ਬਾਹਰੀ ਪ੍ਰਧਾਨਗੀ ਤੋਂ ਪਹਿਲਾਂ ਘਰ-ਪਰਿਵਾਰ ਦਾ ਸਰਪੰਚ ਹੋਣਾ ਜਰੂਰੀ

ਸੁਖਵੀਰ ਸੁੰਘ ਕੰਗ
ਕੋਟਲਾ ਸ਼ਮਸ਼ਪੁਰ, ਲੁਧਿਆਣਾ
ਫੋਨ: 91-85678-72291
ਘਰ-ਪਰਿਵਾਰ ਹਰ ਸਮਾਜ, ਕੌਮ ਅਤੇ ਦੇਸ਼ ਦੀ ਸਭ ਤੋਂ ਛੋਟੀ ਇਕਾਈ ਹੈ, ਇਸ ਕਰਕੇ ਇਹ ਮਨੁੱਖੀ ਜੀਵਨ ਦੀ ਸਭ ਤੋਂ ਅਹਿਮ ਕੜੀ ਹੈ। ਦੁਨੀਆਂ ਨੂੰ ਸਵਰਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਅਤੇ ਪਰਿਵਾਰ ਨੂੰ ਸਵਰਗ ਬਣਾਉਣਾ ਜਰੂਰੀ ਹੈ। ਸੁਖੀ ਉਸੇ ਘਰ ਜਾਂ ਪਰਿਵਾਰ ਨੂੰ ਮੰਨਿਆ ਜਾ ਸਕਦਾ ਹੈ, ਜਿਸ ਦੇ ਸਾਰੇ ਜੀਅ ਇੱਕ ਦੂਸਰੇ ਤੋਂ ਖੁਸ਼ ਅਤੇ ਸੰਤੁਸ਼ਟ ਹੋਣ। ਸੁਚੇਤ, ਸਿਹਤਮੰਦ ਅਤੇ ਸੁਖੀ ਘਰ-ਪਰਿਵਾਰ ਹੀ ਸ਼ਕਤੀਸ਼ਾਲੀ ਸਮਾਜ ਦੀ ਨੀਂਹ ਹੁੰਦੇ ਹਨ। ਕੁਝ ਲੋਕਾਂ ਦੇ ਸਮੂਹ ਦੇ ਇੱਟਾਂ, ਮਿੱਟੀ, ਸੀਮਿੰਟ, ਕੰਕਰੀਟ, ਲੱਕੜ, ਮਾਰਬਲ, ਲੋਹੇ ਜਾਂ ਸ਼ੀਸ਼ੇ ਅਤੇ ਹੋਰ ਕਈ ਤਰ੍ਹਾਂ ਦੀਆਂ ਮੀਨਾਕਾਰੀਆਂ ਨਾਲ ਸਿ਼ੰਗਾਰੇ ਸੁੰਦਰ ਤੇ ਆਰਾਮਦੇਹ ਢਾਂਚੇ ਵਿਚ ਇੱਕ ਥਾਂ ਇਕੱਠੇ ਰਹਿਣ ਨੂੰ ਹੀ ਘਰ ਜਾਂ ਪਰਿਵਾਰ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਤਾਂ ਇੱਕ ਦੂਸਰੇ ਨਾਲ ਸਿੱਧਾ ਖੂਨ ਦਾ, ਰੂਹਾਨੀ, ਵਫਾਦਾਰ, ਇਮਾਨਦਾਰ ਤੇ ਅਟੁੱਟ ਰਿਸ਼ਤਾ ਰੱਖਣ ਵਾਲੇ ਅਤੇ ਆਪਸ ਵਿਚ ਕਦਰ, ਫਿਕਰ, ਆਦਰ, ਜਿ਼ੰਮੇਵਾਰੀ ਤੇ ਜੁਆਬਦੇਹੀ ਵਾਲਾ ਵਤੀਰਾ ਰੱਖਣ ਵਾਲੇ ਸਾਥੀਆਂ ਦੇ ਸੁਮੇਲ ਨੂੰ ਕਿਹਾ ਜਾ ਸਕਦਾ ਹੈ। ਉਹ ਭਾਵੇਂ ਕਿਸੇ ਢਾਰੇ, ਕੁੱਲੀ ਜਾਂ ਛੱਪਰੀ ਵਿਚ ਹੀ ਕਿਉਂ ਨਾ ਰਹਿ ਰਹੇ ਹੋਣ।

ਘਰ-ਪਰਿਵਾਰ ਦਾ ਆਧਾਰ ਪਿਆਰ, ਭਰੋਸਾ, ਸੱਚਾਈ, ਤਸੱਲੀ ਅਤੇ ਇੱਕਸੁਰਤਾ ਹੁੰਦਾ ਹੈ, ਜਿਸ ਵਿਚੋਂ ਉਪਜੀ ਸਹਿਯੋਗ ਅਤੇ ਵਿਸ਼ਵਾਸ ਦੀ ਸੁਰ-ਤਾਲ ਨਾਲ ਹਮੇਸ਼ਾ ਖੁਸ਼ੀ ਦਾ ਸੰਗੀਤ ਗੂੰਜਦਾ ਰਹਿੰਦਾ ਹੈ, ਜਦੋਂਕਿ ਦਿਖਾਵਾ, ਚਮਕ-ਦਮਕ, ਕਬਜ਼ਾ, ਚੌਧਰ, ਝੂਠ, ਫਰੇਬ ਅਤੇ ਮਨਮਰਜੀ ਨਾਲ ਕੋਈ ਧਾਂਕ ਤਾਂ ਜਮਾ ਕੇ ਰੱਖ ਸਕਦਾ ਹੈ, ਪਰ ਘਰ ਅਤੇ ਸਮਾਜ ਦਾ ਹਰਮਨ-ਪਿਆਰਾ ਨਹੀਂ ਬਣ ਸਕਦਾ। ਇੱਕ ਸੁਖੀ ਤੇ ਸੰਪੰਨ ਘਰ-ਪਰਿਵਾਰ ਦਾ ਸੁਹੇਲਾ ਜੀਵਨ ਸਦਾ ਅਮੀਰੀ ਜਾਂ ਉੱਚ ਅਹੁਦਿਆਂ ਦਾ ਮੁਹਤਾਜ ਨਹੀਂ ਹੁੰਦਾ। ਇੱਕ ਅਮੀਰ, ਉੱਚ ਅਹੁਦਿਆਂ ਵਾਲਾ ਅਤੇ ਸਾਧਨਾਂ ਨਾਲ ਭਰਿਆ ਘਰ-ਪਰਿਵਾਰ ਪ੍ਰੇਸ਼ਾਨ ਹੋ ਸਕਦਾ ਹੈ, ਇਸ ਦੇ ਉਲਟ ਇਕ ਸਧਾਰਨ ਅਤੇ ਸੀਮਤ ਸਾਧਨਾਂ ਵਾਲਾ ਘਰ-ਪਰਿਵਾਰ ਸੁਖੀ ਹੋ ਸਕਦਾ ਹੈ। ਇਹ ਸਭ ਸੰਤੁਸ਼ਟੀ ਦੇ ਪੱਧਰ ਦੀ ਖੇਡ ਹੈ। ਘਰ-ਪਰਿਵਾਰ ਦਾ ਮਾਹੌਲ ਸੁਖਾਵਾਂ ਬਣਾਈ ਰੱਖਣ ਲਈ ਇਸ ਦੇ ਹਰ ਮੈਂਬਰ ਨੂੰ ਆਪਣੀਆਂ ਜਿ਼ੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਵਫਾਦਾਰੀਆਂ ਪ੍ਰਤੀ ਜੁਆਬ-ਦੇਹ ਰਹਿਣਾ ਜਰੂਰੀ ਹੁੰਦਾ ਹੈ।
