ਅਸੀਂ ਕਦੋਂ ਆਪਣੀਆਂ ਸੰਭਾਵਨਾਵਾਂ ਪਛਾਣ ਕੇ ਸਮੇਂ ਦੇ ਹਾਣੀ ਬਣਾਂਗੇ!

ਸੁਕੰਨਿਆਂ ਭਾਰਦਵਾਜ ਨਾਭਾ
‘ਲਓ ਹੋਰ ਸੁਣੋ ਨੌਰਵੇ ਪ੍ਰਾਈਮ ਮਨਿਸਟਰ ਨੂੰ ਉਥੋਂ ਦੀ ਪੁਲਿਸ ਨੇ ਕਰੋਨਾ ਸਬੰਧੀ ਨਿਯਮਾਂ ਦੀ ਉਲੰਘਣਾ `ਤੇ 17 ਸੌ ਯੂਰੋ ਦਾ ਜੁਰਮਾਨਾ ਕੀਤਾ ਹੈ।’ ਇਹ ਖਬਰ ਸਾਡੇ ਬੇਟੇ ਨੇ ਉਸ ਵੇਲੇ ਦੱਸੀ ਜਦੋਂ ਅਸੀਂ ਵੀਕਐਂਡ `ਤੇ ਬੈਠੇ ਚਾਹ ਦੀਆਂ ਚੁਸਕੀਆਂ ਲੈਂਦੇ ਕੇਂਦਰ, ਪੰਜਾਬ ਸਰਕਾਰ ਤੇ ਕਿਸਾਨੀ ਸੰਘਰਸ਼ `ਤੇ ਤਬਸਰਾ ਕਰ ਰਹੇ ਸਾਂ। ਹੈਂ! ਪੁਲਿਸ ਨੇ ਕਿਉਂ? ਪੁੱਛੇ ਜਾਣ `ਤੇ ਉਸ ਨੇ ਨੈੱਟ ਤੋਂ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਨੌਰਵੇ ਦੀ ਦੋ ਵਾਰ ਦੀ ਚੁਣੀ ਹੋਈ ਪ੍ਰਾਈਮ ਮਨਿਸਟਰ ਅਰਨਾ ਸੋਲਬਰਗੇ ਦੇ 60ਵੇਂ ਜਨਮ ਦਿਨ ਦੀ ਪਾਰਟੀ ਸੀ।

ਪਾਰਟੀ ਉਸ ਦੇ ਪਤੀ ਵਲੋਂ ਉਥੋਂ ਦੇ ਕਿਸੇ ਗਰੈਂਡ ਹੋਟਲ ਵਿਚ ਕੀਤੀ ਗਈ ਸੀ, ਜਿਸ ਵਿਚ ਤੈਅਸ਼ੁਦਾ 10 ਦੀ ਥਾਂ 13 ਵਿਅਕਤੀ ਸ਼ਾਮਲ ਸਨ। ਕੋਵਿਡ-19 ਨਿਯਮਾਂ ਮੁਤਾਬਕ ਉਨ੍ਹਾਂ ਭਾਵੇਂ ਤਿੰਨ ਟੇਬਲ ਬੁੱਕ ਕੀਤੇ ਸਨ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ, ਪਰ ਪੁਲਿਸ ਇੰਸਪੈਕਟਰ ਪੇਰ ਮਾਰਟਨ ਸੈਂਡਿਗ ਅਨੁਸਾਰ ਉਸ ਨੇ ਤਿੰਨ ਵਿਅਕਤੀ ਵੱਧ ਸ਼ਾਮਲ ਕਰਕੇ ਆਪਣੀ ਸਰਕਾਰ ਦੇ ਬਣਾਏ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਉਸ ਦੇ ਪਤੀ ਤੇ ਹੋਟਲ ਮਾਲਕ ਖਿਲਾਫ ਕੋਈ ਮੁਕੱਦਮਾ ਨਾ ਕਰਕੇ ਸੋਲਬਰਗੇ ਨੂੰ ਹੀ ਜਿੰਮੇਵਾਰ ਠਹਿਰਾਇਆ। ਪ੍ਰਾਈਮ ਮਨਿਸਟਰ ਨੇ ਨਾ ਸਿਰਫ ਜੁਰਮਾਨਾ ਭਰਿਆ, ਸਗੋਂ ਜਨਤਕ ਤੌਰ `ਤੇ ਟੈਲੀਵਿਜ਼ਨ `ਤੇ ਦੇਸ਼ ਵਾਸੀਆਂ ਕੋਲੋਂ ਮੁਆਫੀ ਵੀ ਮੰਗੀ।
ਕੋਲ ਬੈਠੇ ਪੋਤਰੇ ਨਿੱਕੂ ਨੇ ਵੀ ਆਪਣੇ ਸਕੂਲ ਦੇ ਬਾਸਕਿਟ ਬਾਲ ਕੋਚ ਵਲੋਂ ਆਪਣੇ ਹੀ ਬੇਟੇ ਨੂੰ ਬਾਹਰ ਦਾ ਰਸਤਾ ਵਿਖਾਉਣ ਦੇ ਘਟਨਾਕ੍ਰਮ ਬਾਰੇ ਦੱਸਿਆ। ਉਸ ਅਨੁਸਾਰ ਕੋਚ ਦਾ ਬੇਟਾ ਕੁਝ ਦਿਨਾਂ ਤੋਂ ਖੇਡ ਨੂੰ ਤਵਜੋਂ ਨਹੀਂ ਸੀ ਦੇ ਰਿਹਾ, ਜਿਸ ਕਾਰਨ ਖਿਡਾਰੀ ਸਾਥੀ ਵੀ ਖੇਡ `ਤੇ ਧਿਆਨ ਨਹੀਂ ਸਨ ਦੇ ਰਹੇ; ਪਰ ਬਿਨਾ ਖਿਡਾਰੀਆਂ ਤੇ ਸਕੂਲ ਪ੍ਰਬੰਧਕਾਂ ਦੀ ਕਿਸੇ ਸ਼ਿਕਾਇਤ ਤੋਂ ਕੋਚ ਨੇ ਆਪਣੇ ਆਪ ਨੋਟਿਸ ਲੈ ਕੇ ਆਪਣੇ ਹੀ ਬੇਟੇ ਨੂੰ ਟੀਮ `ਚੋਂ ਬਾਹਰ ਇਸ ਲਈ ਕੀਤਾ ਕਿ ਉਸ ਦੀ ਹਾਜ਼ਰੀ ਨਾਲ ਖਿਡਾਰੀਆਂ `ਤੇ ਮਾੜਾ ਅਸਰ ਪੈਂਦਾ ਹੈ। ਪਿਛਲੇ ਮਹੀਨੇ ਅਮਰੀਕਾ ਦੀ ਗਰਮ ਸਟੇਟ ਟੈਕਸਸ ਵਿਖੇ ਸਨੋਅ ਸਟੋਰਮ ਆਉਣ ਨਾਲ ਬਿਜਲੀ ਬੰਦ ਹੋ ਗਈ ਤੇ ਆਮ ਜਨ-ਜੀਵਨ ਠੱਪ ਹੋ ਗਿਆ। ਰਾਸ਼ਟਰਪਤੀ ਜੋਅ ਬਾਇਡਨ ਨੇ ਤੁਰੰਤ ਆਪਣੇ ਸਾਰੇ ਰੁਝੇਵੇਂ ਛੱਡ ਕੇ ਉਥੋਂ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਮਿਲੀਅਨ ਡਾਲਰਾਂ ਦੀ ਸੰਘੀ ਸਹਾਇਤਾ ਦੇ ਕੇ ਟੈਕਸਸ ਵਿਚ ਡਰੇਨ ਸਿਸਟਮ, ਬਿਜਲੀ-ਪਾਣੀ, ਸੜਕਾਂ-ਪੁਲ ਆਦਿ ਨਵੇਂ ਸਿਰੇ ਤੋਂ ਬਣਾਉਣ ਦਾ ਵੱਡਾ ਕਾਰਜ ਅਰੰਭ ਕਰਵਾਇਆ।
