ਪੰਚਾਇਤ ਚੋਣਾਂ ਦੇ ਨਾਂ ‘ਤੇ ਲੋਕਤੰਤਰ ਦਾ ਇਕ ਹੋਰ ਡਰਾਮਾ

-ਜਤਿੰਦਰ ਪਨੂੰ
ਲੋਕ ਅਜੇ ਆਪਣੀ ਵੋਟ ਪਾਉਣ ਲਈ ਬੂਥਾਂ ਦੇ ਬਾਹਰ ਲਾਈਨਾਂ ਲਾਈ ਖੜੇ ਸਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਆ ਵੀ ਗਿਆ ਸੀ ਕਿ ਪੰਚਾਇਤ ਚੋਣਾਂ ਵਿਚ ਲੋਕਾਂ ਦੀ ਜਿੱਤ ਹੋਈ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਬਿਨਾਂ ਦੇਰੀ ਜਾਰੀ ਹੋ ਗਿਆ ਸੀ ਕਿ ਲੋਕਤੰਤਰ ਨਾਲ ਖਿਲਵਾੜ ਹੋ ਗਿਆ ਹੈ। ਦੋਵਾਂ ਨੇ ਇਹੋ ਬਿਆਨ ਦੇਣੇ ਸਨ। ਜੇ ਕਾਂਗਰਸ ਰਾਜ ਚਲਾ ਰਹੀ ਹੁੰਦੀ ਤੇ ਅਕਾਲੀ ਦਲ ਵਾਲੇ ਵਿਰੋਧੀ ਧਿਰ ਵਿਚ ਹੁੰਦੇ ਤਾਂ ਇਹੋ ਬਿਆਨ ਫਿਰ ਵੀ ਜਾਰੀ ਹੋਣੇ ਸਨ, ਪਰ ਫਰਕ ਇਹ ਹੋਣਾ ਸੀ ਕਿ ਪ੍ਰਕਾਸ਼ ਸਿੰਘ (ਬਾਦਲ) ਅਤੇ ਪ੍ਰਤਾਪ ਸਿੰਘ (ਬਾਜਵਾ) ਵਾਲੇ ਬਿਆਨ ਇੱਕ ਦੂਸਰੇ ਦੇ ਦਸਤਖਤਾਂ ਹੇਠ ਜਾਰੀ ਕੀਤੇ ਹੋਣੇ ਸਨ। ਚੋਣਾਂ ਵਿਚ ਜੋ ਕੁਝ ਇਸ ਵਾਰੀ ਹੋਇਆ, ਇਹ ਪੰਜਾਬ ਵਿਚ ਹੁਣ ‘ਰਘੂ ਕੁਲ ਰੀਤ ਸਦਾ ਚਲੀ ਆਈ’ ਵਰਗੇ ਹਾਲ ਨੂੰ ਪਹੁੰਚ ਗਿਆ ਹੈ। ਬਦਲਣ ਦੀ ਕੋਈ ਆਸ ਨਹੀਂ। ਇਸ ਦੇ ਬਾਵਜੂਦ ਜਦੋਂ ਕੁਝ ਲੋਕ ਇਹ ਕਹੀ ਜਾਂਦੇ ਹਨ ਕਿ ਪੰਜਾਬ ਵਿਚ ਪੰਚਾਇਤ ਚੋਣਾਂ ਲੋਕਤੰਤਰੀ ਢੰਗ ਨਾਲ ਹੋਈਆਂ ਹਨ ਤੇ ਕਿਧਰੇ ਕੋਈ ਧਾਂਦਲੀ ਨਹੀਂ ਹੋਈ, ਉਨ੍ਹਾਂ ਨੂੰ ਕੰਧਾਂ ਉਤੇ ਲਿਖਿਆ ਵੇਖਣਾ ਚਾਹੀਦਾ ਹੈ।
ਪਹਿਲੀ ਗੱਲ ਤਾਂ ਇਹ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ 1977 ਵਿਚ ਦੂਸਰੀ ਵਾਰੀ ਮੁੱਖ ਮੰਤਰੀ ਬਣੇ ਸਨ, ਉਨ੍ਹਾਂ ਦੀ ਪਹੁੰਚ ਉਦੋਂ ਤੋਂ ਵਿਰੋਧੀ ਧਿਰ ਨੂੰ ਭੁਲੇਖੇ ਵਿਚ ਰੱਖ ਕੇ ਸੀਟਾਂ ਦਾ ਸ਼ਿਕਾਰ ਖੇਡਣ ਦੀ ਰਹੀ ਹੈ। ਪਿਛਲਾ ਪ੍ਰਬੰਧ ਜੇ ਸਾਰੇ ਪਿੰਡ ਵਿਚੋਂ ਸਰਪੰਚ ਦੀ ਚੋਣ ਦਾ ਹੈ ਤਾਂ ਇਸ ਦੀ ਥਾਂ ਪੰਚਾਂ ਵਿਚੋਂ ਸਰਪੰਚ ਦੀ ਚੋਣ ਕਰਵਾ ਦਿਓ, ਤੇ ਜੇ ਪਹਿਲਾਂ ਪੰਚਾਂ ਵਿਚੋਂ ਸਰਪੰਚ ਚੁਣਿਆ ਜਾਂਦਾ ਹੈ ਤਾਂ ਬਦਲ ਕੇ ਲੋਕਾਂ ਵੱਲੋਂ ਸਰਪੰਚ ਦੀ ਸਿੱਧੀ ਚੋਣ ਦਾ ਦਾਅ ਖੇਡ ਲਓ। ਉਹ ਜਿੰਨੀ ਵਾਰੀ ਮੁੱਖ ਮੰਤਰੀ ਬਣੇ, ਲਗਭਗ ਹਰ ਵਾਰ ਬਾਕੀ ਲੋਕਾਂ ਤੇ ਵਿਰੋਧੀ ਧਿਰ ਨੂੰ ਚੋਣਾਂ ਦੀ ਪ੍ਰਣਾਲੀ ਬਾਰੇ ਅੰਤਲੇ ਮਹੀਨੇ ਤੱਕ ਓਹਲੇ ਵਿਚ ਰੱਖ ਕੇ ਆਪਣੀ ਧਿਰ ਨੂੰ ਅੰਦਰੋ-ਅੰਦਰ ਤਿਆਰ ਰਹਿਣ ਲਈ ਕਹਿ ਦਿੱਤਾ ਜਾਂਦਾ ਰਿਹਾ ਹੈ। ਇਸ ਵਾਰ ਪਿੰਡਾਂ ਵਿਚ ਵਾਰਡਬੰਦੀ ਦਾ ਅਸਲੋਂ ਨਵਾਂ ਦਾਅ ਵਰਤ ਲਿਆ। ਬਹੁਤੇ ਲੋਕਾਂ ਲਈ ਇਹ ਗੱਲ ਸਮਝ ਤੋਂ ਬਾਹਰ ਦੀ ਸੀ ਕਿ ਇੱਕੋ ਗਲੀ ਦੇ ਕੁਝ ਘਰ ਇੱਕ ਵਾਰਡ ਵਿਚ ਤੇ ਕੁਝ ਦੂਸਰੇ ਜਾਂ ਤੀਸਰੇ ਵਾਰਡ ਦੇ ਵੋਟਰ ਬਣਾ ਦਿੱਤੇ ਗਏ। ਇਹੋ ਜਿਹੇ ਪਿੰਡ ਵੀ ਹਨ, ਜਿੱਥੇ ਇੱਕੋ ਗਲੀ ਦਾ ਪਹਿਲਾ ਘਰ ਇੱਕ ਵਾਰਡ ਵਿਚ, ਅਖੀਰ ਵਾਲਾ ਦੂਸਰੇ ਵਿਚ ਤੇ ਵਿਚਾਲੜੇ ਘਰਾਂ ਵਿਚੋਂ ਕੁਝ ਘਰ ਸਾਹਮਣੇ ਵਾਲੇ ਤੀਸਰੇ ਵਾਰਡ ਨਾਲ ਜੋੜ ਕੇ ਬਾਕੀ ਘਰਾਂ ਨੂੰ ਪਿਛਵਾੜੇ ਦੀ ਗਲੀ ਦੇ ਚੌਥੇ ਵਾਰਡ ਵਿਚ ਪਾ ਦਿੱਤਾ ਗਿਆ। ਇੱਕ ਪਿੰਡ ਵਿਚ ਇੱਕ ਵਾਰਡ ਰਿਜ਼ਰਵ ਕਰਦੇ ਵਕਤ ਇਹ ਵੀ ਨਾ ਵੇਖਿਆ ਗਿਆ ਕਿ ਸਾਰੇ ਵਾਰਡ ਵਿਚ ਸੂਚੀ ਦਰਜ ਜਾਤੀ ਦਾ ਘਰ ਹੀ ਕੋਈ ਨਹੀਂ ਅਤੇ ਜਿੱਥੇ ਸਿਰਫ ਉਨ੍ਹਾਂ ਗਰੀਬਾਂ ਦੇ ਘਰ ਸਨ, ਉਹ ਵਾਰਡ ਜਨਰਲ ਕਰ ਦਿੱਤਾ ਗਿਆ। ਇਹ ਚੁਸਤੀਆਂ ਚੋਣ ਅਮਲਾ ਨਹੀਂ ਕਰਿਆ ਕਰਦਾ, ਉਸ ਤੋਂ ਕਰਵਾਈਆਂ ਜਾਂਦੀਆਂ ਹਨ ਤੇ ਕੌਣ ਕਰਵਾ ਸਕਦਾ ਹੈ, ਇਹ ਵੀ ਸਭ ਨੂੰ ਪਤਾ ਹੈ।
