ਦਿਲਾਂ ਵਿਚ ਜਿਊਂਦੇ ਰਹਿਣਗੇ ਪ੍ਰੋ. ਕੁਲਵੰਤ ਸਿੰਘ ਗਰੇਵਾਲ

ਹਰਗੁਣਪ੍ਰੀਤ ਸਿੰਘ, ਪਟਿਆਲਾ
ਫੋਨ: 91-94636-19353
ਮੈਨੂੰ ਪਿਛਲੇ ਦੋ ਦਹਾਕਿਆਂ ਦੌਰਾਨ ਸ਼ਾਹੀ ਸ਼ਹਿਰ ਪਟਿਆਲੇ ਦੀਆਂ ਕਈ ਸਾਹਿਤਕ ਸਭਾਵਾਂ ਦੀਆਂ ਕਈ ਨਾਮਵਰ ਸ਼ਖਸੀਅਤਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿਚੋਂ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਸ਼ਖਸੀਅਤ ਨੇ ਮੇਰੀ ਸਾਹਿਤਕ ਸੋਚ ਅਤੇ ਬੌਧਿਕ ਸੂਝ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਵੈਸੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਭਾਸ਼ਾ ਵਿਭਾਗ ਪਟਿਆਲਾ ਵਿਖੇ ਆਯੋਜਿਤ ਸਾਹਿਤਕ ਮਿਲਣੀਆਂ ਦੌਰਾਨ ਮੈਨੂੰ ਕਈ ਵਾਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ, ਪਰ ਉਨ੍ਹਾਂ ਦੀ ਸੰਗਤ ਦਾ ਅਸਲ ਅਨੰਦ ਮੈਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਸਾਹਿਤਕ ਸਮਾਗਮਾਂ ਵਿਚ ਉਨ੍ਹਾਂ ਦੇ ਗਿਆਨ ਭਰਪੂਰ ਵਿਚਾਰ ਸੁਣ ਕੇ ਪ੍ਰਾਪਤ ਹੋਇਆ।

ਉਨ੍ਹਾਂ ਦੇ ਪਿਆਰ, ਅਪਣੱਤ ਅਤੇ ਮੋਹ ਨਾਲ ਭਰੇ ਲਫਜ਼ ਹਰ ਉਮਰ, ਹਰ ਖੇਤਰ ਅਤੇ ਹਰ ਵਿਚਾਰਧਾਰਾ ਦੇ ਵਿਅਕਤੀ ਨੂੰ ਆਪਣੇ ਵੱਲ ਖਿੱਚਣ ਅਤੇ ਮਿੱਤਰ ਬਣਾਉਣ ਦੀ ਐਸੀ ਅਨੋਖੀ ਸ਼ਕਤੀ ਰੱਖਦੇ ਸਨ ਕਿ ਇਕ ਵਾਰ ਜੋ ਉਨ੍ਹਾਂ ਦੇ ਸੰਪਰਕ ਵਿਚ ਆ ਜਾਂਦਾ ਸੀ, ਉਹ ਹਮੇਸ਼ਾ ਲਈ ਉਨ੍ਹਾਂ ਦਾ ਹੀ ਬਣ ਕੇ ਰਹਿ ਜਾਂਦਾ ਸੀ। ਉਨ੍ਹਾਂ ਦੀ ਸ਼ਖਸੀਅਤ ਵਿਚ ਇਕ ਖਾਸ ਵਿਸ਼ੇਸ਼ਤਾ ਇਹ ਵੀ ਸੀ ਕਿ ਉਹ ਕਿਸੇ ਵੀ ਸਟੇਜ ਜਾਂ ਮੰਚ ਉੱਤੇ ਆਪਣੀ ਜਾਂ ਆਪਣੇ ਪਰਿਵਾਰ ਦੀ ਸਿਫਤ ਕਰਨ ਦੀ ਥਾਂ ਹਮੇਸ਼ਾ ਦੂਸਰਿਆਂ ਦੀ ਹੀ ਪ੍ਰਸ਼ੰਸਾ ਅਤੇ ਵਡਿਆਈ ਕਰਦੇ ਰਹਿੰਦੇ ਸਨ। ਮੈਨੂੰ ਨਿਜੀ ਤੌਰ ਉੱਤੇ ਹਰ ਸਾਹਿਤਕ ਸਮਾਗਮ ਵਿਚ ਪ੍ਰੋ. ਸਾਹਿਬ ਦੇ ਪਹੁੰਚਣ ਦੀ ਉਡੀਕ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਦੀ ਤਾਂਘ ਰਹਿੰਦੀ ਸੀ, ਜਿਸ ਕਰਕੇ ਮੈਂ ਉਨ੍ਹਾਂ ਦੇ ਭਾਸ਼ਣਾਂ ਨੂੰ ਆਪਣੇ ਮੋਬਾਈਲ ਜਾਂ ਕੈਮਰੇ ਵਿਚ ਵੀ ਅਕਸਰ ਰਿਕਾਰਡ ਕਰ ਲੈਂਦਾ ਸਾਂ।