ਯੂ. ਐਸ. ਸੰਘੀ ਸਰਕਾਰ ਨੇ ਬਿਨਾ ਕਿਸੇ ਰੰਗ ਭੇਦ, ਬਿਨਾ ਮੰਗੇ ਜਾਂ ਪ੍ਰੋਟੈਸਟ ਕੀਤਿਆਂ ਤਿੰਨ ਵਾਰੀ ਲੋਕਾਂ ਨੂੰ ਕਰੋਨਾ ਮਦਦ ਵਜੋਂ ਵਿੱਤੀ ਮਦਦ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਹੈ। ਕਰੋਨਾ ਵਿਚ ਅਮਰੀਕੀਆਂ ਦੀ ਆਰਥਿਕਤਾ ਵਧੀ ਹੈ, ਬੇਰੁਜ਼ਗਾਰੀ ਘਟੀ ਹੈ। ਦੁਨੀਆਂ ਦੀ ਸੁਪਰ ਪਾਵਰ ਅਮਰੀਕਾ ਕਿਸ ਤਰ੍ਹਾਂ ਆਪਣੇ ਆਖਰੀ ਬਸ਼ਰ ਤਕ ਵੀ ਹਾਜਰ ਹੁੰਦਾ ਹੈ, ਸੁਣ ਕੇ ਸੱਚ ਨਹੀਂ ਆਉਂਦਾ; ਜਦ ਕਿ ਇਸੇ ਕਰੋਨਾ ਕਾਲ ਵਿਚ ਸਾਡੀ ਜੀ. ਡੀ. ਪੀ. ਹੇਠਲੇ ਡੰਡੇ `ਤੇ ਪਹੁੰਚ ਗਈ ਹੈ। ਕਰੋੜਾਂ ਨੌਕਰੀਆਂ ਛੁਟ ਗਈਆਂ ਹਨ, ਨਵੀਆਂ ਮਿਲਣ ਦੀ ਕੋਈ ਸੰਭਾਵਨਾ ਨਹੀਂ। ਦੇਸ਼ ਵਾਸੀਆਂ ਨੂੰ ਕੋਈ ਵਿੱਤੀ ਮਦਦ ਨਹੀਂ, ਜਦੋਂਕਿ ਅਮਰੀਕਾ ਸਮੇਤ ਆਪਣੇ ਲੋਕਾਂ ਤੋਂ ਵੀ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਇੱਕ ਅੱਧ ਵਾਰ ਹੀ ਰਾਸ਼ਨ ਕੁਝ ਲੋੜਵੰਦਾਂ ਨੂੰ ਦਿੱਤਾ ਗਿਆ। ਭੁਖਮਰੀ ਵਿਚ 120 ਦੇਸ਼ਾਂ ਵਿਚੋਂ ਅਸੀਂ 103ਵੇਂ ਨੰਬਰ `ਤੇ ਹਾਂ। ਇਕੋ ਇੱਕ ਖੇਤਰ ਸੀ ਖੇਤੀਬਾੜੀ ਦਾ, ਜਿਸ ਨੇ ਕਰੋਨਾਕਾਲ ਵਿਚ ਲੋਕਾਂ ਨੂੰ ਰੋਟੀ ਦਿੱਤੀ ਤੇ ਰੁਜਗਾਰ ਬਰਕਰਾਰ ਰੱਖਿਆ। ਅੱਜ ਉਸ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ। ਸਾਢੇ ਚਾਰ ਮਹੀਨੇ ਤੋਂ ਅੰਨਦਾਤਾ ਦਿੱਲੀ ਦੇ ਬਾਰਡਰਾਂ `ਤੇ ਰੁਲ ਰਿਹਾ ਹੈ।
ਹੁਣ ਦੂਜੇ ਪਾਸੇ ਸਾਡਾ ਆਪਣਾ ਦੇਸ ਆਪਣੀ ਜੰਮਣ ਭੋਇੰ ਪੰਜਾਬ, ਜੋ ਆਰਥਿਕ, ਰਾਜਨੀਤਕ ਪੱਖੋਂ ਉਜੜ ਚੁਕਾ ਹੈ, ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਕੋਈ ਕਹਿ ਸਕਦਾ ਹੈ ਕਿ ਪੱਛਮ-ਪੂਰਬ (ਫਸਟ/ਥਰਡ ਵਰਲਡ) ਦਾ ਕੀ ਮੁਕਾਬਲਾ? ਕੁਝ ਹੱਦ ਤਕ ਇਹ ਗੱਲ ਸਹੀ ਵੀ ਹੈ, ਪਰ ਕੀ ਜਿਨ੍ਹਾਂ ਪੁਰਖਿਆਂ ਦੇ ਨਿਆਂ, ਸੱਚ, ਹਮਦਰਦੀ, ਲੋੜਵੰਦਾਂ ਪ੍ਰਤੀ ਦਯਾਯਾਚਨਾ, ਔਰਤ ਬਜ਼ੁਰਗਾਂ ਪ੍ਰਤੀ ਸਤਿਕਾਰ ਜਿਹੇ ਮਾਨਵਵਾਦੀ ਮਾਡਲ ਦੀਆਂ ਕਹਾਣੀਆਂ ਸੁਣ-ਸੁਣ ਅਸੀਂ ਵੱਡੇ ਹੋਏ ਹਾਂ, ਕੀ ਕਦੀ ਉਹਨੂੰ ਦੁਹਰਾਉਣ/ਚੇਤੇ ਕਰਨ ਦਾ ਵੀ ਜੋਖਮ ਨਹੀਂ ਉਠਾਵਾਂਗੇ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ, ਸਤਿਆਵਾਦੀ ਰਾਜਾ ਹਰੀਸ਼ ਚੰਦਰ, ਚੱਕਰਵਰਤੀ ਰਾਜਪੂਤ ਸਮਰਾਟ ਵਿਕਰਮਾਦਿੱਤ, ਨਿਆਂ ਪਸੰਦ ਰਾਜਾ ਭੋਜ, ਸਮਰਾਟ ਅਸ਼ੋਕ, ਸਿਕੰਦਰ ਮਹਾਨ ਨੂੰ ਸ਼ਿਕਸਤ ਦੇਣ ਵਾਲਾ ਰਾਜਾ ਪੋਰਸ, ਗ੍ਰੇਟ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਸਮੇਤ ਰਾਜਾਸ਼ਾਹੀ ਰਾਜ ਵਿਚੋਂ ਕੁਝ ਚੋਣਵੇਂ ਰਾਜਿਆਂ ਦੇ ਸੱਚੇ ਇਨਸਾਫ, ਬਹਾਦਰੀ, ਸਦਾਚਾਰ, ਸੱਚਾਈ, ਜਮਹੂਰੀਅਤ ਪਰੰਪਰਾਵਾਂ ਇਤਿਹਾਸਕ ਮੀਲ ਪੱਥਰ ਸਾਬਤ ਹੋਈਆਂ ਕਹਾਣੀਆਂ ਸਾਡਾ ਰਾਹ ਦਸੇਰਾ ਹਨ। ਪਰ ਅਸੀਂ ਆਪਣੇ ਅਮੀਰ ਵਿਰਸੇ ਤੋਂ ਕੁਝ ਸਿੱਖਣ ਦੀ ਥਾਂ ਮਿਥਿਹਾਸ ਕਹਿ ਕੇ ਪੱਲਾ ਝਾੜ ਦਿੱਤਾ।
ਇਹੋ ਕੁਝ ਪੱਛਮ ਦੀਆਂ ਲੋਕਤੰਤਰੀ ਰਵਾਇਤਾਂ ਤੇ ਮਾਨਵਵਾਦੀ ਮਾਡਲ ਤੋਂ ਕੁਝ ਸਿੱਖਣ ਦੀ ਥਾਂ ਅਸੀਂ ਆਪਣੀ ਪਿਛਾਕੜ ਸੋਚ ਦੇ ਪੱਲੜੇ ਨੂੰ ਹੀ ਭਾਰੀ ਕਰਦੇ ਹਾਂ, ਜਦੋਂ ਕਿ ਕੁਦਰਤ ਨੇ ਸਾਨੂੰ ਆਪਣੀਆਂ ਬੇਸ਼ਕੀਮਤੀ ਲੱਭਤਾਂ ਨਾਲ ਮਾਲਾਮਾਲ ਕੀਤਾ ਹੋਇਆ ਹੈ। ਚਾਰ ਰੁੱਤਾਂ, ਹੀਰੇ-ਮੋਤੀ ਉਗਲਦੀ ਉਪਜਾਊ ਧਰਤੀ, ਸੋਨੇ-ਚਾਂਦੀ ਖਣਿਜਾਂ ਦੀਆਂ ਖਾਣਾਂ, ਲੋਹੇ-ਮਾਰਬਲ ਦੀਆਂ ਖਾਣਾਂ; ਉਚੇ ਪਰਬਤ, ਪਹਾੜ, ਪਠਾਰਾਂ ਦਾ ਅਨਮੋਲ ਖਜਾਨਾ ਪੂਰੇ ਸੰਸਾਰ ਭਰ ਵਿਚ ਕਿਤੇ ਨਹੀਂ ਮਿਲਦਾ। ਪਰ ਅਸੀਂ ਗੈਰ-ਮਾਨਵੀ ਸੋਚ ਕਾਰਨ ਇਨ੍ਹਾਂ ਕੁਦਰਤੀ ਖਜਾਨਿਆਂ ਤੋਂ ਫਾਇਦਾ ਨਹੀਂ ਲੈ ਸਕੇ। ਅਸੀਂ ਤਾਂ ਸਾਢੇ ਕੁ ਪੰਜ ਸੌ ਸਾਲ ਪੁਰਾਣੇ ਬਾਬੇ ਨਾਨਕ, ਭਗਤ ਕਬੀਰ, ਬਾਬਾ ਫਰੀਦ ਦੀਆਂ ਸਿਖਿਆਵਾਂ ਤੋਂ ਵੀ ਕੁਝ ਸਿੱਖਣ/ਸਮਝਣ ਅਨੁਸਰਣ ਦੀ ਕੋਈ ਵਿਧਾ ਨਹੀਂ ਅਪਨਾ ਸਕੇ। ਊਚ-ਨੀਚ, ਭਰਾਮਾਰੂ ਜੰਗ, ਜਾਤੀ ਭੇਦ, ਹਉਮੈ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਦੇ ਦੈਂਤ ਤੋਂ ਹੀ ਖਹਿੜਾ ਨਹੀਂ ਛੁਡਾ ਸਕੇ। ਝੂਠ ਫਰੇਬ ਜਾਲਸਾਜ਼ੀ ਅਜਿਹਾ ਰੂਪ ਅਖਤਿਆਰ ਕਰ ਚੁਕੇ ਹਾਂ ਕਿ ਸੱਚ ਸਤ ਇਨਸਾਫ ਨੂੰ ਤਾਂ ਜਿਵੇਂ ਦੇਸ਼ ਨਿਕਾਲਾ ਹੀ ਦੇ ਦਿੱਤਾ ਹੈ। ਸੱਤਾ ਤੇ ਰਾਜਨੀਤੀ ਨੂੰ ਆਪਣੀ ਜਿ਼ੰਦਗੀ ਦਾ ਮੰਤਵ ਸਮਝੀ ਬੈਠੇ ਹਾਂ। ਕੇਂਦਰ ਸਰਕਾਰ ਨੂੰ ਪੰਜ ਰਾਜਾਂ ਦੀਆਂ ਚੋਣਾਂ ਜਿੱਤਣੀਆਂ ਹਨ, ‘ਬਾਇ ਹੁੱਕ ਐਂਡ ਕਰੁੱਕ।’ ਦਿੱਲੀ ਦੇ ਬਾਰਡਰਾਂ `ਤੇ ਡੇਰਾ ਜਮਾਈ ਬੈਠੇ ਧਰਤੀ ਪੁੱਤਰਾਂ ਦੀ ਚੀਕ ਸੁਣਾਈ ਨਹੀਂ ਦਿੰਦੀ ਖੇਤੀ ਪ੍ਰਧਾਨ ਦੇਸ਼ ਵਿਚ। ਅਜਿਹਾ ਵਰਤਾਰਾ ਤਾਂ ਕਦੀ ਨਹੀਂ ਰਿਹਾ ਸਾਡੀਆਂ ਹਕੂਮਤਾਂ ਦਾ ਕਿ ਆਪਣੇ ਦੇਸ਼ ਦੀ ਰੀੜ੍ਹ ਦੀ ਹੱਡੀ ਅੰਨਦਾਤੇ ਨੂੰ ਹੀ ਅਣਗੌਲਿਆਂ ਕਰ ਦੇਵੇ। ਉਹਦੀ ਤਾਂ ਆਵਾਜ਼ ਮੁਗਲਾਂ, ਅੰਗਰੇਜ਼ਾਂ ਨੇ ਵੀ ਅਣਸੁਣੀ ਨਹੀਂ ਸੀ ਕੀਤੀ।
ਨਿੱਤ ਨਵੇਂ ਕਾਲੇ ਕਾਨੂੰਨ ਬਣਾ ਕੇ ਨਾਦਰਸ਼ਾਹੀ ਹੁਕਮ ਚਾੜ੍ਹੇ ਜਾਂਦੇ ਹਨ। ਪੰਜਾਬ ਦੇ ਨੌਜੁਆਨਾਂ ਨੂੰ ਰਾਹ ਖੇੜੇ ਜਾਂਦਿਆਂ ਨੂੰ ਚੁੱਕ ਕੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਦਿੱਲੀ ਪੁਲਿਸ, ਐਨ. ਆਈ. ਏ., ਸੀ. ਬੀ. ਆਈ., ਈ. ਡੀ. ਤੇ ਹੋਰ ਕੇਂਦਰੀ ਏਜੰਸੀਆਂ ਦੀ ਵਰਤੋਂ ਬੇਦਰਦੀ ਨਾਲ ਕੀਤੀ ਜਾਂਦੀ ਹੈ। ਇੱਕੋ ਇੱਕ ਏਜੰਡਾ ਹੈ-ਇੱਕ ਧਰਮ, ਇੱਕ ਦੇਸ਼। ਦੇਸ਼ ਦੇ ਸੰਵਿਧਾਨ ਦਾ ਰੂਪ ਹੀ ਬਦਲਿਆ ਜਾ ਰਿਹਾ ਹੈ। ਦਹਿਸ਼ਤ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ। ਆਈ. ਟੀ. ਸੈੱਲ ਤੇ ਗੋਦੀ ਮੀਡੀਆ ਰਾਹੀਂ ਆਪਣੇ ਲੁਕਵੇਂ ਏਜੰਡੇ ਹਿੰਦੂਤਵ ਨੂੰ ਲਾਗੂ ਕਰਨ ਦਾ ਮਾਹੌਲ ਬੜੇ ਜੋਰਾਂ-ਸ਼ੋਰਾਂ ਨਾਲ ਸਿਰਜਿਆ ਜਾ ਰਿਹਾ ਹੈ। ਦੇਸ਼ ਦੀਆਂ ਮਾਣਮੱਤੀਆਂ ਸੰਸਥਾਵਾਂ ਨਿਆਂ ਪ੍ਰਣਾਲੀ, ਵਿਧਾਨਪਾਲਿਕਾ, ਕਾਰਜਪਾਲਿਕਾ, ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਦਰਜਨਾਂ ਲੋਕ ਹਿਤੈਸ਼ੀ ਅਦਾਰਿਆਂ ਦਾ ਵੱਕਾਰ ਦਾਅ `ਤੇ ਲੱਗਿਆ ਹੋਇਆ ਹੈ। ਦੇਸ਼ ਦੀ ਸ਼ਾਨ ਵੱਡੇ ਅਦਾਰੇ ਭਾਰਤ ਪੈਟਰੋ, ਹਥਿਆਰ ਬਣਾਉਣ ਵਾਲਾ, ਹਵਾਬਾਜੀ, ਪਣਡੁੱਬੀਆਂ, ਮਿਜ਼ਾਇਲਾਂ, ਜੀਵਨ ਬੀਮਾ ਨਿਗਮ, ਖੋਜ ਵਿਗਿਆਨ, ਉਚ ਵਿਦਿਅਕ ਅਦਾਰੇ, ਖਾਦ ਕਾਰਖਾਨੇ, ਫਰਮਾਸਿਊਟੀਕਲ ਕੰਪਨੀਆਂ, ਟੂਰਿਜ਼ਮ, ਭਾਰਤ ਪੰਪ ਤੇ ਕੰਪਰੈਸ਼ਰ ਲਿਮਟਿਡ ਸਮੇਤ 26 ਅਦਾਰੇ ਨਿੱਜੀ ਹੱਥਾਂ ਵਿਚ ਚਲੇ ਗਏ ਹਨ ਅਤੇ 23 ਅਦਾਰੇ ਹੋਰ ਵੇਚਣ ਦੀ ਤਿਆਰੀ ਹੈ। ਪੈਟਰੋ, ਰਸੋਈ ਗੈਸ, ਖਾਧ ਸਮੱਗਰੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਇਸੇ ਧਰਤੀ ਵਲੋਂ ਕਦੇ ਦੇਸ਼ ਦੇ 11ਵੇਂ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੂੰ ਉਨ੍ਹਾਂ ਦੀ ਖੋਜ ਉਤੇ ‘ਮਿਜ਼ਾਇਲ ਮੈਨ’ ਦਾ ਦਰਜਾ ਹਾਸਲ ਸੀ।
ਹੁਣ ਪੰਜਾਬ ਵੱਲ ਆਈਏ। ਸਾਡਾ ਤਾਂ ਤੋੜਾ ਪੰਜਾਬ ਤੋਂ ਸ਼ੁਰੂ ਹੋ ਕੇ ਪੰਜਾਬ `ਤੇ ਹੀ ਆ ਕੇ ਖਤਮ ਹੁੰਦਾ ਹੈ। ਜਿਥੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ, ਉਥੇ ਘੱਟ ਰਾਜ ਸਰਕਾਰਾਂ ਵੀ ਨਹੀਂ ਰਹੀਆਂ। ਲੋਕਾਂ ਨੂੰ ਚੂੰਡ ਚੂੰਡ ਕੇ ਇਨ੍ਹਾਂ ਰਾਜ ਕਰਦੀਆਂ ਧਿਰਾਂ ਨੇ ਆਪਣੇ ਘਰ ਭਰ ਲਏ। ਪੰਜਾਬ ਦਾ ਇੱਕੋ ਇੱਕ ਜੀਵਨ ਨਿਰਬਾਹ ਦਾ ਸਾਧਨ ਖੇਤੀਬਾੜੀ ਉਸ ਤੋਂ ਖੋਹਣ ਲਈ ਦੋਵੇਂ ਸਰਕਾਰਾਂ ਨੇ ਲੰਮੇ ਸਮੇਂ ਤੋਂ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ। ਹੁਣ ਜਦੋਂ ਕਿਸਾਨ ਇਨ੍ਹਾਂ ਦੀ ਚਾਲ ਸਮਝ ਗਿਆ ਤਾਂ ਇਨ੍ਹਾਂ ਦੇ ਖਾਨਿਓਂ ਗਈ। ਛੱਤੀਸ਼ਗੜ੍ਹ ਵਿਚ ਫੌਜ ਦੇ 22 ਜੁਆਨਾਂ ਦੇ ਨੈਕਸੇਲਾਇਟ ਮੁਠਭੇੜ ਵਿਚ ਅਤੇ ਦਿੱਲੀ ਬਾਰਡਰਾਂ `ਤੇ 300 ਤੋਂ ਉਪਰ ਕਿਸਾਨਾਂ ਦੇ ਮਾਰੇ ਜਾਣ `ਤੇ ਇੱਕ ਵੀ ਅਫਸੋਸ ਦਾ ਲਫਜ ਕੇਂਦਰੀ ਹਕੂਮਤ ਨੇ ਨਹੀਂ ਕਿਹਾ। ਹਕੂਮਤੀ ਨਸ਼ੇ ਵਿਚ ਗਲਤਾਨ ਕੇਂਦਰ ਨੇ ਜਬਰੀ ਤਿੰਨ ਕਾਲੇ ਖੇਤੀ ਕਾਨੂੰਨ ਉਹਦੇ ਸਿਰ ਵਿਚ ਲਿਆ ਮਾਰੇ।
ਕਿਸਾਨੀ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਪੰਜਾਬ ਦੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਤੇ ਸੋਸ਼ਲ ਮੀਡੀਏ ਨੇ ਇਸ ਅੰਦੋਲਨ ਵਿਚ ਮੁੱਖ ਭੂਮਿਕਾ ਨਿਭਾਈ ਹੈ। ਲੀਡਰਲੈਸ ਮੀਡੀਆ ਵੀ ਕਿਸੇ ਕੰਮ ਦਾ ਨਹੀਂ, ਜਿਵੇਂ ‘ਅਰਬ ਸਪਰਿੰਗ’ ਵਿਚ ਹੋਇਆ ਇੱਕ ਡਿਕਟੇਟਰ ਹਟਾ ਕੇ ਦੂਜਾ ਬਿਠਾ ਦਿੱਤਾ, ਇਸ ਤਬਦੀਲੀ ਨਾਲ ਲੋਕਾਂ ਦਾ ਤਾਂ ਕੁਝ ਨਹੀਂ ਸੰਵਰਿਆ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਕੁਝ ਚੈਨਲ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਦੁਆਲੇ ਹੀ ਘੁੰਮਦੇ ਰਹੇ ਅਤੇ ਸਰਕਾਰੀ ਬੋਲੀ ਬੋਲਦਿਆਂ ਕਿਸਾਨ ਆਗੂਆਂ ਖਿਲਾਫ ਭੰਡੀ ਪ੍ਰਚਾਰ ਨੂੰ ਹਵਾ ਦਿੰਦੇ ਰਹੇ। ਬਜਾਏ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਉਭਾਰਨ ਦੇ, ਇੱਕਪਾਸੜ ਪ੍ਰਚਾਰ ਕਰਦੇ ਰਹੇ ਕਿ ਨੌਜੁਆਨ ਤਾਂ ਮੋਰਚੇ ਤੋਂ ਬਾਹਰ ਹੋ ਗਏ ਹਨ। ਕਿਸੇ ਨੇ ਕਿਸਾਨ ਆਗੂਆਂ ਤੇ ਜਥੇਬੰਦੀਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸਿ਼ਸ਼ ਨਹੀਂ ਕੀਤੀ ਕਿ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਦੀ ਕੀ ਹਾਲਤ ਹੋਈ ਹੋਵੇਗੀ! ਪੰਜਾਬ ਸਮੇਤ ਚਾਰ ਮਹੀਨਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਮਸੀਂ ਮੋਰਚਾ ਦੇਸ਼ ਦੁਨੀਆਂ ਦੇ ਹਾਣ ਦਾ ਬਣਾਇਆ ਸੀ ਕਿ ਇਨ੍ਹਾਂ ਜਜ਼ਬਾਤੀ ਛਲੇਰਿਆਂ ਦੀ ਛੋਟੀ ਜਿਹੀ ਗਲਤੀ ਨੇ ਮੂਧੇ ਮੂੰਹ ਮਾਰਿਆ। ਇੱਕੜ-ਦੁੱਕੜ ਇਨ੍ਹਾਂ ਮੀਡੀਆ ਵਾਲਿਆਂ ਨੇ ਰਟ ਹੀ ਲਾ ਲਈ ਕਿਸਾਨ ਆਗੂਆਂ ਖਿਲਾਫ। ਭਾਵੇਂ ਕੁਝ ਮੀਡੀਆ ਚੈਨਲਾਂ ਨੇ ਪੰਜਾਬੀ ਪੁੱਤ ਹੋਣ ਦਾ ਰੋਲ ਮੋਰਚੇ ਦੇ ਹੱਕ ਵਿਚ ਸੰਤੁਲਿਤ ਖਬਰਾਂ ਨਸ਼ਰ ਕਰਕੇ ਨਿਭਾਇਆ ਤੇ ਨਿਭਾ ਵੀ ਰਹੇ ਹਨ।
ਦੀਪ ਸਿੱਧੂ ਨੇ 25 ਸਤੰਬਰ 2020 ਤੋਂ ਹੀ ਆਗੂਆਂ ਨੂੰ ਭੰਡਣ ਵਾਲੀ ਨੀਤੀ ਅਪਨਾਈ ਹੋਈ ਸੀ। ਇਸ ਤੋਂ ਪਹਿਲਾਂ ਇਹ ਕਦੇ ਵੀ ਪੰਜਾਬ ਜਾਂ ਕਿਸਾਨ ਸੰਘਰਸ਼ ਵਿਚ ਲੋਕ ਹਿਤਾਂ ਲਈ ਲੜਦਾ ਨਹੀਂ ਸੀ ਦੇਖਿਆ। 25 ਸਤੰਬਰ ਦਾ ਪੰਜਾਬ ਬੰਦ, ਜੋ ਭਾਰਤ ਬੰਦ ਹੋ ਨਿਬੜਿਆ ਸੀ, ਦੀ ਕਾਮਯਾਬੀ `ਤੇ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਵੀ ਕੁਝ ਚੰਗਾ ਹੋਣ ਦੀ ਆਸ ਬੱਝੀ ਸੀ, ਪਰ ਇਹ ਤਾਂ ਦੂਸਰੇ ਦਿਨ ਤੋਂ ਹੀ ਕਿਸਾਨ ਆਗੂਆਂ ਨੂੰ ਵਿਕਾਊ, ਅਨਪੜ੍ਹ, ਨਾ-ਕਾਬਲ ਵਰਗੇ ਫਤਵੇ ਦੇਣ ਲੱਗ ਪਿਆ, ਜਦੋਂ ਕਿ ਦੂਸਰੇ ਪੰਜਾਬੀ ਕਲਾਕਾਰਾਂ ਨੇ ਪੈਰ ਜੋੜ ਕੇ ਮੋਰਚੇ ਦੀ ਹਮਾਇਤ ਕੀਤੀ ਤੇ ਨੌਜੁਆਨਾਂ ਨੂੰ ਲਾਮਬੰਦ ਕਰਨ ਵਿਚ ਯੋਗਦਾਨ ਪਾਇਆ। ਫਿਰ ਜਦੋਂ ਜਥੇਬੰਦੀਆਂ ਨੇ ਰੇਲਵੇ ਟਰੈਕ ਰੋਕਣ ਦਾ ਸੱਦਾ ਦਿੱਤਾ ਤਾਂ ਆਪ ਸ਼ੰਭੂ ਬਾਡਰ `ਤੇ ਟਰੈਕ ਤੋਂ ਹਟਵਾਂ ਧਰਨਾ ਲਾ ਕੇ ਬੈਠ ਗਿਆ ਤੇ ਜਥੇਬੰਦੀਆਂ ਖਿਲਾਫ ਕੂੜ ਪ੍ਰਚਾਰ ਕਰਦਾ ਰਿਹਾ। ਧਾਰਮਿਕ, ਰਾਜਨੀਤਕ ਆਗੂਆਂ ਨੂੰ ਬੁਲਾ ਕੇ ਆਪਣੀ ਸਟੇਜ ਤੋਂ ਬੁਲਾਉਂਦਾ ਰਿਹਾ। ਤੀਜੀ ਸਿਆਸੀ ਧਿਰ ਬਣਾਉਣ ਦੀ ਵੀ ਕੋਸ਼ਿਸ ਕੀਤੀ, ਪਰ ਲੋਕਾਂ ਨੇ ਬਹੁਤਾ ਮੂੰਹ ਨਹੀਂ ਲਾਇਆ। ਨੇੜੇ ਹੀ ਮਾਨ ਦਲ ਨੇ ਵੀ ਆਪਣਾ ਵੱਖਰਾ ਕੈਂਪ ਲਾਇਆ ਹੋਇਆ ਸੀ, ਉਨ੍ਹਾਂ ਨਾਲ ਕਦੇ ਸਟੇਜ ਸਾਂਝੀ ਨਹੀਂ ਕੀਤੀ। ਬਸ ਬਣੀ-ਬਣਾਈ ਸਟੇਜ ਤੋਂ ਜਥੇਬੰਦੀਆਂ ਖਿਲਾਫ ‘ਆਪਣੀ ਹੋਂਦ, ਆਪਣਾ ਘਰ ਤੇ ਵੱਧ ਅਧਿਕਾਰਾਂ’ ਦੀ ਵਕਾਲਤ ਕਰਦਾ ਰਿਹਾ, ਖੇਤੀ ਕਾਨੂੰਨਾਂ ਬਾਰੇ ਅੱਜ ਤਕ ਨਹੀਂ ਬੋਲਿਆ।
