ਸਮਾਜਿਕ ਸਰੋਕਾਰਾਂ ਦਾ ਲੇਖਕ ਨਿਰਦੇਸ਼ਕ ਸਾਗਰ ਸਰਹੱਦੀ

ਸਾਗਰ ਸਰਹੱਦੀ ਦੀਆਂ ਰਚਨਾਵਾਂ ਵਿਚ ਵੰਡ ਦੇ ਦੁਖਾਂਤ ਅਤੇ ਇਨਸਾਨ ਦੀ ਟੁਕੜੇ ਹੋ ਚੁੱਕੀ ਹੋਂਦ ਦਾ ਗਮ, ਇਨਸਾਨ ਦੀ ਆਪਣੀ ਬੇਕਦਰੀ ਦਾ ਅਹਿਸਾਸ, ਆਪਣੇ ਅਹਿਮ ਤੇ ਆਪਣੀ ਹੋਂਦ ਨੂੰ ਆਜ਼ਾਦ ਸਵੀਕ੍ਰਿਤੀ ਨਾ ਮਿਲਣ ਦਾ ਅਹਿਸਾਸ ਤੇ ਰਫਿਊਜੀ ਕੈਂਪਾਂ ਵਿਚ ਦੇਖੀ ਗਰੀਬਾਂ ਦੀ ਦੁਰਦਸ਼ਾ ਵਿਚੋਂ ਨਿਕਲੀ ਜ਼ਿੰਦਗੀ ਦਾ ਜ਼ਿਕਰ ਸੀ। ਐਸੇ ਲੋਕਾਂ ਬਾਰੇ ਉਸ ਨੇ ਉਰਦੂ ਕਹਾਣੀ ‘ਜੀਵ ਜਨਾਵਰ’ ਲਿਖੀ। ਇਹ ਕਹਾਣੀ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ‘ਇਲਸਟ੍ਰੇਟਡ ਵੀਕਲੀ’ ਵਿਚ ਛਪੀ।

ਅਮਰੀਕ ਗਿੱਲ
ਫੋਨ: +91-98200-44119
ਮਿਤੀ: 27 ਮਾਰਚ, 2021; ਸਥਾਨ: ਮੁੰਬਈ, ਮਹਾਰਾਸ਼ਟਰ, ਸਾਗਰ ਸਰਹੱਦੀ ਦਾ ਘਰ; ਸਮਾਂ: ਤੜਕਸਾਰ, ਸਵੇਰ।
ਸਵੇਰ ਤੋਂ ਹੀ ਹਵਾ ਵਿਚ ਮਨਹੂਸੀਅਤ ਜਿਹੀ ਭਰੀ ਹੋਈ ਹੈ। ਸਭ ਦੇ ਮਨ ਉਦਾਸ। ਬੇਚੈਨੀ ਦਾ ਆਲਮ। ਇਹ ਸਭ ਕਿਉਂ ਹੈ? ਕਿਸੇ ਨੂੰ ਕੁਝ ਨਹੀਂ ਪਤਾ। ਚਾਰ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਹੋਏ ਨੇ। ਅਖਬਾਰ ਆਉਂਦੀ ਹੈ। ਸਾਹਮਣੇ ਖਬਰ ਹੈ: ਰੁਮਾਂਸ, ਦਰਦ ਤੇ ਸਮਾਜਿਕ ਸਰੋਕਾਰਾਂ ਦੇ ਵੱਡੇ ਲੇਖਕ ਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਦੇਹਾਂਤ।
ਸਾਗਰ ਸਰਹੱਦੀ ਉਮਰ ਦੇ 88 ਸਾਲ ਪੂਰੇ ਕਰ ਚੁੱਕੇ ਸਨ। ਉਨ੍ਹਾਂ ਦਾ ਜਨਮ ਸਥਾਨ ਅੱਜਕੱਲ੍ਹ ਦੇ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਸੂਬੇ, ਭਾਵ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਦਾ ਪਿੰਡ ਬਾਫਾ ਸੀ। ਸਾਗਰ ਸਰਹੱਦੀ ਦੇ ਪਿਤਾ ਥਾਨ ਸਿੰਘ ਤਲਵਾਰ ਅਤੇ ਮਾਂ ਪ੍ਰੇਮਾ ਦੇਈ ਸੀ। ਸਾਗਰ ਸਰਹੱਦੀ ਦਾ ਵੱਡਾ ਭਰਾ ਅਤਰ ਚੰਦ ਤਲਵਾਰ ਵਿਆਹਿਆ ਹੋਇਆ ਸੀ। ਸਾਗਰ ਦਾ ਜਨਮ 11 ਮਈ 1933 ਨੂੰ ਬਾਫਾ ਪਿੰਡ ਹੀ ਹੋਇਆ। ਇਸ ਦਾ ਬਚਪਨ ਵਿਚ ਨਾਂ ਗੰਗਾ ਸਾਗਰ ਤਲਵਾਰ ਰੱਖਿਆ ਗਿਆ। ਸ਼ੁਰੂ ਦੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਹੀ ਕਰਵਾਈ ਗਈ। ਪਿੰਡ ਤੋਂ ਕੋਈ 11 ਕਿਲੋਮੀਟਰ ਦੂਰ ਐਬਟਾਬਾਦ ਨਾਂ ਦਾ ਵੱਡਾ ਸ਼ਹਿਰ ਸੀ। ਪਿੰਡ ਵਿਚ ਤਲਵਾਰ ਪਰਿਵਾਰ ਦੁਕਾਨਦਾਰੀ, ਸਰਕਾਰੀ ਕੰਮਾਂ ਦੇ ਠੇਕੇ ਲੈਣ ਤੇ ਸ਼ਹਿਰਦਾਰੀ ਦੇ ਛੋਟੇ-ਵੱਡੇ ਲੈਣ-ਦੇਣ ਦਾ ਕਾਰੋਬਾਰ ਕਰਦਾ ਸੀ। ਅਤਰ ਚੰਦ ਤਲਵਾਰ ਥੋੜ੍ਹਾ ਪੜ੍ਹ ਕੇ ਘਰ ਦੇ ਕਾਰੋਬਾਰ ਵਿਚ ਹੀ ਕੰਮ ਵਿਚ ਰੁਝ ਗਿਆ। ਪਿਤਾ ਥਾਨ ਸਿੰਘ ਤੇ ਦਾਦਾ ਜੀ ਵੀ ਕੰਮ-ਕਾਜ ਵਿਚ ਹੱਥ ਵਟਾਉਂਦੇ ਸਨ। ਪੂਰਾ ਪਿੰਡ ਆਪਸ ਵਿਚ ਭਾਈਚਾਰਕ ਸਾਂਝ ਵਿਚ ਬੰਨ੍ਹਿਆ ਹੋਇਆ ਸੀ। ਹਿੰਦੂ, ਸਿੱਖਾਂ, ਮੁਸਲਮਾਨਾਂ ਵਿਚ ਭਾਈਚਾਰਕ ਸਾਂਝ ਪੂਰੀ ਕਾਇਮ ਸੀ।
ਇਸ ਇਲਾਕੇ ਵਿਚ ਛੋਟੀਆਂ ਪਹਾੜੀਆਂ, ਚਾਰੇ ਪਾਸੇ ਹਰਿਆਵਲ, ਲਵੇਰੀਆਂ ਮੱਝਾਂ ਗਾਵਾਂ, ਖਾਣ ਪੀਣ ਲਈ ਫਲ, ਮੇਵੇ ਆਦਿ ਸੁਆਦਲੀਆਂ ਚੀਜ਼ਾਂ ਦੀ ਭਰਮਾਰ ਸੀ। ਬਾਫਾ ਦੇ ਨਾਲ ਹੀ ਸਿਰਾਨ ਨਦੀ ਵਹਿੰਦੀ ਸੀ। ਕਲ-ਕਲ ਕਰਦੇ ਵਹਿੰਦੇ ਪਾਣੀ ਵਿਚ ਬੱਚੇ ਹੱਸਦੇ, ਨੱਚਦੇ ਤੇ ਸਿਰਾਨ ਦੇ ਪੱਕੇ ਪੁਲਾਂ ਤੋਂ ਨਦੀ ਵਿਚ ਛਾਲਾਂ ਮਾਰਦੇ ਤੇ ਚੰਗਾੜਾਂ ਮਾਰਦੇ ਤਾਰੀਆਂ ਲਾਉਂਦੇ। ਗੰਗਾ ਸਾਗਰ ਸਕੂਲ ਵਿਚ ਚੰਗਾ ਤੇ ਜ਼ਿਹਨੀ ਵਿਦਿਆਰਥੀ ਸੀ। ਉਸ ਦਾ ਜ਼ਿਆਦਾ ਸਮਾਂ ਦਰਿਆ ਸਿਰਾਨ ਤੇ ਹਰੀਆਂ-ਭਰੀਆਂ ਪਹਾੜੀਆਂ ਵਿਚ ਹੀ ਬੀਤਦਾ। ਨਦੀ ਦੇ ਪੁਲ ‘ਤੇ ਬੈਠਾ ਸਕੂਲ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ। ਇਧਰ ਅਤਰ ਚੰਦ ਦੇ ਘਰ ਇਕ ਧੀ ਨੇ ਜਨਮ ਲੈ ਲਿਆ ਤੇ ਅਗਲੇ ਸਾਲ ਇਕ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਰਮੇਸ਼ ਤਲਵਾਰ ਰੱਖਿਆ ਜੋ ਵੱਡਾ ਹੋ ਕੇ ਫਿਲਮ ਤੇ ਰੰਗਮੰਚ ਦਾ ਨਾਮੀ ਨਿਰਦੇਸ਼ਕ ਬਣਿਆ। ਗੰਗਾ ਸਾਗਰ ‘ਤੇ ਦਸਵੀਂ ਦੀ ਪ੍ਰੀਖਿਆ ਦੀ ਪੜ੍ਹਾਈ ਦਾ ਜ਼ੋਰ ਪੈ ਗਿਆ। ਉਹ ਦਿਨ ਰਾਤ ਪੜ੍ਹਾਈ ਵਿਚ ਲੱਗਾ ਰਹਿੰਦਾ।
ਫਿਰ ਦੇਸ਼ ਵਿਚ ਅਜੀਬ ਜਿਹੀਆਂ ਕਨਸੋਆਂ ਫੈਲਣ ਲੱਗੀਆਂ ਕਿ ਆਜ਼ਾਦੀ ਮਿਲਣ ਵਾਲੀ ਹੈ। ਫਿਰ ਹੋਰ ਖਬਰਾਂ ਆਈਆਂ ਕਿ ਦੇਸ਼ ਦੇ ਦੋ ਟੁਕੜੇ ਹੋ ਜਾਣਗੇ, ਉਜਾੜਾ ਪੈ ਜਾਵੇਗਾ। ਆਪਣੇ ਪਿੰਡ ਤੇ ਆਪਣੇ ਦਰਿਆ ਸਿਰਾਨ ਨੂੰ ਛੱਡ ਕੇ ਜਾਣਾ ਗੰਗਾ ਸਾਗਰ ਨੂੰ ਮਨਜ਼਼ੂਰ ਨਹੀਂ ਸੀ। ਫਿਰ 15 ਅਗਸਤ 1947 ਦਾ ਦਿਨ ਆ ਗਿਆ। ਭਾਰਤ ਆਜ਼ਾਦ ਹੋ ਗਿਆ। ਸਾਰਾ ਦੇਸ਼ ਆਜ਼ਾਦੀ ਆਉਣ ਦੀ ਖੁਸ਼ੀ ਵਿਚ ਜਸ਼ਨ ਮਨਾਉਣ ਲੱਗਾ। ਨਾਲ ਹੀ ਖਬਰਾਂ ਆਈਆਂ ਕਿ ਇਨ੍ਹਾਂ ਸਭ ਨੂੰ ਇਹ ਇਲਾਕਾ ਛੱਡ ਕੇ ਆਜ਼ਾਦ ਹਿੰਦੋਸਤਾਨ ਜਾਣਾ ਪਵੇਗਾ। ਗੰਗਾ ਸਾਗਰ ਨੂੰ ਇਹ ਵਿਛੋੜਾ ਮਨਜ਼਼ੂਰ ਨਹੀਂ ਸੀ।
ਗੰਗਾ ਸਾਗਰ ਦਰਿਆ ਸਿਰਾਨ ਕੰਢੇ ਬੈਠਾ ਰੋਂਦਾ ਰਹਿੰਦਾ, ਉਸ ਦੇ ਪਾਣੀ ਨੂੰ ਚੁਲੀਆਂ ਵਿਚ ਭਰ-ਭਰ ਚੁੰਮਦਾ। ਇਕ ਦਿਨ ਉਸ ਨੂੰ ਲੱਭਦੀ ਪ੍ਰੇਮਾ ਦੇਈ ਉੱਥੇ ਆਈ ਤੇ ਆਪਣੇ ਗਲ ਨਾਲ ਲਾ ਕੇ ਸਮਝਾ ਕੇ ਬੋਲੀ, ”ਗੰਗਾ ਪੁੱਤ, ਹੁਣ ਤਾਂ ਸਾਨੂੰ ਜਾਣਾ ਹੀ ਪਏਗਾ।” ਰੋਂਦੇ ਹੋਏ ਗੰਗਾ ਨੇ ਕਿਹਾ, ”ਬੇਬੇ, ਮੈਂ ਨਹੀਂ ਜਾਣਾ, ਜੇ ਤੁਸੀਂ ਜਾਣਾ ਹੀ ਹੈ ਤਾਂ ਮੈਨੂੰ ਇੱਥੇ ਛੱਡ ਜਾਉ।” ਪ੍ਰੇਮਾ ਦੇਈ ਨੇ ਕਿਹਾ, ”ਪੁੱਤ, ਤੈਨੂੰ ਕਿਵੇਂ ਛੱਡ ਸਕਦੇ ਹਾਂ, ਆਪਣੇ ਬਾਫਾ ਨਾਲੋਂ ਵੀ ਸੋਹਣੇ ਪਿੰਡ ਜਾਵਾਂਗੇ।” ਗੰਗਾ ਵਿਲਕ ਪਿਆ, ”ਬੇਬੇ, ਉਸ ਪਿੰਡ ਵਿਚ ਆਪਣੀ ਸਿਰਾਨ ਨਦੀ ਕਿੱਥੋਂ ਲਿਆਵਾਂਗੇ? ਮੈਂ ਨਹੀਂ ਜਾਵਾਂਗਾ।” ਪਰ ਸਰਕਾਰ ਦੇ ਹੁਕਮਾਂ ਨੂੰ ਕੌਣ ਟਾਲ ਸਕਦਾ ਹੈ? ਸਭ ਨੂੰ ਬਾਫਾ ਛੱਡ ਕੇ ਉਥੋਂ ਹਿੰਦੋਸਤਾਨ ਆਉਣਾ ਪਿਆ। ਸਭ ਆਪਣੇ ਤਿੰਨਾਂ ਕੱਪੜਿਆਂ ਨਾਲ ਹੀ ਸ੍ਰੀਨਗਰ (ਕਸ਼ਮੀਰ) ਵੱਲ ਚੱਲ ਪਏ। ਥੋੜ੍ਹੇ ਬਹੁਤ ਪੈਸੇ, ਕੁਝ ਗਹਿਣੇ। ਨਾ ਜਾਇਦਾਦ ਵੇਚ ਸਕੇ, ਨਾ ਘਰ-ਬਾਰ ਤੇ ਨਾ ਹੀ ਜ਼ਮੀਨਾਂ। ਪਿੰਡ ਬਾਫਾ, ਐਬਟਾਬਾਦ, ਪਿਸ਼ਾਵਰ ਸਭ ਛੱਡ ਕੇ ਸ੍ਰੀਨਗਰ ਵੱਲ ਕਾਫਲੇ ਬਣਾ ਕੇ ਚੱਲ ਪਏ ਕਿਉਂਕਿ ਬਾਫਾ ਸ੍ਰੀਨਗਰ ਤੋਂ ਬਹੁਤ ਨੇੜੇ ਸੀ। ਸ੍ਰੀਨਗਰ ਪਹੁੰਚ ਗਏ। ਫਿਰ ਵੱਡਾ ਸੰਘਰਸ਼ ਸ਼ੁਰੂ ਹੋ ਗਿਆ। ਗੰਗਾ ਸਾਗਰ ਕੋਲ ਸਿਰਫ ਦਸਵੀਂ ਪਾਸ ਦਾ ਸਰਟੀਫਿਕੇਟ ਸੀ। ਪਿਤਾ ਥਾਨ ਸਿੰਘ ਤਲਵਾਰ ਕੋਲ 3-4 ਹਜ਼ਾਰ ਰੁਪਏ ਤੇ ਥੋੜ੍ਹੇ ਪਿੱਛੇ ਰਹਿ ਚੁੱਕੀ ਜਾਇਦਾਦ ਦੇ ਕਾਗਜ਼।
ਸ੍ਰੀਨਗਰ ਦੇ ਰਫਿਊਜੀ ਕੈਂਪਾਂ ਵਿਚ ਥਾਨ ਸਿੰਘ ਤਲਵਾਰ, ਅਤਰ ਚੰਦ ਤਲਵਾਰ, ਰਮੇਸ਼ ਤਲਵਾਰ ਅਤੇ ਗਰਭਵਤੀ ਮਾਂ ਪ੍ਰੇਮਾ ਦੇਈ ਸੀ। ਇੱਥੇ ਕੈਂਪ ਵਿਚ ਹੀ 27 ਸਤੰਬਰ 1947 ਨੂੰ ਵਿਜੈ ਤਲਵਾਰ ਪੈਦਾ ਹੋਇਆ। ਥਾਨ ਸਿੰਘ ਤਲਵਾਰ ਦੇ ਚਾਰ ਬੱਚੇ ਸਨ। ਅਤਰ ਚੰਦ, ਗੰਗਾ ਸਾਗਰ, ਵਿਜੈ ਤੇ ਇੱਕ ਵੱਡੀ ਭੈਣ। ਗੰਗਾ ਸਾਗਰ ਤੇ ਅਤਰ ਚੰਦ ਤਾਂ ਕੈਂਪ ਵਿਚ ਦਿਨ ਰਾਤ ਕੰਮ ਵਿਚ ਖੁੱਭ ਗਏ, ਟੱਬਰ ਨੂੰ ਜਿਊਂਦਾ ਰੱਖਣ ਲਈ ਹਰ ਤਰ੍ਹਾਂ ਦੀ ਮਜ਼ਦੂਰੀ ਕੀਤੀ। ਗੰਗਾ ਸਾਗਰ ਦੌੜ-ਭੱਜ ਕਰ ਕੇ ਰੋਜ਼ ਦੇ 8-10 ਰੁਪਏ ਕਮਾ ਲੈਂਦਾ ਸੀ। ਇੱਥੇ ਤਕਰੀਬਨ ਡੇਢ ਸਾਲ ਰਹੇ। ਇੱਥੇ ਖਬਰ ਮਿਲੀ ਕਿ ਭਾਰਤ ਸਰਕਾਰ ਸ਼ਰਨਾਰਥੀਆਂ ਨੂੰ ਸਰਕਾਰੀ ਖਰਚੇ ‘ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਲੈ ਜਾਏਗੀ। ਇਕ ਚੰਗਾ ਕੰਮ ਸ੍ਰੀਨਗਰ ਵਿਚ ਇਹ ਹੋ ਗਿਆ ਕਿ ਇਨ੍ਹਾਂ ਦੀ ਬਾਫਾ ਵਿਚ ਰਹਿ ਚੁੱਕੀ ਜਾਇਦਾਦ ਅਤੇ ਦੁਕਾਨਾਂ ਬਦਲੇ ਸਰਕਾਰ ਵੱਲੋਂ 10-12 ਹਜ਼ਾਰ ਰੁਪਏ ਇਵਜ਼ਾਨਾ ਮਿਲ ਗਿਆ। ਕੁਝ ਪੈਸੇ ਸਾਰਿਆਂ ਨੇ ਸ੍ਰੀਨਗਰ ਰਫਿਊਜੀ ਕੈਂਪ ਵਿਚ ਕੰਮ ਕਰ ਕੇ ਜਮ੍ਹਾਂ ਕਰ ਲਏ ਸਨ। ਸ੍ਰੀਨਗਰ ਕੈਂਪ ਵਿਚ ਰਹਿੰਦਿਆਂ ਗੰਗਾ ਸਾਗਰ ਨੇ ਉਜਾੜੇ ਦਾ ਸੰਤਾਪ ਹੰਢਾਉਂਦੇ ਸ਼ਰਨਾਰਥੀਆਂ ਦੀਆਂ ਹਜ਼ਾਰਾਂ ਦੁੱਖਾਂ ਭਰੀਆਂ ਕਹਾਣੀਆਂ ਸੁਣੀਆਂ, ਉਨ੍ਹਾਂ ਦੀਆਂ ਬਿਮਾਰੀਆਂ ਤੇ ਮਹਾਂ-ਗਰੀਬੀ ਵਿਚ ਉਨ੍ਹਾਂ ਦਾ ਸਾਥ ਨਿਭਾਇਆ। ਕੈਂਪ ‘ਚ ਵੀ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ। ਗੰਗਾ ਸਾਗਰ ਉਨ੍ਹਾਂ ਦੀਆਂ ਲਾਸ਼ਾਂ ਦੇ ਦਾਹ ਸੰਸਕਾਰ ਕਰਦਾ। ਉਸ ਦਾ ਮਨ ਹਮੇਸ਼ਾ ਉਦਾਸੀ ਵਿਚ ਗਲਤਾਨ ਰਹਿੰਦਾ ਸੀ ਤਾਂ ਉਸ ਨੂੰ ਦੂਸਰਿਆਂ ਦੇ ਵੱਡੇ-ਵੱਡੇ ਦੁੱਖ ਦੇਖ ਕੇ ਆਪਣਾ ਦੁੱਖ ਛੋਟਾ ਲੱਗਣ ਲੱਗਿਆ ਜਿਸ ਕਾਰਨ ਉਸ ਦੀ ਅੱਲੜ੍ਹਪੁਣੇ ਵਿਚ ਹੀ ਸਿਆਣਪ ਦੀ ਸੂਝ ਪੁੰਗਰਨ ਲੱਗ ਪਈ।
ਦਿੱਲੀ ਵਿਚ ਤਲਵਾਰ ਪਰਿਵਾਰ ਵਿਚ ਅਤਰ ਚੰਦ ਤਲਵਾਰ, ਪਿਤਾ ਥਾਨ ਸਿੰਘ ਤਲਵਾਰ ਤਾਂ ਕੰਮ ਵਿਚ ਸਵੇਰ ਤੋਂ ਸ਼ਾਮ ਤੱਕ ਜੁਟੇ ਰਹਿੰਦੇ। ਸਬਜ਼ੀਆਂ ਵੇਚਦੇ। ਗੰਗਾ ਸਾਗਰ ਕੁਲੀ ਦੇ ਤੌਰ ‘ਤੇ ਭਾਰੀ-ਭਰਕਮ ਸਾਮਾਨ ਸਿਰ ‘ਤੇ ਚੁੱਕ ਕੇ ਦੂਜੇ ਥਾਵਾਂ ‘ਤੇ ਪਹੁੰਚਾਉਂਦਾ। ਪੰਜਾਬੀਆਂ ਨੇ ਮਜ਼ਦੂਰੀ, ਗਰੀਬੀ, ਉਜਾੜੇ ਦਾ ਹਰ ਨੁਕਸਾਨ ਬਰਦਾਸ਼ਤ ਕਰ ਲਿਆ ਪਰ ਇਕ ਵੀ ਪੰਜਾਬੀ ਮਰਦ ਜਾਂ ਬੱਚਾ ਭਿਖਾਰੀ ਨਹੀਂ ਬਣਿਆ ਤੇ ਨਾ ਹੀ ਕਿਸੇ ਪੰਜਾਬੀ ਔਰਤ ਜਾਂ ਕਿਸੇ ਜਵਾਨ ਕੁੜੀ ਨੇ ਵੇਸਵਾਗਿਰੀ ਨੂੰ ਅਪਣਾਇਆ।
ਤਲਵਾਰ ਪਰਿਵਾਰ ਨੂੰ ਖਬਰ ਮਿਲੀ ਕਿ ਉਨ੍ਹਾਂ ਦੀ ਬਿਰਾਦਰੀ ਦੇ ਬਾਫਾ ਦੇ ਬਹੁਤ ਸਾਰੇ ਸ਼ਰਨਾਰਥੀ ਮੁੰਬਈ ਵਿਚ ਜਾ ਵਸੇ ਨੇ। ਬਾਫਾ ਬਿਰਾਦਰੀ ਦੇ ਨਾਲ-ਨਾਲ ਐਬਟਾਬਾਦ ਬਿਰਾਦਰੀ ਵਾਲੇ ਤਾਂ ਜ਼ਿਆਦਾ ਗਿਣਤੀ ਵਿਚ ਮੁੰਬਈ ਪਹੁੰਚੇ ਹੋਏ ਸਨ। ਆਪਣੀਆਂ ਵਿਛੜੀਆਂ ਜੜ੍ਹਾਂ ਨੂੰ ਲੱਭਣ ਲਈ ਥਾਨ ਸਿੰਘ ਤਲਵਾਰ ਪਰਿਵਾਰ ਸਮੇਤ ਮੁੰਬਈ ਨੂੰ ਚੱਲ ਲਿਆ। ਤਲਵਾਰ ਪਰਿਵਾਰ ਮੁੰਬਈ ਆ ਕੇ ਕੋਹਲੀਵਾੜਾ, ਸਰਦਾਰ ਨਗਰ ਵਿਚ ਵੱਡੇ ਸ਼ਰਨਾਰਥੀ ਕੈਂਪ ਵਿਚ ਟਿਕ ਗਿਆ। ਇੱਥੇ ਸਰਦਾਰ ਨਗਰ, ਕੋਹਲੀਵਾੜੇ ਵਿਚ ਬਾਫਾ ਵਾਲੇ, ਹਜ਼ਾਰੇ ਵਾਲੇ ਤੇ ਐਬਟਾਬਾਦ ਵਾਲਿਆਂ ਦਾ ਬੋਲਬਾਲਾ ਸੀ। ਨੌਜਵਾਨ ਮੁੰਡਿਆਂ ਨੇ ਕਾਰਾਂ ਠੀਕ ਕਰਨ ਦੇ ਕੰਮ ਸਿੱਖ ਲਏ। ਦਾਦਰ, ਮੁੰਬਈ ਦੇ ਐਨ ਵਿਚਕਾਰ ਦਾ ਇਲਾਕਾ। ਸਭ ਤੋਂ ਵੱਡਾ ਗੁਰਦੁਆਰਾ ਵੀ ਦਾਦਰ ਵਿਚ ਸੀ। ਦਾਦਰ ਸਟੇਸ਼ਨ ‘ਤੇ ਸਾਰੇ ਦੇਸ਼ ਵਿਚੋਂ ਗੱਡੀਆਂ ਆਉਂਦੀਆਂ। ਟੈਕਸੀ ਬਿਜ਼ਨਸ ਪੂਰੇ ਜੋਬਨ ‘ਤੇ ਸੀ। ਪੁਰਾਣੀਆਂ ਕਾਰਾਂ ਨੂੰ ਠੀਕ ਕਰਨ ਦੀਆਂ ਦੁਕਾਨਾਂ ਖੁੱਲ੍ਹਣ ਲੱਗੀਆਂ। ਕੋਹਲੀਵਾੜਾ ਵਿਚ ਪੰਜਾਬੀ ਖਾਣਿਆਂ, ਛੋਲੇ-ਭਟੂਰੇ, ਮੱਕੀ ਦਾ ਆਟਾ, ਗੰਦਲਾਂ ਵਾਲਾ ਸਾਗ, ਮੀਟ, ਚਿਕਨ ਤੇ ਪੰਜਾਬੀ ਮੱਛੀ ਵਿਕਣ ਲੱਗੀ। ਹਜ਼ਾਰੇ ਵਾਲਿਆਂ ਕੋਹਲੀਵਾੜੇ ਵਿਚ ਹੀ ਹਜ਼ਾਰਾ ਹੋਟਲ ਖੋਲ੍ਹ ਦਿੱਤਾ।
ਗੰਗਾ ਸਾਗਰ ਤਲਵਾਰ ਪਾਕਿਸਤਾਨ ਤੋਂ ਦਸਵੀਂ ਪਾਸ ਕਰ ਕੇ ਆਇਆ ਸੀ। ਉਸ ਦੇ ਵੱਡੇ ਭਰਾ ਅਤਰ ਚੰਦ ਤਲਵਾਰ ਨੇ ਉਸ ਨੂੰ ਖਾਲਸਾ ਕਾਲਜ ਵਿਚ ਅਤੇ ਆਪਣੇ ਵੱਡੇ ਪੁੱਤਰ ਰਮੇਸ਼ ਤਲਵਾਰ ਤੇ ਉਸ ਦੀ ਭੈਣ ਨੂੰ ਕੋਹਲੀਵਾੜੇ ਦੇ ਗੁਰੂੂ ਨਾਨਕ ਸਕੂਲ ਵਿਚ ਦਾਖਲ ਕਰਵਾ ਦਿੱਤਾ।
ਗੰਗਾ ਸਾਗਰ ਖਾਲਸਾ ਕਾਲਜ ਵਿਚ ਜਾਂਦਿਆਂ ਹੀ ਕਹਾਣੀਆਂ ਅਤੇ ਨਾਟਕ ਲਿਖਣ ਲੱਗ ਪਿਆ। ਖਾਲਸਾ ਕਾਲਜ ਦੇ ਡਰਾਮਾ ਕਲੱਬ ਦਾ ਮੈਂਬਰ ਸੀ। ਇਸ ਦੇ ਲਿਖੇ ਨਾਟਕ ਖਾਲਸਾ ਕਾਲਜ ਤੇ ਸ਼ਹਿਰ ਦੇ ਹੋਰ ਕਾਲਜਾਂ ਵਿਚ ਖੇਡੇ ਜਾਣ ਲੱਗੇ। ਉਰਦੂ ਕਹਾਣੀਆਂ ਬੰਬਈ ਦੇ ਰਸਾਲਿਆਂ ਵਿਚ ਛਪਣ ਲੱਗੀਆਂ। ਸਾਗਰ ਫਿਲਮਕਾਰ ਜਿਆ ਸਰਹੱਦੀ ਤੋਂ ਕਾਫੀ ਪ੍ਰਭਾਵਿਤ ਸੀ। ਉਸ ਨੇ ਆਪਣੇ ਨਾਮ ਵਿਚੋਂ ਸਾਗਰ ਸ਼ਬਦ ਚੁਣਿਆ ਤੇ ਜਿਆ ਸਰਹੱਦੀ ਤੋਂ ਸਰਹੱਦੀ ਉਧਾਰਾ ਲਿਆ। ਇਉਂ ਬਾਫਾ ਦਾ ਗੰਗਾ ਸਾਗਰ ਤਲਵਾਰ, ਸਾਗਰ ਸਰਹੱਦੀ ਬਣ ਗਿਆ ਜੋ ਭਾਰਤੀ ਕਮਿਊਨਿਸਟ ਪਾਰਟੀ ਅਤੇ ‘ਇਪਟਾ’ ਬੰਬਈ ਦਾ ਵੀ ਮੈਂਬਰ ਸੀ। ਕੈਫੀ ਆਜ਼ਮੀ, ਅਲੀ ਸਰਦਾਰ ਜਾਫਰੀ, ਸਾਹਿਰ ਲੁਧਿਆਣਵੀ, ਬਲਰਾਜ ਸਾਹਨੀ ਨਾਲ ਉੱਠਦਾ-ਬੈਠਦਾ ਸੀ। ਨਾਟਕ ਲਿਖਦਾ, ਪ੍ਰੋਡਿਊਸ ਕਰਦਾ, ਉਹ ਉਰਦੂ ਸਾਹਿਤ ਦਾ ਵੱਡਾ ਲੇਖਕ ਬਣ ਰਿਹਾ ਸੀ।
ਸਾਗਰ ਸਰਹੱਦੀ ਦੀਆਂ ਰਚਨਾਵਾਂ ਵਿਚ ਵੰਡ ਦੇ ਦੁਖਾਂਤ ਅਤੇ ਇਨਸਾਨ ਦੀ ਟੁਕੜੇ ਹੋ ਚੁੱਕੀ ਹੋਂਦ ਦਾ ਗਮ, ਇਨਸਾਨ ਦੀ ਆਪਣੀ ਬੇਕਦਰੀ ਦਾ ਅਹਿਸਾਸ, ਆਪਣੇ ਅਹਿਮ ਤੇ ਆਪਣੀ ਹੋਂਦ ਨੂੰ ਆਜ਼ਾਦ ਸਵੀਕ੍ਰਿਤੀ ਨਾ ਮਿਲਣ ਦਾ ਅਹਿਸਾਸ ਤੇ ਰਫਿਊਜੀ ਕੈਂਪਾਂ ਵਿਚ ਦੇਖੀ ਗਰੀਬਾਂ ਦੀ ਦੁਰਦਸ਼ਾ ਵਿਚੋਂ ਨਿਕਲੀ ਜ਼ਿੰਦਗੀ ਦਾ ਜ਼ਿਕਰ ਸੀ। ਐਸੇ ਲੋਕਾਂ ਬਾਰੇ ਉਸ ਨੇ ਉਰਦੂ ਕਹਾਣੀ ‘ਜੀਵ ਜਨਾਵਰ’ ਲਿਖੀ। ਇਹ ਕਹਾਣੀ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ‘ਇਲਸਟ੍ਰੇਟਡ ਵੀਕਲੀ’ ਵਿਚ ਛਪੀ।
ਸਾਗਰ ਸਰਹੱਦੀ ਦੇ ਨਾਟਕ ਖਾਲਸਾ ਕਾਲਜ ਬੰਬਈ ਵਿਚ ਹੀ ਪਹਿਲੋਂ ਖੇਡੇ ਗਏ। ਜਿਵੇਂ ‘ਮੇਰੇ ਦੇਸ਼ ਕੇ ਗਾਓਂ’, ‘ਖਿਆਲ ਕੀ ਦਸਤਕ’, ‘ਮਸੀਹਾ’, ‘ਮੈਂ ਆਸ਼ਾ ਹੋਤਾ ਹੂੰ’, ‘ਮਿਰਜ਼ਾ ਸਾਹਿਬਾਂ’ ਆਦਿ। ਨਾਟਕ ‘ਮਿਰਜ਼ਾ-ਸਾਹਿਬਾਂ’ ਸਿਰਫ ਮਿਰਜ਼ਾ-ਸਾਹਿਬਾ ਦੀ ਪ੍ਰੇਮ-ਕਥਾ ਨਹੀਂ ਸਗੋਂ ਵੰਡ ਵੇਲੇ ਦੇ ਦੁਖਾਂਤ ਉਪਰ ਸੀ ਜਿਸ ਦਾ ਮੁੱਖ ਨਾਇਕ ਬੱਚਾ ਸੀ। ਉਸ ਨੇ ‘ਭਗਤ ਸਿੰਘ ਕੀ ਵਾਪਸੀ’ ਤੇ ‘ਭੂਖੇ ਭਜਨ ਨਾ ਹੋਏ ਗੋਪਾਲਾ’ ਨਾਟਕ ਵੀ ਲਿਖੇ।
ਸਾਗਰ ਸਰਹੱਦੀ ਨੇ ਅਗਲੀ ਪੜ੍ਹਾਈ ਲਈ ਸੇਂਟ ਜ਼ੇਵੀਅਰ ਕਾਲਜ ਬੰਬਈ ਵਿਚ ਐਮ.ਏ. ਅੰਗਰੇਜ਼ੀ ਵਿਚ ਦਾਖਲਾ ਤਾਂ ਲੈ ਲਿਆ ਪਰ ਦੋ ਸਾਲ ਪੜ੍ਹਨ ਤੋਂ ਬਾਅਦ ਵੀ ਸਾਲਾਨਾ ਇਮਤਿਹਾਨ ਨਾ ਦਿੱਤਾ। ਥੀਏਟਰ ਤੇ ਉਰਦੂ ਕਹਾਣੀ ਵਿਚ ਨਾਂ ਥਾਂ ਬਣ ਗਿਆ ਸੀ। ਉਸ ਨੇ ਕੁਝ ਇਸ਼ਤਿਹਾਰ ਏਜੰਸੀਆਂ ਵਿਚ ਕਾਪੀ ਰਾਈਟਰ ਦੀਆਂ ਨੌਕਰੀਆਂ ਲੱਭੀਆਂ। ਸ਼ੁਰੂ-ਸ਼ੁਰੂ ‘ਚ ਬਾਸੂ ਭੱਟਾਚਾਰੀਆ ਦੀ ਫਿਲਮ ‘ਅਨੁਭਵ’ ਦੇ ਸੰਵਾਦ ਲਿਖੇ।
ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਨੇ ‘ਇਪਟਾ’ ਵਿਚ ਸਰਹੱਦੀ ਦਾ ਨਾਟਕ ‘ਮਸੀਹਾ’ ਵੇਖਿਆ। ਉਸ ਨੂੰ ਆਪਣੇ ਦਫਤਰ ਬੁਲਾਇਆ। ਉਸ ਨੂੰ ਆਪਣੀ ‘ਫਿਲਮ ‘ਕਭੀ-ਕਭੀ’ ਜਿਸ ਵਿਚ ਅਮਿਤਾਭ ਬੱਚਨ ਤੇ ਰਾਖੀ ਸਨ, ਲਈ ਲਿਖਣ ਦਾ ਕੰਮ ਦਿੱਤਾ। ਤਦ ਤੱਕ ਸਾਗਰ ਸਰਹੱਦੀ ਦਾ ਭਤੀਜਾ ਰਮੇਸ਼ ਤਲਵਾਰ ਯਸ਼ ਚੋਪੜਾ ਦਾ ਚੀਫ ਅਸਿਸਟੈਂਟ ਵੀ ਬਣ ਚੁੱਕਾ ਸੀ। ਰਮੇਸ਼ ਵੀ ਖਾਲਸਾ ਕਾਲਜ ਤੋਂ ਥੀਏਟਰ ਤੇ ਇਪਟਾ ਬੰਬਈ ਨਾਲ ਜੁੜਿਆ ਹੋਇਆ ਸੀ। ਉਸ ਦੇ ਕਾਮਯਾਬ ਡਰਾਮਿਆਂ ਦਾ ਨਾਮੀ ਨਿਰਦੇਸ਼ਕ ਬਣ ਚੁੱਕਾ ਸੀ। ਇੱਧਰ ਸਾਗਰ ਸਰਹੱਦੀ ਦੀ ਫਿਲਮ ‘ਕਭੀ-ਕਭੀ’ ਰਿਲੀਜ਼ ਹੋ ਗਈ। ਸਾਗਰ ਸਰਹੱਦੀ ਦੀ ਫਿਲਮ ਲਿਖਣ ਵਿਚ ਝੰਡੀ ਝੁੱਲਣ ਲੱਗੀ। ਯਸ਼ ਚੋਪੜਾ ਦੀ ਅਗਲੀ ਫਿਲਮ ‘ਸਿਲਸਿਲਾ’, ‘ਫਾਸਲੇ’, ‘ਦੂਸਰਾ ਆਦਮੀ’, ‘ਬਸੇਰਾ’, ‘ਚਾਂਦਨੀ’; ਰਾਕੇਸ਼ ਰੌਸ਼ਨ ਦੀ ‘ਕਹੋ ਨਾ ਪਿਆਰ ਹੈ’, ਹੋਰ ਪ੍ਰੋਡਿਊਸਰਾਂ ਦੀਆਂ ਫਿਲਮਾਂ ‘ਦੀਵਾਨਾ’, ‘ਇਨਕਾਰ’, ‘ਰੰਗ’, ‘ਕਰਮਯੋਗੀ’, ‘ਜ਼ਿੰਦਗੀ’ ਬਹੁਤ ਚਰਚਿਤ ਫਿਲਮਾਂ ਸਨ।
ਸਾਗਰ ਸਰਹੱਦੀ ਨੇ ਆਪਣੀ ਪ੍ਰੋਡਕਸ਼ਨ ਕੰਪਨੀ ‘ਨਿਯੂ ਵੇਵ ਫਿਲਮਜ਼’ ਬਣਾਈ। ਉਸ ਨੇ ਫਿਲਮ ਸ਼ੁਰੂ ਕੀਤੀ ‘ਬਾਜ਼ਾਰ’। ਇਸ ਵਿਚ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਫਾਰੂਖ ਸ਼ੇਖ ਤੇ ਸੁਪ੍ਰਿਆ ਪਾਠਕ ਕਲਾਕਾਰ ਸਨ। ਇਹ ਫਿਲਮ ਹੈਦਰਾਬਾਦ ਦੇ ਸਾਧਾਰਨ ਮੁਸਲਿਮ ਪਰਿਵਾਰਾਂ ਦੀਆਂ ਕੁੜੀਆਂ ਦੇ ਦੁੱਖਾਂ ਭਰੇ ਜੀਵਨ ਨੂੰ ਦਰਸਾਉਂਦੀ ਸੀ ਕਿ ਦੁਬਈ ਤੋਂ ਆਏ ਹੋਏ ਬੁੱਢੇ ਜਾਂ ਵੱਡੀ ਉਮਰ ਦੇ ਅਮੀਰ ਸ਼ੇਖ ਦੁਬਈ ਵਿਚ ਆਪਣੇ ਬੱਚੇ ਤੇ ਪਤਨੀਆਂ ਹੋਣ ਦੇ ਬਾਵਜੂਦ ਹਿੰਦੋਸਤਾਨ ਦੀਆਂ ਗਰੀਬ ਘਰਾਂ ਦੀਆਂ ਮਾਸੂਮ ਲੜਕੀਆਂ ਨੂੰ ਖਰੀਦ ਕੇ ਨਾਲ ਲੈ ਜਾਂਦੇ ਹਨ। ‘ਬਾਜ਼ਾਰ’ ਵਿਚ ਸੰਗੀਤ ਖੱਯਾਮ ਦਾ ਸੀ। ਫਿਲਮ ਬਹੁਤ ਕਾਮਯਾਬ ਹੋਈ ਤੇ ਹਰ ਵਰਗ ਵੱਲੋਂ ਪ੍ਰਸ਼ੰਸਾ ਦੀ ਪਾਤਰ ਬਣੀ। ਸਾਗਰ ਸਰਹੱਦੀ ਨੇ ਯਸ਼ ਚੋਪੜਾ ਨਾਲ ਮਿਲ ਕੇ ਫਿਲਮ ‘ਨੂਰੀ’ ਵੀ ਬਣਾਈ। ਇਹ ਸਾਗਰ ਸਰਹੱਦੀ ਦੇ ਪੁਰਾਣੇ ਨਾਟਕ ‘ਰਖਵਾਲਾ’ ਉਪਰ ਆਧਾਰਿਤ ਸੀ। ਇਸ ਨੂੰ ਬਣਾਉਣ ਵਿਚ ਰਮੇਸ਼ ਤਲਵਾਰ ਦਾ ਬਹੁਤ ਹੱਥ ਸੀ। ‘ਨੂਰੀ’ ਫਿਲਮ ਵਿਚ ਫਾਰੂਖ ਸ਼ੇਖ, ਪੂਨਮ ਢਿੱਲੋਂ, ਭਰਤ ਕਪੂਰ ਮੁੱਖ ਅਦਾਕਾਰ ਸਨ। ਸੰਗੀਤ ਖੱਯਾਮ ਦਾ ਸੀ। ਸਾਗਰ ਨੇ ‘ਨੂਰੀ’ ਦੇ ਫਿਲਮਾਂਕਣ ਲਈ ਪਾਕਿਸਤਾਨ ਵਿਚ ਰਹਿ ਗਏ ਆਪਣੇ ਪਿੰਡ ਬਾਫਾ ਵਰਗਾ ਇਲਾਕਾ ਲੱਭਣਾ ਸ਼ੁਰੂ ਕੀਤਾ। ਜਿੱਥੇ ਹਰਿਆਵਲ ਵੀ ਹੋਵੇ, ਫੁੱਲ ਹੋਣ, ਛੋਟੀਆਂ ਪਹਾੜੀਆਂ ਤੇ ਛੋਟੀ ਜਿਹੀ ‘ਸਿਰਾਨਾ’ ਵਰਗੀ ਨਦੀ ਵੀ ਹੋਵੇ। ਬਹੁਤ ਟੱਕਰਾਂ ਮਾਰਨ ਤੋਂ ਬਾਅਦ ਆਖਰ ਜੰਮੂ ਇਲਾਕੇ ਵਿਚ ਇਕ ਪਿੰਡ ਮਿਲ ਗਿਆ। ਉੱਥੇ ਇਕ ਹੀ ਸ਼ਡਿਊਲ ਵਿਚ ਫਿਲਮ ਸ਼ੂਟ ਕੀਤੀ ਗਈ। ਫਿਲਮ ਬਹੁਤ ਕਾਮਯਾਮ ਰਹੀ। ਪੂਨਮ ਢਿੱਲੋੋਂ ਇਕਦਮ ਵੱਡੀ ਫਿਲਮ ਅਦਾਕਾਰਾ ਬਣ ਗਈ।
ਸਾਗਰ ਸਰਹੱਦੀ ਨੇ ਪ੍ਰੋਡਿਊਸਰ ਐਸ.ਐਸ. ਬਰੋਕਾ ਦੀ ਫਿਲਮ ‘ਤੇਰੇ ਸ਼ਹਿਰ ਮੇਂ’ ਲਿਖੀ ਤੇ ਨਿਰਦੇਸ਼ਤ ਕੀਤੀ। ਕਲਾਕਾਰ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ, ਕੁਲਭੂਸ਼ਨ ਖਰਬੰਦਾ ਤੇ ਮਾਰਕ ਜ਼ੁਬੇਰ ਸਨ। ਸੰਗੀਤ ਖੱਯਾਮ ਦਾ ਸੀ। ਸਾਗਰ ਨੇ ਪੰਜਾਬੀ ਭਾਸ਼ਾ ਦੀ ਫਿਲਮ ‘ਵਗਦੇ ਪਾਣੀ’ ਲਿਖੀ ਤੇ ਡਾਇਰੈਕਟ ਕੀਤੀ ਜਿਸ ਵਿਚ ਮੁੱਖ ਅਦਾਕਾਰ ਲਖਵਿੰਦਰ, ਸੁਪ੍ਰਿਆ ਪਾਠਕ, ਅਮਰ ਨੂਰੀ ਸਨ। ਇਸ ਤੋਂ ਬਾਅਦ ਨਿਵਾਜ਼਼ੂਦੀਨ ਸਿੱਦੀਕੀ ਨਾਲ ਫਿਲਮ ‘ਚੌਸਰ’ ਵੀ ਬਣਾਈ। ਵਧਦੀ ਉਮਰ ਕਰ ਕੇ ਸਾਗਰ ਸਾਹਿਬ ਢਿੱਲੇ-ਮੱਠੇ ਰਹਿਣ ਲੱਗ ਪਏ ਸਨ। ਉਨ੍ਹਾਂ ਜਿੰਨੇ ਸਾਲ ਕੰਮ ਕੀਤਾ, ਮਿਹਨਤ ਵਾਲਾ ਜੀਵਨ ਜੀਵਿਆ। ਇਕ ਸੰਘਰਸ਼ਸ਼ੀਲ ਯੋਧੇ ਵਾਲਾ ਜੀਵਨ। ‘ਇਪਟਾ’ ਵਰਗੀ ਸੰਸਥਾ ਵਿਚ ਜੂਝਣ ਕਾਰਨ ਉਹ ਸਮਾਜਕ ਤੇ ਸਿਆਸੀ ਚੇਤਨਾ ਦੀ ਵਿਚਾਰਧਾਰਾ ਦੇ ਹਾਮੀ ਸਨ। ਉਨ੍ਹਾਂ ਹਜ਼ਾਰਾਂ ਰੰਗਮੰਚ ਕਰਮੀਆਂ ਨੂੰ ਸਮਾਜਕ ਤੇ ਮਨੁੱਖੀ ਅਧਿਕਾਰਾਂ ਤੇ ਸਿਆਸੀ ਤਬਦੀਲੀਆਂ ਲਈ ਪ੍ਰੇਰਿਆ। ਆਪਣੇ ਸਾਥੀਆਂ ਤੇ ਹਮਸਫਰਾਂ ਨੂੰ ਨਵੇਂ ਜੀਵਨ ਲਈ ਪ੍ਰੇਰਿਆ। ਸਾਰੀ ਜਿੰਦਗੀ ਸੰਘਰਸ਼ ਕਰਦੇ ਰਹੇ; ਆਪਣਾ ਘਰ ਵਸਾਉਣ ਲਈ ਨਾ ਵਕਤ ਕੱਢ ਸਕੇ, ਨਾ ਵਿਹਲ। ਆਪਣੇ ਵੱਡੇ ਭਰਾ ਅਤੇ ਭਤੀਜਿਆਂ ਨਾਲ ਹੀ ਜੀਵਨ ਬਿਤਾਇਆ ਤੇ ਆਖਰੀ ਸਾਹ ਇਸੇ ਪਰਿਵਾਰ ਵਿਚ ਲਏ।
ਰਮੇਸ਼ ਤਲਵਾਰ ਅਤੇ ਉਨ੍ਹਾਂ ਦੇ ਫਿਲਮਸਾਜ਼ ਦੋਸਤ ਰਮਨ ਕੁਮਾਰ ਤੇ ਅਵਤਾਰ ਗਿੱਲ ਦੇ ਮਹਾਨ ਉਸਤਾਦ ਸਾਗਰ ਸਰਹੱਦੀ 27 ਮਾਰਚ 2021 ਨੂੰ ਸਵੇਰੇ ਉਮਰ ਦੇ 88 ਵਰ੍ਹੇ ਪੂਰੇ ਕਰ ਕੇ ਦੁਨੀਆ ਤੋਂ ਵਿਦਾ ਹੋ ਗਏ।