ਜੰਗ ਦਿੱਲੀ ਬੰਗਾਲ ਦੀ ਹੋਣ ਲੱਗੀ…

ਅਮਰਜੀਤ ਸਿੰਘ ਮੁਲਤਾਨੀ
ਉਹ ਲੋਕ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਪਾਰਟੀ- ਭਾਰਤੀ ਜਨਤਾ ਪਾਰਟੀ, ਨੂੰ ਵੋਟਾਂ ਪਾਈਆਂ ਸਨ, ਉਨ੍ਹਾਂ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਉਨ੍ਹਾਂ ਨੇ ਮੋਦੀ-ਸ਼ਾਹ ਜੁੰਡਲੀ ਨੂੰ ਇੰਨਾ ਕੁ ਸਮਾਂ ਚੁੱਪ ਰਹਿ ਕੇ ਗੁਜ਼ਾਰ ਦਿੱਤਾ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ, ਜਾਂ ਫਿਰ ਛੇਤੀ ਹੀ ਉਨ੍ਹਾਂ ਦੀ ਇਹੋ ਜਿਹੀ ਹਾਲਤ ਹੋਣ ਵਾਲੀ ਹੈ। ਮੋਦੀ ਅਤੇ ਸ਼ਾਹ ਨੇ ਸਰਕਾਰ ਦੇ ਦਿਖਾਵੇ ਲਈ ਬਣਾਏ ਵਿਸ਼ਾਲ ਰੂਪ ਵਾਲੇ ਅਖੌਤੀ ਮੰਤਰੀ ਮੰਡਲ ਦੀਆਂ ਸਾਰੀਆਂ ਤਾਕਤਾਂ ਦੀ ਕਟਾਈ ਕਰ ਕੇ ਪੀ. ਐਮ. ਓ. ਅਤੇ ਗ੍ਰਹਿ ਮੰਤਰਾਲੇ ਤੱਕ ਸੀਮਤ ਕਰ ਲਿਆ ਹੈ।

ਬਾਕੀ ਦੇ ਸਾਰੇ ਮੰਤਰਾਲੇ ਅਤੇ ਉਨ੍ਹਾਂ ਦੇ ਨਾਮ ਧਰੀਕ ਮੰਤਰੀਆਂ ਦੀ ਹਾਲਤ ਦਰਬਾਰ ਦੀ ਰੌਣਕ ਵਧਾਉਣ ਵਾਲੇ ਦਰਬਾਰੀਆਂ ਤੋਂ ਵੱਧ ਕੁਝ ਵੀ ਨਹੀਂ ਹੈ। ਮਿਸਾਲ ਵਜੋਂ ਕੇਂਦਰੀ ਵਿੱਤ ਮੰਤਰਾਲੇ ਦੀ ਮਿਸਾਲ ਹੀ ਲਓ। ਬਜਟ ਬਣਦਾ ਹੈ, ਪੀ. ਐਮ. ਓ. ਵਿਚ ਨਿਯੁਕਤ ਅੰਬਾਨੀ ਤੇ ਅਡਾਨੀ ਦੇ ਪ੍ਰਤੀਨਿਧੀਆਂ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲੇ ਅਰਥ ਸ਼ਾਸਤਰੀਆਂ ਵੱਲੋਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਪੀ. ਐਮ. ਓ. ਦੀ ਭੇਜੀ ਪਟਕਥਾ ਪੜ੍ਹਦੀ ਹੈ, ਤੇ ਕਿਤੇ-ਕਿਤੇ ਮਜਬੂਰੀ ਵਿਚ ਯੱਬਲੀਆਂ ਮਾਰਨ ਵਰਗੇ ਅਪ੍ਰਸੰਗਿਕ ਦਲੀਲਾਂ ਵਾਲੇ ਬਿਆਨ ਦੇ ਦਿੰਦੀ ਹੈ। ਰੱਖਿਆ ਮੰਤਰਾਲੇ ਦੇ ਸੌਦੇ ਮੋਦੀ ਅਤੇ ਪੀ. ਐਮ. ਓ. ਕਰਦਾ ਹੈ ਅਤੇ ਸਿਰੇ ਵੀ ਚਾੜ੍ਹਦਾ ਹੈ। ਦੇਸ਼ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਜਹਾਜ਼ਾਂ ਦੀ ਡਲਿਵਰੀ ਲੈਣ ਜਾਂ ਫਿਰ ਲੜਾਕੂ ਜਹਾਜ਼ਾਂ ਨੂੰ ਨਿੰਬੂ ਬੰਨ੍ਹਣ ਦੇ ਟੋਟਕੇ ਕਰਦਾ ਦਿਸਦਾ ਹੈ।
ਇਹ ਸਭ ਕਹਿਣ ਤੋਂ ਭਾਵ ਹੈ, ਪਿਛਲੇ ਸੱਤਰ ਸਾਲਾਂ ਤੋਂ ਜਮਹੂਰੀਅਤ ਦੇ ਤੌਰ ‘ਤੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੇ ਦੇਸ਼ ਭਾਰਤ ਵਿਚ ਹੁਣ ਲੋਕਾਂ ਵੱਲੋਂ ਚਲਾਏ ਜਾਣ ਦੀ ਥਾਂ ਸਰਬ-ਸ਼ਕਤੀਮਾਨ ਨੇਤਾ ਅਤੇ ਉਸ ਦੀ ਜੁੰਡਲ਼ੀ ਵੱਲੋਂ ਚਲਾਇਆ ਜਾ ਰਿਹਾ ਹੈ। ਹੁਣ ਇਕ ਨਵਾਂ ਹੀ ਦੇਸ਼ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਪ੍ਰਕਿਰਿਆ ਲਈ ਜੋ ਕੁਝ ਵੀ ਉਲਟ ਫੇਰ ਕਰਨ ਦੀ ਲੋੜ ਹੈ, ਸਭ ਕੁਝ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਜਿਸ ਦੀ ਜਿ਼ੰਮੇਵਾਰੀ ਸੰਵਿਧਾਨ ਦੀ ਵਿਆਖਿਆ ਕਰਨ ਅਤੇ ਇਸ ਨੂੰ ਸੁਰੱਖਿਅਤ ਰੱਖਣ ਦੀ ਹੈ, ਉਸ ‘ਤੇ ਸਰਕਾਰ ਨੇ ਪੂਰਾ ਦਬਾਅ ਬਣਾ ਲਿਆ ਹੈ।
ਇਸ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਅਹਿਮ ਸੰਸਥਾ ਚੋਣ ਕਮਿਸ਼ਨ ਹੈ। ਇਸ ਕਮਿਸ਼ਨ ਦੀ ਕਾਰਗੁਜ਼ਾਰੀ ਮੋਦੀ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਕਿੰਨੀ ਕੁ ਆਜ਼ਾਦਾਨਾ ਰਹਿ ਗਈ ਹੈ, ਇਹ ਦਿਨ ਦੇ ਉਜਾਲੇ ਵਾਂਗ ਸਾਫ ਹੈ। ਇਸ ਦੇ ਹੁਣ ਤੱਕ ਕੀਤੇ ਸਾਰੇ ਫੈਸਲੇ ਮੋਦੀ ਸਰਕਾਰ ਦੀ ਸਹੂਲਤ ਮੁਤਾਬਿਕ ਅਤੇ ਵਿਰੋਧੀ ਧਿਰਾਂ ਨਾਲ ਪੱਖਪਾਤ ਵਾਲੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਕਿ ਕਿਵੇਂ ਚੋਣ ਕਮਿਸ਼ਨ ਬੀ. ਜੇ. ਪੀ. ਅਤੇ ਪ੍ਰਧਾਨ ਮੰਤਰੀ ਦੀ ਸਹੂਲਤ ਅਨੁਸਾਰ ਭਾਰਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਸਕੈਜੂਅਲ ਤਿਆਰ ਕਰਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚਿਰਾਂ ਤੋਂ ਬੀ. ਜੇ. ਪੀ., ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਖਾਂ ਵਿਚ ਰੜਕ ਰਹੀ ਹੈ। ਕਮਿਸ਼ਨ ਉਥੇ ਅੱਠ ਗੇੜਾਂ ਵਿਚ ਚੋਣਾਂ ਕਰਵਾ ਰਿਹਾ ਹੈ। ਇਹ ਸਪਸ਼ਟ ਅਤੇ ਪੱਖਪਾਤੀ ਫੈਸਲਾ ਹੈ ਜੋ ਬੀ. ਜੇ. ਪੀ. ਨੂੰ ਬੰਗਾਲ ਦੀ ਚੋਣ ਜਿੱਤਣ ਲਈ ਸਭ ਕੁਝ ਕਰਨ ਦੇ ਮੌਕੇ ਦਿੰਦਾ ਲੱਗਦਾ ਹੈ।
ਮਮਤਾ ਬੈਨਰਜੀ ਨਾਲ ਪਹਿਲਾਂ ਤਾਂ ਕੇਂਦਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਸਿਰਫ ਸਰਕਾਰੀ ਨੀਤੀਆਂ ਦਾ ਹੀ ਆਢਾ ਸੀ ਪਰ ਹੁਣ ਤਾਂ ਚੋਣਾਂ ਹੋ ਰਹੀਆਂ ਹਨ ਅਤੇ ਬੀ. ਜੇ. ਪੀ., ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕੇਂਦਰੀ ਮੰਤਰੀ ਮੰਡਲ, ਸਾਰੇ ਐਮ. ਪੀ., ਬੀ. ਜੇ. ਪੀ. ਦੇ ਰਾਜ ਵਾਲੇ ਮੁੱਖ ਮੰਤਰੀਆਂ ਸਮੇਤ ਸਭ ਕਿਸਮ ਦੇ ਨੇਤਾ ਜੋ ਬੰਗਾਲ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਰਦੇ ਹਨ, ਬੰਗਾਲ ਵਿਚ ਡੇਰੇ ਲਾ ਕੇ ਬੈਠੇ ਹਨ। ਇੰਜ ਲੱਗਦਾ ਹੈ, ਜਿਵੇਂ ਬੰਗਾਲ ਦੁਸ਼ਮਣ ਦੇਸ਼ ਹੈ ਅਤੇ ਹਿੰਦ ਸਰਕਾਰ ਇਸ ਨੂੰ ਜਿੱਤਣਾ ਚਾਹੁੰਦੀ ਹੈ। ਨਾਰੀ ਸ਼ਕਤੀ ਦੀਆਂ ਟਾਹਰਾਂ ਮਾਰਨ ਵਾਲਾ ਨਰਿੰਦਰ ਮੋਦੀ ਅਤੇ ਉਸ ਦੇ ਤਿਕੜਮਬਾਜ਼ ਕੋੜਮਾ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ.) ਨਾਲ ਇੰਜ ਵਿਹਾਰ ਕਰ ਰਹੇ ਹਨ, ਜਿਵੇਂ ‘ਹੁਣ ਨਹੀਂ ਤਾਂ ਕਦੇ ਵੀ ਨਹੀਂ ਵਾਲੀ ਹਾਲਤ ਬਣ ਗਈ ਹੋਵੇ। ਨਰਿੰਦਰ ਮੋਦੀ ਆਪਣੀਆਂ ਚੋਣ ਸਭਾਵਾਂ ਵਿਚ ਕਰੋਨਾ ਨਾਲ ਲੜਨ ਲਈ ਆਪਣੀ ਸਰਕਾਰ ਦੇ ਬਣਾਏ ਨਿਯਮਾਂ ਦੀਆਂ ਧੱਜੀਆਂ ਉਡਾ ਕਰ ਰਿਹਾ ਹੈ ਅਤੇ ਚੋਣ ਜ਼ਾਬਤੇ ਨੂੰ ਮਖੌਲ ਬਣਾ ਦਿੱਤਾ ਗਿਆ ਹੈ। ਮੋਦੀ ਚੋਣ ਜਲਸਿਆਂ ਮਮਤਾ ਬੈਨਰਜੀ ਬਾਰੇ ਜਿਹੜੀ ਭਾਸ਼ਾ ਵਰਤ ਰਿਹਾ ਹੈ, ਉਹ ਉਸ ਦੇ ਜਾਹਲ ਹੋਣ ਦਾ ਪ੍ਰਤੱਖ ਸਬੂਤ ਹੈ। ਇਸ ਮਾਮਲੇ ‘ਤੇ ਚੋਣ ਕਮਿਸ਼ਨ ਹਮੇਸ਼ਾਂ ਵਾਂਗ ਖਾਮੋਸ਼ ਹੈ।
ਵਿਚਾਰਨ ਵਾਲਾ ਮੁੱਦਾ ਇਹ ਵੀ ਹੈ ਕਿ ਚੋਣਾਂ ਸਿਰਫ ਪੱਛਮੀ ਬੰਗਾਲ ਵਿਚ ਹੀ ਨਹੀਂ ਹੋ ਰਹੀਆਂ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁੱਡੂਚੇਰੀ ਵਿਚ ਵੀ ਹੋ ਰਹੀਆਂ ਹਨ ਪਰ ਚੋਣ ਕਮਿਸ਼ਨ ਨੇ ਤਾਮਿਲਨਾਡੂ, ਕੇਰਲ, ਪੁੱਡੂਚੇਰੀ ਦੀਆਂ ਚੋਣਾਂ ਇੱਕ ਗੇੜ ਵਿਚ, ਅਸਾਮ ਦੀਆਂ ਚੋਣਾਂ ਤਿੰਨ ਗੇੜਾਂ ਵਿਚ ਅਤੇ ਬੰਗਾਲ ਦੀਆਂ ਚੋਣਾਂ ਅੱਠ ਗੇੜਾਂ ਵਿਚ ਕਰਵਾਉਣ ਦਾ ਫੈਸਲਾ ਕਰ ਕੇ ਬੰਗਾਲੀਆਂ ਦੀ ਅਜ਼ਮਤ ‘ਤੇ ਸ਼ੱਕ ਕਰਨ ਦਾ ਗੁਨਾਹ ਕੀਤਾ ਹੈ। ਬੰਗਾਲ ਵਿਚ ਜਿਸ ਵੱਡੀ ਗਿਣਤੀ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਹੈ, ਇਹ ਵੀ ਬੰਗਾਲ ਦੇ ਵੋਟਰਾਂ ਦਾ ਅਪਮਾਨ ਹੈ ਪਰ ਮੋਦੀ ਅਤੇ ਬੀ. ਜੇ. ਪੀ. ਧਾੜ ਨੂੰ ਨੈਤਿਕ ਅਤੇ ਅਨੈਤਿਕ ਵਿਚਕਾਰ ਹੁਣ ਕੋਈ ਫਰਕ ਨਹੀਂ ਦਿਸਦਾ। ਉਸ ਦਾ ਇੱਕੋ-ਇੱਕ ਏਜੰਡਾ ਹੈ, ਬੰਗਾਲ ਜਿੱਤਣਾ ਹੀ ਜਿੱਤਣਾ ਹੈ, ਭਾਵੇਂ ਕੋਈ ਵੀ ਹੱਥਕੰਡਾ ਕਿਉਂ ਨਾ ਵਰਤਣਾ ਪਵੇ। ਬੰਗਾਲ ਵਿਚ ਬੀ. ਜੇ. ਪੀ. ਨੂੰ ਗੈਰ-ਬੰਗਾਲੀ ਇੱਕ ਕਰੋੜ ਵੋਟਰ ਵੀ ਬਲ ਦਿੰਦੀ ਹੈ। ਇਹ ਘੱਟ ਪੜ੍ਹੇ ਗੈਰ-ਬੰਗਾਲੀ ਵੋਟਰ ਸਦਾ ਗੈਰ-ਬੰਗਾਲੀ ਪਾਰਟੀਆਂ ਦੇ ਸਮਰਥਕ ਰਹੇ ਹਨ। ਬੰਗਾਲੀ ਵੋਟਰ ਸ਼ੁਰੂ ਤੋਂ ਹੀ ਗੈਰ-ਸੰਪਰਦਾਇਕ ਰਿਹਾ ਹੈ ਪਰ ਇਸ ਵਾਰ ਬੀ. ਜੇ. ਪੀ. ਨੇ ਵੋਟਰਾਂ ਦੇ ਇਸ ਵਿਸ਼ੇਸ਼ ਚਰਿੱਤਰ ਨੂੰ ਵੀ ਪਲੀਤਾ ਲਾਉਣ ਦਾ ਯਤਨ ਕੀਤਾ ਹੈ। ਹੁਣ ਨਤੀਜੇ ਹੀ ਦੱਸਣਗੇ ਕਿ ਉਹ ਕਿੰਨੀ ਕਾਮਯਾਬ ਰਹੀ ਹੈ।
ਜਿਸ ‘ਸਾਮ ਦਾਮ ਦੰਡ ਭੇਦ’ ਵਾਲੇ ਢੰਗ ਨਾਲ ਬੀ. ਜੇ. ਪੀ. ਨੇ ਬੰਗਾਲ ‘ਤੇ ਹੱਲਾ ਬੋਲਿਆ ਹੈ ਅਤੇ ਅਡਵਾਂਸ ਵਿਚ ਹੀ ਜਿੱਤ ਦਾ ਰੌਲਾ ਪਾਇਆ ਹੈ, ਇਸ ਵਿਚ ਕਿਤੇ ਨਾ ਕਿਤੇ ਬੰਗਾਲੀ ਵੋਟਰਾਂ ਦੀ ਅਸਲ ਰਾਇ ਚੁੱਪ ਹੋ ਗਈ ਹੈ। ਉਹ ਅੰਦਰ ਕਿਸ ਨੂੰ ਵੋਟ ਪਾਉਂਦਾ ਹੈ ਅਤੇ ਬਾਹਰ ਆ ਕੇ ਕੀ ਦੱਸਦਾ ਹੈ, ਕੁਝ ਪਤਾ ਨਹੀਂ ਪਰ ਇਹ ਦਿਲਚਸਪ ਮੁੱਦਾ ਹੋਵੇਗਾ ਕਿਉਂਕਿ ਚੋਣਾਂ ਬਾਰੇ ਸਰਵੇਖਣ ਵੋਟਰਾਂ ਦੀ ਰਾਇ ਦੇ ਆਧਾਰ ‘ਤੇ ਹੀ ਤਿਆਰ ਹੁੰਦੇ ਹਨ। ਵੋਟਰਾਂ ਵੀ ਇਸ ਚੁੱਪ ਦੇ ਅਸਰ ਹੇਠ ਬੰਗਾਲ ਦੇ ਸ਼ਹਿਰੀ ਇਲਾਕਿਆਂ ਵਿਚ ਗੈਰ-ਬੰਗਾਲੀ ਘੱਟ ਪੜ੍ਹਿਆ ਵੋਟਰ ਸ਼ਾਇਦ ਧਰਮ ਦੇ ਵੇਗ ਵਿਚ ਵਹਿ ਜਾਵੇ ਪਰ ਗੈਰ-ਬੰਗਾਲੀ ਪੜ੍ਹਿਆ ਲਿਖਿਆ ਵੋਟਰ ਸਦਾ ਹੀ ਸਥਾਨਕ ਬੰਗਾਲੀ ਪਾਰਟੀਆਂ ਨੂੰ ਪਹਿਲ ਦਿੰਦਾ ਰਿਹਾ ਹੈ। ਇਨ੍ਹਾਂ ਵੋਟਰਾਂ ਦਾ ਖਿਆਲ ਹੈ ਕਿ ਉਨ੍ਹਾਂ ਇੱਥੇ ਹੀ ਰਹਿਣਾ ਹੈ, ਜਦਕਿ ਗੈਰ-ਬੰਗਾਲੀ ਪਾਰਟੀਆਂ ਨੇ ਤਾਂ ਚੋਣਾਂ ਜਿੱਤ ਕੇ ਪਾਸੇ ਹੋ ਜਾਣਾ ਹੈ।
ਬੰਗਾਲ ਵਿਚ ਸਿਆਸੀ ਹਿੰਸਾ ਦਾ ਵੀ ਇਤਿਹਾਸ ਰਿਹਾ ਹੈ। ਇਸੇ ਕਰ ਕੇ ਸਿਆਣੇ ਗੈਰ-ਬੰਗਾਲੀ ਵੋਟਰ ਵਿਧਾਨ ਸਭਾ ਦੀ ਚੋਣ ਸਥਾਨਕ ਅਤੇ ਮਜ਼ਬੂਤ ਆਧਾਰ ਵਾਲੀਆਂ ਪਾਰਟੀਆਂ ਨੂੰ ਹੀ ਵੋਟ ਪਾਉਂਦੇ ਹਨ। ਆਮ ਤੌਰ ‘ਤੇ ਗੈਰ-ਬੰਗਾਲੀ ਵੋਟਰ ਅਮਨ-ਅਮਾਨ ਲਈ ਹੀ ਪਹਿਲਾਂ ਮਾਰਕਸੀਆਂ ਅਤੇ ਫਿਰ ਟੀ. ਐਮ. ਸੀ. ਨੂੰ ਵੋਟਾਂ ਪਾਉਂਦੇ ਰਹੇ ਹਨ। ਇਸ ਵਾਰ ਦੇਖੋ ਬੰਗਾਲ ਵਿਚ ਮੋਦੀ ਦੇ ਝੂਠ ਦੀ ਹਾਂਡੀ ਚੜ੍ਹਦੀ ਹੈ ਜਾਂ ਬੰਗਾਲੀ ਵੋਟਰ ਦਾ ਸਵੈਮਾਣ ਉਚਾ ਹੁੰਦਾ ਹੈ!
ਇਸ ਵਕਤ ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਸ਼ਕਤੀਸ਼ਾਲੀ ਕੇਂਦਰੀ ਸਰਕਾਰ ਅਤੇ ਹੁਣ ਤੱਕ ਹੋਏ ਪ੍ਰਧਾਨ ਮੰਤਰੀਆਂ ਵਿਚੋਂ ਸਭ ਤੋਂ ਘੱਟ ਪੜ੍ਹਿਆ ਲਿਖਿਆ, ਧੜੱਲੇ ਨਾਲ ਝੂਠ ਬੋਲਣ ਵਾਲਾ, ਹੈਂਕੜਬਾਜ਼, ਤਿਕੜਮਬਾਜ਼, ਆਪਣੀਆਂ ਸਿਫਤਾਂ ਆਪ ਕਰਨ ਵਾਲਾ, ਸੰਵਿਧਾਨਕ ਸੰਸਥਾਵਾਂ ਨੂੰ ਟਿੱਚ ਸਮਝਣ ਵਾਲਾ, ਵਿਰੋਧੀਆਂ ਨੂੰ ਜਿੱਚ ਕਰਨ ਵਾਲਾ, ਹਲਕੀ ਭਾਸ਼ਾ ਤੇ ਜ਼ਬਾਨ ਵਾਲਾ, ਮਾਂ ਨੂੰ ਆਪਣੀ ਮਸ਼ਹੂਰੀ ਲਈ ਵਰਤਣ ਵਾਲਾ, ਆਪਣੀ ਪਤਨੀ ਨੂੰ ਮੰਝਧਾਰ ਵਿਚ ਛੱਡਣ ਵਾਲਾ ਭਗੌੜਾ ਅਤੇ ਹੋਰ ਪਤਾ ਨਹੀਂ ਕਿੰਨੀਆਂ ਬੁਰਾਈਆਂ ਨੂੰ ਆਪਣੇ ਆਪ ਵਿਚ ਸਮਾਈ ਬੈਠਾ ਬੰਦਾ ਸੱਤਾ ‘ਤੇ ਕਾਬਜ਼ ਹੈ। ਉਸ ਦਾ ਸਿਪਾਹ-ਸਲਾਰ ਅਮਿਤ ਸ਼ਾਹ ਹੈ ਜਿਸ ਦਾ ਦਿਮਾਗ ਸ਼ਰਾਰਤਾਂ ਤੇ ਕੁਟਿਲ ਚਾਲਾਂ ਚੱਲਣ ਵਾਲਾ ਹੈ।
ਦੂਜੇ ਬੰਨੇ ਇੱਕ ਔਰਤ (ਮਮਤਾ ਬੈਨਰਜੀ) ਜਿਸ ਪਾਸ ਜੁਝਾਰੂਪਣ, ਦ੍ਰਿੜ ਇਰਾਦਾ, ਆਤਮ-ਵਿਸ਼ਵਾਸ ਅਤੇ ਆਪਣੇ ਰਾਜ ਦੇ ਆਮ ਲੋਕਾਂ ਦਾ ਸਾਥ ਹੈ, ਇਕੱਲੀ ਦਿੱਲੀ ਤੋਂ ਬੰਗਾਲ ਜਿੱਤਣ ਲਈ ਆਈ ਧਾੜਵੀਆਂ ਦੀ ਵਿਸ਼ਾਲ ਫੌਜਾਂ ਨਾਲ ਦੋ-ਦੋ ਹੱਥ ਕਰ ਰਹੀ ਹੈ। ਮਮਤਾ ਬੈਨਰਜੀ ਸੰਘਰਸ਼ਾਂ ਵਿਚੋਂ ਪੈਦਾ ਹੋਈ ਆਮ ਲੋਕਾਂ ਦੀ ਲੀਡਰ ਹੈ। ਉਸ ਦਾ ਸਿਆਸੀ ਜੀਵਨ ਯੂਥ ਕਾਂਗਰਸ ਦੇ ਵਰਕਰ ਵਜੋਂ ਸ਼ੁਰੂ ਹੋਇਆ। ਉਹ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਵੇਲੇ ਆਈ ਜਦੋਂ ਜੇ. ਪੀ. ਅੰਦੋਲਨ ਦੇ ਸਬੰਧ ਵਿਚ ਜੈ ਪ੍ਰਕਾਸ਼ ਨਾਰਾਇਣ ਕੋਲਕਾਤਾ ਆਇਆ ਤਾਂ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਮਮਤਾ ਬੈਨਰਜੀ ਜੈ ਪ੍ਰਕਾਸ਼ ਨਾਰਾਇਣ ਦੀ ਕਾਰ ਦੇ ਬੋਨਟ ਚੜ੍ਹ ਕੇ ਨੱਚੀ ਸੀ। ਉਨ੍ਹੀਂ ਦਿਨੀਂ ਸੁਬਰਤਾ ਮੁਖਰਜੀ ਕਾਂਗਰਸ ਦਾ ਨਾਮੀ ਲੀਡਰ ਹੁੰਦਾ ਸੀ ਅਤੇ ਮਮਤਾ ਬੈਨਰਜੀ ਨੇ ਉਸ ਦੀ ਛਤਰ ਛਾਇਆ ਹੇਠ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ। ਅੱਜ ਮਮਤਾ ਬੈਨਰਜੀ ਸੁਬਰਤਾ ਮੁਖਰਜੀ ਦੀ ਲੀਡਰ ਹੈ। ਮਮਤਾ ਬੈਨਰਜੀ ਦਾ ਸਿਆਸੀ ਸਫਰ ਸੰਘਰਸ਼ ਭਰਪੂਰ ਰਿਹਾ ਹੈ। ਸਾਦਗੀ ਉਸ ਦੇ ਸਿਆਸੀ ਜੀਵਨ ਵਿਚ ਸ਼ੁਰੂ ਤੋਂ ਹੀ ਰਹੀ ਹੈ। ਕਾਂਗਰਸ ਵਿਚ ਥਾਂ ਬਣਾਉਣੀ, ਫਿਰ ਮਤਭੇਦਾਂ ਕਾਰਨ ਕਾਂਗਰਸ ਛੱਡਣੀ ਕੋਈ ਸੌਖਾ ਕਾਰਜ ਨਹੀਂ ਸੀ ਪਰ ਉਸ ਨੇ ਸੁਦੀਪ ਬੰਦੋਪਾਧਿਆਇ ਜਿਹੇ ਕੁਝ ਭਰੋਸੇਯੋਗ ਸਹਿਯੋਗੀਆਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਬਣਾਈ। ਸ਼ਕਤੀਸ਼ਾਲੀ ਸੀ. ਪੀ. ਐਮ. ਨੂੰ ਲਲਕਾਰ ਕੇ ਉਸ ਦਾ ਬੰਗਾਲ ਵਿਚੋਂ ਬਿਸਤਰਾ ਲਲਭਗ ਗੋਲ ਕਰਨਾ ਸੌਖਾ ਕੰਮ ਨਹੀਂ ਸੀ। ਉਸ ਨੇ ਖੱਬੇ ਪੱਖੀਆਂ ਨਾਲ ਲੰਮਾ ਸਿਆਸੀ ਸੰਘਰਸ਼ ਲੜਿਆ ਅਤੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੀਤਾ। ਉਹ ਜਮਾਂਦਰੂ ਜੁਝਾਰੂ ਹੈ। ਇਸੇ ਗੁਣ ਕਰ ਕੇ ਹੀ ਉਹ ਇਕੱਲੀ ਦਿੱਲੀ ਦੇ ਧਾੜਵੀਆਂ ਦੀ ਫੌਜ ਦਾ ਬੜੇ ਬੁਲੰਦ ਹੌਂਸਲੇ ਨਾਲ ਮੁਕਾਬਲਾ ਕਰ ਰਹੀ ਹੈ। ਮਮਤਾ ਬੈਨਰਜੀ ਦੇ ਸਥਾਨਕ ਸਿੱਖ ਭਾਈਚਾਰੇ ਨਾਲ ਬੜੇ ਚੰਗੇ ਸਬੰਧ ਹਨ ਅਤੇ ਸਥਾਨਕ ਸਿੱਖ ਭਾਈਚਾਰਾ ਵੀ ਮੋਦੀ ਜੁੰਡਲੀ ਨੂੰ ਮਾਤ ਦੇਣ ਲਈ ਮਮਤਾ ਦੇ ਹੱਕ ਵਿਚ ਨਿੱਤਰਿਆ ਹੋਇਆ ਹੈ। ਆਸ ਹੈ ਕਿ ਮਮਤਾ ਬੈਨਰਜੀ ਮੋਦੀ ਅਤੇ ਸ਼ਾਹ ਦੇ ਨਾਪਾਕ ਇਰਾਦਿਆਂ ਨੂੰ ਸੱਚ ਨਹੀਂ ਹੋਣ ਦੇਵੇਗੀ।