ਜਦੋਂ 25 ਨਵੰਬਰ ਨੂੰ ਜਥੇਬੰਦੀਆਂ ਨੇ ਦਿੱਲੀ ਚਲੋ ਦਾ ਆਯੋਜਨ ਕੀਤਾ ਤਾਂ ਆਪਣੀ ਟਿੰਡ ਫਾਉੜੀ ਚੁੱਕ ਕੇ ਸਭ ਤੋਂ ਪਹਿਲਾਂ ਦਿੱਲੀ ਆ ਪਹੁੰਚਿਆ। ਬੈਰੀਕੇਡਾਂ `ਤੇ ਇੱਕ ਵਾਰ ਦਿਸਿਆ ਪਤਾ ਨ੍ਹੀਂ ਕਿਵੇਂ ਤੇ ਕਦੋਂ ਸਭ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ `ਤੇ ਲਾਈਵ ਹੋ ਕੇ ਗੱਡੀ ਭਜਾਈ ਫਿਰੇ। ਬੰਗਲਾ ਸਾਹਿਬ ਵੀ ਜਾ ਆਇਆ। ਇਸੇ ਤਰ੍ਹਾਂ 26 ਜਨਵਰੀ ਨੂੰ ਵੀ ਲਾਲ ਕਿਲੇ `ਤੇ ਐਨ ਉਦੋਂ ਪਹੁੰਚ ਗਿਆ, ਜਦੋਂ ਕੇਸਰੀ ਨਿਸ਼ਾਨ ਝੁਲ ਗਿਆ। ਉਥੋਂ ਫਿਰ ਲਾਈਵ ਹੋ ਕੇ ਵੀਡੀਓ ਪਾ ਕੇ ਫਿਰ ਕਿਸੇ ਦਾ ਮੋਟਰਸਾਈਕਲ ਲੈ ਕੇ ਦੌੜ ਗਿਆ, ਜਦੋਂ ਕੁਝ ਨੌਜਵਾਨਾਂ ਨੇ ਇਸ ਨੂੰ ਘੇਰਨ ਦੀ ਕੋਸਿ਼ਸ਼ ਕੀਤੀ। ਇੱਕ ਦਿਨ ਪਹਿਲਾਂ ਜਦੋਂ ਕੁਝ ਨੌਜਵਾਨਾਂ ਨੇ ਭੜਕ ਕੇ ਮੋਰਚੇ ਦੀ ਸਟੇਜ `ਤੇ ਕਬਜਾ ਕਰਕੇ ਹੁੜਦੰਗ ਮਚਾਇਆ ਤੇ ਸਾਡੇ ਲੀਡਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਹਰੇ ਲਾਏ ਤਾਂ ਸਟੇਜ `ਤੇ ਕਿਸਾਨ ਮਜ਼ਦੂਰ ਸੰਘਰਸ਼ ਯੂਨੀਅਨ ਦੇ ਆਗੂ ਸਰਬਣ ਸਿੰਘ ਪੰਧੇਰ ਨਾਲ ਆ ਕੇ ਰਿੰਗ ਰੋਡ ਜਾਣ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਲੱਖੇ ਨੇ ਕੀਤਾ, ਉਸ ਨੇ ਵੀ ਭੀੜ ਨੂੰ ਇਹ ਨਹੀਂ ਕਿਹਾ ਕਿ 26 ਜਨਵਰੀ ਦਾ ਤੈਅਸ਼ੁਦਾ ਰੂਟ ਦਾ ਫੈਸਲਾ ਜਥੇਬੰਦੀਆਂ ਦਾ ਹੈ, ਇਸ ਲਈ ਅਸੀਂ ਬਦਲ ਨਹੀਂ ਸਕਦੇ। ਉਸ ਨੇ ਵੀ ਹੱਲਾਸ਼ੇਰੀ ਦਿੰਦਿਆਂ ਕਿਹਾ, “ਮੈਨੂੰ ਪਤਾ ਹੈ, ਤੁਸੀਂ ਰਿੰਗਰੋਡ ਜਾਣਾ ਚਾਹੁੰਦੇ ਹੋ, ਪੰਧੇਰ ਹੋਰੀਂ ਜਾਣਗੇ, ਤੁਸੀਂ ਵੀ ਆਪਣੇ ਟਰੈਕਟਰ ਇਨ੍ਹਾਂ ਦੇ ਪਿਛੇ ਲਾ ਲਿਓ।” ਪੰਧੇਰ ਨੇ ਵੀ ਰਾਤ ਨੂੰ ਹੀ ਟਰੈਕਟਰ ਤਿਆਰ ਕਰਕੇ ਸਵੇਰੇ ਸੱਤ ਵਜੇ ਹੀ ਚਾਲੇ ਪਾ ਦਿੱਤੇ ਤੇ ਪੁਲਿਸ ਨੇ ਵੀ ਸੌਖ ਨਾਲ ਰਸਤਾ ਦੇ ਦਿੱਤਾ। ਪੰਧੇਰ ਹੋਰੀਂ 32 ਜਥੇਬੰਦੀਆਂ ਵਿਚ ਸ਼ਾਮਲ ਨਹੀਂ ਸਨ ਤੇ ਦਿੱਲੀ ਵੀ ਪਿਛੋਂ ਆਏ ਸਨ, ਉਹਨੇ ਵੀ ਨਹੀਂ ਕਿਹਾ ਕਿ ਇਹ ਫੈਸਲਾ ਸੰਯੁਕਤ ਮੋਰਚੇ ਦਾ ਹੈ, ਅਸੀਂ ਦਖਲ ਨਹੀਂ ਦੇ ਸਕਦੇ। ਸੋ ਹੁਣ ਇਹ ਤਿੰਨੇ ਧਿਰਾਂ ਆਪਣੀ ਗਲਤੀ ਨਾ ਮੰਨ ਕੇ ਸਾਰਾ ਦੋਸ਼ ਕਿਸਾਨ ਆਗੂਆਂ `ਤੇ ਪਾ ਰਹੇ ਹਨ। ਇੱਕ ਗੱਲ ਲੱਖੇ ਸਿਧਾਣੇ ਬਾਰੇ ਤਾਂ ਕਹੀ ਜਾ ਸਕਦੀ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਤੇ ਪੰਜਾਬ ਮਸਲਿਆਂ `ਤੇ ਬੋਲਦਾ-ਲੜਦਾ ਆ ਰਿਹਾ ਹੈ ਤੇ ਲੋੜਵੰਦਾਂ ਦੀ ਥਾਣੇ ਕਚਹਿਰੀ ਵਿਚ ਮਦਦ ਵੀ ਕਰਦਾ ਹੈ। ਇਥੇ ਟਰੈਕ ਵਿਚ ਕਿਵੇਂ ਫਸ ਗਿਆ, ਇਹ ਤਾਂ ਉਹੋ ਹੀ ਦਸ ਸਕਦਾ ਹੈ, ਪਰ ਇਨ੍ਹਾਂ ਦੀ ਮਾਅਰਕੇਬਾਜ਼ੀ ਤੇ ਆਪਹੁਦਰੇਪਣ ਨੇ ਦੇਸ-ਵਿਦੇਸ਼ ਵਿਚ ਮੋਰਚਾ ਸਮਰਥਕਾਂ ਦੇ ਜਜ਼ਬਾਤ ਨੂੰ ਭਾਰੀ ਠੇਸ ਪਹੁੰਚਾਈ।
ਆਗੂਆਂ ਸਮੇਤ ਸੈਂਕੜੇ ਕਿਸਾਨਾਂ ਨੂੰ ਝੂਠੇ ਕੇਸਾਂ, ਜ਼ਲਾਲਤ, ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਗੁੰਡਿਆਂ ਵਲੋਂ ਮੋਰਚਿਆਂ ਨੂੰ ਉਖੇੜਨ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ। ਕਿਸਾਨ ਆਗੂਆਂ ਦੇ ਕਹਿਣ ਵਾਂਗ ਮੰਗਾਂ ਬਦਲ ਗਈਆਂ। ਕਾਨੂੰਨ ਰੱਦ ਕਰਾਉਣ ਦੀ ਥਾਂ ਜੇਲ੍ਹੀਂ-ਥਾਣੇ ਡੱਕੇ ਕਿਸਾਨਾਂ ਤੇ ਵਾਹਨਾਂ ਨੂੰ ਛੁਡਾਉਣ, ਜ਼ਮਾਨਤਾਂ ਕਰਾਉਣ ਨੂੰ ਤਰਜੀਹ ਦੇਣੀ ਪਈ। ਹਰਿਆਣਾ, ਯੂ. ਪੀ. ਦੇ ਕਿਸਾਨ ਰਾਤੋ ਰਾਤ ਮੋਰਚੇ ਛੱਡ ਗਏ ਕਿ ਪੰਜਾਬ ਵਾਲੇ ਤਾਂ ਆਪਣਾ ਕੇਸਰੀ ਨਿਸ਼ਾਨ ਚੜ੍ਹਾਉਣ ਆਏ ਸਨ। ਜੇ ਦੂਜੇ ਦਿਨ ਹੀ ਆਗੂਆਂ ਵਲੋਂ ਤਿਰੰਗੇ ਝੰਡੇ ਦੀ ਅਗਵਾਈ ਵਿਚ ਸ਼ਾਂਤੀ ਮਾਰਚ ਨਾ ਕੀਤਾ ਜਾਂਦਾ ਤੇ ਰਾਕੇਸ਼ ਟਿਕੈਤ ਵਲੋਂ ਹੰਝੂਆਂ ਦੀ ਵਾਛੜ ਨਾਲ ਭਾਵੁਕ ਅਪੀਲ ਨਾ ਕੀਤੀ ਜਾਂਦੀ ਤਾਂ ਮੋਰਚੇ ਖਿੰਡ ਸਕਦਾ ਸੀ। ਮੋਰਚੇ ਨੂੰ ਸਿਰ ਪਰਨੇ ਸੁੱਟਣ ਦੀ ਗਲਤੀ ਮੰਨਣ ਦੀ ਥਾਂ ਉਲਟਾ ਕਿਸਾਨ ਆਗੂਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਕਿਸਾਨ ਆਗੂ ਵੱਲੋਂ ਉਕਤ ਤਿੰਨੇ ਧਿਰਾਂ ਨੂੰ ਸਟੇਜ ਤੋਂ ਘਟੀਆ ਸ਼ਬਦ ਕਹੇ ਹਨ। ਭਾਵੇਂ ਜਿੰਮੇਵਾਰ ਆਗੂ ਵੱਲੋਂ ਘਟੀਆ ਸ਼ਬਦਾਵਲੀ ਵਰਤਣੀ ਸ਼ੋਭਾ ਨਹੀਂ ਦਿੰਦੀ, ਪਰ ਉਹ ਵੀ ਕੀ ਕਰਦੇ, ਜਦੋਂ ਉਨ੍ਹਾਂ ਦੇ ਸਾਹਮਣੇ ਘਾਲਣਾ ਨਾਲ ਖੜ੍ਹਾ ਕੀਤਾ ਸੁੰਦਰ ਮਹਿਲ ਢਹਿ ਢੇਰੀ ਹੋ ਗਿਆ। ਹੁਣ ਵੀ ਕਹਿਣੋ ਨਹੀਂ ਹਟਦੇ ਕਿ ਆਗੂ ਕੋਈ ਵੱਡਾ ਤਿੱਖਾ ਐਕਸ਼ਨ ਨਹੀਂ ਕਰਦੇ। ਕੀ ਮੋਰਚੇ ਨੂੰ ਮੁੜ ਪੈਰੀਂ ਸਿਰੀਂ ਕਰ ਗਏ ਕਿਤੇ ਛੋਟੀ ਗੱਲ ਹੈ!
ਪਤਾ ਨਹੀਂ ਅਸੀਂ ਕਦੋਂ ਸਹੀ-ਗਲਤ ਦੀ ਪਛਾਣ ਕਰਨੀ ਸਿਖਾਂਗੇ; ਕਦੋਂ ਅਸੀਂ ਸਾਫ ਸਪਸ਼ਟ ਤੇ ਸੱਚੀ ਗੱਲ ਕਹਿਣ ਦਾ ਤਹੱਈਆ ਕਰਾਂਗੇ? ਕਿਉਂ ਹਰ ਵੇਲੇ ਝੂਠ, ਵਲ ਫਰੇਬ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਸਮਝਦੇ ਰਹਾਂਗੇ? ਇਹੋ ਜਿਹੀਆਂ ਕੱਚ ਬਰਿਚੀਆਂ ਗੱਲਾਂ ਨੂੰ ਹੀ ਆਪਣੇ ਜੀਵਨ ਦੀ ਪੂੰਜੀ ਸਮਝਦੇ ਰਹਾਂਗੇ! ਕਦੋਂ ਇਸ ਗਫਲਤ ਦੀ ਦੁਨੀਆਂ ਵਿਚੋਂ ਨਿਕਲ ਕੇ ਅੰਦਰਲੇ ਦੀ ਪਛਾਣ ਕਰਨੀ ਸਿਖਾਂਗੇ? ਅਸੀਂ ਤਾਂ ਗੁਰੂਆਂ ਦੀ ਸਲਾਹਈਅਤ ਨੂੰ ਵੀ ਹਵਾ ਵਿਚ ਉਡਾ ਦਿੰਦੇ ਹਾਂ।
ਪੰਜਾਬ ਦਾ ਬਿਹਤਰ ਭਵਿੱਖ ਹੈ, ਪੰਜਾਬ ਦੇ ਏਜੰਡੇ ਵਿਚ। ਪੰਜਾਬ ਉਜੜ ਚੁਕਿਆ ਹੈ, ਹੋਰ ਉਜੜ ਰਿਹਾ ਹੈ। ਪੰਜਾਬ ਦਾ ਪਾਣੀ 2039 ਤਕ ਖਤਮ ਹੋਣ ਜਾ ਰਿਹਾ ਹੈ। ਇਹ 1985 ਦੀ ਜੌਹਲ ਕਮੇਟੀ ਦੀ ਰਿਪੋਰਟ ਹੈ। ਪੰਜਾਬ ਦੀ ਮਿੱਟੀ ਜ਼ਹਿਰੀਲੀ ਹੋ ਗਈ, ਪੰਜਾਬ ਦੀ ਆਬੋ ਹਵਾ ਗੰਧਲੀ ਹੋ ਚੁਕੀ ਹੈ। ਪੰਜਾਬ ਵਿਚ ਕੈਂਸਰ ਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਸਿਰ ਚੁੱਕ ਰਹੀਆਂ ਨੇ। ਪੰਜਾਬ ਦੀ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ। ਪਿਛਲੇ 20 ਸਾਲਾਂ ਤੋਂ ਆਈਲੈਟਸ ਰਾਹੀਂ ਨੌਜੁਆਨੀ ਬਾਹਰ ਜਾ ਰਹੀ ਹੈ। ਪੰਜਾਬ ਦੀ ਮਨੁੱਖੀ ਪੂੰਜੀ ਲਗਾਤਾਰ ਜਾ ਰਹੀ ਹੈ। ਮੁਫਰੋਮੋਰਟਿਨ ਦੀ ਗੋਲੀ ਮੂੰਹ ਵਿਚ ਪੁਆਉਣ ਲਈ ਪੰਜਾਬ ਦੇ ਸੈਂਕੜੇ ਬੰਦੇ ਹਾਲੇ ਵੀ ਨਸ਼ਾ ਛੁਡਾਊ ਕੇਂਦਰਾਂ ਦੇ ਅੱਗੇ ਖੜ੍ਹਦੇ ਹਨ। ਇਹ ਹੈ ਪੰਜਾਬ ਦਾ ਭਵਿੱਖ!