ਦੂਸਰੀ ਗੱਲ ਚੋਣ ਲੜਨ ਵਾਲਿਆਂ ਵਿਚੋਂ ਵਿਰੋਧੀ ਧਿਰ ਦੇ ਕਾਗਜ਼ ਰੱਦ ਕਰਵਾਉਣ ਦੀ ਹੈ। ਇਸ ਕੰਮ ਲਈ ਹਰ ਚੋਣ ਲੜਨ ਵਾਲੇ ਨੂੰ ਜਿਹੜਾ ਕੋਈ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਪੰਚਾਇਤ ਮਹਿਕਮੇ ਤੋਂ ਮਿਲਣਾ ਹੁੰਦਾ ਹੈ, ਕਈ ਥਾਂ ਉਹ ਸਰਟੀਫਿਕੇਟ ਕੋਈ ਅਕਾਲੀ ਮੰਤਰੀ ਜਾਂ ਸਾਬਕਾ ਮੰਤਰੀ ਆਪਣੇ ਬਸਤੇ ਵਿਚ ਪਾ ਕੇ ਕਿਸੇ ਲੁਕਵੇਂ ਅੱਡੇ ਉਤੇ ਜਾ ਬੈਠਾ ਤੇ ਵਿਰੋਧੀਆਂ ਨੂੰ ਇਹ ਸਰਟੀਫਿਕੇਟ ਆਖਰੀ ਦਿਨ ਤੱਕ ਨਹੀਂ ਮਿਲੇ। ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਸਾਬਕਾ ਮੰਤਰੀ, ਜਿਹੜਾ ਭ੍ਰਿਸ਼ਟਾਚਾਰ ਦੇ ਕਈ ਮੁਕੱਦਮੇ ਭੁਗਤਦਾ ਫਿਰਦਾ ਹੈ, ਦੀ ਇਸ ਪੱਖੋਂ ਵਾਹਵਾ ਚਰਚਾ ਹੋਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਗੱਲਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਵਿਰੋਧੀ ਧਿਰ ਵਾਲਿਆਂ ਦੇ ਕਾਗਜ਼ ਰੱਦ ਕਰਾਉਣ ਲਈ ਇੱਕ ਦਿਨ ਪਹਿਲਾਂ ਹੀ ਚੋਣ ਦੇ ਰਿਟਰਨਿੰਗ ਅਫਸਰਾਂ ਨੂੰ ਦੱਸ ਦਿੱਤਾ ਗਿਆ ਤੇ ਅੱਗੇ ਉਹ ਵੀ ਦੂਸਰੀ ਪਾਰਟੀ ਵਾਲਿਆਂ ਦੇ ਕੰਨ ਵਿਚ ਇੱਕ ਦਿਨ ਅਗਾਊਂ ਦੱਸੀ ਜਾਂਦੇ ਸਨ ਕਿ ਉਪਰੋਂ ਆਹ ਹੁਕਮ ਆ ਗਿਆ ਹੈ।
ਜਦੋਂ ਹਾਲਾਤ ਇਹੋ ਜਿਹੇ ਬਣ ਜਾਣ ਤਾਂ ਚੋਣ ਫਿਰ ਚੋਣ ਨਹੀਂ ਰਹਿ ਜਾਂਦੀ, ਪਰ ਲੋਕਾਂ ਨੂੰ ਜਿੱਥੇ ਵੀ ਆਪਣੀ ਰਾਏ ਦੇਣ ਦਾ ਮੌਕਾ ਮਿਲ ਗਿਆ, ਇਨ੍ਹਾਂ ਹਾਲਾਤ ਦੇ ਬਾਵਜੂਦ ਉਹ ਰਾਜ ਕਰਦੀ ਪਾਰਟੀ ਨੂੰ ਸ਼ੀਸ਼ਾ ਵਿਖਾ ਗਏ। ਇਹੋ ਕਾਰਨ ਹੈ ਕਿ ਇੱਕ ਥਾਂ ਇੱਕ ਧੜੱਲੇਦਾਰ ਮੰਤਰੀ ਦਾ ਪੀ ਏ ਹਾਰ ਗਿਆ, ਇੱਕ ਥਾਂ ਸ਼੍ਰੋਮਣੀ ਕਮੇਟੀ ਮੈਂਬਰ ਪਲਟੀ ਮਾਰ ਕੇ ਲੋਕਾਂ ਨੇ ਖੂੰਜੇ ਬਿਠਾ ਦਿੱਤਾ ਤੇ ਘੱਟੋ-ਘੱਟ ਤਿੰਨ ਥਾਂਵਾਂ ਉਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਦਾ ਪੁੱਤਰ, ਪਤਨੀ ਜਾਂ ਘਰ ਦਾ ਕੋਈ ਜੀਅ ਹੌਲਾ ਹੋ ਕੇ ਬਹਿ ਗਿਆ। ਕਮਾਲ ਦੀ ਗੱਲ ਇਹ ਵੀ ਹੈ ਕਿ ਇਹ ਕੁਝ ਉਦੋਂ ਵਾਪਰ ਗਿਆ ਹੈ, ਜਦੋਂ ਸਰਕਾਰੀ ਮਸ਼ੀਨਰੀ ਸਾਮ-ਦਾਮ-ਦੰਡ-ਭੇਦ ਹਰ ਹਰਬਾ ਵਰਤ ਕੇ ਉਨ੍ਹਾਂ ਨੂੰ ਜਿਤਾਉਣ ਲਈ ਸਿਰ ਪਰਨੇ ਹੋਈ ਪਈ ਸੀ। ਸਾਰੇ ਨੇਮ-ਕਾਨੂੰਨ ਛਿੱਕੇ ਟੰਗ ਕੇ ਸਰਕਾਰੀ ਮਸ਼ੀਨਰੀ ਕਿਸ ਹੱਦ ਤੱਕ ਚਲੀ ਗਈ ਸੀ, ਇਸ ਦੀਆਂ ਕਈ ਉਘੜਵੀਂਆਂ ਮਿਸਾਲਾਂ ਹਨ, ਜਿਹੜੀਆਂ ਮੀਡੀਏ ਨੇ ਸਾਹਮਣੇ ਲਿਆਂਦੀਆਂ ਹਨ। ਇਨ੍ਹਾਂ ਵਿਚੋਂ ਹਰ ਕਿਸੇ ਦੀ ਗੱਲ ਨਾ ਕਰਦੇ ਹੋਏ ਸਿਰਫ ਇੱਕ ਮਿਸਾਲ ਦੇਣੀ ਕਾਫੀ ਰਹੇਗੀ। ਜਲੰਧਰ ਨੇੜਲੇ ਇੱਕ ਪਿੰਡ ਵਿਚ ਦੋ ਬੀਬੀਆਂ ਦੇ ਮੁਕਾਬਲੇ ਵਿਚ ਸਰਕਾਰੀ ਧਿਰ ਵਾਲੀ ਬੀਬੀ ਇੱਕ ਵੋਟ ਉਤੇ ਹਾਰ ਗਈ ਤਾਂ ਦੋਬਾਰਾ ਗਿਣਤੀ ਲਈ ਜ਼ੋਰ ਦਿੱਤਾ ਗਿਆ। ਪ੍ਰੀਜ਼ਾਈਡਿੰਗ ਅਫਸਰ ਨੇ ਦੋਬਾਰਾ ਗਿਣਤੀ ਕਰਨ ਵੇਲੇ ਹਾਕਮ ਧਿਰ ਦੇ ਦਬਾਅ ਹੇਠ ਇੱਕ ਵੋਟ ਘਟਾ ਕੇ ਦੋਵੇਂ ਬੀਬੀਆਂ ਬਰਾਬਰ ਕਰ ਦਿੱਤੀਆਂ ਤਾਂ ਟਾਸ ਨਾਲ ਫੈਸਲਾ ਕਰਨ ਦੀ ਸਹਿਮਤੀ ਹੋ ਗਈ। ਟਾਸ ਪੈਣ ਮਗਰੋਂ ਫਿਰ ਵਿਰੋਧੀ ਧਿਰ ਵਾਲੀ ਬੀਬੀ ਜਿੱਤ ਗਈ, ਪਰ ਰੌਲਾ ਪਾ ਦਿੱਤਾ ਕਿ ਟਾਸ ਠੀਕ ਨਹੀਂ ਪਈ, ਇਹ ਵੀ ਦੋਬਾਰਾ ਪਾ ਲਈ ਜਾਵੇ। ਦੋਬਾਰਾ ਟਾਸ ਵਿਚ ਵੀ ਉਹੋ ਬੀਬੀ ਜਿੱਤ ਗਈ ਤਾਂ ਇਹ ਦਲੀਲ ਪੇਸ਼ ਹੋ ਗਈ ਕਿ ਇਸ ਨੂੰ ਕੋਈ ਚੁਣੌਤੀ ਦੇ ਸਕਦਾ ਹੈ, ਇਸ ਲਈ ਵੀਡੀਓ ਕੈਮਰੇ ਦੇ ਸਾਹਮਣੇ ਫਿਰ ਟਾਸ ਪਾਉਣੀ ਚਾਹੀਦੀ ਹੈ। ਤੀਸਰੀ ਵਾਰੀ ਵਿਚ ਕਿਸਮਤ ਵੀ ਉਸ ਦਾ ਸਾਥ ਛੱਡ ਗਈ। ਹਾਕਮ ਧਿਰ ਦੀ ਬੀਬੀ ਰਾਜ ਦੇ ਜ਼ੋਰ ਨਾਲ ਜਿੱਤ ਗਈ। ਏਨੀ ਵਾਰੀ ਟਾਸ ਪਾਈ ਜਾਣ ਦਾ ਸਿੱਧਾ ਅਰਥ ਇਹੋ ਸੀ ਕਿ ਭਾਵੇਂ ਤਿੰਨ ਦੀ ਥਾਂ ਤੇਰਾਂ ਵਾਰੀ ਸਿੱਕਾ ਸੁੱਟਣਾ ਪਵੇ, ਉਦੋਂ ਤੱਕ ਸੁੱਟੀ ਜਾਣਾ ਹੈ, ਜਦੋਂ ਤੱਕ ਸਰਕਾਰ ਦੇ ਸਾਥ ਵਾਲੀ ਬੀਬੀ ਜਿੱਤ ਨਾ ਜਾਵੇ। ਕੀ ਇਸ ਨੂੰ ਚੋਣ ਕਿਹਾ ਜਾ ਸਕਦਾ ਹੈ?