ਹਰ ਘਰ-ਪਰਿਵਾਰ ਦੇ ਮੁਖੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਅਤੇ ਖੁਸ਼ੀ ਨਾਲ ਅਗਵਾਈ ਦੇ ਅਧਿਕਾਰ ਮਿਲੇ ਹੋਣੇ ਚਾਹੀਦੇ ਹਨ। ਇਹ ਤਾਂ ਸੰਭਵ ਹੋ ਸਕੇਗਾ, ਜਦੋਂ ਉਹ ਘਰ-ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲੇਗਾ ਅਤੇ ਉਨ੍ਹਾਂ ਦੀ ਭਲਾਈ ਲਈ ਸੱਚੇ ਦਿਲੋਂ ਯਤਨਸ਼ੀਲ ਹੋਵੇਗਾ। ਪਰਿਵਾਰ ਦੇ ਸਭ ਜੀਆਂ ਨੂੰ ਆਪਣੇ ਕਾਰਜਾਂ ਅਤੇ ਵਰਤਾਓ ਨੂੰ ਇਸ ਹੱਦ ਤੱਕ ਨਿਖਾਰ ਕੇ ਰੱਖਣਾ ਚਾਹੀਦਾ ਹੈ ਕਿ ਉਹ ਸਭ ਇੱਕ ਦੂਸਰੇ ਉੱਪਰ ਮਾਣ ਮਹਿਸੂਸ ਕਰ ਸਕਣ। ਇਹ ਵੀ ਤਾਂ ਹੀ ਹੋ ਸਕੇਗਾ, ਜੇ ਸਾਰੇ ਆਪਣਾ ਆਪਣਾ ਬਣਦਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਣ। ਜਿਸ ਤਰ੍ਹਾਂ ਸੁਰ ਅਤੇ ਤਾਲ ਦੇ ਸਹੀ ਮੇਲ ਨਾਲ ਮਿੱਠਾ ਸੰਗੀਤ ਉਪਜਦਾ ਹੈ, ਬਿਲਕੁਲ ਉਸੇ ਤਰ੍ਹਾਂ ਘਰ ਦੇ ਸਭ ਜੀਆਂ ਦੇ ਅਧਿਕਾਰਾਂ ਅਤੇ ਫਰਜ਼ਾਂ ਦੇ ਸੰਤੁਲਨ ਨਾਲ ਪੱਕੇ ਰਿਸ਼ਤੇ ਸਿਰਜੇ ਜਾਂਦੇ ਹਨ। ਇਹ ਤਾਂ ਹੋ ਸਕੇਗਾ, ਜੇ ਸਭ ਜੀਅ ਇੱਕ-ਦੂਜੇ ਦੇ ਅਧਿਕਾਰਾਂ ਅਤੇ ਫਰਜ਼ਾਂ ਦਾ ਬਣਦਾ ਸਨਮਾਨ ਕਰਨਗੇ। ਇੱਕ ਦੂਜੇ ਦੇ ਸਾਹ ਵਿਚ ਸਾਹ ਲੈਂਦਿਆਂ ਮਾਪੇ, ਭੈਣ-ਭਰਾ, ਪਤੀ-ਪਤਨੀ ਅਤੇ ਬੱਚੇ ਪਰਸਪਰ ਤੌਰ `ਤੇ ਆਪਸੀ ਰਿਸ਼ਤੇ `ਤੇ ਮਾਣ ਅਤੇ ਤਸੱਲੀ ਮਹਿਸੂਸ ਕਰਦੇ ਹੋਣੇ ਚਾਹੀਦੇ ਹਨ। ਕਿਸੇ ਇੱਕ ਦੇ ਕੰਡਾ ਲੱਗੇ ਤਾਂ ਸਾਰੇ ਤੜਫ ਜਾਣ। ਕਿਸੇ ਇੱਕ ਨੂੰ ਦੁੱਖ ਜਾਂ ਭੀੜ ਪੈ ਜਾਣ `ਤੇ ਦੂਜੇ ਦੀ ਹਾਜਰੀ ਬੇਫਿਕਰੀ ਦਾ ਅਹਿਸਾਸ ਦੇਣ ਵਾਲੀ ਹੋਵੇ।
