ਜਗਰੂਪ ਜਰਖੜ ਤੇ ਜਰਖੜ ਖੇਡਾਂ

ਪ੍ਰਿੰ. ਸਰਵਣ ਸਿੰਘ
ਜਗਰੂਪ ਜਰਖੜ ਤੇ ਜਰਖੜ ਖੇਡਾਂ ਇਕੋ ਸਿੱਕੇ ਦੇ ਦੋ ਪਾਸੇ ਹਨ। ਜਰਖੜ ਖੇਡਾਂ ਹੁਣ ਨਿਰੀਆਂ ਪੇਂਡੂ ਖੇਡਾਂ ਨਹੀਂ ਰਹੀਆਂ, ਸਗੋਂ ਖੇਡ ਸੰਸਥਾ ਬਣ ਗਈਆਂ ਹਨ। ਇਨ੍ਹਾਂ ਦੀ ਮਸ਼ਹੂਰੀ ਕਿਲਾ ਰਾਏਪੁਰ ਦੀਆਂ ਖੇਡਾਂ ਵਾਂਗ ਵਿਦੇਸ਼ਾਂ ਤਕ ਪਹੁੰਚ ਚੁਕੀ ਹੈ। ਇਹਦੇ ਪਿੱਛੇ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਅਹਿਮ ਰੋਲ ਹੈ। ਉਹ ਜਰਖੜ ਦੀਆਂ ਖੇਡਾਂ ਦਾ ਥੰਮ੍ਹ ਹੈ। ਪਿੰਡ ਜਰਖੜ ਕੋਈ ਬਹੁਤਾ ਵੱਡਾ ਪਿੰਡ ਨਹੀਂ। 2019 ਵਿਚ ਇਸ ਦੇ 240 ਘਰਾਂ ਦੀ ਜਨਸੰਖਿਆ 1240 ਸੀ।

ਪਿੰਡ ਦਾ ਰਕਬਾ ਕੇਵਲ 193 ਹੈਕਟੇਅਰ ਹੈ, ਜੋ ਪੰਜ ਸੌ ਏਕੜ ਤੋਂ ਵੀ ਘੱਟ ਬਣਦਾ ਹੈ। ਉਥੋਂ ਲੁਧਿਆਣੇ ਵੱਲ ਪਾਣੀ ਦੀਆਂ ਟੈਂਕੀਆਂ ਤੇ ਭੱਠਿਆਂ ਦੀਆਂ ਚਿਮਨੀਆਂ ਵਿਖਾਈ ਦਿੰਦੀਆਂ ਹਨ, ਜਿਨ੍ਹਾਂ ਵਿਚ ਘੰਟਾ ਘਰ ਨਹੀਂ ਦਿਸਦਾ। ਜਿਵੇਂ ਕਿਲਾ ਰਾਏਪੁਰ ਦੀ ਮਸ਼ਹੂਰੀ ਉਥੋਂ ਦੀਆਂ ਖੇਡਾਂ ਕਰਕੇ ਹੋਈ, ਉਵੇਂ ਜਰਖੜ ਦੀ ਮਸ਼ਹੂਰੀ ਜਰਖੜ ਖੇਡਾਂ ਕਰਕੇ ਹੈ। ਉਥੇ ਹਰ ਸਾਲ ਹੁੰਦੀਆਂ ਖੇਡਾਂ ਨਾਲ ਕਰੋੜਾਂ ਰੁਪਿਆਂ ਦੇ ਬਹੁਮੰਤਵੀ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਦੀ ਉਸਾਰੀ ਵੀ ਹੋਈ ਹੈ। ਜਰਖੜ ਦੀ ਹਾਕੀ ਅਕੈਡਮੀ ਨੇ ਆਪਣੀਆਂ ਖੇਡ ਪ੍ਰਾਪਤੀਆਂ ਸਦਕਾ ਦੇਸ਼-ਵਿਦੇਸ਼ ਵਿਚ ਚੋਖਾ ਨਾਮਣਾ ਖੱਟਿਆ ਹੈ।
ਜਰਖੜ ਦੀ ਖੇਡ ਖੇਤਰ ਵਿਚ ਬਣੀ ਭੱਲ ਦਾ ਮੁੱਖ ਸਿਹਰਾ ਜਗਰੂਪ ਸਿੰਘ ਜਰਖੜ ਦੇ ਸਿਰ ਹੈ, ਜਿਸ ਨੇ ਤਨ ਮਨ ਧਨ ਜਰਖੜ ਖੇਡਾਂ, ਜਰਖੜ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੇ ਲੇਖੇ ਲਾਇਆ ਹੈ। ਜਗਰੂਪ ਨੇ ਖੇਡ ਖੇਤਰ ਵਿਚ ਆਪਣੇ ਪਿੰਡ ਲਈ ਜੋ ਕੀਤਾ, ਉਹ ਹੋਰਨਾਂ ਪਿੰਡਾਂ ਦੇ ਖੇਡ ਪ੍ਰੋਮੋਟਰਾਂ ਲਈ ਮਿਸਾਲ ਹੈ। ਉਹ ਖੁਦ ਖਿਡਾਰੀ ਰਿਹਾ ਅਤੇ ਸੁਚੱਜਾ ਖੇਡ ਪ੍ਰਬੰਧਕ ਤੇ ਸੁਹਿਰਦ ਖੇਡ ਪ੍ਰੋਮੋਟਰ ਹੋਣ ਦੇ ਨਾਲ ਪੱਚੀ ਸਾਲਾਂ ਤੋਂ ਸੁਚਾਰੂ ਖੇਡ ਪੱਤਰਕਾਰੀ ਕਰਦਾ ਆ ਰਿਹੈ। ਜਿੱਡਾ ਉਹਦਾ ਕੱਦ ਹੈ, ਓਡੀਆਂ ਹੀ ਕੱਦਾਵਰ ਉਹਦੀਆਂ ਖੇਡ ਲਿਖਤਾਂ ਹਨ। 1918 ਤੋਂ ਉਸ ਨੇ ਸਪਤਾਹਿਕ ਆਨਲਾਈਨ ਮੈਗਜ਼ੀਨ ‘ਖੇਡ ਮੈਦਾਨ ਬੋਲਦਾ ਹੈ’ ਸ਼ੁਰੂ ਕੀਤਾ ਹੈ। ਖੇਡਾਂ ਦੀ ਦੁਨੀਆਂ ਵਿਚ ਇਸ ਮੈਗਜ਼ੀਨ ਅਤੇ ਚੈਨਲ ਨੇ ਕਾਫੀ ਮਕਬੂਲੀਅਤ ਖੱਟੀ ਹੈ। ਇਸ ਤੋਂ ਇਲਾਵਾ ਉਸ ਦੀਆਂ ਦੋ ਕਿਤਾਬਾਂ ‘ਮੇਰਾ ਖੇਡ ਸਫਰਨਾਮਾ’ ਅਤੇ ‘ਮੇਰਾ ਪਿੰਡ ਜਰਖੜ’ ਤਿਆਰੀ ਅਧੀਨ ਹਨ।
ਉਸ ਨੇ ਮੇਰੀਆਂ ਖੇਡ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ 1990ਵਿਆਂ ‘ਚ ਲਿਖਣਾ ਸ਼ੁਰੂ ਕੀਤਾ ਸੀ। ਉਹ ਕਈ ਸਾਲ ‘ਰੋਜ਼ਾਨਾ ਅਜੀਤ’ ਨੂੰ ਖੇਡ ਖਬਰਾਂ ਭੇਜਦਾ ਰਿਹਾ। ਪੰਜਾਬੀ ਦਾ ਉਹ ਪਹਿਲਾ ਖੇਡ ਪੱਤਰਕਾਰ ਹੈ, ਜਿਸ ਨੇ ਪੇਂਡੂ ਖੇਡ ਮੇਲਿਆਂ ਦੀ ਨਾਲੋ-ਨਾਲ ਕਵਰੇਜ ਕੀਤੀ। ਉਸ ਨੇ ਖੇਡ ਪੱਤਰਕਾਰੀ ਦਾ ਸਫਰ ਕਰਦਿਆਂ ਕੌਮਾਂਤਰੀ ਪੱਧਰ ‘ਤੇ ਸਿਡਨੀ ਓਲੰਪਿਕ 2000, ਕੁਆਲਾਲੰਪੁਰ ਵਿਸ਼ਵ ਕੱਪ ਹਾਕੀ 2002, ਰੈਬੋਬੈਂਕ ਹਾਕੀ ਟੂਰਨਾਮੈਂਟ ਹਾਲੈਂਡ 