ਬੈਚ ਫੁੱਲ ਦਵਾਈ ਐਲਮ: ਜਿ਼ੰਮੇਵਾਰੀ ਦਾ ਭਾਰ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬੈਚ ਫੁੱਲ ਦਵਾਈ ਐਲਮ (ਓਲਮ) ਬੜੇ ਕੰਮ ਦੀ ਦਵਾਈ ਹੈ। ਅਮਰੀਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸਾਂ ਦੀ ਕੰਮ ਕਰਦੀ ਜਨ ਸੰਖਿਆ ਲਈ ਤਾਂ ਇਸ ਦੀ ਬੇਹੱਦ ਲੋੜ ਹੈ। ਸਮਝ ਨਹੀਂ ਆਉਂਦਾ ਕਿ ਚੀਨ, ਜਾਪਾਨ ਤੇ ਰੂਸ ਵਰਗੇ ਸਨਅਤੀ ਦੇਸਾਂ ਦੇ ਕੰਮ ਦੇ ਬੋਝ ਹੇਠ ਦਬੇ ਲੋਕ ਇਸ ਦੀ ਮਦਦ ਤੋਂ ਬਿਨਾ ਕਿਵੇਂ ਗੁਜ਼ਾਰਾ ਕਰਦੇ ਹੋਣਗੇ! ਨਾ ਜਾਣੇ ਬਿਲ ਗੇਟਸ, ਸਟੀਵ ਜਾਬਸ, ਜ਼ੁਕਰਬਰਗ ਜਿਹੇ ਤਕਨਾਲੋਜੀ ਮੋਢੀਆਂ ਨੇ ਆਪਣੇ ਸ਼ੁਰੂਆਤੀ ਤਣਾਓ-ਪੂਰਨ ਪਲਾਂ ਵਿਚ ਇਸ ਤੋਂ ਬਿਨਾ ਕਿਵੇਂ ਸਾਰਿਆ ਹੋਵੇਗਾ!

ਡਾ. ਐਡਵਰਡ ਬੈਚ, ਜਿਸ ਨੇ ਬੈਚ ਫੁੱਲ ਦਵਾਈਆਂ ਦੀ ਖੋਜ ਕੀਤੀ ਹੈ, ਐਲਮ ਬਾਰੇ ਲਿਖਦਾ ਹੈ, “ਜੋ ਲੋਕ ਮਾਨਵਤਾ ਦੇ ਭਲੇ ਲਈ ਚੰਗਾ ਕੰਮ ਕਰ ਰਹੇ ਹੁੰਦੇ ਹਨ, ਆਪਣੇ ਕਿੱਤੇ ਦੀ ਮੰਗ ਨੂੰ ਮੁੱਖ ਰੱਖ ਕੇ ਕਿਸੇ ਮਹਾਨ ਕਾਰਜ ਵਿਚ ਜੁਟੇ ਹੁੰਦੇ ਹਨ ਤਾਂ ਉਨ੍ਹਾਂ ਵਿਚ ਸਮੇਂ ਸਮੇਂ ਤੇ ਉਦਾਸੀ ਦੀ ਭਾਵਨਾ ਆ ਜਾਂਦੀ ਹੈ। ਜਦੋਂ ਉਹ ਮਹਿਸੂਸ ਕਰਨ ਲਗਦੇ ਹਨ ਕਿ ਇਹ ਮਹਾਨ ਕੰਮ ਬੜਾ ਮੁਸ਼ਕਿਲ ਹੈ ਤੇ ਉਨ੍ਹਾਂ ਤੋਂ ਹੋ ਨਹੀਂ ਸਕੇਗਾ ਤਾਂ ਉਹ ਸੋਚਣ ਲਗਦੇ ਹਨ ਕਿ ਸ਼ਾਇਦ ਇਹ ਕਿਸੇ ਲਈ ਵੀ ਕਰਨਾ ਅਸੰਭਵ ਹੈ।” ਉਸ ਅਨੁਸਾਰ ਕੰਮ ਦੇ ਬੋਝ ਹੇਠ ਦਬੇ ਜਿੰ਼ਮੇਦਾਰ ਵਿਅਕਤੀਆਂ ਦੀ ਅਜਿਹੀ ਦਿਲਗੀਰ ਅਵਸਥਾ ਦਾ ਇਲਾਜ ਐਲਮ ਹੈ।
ਇਸੇ ਗੱਲ ਨੂੰ ਸਰਲਤਾ ਨਾਲ ਬਿਆਨ ਕਰਦਿਆਂ ਡਾ. ਸੋਹਨ ਲਾਲ ਤੇ ਮੋਹਨ ਰਾਜ ਲਿਖਦੇ ਹਨ, ‘ਜਦੋਂ ਕਿਸੇ ਜਿ਼ੰਮੇਵਾਰ, ਉਤਸ਼ਾਹੀ ਤੇ ਸਮਰੱਥ ਵਿਅਕਤੀ ਦੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਉਣ ਕਿ ਉਹ ਆਪਣੇ ਕੰਮ ਦੇ ਭਾਰ ਨੂੰ ਦੇਖ ਕੇ ਘਬਰਾ ਜਾਵੇ ਤੇ ਛੋਟੇ ਛੋਟੇ ਕਾਰਨਾਂ ਕਰ ਕੇ ਦਿਲ ਛੱਡ ਜਾਵੇ, ਅਤੇ ਸਮਝੇ ਕਿ ਉਹ ਇਸ ਨੂੰ ਨੇਪਰੇ ਨਹੀਂ ਚਾੜ੍ਹ ਪਾਵੇਗਾ, ਤਾਂ ਐਲਮ ਫੁੱਲ-ਦਵਾਈ ਅਜਿਹੇ ਵਿਅਕਤੀ ਵਿਚ ਉਸ ਕਾਰਜ ਨੂੰ ਸਹੀ ਸਲਾਮਤ ਪੂਰਾ ਕਰਨ ਦੀ ਤਾਕਤ ਪੈਦਾ ਕਰਦੀ ਹੈ।’
ਇਨ੍ਹਾਂ ਵਿਆਖਿਆਵਾਂ ਵਿਚ ਕੁਝ ਗੱਲਾਂ ਸਾਂਝੀਆਂ ਹਨ, ਜੋ ਨੋਟ ਕਰਨ ਵਾਲੀਆਂ ਹਨ। ਸਭ ਤੋਂ ਪਹਿਲਾਂ “ਮਹਾਨ ਕਾਰਜ” ਜਾਂ “ਜਿ਼ੰਮੇਵਾਰੀ” ਵਾਲੇ ਕਾਰਜ ਦੀ ਗੱਲ ਕੀਤੀ ਹੈ, ਜਿਸ ਨੂੰ ਸਮਝਣਾ ਬੜਾ ਜਰੂਰੀ ਹੈ। ਆਪਣੇ ਦਿਨ ਪ੍ਰਤੀ ਦਿਨ ਦੇ ਛੋਟੇ ਮੋਟੇ ਕੰਮ ਤਾਂ ਹਰ ਕੋਈ ਕਰਦਾ ਹੈ। ਕਦੇ ਕਦੇ ਉਹ ਉਨ੍ਹਾਂ ਨੂੰ ਰੱਦ ਕਰਨ ਦਾ ਵਿਚਾਰ ਵੀ ਬਣਾ ਦਿੰਦਾ ਹੈ। ਇਨ੍ਹਾਂ ਨੂੰ ਕਰਨ ਜਾਂ ਨਾ ਕਰਨ ਨਾਲ ਉਸ ਨੂੰ ਜਾਂ ਕਿਸੇ ਹੋਰ ਨੂੰ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਇਨ੍ਹਾਂ ਨੂੰ ਕਰਨ ਲਈ ਕਿਸੇ ਦਾ ਕੁਝ ਵੀ ਦਾਅ `ਤੇ ਨਹੀਂ ਲੱਗਾ ਹੁੰਦਾ। ਇਨ੍ਹਾਂ ਨੂੰ ਨੇਪਰੇ ਚਾੜ੍ਹਨਾ, ਅੱਧਵਾਟੇ ਛੱਡਣਾ ਜਾਂ ਅੱਗੇ ਪਿੱਛੇ ਕਰ ਕੇ ਕਰਨਾ ਉਨ੍ਹਾਂ ਦੀ ਇੱਛਾ ਤੇ ਨਿਰਭਰ ਕਰਦਾ ਹੈ, ਨਾ ਕਿ ਉਨ੍ਹਾਂ ਦੀ ਇੱਛਾ-ਸ਼ਕਤੀ `ਤੇ। ਮਿਸਾਲ ਵਜੋਂ ਜੇ ਕਿਸੇ ਦਾ ਕਿਸੇ ਦਿਨ ਨਹਾਉਣ ਨੂੰ ਦਿਲ ਨਾ ਕਰੇ ਜਾਂ ਉਹ ਲੇਟ ਕੇ ਆਰਾਮ ਕਰਨਾ ਚਾਹੇ ਜਾਂ ਇਕ ਦਿਨ ਹੋਮ-ਵਰਕ ਦੀ ਛੁੱਟੀ ਕਰਨਾ ਚਾਹੇ, ਤਾਂ ਉਹ ਐਲਮ ਦਾ ਮਰੀਜ਼ ਨਹੀਂ ਬਣ ਜਾਂਦਾ। ਇਹ ਗੱਲਾਂ ਉਸ ਦੀ ਇੱਛਾ-ਸ਼ਕਤੀ ਨੂੰ ਨਹੀਂ ਵੰਗਾਰਦੀਆਂ, ਪਰ ਜੇ ਘਰ ਚਲਾਉਣ ਵਿਚ ਮਹਾਨ ਭੂਮਿਕਾ ਨਿਭਾਉਣ ਵਾਲੀ ਕੋਈ ਤ੍ਰੀਮਤ ਸੋਚੇ ਕਿ ਉਸ ਨੂੰ ਵੀਹ ਸਾਲ ਹੋ ਗਏ ਰੋਟੀਆਂ ਪਕਾਉਂਦੀ ਨੂੰ ਅਜੇ ਇਸ ਕੰਮ ਦਾ ਅੰਤ ਦਿਖਾਈ ਨਹੀਂ ਦਿੰਦਾ। ਉਹ ਦਿਲ ਛੱਡ ਜਾਵੇ ਕਿ ਇੰਨਾ ਭਾਰਾ ਲਗਾਤਾਰ ਕੰਮ ਕਰਦੇ ਰਹਿਣਾ ਉਸ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਉਹ ਨਿਰਾਸ਼ ਹੋ ਕੇ ਮੰਜੇ `ਤੇ ਪੈ ਜਾਵੇ ਤੇ ਉਸ ਦਾ ਟੱਬਰ ਭੁੱਖਾ ਬੈਠੇ। ਇਸ ਭਾਰ ਦੀ ਮਾਰੀ ਤ੍ਰੀਮਤ ਨੂੰ ਐਲਮ ਦੀ ਤੁਰੰਤ ਲੋੜ ਹੈ। ਇਸੇ ਤਰ੍ਹਾਂ ਜੇ ਕੋਈ ਘਰ ਬਾਰੀ ਮਨੁੱਖ ਕਬੀਲਦਾਰੀ ਦੇ ਬੋਝ ਕਾਰਨ ਬਣਵਾਸ ਜਾਣ ਜਾਂ ਆਤਮਘਾਤ ਕਰਨ ਦੀ ਗੱਲ ਸੋਚੇ ਤਾਂ ਸਮਝੋ ਉਹ ਐਲਮ ਦਾ ਮਰੀਜ਼ ਹੈ ਤੇ ਇਹ ਫੁੱਲ ਦਵਾਈ ਉਸ ਨੂੰ ਤੁਰੰਤ ਦੇਣੀ ਬਣਦੀ ਹੈ।
ਇਤਿਹਾਸ ਵਿਚ ਐਸੇ ਮੌਕੇ ਵੀ ਆਏ ਹਨ, ਜਦੋਂ ਇਹ ਦਵਾਈ ਦੇਸਾਂ ਦੇ ਨਕਸ਼ੇ ਅਤੇ ਤਾਰੀਖਾਂ ਬਦਲ ਸਕਦੀ ਸੀ। ਸਿਕੰਦਰ ਮਹਾਨ ਯੂਨਾਨ ਤੋਂ ਸੰਸਾਰ ਜਿੱਤਣ ਦਾ ਸੁਪਨਾ ਲੈ ਕੇ ਚੱਲਿਆ। ਪੱਛਮੀ ਏਸ਼ੀਆ ਦਾ ਵੱਡਾ ਭਾਗ ਆਸਾਨੀ ਨਾਲ ਫਤਹਿ ਕਰਨ ਤੋਂ ਬਾਅਦ ਉਸ ਨੇ ਭਾਰਤਵਰਸ਼ ਦੀ ਸਰਹੱਦ `ਤੇ ਪੈਰ ਧਰਿਆ। ਰਾਜਾ ਪੋਰਸ ਨਾਲ ਲੜ ਕੇ ਉਸ ਨੂੰ ਪਤਾ ਲੱਗ ਗਿਆ ਕਿ ਅਗਲੀ ਮੁਹਿੰਮ ਔਖੀ ਹੈ। ਮਗ੍ਹਧ ਦੇ ਨੰਦ ਸ਼ਾਮਰਾਜ ਦੀ ਤਾਕਤ ਨਾਲ ਲੋਹਾ ਲੈਣ ਬਾਰੇ ਸੋਚ ਕੇ ਤਾਂ ਉਸ ਦੇ ਹੌਸਲੇ ਨੂੰ ਤ੍ਰੇਲੀਆਂ ਆਉਣ ਲੱਗੀਆਂ। ਆਪਣਾ ਪ੍ਰਯੋਜਨ ਵਿਚੇ ਛੱਡ ਕੇ ਉਹ ਬਿਆਸ ਨਦੀ ਤੋਂ ਹੀ ਪਿੱਛੇ ਮੁੜ ਗਿਆ। ਸੂਰਬੀਰ ਹੁੰਦਾ ਹੋਇਆ ਵੀ ਉਹ ਦਿਲਗੀਰ ਹੋਣੋਂ ਨਾ ਬਚ ਸਕਿਆ। ਜੇ ਉਸ ਵੇਲੇ ਬੈਚ ਫੁੱਲ-ਦਵਾਈਆਂ ਦਾ ਗਿਆਨ ਹੁੰਦਾ ਤੇ ਉਸ ਨੇ ਐਲਮ ਦਵਾਈ ਲੈ ਲਈ ਹੁੰਦੀ ਤਾਂ ਉਸ ਦਾ ਦਿਲ ਮੁੜ ਕਾਇਮ ਹੋ ਜਾਣਾ ਸੀ। ਫਿਰ ਨਾ ਉਹ ਵਾਪਸ ਮੁੜਦਾ, ਨਾ ਉਸ ਨੂੰ ਮਲੇਰੀਆ ਹੁੰਦਾ ਤੇ ਨਾ ਉਹ ਮਰਦਾ। ਫਿਰ ਉਹ ਦੂਜੇ ਦੇਸਾਂ ਵਾਂਗ ਭਾਰਤ ਨੂੰ ਵੀ ਜਿੱਤਦਾ, ਇਸ `ਤੇ ਰਾਜ ਕਰਦਾ। ਉਸ ਦੇ ਲੰਮੇ ਰਾਜ ਵਿਚ ਸ਼ਾਇਦ ਯੂਨਾਨੀ ਤੇ ਵੈਦਿਕ ਸਭਿਅਤਾਵਾਂ ਦੇ ਸੁਮੇਲ ਨਾਲ ਇਕ ਨਵੀਂ ਜੁਝਾਰੂ ਸਭਿਅਤਾ ਜਨਮ ਲੈਂਦੀ, ਜੋ ਮੱਧ-ਕਾਲੀ ਵਿਦੇਸ਼ੀ ਧਾੜਵੀਆਂ ਦੇ ਮੂੰਹ ਮੋੜਦੀ। ਫਿਰ ਸ਼ਾਇਦ ਭਾਰਤ ਦੀਆਂ ਹੱਦਾਂ ਵੀ ਕੁਝ ਹੋਰ ਮੋਕਲੀਆਂ ਹੁੰਦੀਆਂ। ਫਿਰ ਸ਼ਾਇਦ ਅਜਿਹਾ ਹੋਰ ਬੜਾ ਕੁਝ ਹੁੰਦਾ ਅਤੇ ਜੋ ਕੁਝ ਅੱਜ ਹੋ ਰਿਹਾ ਹੈ, ਸ਼ਾਇਦ ਉਹ ਨਾ ਹੁੰਦਾ।