ਘਰ ਅਤੇ ਪਰਿਵਾਰ ਜਿੱਥੇ ਸਮਾਜ ਦਾ ਮੁਢਲਾ ਖਾਕਾ ਹੁੰਦਾ ਹੈ, ਉੱਥੇ ਮਨੁੱਖ ਦੇ ਵਿਅਕਤੀਗਤ ਜੀਵਨ ਨੂੰ ਵੀ ਮੁੱਖ ਢਾਂਚਾ ਪ੍ਰਦਾਨ ਕਰਦਾ ਹੈ ਅਤੇ ਕਿਸੇ ਵੀ ਖੇਤਰ ਦੀ ਬੌਧਿਕ ਸਮਰੱਥਾ, ਸਮਾਜਿਕ ਬਣਤਰ ਤੇ ਜੀਵਨ ਪੱਧਰ ਦੀ ਸਿਰਜਣਾ ਦਾ ਆਧਾਰ ਹੈ। ਘਰ-ਪਰਿਵਾਰ ਸਾਡੇ ਨਿੱਜੀ ਜੀਵਨ ਦਾ ਮੁੱਖ ਕਾਰਕ ਅਤੇ ਨਿਰਧਾਰਕ ਹੋਣ ਕਰਕੇ ਸਾਡੀ ਬੁੱਧੀ ਤੇ ਵਿਚਾਰਾਂ ਦਾ ਸਿਰਜਕ ਹੁੰਦਾ ਹੈ। ਇਹ ਸਾਡੇ ਆਰਥਿਕ ਤੇ ਸਮਾਜਿਕ ਆਧਾਰ ਦੀ ਨੀਂਹ ਅਤੇ ਪਛਾਣ ਦਾ ਅਕਸ ਤੇ ਪ੍ਰਛਾਵਾਂ ਹੁੰਦਾ ਹੈ। ਇਹ ਹੀ ਸਾਡੇ ਭਵਿੱਖ ਦੀ ਆਸ ਤੇ ਉਮੀਦ ਹੁੰਦਾ ਹੈ। ਇਸ ਕਰਕੇ ਸਾਨੂੰ ਆਪਣੀ ਹਰ ਗਤੀਵਿਧੀ, ਕਾਰਜ ਅਤੇ ਮਕਸਦ ਲਈ ਅੱਗੇ ਵਧਦਿਆਂ ਘਰ-ਪਰਿਵਾਰ ਨੂੰ ਕੇਂਦਰ ਵਿਚ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ।
ਸਾਨੂੰ ਉਹ ਰਸਤਾ ਹੀ ਅਖਤਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਪਰਿਵਾਰ ਦੀ ਸਾਖ, ਭਵਿੱਖ ਅਤੇ ਸੁਰੱਖਿਆ ਨੂੰ ਹਾਨੀ ਨਾ ਪਹੁੰਚੇ। ਜੇ ਸਾਡੇ ਕਿਸੇ ਕੰਮ ਨਾਲ ਇਨ੍ਹਾਂ ਨੂੰ ਠੇਸ ਪਹੁੰਚਦੀ ਹੈ ਤਾਂ ਉਸ ਤੋਂ ਤੌਬਾ ਕਰ ਕੇ ਹੋਏ ਨੁਕਸਾਨ ਦੀ ਪੂਰਤੀ ਅਤੇ ਭਰਪਾਈ ਕਰਨ ਲਈ ਕੋਸਿ਼ਸ਼ ਕਰਨਾ ਆਪਣਾ ਮੁਢਲਾ ਫਰਜ਼਼ ਸਮਝਣਾ ਚਾਹੀਦਾ ਹੈ। ਆਪਣੇ ਵਡੇਰਿਆਂ ਅਤੇ ਬਜੁਰਗਾਂ ਦੇ ਕੀਤੇ ਸ਼ੁਭ ਕਾਰਜਾਂ ਨੂੰ ਆਪਣੇ ਜੀਵਨ ਵਿਚ ਸੰਜੋਅ ਕੇ ਰੱਖਣਾ ਚਾਹੀਦਾ ਹੈ। ਆਪਣੇ ਖਾਨਦਾਨ ਅਤੇ ਘਰਾਣੇ ਦੇ ਪਾਏ ਸਮਾਜਿਕ, ਨੈਤਿਕ ਤੇ ਧਾਰਮਿਕ ਤੌਰ `ਤੇ ਪਾਏ ਸ਼ੁਭ ਅਤੇ ਸਕਾਰਾਤਮਕ ਪੂਰਨਿਆਂ ਵਾਲੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਆਪਣੇ ਘਰੇਲੂ ਅਤੇ ਪਰਿਵਾਰਕ ਅਕਸ ਨੂੰ ਨਿਖਾਰ ਕੇ ਵਿਰਸੇ ਨੂੰ ਹੋਰ ਸੰਵਾਰਨ ਅਤੇ ਲਿਸ਼ਕਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਹਰ ਇਨਸਾਨ ਨੂੰ ਆਪਣੀ ਘਰੇਲੂ ਅਤੇ ਬਾਹਰ ਦੀ ਜਿ਼ੰਦਗੀ ਵਿਚ ਇੱਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਭੂਮਿਕਾਵਾਂ ਦਾ ਇੱਕ-ਦੂਜੇ `ਤੇ ਪ੍ਰਭਾਵ ਜਾਂ ਪ੍ਰਛਾਵਾਂ ਬੇਸ਼ਕ ਹੋਵੇ, ਪਰ ਦਖਲਅੰਦਾਜ਼ੀ ਜਾਂ ਵਿਘਨ ਹਰਗਿਜ਼ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਗੁਰਬਾਣੀ ਵੀ ਸਾਨੂੰ ਬਾਹਰ ਦੀ ਦੁਨੀਆਂ ਦੇ ਗੁਣ ਤੇ ਔਗੁਣ ਪਰਖਣ ਤੋਂ ਪਹਿਲਾਂ ਆਪਣੇ ਅੰਦਰ ਨੂੰ ਫਰੋਲਣ ਲਈ ਸੁਚੇਤ ਕਰਦੀ ਹੈ ਅਤੇ ਰੱਬ ਨੂੰ ਆਪਣੇ ਅੰਦਰੋਂ ਲੱਭਣ ਦਾ ਰਾਹ ਵਿਖਾਉਂਦੀ ਹੈ, ਉਸੇ ਤਰ੍ਹਾਂ ਜੇ ਅਸੀਂ ਘਰ ਅੰਦਰ ਦੇ ਆਪਣੇ ਫਰਜ਼ਾਂ ਅਤੇ ਜਿੰ਼ਮੇਵਾਰੀਆਂ ਨੂੰ ਤਲਾਸ਼ ਲਈਏ ਤਾਂ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਆਪਣੇ ਘਰ ਅੰਦਰੋਂ ਮਿਲ ਸਕਦੀਆਂ ਹਨ।
ਜੇ ਘਰ-ਪਰਿਵਾਰ ਅੰਦਰ ਖੁਸ਼ੀਆਂ ਪੈਦਾ ਕਰ ਲਈਆਂ ਜਾਣ ਤਾਂ ਬਾਹਰੀ ਹਉਮੈ, ਚੌਧਰ ਅਤੇ ਹੈਂਕੜ ਦੀ ਭੁੱਖ ਹੀ ਨਹੀਂ ਰਹਿੰਦੀ। ਘਰ ਤੋਂ ਬਾਹਰ ਦੀ ਚੌਧਰ ਸਾਡੀ ਹਉਮੈ ਦੀ ਭੁੱਖ ਤਾਂ ਮਿਟਾ ਸਕਦੀ ਹੈ, ਪਰ ਘਰ ਤੇ ਪਰਿਵਾਰ ਤੋਂ ਮਿਲਣ ਵਾਲੇ ਸੁੱਖ ਵਾਂਗ ਤ੍ਰਿਪਤੀ ਨਹੀਂ ਦੇ ਸਕਦੀ। ਸਾਡੀ ਬਾਹਰ ਦੀ ਸਰਪੰਚੀ ਵੀ ਤਾਂ ਹੀ ਸੋਂਹਦੀ ਹੈ, ਜੇ ਪਹਿਲਾਂ ਘਰ-ਪਰਿਵਾਰ ਦੇ ਜੀਆਂ ਦੀਆਂ ਸਾਰੀਆਂ ਵੋਟਾਂ ਸਾਡੇ ਹੱਕ ਵਿਚ ਹੋਣ ਅਤੇ ਅਸੀਂ ਹਰਮਨ-ਪਿਆਰੇ ਸਾਥੀ ਅਤੇ ਸਰਵ-ਪ੍ਰਵਾਨਿਤ ਮੁਖੀ ਬਣਨ ਵਿਚ ਸਫਲ ਹੋ ਗਏ ਹੋਈਏ। ਘਰ ਉਹ ਹੀ ਅੱਗੇ ਵਧ ਸਕਦੇ ਹਨ, ਜਿਨ੍ਹਾਂ ਦੇ ਲਾਣੇਦਾਰ ਚੰਗੇ ਹੋਣ। ਬਾਹਰੀ ਗਿਆਨ ਅਤੇ ਦਖਲਅੰਦਾਜ਼ੀ ਤੋਂ ਪਹਿਲਾਂ ਇਹ ਘਰੇਲੂ ਲਾਣੇਦਾਰੀ ਦੇ ਗੁਰ ਸਿੱਖਣੇ ਬਹੁਤ ਜਰੂਰੀ ਹਨ।
ਇੰਜ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿਚਾਰ, ਖੁਸ਼ੀ ਅਤੇ ਜਿ਼ੰਦਗੀ ਦਾ ਮੁੱਖ ਆਧਾਰ ਹੋਣ ਕਾਰਨ ਸਾਨੂੰ ਬਹੁ-ਸੰਮਤੀ ਨਾਲ ਨਹੀਂ, ਸਗੋਂ ਸਰਬ-ਸੰਮਤੀ ਨਾਲ ਘਰ-ਪਰਿਵਾਰ ਦਾ ਸਰਪੰਚ ਹੋਣਾ ਚਾਹੀਦਾ ਹੈ। ਅਸੀਂ ਕਮਾਈ ਚਾਹੇ ਚਾਰ ਪੈਸੇ ਘੱਟ ਕਰ ਲਈਏ ਜਾਂ ਘਰ-ਪਰਿਵਾਰ ਨੂੰ ਸਾਧਨ ਜੁਟਾਉਣ ਵਿਚ ਚਾਹੇ ਖੁੰਝ ਜਾਈਏ, ਪਰ ਸਾਰੇ ਜੀਆਂ ਨੂੰ ਆਪਸ ਵਿਚ ਬੰਨ੍ਹ ਕੇ ਰੱਖਣ ਵਿਚ ਪੂਰਾ ਜੋਰ ਲਾ ਕੇ ਰੱਖਣਾ ਚਾਹੀਦਾ ਹੈ। ਅਸੀਂ ਪਿੰਡ ਦੀ ਸਰਪੰਚੀ ਤੋਂ ਚਾਹੇ ਖੁੰਝ ਜਾਈਏ, ਪਰ ਘਰ-ਪਰਿਵਾਰ ਪ੍ਰਤੀ ਫਰਜ਼ਾਂ ਅਤੇ ਜਿ਼ੰਮੇਵਾਰੀਆਂ ਨੂੰ ਪਿੱਠ ਕਦੇ ਨਹੀਂ ਦਿਖਾਉਣੀ ਚਾਹੀਦੀ।