ਇੱਕ ਹੋਰ ਥਾਂ ਇਸ ਤੋਂ ਥੋੜ੍ਹੀ ਜਿਹੀ ਵੱਖਰੀ ਮਿਸਾਲ ਪੇਸ਼ ਹੋ ਗਈ। ਉਥੇ ਵੀ ਮੁਕਾਬਲਾ ਦੋ ਬੀਬੀਆਂ ਵਿਚਾਲੇ ਹੀ ਸੀ। ਹਾਕਮ ਧਿਰ ਵਾਲੀ ਬੀਬੀ ਹਾਰ ਗਈ ਤੇ ਦੂਸਰੀ ਜਿੱਤ ਗਈ ਤਾਂ ਵੋਟਾਂ ਦਾ ਰੌਲਾ ਪਾ ਦਿੱਤਾ। ਫਿਰ ਟਾਸ ਦੇ ਨਾਲ ਫੈਸਲੇ ਦੀ ਗੱਲ ਚੱਲੀ ਤੇ ਵਿਰੋਧੀ ਧਿਰ ਵਾਲੀ ਬੀਬੀ ਮੁੜ ਕੇ ਜਿੱਤ ਗਈ। ਹਾਕਮ ਧਿਰ ਦੇ ਬੰਦਿਆਂ ਨੇ ਪੋਲਿੰਗ ਬੂਥ ਦੇ ਅੰਦਰ ਹੀ ਉਸ ਨੂੰ ਅਤੇ ਚੋਣ ਅਮਲੇ ਨੂੰ ਕੈਦ ਕਰ ਲਿਆ ਤੇ ਦਬਾਅ ਪਾਉਣ ਲੱਗ ਪਏ ਤੇ ਉਦੋਂ ਤੱਕ ਇਹ ਕੰਮ ਹੁੰਦਾ ਰਿਹਾ, ਜਦੋਂ ਤੜਕੇ ਤਿੰਨ ਵਜੇ ਤੋਂ ਬਾਅਦ ਆ ਕੇ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਸੀ ਛੁਡਾਇਆ। ਇਹ ਵੀ ਚੋਣ ਨਜ਼ਾਰਾ ਹੀ ਸੀ। ਅੱਗੋਂ ਹੁਣ ਇਹੋ ਜਿਹੀ ਪੰਚਾਇਤ ਦੀ ਸੁੱਖ ਹੀ ਮੰਗਣੀ ਪਵੇਗੀ।
ਜੇ ਕੋਈ ਇਹ ਸਮਝੇ ਕਿ ਨੀਤ ਸਿਰਫ ਵਿਰੋਧੀ ਧਿਰ ਵਾਲਿਆਂ ਨੂੰ ਮਾਂਜਾ ਫੇਰਨ ਦੀ ਸੀ ਤਾਂ ਇਹ ਵੀ ਗਲਤ ਹੋਵੇਗਾ। ਬਹੁਤ ਸਾਰੇ ਥਾਂਈਂ ਅਕਾਲੀ ਵੀ ਅਕਾਲੀਆਂ ਨਾਲ ਭਿੜਦੇ ਰਹੇ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੁਪੱਈਆਂ ਵਾਲਾ ਵਿਚ ਅਕਾਲੀਆਂ ਦੇ ਦੋ ਧੜਿਆਂ ਵਿਚ ਜਿਹੜਾ ਖੂਨੀ ਭੇੜ ਹੋਇਆ, ਉਸ ਵਿਚ ਦੋ ਹਲਕਿਆਂ ਦੇ ਅਕਾਲੀ ਵਿਧਾਇਕਾਂ ਦਾ ਆਪਸੀ ਟਕਰਾਅ ਚਰਚਾ ਵਿਚ ਆਇਆ ਹੈ। ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਗੋਲੀ ਚੱਲੀ ਸੀ ਤਾਂ ਉਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਇੱਕ ਅਕਾਲੀ ਵਿਧਾਇਕ ਬੀਬੀ ਦੇ ਧੜਿਆਂ ਦੀ ਖਾਨਾਜੰਗੀ ਨੇ ਜੰਗ ਦਾ ਰੂਪ ਧਾਰ ਲਿਆ ਸੀ। ਭੋਗਪੁਰ ਦੇ ਨੇੜੇ ਇੱਕ ਪਿੰਡ ਵਿਚ ਸਰਪੰਚੀ ਦਾ ਉਮੀਦਵਾਰ ਮਾਰ ਦਿੱਤਾ ਗਿਆ ਸੀ। ਉਹ ਵੀ ਅਕਾਲੀ ਸੀ ਤੇ ਜਿਨ੍ਹਾਂ ਨੇ ਕਤਲ ਕੀਤਾ, ਉਹ ਵੀ ਅਕਾਲੀ ਦਲ ਦੇ ਆਗੂ ਅਖਵਾਉਂਦੇ ਸਨ। ਸਰਕਾਰ ਦੀ ਵਾਗਡੋਰ ਜਿਨ੍ਹਾਂ ਦੇ ਹੱਥਾਂ ਵਿਚ ਹੈ, ਉਨ੍ਹਾਂ ਵਿਚੋਂ ਕਿਸੇ ਨੇ ਇਸ ਦਾ ਖੰਡਨ ਜਾਂ ਮੰਡਨ ਹੀ ਨਹੀਂ ਕੀਤਾ।
