਪੰਜਾਬ ਦੇ ਡੀæਜੀæਪੀ ਸਮੇਤ ਹੋਰ ਕਈ ਪੁਲਿਸ ਅਫਸਰਾਂ ਤੋਂ ਆਪਣੇ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਿਆ ਹੈ। ਉਸ ਨੇ ਦੱਸਿਆ ਹੈ ਕਿ ਖਾੜਕੂਵਾਦ ਦੇ ਸਮੇਂ ਮਜੀਠਾ ਜ਼ਿਲ੍ਹੇ ਵਿਚ ਤਾਇਨਾਤ ਹੁੰਦਿਆਂ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਕਹਾਉਂਦੇ ਖਾੜਕੂ ਕੇਵਲ ਸਿੰਘ, ਖਾੜਕੂ ਕਾਬਲ ਸਿੰਘ ਛੋਟੇਪੁਰ, ਹਰਨੇਕ ਸਿੰਘ ਛੋਟੇਪੁਰ, ਗੁਰਮੀਤ ਸਿੰਘ ਕਾਲੇਕੇ, ਹਰਜਿੰਦਰ ਸਿੰਘ ਬਾਬਾ (ਮੁਖੀ ਖਾਲਿਸਤਾਨ ਨੈਸ਼ਨਲ ਆਰਮੀ) ਤੇ ਉਸ ਦੀ ਪਤਨੀ ਕੁਲਵਿੰਦਰ ਕੌਰ, ਜੁਗਿੰਦਰ ਸਿੰਘ ਵਾਸੀ ਬੰਗਾ, ਕੁਲਵੰਤ ਸਿੰਘ ਵਾਸੀ ਸਿਆਲਕਾ, ਮੰਗਲ ਸਿੰਘ ਮੰਗਾ, ਗੁਰਚਰਨ ਸਿੰਘ, ਗੁਰਭੇਜ ਸਿੰਘ ਭੇਜਾ ਵਾਸੀ ਨਵਾਂ ਪਿੰਡ, ਬਲਰਾਜ ਸਿੰਘ ਉਰਫ ਲੱਬੀ, ਜਗਤਾਰ ਸਿੰਘ ਜੱਗਾ ਚੰਨਣਕੇ ਤੇ ਦੋ ਹੋਰ ਖਾੜਕੂਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ ਸੀ।
ਉਸ ਨੇ ਕਈ ਹੋਰ ਖਾੜਕੂਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਬਾਰੇ ਵੀ ਖੁਲਾਸਾ ਕੀਤਾ ਹੈ। ਹਾਈ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਜੋ 16 ਖਾੜਕੂਆਂ ਦੇ ਪੁਲਿਸ ਮੁਕਾਬਲਿਆਂ ਬਾਰੇ ਦੱਸਿਆ ਗਿਆ ਹੈ, ਉਹ ਪੂਰੀ ਤਰ੍ਹਾਂ ਫਰਜ਼ੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਰਾਹੀਂ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਹੈ। ਉਧਰ, ਦਲ ਖਾਲਸਾ ਨੇ ਪਿਛਲੇ ਦਹਾਕਿਆਂ ਦੌਰਾਨ ਸਿੱਖ ਨੌਜਵਾਨਾਂ ਦੇ ਕਤਲੇਆਮ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਨਸਾਫ ਦੀ ਭਾਵਨਾ ਤੇ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਪ੍ਰਤੀ ਗੰਭੀਰ ਹੋਣ ਲਈ ਕਿਹਾ ਹੈ। ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਮੁਅਤਲ ਸਬ ਇੰਸਪੈਕਟਰ ਸੁਰਜੀਤ ਸਿੰਘ ਵਲੋਂ ਗੈਰ-ਕਾਨੂੰਨੀ ਕਤਲਾਂ ਦੇ ਇਕਬਾਲ ਮਗਰੋਂ ਪੈਦਾ ਹੋਈ ਸਥਿਤੀ ਬਾਰੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ। ਉਨ੍ਹਾਂ ਬਾਦਲ ਜੋੜੀ ਨੂੰ ਅਪੀਲ਼ ਕੀਤੀ ਹੈ ਕਿ 1984 ਤੋਂ 1994 ਤੱਕ ਹੋਏ ਕਤਲੇਆਮ ਦੀ ਜਾਂਚ ਲਈ ਕਮਿਸ਼ਨ ਬਣਾਉਣ ਜਿਸ ਵਿਚ ਹਾਈ ਕੋਰਟ ਦੇ ਜੱਜ, ਸੈਸ਼ਨ ਜੱਜ, ਮਨੁੱਖੀ ਅਧਿਕਾਰਾਂ ਦੇ ਵਕੀਲ਼, ਸਮਾਜਕ ਹੱਕਾਂ ਲਈ ਜੂਝਣ ਵਾਲੀਆਂ ਹਸਤੀਆਂ ਤੇ ਪੰਜਾਬ ਪੁਲੀਸ ਦੇ ਹਾਂਪੱਖੀ ਸੋਚ ਤੇ ਸਾਫ ਅਕਸ ਵਾਲੇ ਅਫਸਰਾਂ ਨੂੰ ਮੈਂਬਰ ਲਿਆ ਜਾਵੇ ਤੇ ਇਹ ਕਮਿਸ਼ਨ ਸੀਮਤ ਸਮੇਂ ਅੰਦਰ 1984 ਤੋਂ 1994 ਤੱਕ ਪੁਲਿਸ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰੇ।
Leave a Reply