ਤੇਰੀ ਕਣਕ ਦੀ ਰਾਖੀ ਮੁੰਡਿਆ…

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਵਿਸਾਖੀ ਦੇ ਮੌਕੇ ਇੱਕ ਸੰਸਥਾ ਵੱਲੋਂ ਪੇਸ਼ ਕੀਤੇ ਜਾ ਰਹੇ ਇੱਕ ਪ੍ਰੋਗਰਾਮ ਵਿਚ ਇੱਕ ਆਈਟਮ ਪੇਸ਼ ਕੀਤੀ ਜਾ ਰਹੀ ਸੀ, “ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ…।” ਸ਼ਮਸ਼ਾਦ ਬੇਗਮ ਦੇ ਉਚੇ ਸੁਰ ਵਿਚ ਟਣਕਵੇਂ ਤੇ ਖੜਕਵੇਂ ਬੋਲ, ਢੋਲ ਦੇ ਡਗੇ `ਤੇ ਤਰਥੱਲੀ ਮਚਾਉਂਦੇ ਤੋੜੇ ਅਤੇ ਭਰ ਜੁਆਨ ਕੁੜੀਆਂ-ਮੁੰਡਿਆਂ ਵੱਲੋਂ ਪਾਇਆ ਜਾ ਰਿਹਾ ਡਿਸਕੋ ਭੰਗੜਾ। ਚੰਗਾ ਠੁੱਕ ਬੱਝਾ ਪਿਆ ਸੀ, ਭਾਵੇਂ ਭੰਗੜੇ ਦਾ ਡਰਿੱਲਨੁਮਾ ਅੰਦਾਜ਼ ਅਤੇ ਪੰਜਾਬੀ ਸੁਭਾਵਿਕਤਾ ਤੇ ਤੀਖਣਾ ਦਾ ਅਭਾਵ ਪਰੰਪਰਾਗਤ ਪੰਜਾਬੀ ਭੰਗੜੇ ਵਾਲਾ ਪ੍ਰਭਾਵ ਨਹੀਂ ਸੀ ਸਿਰਜ ਰਿਹਾ। ਗੀਤ ਖਤਮ ਹੋਣ `ਤੇ ਜ਼ੋਰਦਾਰ ਤਾੜੀਆਂ ਵੱਜੀਆਂ।

ਆਵਾਜ਼ ਥੰਮੀ ਤਾਂ ਪਿਛੇ ਬੈਠਾ ਇੱਕ ਨੌਜੁਆਨ ਕਹਿੰਦਾ ਸੁਣਿਆ ਗਿਆ, “ਆਈਟਮ ਤਾਂ ਚਲੋ ਠੀਕ ਸੀ, ਪਰ ਆਹ ਕਣਕ ਦੀ ਰਾਖੀ ਵਾਲੀ ਕੀ ਗੱਲ ਬਣੀ ਭਲਾ? ਕਣਕ ਦੀ ਕਿਹੜਾ ਰਾਖੀ ਕਰਦੈ?”