ਜਿਹੜੇ ਦਿਨ ਚੋਣਾਂ ਹੋਣੀਆਂ ਸਨ, ਉਸ ਦਿਨ ਫਿਰ ਇੱਕ ਕਹਿਰ ਵਾਪਰ ਗਿਆ। ਕੋਟਕਪੂਰੇ ਨੇੜੇ ਇੱਕ ਪਿੰਡ ਵਿਚ ਚੋਣ ਦੇ ਬਾਅਦ ਨਤੀਜੇ ਵੇਲੇ ਰੇੜਕਾ ਪੈ ਗਿਆ। ਦੋਵੇਂ ਧੜੇ ਅਕਾਲੀਆਂ ਦੇ ਸਨ। ਇੱਕ ਧੜਾ ਜ਼ਰਾ ਭਾਰਾ ਸੀ ਤੇ ਉਸ ਦੇ ਪੱਖ ਵਿਚ ਪੁਲਿਸ ਵਾਲੇ ਵੀ ਹੱਦਾਂ ਟੱਪਣ ਨੂੰ ਤਿਆਰ ਸਨ। ਦੂਸਰੀ ਧਿਰ ਵਾਲਿਆਂ ਨੇ ਇਸ ਦੀ ਪ੍ਰਵਾਹ ਕੀਤੇ ਬਿਨਾਂ ਜਦੋਂ ਆਪਣੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਥਾਣੇਦਾਰ ਨੇ ਗੋਲੀ ਮਾਰ ਕੇ ਉਸ ਧੜੇ ਦੇ ਆਗੂ ਦਾ ਕਤਲ ਕਰ ਦਿੱਤਾ। ਸਾਰੇ ਪਿੰਡ ਦੇ ਸਾਹਮਣੇ ਸਿਰਫ ਚਾਰ ਫੁੱਟ ਦੇ ਫਾਸਲੇ ਤੋਂ ਗੋਲੀ ਮਾਰੀ ਗਈ ਤੇ ਉਸ ਮੌਕੇ ਦਾ ਮੁਆਇਨਾ ਕਰਨ ਆਇਆ ਸਰਕਾਰ ਦਾ ਡਿਊਟੀ ਅਫਸਰ ਇਹ ਕਹਿ ਕੇ ਤੁਰ ਗਿਆ ਕਿ ਗੋਲੀ ਮਾਰਨ ਵਾਲੇ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਿੰਡ ਦੇ ਲੋਕ ਆਖਦੇ ਹਨ ਕਿ ਯਕੀਨ ਨਾਲ ਕਹਿਣ ਵਿਚ ਅੜਚਣ ਇਹ ਹੈ ਕਿ ਉਸ ਨੂੰ ਹਾਲੇ ਇਹ ਪਤਾ ਨਹੀਂ ਸੀ ਕਿ ਉਪਰੋਂ ਕਿਸ ਦਾ ਪੱਖ ਲਿਆ ਜਾਣਾ ਹੈ, ਇਸ ਲਈ ਉਹ ਕਿਸੇ ਝਮੇਲੇ ਵਿਚ ਫਸਣ ਤੋਂ ਬਚਣ ਲਈ ਏਦਾਂ ਦੀ ਗੱਲ ਕਹਿ ਕੇ ਚਲਾ ਗਿਆ ਸੀ, ਬਾਅਦ ਵਿਚ ਸਰਕਾਰ ਜਿਸ ਦੇ ਪੱਖ ਵਿਚ ਕਹੇਗੀ, ਉਸ ਦੀ ਹਮਾਇਤ ਦੀ ਰਿਪੋਰਟ ਬਣਾ ਦੇਵੇਗਾ।
ਜਦੋਂ ਇਹ ਚੋਣਾਂ ਹੋ ਚੁੱਕੀਆਂ ਤੇ ਨਤੀਜੇ ਆ ਚੁੱਕੇ ਤਾਂ ਖੂਨ-ਖਰਾਬਾ ਰੁਕ ਜਾਣਾ ਚਾਹੀਦਾ ਸੀ, ਪਰ ਇਹ ਅਜੇ ਵੀ ਰੁਕਿਆ ਨਹੀਂ। ਦੋ ਥਾਂਵਾਂ ਉਤੇ ਫਿਰ ਹਿੰਸਕ ਵਾਰਦਾਤਾਂ ਹੋ ਗਈਆਂ। ਇੱਕ ਥਾਂ ਦੁਆਬੇ ਵਿਚ ਸਰਪੰਚ ਦੀ ਚੋਣ ਵਿਚ ਚੜ੍ਹੀ ਹੋਈ ਕੌੜ ਕੱਢਣ ਲਈ ਸਰਪੰਚ ਦੇ ਪਰਿਵਾਰ ਦੇ ਇੱਕ ਜੀਅ ਉਤੇ ਗੱਡੀ ਚਾੜ੍ਹ ਕੇ ਉਸ ਨੂੰ ਮਾਰ ਦੇਣ ਦੀ ਖਬਰ ਆ ਗਈ ਹੈ। ਦੂਸਰੀ ਖਬਰ ਮੁਹਾਲੀ ਦੀ ਹੈ, ਜਿੱਥੇ ਅਕਾਲੀਆਂ ਦੇ ਦੋ ਧੜੇ ਲੜ ਪਏ ਹਨ। ਇੱਕ ਧੜਾ ਤਾਂ ਅਕਾਲੀ ਦਲ ਦੇ ਧੜੱਲੇਦਾਰ ਆਗੂ ਕੰਗ ਦਾ ਹੈ, ਜਿਸ ਦੇ ਬੰਦੇ ਕਈ ਸਾਲ ਪਹਿਲਾਂ ਵੀ ਇੱਕ ਅਕਾਲੀ ਸਟੇਜ ਦੇ ਮੰਚ ਉਤੇ ਦੂਸਰੇ ਧੜੇ ਦੇ ਯੂਥ ਅਕਾਲੀ ਆਗੂ ਨਾਲ ਪੇਚਾ ਪਾ ਬੈਠੇ ਸਨ। ਉਦੋਂ ਦੋਵਾਂ ਪਾਸਿਆਂ ਦੇ ਬੰਦੇ ਮਾਰੇ ਗਏ ਸਨ। ਫਿਰ ਅਕਾਲੀ ਲੀਡਰਸ਼ਿਪ ਨੇ ਕੰਗ ਧੜਾ ਭਾਰਾ ਸਮਝ ਕੇ ਇਸ ਦੀ ਮਦਦ ਕਰ ਦਿੱਤੀ ਤੇ ਦੂਸਰਾ ਧੜਾ ਅਣਗੌਲਿਆ ਮਹਿਸੂਸ ਕਰ ਕੇ ਕਾਂਗਰਸ ਪਾਰਟੀ ਵਿਚ ਚਲਾ ਗਿਆ। ਇਸ ਵਾਰ ਇਸ ਮਾਰ-ਖੋਰੇ ਧੜੇ ਦੀ ਟੱਕਰ ਅਕਾਲੀ ਦਲ ਵਿਚ ਪਿਛਲੇ ਸਾਲ ਆਏ ਬਲਵੰਤ ਸਿੰਘ ਰਾਮੂਵਾਲੀਆ ਦੇ ਧੜੇ ਨਾਲ ਹੋਈ ਹੈ। ਦੋਵਾਂ ਧਿਰਾਂ ਦੀ ਗੋਲੀ ਚੱਲੀ ਤੇ ਕਈ ਬੰਦੇ ਜ਼ਖਮੀ ਹੋ ਕੇ ਹੇਠਲੇ ਹਸਪਤਾਲ ਦਾ ਗੇੜਾ ਲਾਉਣ ਪਿੱਛੋਂ ਚੰਡੀਗੜ੍ਹ ਦੀ ਪੀ ਜੀ ਆਈ ਤੱਕ ਜਾ ਪਹੁੰਚੇ ਹਨ।
ਬਾਕੀ ਸਾਰੇ ਪੰਜਾਬ ਵਿਚ ਜੋ ਕੁਝ ਵਾਪਰਿਆ ਹੈ, ਉਸ ਦੀ ਸਮਝ ਵੀ ਇਸੇ ਇੱਕ ਝਗੜੇ ਦੀ ਜੜ੍ਹ ਤੱਕ ਜਾਣ ਨਾਲ ਆ ਸਕਦੀ ਹੈ। ਅਸਲੀਅਤ ਇਹ ਹੈ ਕਿ ਹੁਣ ਪੰਜਾਬ ਦੇ ਪਿੰਡਾਂ ਦਾ ਮਾਹੌਲ ਬਦਲ ਚੁੱਕਾ ਹੈ। ਪਹਿਲਾਂ ਪਿੰਡਾਂ ਦੀ ਰਾਜਨੀਤੀ ਤਿੰਨ ਧਿਰਾਂ ਵਿਚ ਖਿੱਚੋਤਾਣ ਵਾਲੀ ਹੁੰਦੀ ਸੀ, ਜਿਸ ਵਿਚ ਇੱਕ ਧੜਾ ਕਾਂਗਰਸ ਦਾ, ਦੂਸਰਾ ਅਕਾਲੀ ਦਲ ਦਾ ਤੇ ਤੀਸਰਾ ਕੁਝ ਛੋਟਾ ਧੜਾ ਕਾਮਰੇਡਾਂ ਦਾ ਹੁੰਦਾ ਸੀ। ਕਾਮਰੇਡਾਂ ਦਾ ਹੁਣ ਬਾਰੀਂ ਕੋਹੀਂ ਦੀਵਾ ਜਗਦਾ ਹੈ। ਬਾਕੀ ਦੇ ਪਿੰਡਾਂ ਵਿਚੋਂ ਬਹੁਤ ਥੋੜ੍ਹੇ ਰਹਿ ਗਏ ਹਨ, ਜਿੱਥੇ ਕਾਂਗਰਸੀਆਂ ਨੇ ਸਿੱਧਾ ਸਿੰਗ ਫਸਾਉਣ ਦੀ ਜੁਰਅੱਤ ਕੀਤੀ ਤੇ ਕੁਝ ਪਿੰਡਾਂ ਵਿਚ ਉਨ੍ਹਾਂ ਨੇ ‘ਦੜ ਵੱਟ, ਜ਼ਮਾਨਾ ਕੱਟ’ ਦਾ ਫਾਰਮੂਲਾ ਵਰਤਿਆ ਹੈ। ਜਿੱਥੇ ਮੋਗੇ ਦੇ ਜੁਗਿੰਦਰਪਾਲ ਜੈਨ ਵਾਂਗ ਚੁਸਤ ਕਾਂਗਰਸੀ ਸਨ, ਉਨ੍ਹਾਂ ਨੇ ਪਾਰਟੀ ਛੱਡ ਕੇ ਵਕਤੀ ਤੌਰ ਉਤੇ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਦਾ ਦਾਅ ਵੀ ਵਰਤ ਲਿਆ। ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਸ਼ਾਮਲ ਕੀਤਾ ਹੈ ਕਿ ਕਾਂਗਰਸ ਦੇ ਅੰਦਰ ਜਿੰਨੇ ਕੁ ਹੀਰੇ ਹਨ, ਉਹ ਅਸੀਂ ਚੁਗੀ ਜਾਂਦੇ ਹਾਂ। ਇਸ ਦੇ ਬਾਅਦ ਪਿੰਡਾਂ ਵਿਚ ਫਿਰ ਤਿੰਨ ਧੜੇ ਹੋ ਗਏ ਹਨ। ਇੱਕ ਧੜਾ ਉਨ੍ਹਾਂ ਅਕਾਲੀਆਂ ਦਾ ਹੈ, ਜਿਨ੍ਹਾਂ ਦੇ ਦਾਦੇ ਨੇ ਅਜ਼ਾਦੀ ਲਹਿਰ ਵੇਲੇ ਅੰਗਰੇਜ਼ਾਂ ਦੀ ਕੈਦ ਕੱਟੀ, ਬਾਪੂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਐਮਰਜੈਂਸੀ ਵੇਲੇ ਜੇਲ੍ਹ ਜਾਣਾ ਪਿਆ ਤੇ ਉਹ ਆਪਣੇ ਆਪ ਨੂੰ ਟਕਸਾਲੀ ਅਖਵਾ ਕੇ ਖੁਸ਼ ਹੁੰਦੇ ਹਨ। ਦੂਸਰਾ ਧੜਾ ਉਨ੍ਹਾਂ ਗਭਰੇਟਾਂ ਦਾ ਹੈ, ਜਿਹੜੇ ਐਸ ਓ ਆਈ ਵਾਲਾ ਫੱਟਾ ਲਾ ਕੇ ਸੁਖਬੀਰ ਸਿੰਘ ਬਾਦਲ ਦੀ ਕਮਾਨ ਹੇਠ ਅਕਾਲੀ ਬਣ ਗਏ, ਪਰ ਸ਼ਕਲ ਤੇ ਅਕਲ ਦੋਵਾਂ ਵੱਲੋਂ ਉਹ ਅਕਾਲੀ ਅਖਵਾਉਣ ਦੇ ਹੱਕਦਾਰ ਨਹੀਂ। ਤੀਸਰਾ ਧੜਾ ਕਾਂਗਰਸ ਵਿਚੋਂ ਆਏ ‘ਹੀਰੇ’ ਬਣਾਈ ਫਿਰਦੇ ਹਨ। ਤਿੰਨੇ ਧੜੇ ਪਿੰਡ ਦੀ ਚੌਧਰ ਲਈ ਲੜਦੇ ਹਨ ਤੇ ਤਿੰਨਾਂ ਦੀ ਜੇਬ ਵਿਚ ਪਏ ਮੋਬਾਈਲ ਉਤੇ ਅਕਾਲੀ ਹਾਈ ਕਮਾਨ ਦਾ ਨੰਬਰ ਭਰਿਆ ਹੁੰਦਾ ਹੈ। ਇਨ੍ਹਾਂ ਰੰਗ-ਬਰੰਗੇ ਅਕਾਲੀਆਂ ਦੀ ਖਾਨਾ-ਜੰਗੀ ਹੀ ਸੀ, ਜਿਸ ਦਾ ਨਮੂਨਾ ਪੰਚਾਇਤਾਂ ਦੀਆਂ ਚੋਣਾਂ ਦੇ ਮੌਕੇ ਵੇਖਣ ਨੂੰ ਮਿਲਿਆ ਹੈ। ਉਹ ਬਹੁਤੀ ਥਾਂ ਆਪੋ ਵਿਚ ਹੀ ਮਾਰਦੇ ਤੇ ਮਰਦੇ ਵੇਖੇ ਗਏ ਹਨ। ਕਮਾਲ ਦੀ ਗੱਲ ਇਹ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਇਹ ਕਹੀ ਜਾ ਰਹੇ ਹਨ ਕਿ ਚੋਣਾਂ ਵਿਚ ਜਿੱਤ ਲੋਕਾਂ ਦੀ ਹੋਈ ਹੈ।

Be the first to comment

Leave a Reply

Your email address will not be published.