2002, ਕੋਲਿਨ ਚੈਂਪੀਅਨਜ਼ ਟਰਾਫੀ ਜਰਮਨੀ 2002, ਐਮਸਟਰਡਮ ਚੈਂਪੀਅਨਜ਼ ਟਰਾਫੀ ਹਾਲੈਂਡ 2003, ਵਿਸ਼ਵ ਕਬੱਡੀ ਕੱਪ ਟੋਰਾਂਟੋ 2003, ਮੋਨਚਿਨਗਲੈਡਬੈਕ ਵਿਸ਼ਵ ਕੱਪ ਹਾਕੀ ਜਰਮਨੀ 2006, ਕੈਲ ਹਾਕੀ ਕੱਪ ਲਾਸਏਂਜਲਸ ਅਮਰੀਕਾ 2007, ਮਹਿਲਾ ਵਿਸ਼ਵ ਕੱਪ ਹਾਕੀ ਬੋਸਟਨ ਅਮਰੀਕਾ 2009, ਵਿਸ਼ਵ ਕੱਪ ਹਾਕੀ ਨਵੀਂ ਦਿੱਲੀ 2010, ਰਾਸ਼ਟਰਮੰਡਲ ਖੇਡਾਂ 2010 ਤੋਂ ਇਲਾਵਾ ਸਕੂਲ ਏਸ਼ੀਅਨ ਗੇਮਜ਼ ਅਤੇ ਕਈ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਦੀ ਮੀਡੀਆ ਕਵਰੇਜ ਕੀਤੀ। ਗੱਲ ਕੀ ਖੇਡ ਪੱਤਰਕਾਰੀ ਦੇ ਸਿਰ ‘ਤੇ ਅੱਧੋਂ ਵੱਧ ਦੁਨੀਆਂ ਗਾਹ ਮਾਰੀ। ਦੇਸ਼-ਵਿਦੇਸ਼ ਦੇ ਬਹੁਤ ਸਾਰੇ ਖੇਡ ਕਲੱਬਾਂ ਨੇ ਉਸ ਨੂੰ ਖੇਡ ਪੱਤਰਕਾਰ ਵਜੋਂ ਸਨਮਾਨਿਤ ਕੀਤਾ।
ਜਗਰੂਪ ਸਿੰਘ ਦਾ ਜਨਮ ਪਹਿਲੀ ਜਨਵਰੀ 1964 ਨੂੰ ਪਿਤਾ ਹਰਨੇਕ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ। 1995 ਵਿਚ ਗ੍ਰਹਿਸਤੀ ਜੀਵਨ ਪਰਮਜੀਤ ਕੌਰ ਨਾਲ ਸ਼ੁਰੂ ਕੀਤਾ। ਦੋ ਬੱਚੇ-ਬੇਟੀ ਪਰਨੀਤ ਕੌਰ ਤੇ ਬੇਟਾ ਗੁਰਲਾਲ ਪ੍ਰੀਤ ਹਨ, ਜੋ ਪੰਜਾਬ ‘ਚੋਂ ਪੜ੍ਹ ਕੇ ਅਮਰੀਕਾ ਪਹੁੰਚੇ। ਅੱਜ ਕੱਲ੍ਹ ਦੋਵੇਂ ਕੈਲੀਫੋਰਨੀਆ, ਅਮਰੀਕਾ ਵਿਚ ਪੜ੍ਹਦੇ ਹਨ। ਜਗਰੂਪ ਨੇ ਖੁਦ ਘਰ ਦੀ ਗਰੀਬੀ ਦੇ ਮਾਹੌਲ ਵਿਚ ਬਚਪਨ ਦਾ ਵਕਤ ਗੁਜ਼ਾਰਿਆ ਸੀ। ਉਦੋਂ ਆਲਮ ਇਹ ਸੀ ਕਿ ਈਸ਼ਰ ਦਾਸ ਮਾਰਕਾ ਹਾਕੀ, ਜੋ ਪੰਜ ਰੁਪਏ ਦੀ ਆਉਂਦੀ ਸੀ, ਘਰ ਦੀ ਗਰੀਬੀ ਕਾਰਨ ਖਰੀਦੀ ਨਹੀਂ ਸੀ ਗਈ। ਪਰ ਹੁਣ ਪੰਜ ਹਜ਼ਾਰ ਰੁਪਏ ਕੀਮਤ ਵਾਲੀਆਂ ਸੌ-ਸੌ ਹਾਕੀਆਂ ਬੱਚਿਆਂ ਨੂੰ ਵੰਡ ਰਿਹੈ, ਜਿਸ ਨੂੰ ਉਹ ਉਪਰਲੇ ਦੀ ਕ੍ਰਿਪਾ ਕਹਿੰਦਾ ਹੈ। ਹਾਕੀ ਦੀ ਚੇਟਕ ਉਸ ਨੂੰ ਵਿਸ਼ਵ ਕੱਪ 1973 ਤੇ ਵਿਸ਼ਵ ਕੱਪ 1975 ਦੇ ਫਾਈਨਲ ਮੁਕਾਬਲਿਆਂ ਦੀ ਕੁਮੈਂਟਰੀ ਤੋਂ ਲੱਗੀ ਸੀ।
ਮੁਢਲੀ ਪੜ੍ਹਾਈ ਜਰਖੜ, ਮੈਟ੍ਰਿਕ ਆਲਮਗੀਰ ਤੇ ਹਾਇਰ ਸੈਕੰਡਰੀ ਵਿਸ਼ਵਕਰਮਾ ਸਕੂਲ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਲੁਧਿਆਣਾ ਤੋਂ ਬਾਰ੍ਹਵੀਂ ਤੇ ਤੇਰ੍ਹਵੀਂ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹੇ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ। ਫਿਰ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਇਕਨੌਮਿਕਸ ਦੀ ਐਮ. ਏ. ਕਰਨ ਲੱਗਾ, ਜੋ ਪੂਰੀ ਨਾ ਹੋ ਸਕੀ। ਸਕੂਲ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਕਬੱਡੀ ਨੈਸ਼ਨਲ ਸਟਾਈਲ ਖੇਡਣ ਪਿੱਛੋਂ ਪਿੰਡ ਤੇ ਕਲੱਬ ਪੱਧਰ ਦੀ ਹਾਕੀ ਖੇਡੀ। ਫਿਰ ਹਾਕੀ ਤੇ ਪੜ੍ਹਾਈ ਦੇ ਸਿਰ ‘ਤੇ ਪੰਜਾਬ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਪਰਿਵਾਰ ਪਾਲਿਆ। ਲੋਕ ਸੰਪਰਕ ਅਫਸਰ ਦੀ ਨੌਕਰੀ ਪੂਰੀ ਹੋਣ ਤੋਂ 5 ਸਾਲ ਪਹਿਲਾਂ ਹੀ ਛੱਡਣੀ ਪਈ। ਕਾਰਨ ਸੀ ਰਾਜਨੀਤੀ ਵਿਚ ਆਉਣ ਦਾ। 2016 ਵਿਚ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਲੱਗੀ ਸੀ, ਜੋ ਮਿਲ ਨਾ ਸਕੀ। ਰਾਜਨੀਤੀ ਵਿਚ ਇੰਜ ਵੀ ਹੁੰਦੈ!
ਜਰਖੜ ਖੇਡਾਂ ਦਾ ਅਰੰਭ
ਜਰਖੜ ਖੇਡਾਂ 1986 ਤੋਂ ਸ਼ੁਰੂ ਹੋਈਆਂ। ਖੇਡਾਂ ਦੇ 35 ਸਾਲਾ ਸਫਰ ਦੌਰਾਨ ਜਗਰੂਪ ਸਿੰਘ ਜਰਖੜ ਦੀ ਭੂਮਿਕਾ ਮੋਹਰੀਆਂ ਵਾਲੀ ਰਹੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹੇਠਲੇ ਪੱਧਰ ਤੋਂ ਸ਼ੁਰੂ ਹੋਈ ਸੀ, ਜਦੋਂ ਦੋ ਟੋਭਿਆਂ ਨੂੰ ਪੂਰ ਕੇ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਗਿਆ। ਪਹਿਲੀਆਂ ਖੇਡਾਂ ਦਾ ਬਜਟ 1200 ਰੁਪਏ ਸੀ। ਉਨ੍ਹਾਂ ਖੇਡਾਂ ਵਿਚ ਸਾਬਕਾ ਸਰਪੰਚ ਮੇਜਰ ਸਿੰਘ ਦਾ ਬੜਾ ਵੱਡਾ ਸਹਿਯੋਗ ਸੀ। ਉਸ ਤੋਂ ਬਾਅਦ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਜਰਖੜ ਦੀ ਮੁੱਖ ਸੇਵਾਦਾਰ ਬੀਬੀ ਸੁਰਜੀਤ ਕੌਰ ਨੇ 1999 ਤੱਕ ਖੇਡਾਂ ਜਾਰੀ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ। ਰਾਜਦੀਪ ਸਿੰਘ ਗਿੱਲ ਸਾਬਕਾ ਡੀ. ਜੀ. ਪੀ. ਅਤੇ ਨਰਿੰਦਰਪਾਲ ਸਿੰਘ ਸਿੱਧੂ ਰੂਬੀ ਨੇ ਵੀ ਜਰਖੜ ਖੇਡਾਂ ਦੀ ਚੜ੍ਹਾਈ ਵਿਚ ਲੰਬਾ ਸਾਥ ਨਿਭਾਇਆ ਤੇ ਨਿਭਾ ਰਹੇ ਹਨ। ਖੇਡਾਂ ਸ਼ੁਰੂ ਹੋਣ ਤੋਂ ਲੈ ਕੇ ਵੱਖ-ਵੱਖ ਸਮੇਂ ਕਈ ਔਕੜਾਂ ਵੀ ਆਈਆਂ। ਕਦੇ ਖੇਡ ਮੈਦਾਨਾਂ ਵਿਚ ਕੰਧਾਂ ਕੱਢਣ ਦੀ ਨੌਬਤ, ਕਦੇ ਖਾੜਕੂਆਂ ਦੀਆਂ ਧਮਕੀਆਂ, ਕਦੇ ਖੇਡਾਂ ਬੰਦ ਕਰਨ ਦੀ ਧਮਕੀ, ਕਦੇ ਜ਼ਿੰਦਗੀ ਨੂੰ ਖਤਰਾ, ਕਦੇ ਨੌਕਰੀ ਨੂੰ ਖਤਰਾ, ਕਦੇ ਪੱਤਰਕਾਰੀ ‘ਤੇ ਹਮਲਾ, ਕਦੇ ਰਾਜਸੀ ਆਗੂਆਂ ਦੀ ਦਖਲਅੰਦਾਜ਼ੀ, ਕਦੇ ਝੂਠੇ ਪਰਚੇ, ਕਦੇ ਜਰਖੜ ਹਾਕੀ ਅਕੈਡਮੀ ਦੇ ਖੇਡ ਵਿੰਗ ਬੰਦ ਕਰਨ ਦੀਆਂ ਚਾਲਾਂ, ਕਦੇ ਕਿਸੇ ਨੇ ਬੱਚਿਆਂ ਦੇ ਹੋਸਟਲ ਦਾ ਪਾਣੀ ਬੰਦ ਕੀਤਾ ਪਰ ਦਾਤੇ ਨੇ ਮਿਹਰ ਰੱਖੀ। ਅੱਜ ਦੀ ਘੜੀ ਜਰਖੜ ਖੇਡਾਂ ਦਾ ਬਜਟ ਬਾਰਾਂ ਸੌ ਰੁਪਏ ਤੋਂ 25 ਲੱਖ ਦਾ ਹੋ ਗਿਆ ਹੈ।
ਜਰਖੜ ਹਾਕੀ ਅਕੈਡਮੀ ਉੱਤੇ ਹਰ ਸਾਲ ਪੰਦਰਾਂ ਤੋਂ ਵੀਹ ਲੱਖ ਰੁਪਏ ਖਰਚਾ ਆਉਂਦਾ ਹੈ। ਜਰਖੜ ਵਿਖੇ ਖੇਡਾਂ ਦਾ ਜੱਗ ਓਸੇ ਤਰ੍ਹਾਂ ਚੱਲਦਾ ਹੈ, ਜਦ ਕਿ ਵਿਰੋਧ ਕਰਨ ਵਾਲਿਆਂ ਦੀਆਂ ਚਾਲਾਂ ਹੀ ਪੱਲੇ ਰਹਿ ਗਈਆਂ ਹਨ। ਜਰਖੜ ਹਾਕੀ ਅਕੈਡਮੀ ਦੇ 200 ਸੌ ਦੇ ਕਰੀਬ ਬੱਚੇ ਸਕੂਲਜ਼ ਨੈਸ਼ਨਲ ਅਤੇ ਆਲ ਇੰਡੀਆ ਇੰਟਰਵਰਸਿਟੀ ਪੱਧਰ ‘ਤੇ ਖੇਡੇ, ਜਿਨ੍ਹਾਂ ‘ਚੋਂ 33 ਬੱਚਿਆਂ ਨੂੰ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਮਿਲ ਗਈਆਂ ਹਨ। ਕਈ ਖਿਡਾਰੀ ਵਿਦੇਸ਼ਾਂ ਵਿਚ ਸੈਟਲ ਹੋਏ। ਜਰਖੜ ਖੇਡ ਸਟੇਡੀਅਮ, ਜੋ 15 ਸਾਲ ਪਹਿਲਾਂ ਸਿਰਫ ਖੇਡ ਮੈਦਾਨਾਂ ਤੱਕ ਸੀਮਤ ਸੀ, ਅੱਜ ਆਲੀਸ਼ਾਨ ਖੇਡ ਕੰਪਲੈਕਸ ਬਣ ਗਿਆ ਹੈ। ਇਸ ਉਪਰ 6 ਕਰੋੜ ਦੇ ਕਰੀਬ ਖਰਚਾ ਆ ਚੁੱਕੈ। ਸਰਕਾਰੀ ਸਹਾਇਤਾ ਤੋਂ ਇਲਾਵਾ 90 ਪ੍ਰਤੀਸ਼ਤ ਉਸਾਰੀ ਦਾ ਪੈਸਾ ਦੋਸਤਾਂ ਮਿੱਤਰਾਂ ਦੀਆਂ ਜੇਬਾਂ ਵਿਚੋਂ ਲੱਗਿਆ ਹੈ।
ਜਰਖੜ ਖੇਡ ਸਟੇਡੀਅਮ ਦੀ ਪਛਾਣ ਪੰਜਾਬ ਵਿਚ ਹੀ ਨਹੀਂ, ਸਗੋਂ ਨੌਰਥ ਇੰਡੀਆ ਦੇ ਆਲੀਸ਼ਾਨ ਸਟੇਡੀਅਮਾਂ ਵਿਚੋਂ ਇੱਕ ਹੋਣ ਦੀ ਹੈ। ਇਸ ਸਟੇਡੀਅਮ ਕੰਪਲੈਕਸ ਵਿਚ ਇਕੋ ਸਮੇਂ 8 ਖੇਡਾਂ ਹੋ ਸਕਦੀਆਂ ਹਨ, ਜੋ ਜਰਖੜ ਖੇਡਾਂ ਵੇਲੇ ਹੁੰਦੀਆਂ ਵੀ ਹਨ। ਕੰਪਲੈਕਸ ਵਿਚ ਹਾਕੀ ਦਾ ਘਾਹ ਵਾਲਾ ਮੈਦਾਨ, ਵਾਲੀਬਾਲ, ਬਾਸਕਟਬਾਲ, ਹੈਂਡਬਾਲ, ਕਬੱਡੀ, ਕੁਸ਼ਤੀਆਂ ਆਦਿ ਦੇ ਵੱਖਰੇ ਵੱਖਰੇ ਖੇਡ ਮੈਦਾਨ ਬਣੇ ਹੋਏ ਹਨ। ਇਸ ਤੋਂ ਇਲਾਵਾ ਜਰਖੜ ਸਟੇਡੀਅਮ ਵਿਚ ਲੰਡਨ ਓਲੰਪਿਕ ਖੇਡਾਂ-2012 ਦੀ ਤਰਜ ਤੇ 2014 ਵਿਚ ਨੀਲੇ ਰੰਗ ਦੀ ਐਸਟੋਟਰਫ ਲਾਈ ਗਈ ਹੈ। ਫਲੱਡ ਲਾਈਟਸ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਹੈ, ਜਿਸ ਵਿਚ 32 ਰੂਮ ਹਨ। ਜਿੰਮ ਤੋਂ ਇਲਾਵਾ ਹਾਕੀ ਅਕੈਡਮੀ ਦਾ ਦਫਤਰ, ਖਿਡਾਰੀਆਂ ਦੀ ਫੋਟੋ ਗੈਲਰੀ, ਡਰਾਇੰਗ ਰੂਮ, ਦੋ ਗੈਸਟ ਰੂਮ, ਏ. ਸੀ. ਹਾਲ, ਟੀ. ਵੀ. ਰੂਮ ਆਦਿ ਸਾਰੀਆਂ ਸਹੂਲਤਾਂ ਹਨ। ਸਟੇਡੀਅਮ ਤੇ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਦੇਖਦਿਆਂ ਹਾਕੀ ਇੰਡੀਆ ਨੇ 2014 ਵਿਚ ਜਰਖੜ ਹਾਕੀ ਅਕੈਡਮੀ ਨੂੰ ਮਾਨਤਾ ਦਿੱਤੀ ਹੈ। ਇਹ ਕੁਝ ਕਰਨ ਪਿੱਛੇ ਜਗਰੂਪ ਜਰਖੜ ਦਾ ਮੁੱਖ ਰੋਲ ਹੈ, ਜਿਸ ਨੇ ਬੜੀਆਂ ਔਕੜਾਂ ਦਾ ਸਾਹਮਣਾ ਕਰ ਕੇ ਸਟੇਡੀਅਮ ਦੀ ਉਸਾਰੀ ਸਿਰੇ ਲਾਈ ਹੈ।
ਖੇਡ ਸਿਤਾਰਿਆਂ ਦੇ ਬੁੱਤ
ਜਰਖੜ ਖੇਡ ਸਟੇਡੀਅਮ ਪੰਜਾਬ ਦਾ ਹੀ ਨਹੀਂ, ਭਾਰਤ ਦਾ ਪਹਿਲਾ ਸਟੇਡੀਅਮ ਹੈ, ਜਿਥੇ ਕਿਸੇ ਮਹਾਨ ਖਿਡਾਰੀ ਦਾ ਜਿਊਂਦੇ ਜੀਅ ਬੁੱਤ ਲੱਗਾ ਹੈ। ਉਹ ਹੈ, ਉੱਡਣਾ ਸਿੱਖ ਮਿਲਖਾ ਸਿੰਘ। ਉਸ ਦੇ ਨਾਲ ਹੀ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਆਦਮਕੱਦ ਬੁੱਤ ਲੱਗਾ ਹੈ। ਇਨ੍ਹਾਂ ਦੋਹਾਂ ਬੁੱਤਾ ਦਾ ਨਿਰਮਾਣ 2014 ਵਿਚ ਕੀਤਾ ਗਿਆ। ਮਿਲਖਾ ਸਿੰਘ ਖੁਦ ਆਪਣੇ 14 ਫੁੱਟੇ ਬੁੱਤ ਦਾ ਉਦਘਾਟਨ ਕਰਨ ਲਈ ਜਰਖੜ ਆਏ। ਧਿਆਨ ਚੰਦ ਦੇ ਬੇਟੇ ਓਲੰਪੀਅਨ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਜਰਖੜ ਆ ਕੇ ਧਿਆਨ ਚੰਦ ਦੇ ਬੁੱਤ ਨੂੰ ਸਿਜਦਾ ਕੀਤਾ। ਇਨ੍ਹਾਂ ਤੋਂ ਇਲਾਵਾ ਸਟੇਡੀਅਮ ਵਿਖੇ ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ, ਓਲੰਪੀਅਨ ਸੁਰਜੀਤ ਸਿੰਘ ਰੰਧਾਵਾ, ਚਾਰ ਵਾਰ ਓਲੰਪਿਕ ਖੇਡਣ ਵਾਲੇ ਓਲੰਪੀਅਨ ਊਧਮ ਸਿੰਘ ਅਤੇ ਖੇਡ ਪ੍ਰੋਮੋਟਰ ਅਮਰਜੀਤ ਸਿੰਘ ਗਰੇਵਾਲ ਦੇ ਆਦਮਕੱਦ ਬੁੱਤ ਵੀ ਸਥਾਪਤ ਕੀਤੇ ਹਨ। ਗੋਲਡਨ ਹੈਟ ਟ੍ਰਿਕ ਵਾਲੇ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਦਾ ਵਿਸ਼ੇਸ਼ ਬੁੱਤ ਵੀ ਤਿਆਰੀ ਅਧੀਨ ਹੈ, ਜਿਸ ਦੀ ਜੀਵਨੀ ਦਾ ਨਾਂ ਹੀ ‘ਗੋਲਡਨ ਗੋਲ’ ਹੈ।
ਜਰਖੜ ਖੇਡਾਂ ਦੇ ਮਾਨ ਸਨਮਾਨ
ਜਰਖੜ ਖੇਡਾਂ ਦੇ ਸਮਾਪਤੀ ਸਮਾਰੋਹ ਸਮੇਂ ਹਰ ਸਾਲ ਉੱਘੀਆਂ ਸ਼ਖਸੀਅਤਾਂ ਸਨਮਾਨਿਤ ਕਰਨ ਦੀ ਰਵਾਇਤ ਜਾਰੀ ਹੈ। ਉਨ੍ਹਾਂ ਵਿਚ ਇਕ ਖਿਡਾਰੀ, ਇਕ ਖਿਡਾਰਨ, ਇਕ ਖੇਡ ਪ੍ਰੋਮੋਟਰ ਅਤੇ ਦੋ ਸਮਾਜਸੇਵੀ ਤੇ ਖੇਡ ਸਭਿਆਚਾਰ ਨਾਲ ਸੰਬੰਧਤ ਸ਼ਖਸੀਅਤਾਂ ਦਾ ਮਾਨ ਸਨਮਾਨ ਹੁੰਦਾ ਹੈ। ਉਨ੍ਹਾਂ ਨੂੰ ਖੁੱਲ੍ਹੀਆਂ ਜੀਪਾਂ ‘ਚ ਚੜ੍ਹਾ ਕੇ ਸਟੇਡੀਅਮ ਦਾ ਗੇੜਾ ਦੁਆਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਵੱਖ ਵੱਖ ਨਾਂਵਾਂ ‘ਤੇ ਰੱਖੇ ਐਵਾਰਡ ਦੇਣ ਸਮੇਂ ਉਨ੍ਹਾਂ ਦੇ ਸਨਮਾਨ ਪੱਤਰ ਪੜ੍ਹੇ ਜਾਂਦੇ ਹਨ। ਕੁਝ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਸਨਮਾਨਾਂ ਵਿਚ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਓਲੰਪੀਅਨ, ਅੰਤਰਰਾਸ਼ਟਰੀ ਖਿਡਾਰਨਾਂ, ਖੇਡ ਪ੍ਰੋਮੋਟਰ ਅਤੇ ਉੱਘੀਆਂ ਸਮਾਜਸੇਵੀ ਅਤੇ ਸਭਿਆਚਾਰਕ ਸ਼ਖਸੀਅਤਾਂ ਦਾ ਸਨਮਾਨ ਹੋ ਚੁਕਾ ਹੈ। ਉਨ੍ਹਾਂ ਵਿਚ ਸਤਿਗੁਰੂ ਉਦੈ ਸਿੰਘ ਨਾਮਧਾਰੀ, ਵਿਸ਼ਵ ਕੱਪ ਹਾਕੀ 1975 ਦੇ ਜੇਤੂ ਕਪਤਾਨ ਅਜੀਤਪਾਲ ਸਿੰਘ, ਪਦਮਸ਼੍ਰੀ ਪਰਗਟ ਸਿੰਘ, ਪੰਜਾਬੀ ਦੇ ਸਿਰਮੌਰ ਖੇਡ ਲੇਖਕ ਪ੍ਰਿੰ. ਸਰਵਣ ਸਿੰਘ, ਹਾਕੀ ਕਪਤਾਨ ਸਰਦਾਰਾ ਸਿੰਘ, ਗਾਇਕ ਹਰਭਜਨ ਮਾਨ, ਕਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਮਨਦੀਪ ਕੌਰ, ਫਿਲਮ ‘ਚਾਰ ਸਾਹਿਬਜ਼ਾਦੇ’ ਦੀ ਪੂਰੀ ਟੀਮ ਨਾਲ ਸ੍ਰੀ ਹੈਰੀ ਬਵੇਜਾ ਆਦਿ ਦਾ ਹੋਰਨਾਂ ਸ਼ਖਸੀਅਤਾਂ ਸਮੇਤ ਮਾਨ ਸਨਮਾਨ ਕੀਤਾ ਜਾ ਚੁਕਾ ਹੈ। ਪੇਸ਼ ਹਨ, ਜਗਰੂਪ ਜਰਖੜ ਦੀ ਪੱਤਰਕਾਰੀ ਦੇ ਕੁਝ ਨਮੂਨੇ:
ਹਾਕੀ ਟੀਮ ‘ਚ ਸਿੱਖ ਖਿਡਾਰੀ ਹੀ ਕਿਉਂ?
ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਹਾਕੀ ਖੇਡਣ ਦੀ ਚਿਣਗ ਫੌਜੀ ਛਾਉਣੀਆਂ ਤੋਂ ਲੱਗੀ। ਵਿਸ਼ੇਸ਼ ਕਰ ਕੇ ਜਲੰਧਰ ਛਾਉਣੀ ਤੋਂ, ਜਿਸ ਨੇੜਲਾ ਪਿੰਡ ਸੰਸਾਰਪੁਰ ਹਾਕੀ ਦਾ ਗੜ੍ਹ ਹੀ ਬਣ ਗਿਆ। ਇਕ ਵਾਰ ਭਾਰਤੀ ਹਾਕੀ ਟੀਮ ਵਿਚ ਅੱਧੇ ਖਿਡਾਰੀ ਸੰਸਾਰਪੁਰੀਏ ਚੁਣੇ ਗਏ। ਸਿੱਖ ਦਾ ਭਾਰਤੀ ਹਾਕੀ ਟੀਮਾਂ ਵਿਚ ਹਮੇਸ਼ਾ ਦਬਦਬਾ ਰਿਹਾ, ਜੋ ਹਿੰਦ ਦੇ ਕਈ ਹੁਕਮਰਾਨਾਂ ਨੂੰ ਚੁੱਭਦਾ ਵੀ ਰਿਹਾ। ਇਸੇ ਕਰਕੇ ਕਈ ਵਾਰ ਸਿੱਖ ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ਦੀ ਚੋਣ ਮੌਕੇ ਬੇਇਨਸਾਫੀ ਦਾ ਸ਼ਿਕਾਰ ਹੋਣਾ ਪਿਆ। ਗੱਲ ਅਪਰੈਲ 2006 ਦੀ ਐ, ਜਦੋਂ ਬੀ. ਐਸ. ਐਫ. ਦੇ ਸਾਬਕਾ ਮੁਖੀ ਸ੍ਰੀ ਅਸ਼ਵਨੀ ਕੁਮਾਰ ਨੇ ਨਵੀਂ ਦਿੱਲੀ ਵਿਖੇ 10 ਸਿੱਖ ਓਲੰਪੀਅਨ ਖਿਡਾਰੀਆਂ ਦੇ ਸਨਮਾਨ ਸਮਰੋਹ ਵਿਚ ਬੋਲਦਿਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਸੁਣਾਈ।
ਅਸ਼ਵਨੀ ਕੁਮਾਰ ਉੱਚ ਪੁਲੀਸ ਅਧਿਕਾਰੀ ਹੋਣ ਨਾਲ 1954 ਤੋਂ 1974 ਤੱਕ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਉਹ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦੇ ਦੱਸਣ ਲੱਗੇ, “1974 ਵਿਚ ਜਦੋਂ ਮੈਂ ਬਾਰਡਰ ਸਿਕਿਓਰਿਟੀ ਫੋਰਸ ਦਾ ਇੰਸਪੈਕਟਰ ਜਨਰਲ ਸੀ, ਮੈਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਫੋਨ ਆਇਆ ਕਿ ਸ੍ਰੀਮਤੀ ਇੰਦਰਾ ਗਾਂਧੀ ਤੁਹਾਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਉਸ ਵੇਲੇ ਮੈਂ ਗੁਲਮਰਗ ਨੇੜੇ ਕਸ਼ਮੀਰ ਦੀਆਂ ਸਰਹੱਦੀ ਚੌਕੀਆਂ ਦਾ ਮੁਆਇਨਾ ਕਰ ਰਿਹਾ ਸਾਂ। ਮੈਂ ਹੈਰਾਨ ਹੋਇਆ ਕਿ ਐਸੀ ਕਿਹੜੀ ਐਮਰਜੈਂਸੀ ਆ ਪਈ, ਜੋ ਮੈਨੂੰ ਤੁਰੰਤ ਬੁਲਾਇਐ? ਹੈਲੀਕੌਪਟਰ ਨੇ ਮੈਨੂੰ ਗੁਲਮਰਗ ਤੋਂ ਸ੍ਰੀਨਗਰ ਪਹੁੰਚਾਇਆ। ਫੇਰ ਮੈਂ ਇੰਡੀਅਨ ਏਅਰਲਾਈਨਜ਼ ਦੀ ਉਡਾਣ `ਤੇ ਦਿੱਲੀ ਪਹੁੰਚਿਆ। ਪੇਸ਼ ਹੋਇਆ ਤਾਂ ਪ੍ਰਧਾਨ ਮੰਤਰੀ ਜੀ ਨੇ ਕਿਹਾ, ਸਿੱਖਿਆ ਮੰਤਰੀ ਐੱਸ. ਨੂਰੁਲ ਹਸਨ ਨੇ ਹਾਲ ਵਿਚ ਹੀ ਮੈਨੂੰ ਦੱਸਿਆ ਕਿ ਤੁਸੀਂ ਸਿੱਖ ਖਿਡਾਰੀਆਂ ਨੂੰ ਹੀ ਭਾਰਤੀ ਹਾਕੀ ਟੀਮਾਂ ਵਿਚ ਰੱਖਦੇ ਹੋ, ਬਾਕੀਆਂ ਨੂੰ ਨਹੀਂ। ਅਜਿਹਾ ਕਿਉਂ? ਮੈਂ ਸਪੱਸ਼ਟੀਕਰਨ ਦਿੱਤਾ, ਪਰ ਪ੍ਰੇਸ਼ਾਨ ਬਹੁਤ ਹੋਇਆ। ਮੈਂ ਗੈਸਟ ਹਾਊਸ ਆਇਆ ਅਤੇ ਇੰਡੀਆ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਲਿਖ ਕੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੂੰ ਭੇਜ ਦਿੱਤਾ। ਮੈਂ ਸਿੱਖ ਖਿਡਾਰੀਆਂ ਦੇ ਹਾਕੀ ਹੁਨਰ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦਾ। ਭਾਰਤੀ ਹਾਕੀ ਵਿਚ ਸਿੱਖਾਂ ਦਾ ਹਮੇਸ਼ਾ ਵੱਡਾ ਯੋਗਦਾਨ ਰਿਹੈ ਅਤੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਰਿਹਾ ਹਾਂ।”
ਸਿੱਖ ਖਿਡਾਰੀਆਂ ਦੀ ਹਾਕੀ ਦੀ ਖੇਡ ਪ੍ਰਤੀ ਲਗਨ, ਵਚਨਬੱਧਤਾ, ਸੁਹਿਰਦਤਾ ਅਤੇ ਸਖਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਸਿੱਖਾਂ ਦਾ ਯੋਗਦਾਨ ਸਿਰਫ ਭਾਰਤ ਦੀਆਂ ਹਾਕੀ ਟੀਮਾਂ ਨੂੰ ਹੀ ਨਹੀਂ, ਸਗੋਂ ਕੀਨੀਆ, ਯੂਗਾਂਡਾ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਇੰਗਲੈਂਡ, ਕਨੇਡਾ ਤੇ ਅਮਰੀਕਾ ਆਦਿ ਮੁਲਕਾਂ ਦੀਆਂ ਹਾਕੀ ਟੀਮਾਂ ਨੂੰ ਵੀ ਹੈ। ਬਾਰਸੀਲੋਨਾ ਓਲੰਪਿਕ 1992 ਦੌਰਾਨ ਮੈਂ ਐੱਫ. ਆਈ. ਐੱਚ. ਦੇ ਪ੍ਰਧਾਨ ਏ. ਟੀ. ਐੱਨ. ਗਲੀਚਿਚ ਨੂੰ ਮਿਲਿਆ। ਉਨ੍ਹਾਂ ਮੈਨੂੰ ਕੁਝ ਸਾਬਕਾ ਭਾਰਤੀ ਖਿਡਾਰੀਆਂ ਖਾਸ ਕਰਕੇ ਸਿੱਖ ਖਿਡਾਰੀਆਂ ਦੇ ਹਾਲ ਚਾਲ ਬਾਰੇ ਪੁੱਛਿਆ, ਜਿਨ੍ਹਾਂ ਨਾਲ ਉਸ ਨੇ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਸਨ। ਉਸ ਨੇ ਉਚੇਚੇ ਤੌਰ ‘ਤੇ ਬਲਬੀਰ ਸਿੰਘ, ਊਧਮ ਸਿੰਘ, ਧਰਮ ਸਿੰਘ, ਗੁਰਦੇਵ ਸਿੰਘ, ਪ੍ਰਿਥੀਪਾਲ ਸਿੰਘ ਅਤੇ ਹੋਰ ਸਿੱਖ ਖਿਡਾਰੀਆਂ ਨੂੰ ਯਾਦ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਪੈਨਲਟੀ ਕਾਰਨਰ ਦੇ ਕਿੰਗ ਪ੍ਰਿਥੀਪਾਲ ਸਿੰਘ ਦੀ 1983 ਵਿਚ ਹੋਈ ਹੱਤਿਆ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਭਰੇ ਮਨ ਨਾਲ ਕਿਹਾ, ਉਹ ਇਕ ਮਹਾਨ ਖਿਡਾਰੀ ਸੀ! ਬ੍ਰਿਟਿਸ਼ ਸਾਮਰਾਜ ਸਮੇਂ ਸਿੱਖ ਫੌਜੀ ਜਦੋਂ ਦੁਨੀਆਂ ਦੇ ਕਿਸੇ ਮੁਲਕ ਵਿਚ ਜਾਂਦੇ ਸਨ ਤਾਂ ਆਪਣੀ ਹਾਕੀ ਸਟਿੱਕ ਨਾਲ ਲੈ ਜਾਂਦੇ ਸਨ। ਅਸ਼ਵਨੀ ਕੁਮਾਰ ਦੇ ਅੰਤਲੇ ਬੋਲ ਸਨ ਕਿ ਕਿਵੇਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਵੇਲੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ।
ਸ੍ਰੀ ਅਸ਼ਵਨੀ ਕੁਮਾਰ ਦੇ ਪ੍ਰਧਾਨਗੀ ਤੋਂ ਹਟਣ ਬਾਅਦ ਵਾਕਿਆ ਹੀ ਭਾਰਤੀ ਹਾਕੀ ਟੀਮਾਂ ਵਿਚ ਸਿੱਖ ਖਿਡਾਰੀਆਂ ਨਾਲ ਬੇਇਨਸਾਫੀ ਦਾ ਦੌਰ ਸ਼ੁਰੂ ਹੋ ਗਿਆ। ਵਿਸ਼ਵ ਹਾਕੀ ਕੱਪ 1978 ਵੇਲੇ ਜਦੋਂ ਭਾਰਤੀ ਹਾਕੀ ਦੇ ਕੁਝ ਉੱਚ ਅਧਿਕਾਰੀਆਂ ਨੇ ਸਿੱਖ ਖਿਡਾਰੀਆਂ ਅਤੇ ਸਿੱਖਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਤਾਂ ਉਸ ਵੇਲੇ ਦੇ ਨਾਮੀ ਖਿਡਾਰੀ ਸੁਰਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਤੇ ਵਰਿੰਦਰ ਸਿੰਘ ਕੋਚਿੰਗ ਕੈਂਪ ਵਿਚਾਲੇ ਛੱਡ ਕੇ ਟੀਮ ਤੋਂ ਬਾਹਰ ਆ ਗਏ ਸਨ। ਫਿਰ ਵਿਸ਼ਵ ਕੱਪ 1978 ਵਿਚ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ, ਉਹ ਦੁਨੀਆਂ ਨੂੰ ਪਤਾ ਹੀ ਹੈ। ਉਸ ਵਕਤ 1975 ਦਾ ਵਿਸ਼ਵ ਚੈਂਪੀਅਨ ਭਾਰਤ ਛੇਵੇਂ ਨੰਬਰ ‘ਤੇ ਆਇਆ। ਉਸ ਤੋਂ ਬਾਅਦ 1982 ਦੀਆਂ ਏਸ਼ੀਅਨ ਖੇਡਾਂ ਮੌਕੇ ਵੀ ਕਪਤਾਨ ਸੁਰਜੀਤ ਸਿੰਘ ਰੰਧਾਵਾ ਤੇ ਸੁਰਿੰਦਰ ਸਿੰਘ ਸੋਢੀ ਨੂੰ ਐਨ ਮੌਕੇ ‘ਤੇ ਟੀਮ ਤੋਂ ਬਾਹਰ ਕੀਤਾ ਅਤੇ ਪ੍ਰਿਥੀਪਾਲ ਸਿੰਘ ਜਿਹੇ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ‘ਤੇ ਸੱਦਣਾ ਵੀ ਵਾਜਬ ਨਾ ਸਮਝਿਆ। ਫਿਰ ਫਾਈਨਲ ਮੈਚ ਵਿਚ ਪਾਕਿਸਤਾਨੀ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਅੱਖਾਂ ਸਾਹਮਣੇ ਭਾਰਤੀ ਹਾਕੀ ਟੀਮ ਨੂੰ 7-1 ਗੋਲਾਂ ਦੀ ਜੋ ਧੂੜ ਚਟਾਈ, ਉਹ ਸਦਮਾ ਅਜੇ ਵੀ ਭਾਰਤ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਨੂੰ ਨਹੀਂ ਭੁੱਲਿਆ।
ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ
ਅਜੇ ਤਾਂ ਸਰਦਾਰ ਵੱਲਭ ਭਾਈ ਪਟੇਲ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਦਾ ਨਾਂ ਹੀ ਬਦਲਿਆ ਹੈ, ਆਗੇ ਆਗੇ ਦੇਖੀਏ ਹੋਤਾ ਹੈ ਕਿਆ? ਏਅਰ ਪੋਰਟ, ਸਟੇਡੀਅਮ ਤੇ ਸ਼ਹਿਰਾਂ ਦੇ ਨਾਂ ਬਦਲਦੇ, ਕਿਤੇ ਦੇਸ਼ ਦਾ ਨਾਂ ਹੀ ਨਾ ਬਦਲ ਦੇਣ! ਹਿੰਦੋਸਤਾਨ ਦਾ ਨਾਂ ਮੋਦੀਸਤਾਨ ਹੀ ਨਾ ਰੱਖ ਦੇਣ! ਸੁਤੰਤਰਤਾ ਸੰਗਰਾਮੀ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ। ਉਨ੍ਹਾਂ ਨੇ 562 ਰਿਆਸਤਾਂ ਨੂੰ ਭਾਰਤ ਨਾਲ ਜੋੜਿਆ। ਉਹ ਦੇਸ਼ ਦੇ ਹਰਮਨ ਪਿਆਰੇ ਨੇਤਾ ਸਨ। ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦਾ ਮਟੌਰਾ ਕ੍ਰਿਕਟ ਸਟੇਡੀਅਮ, ਜੋ 1983 ਵਿਚ ਬਣਿਆ ਤੇ ਜਿਸ ਦਾ ਨਾਮ ਸਰਦਾਰ ਵੱਲਭ ਭਾਈ ਪਟੇਲ ਦੇ ਨਾਮ ‘ਤੇ ਰੱਖਿਆ ਗਿਆ, ਉਹ ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮਾਂ ਵਿਚੋਂ ਇਕ ਹੈ। ਉਸ ਉੱਤੇ ਕਰੋੜਾਂ ਰੁਪਏ ਖਰਚੇ ਗਏ। ਇਸ ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਇਕ ਲੱਖ ਤੀਹ ਹਜ਼ਾਰ ਹੈ। ਬੀਤੇ ਦਿਨੀਂ ਦੇਸ਼ ਦਾ ਇਕ ਪ੍ਰਮੁੱਖ ਟੀ. ਵੀ. ਚੈਨਲ 11:36 ਮਿੰਟ ‘ਤੇ ਖਬਰ ਦਿੰਦਾ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਦੇਸ਼ ਦੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਕਰਨਗੇ, ਪਰ ਉਹੀ ਚੈਨਲ 92 ਮਿੰਟ ਬਾਅਦ ਯਾਨਿ ਦੁਪਹਿਰ 1:08 ਮਿੰਟ ‘ਤੇ ਖਬਰ ਬਦਲਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਕੋਵਿੰਦ ਰਾਮ ਕਰਨਗੇ। ਸ਼ਾਨਦਾਰ ਸਮਾਗਮ ਵਿਚ ਭਾਵੇਂ ਰਾਸ਼ਟਰਪਤੀ ਕੋਵਿੰਦ ਰਾਮ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦਾ ਕ੍ਰਿਕਟ ਕਿੰਗ ਬੇਟਾ ਜੈ ਸ਼ਾਹ, ਗਵਰਨਰ ਗੁਜਰਾਤ, ਗੁਜਰਾਤ ਦਾ ਖੇਡ ਮੰਤਰੀ ਅਤੇ ਹੋਰ ਵੱਡੀਆਂ ਸ਼ਖਸੀਅਤਾਂ ਪੁੱਜੀਆਂ, ਪਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਇਸ ਸਮਾਗਮ ਵਿਚ ਬੁਲਾਉਣਾ ਉਚਿਤ ਨਾ ਸਮਝਿਆ ਗਿਆ। ਆਏ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫਾਂ ਦੇ ਉਹ ਪੁਲ ਬੰਨ੍ਹੇ ਕਿ ਰਹੇ ਰੱਬ ਦਾ ਨਾਂ! ਕੋਈ ਦੱਸੇ ਭਲਾ ਕ੍ਰਿਕਟ ਦੀ ਖੇਡ ਜਾਂ ਹੋਰਨਾਂ ਖੇਡਾਂ ਨੂੰ ਉਨ੍ਹਾਂ ਦੀ ਦੇਣ ਕੀ ਹੈ?