ਗੱਲ ਤਾਂ ਇਸ ਅਜੋਕੇ ਨੌਜੁਆਨ ਦੀ ਵੀ ਠੀਕ ਸੀ। ਕਣਕ ਦੀ ਰਾਖੀ ਭਲਾ ਕਰਨੀ ਵੀ ਕੀਹਦੇ ਕੋਲੋਂ ਸੀ? ਕਣਕ ਦੇ ਸਿੱਟਿਆਂ ਵਿਚ ਪੈਂਦੇ ਦਾਣਿਆਂ ਦੀ ਰਾਖੀ ਮੁੱਖ ਤੌਰ `ਤੇ ਤਾਂ ਪਰਿੰਦਿਆਂ ਤੋਂ ਹੀ ਕਰਨੀ ਸੀ ਨਾ? ਪਰ ਪੰਛੀ ਤਾਂ ਕਿਤੇ ਲੱਭਿਆਂ ਨਹੀਂ ਲੱਭਦੇ। ਤਿੱਤਰ ਬਟੇਰਿਆਂ ਦੀ ਤਾਂ ਦੂਰ ਦੀ ਗੱਲ, ਚਿੱੜੀਆਂ ਅਤੇ ਕਾਂ ਵੀ ਵਿਰਲੇ ਵਿਰਲੇ ਹੀ ਨਜ਼ਰ ਆਉਂਦੇ ਸਨ, ਪਰ ਜਦ ਸੰਨ 1959 ਵਿਚ ਸ਼ਮਸ਼ਾਦ ਬੇਗਮ ਨੇ ਇਹ ਗੀਤ ਫਿਲਮ “ਦੋ ਲੱਛੀਆਂ” ਲਈ ਗਾਇਆ ਸੀ ਤਾਂ ਉਸ ਸਮੇਂ ਸੱਚੀਂ ਹੀ ਕਣਕ ਦੇ ਇੱਕ ਇੱਕ ਦਾਣੇ ਦੀ ਮੋਤੀਆਂ ਜਿੰਨੀ ਕਦਰ ਸੀ। (ਕਣਕ ਸ਼ਬਦ ਦਾ ਅਰਥ ਹੀ ਸੋਨਾ ਹੈ) ਆਦਿ ਕਾਲ ਤੋਂ ਹੀ ਕਣਕ ਉਤਮ ਭੋਜਨ ਗਿਣਿਆ ਜਾਂਦਾ ਰਿਹਾ ਹੈ। ਬਹੁਤੇ ਲੋਕ ਸਾਰੇ ਸਾਲ ਜੋਗੀ ਕਣਕ ਘਰ ਨਹੀਂ ਸਨ ਰੱਖ ਪਾਉਂਦੇ, ਕਿਉਂਕਿ ਹੋਰ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਸਨ। ਕਣਕ ਹੁੰਦੀ ਕਿੰਨੀ ਕੁ ਸੀ? ਬਹੁਤੇ ਘਰਾਂ ਵਿਚ ਵਿਸਾਖੀ ਤੱਕ ਕਣਕ ਮੁੱਕ ਚੁੱਕੀ ਹੁੰਦੀ ਸੀ। ਬਹੁਤੀ ਵਾਰੀ ਮੱਕੀ, ਬਾਜਰਾ, ਚੌਲ ਆਦਿ ਖਾ ਕੇ ਸਾਲ ਪੂਰਾ ਕਰਨਾ ਪੈਂਦਾ ਸੀ।
ਕਣਕ ਜਿੰਨਾਂ ਵਧੀਆ ਅਨਾਜ ਸੀ, ਉਨ੍ਹਾਂ ਹੀ ਉਸ ਨੂੰ ਉਗਾਉਣਾ ਅਤੇ ਸਿਰੇ ਚੜ੍ਹਾਉਣਾ ਔਖਾ ਕਾਰਜ ਸੀ। ਸਿੰਚਾਈ ਦੇ ਸਾਧਨਾਂ ਤੋਂ ਪਹਿਲਾਂ ਹਰ ਫਸਲ ਹੀ ਬਰਸਾਤ `ਤੇ ਨਿਰਭਰ ਸੀ। ਖੂਹ ਲੱਗਣੇ ਸ਼ੁਰੂ ਹੋਣ ਨਾਲ ਫਸਲ ਨੂੰ ਲੋੜ ਵੇਲੇ ਪਾਣੀ ਦੇ ਸਕਣ ਦੀ ਸਹੂਲਤ ਨੇ ਖੂਹਾਂ ਵਾਲਿਆਂ ਦੀ ਟੌਹਰ ਹੋਰ ਬਣਾ ਦਿੱਤੀ। ਖੂਹਾਂ ਦੇ ਆਲੇ-ਦੁਆਲੇ ਹਰੀਆਂ-ਭਰੀਆਂ ਫਸਲਾਂ ਨਖਲਸਤਾਨ ਵਾਂਗੂੰ ਲੱਗਣ ਲੱਗੀਆਂ। ਪਸ਼ੂ ਤਾਂ ਦੂਰੋਂ ਦੂਰੋਂ ਰੱਸੇ ਤੁੜਾ ਤੁੜਾ ਕੇ ਗੱਫੇ ਲਾਉਣ ਦੇ ਲਾਲਚ ਵਿਚ ਦੌੜੇ ਆਉਂਦੇ। ਕੱਚੀ ਫਸਲ ਘੁੱਗੀਆਂ, ਤਿੱਤਰਾਂ, ਬਟੇਰਿਆਂ ਦੀ ਸ਼ਰਨ-ਗਾਹ ਵੀ ਸੀ ਅਤੇ ਪੱਕ ਜਾਣ ਤੇ ਉਨ੍ਹਾਂ ਦੀ ਖਾਦ-ਖੁਰਾਕ ਵੀ। ਪੱਕੀ ਕਣਕ ਦੇ ਸਿੱਟੇ ਪਸ਼ੂ-ਪਰਿੰਦਿਆਂ ਤੋਂ ਬਿਨਾ ਲੰਘਦੇ-ਜਾਂਦੇ ਰਾਹੀਆਂ ਤੋਂ ਵੀ ਬਚਾਉਣੇ ਪੈਂਦੇ। ਰਾਤ ਨੂੰ ਕਈ ਵਾਰੀ ਚੋਰ ਵੀ ਕਣਕ ਵੱਢ ਖੜਦੇ। ਉਦੋਂ ਲੋੜ ਪੈਂਦੀ ਸੀ ਰਾਖੀ ਦੀ।
ਆਬਾਦੀ ਵੱਧ ਅਤੇ ਕਣਕ ਦੀ ਫਸਲ ਘੱਟ ਦੀਆਂ ਪ੍ਰਸਥਿਤੀਆਂ ਸਦਕਾ ਕਣਕ ਪੱਕਣ ਦੀ ਉਡੀਕ ਵਿਚ ਅੱਖਾਂ ਪੱਕ ਜਾਂਦੀਆਂ। ਸੌ ਕਿਸਮ ਦੇ ਸੰਸੇ ਦਿਮਾਗ ਵਿਚ ਘੁਮਾਟਣੀਆਂ ਖਾਣ ਲੱਗਦੇ। ਕਣਕ ਦੇ ਸੁੱਖੀ-ਸਾਂਦੀ ਘਰ ਪਹੁੰਚਣ ਲਈ ਸੌ-ਸੌ ਅਰਦਾਸਾਂ ਕੀਤੀਆਂ ਜਾਂਦੀਆਂ, ਜੋ ਕਿ ਅੱਜ ਵੀ ਕੀਤੀਆਂ ਜਾਂਦੀਆਂ ਹਨ। “ਘਰ ਆਵੇ ਤਾਂ ਜਾਣ” ਦਾ ਫਿਕਰ ਭਾਰੂ ਹੋਣ ਲੱਗਦਾ। ਸਾਉਣੀ ਦੇ ਵੇਲੇ ਦਾ ਘਰ ਰੱਖਿਆਂ ਝੋਨਾ ਅਤੇ ਮੱਕੀ ਵੀ ਮੁੱਕਣ ਨੂੰ ਫਿਰਦੇ। ਉਧਾਰ ਲੰਬਾ ਹੋ ਜਾਣ ਕਾਰਨ ਅਤੇ ਅੱਗੋਂ ਫਸਲ ਆਉਂਦੀ ਦਿਸਦੀ ਹੋਣ ਕਾਰਨ ਸ਼ਾਹ ਵੀ ਫੇਰੇ ਮਾਰਨ ਲੱਗਦਾ। ਚੇਤਰ ਲੰਬਾ ਹੋਈ ਜਾਂਦਾ ਅਤੇ ਲੋੜਾਂ ਭਾਰੂ ਹੋਈ ਜਾਂਦੀਆਂ। ਇਹ ਮਹੀਨਾ ਆਸਾਂ ਅਤੇ ਉਡੀਕਾਂ ਦਾ ਵੀ ਹੁੰਦਾ, ਪਰ ਨਾਲ ਹੀ ਲੋੜਾਂ ਅਤੇ ਥੋੜਾਂ ਦੇ ਬੋਝ ਥੱਲੇ ਰੀਂਗਣ ਦਾ ਵੀ ਹੁੰਦਾ। ਸ਼ਾਇਦ ਇਸੇ ਕਰਕੇ ਇਸ ਨੂੰ ਤੇਰਵਾਂ ਮਹੀਨਾ ਕਹਿੰਦੇ ਸਨ।
ਕਣਕ ਦੀ ਵਢਾਈ ਦੀ ਖੁਸ਼ੀ ਵਿਚ ਵਿਸਾਖੀ ਨੂੰ ਬੜੇ ਚਾਵਾਂ ਨਾਲ ਉਡੀਕਿਆ ਜਾਂਦਾ, ਕਿਉਂਕਿ ਵਿਸਾਖੀ ਕਿਸਾਨੀ ਕੈਲੰਡਰ ਦੀ ਸੰਗਰਾਂਦ ਹੁੰਦੀ ਹੈ। ਕਿਸਾਨ ਆਈ ਵਿਸਾਖੀ ਨੂੰ ਗਲ ਨਾਲ ਲਾਉਂਦੇ ਅਤੇ ਵਾਢੀ ਦਾ ਸ਼ੁਭ ਸ਼ਗਨ ਇਸੇ ਦਿਨ ਤੋਂ ਕਰਦੇ:
ਆਈ ਵਿਸਾਖੀ ਦੇਖ, ਬਈ ਜੱਟਾ,
ਕੱਚੀ ਪੱਕੀ ਨਾ ਦੇਖ।
ਕਈ ਵਾਰ ਵਿਸਾਖ ਦੀ ਮੱਠੀ ਮੱਠੀ ਗਰਮੀ ਨਾਲ ਹੀ ਨਿੱਕੀਆਂ ਨਿੱਕੀਆਂ ਹਨੇਰੀਆਂ ਵੀ ਆ ਜਾਂਦੀਆਂ ਅਤੇ ਮੀਂਹ ਵੀ ਡਿੱਗਣ ਲੱਗਦਾ, ਪਰ ਇਸ ਮੌਸਮ ਵਿਚ ਤਾਂ ਇਕ ਕਣੀ ਵੀ ਮਾੜੀ, ਪਰ ਕਈ ਵਾਰੀ ਤਾਂ ਗੜੇ ਵੀ ਪੈ ਜਾਂਦੇ। ਬੇਵੱਸ, ਮੁਸੀਬਤਜ਼ਦਾ ਕਿਸਾਨ ਕਲੇਜੇ ਦਾ ਰੁੱਗ ਭਰ ਕੇ ਬਹਿ ਜਾਂਦਾ ਅਤੇ ਰੱਬ ਨੂੰ ਕੋਸਦਾ। ਉਸ `ਤੇ ਕ੍ਰਿਝਦਾ ਵੀ ਅਤੇ ਰਜ਼ਾ ਵਿਚ ਰਹਿਣ ਦੇ ਠੁੰਮਣੇ ਵੀ ਭਾਲਦਾ। ਕਣਕ ਕਟਾਈ ਤੋਂ ਦਾਣਿਆਂ ਦੇ ਘਰ ਪਹੁੰਚਣ ਤੱਕ ਦਾ ਸਫਰ ਕਠਿਨਾਈਆਂ ਅਤੇ ਦੁਸ਼ਵਾਰੀਆਂ ਭਰਿਆ ਸੀ। ਕਈ ਵਾਰ ਵੱਢੇ ਸੱਥਰ ‘ਤੇ, ਬੱਝੀਆਂ ਭਰੀਆਂ ‘ਤੇ, ਲਾਏ ਪੱਸਿਆਂ ‘ਤੇ ਜਾਂ ਫਿਰ ਪਿੜ ਵਿਚ ਕਿਸੇ ਵੀ ਸਮੇਂ ਮੀਂਹ-ਹਨੇਰੀ ਜਾਂ ਅੱਗ ਸਾਰਾ ਕੁਝ ਫਨਾਹ-ਫਿਲਾਹ ਕਰ ਸਕਦੀ ਸੀ। ਦੁਸ਼ਮਣ ਤੋਂ ਵੀ ਰਾਖੀ ਦੀ ਲੋੜ ਪੈਂਦੀ ਸੀ। ਹਰ ਕੰਮ ਹੱਥੀਂ ਕਰਨਾ ਪੈਂਦਾ ਸੀ ਜਾਂ ਪਸ਼ੂਆਂ ਨੂੰ ਜੋਣਾ ਪੈਂਦਾ ਸੀ। ਕਣਕ ਨੂੰ ਗਾਹੁਣਾ ਕਿਹੜਾ ਘੱਟ ਘੋਲ ਸੀ। ਡੰਗਰਾਂ ਸਮੇਤ ਸਾਰਾ ਦਿਨ ਸੱਥਰ ਉਤੇ ਫਲ੍ਹੇ ਫੇਰਨੇ ਪੈਂਦੇ ਸਨ। ਨਵੀਂ ਪੀੜ੍ਹੀ ਤਾਂ ਅਜਿਹਾ ਸੋਚ ਕੇ ਹੀ ਤਰਾਸ ਤਰਾਸ ਕਰ ਉਠੇ। ਗਾਹੁਣ ਤੋਂ ਬਾਅਦ ਤੂੜੀ ਅਤੇ ਦਾਣੇ ਅਲੱਗ ਕਰਨਾ ਵੀ ਵੱਡਾ ਸਿਆਪਾ ਸੀ। ਤਰੰਗਲੀ ਨਾਲ ਹਵਾ ਵਿਚ ਉਡਾ ਉਡਾ ਕੇ ਜਾਂ ਛੱਜ ਵਿਚ ਛੱਟ ਛੱਟ ਕੇ ਦਾਣੇ ਅਲੱਗ ਅਤੇ ਘੁੰਡੀਆਂ ਅਲੱਗ ਕੀਤੀਆਂ ਜਾਂਦੀਆਂ।
ਫਿਰ ਸਮਾਂ ਬਦਲਿਆ। ਬਿਜਲੀ ਆ ਗਈ, ਮਸ਼ੀਨਾਂ ਚੱਲ ਪਈਆਂ ਅਤੇ ਬਹਾਰਾਂ ਲੱਗ ਗਈਆਂ, ਪਰ ਅਫਸੋਸ ਕਿ ਹਰੇ ਇਨਕਲਾਬ ਦੀਆਂ ਇਹ ਬਹਾਰਾਂ ਥੋੜ੍ਹ-ਚਿਰੀਆਂ ਸਾਬਤ ਹੋਈਆਂ। ਫਸਲ ਦੀ ਬਹੁਤਾਤ ਨੇ ਆਪਣੀ ਕਿਸਮ ਦੀਆਂ ਅਣਸੁਣੀਆਂ, ਅਣਕਿਆਸੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ। ਭਾਵੇਂ ਕਿ ਮਸ਼ੀਨਾਂ ਦੀ ਵਢਾਈ ਸਹਿਜ-ਭਾ ਹੋਣ ਲੱਗੀ ਅਤੇ ਕਣਕ ਸੰਭਾਲੀ-ਸੰਵਰੀ ਵੀ ਥੋੜ੍ਹੇ ਦਿਨਾਂ ਵਿਚ ਹੀ ਜਾਣ ਲੱਗੀ। ਹੁਣ ਮੰਡੀਕਰਣ ਨੇ ਵੱਖਰੀ ਕਿਸਮ ਦੀ ਸਿਰ-ਪੀੜਾ ਲਾ ਦਿੱਤੀ। ਲਾਗਤ ਕਿਤੇ ਜ਼ਿਆਦਾ ਵੱਧ ਗਈ। ਹੁਣ ਵਪਾਰੀ ਫਸਲ ਲੈਣ ਘਰ ਨਹੀਂ ਸੀ ਆਉਂਦਾ। ਹੁਣ “ਮੇਰੀ ਕਣਕ ਮੋਤੀਆਂ ਵਰਗੀ” ਮੰਡੀ ਵਿਚ ਰੁਲਣ ਲੱਗੀ। ਹੁਣ ਇਸ ਦੀ ਰਾਖੀ ਦਾ ਦ੍ਰਿਸ਼ ਖੇਤਾਂ ਤੋਂ ਬਦਲ ਕੇ ਮੰਡੀ ਵੱਲ ਨੂੰ ਹੋ ਗਿਆ। ਹੁਣ ਸੋਨੇ ਰੰਗੀ ਮੋਤੀਆਂ ਵਰਗੀ ਕਣਕ ਕਈਆਂ ਦੇ ਪੈਰੀਂ ਪੈਂਦੀ ਹੈ; ਕਦੀ ਵਪਾਰੀ ਦੇ, ਕਦੀ ਆੜਤੀਏ ਦੇ, ਕਦੀ ਅਫਸਰਸ਼ਾਹੀ ਦੇ, ਕਦੀ ਰਾਜਨੀਤਕ ਲੀਡਰਾਂ ਦੇ। ਹੁਣ ਉਹ ਆਪਣੀ ਫਸਲ ਦਾ ਰਾਜਾ ਨਹੀਂ ਸੀ ਰਿਹਾ। ਉਹ ਕਈਆਂ ਦੀ ਮੁਥਾਜੀ ਕਰਦਾ ਹੈ। ਕਦੀ ਮੁੱਲ ਲਾਉਣ ਵਾਲੇ ਦੀ, ਕਦੀ ਛਾਨਣਾ ਲਾਉਣ ਵਾਲੇ ਦੀ, ਕਦੀ ਤੋਲਣ ਵਾਲੇ ਦੀ, ਕਦੇ ਚੈੱਕ ਦੇਣ ਵਾਲੇ ਦੀ ਅਤੇ ਕਦੇ ਕੈਸ਼ ਕਰਨ ਵਾਲੇ ਦੀ। ਖੇਤਾਂ ਦਾ ਰਾਜਾ ਗੁਲਾਮ ਬਣ ਕੇ ਰਹਿ ਗਿਆ, ਉਹ ਫਿਰ ਵੀ ਸਭ ਕੁਝ ਝੱਲੀ ਜਾਂਦਾ ਸੀ, ਪਰ ਨਵੇਂ ਪਾਸ ਕੀਤੇ ਬਿੱਲ ਤਾਂ ਉਸ ਨੂੰ ਮੌਜੂਦਾ ਸਥਿਤੀ ਤੋਂ ਵੀ ਬਦਤਰ ਸਥਿਤੀ ਵੱਲ ਨੂੰ ਤੋਰਨ ਲਈ ਤਿਆਰ ਹਨ।
ਬੇਚਾਰਾ ਜੱਟ! ਸੱਚੇ ਪਾਤਸ਼ਾਹ ਵੀ ਉਸ ਨਾਲ ਖੇਡਾਂ ਖੇਡੀ ਜਾਂਦੈ ਅਤੇ ਦੇਸ਼ ਦਾ ਰਖਵਾਲਾ ਵੀ ਉਸ ਦੀ ਫਸਲ ਨਾਲ ਨਿਆਂ ਨਹੀਂ ਕਰਦਾ!