ਕ੍ਰਿਸਟੋਫਰ ਕੋਲੰਬਸ ਨੇ ਸੁਣਿਆ ਸੀ ਕਿ ਦੁਨੀਆਂ ਗੋਲ ਹੈ, ਇਸ ਲਈ ਉਹ ਸਮਝਣ ਲੱਗਾ ਕਿ ਸੋਨੇ ਦੀ ਚਿੜੀਆ ਭਾਰਤ ਵਿਚ ਪੱਛਮ ਵਲੋਂ ਐਟਲਾਂਟਿਕ ਸਾਗਰ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ। ਸਪੇਨ ਦੇ ਸ਼ਾਹੀ ਦੰਪਤੀ ਫਰਡੀਨੈਂਡ ਦੂਜੇ ਤੇ ਮਹਾਰਾਣੀ ਇਜ਼ਾਬੈਲਾ ਤੋਂ ਵਿੱਤੀ ਮਦਦ ਲੈ ਕੇ ਉਹ ਇਕ ਸਮੁੰਦਰੀ ਬੇੜੇ ਵਿਚ ਸਵਾਰ ਹੋ ਕੇ ਪੱਛਮ ਵਾਲੇ ਪਾਸੇ ਤੋਂ ਭਾਰਤ ਦਾ ਨਵਾਂ ਰਾਹ ਲੱਭਣ ਲਈ ਰਵਾਨਾ ਹੋਇਆ। ਉਸ ਦੇ ਬੇੜੇ ਵਿਚ ਕਈ ਮਲਾਹ, ਕਈ ਸਹਾਇਕ ਤੇ ਕਈ ਗੁਲਾਮ ਸ਼ਾਮਲ ਸਨ, ਜੋ ਉਹ ਰਾਜੇ ਤੋਂ ਨਾਲ ਲੈ ਕੇ ਚਲਿਆ ਸੀ। ਕੁਝ ਦਿਨਾਂ ਦੇ ਸਫਰ ਤੋਂ ਬਾਅਦ ਇਨ੍ਹਾਂ ਵਿਚੋਂ ਕਈਆਂ ਦੇ ਦਿਲ ਢਹਿਣੇ ਸ਼ੁਰੂ ਹੋ ਗਏ। ਉਹ ਸਮਝਣ ਲੱਗੇ ਕਿ ਕੋਲੰਬਸ ਦਾ ਮਿਸ਼ਨ ਬੇਹੁਦਾ ਹੈ, ਜਿਸ ਦਾ ਕੋਈ ਸਿੱਟਾ ਨਹੀਂ ਨਿਕਲੇਗਾ। ਐਟਲਾਂਟਿਕ ਸਾਗਰ ਪਾਰ ਕਰਦੇ ਹੀ ਧਰਤੀ ਦਾ ਕੰਢਾ ਆ ਜਾਵੇਗਾ ਤੇ ਉਹ ਇਸ ਤੋਂ ਹੇਠ ਡਿਗ ਪੈਣਗੇ। ਇਸ ਲਈ ਉਨ੍ਹਾਂ ਨੇ ਵਾਪਸ ਜਾਣ ਲਈ ਬਗਾਵਤ ਕਰ ਦਿੱਤੀ। ਕੋਲੰਬਸ ਨੇ ਉਨ੍ਹਾਂ ਨੂੰ ਕਈ ਕਿਸਮ ਦੇ ਡਰ, ਡਰਾਬੇ ਤੇ ਦਿਲਾਸੇ ਦੇ ਕੇ ਰੋਕਿਆ। ਉਸ ਵੇਲੇ ਇਨ੍ਹਾਂ ਵਿਦਰੋਹੀ ਮਲਾਹਾਂ ਨੂੰ ਐਲਮ ਦੀ ਲੋੜ ਸੀ। ਜੇ ਉਨ੍ਹਾਂ ਵੇਲਿਆਂ ਵਿਚ ਇਸ ਦਵਾਈ ਦਾ ਪਤਾ ਹੁੰਦਾ ਤੇ ਕੋਲੰਬਸ ਕੋਲ ਇਹ ਉਪਲਭਦ ਹੁੰਦੀ ਤਾਂ ਉਸ ਨੂੰ ਮਲਾਹਾਂ ਦੀ ਵਿਰੋਧਤਾ ਦਾ ਸਾਹਮਣਾ ਨਾ ਕਰਨਾ ਪੈਂਦਾ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜੇ ਉਹ ਖੁਦ ਐਲਮ ਦੇ ਰਿਣਾਤਮਿਕ ਸੰਕੇਤਾਂ ਦਾ ਸ਼ਿਕਾਰ ਹੋ ਗਿਆ ਹੁੰਦਾ ਤਾਂ ਇਸ ਬਿਨਾ ਅਮਰੀਕਾ ਦੀ ਖੋਜ ਕਹਾਣੀ ਹੀ ਕੁਝ ਹੋਰ ਹੁੰਦੀ।
ਮਹਾਂਭਾਰਤ ਦੀ ਜੰਗ ਦਾ ਭਾਵੇਂ ਕੋਈ ਇਤਿਹਾਸ ਨਹੀਂ, ਪਰ ਇਸ ਦੀ ਇਤਿਹਾਸਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਕੁਝ ਵੇਰਵੇ ਤੇ ਕੁਝ ਅਵਸ਼ੇਸ਼ ਇਸ ਦੀ ਇਤਿਹਾਸਕ ਪ੍ਰਮਾਣਿਕਤਾ ਦਾ ਦਮ ਭਰਦੇ ਹਨ। ਇਸ ਪੁਰਾਤਨ ਗਾਥਾ ਵਿਚ ਵੀ ਕਈ ਅਜਿਹੀਆਂ ਪ੍ਰਸਥਿਤੀਆਂ ਦਾ ਵਰਣਨ ਹੈ, ਜਦੋਂ ਫੁੱਲ ਦਵਾਈ ਐਲਮ ਸੌ ਫੀਸਦੀ ਕਾਰਆਮਦ ਹੋ ਸਕਦੀ ਸੀ। ਕਈ ਹਜ਼ਾਰ ਕੌਰਵ ਸੈਨਾ ਦਾ ਹੜ੍ਹ ਦੇਖ ਕੇ ਪਾਂਡੂ ਸੈਨਾ ਦਾ ਜਰਨੈਲ ਅਰਜਨ ਸੋਚਣ ਲੱਗਾ ਕਿ ਉਹ ਲੜ ਨਹੀਂ ਪਾਵੇਗਾ। ਉਹ ਕੌਰਵਾਂ ਦੀ ਸੈਨਾ ਨੂੰ ਲੜ ਕੇ ਹਰਾ ਤਾਂ ਸਕਦਾ ਸੀ, ਪਰ ਉਸ ਸੈਨਾ ਵਿਚ ਉਸ ਦੇ ਆਪਣੇ ਸਕੇ ਸਬੰਧੀ ਬਹੁਤ ਸਨ, ਜਿਨ੍ਹਾਂ ਵਿਰੁਧ ਉਸ ਨੂੰ ਲੜਨਾ ਮੁਸ਼ਕਿਲ ਲਗਦਾ ਸੀ। ਇੰਨੇ ਸਾਰੇ ਮਿੱਤਰ ਪਿਆਰਿਆਂ ਨੂੰ ਮੌਤ ਦੇ ਘਾਟ ਉਤਾਰਨਾ ਉਸ ਲਈ ਭਾਰੀ ਚਣੌਤੀ ਕੰਮ ਸੀ ਤੇ ਉਹ ਇਸ ਦੇ ਬੋਝ ਹੇਠ ਦਬ ਕੇ ਦਿਲ ਛੱਡ ਗਿਆ। ਇਤਫਾਕਵਸ ਉਸ ਦੇ ਰਥ ਨੂੰ ਉਸ ਵੇਲੇ ਦਾ ਸਭ ਤੋਂ ਦੂਰਅੰਦੇਸ਼ ਸਿਆਸਤਦਾਨ ਤੇ ਜੰਗੀ ਮਾਹਰ ਰਾਜਾ ਕ੍ਰਿਸ਼ਨ ਖੁਦ ਚਲਾ ਰਿਹਾ ਸੀ। ਉਸ ਨੇ ਉਸ ਨੂੰ ਆਪਣੀ ਫਿਲਾਸਫੀ ਦੇ ਸਬੰਧਤ ਤਰਕ, ਜੋ ਹੁਣ ਸੰਸਾਰ ਪ੍ਰਸਿੱਧ ਪੁਸਤਕ ਗੀਤਾ ਵਿਚ ਦਰਜ ਹਨ, ਸੁਣਾ ਕੇ ਮੁੜ ਪੈਰਾਂ ਸਿਰ ਕੀਤਾ। ਉਹ ਲੜਿਆ ਤੇ ਜੰਗ ਜਿੱਤਣ ਵਿਚ ਸਫਲ ਹੋਇਆ। ਅਰਜਨ ਨਾ ਕਮਜ਼ੋਰ ਸੀ ਤੇ ਨਾ ਡਰਪੋਕ ਸੀ। ਬਸ ਸਮੇਂ ਦੇ ਸਮੇਂ ਉਸ ਦਾ ਮਨੋਬਲ ਨੀਵਾਂ ਪੈ ਗਿਆ ਸੀ ਤੇ ਉਹ ਲੜਨ ਤੋਂ ਜਵਾਬ ਦੇ ਗਿਆ ਸੀ। ਜੇ ਉਸ ਵੇਲੇ ਫੁੱਲ ਦਵਾਈ ਐਲਮ ਹੁੰਦੀ ਤਾਂ ਇਸ ਦੀ ਇਕ ਖੁਰਾਕ ਨੇ ਹੀ ਉਸ ਦੇ ਢਹਿੰਦੇ ਹੌਸਲੇ ਨੂੰ ਤਕੜਾ ਕਰ ਦੇਣਾ ਸੀ। ਫਿਰ ਸ਼ਾਇਦ ਕ੍ਰਿਸ਼ਨ ਨੂੰ ਗੀਤਾ ਉਚਾਰਨ ਦੀ ਲੋੜ ਨਾ ਪੈਂਦੀ ਤੇ ਅੱਜ ਦਾ ਸੰਸਾਰ ਇਸ ਸੰਸਕ੍ਰਿਤ ਗ੍ਰੰਥ ਤੋਂ ਵਾਂਝਾ ਹੁੰਦਾ, ਪਰ ਇਸ ਦਾ ਮਤਲਬ ਕੋਈ ਇਹ ਵੀ ਨਾ ਸਮਝੇ ਕਿ ਐਲਮ ਖਾਣ ਨਾਲ ਗੀਤਾ ਦੀ ਵਿਚਾਰਧਾਰਾ ਸਮਝ ਵਿਚ ਆ ਜਾਵੇਗੀ ਜਾਂ ਗੀਤਾ ਦੇ ਪਾਠ ਦਾ ਫਲ ਮਿਲਣ ਲੱਗੇਗਾ। ਇਸ ਦੇ ਸੇਵਨ ਨਾਲ ਕੋਈ ਵਿਅਕਤੀ ਸੂਰਬੀਰ ਯੋਧਾ ਵੀ ਨਹੀਂ ਬਣ ਸਕੇਗਾ। ਇਹ ਤਾਂ ਬਸ ਮਾਯੂਸੀ ਦੇ ਵਕਤੀ ਆਲਮ ਨੂੰ ਦੂਰ ਕਰਦੀ ਹੈ।
ਹੋਰ ਤਾਂ ਹੋਰ, ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾ ਗੁਰੂ ਸਾਹਿਬ ਦੇ ਚਾਲੀ ਸਿੰਘ ਵੀ ਹੌਸਲਾ ਛੱਡ ਗਏ ਸਨ। ਮੁਗਲਾਂ ਦੀ ਫੌਜ ਦੇ ਘੇਰੇ ਵਿਚ ਆਏ ਉਹ ਗੁਰੂ ਸਾਹਿਬ ਦੀ ਅਗਵਾਈ ਵਿਚ ਵਿਸ਼ਵਾਸ ਖੋ ਬੈਠੇ ਸਨ ਤੇ ਕਿਲਾ ਛੱਡਣ ਲਈ ਉਤਾਵਲੇ ਹੋ ਗਏ ਸਨ। ਗੁਰੂ ਸਾਹਿਬ ਦੀ ਕਿਸੇ ਬਹਾਦਰਾਨਾ ਦਲੀਲ ਦਾ ਉਨ੍ਹਾਂ ਉਤੇ ਕੋਈ ਅਸਰ ਨਾ ਹੋਇਆ। ਉਹ ਆਪਣੀ ਜਾਨ ਬਚਾਉਣ ਲਈ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਬਾਹਰ ਨਿਕਲ ਆਏ। ਜੇ ਉਸ ਵੇਲੇ ਵੀ ਬੈਚ ਰੈਮੇਡੀ ਐਲਮ ਹੁੰਦੀ ਤਾਂ ਇਹ ਉਨ੍ਹਾਂ ਦਿਲਗੀਰ ਸਿੰਘਾਂ ਦੀ ਸਿੱਖੀ ਸਿਦਕ ਤੇ ਜੰਗੀ ਗੈਰਤ ਨੂੰ ਜਗਾ ਦਿੰਦੀ। ਉਨ੍ਹਾਂ ਦਾ ਮੁੜ-ਸੁਰਜੀਤ ਉਤਸ਼ਾਹ ਮੁਗਲ ਫੌਜ ਦੇ ਛੱਕੇ ਛੁਡਾ ਕੇ ਅਨੰਦਪੁਰ ਸਾਹਿਬ ਦੀ ਤ੍ਰਾਸਦੀ ਨੂੰ ਕੋਈ ਸੁਖਾਲਾ ਮੋੜ ਦੇ ਸਕਦਾ ਸੀ, ਪਰ ਅਜਿਹਾ ਨਾ ਹੋ ਸਕਿਆ। ਦਰਅਸਲ ਇਤਿਹਾਸ ਵਿਚ ਕਿੰਨੀਆਂ ਹੀ ਹੋਰ ਫੈਸਲਾਕੁਨ ਲੜਾਈਆਂ ਹਨ, ਜਿਨ੍ਹਾਂ ਵਿਚ ਜਿੱਤ-ਹਾਰ ਦੇ ਪਾਸੇ ਕੇਵਲ ਹੌਸਲਾ-ਪਸਤੀ ਕਾਰਨ ਪਲਟੇ।
ਐਲਮ ਦਾ ਵਿਧਾਨ ਸਿੱਧਾ ਹੈ। ਕਈ ਵਾਰ ਅਸੀਂ ਸਭ ਕੁਝ ਸੋਚ ਵਿਚਾਰ ਕੇ ਕੋਈ ਵੱਡਾ ਪ੍ਰਯੋਜਨ ਵਿੱਡਦੇ ਹਾਂ। ਕੁਝ ਦੇਰ ਇਸ ਨੂੰ ਉਤਸ਼ਾਹ ਨਾਲ ਚਲਾਉਂਦੇ ਹਾਂ। ਫਿਰ ਕੰਮ ਇੰਨਾ ਵਧ ਜਾਂਦਾ ਹੈ, ਲਗਦਾ ਹੈ ਕਿ ਇਹ ਅੱਗੇ ਨਹੀਂ ਚਲ ਸਕੇਗਾ। ਇਸ ਦੇ ਪੁਨਰ-ਮੁਲਾਂਕਣ ਤੋਂ ਅਸੀਂ ਇਹ ਪਰਤੀਤ ਕਰਦੇ ਹਾਂ ਕਿ ਇੱਡਾ ਵੱਡਾ ਪੰਗਾ ਲੈਣ ਨਾਲੋਂ ਤਾਂ ਕੋਈ ਹੋਰ ਕੰਮ ਕਰ ਲੈਂਦੇ, ਜਿਸ ਨਾਲ ਜਿੰਦ ਵਧੇਰੇ ਸੁਖਾਲੀ ਰਹਿੰਦੀ। ਦੂਜਿਆਂ ਨੂੰ ਦੇਖ ਕੇ ਸੋਚਦੇ ਹਾਂ ਕਿ ਉਹ ਕੋਈ ਜੋਖਮ ਵਾਲਾ ਕੰਮ ਨਾ ਕਰ ਕੇ ਵੀ ਐਸ਼ ਵਿਚ ਹਨ। ਘੜੀ ਦੀ ਘੜੀ ਅਸੀਂ ਉਸ ਮਿਸ਼ਨ ਨੂੰ ਠੁੱਸ ਕਰਨ ਦੀ ਸੋਚਦੇ ਹਾਂ, ਭਾਵੇਂ ਉਹ ਕਿੰਨਾ ਹੀ ਲਾਭਕਾਰੀ ਕਿਉਂ ਨਾ ਹੋਵੇ ਜਾਂ ਆਪਣੇ ਸਿਖਰ `ਤੇ ਆਇਆ ਹੀ ਕਿਉਂ ਨਾ ਹੋਵੇ। ਇਹ ਉਹ ਸਥਿਤੀ ਹੈ, ਜਦੋਂ ਸਾਡੇ ਵਿਚ ਐਲਮ ਦੇ ਧਨਾਤਮਿਕ ਗੁਣਾਂ ਦੀ ਘਾਟ ਹੁੰਦੀ ਹੈ। ਇਸ ਦੀ ਇਕੋ ਖੁਰਾਕ ਮਨ ਨੂੰ ਸਿਰ ਸੁੱਟ ਕੇ ਕਾਇਮ ਰਹਿਣ ਦਾ ਬਲ ਰੱਖਦੀ ਹੈ।
ਕਈ ਪਾਠਕ ਇਸ ਤੋਂ ਇਹ ਸਿੱਟਾ ਕੱਢ ਰਹੇ ਹੋਣਗੇ ਕਿ ਇਕ ਵਾਰ ਫੈਸਲਾ ਲੈ ਕੇ ਬਦਲਣਾ ਕਦੇ ਵੀ ਸਹੀ ਗੱਲ ਨਹੀਂ ਹੈ, ਤੇ ਜੇ ਬਦਲਣ ਦੀ ਇੱਛਾ ਉਤਪੰਨ ਹੋਵੇ ਤਾਂ ਉਸ ਨੂੰ ਰੋਕਣ ਲਈ ਐਲਮ ਲੈ ਲੈਣੀ ਚਾਹੀਦੀ ਹੈ। ਪਰ ਇਹ ਇੱਦਾਂ ਨਹੀਂ ਹੈ। ਜੇ ਕਿਸੇ ਠੋਸ ਕਾਰਨ ਕਰਕੇ ਕੋਈ ਫੈਸਲਾ ਬਦਲਣ ਦੀ ਲੋੜ ਪਵੇ ਤਾਂ ਕੋਈ ਸਮੱਸਿਆ ਨਹੀਂ, ਪਰ ਜੇ ਕੰਮ ਦੇ ਭਾਰ ਨੂੰ ਦੇਖ ਕੇ ਕੰਮ ਕਰਨ ਵਾਲਾ ਸਹਿਮ ਜਾਵੇ ਤੇ ਉਸ ਨੂੰ ਛੱਡ ਦੇਣ ਲਈ ਤਿਆਰ ਹੋ ਜਾਵੇ ਤਾਂ ਉਸ ਵਿਚ ਉਤਸ਼ਾਹ ਦੀ ਤੋਟ ਆਈ ਹੁੰਦੀ ਹੈ। ਇਸ ਉਤਸ਼ਾਹ ਨੂੰ ਮੁੜ ਕਾਇਮ ਕਰਨ ਲਈ ਇਸ ਦਵਾਈ ਦੀ ਲੋੜ ਹੈ। ਕਿਸੇ ਵੀ ਕਾਰਜ ਦੀ ਸਫਲਤਾ ਲਈ ਇਸ ਉਤਸ਼ਾਹ ਦਾ ਬਣਿਆ ਰਹਿਣਾ ਜਰੂਰੀ ਹੈ। ਜੇ ਕੰਮ ਨਾਲ ਟੱਕਰ ਲੈਣ ਦੀ ਇਸ ਭਾਵਨਾ ਦਾ ਕੋਈ ਮਹੱਤਵ ਨਾ ਹੁੰਦਾ ਤਾਂ ਕੋਈ ਮੱਕੜੀ ਕੰਧ `ਤੇ ਚੜ੍ਹਨ ਵਿਚ ਸਫਲ ਨਾ ਹੁੰਦੀ ਤੇ ਕੋਈ ਬਰੂਸ ਬਾਦਸ਼ਾਹ ਹਾਰ ਕੇ ਨਾ ਜਿਤਿਆ ਹੁੰਦਾ। ਫਿਰ ਤਾਂ ਸਭ ਅੰਗੂਰ ਖੱਟੇ ਹੁੰਦੇ ਤੇ ਇਨ੍ਹਾਂ ਨੂੰ ਛੱਡ ਕੇ ਭੱਜਣ ਵਾਲੀਆਂ ਲੂੰਬੜੀਆਂ ਦੀ ਬਹੁਤਾਤ ਹੁੰਦੀ। ਇਸ ਲਈ ਜੇ ਕਿਸੇ ਲੂੰਬੜੀ ਨੇ ਮਿੱਠਾ ਅੰਗੂਰ ਖਾਣਾ ਹੈ ਤਾਂ ਉਸ ਨੂੰ ਐਲਮ ਤਾਂ ਲੈਣੀ ਹੀ ਪਵੇਗੀ।
ਕਈ ਡਾਕਟਰ ਲਿਖਦੇ ਹਨ ਕਿ ਇਹ ਦਵਾਈ ਸਿਰਫ ਉਨ੍ਹਾਂ ਪ੍ਰਬੰਧਕਾਂ, ਹੈਡਮਾਸਟਰਾਂ ਤੇ ਕਾਰਖਾਨੇਦਾਰਾਂ ਲਈ ਹੈ, ਜਿਹੜੇ ਅਪਣੇ ਅਧੀਨ ਕਈ ਕਈ ਕਾਮੇ ਰੱਖਦੇ ਹਨ ਤੇ ਵੱਡੇ ਵੱਡੇ ਅਦਾਰੇ ਚਲਾਉਂਦੇ ਹਨ; ਪਰ ਅਜਿਹਾ ਕੁਝ ਨਹੀਂ ਹੈ। ਬਿਮਾਰ ਆਖਰ ਬੰਦੇ ਹੁੰਦੇ ਹਨ, ਅਦਾਰੇ ਤੇ ਪ੍ਰਬੰਧਨ ਨਹੀਂ। ਹਰ ਬੰਦੇ ਦੇ ਆਪਣੇ ਲਕਸ਼ ਤੇ ਪ੍ਰਯੋਜਨ ਹੁੰਦੇ ਹਨ, ਛੋਟੇ ਦੇ ਛੋਟੇ ਤੇ ਵੱਡੇ ਦੇ ਵੱਡੇ। ਛੋਟੇ ਨੇ ਛੋਟੇ ਕੰਮ ਦੇ ਭਾਰ ਹੇਠ ਆ ਕੇ ਮਾਯੂਸ ਹੋਣਾ ਹੈ ਤੇ ਵੱਡੇ ਨੇ ਵੱਡੇ ਦੇ। ਇਸ ਲਈ ਇਸ ਦਵਾਈ ਦਾ ਜਮਾਤੀ ਵਰਗੀਕਰਣ ਨਹੀਂ ਕੀਤਾ ਜਾ ਸਕਦਾ।
ਸਪਸ਼ਟ ਹੈ ਕਿ ਕੰਮ ਦਾ ਭਾਰ ਕੰਮ ਕਰਨ ਵਾਲਿਆਂ `ਤੇ ਪੈਂਦਾ ਹੈ। ਇਸ ਲਈ ਇਸ ਦਵਾਈ ਦੇ ਜਿੰਨੇ ਮਰੀਜ਼ ਅਮਰੀਕਾ ਵਿਚ ਹਨ, ਉਨੇ ਕਿਸੇ ਹੋਰ ਦੇਸ ਵਿਚ ਨਹੀਂ ਹੋਣੇ। ਇਸ ਦੇਸ ਵਿਚ ਲੋਕ ਕੰਮਾਂ ਨੂੰ ਲੰਮੇ ਟੀਚੇ ਮਿੱਥ ਕੇ ਕਰਦੇ ਹਨ। ਕਈ ਵਾਰ ਉਨ੍ਹਾਂ ਨੂੰ ਰੋਟੀ ਰੋਜੀ ਦੀ ਦੌੜ ਵਿਚ ਕਈ ਕਈ ਕੰਮ ਕਰਨੇ ਪੈਂਦੇ ਹਨ ਤੇ ਕਈ ਵਾਰ ਦੂਜਿਆਂ ਦੇ ਮੁਕਾਬਲੇ ਵਿਚ ਆ ਕੇ ਕੰਮ ਜਲਦੀ ਨਿਬੇੜਨੇ ਪੈਂਦੇ ਹਨ। ਜਿਨ੍ਹਾਂ ਅਦਾਰਿਆਂ ਵਿਚ ਉਹ ਕੰਮ ਕਰਦੇ ਹਨ, ਉਨ੍ਹਾਂ ਦੇ ਵੀ ਕੰਮ ਦੇ ਟੀਚੇ ਮਿਥੇ ਹੁੰਦੇ ਹਨ, ਜੋ ਉਹ ਆਪਣੇ ਕਾਮਿਆਂ ਰਾਹੀਂ ਪੂਰਾ ਕਰਵਾਉਂਦੇ ਹਨ। ਇਨ੍ਹਾਂ ਸਮਾਂ-ਬੱਧ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਹਰ ਰੋਜ਼ ਲੰਮੇ ਸਮੇਂ ਲਈ ਸਿਰ ਸੁੱਟ ਕੇ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਲਈ ਉਹ ਕੁਝ ਕੁ ਦਿਨਾਂ ਵਿਚ ਹੀ ਅਕੇਵੇਂ ਤੇ ਥਕੇਵੇਂ (ਾਂਅਟਗਿੁੲ) ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨੂੰ ਉਥੋਂ ਦੀ ਕੰਮ-ਕਾਜੀ ਭਾਸ਼ਾ ਵਿਚ ਬਰਨ ਆਊਟ (ਭੁਰਨ ੋੁਟ) ਹੋਣਾ ਕਹਿੰਦੇ ਹਨ। ਇੰਜੀਨੀਅਰ, ਅਧਿਆਪਕ, ਡਾਕਟਰ, ਪ੍ਰਬੰਧਕ, ਟੈਕਸੀ ਚਾਲਕ, ਮਜ਼ਦੂਰ ਤੇ ਵਿਦਿਆਰਥੀ ਸਾਰੇ ਹੀ ਆਪਣੇ ਆਪਣੇ ਕਿੱਤੇ ਦੀਆਂ ਜਿ਼ੰਮੇਵਾਰੀਆਂ ਦੇ ਭਾਰ ਹੇਠ ਆ ਕੇ ਬਰਨ ਆਊਟ ਹੋ ਜਾਂਦੇ ਹਨ। ਕਈ ਦਿਲ ਛੱਡ ਕੇ ਕਿੱਤਾ ਬਦਲ ਲੈਂਦੇ ਹਨ, ਕਈ ਛੁੱਟੀ `ਤੇ ਚਲੇ ਜਾਂਦੇ ਹਨ, ਕਈ ਬਿਮਾਰ ਹੋ ਕੇ ਹਸਪਤਾਲ ਚਲੇ ਜਾਂਦੇ ਹਨ ਤੇ ਕਈ ਜਾਬ ਛੱਡ ਕੇ ਕੁਝ ਸਮਾਂ ਸੋਸ਼ਲ ਸਿਕਿਉਰਿਟੀ `ਤੇ ਗੁਜ਼ਾਰਾ ਕਰਦੇ ਹਨ। ਕੁਝ ਇਕ ਹੀ ਠਰੰਮੇ ਨਾਲ ਕੰਮ ਕਰ ਸਕਦੇ ਹਨ। ਇਸ ਲਈ ਬਹੁਤਿਆਂ ਲਈ ਇਕੋ ਕਿੱਤੇ ਵਿਚ ਟਿਕਣਾ ਸੰਭਵ ਨਹੀਂ ਹੁੰਦਾ। ਕਿਹਾ ਜਾਂਦਾ ਹੈ ਕਿ ਅਮਰੀਕਾ ਵਿਚ ਅਧਿਆਪਨ ਕਿੱਤੇ ਵਿਚ ਕੰਮ ਕਰਨ ਦਾ ਔਸਤਨ ਸਮਾਂ ਪੰਜ ਸਾਲ ਹੈ। ਅਜਿਹੇ ਲੋਕ, ਜੋ ਕੰਮ ਦੇ ਵਜ਼ਨ ਹੇਠ ਆ ਕੇ ਵਿਆਕੁਲ ਹੋ ਜਾਂਦੇ ਹਨ, ਉਨ੍ਹਾਂ ਲਈ ਬੈਚ ਦਵਾਈ ਐਲਮ ਇਕ ਵਰਦਾਨ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਉਹ ਆਪਣੀ ਸਿਹਤ ਕਾਇਮ ਰੱਖ ਸਕਦੇ ਹਨ, ਸਗੋਂ ਆਪਣੀ ਨੌਕਰੀ ਵਿਚ ਵੀ ਕਾਮਯਾਬ ਹੋ ਕੇ ਨਿੱਤਰ ਸਕਦੇ ਹਨ। ਅੱਜ ਦੇ ਸਮੇਂ ਵਿਚ ਤਾਂ ਉਨ੍ਹਾਂ ਕੋਲ ਇਹ ਦਵਾਈ ਨਾ ਵਰਤਣ ਦਾ ਕੋਈ ਬਹਾਨਾ ਵੀ ਨਹੀਂ ਹੈ, ਕਿਉਂਕਿ ਹੁਣ ਇਹ ਦਵਾਈ ਐਮੇਜ਼ਾਨ ਦੀ ਸੰਸਾਰਕ ਮਾਰਕਿਟ ਰਾਹੀਂ ਹਰ ਥਾਂ ਉਪਲਭਦ ਹੈ।
ਜਿਹੜੇ ਲੋਕ ਆਪਣੇ ਕੰਮ ਦੀਆਂ ਜਿ਼ੰਮੇਵਾਰੀਆਂ ਦੇ ਭਾਰ ਹੇਠ ਦਬਣ ਲਗਦੇ ਹਨ, ਉਨ੍ਹਾਂ ਦੀ ਆਮ ਨਿਸ਼ਾਨੀ ਇਹ ਹੈ ਕਿ ਸਵੇਰੇ ਨਿਰਾਸ਼ ਉੱਠਦੇ ਹਨ। ਉਹ ਆਪਣੇ ਆਪ ਨੂੰ ਥੱਕੇ ਹੋਏ ਮਹਿਸੂਸ ਕਰਦੇ ਹਨ ਤੇ ਆਪਣੇ ਕੰਮ ਵਲ ਖੁਸ਼ੀ ਖੁਸ਼ੀ ਨਹੀਂ ਜਾਂਦੇ। ਉਨ੍ਹਾਂ ਨੂੰ ਕੰਮ ਦੇ ਲੰਮੇ ਘੰਟਿਆਂ ਦੌਰਾਨ ਕੋਹੇ ਜਾਣ ਤੋਂ ਡਰ ਲਗਦਾ ਹੈ। ਕੁਝ ਡਰ ਉਨ੍ਹਾਂ ਨੂੰ ਆਪਣੇ ਸੁਪਰਵਾਈਜ਼ਰ ਦੀਆਂ ਦਬਕੀਆਂ ਤੋਂ ਵੀ ਲਗਦਾ ਹੈ। ਉਹ ਟਾਲ-ਮਟੋਲ ਕਰਦੇ ਬੁਝੇ ਮਨ ਨਾਲ ਕੰਮ ਕਰਦੇ ਹਨ। ਕੰਮ ਕਰਦਿਆਂ ਉਨ੍ਹਾਂ ਦਾ ਮਨ ਅਕਸਰ ਕਿਤੇ ਹੋਰ ਭਟਕਦਾ ਰਹਿੰਦਾ ਹੈ ਤੇ ਉਹ ਕਿਸੇ ਮਨਪਸੰਦ ਵਿਸ਼ੇ ਜਾਂ ਕਿੱਤੇ ਬਾਰੇ ਸੋਚਦੇ ਰਹਿੰਦੇ ਹਨ। ਅਜਿਹੀ ਹਾਲਾਤ ਵਿਚ ਜੇ ਉਨ੍ਹਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸੁਪਰਵਾਈਜ਼ਰ ਤੋਂ ਝਾੜ ਮਿਲਦੀ ਹੈ। ਘਰ ਜਾ ਕੇ ਉਹ ਕੰਮ ਦੀਆਂ ਘਟਨਾਵਾਂ ਬਾਰੇ ਸੋਚਦੇ ਰਹਿੰਦੇ ਹਨ ਤੇ ਰਾਤ ਨੂੰ ਸੌਂ ਨਹੀਂ ਸਕਦੇ। ਉਹ ਇਕ ਇਕ ਦਿਨ ਤੇ ਇਕ ਇਕ ਮਹੀਨਾ ਗਿਣ ਕੇ ਕੱਢਦੇ ਹਨ। ਅਜਿਹੀ ਦਸ਼ਾ ਵਿਚ ਉਹ ਜ਼ਿਆਦਾ ਦੇਰ ਕੰਮ ਨਹੀਂ ਕਰ ਸਕਦੇ। ਮਾਨਸਿਕ ਤਣਾਓ ਇੰਨਾ ਵਧ ਜਾਂਦਾ ਹੈ ਕਿ ਉਨ੍ਹਾਂ ਦਾ ਮਨ ਉਚਾਟ ਹੋ ਜਾਂਦਾ ਹੈ। ਉਹ ਹੌਸਲਾ ਢਾਹ ਬੈਠਦੇ ਹਨ ਤੇ ਕੰਮ ਛੱਡ ਬੈਠਦੇ ਹਨ। ਜੇ ਨਾ ਵੀ ਛੱਡਣ ਤਾਂ ਉਨ੍ਹਾਂ ਦੇ ਪ੍ਰਬੰਧਕ ਉਨ੍ਹਾਂ ਨੂੰ ਬਹੁਤੀ ਦੇਰ ਨਹੀਂ ਰੱਖਦੇ। ਬਹੁਤਿਆਂ ਨਾਲ ਇੱਦਾਂ ਹੁੰਦਾ ਹੀ ਹੈ। ਇਸ ਦਸ਼ਾ ਵਿਚ ਐਲਮ ਉਨ੍ਹਾਂ ਦਾ ਇਕ ਮਾਤਰ ਸਹਾਰਾ ਹੋ ਸਕਦੀ ਹੈ।
ਮੇਰੇ ਇਕ ਵਾਕਫ ਦਾ ਫੋਨ ਆਇਆ ਤੇ ਉਸ ਨੇ ਆਪਣੇ ਲੜਕੇ ਲਈ ਮਦਦ ਮੰਗੀ, ਜੋ ਆਪਣੇ ਡਾਕਟਰੀ ਦੇ ਕੋਰਸ ਤੋਂ ਤੰਗ ਆ ਕੇ ਯੋਗਾ ਅਧਿਆਪਕ ਬਣ ਗਿਆ। ਕੁਝ ਦੇਰ ਐਲਮ ਖਾ ਕੇ ਮੁੜ ਉਹ ਉਸੇ ਪੜ੍ਹਾਈ ਵਿਚ ਜੁਟ ਗਿਆ ਤੇ ਅੱਜ ਕੱਲ੍ਹ ਰੈਜੀਡੈਂਸੀ ਕਰ ਰਿਹਾ ਹੈ। ਇਕ ਚੰਗੇ ਹਸਪਤਾਲ ਵਿਚ ਕੰਮ ਕਰਦਾ ਸੀਨੀਅਰ ਫਿਜ਼ੀਸ਼ੀਅਨ ਉੱਥੋਂ ਛੱਡ ਕੇ ਇਕ ਦੂਜੇ ਹਸਪਤਾਲ ਵਿਚ ਇਸ ਕਰਕੇ ਜਾ ਲੱਗਾ ਕਿ ਉੱਥੇ ਕੰਮ ਘੱਟ ਸੀ। ਐਲਮ ਉਸ ਦੀ ਮਦਦ ਕਰ ਸਕਦੀ ਸੀ। ਉਸ ਨੂੰ ਇਹ ਦਵਾਈ ਲੈਣ ਦੀ ਸਲਾਹ ਵੀ ਦਿੱਤੀ ਗਈ, ਪਰ ਉਸ ਨੇ ਖਾਣੀ ਯੋਗ ਨਹੀਂ ਸਮਝੀ। ਇਕ ਹੋਰ ਡਾਕਟਰ ਹਸਪਤਾਲ ਦਾ ਪੂਰਾ ਕੰਮ ਛੱਡ ਕੇ ਅੱਧੇ `ਤੇ ਆ ਗਿਆ। ਉਹ ਐਲਮ ਲੈਣ ਨਾਲ ਬਲਵਾਨ ਹੋ ਗਿਆ ਹੈ, ਪਰ ਹੁਣ ਉਸ ਦਾ ਹਸਪਤਾਲ ਹੀ ਉਸ ਨੂੰ ਪੂਰਾ ਕੰਮ ਨਹੀਂ ਦਿੰਦਾ। ਮੇਰੇ ਇਕ ਮਰੀਜ਼ ਨੂੰ ਇੰਡੀਆ ਜਾਣ ਤੋਂ ਘਬਰਾਹਟ ਹੁੰਦੀ ਸੀ। ਉਹੀ ਟਿਕਟ, ਉਹੀ ਏਅਰ ਪੋਰਟ, ਉਹੀ ਲੰਮਾ ਸਫਰ ਤੇ ਉਹੀ ਵਾਪਸੀ ਦੇ ਝੰਜਟ। ਇਸ ਸਭ ਮੁਸੀਬਤਾਂ ਨੂੰ ਸੋਚ ਕੇ ਉਸ ਦਾ ਦਿਮਾਗ ਲੋਡ ਲੈ ਜਾਂਦਾ ਸੀ। ਹੁਣ ਜਦੋਂ ਵੀ ਉਹ ਮਾਤ ਭੂਮੀ ਜਾਂਦਾ ਹੈ, ਜਾਣ ਤੋਂ ਪਹਿਲਾਂ ਕੁਝ ਦਿਨ ਐਲਮ ਖਾ ਲੈਂਦਾ ਹੈ ਤੇ ਹਿੰਮਤ ਨਾਲ ਗੇੜਾ ਮਾਰ ਆਉਂਦਾ ਹੈ।
ਭਾਰਤਵਰਸ਼ ਵਿਚ ਐਲਮ ਦੇ ਮਰੀਜ਼ ਮਿਲਣ ਦੀ ਬਹੁਤ ਘੱਟ ਸੰਭਾਵਨਾ ਹੈ। ਉੱਥੇ ਨਾ ਬਹੁਤਿਆਂ ਕੋਲ ਕੰਮ ਹੈ ਤੇ ਨਾ ਸਾਰੇ ਕੰਮ ਕਰਦੇ ਹਨ। ਜੇ ਕੰਮ ਹੀ ਨਹੀਂ ਹੋਵੇਗਾ ਤਾਂ ਕੰਮ ਦੇ ਭਾਰ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋਵੇਗਾ। ਜਿਨ੍ਹਾਂ ਕੋਲ ਕੰਮ ਹੈ ਵੀ, ਉਹ ਇਸ ਨੂੰ ਕੰਮ ਸਮਝ ਕੇ ਨਹੀਂ ਕਰਦੇ। ਦਫਤਰਾਂ ਵਿਚ ਲੇਟ ਜਾਂਦੇ ਹਨ, ਸਮੇਂ ਤੋਂ ਪਹਿਲਾਂ ਮੁੜ ਆਉਂਦੇ ਹਨ, ਚਾਹਾਂ ਪੀਂਦੇ ਹਨ, ਗੱਪਾਂ ਮਾਰਦੇ ਹਨ, ਤੋਰਾ-ਫੇਰਾ ਕਰਦੇ ਹਨ, ਫੋਨ ਕਾਲਾਂ ਕਰਦੇ ਹਨ ਤੇ ਹੜਤਾਲਾਂ `ਤੇ ਬੈਠ ਜਾਂਦੇ ਹਨ। ਉਨ੍ਹਾਂ ਦਾ ਤਾਂ ਕੰਮ ਕਰਦਿਆਂ ਹੀ ਮਨੋਰੰਜਨ ਹੁੰਦਾ ਰਹਿੰਦਾ ਹੈ। ਜੇ ਬੌਸ ਤੰਗ ਕਰਦਾ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੂਜੀ ਥਾਂ ਬਦਲੀ ਹੋ ਜਾਂਦੀ ਹੈ। ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰਨ ਵਾਲਿਆਂ ਉੱਤੇ ਵੀ ਜਿ਼ੰਮੇਵਾਰੀ ਦਾ ਬਹੁਤਾ ਭਾਰ ਨਹੀਂ ਹੁੰਦਾ। ਉਥੋਂ ਦੀਆਂ ਪ੍ਰਾਈਵੇਟ ਕੰਪਨੀਆਂ ਦਾ ਕਿਸੇ ਨਾਲ ਕੋਈ ਲੰਮਾ ਚੌੜਾ ਮੁਕਾਬਲਾ ਨਹੀਂ ਹੁੰਦਾ। ਉਨ੍ਹਾਂ ਦੀ ਟਰਨਓਵਰ ਵਧੇਰੇ ਕੰਮ ਤੇ ਨਹੀਂ, ਸਗੋਂ ਘਪਲਿਆਂ, ਘੁਟਾਲਿਆਂ, ਮਨਸੂਈ ਅੰਕੜਿਆਂ ਤੇ ਆਪਸੀ ਮਿਲੀ ਭੁਗਤ `ਤੇ ਨਿਰਭਰ ਕਰਦੀ ਹੈ। ਰਾਜਨੀਤਕ ਦਲਾਂ, ਸਰਕਾਰਾਂ ਤੇ ਮੀਡੀਆ ਸੰਸਥਾਨਾਂ ਵਿਚ ਵੀ ਕੋਈ ਕਰਮੀ ਬਰਨ-ਆਊਟ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਕੋਲ ਇਕ ਦੂਜੇ ਦੀ ਲਿਹਾਜੀ ਪ੍ਰਸ਼ੰਸਾ ਕਰਨ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ। ਹਾਂ, ਗਲਤ ਗੱਲਾਂ ਕਾਰਨ ਕੁਝ ਇਕਨਾਂ ਦੀ ਜਮੀਰ `ਤੇ ਬੋਝ ਜਰੂਰ ਪੈਂਦਾ ਹੋਵੇਗਾ, ਪਰ ਉਸ ਬੋਝ ਨੂੰ ਇਹ ਹੱਲ ਨਹੀਂ ਕਰ ਸਕਦੀ। ਉਸ ਲਈ ਚੈਰੀ ਪਲੰਮ, ਚੈਸਟਨਟ ਬੱਡ ਤੇ ਵਾਈਟ ਚੈਸਟਨਟ ਵਧੇਰੇ ਢੁਕਵੀਆਂ ਹੋ ਸਕਦੀਆਂ ਹਨ। ਭਾਰਤ ਵਿਚ ਤਾਂ ਇਹ ਥੱਕੇ ਅੱਕੇ “ਅੰਨ-ਦਾਤਿਆਂ” ਅਤੇ ਕੰਮ ਕਰਦੀਆਂ ਔਰਤਾਂ ਦੇ ਹੀ ਕੰਮ ਆ ਸਕਦੀ ਹੈ।
ਐਲਮ ਦੇ ਬੀਮਾਰਾਂ ਨੂੰ ਆਮ ਤੌਰ `ਤੇ ਮਾਨਸਿਕ ਤਣਾਓ, ਥਕਾਵਟ, ਕਮਜ਼ੋਰੀ, ਅਨਿੰਦਰਾਪਣ, ਕਬਜ਼, ਸਿਰਦਰਦ, ਸ਼ੂਗਰ, ਫੋੜੇ ਤੇ ਸਾਹ ਫੁੱਲਣ ਦੀਆਂ ਤਕਲੀਫਾਂ ਹੁੰਦੀਆਂ ਹਨ। ਉਨ੍ਹਾਂ ਦੀ ਸੋਚ ਨਾਂਹ-ਪੱਖੀ ਤੇ ਢਾਹੂ ਬਣ ਜਾਂਦੀ ਹੈ। ਡਾ. ਕ੍ਰਿਸ਼ਨਾਮੂਰਤੀ ਅਨੁਸਾਰ ਐਲਮ ਉੱਚ ਅਧਿਕਾਰੀਆਂ ਦੀ ਦਵਾਈ ਹੈ, ਜੇ ਉਹ ਇਸ ਦਾ ਕੁਝ ਮਹੀਨੇ ਲਗਾਤਾਰ ਸੇਵਨ ਕਰਨ ਤਾਂ ਉਹ ਆਪਣੇ ਅਧੀਨ ਅਦਾਰਿਆਂ ਜਾਂ ਵਿਭਾਗਾਂ ਨੂੰ ਸਿਰਕੱਢ ਬਣਾ ਸਕਦੇ ਹਨ। ਉਸ ਅਨੁਸਾਰ “ਜੇ ਮੁਲਕ ਛੱਡ ਕੇ ਬਾਹਰ ਭੱਜਣ ਵਾਲੇ ਨੌਜਵਾਨ ਇਕ ਹੋਰ ਦਵਾਈ ਦੇ ਸੰਗ ਇਸ ਨੂੰ ਖਾਣ ਤਾਂ ਉਹ ਇੱਥੇ ਰਹਿੰਦੇ ਹੀ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਪਾ ਜਾਣਗੇ। ਇਹ ਉਨ੍ਹਾਂ ਲਈ ਤਨਖਾਹਦਾਰ ਅਸਾਮੀਆਂ ਤਾਂ ਨਹੀਂ ਢੂੰਡ ਸਕਦੀ, ਪਰ ਉਨ੍ਹਾਂ ਨੂੰ ਦੂਜੇ ਬਿਲ ਗੇਟਸ ਤੇ ਸ਼ਕੁੰਤਲਾ ਦੇਵੀ ਜਰੂਰ ਬਣਾ ਸਕਦੀ ਹੈ।”
ਆਪਣੇ ਲਈ ਜਾਂ ਦੂਜਿਆਂ ਵਾਸਤੇ ਐਲਮ ਦੀ ਵਰਤੋਂ ਕਰਨ ਲਈ ਹੇਠ ਲਿਖੇ ਮੋਟੇ ਸੰਕੇਤ ਧਿਆਨ ਵਿਚ ਰੱਖਣੇ ਬਣਦੇ ਹਨ:
1. ਵਿਅਕਤੀ ਕੰਮ ਦੀ ਜਿ਼ੰਮੇਵਾਰੀ ਨਿਭਾਉਣ ਵਾਲਾ ਹੁੰਦਾ ਹੈ, ਭਾਵ ਵਿਹਲੜ ਤੇ ਕੰਮ-ਚੋਰ ਨਹੀਂ।
2. ਉਸ ਦੀ ਜਿ਼ੰਮੇਵਾਰੀ ਆਪਣੇ ਜਾਂ ਲੋਕਾਂ ਦੇ ਕਿਸੇ ਖਾਸ ਪ੍ਰਯੋਜਨ ਨਾਲ ਜੁੜੀ ਹੁੰਦੀ ਹੈ।
3. ਉਹ ਕੰਮ ਦੀ ਜਿ਼ੰਮੇਵਾਰੀ ਦੇ ਬੋਝ ਹੇਠ ਦਬ ਕੇ ਥੱਕਿਆ ਮਹਿਸੂਸ ਕਰਦਾ ਹੈ।
4. ਉਹ ਉਸਾਰੂ ਦੀ ਥਾਂ ਨਾਂਹ-ਪੱਖੀ ਸੋਚ ਰੱਖਦਾ ਹੈ।
5. ਪੂਰੀ ਸਮਰੱਥਾ ਹੋਣ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਪਹਾੜ ਸਮਝਦਾ ਹੈ।
6. ਉਸ ਦਾ ਹੌਸਲਾ ਟੁੱਟ ਜਾਂਦਾ ਹੈ ਤੇ ਉਹ ਕੰਮ ਨੂੰ ਵਿਚਕਾਰ ਛੱਡ ਦਿੰਦਾ ਹੈ।
ਜਿਨ੍ਹਾਂ ਲੋਕਾਂ ਵਿਚ ਇਹ ਅਲਾਮਤਾਂ ਹੋਣ, ਉਨ੍ਹਾਂ ਵਿਚ ਐਲਮ ਮੁੜ ਨਵੀਂ ਜਾਨ ਪਾ ਸਕਦੀ ਹੈ ਤੇ ਉਹ ਉਸੇ ਕੰਮ ਨੂੰ ਭਰਪੂਰ ਉਤਸ਼ਾਹ ਨਾਲ ਕਰਨਾ ਸ਼ੁਰੂ ਕਰ ਦੇਣਗੇ।