ਕੀ ਹੈ ਭਵਿੱਖੀ ਏਜੰਡਾ ਪੰਜਾਬ ਲਈ? ਕਿਸੇ ਇੱਕ ਬੰਦੇ ਨੂੰ ਜਾਂ ਕਿਸੇ ਪਾਰਟੀ ਨੂੰ ਲਿਆਉਣ ਨਾਲ ਪੰਜਾਬ ਦਾ ਭਵਿੱਖ ਨਹੀਂ ਬਦਲ ਸਕਦਾ। ਪੰਜਾਬ ਲਈ ਉਸ ਕੋਲ ਰਾਜਨੀਤਕ, ਸਭਿਆਚਾਰਕ ਰਹੁ ਰੀਤਾਂ, ਆਰਥਿਕ, ਸਮਾਜਕ, ਖੇਤੀਬਾੜੀ ਦਾ ਕੀ ਹੁਣ ਨਾਲੋਂ ਨਵਾਂ ਏਜੰਡਾ ਹੈ? ਪੰਜਾਬ ਉਸ ਭਵਿੱਖ ਦੀ ਤਲਾਸ਼ ਵਿਚ ਹੈ। ਉਸ ਏਜੰਡੇ ਦੇ ਇਰਦ ਗਿਰਦ ਲੋਕ, ਨੌਜਵਾਨ ਜਾਂ ਪਾਰਟੀਆਂ ਆ ਜਾਣ, ਜੋ ਪੰਜਾਬ ਨੂੰ ਸੰਵਾਰ ਸਕਣ। ਸਾਨੂੰ ਪੰਜਾਬ ਦੇ ਏਜੰਡੇ `ਤੇ ਡਿਬੇਟ ਕਰਨੀ ਚਾਹੀਦੀ ਹੈ। ਜਿਥੋਂ ਚਲੇ ਸੀ, ਕਿਉਂ ਨਹੀਂ ਉਥੇ ਪਹੁੰਚ ਸਕੇ, ਕਿਉਂ ਪੁੱਠਾ ਗੇੜਾ ਆ ਗਿਆ? ਇਹੋ ਕਾਰਨ ਹੈ, ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਸਭ ਦਾ ਏਜੰਡਾ ਕਾਰਪੋਰੇਟ ਨਾਲ ਮਿਲਦਾ ਹੈ।
ਪੰਜਾਬ ਦੀ ਧਰਤੀ ਬਚਾਉਣ ਲਈ ਚੌਤਰਫੀ ਜੰਗ ਲੜਨੀ ਪਏਗੀ। ਇਹੋ ਜਿਹਾ ਮਾਡਲ ਸਿਰਜਣਾ ਪਏਗਾ, ਜੋ ਉਸ ਨੂੰ ਇਸ ਕਰਜੇ ਦੀ ਜਿਲ੍ਹਣ ਵਿਚੋਂ ਕੱਢੇ। ਉਹਦੀਆਂ ਫਸਲਾਂ ਦੇ ਵਾਜਬ ਭਾਅ ਮਿਲ ਸਕਣ। ਉਹ ਕੈਮੀਕਲ ਖੇਤੀ ਨੂੰ ਤਿਆਗ ਕੇ ਕੁਦਰਤੀ ਜੈਵਿਕ ਖੇਤੀ ਵੱਲ ਅਗਰਸਰ ਹੋਵੇ। ਆਪਣੇ ਅਨਾਜ, ਸਬਜੀਆਂ, ਫਲਾਂ ਨੂੰ ਸਾਂਭਣ ਵਾਸਤੇ ਆਪਣੇ ਸਟੋਰ, ਆਪਣੇ ਪ੍ਰੋਸੈਸਿੰਗ ਪਲਾਂਟ ਲਾ ਕੇ ਆਮਦਨ ਵਧਾਉਣੀ ਹੋਵੇਗੀ, ਕਿਸੇ ਸਰਕਾਰ ਨੇ ਉਸ ਦੀ ਆਮਦਨ ਨਹੀਂ ਵਧਾਉਣੀ। ਖੇਤੀ ਦਾ ਕੈਮੀਕਲ ਮਾਡਲ ਫੇਲ੍ਹ ਹੋ ਚੁਕਾ ਹੈ। ਖੇਤੀ ਮਾਹਰਾਂ ਨੇ ਪਹਿਲਾਂ ਹੀ ਇਸ ਦੀ ਉਮਰ ਪੰਜਾਹ ਸਾਲ ਦੀ ਕਿਆਸੀ ਸੀ। ਧਰਤੀ ਨੂੰ ਇੱਕ ਟੂਲ ਦੇ ਤੌਰ `ਤੇ ਨਾ ਵਰਤ ਕੇ ਸਹੀ ਸ਼ਬਦਾਂ ਵਿਚ ਧਰਤੀ ਮਾਂ ਦੇ ਰੂਪ ਵਿਚ ਵਰਤੀਏ। ਧਰਤੀ ਦੀਆਂ ਜ਼ਹਿਰਾਂ ਨੂੰ ਚੂਸ ਕੇ ਧਰਤੀ ਦੀ ਸਿਹਤ ਦੇ ਨਾਲ ਨਾਲ ਆਪਣੇ ਪਰਿਵਾਰ, ਸਮਾਜ ਦੀ ਸਿਹਤ ਸੁਧਾਰੀਏ ਤਾਂ ਹੀ ਪੰਜਾਬ ਦਾ ਕੁਝ ਬਣ ਸਕੇਗਾ।