ਕੇਵਲ ਕ੍ਰਿਕਟ ਸਟੇਡੀਅਮ ਦਾ ਨਾਂ ਹੀ ਨਰਿੰਦਰ ਮੋਦੀ ਦੇ ਨਾਮ ਨਹੀਂ ਕੀਤਾ, ਸਗੋਂ ਸਟੇਡੀਅਮ ਦਾ ਇਕ ਬਲਾਕ ਰਿਲਾਇੰਸ ਕੰਪਨੀ ਦੇ ਨਾਮ ਲਾਇਆ ਗਿਆ। ਇਕ ਹੋਰ ਬਲਾਕ ਦਾ ਨਾਮ ਅਡਾਨੀ ਦੇ ਨਾਮ ‘ਤੇ ਰੱਖਿਆ ਗਿਆ। ਗੁਜਰਾਤ ਦਾ ਅੰਤਰਰਾਸ਼ਟਰੀ ਏਅਰਪੋਰਟ, ਜੋ ਵੱਲਭ ਭਾਈ ਪਟੇਲ ਦੇ ਨਾਮ ‘ਤੇ ਸੀ, ਉਸ ਦਾ ਨਾਮ ਬਦਲ ਕੇ ਵੀ ਅਡਾਨੀ ਏਅਰਪੋਰਟ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ 3000 ਕਰੋੜ ਦੀ ਲਾਗਤ ਨਾਲ ਸਰਦਾਰ ਪਟੇਲ ਦੀ ਵਿਸ਼ਾਲ ਮੂਰਤੀ ਤਾਂ ਬਣ ਸਕਦੀ ਹੈ, ਪਰ ਸਟੇਡੀਅਮ ਅਤੇ ਏਅਰ ਪੋਰਟ ਦੇ ਨਾਮ ਕਿਉਂ ਬਦਲੇ ਗਏ? 1947 ਦੀ ਦੇਸ਼ ਵੰਡ ਵੇਲੇ ਜਦੋਂ ਸਰਦਾਰ ਪਟੇਲ ਗ੍ਰਹਿ ਮੰਤਰੀ ਸਨ ਤਾਂ ਉਨ੍ਹਾਂ ਨੇ ਆਰ. ਐੱਸ. ਐੱਸ. ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ, ਕਿਉਂਕਿ ਉਹ ਦੇਸ਼ ਵਿਚ ਫਿਰਕੂ ਭਾਵਨਾਵਾਂ ਅਤੇ ਹਿੰਦੂਤਵ ਨੂੰ ਬੜਾਵਾ ਦੇ ਰਹੀ ਸੀ। ਸਰਦਾਰ ਪਟੇਲ ਵਰਗੇ ਨਿੱਡਰ ਲੀਡਰ ਅੱਜ ਦੇ ਚਾਪਲੂਸ ਲੀਡਰਾਂ ਵਰਗੇ ਨਹੀਂ ਸਨ। ਉਨ੍ਹਾਂ ਵਿਚ ਸੱਚ ਨੂੰ ਸੱਚ ਕਹਿਣ ਦੀ ਅਤੇ ਸਹੀ ਫੈਸਲੇ ਲੈਣ ਦੀ ਹਿੰਮਤ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਮਰਨ ਉਪਰੰਤ ਚੁਕਾਉਣੀ ਪੈ ਰਹੀ ਹੈ। ਉਸ ਦੇ ਉਲਟ ਅਜੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਹੁਣ ਤਾਨਾਸ਼ਾਹ ਅਡੌਲਫ ਹਿਟਲਰ ਦੀ ਰੂਹ ਪ੍ਰਵੇਸ਼ ਕਰ ਗਈ ਹੈ। 1933 ਵਿਚ ਹਿਟਲਰ ਨੇ ਵੀ ਸਟੁੱਟਗਾਰਡ ਫੁੱਟਬਾਲ ਸਟੇਡੀਅਮ ਦਾ ਨਾਮ ਬਦਲ ਕੇ ਅਡੌਲਫ ਹਿਟਲਰ ਸਟੇਡੀਅਮ ਰੱਖ ਦਿੱਤਾ ਸੀ।

ਜਗਰੂਪ ਸਿੰਘ ਜਰਖੜ ਦੀ ਜਦੋਜਹਿਦ ਲਗਾਤਾਰ ਜਾਰੀ ਹੈ। ਉਸ ਦੇ ਭਵਿੱਖ ਦਾ ਟੀਚਾ ਇਹੋ ਹੈ ਕਿ ਜ਼ਿੰਦਗੀ ਦੇ ਜਿੰਨੇ ਸਾਹ ਬਾਕੀ ਹਨ, ਉਹ ਜਰਖੜ ਖੇਡਾਂ, ਮਾਤਾ ਸਾਹਿਬ ਕੌਰ ਸਟੇਡੀਅਮ ਅਤੇ ਖੇਡ ਮੈਦਾਨਾਂ ਤੇ ਖਿਡਾਰੀਆਂ ਨੂੰ ਸਮਰਪਿਤ ਹੋਣਗੇ। ਉਸ ਅੱਗੇ ਜਰਖੜ ਵਿਖੇ ਹਾਕੀ ਦੀ ਵੱਡੀ ਐਸਟਰੋਟਰਫ ਲਗਵਾਉਣ ਦਾ ਟੀਚਾ ਹੈ ਅਤੇ ਜਰਖੜ ਹਾਕੀ ਅਕੈਡਮੀ ‘ਚੋਂ ਹਰ ਵਾਰ ਘੱਟੋ-ਘੱਟ ਦੋ ਓਲੰਪੀਅਨ ਦੇਸ਼ ਨੂੰ ਦੇਣ ਦਾ ਨਿਸ਼ਾਨਾ ਹੈ। ਬਾਕੀ ਰੱਬ ਦੀ ਰਜ਼ਾ ਹੈ ਕਿ ਉਸ ਨੂੰ ਕੀ ਮਨਜ਼ੂਰ ਹੈ? ਜ਼ਿੰਦਗੀ ਦਾ ਜੋ ਤਿਲ ਫੁੱਲ ਹੈ, ਉਹ ਖੇਡਾਂ ਦੇ ਲੇਖੇ ਲਾਈ ਜਾ ਰਿਹੈ। ਇਸੇ ਲਈ ਕਿਹਾ ਜਾਂਦੈ ਕਿ ਉਹ ਜਰਖੜ ਖੇਡਾਂ ਥੰਮ੍ਹ ਹੈ।