ਜਦੋਂ ਮੈਂ ਉਨ੍ਹਾਂ ਨੂੰ ਸਾਲ 2008 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਪਲੇਠੀ ਪੁਸਤਕ ‘ਮੁਸੀਬਤਾਂ ਤੋਂ ਨਾ ਘਬਰਾਓ’ ਭੇਟ ਕੀਤੀ ਤਾਂ ਉਨ੍ਹਾਂ ਨੇ ਮੇਰੀ ਖੂਬ ਹੌਸਲਾ ਅਫਜ਼ਾਈ ਕਰਦਿਆਂ ਇਹ ਆਖ ਕੇ ਆਸ਼ੀਰਵਾਦ ਦਿੱਤਾ ਸੀ, “ਬੇਟਾ! ਹਮੇਸ਼ਾ ਚੰਗਾ ਸਾਹਿਤ ਪੜ੍ਹਦੇ ਤੇ ਲਿਖਦੇ ਰਹੋ ਅਤੇ ਆਪਣੀਆਂ ਰਚਨਾਵਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦੇ ਰਹੋ। ਜਿਹੜਾ ਵੀ ਕੋਈ ਕਾਰਜ ਕਰੋ, ਉਹ ਆਪਣੀ ਸਖਤ ਮਿਹਨਤ ਨਾਲ ਸਭ ਤੋਂ ਉੱਤਮ ਅਤੇ ਵਧੀਆ ਦਰਜੇ ਨਾਲ ਕਰਨ ਦਾ ਯਤਨ ਕਰੋ। ਤੁਹਾਡੇ ਤੋਂ ਮੈਂ ਇਹ ਆਸ ਇਸ ਕਰਕੇ ਵੀ ਰੱਖਦਾ ਹਾਂ, ਕਿਉਂਕਿ ਤੁਹਾਡੇ ਪਰਿਵਾਰ ਨੇ ਹਮੇਸ਼ਾ ਨੈਤਿਕਤਾ ਉੱਤੇ ਪਹਿਰਾ ਦੇ ਕੇ ਸਮਾਜ ਦਾ ਸਹੀ ਮਾਰਗ ਦਰਸ਼ਨ ਕੀਤਾ ਹੈ।”
ਉਨ੍ਹਾਂ ਨੇ ਮੈਨੂੰ ਖੁਸ਼ ਹੋ ਕੇ ਆਪਣੀ ਪੁਸਤਕ ‘ਤੇਰਾ ਅੰਬਰਾਂ ‘ਚ ਨਾਂ ਲਿਖਿਆ’, ਪਹਿਲੇ ਪੰਨੇ ਉੱਤੇ ‘ਹਰਗੁਣਪ੍ਰੀਤ ਦੀ ਰਚਨਾ ਦੇ ਨਾਂ’ ਸ਼ਬਦ ਲਿਖ ਕੇ ਇਨਾਮ ਵਜੋਂ ਭੇਟ ਕੀਤੀ। ਜਦੋਂ ਲਗਭਗ ਦੋ ਸਾਲ ਮਗਰੋਂ ਉਹ ਪੰਜਾਬੀ ਯੂਨੀਵਰਸਿਟੀ ਵਿਖੇ ਸਾਡੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਿਖੇ ਕਰਵਾਏ ਇਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਵਿਸ਼ੇਸ਼ ਤੌਰ ਉੱਤੇ ਮੇਰੀ ਅਤੇ ਮੇਰੀ ਪੁਸਤਕ ਦੀ ਖੂਬ ਪ੍ਰਸ਼ੰਸਾ ਕੀਤੀ।
ਉਨ੍ਹਾਂ ਦੇ ਭਾਸ਼ਣਾਂ ਅਤੇ ਲਿਖਤਾਂ ਵਿਚ ਉਨ੍ਹਾਂ ਦਾ ਪਟਿਆਲੇ ਸ਼ਹਿਰ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਸਾਫ ਝਲਕਦਾ ਸੀ। ਇਸ ਪਿਆਰ ਨੂੰ ਮੈਂ ਪਰਤੱਖ ਤੌਰ ਉੱਤੇ ਨਾ ਸਿਰਫ ਸਟੇਜ ਉੱਤੇ ਸਗੋਂ ਵਿਹਾਰਕ ਤੌਰ ਉੱਤੇ ਉਦੋਂ ਵੀ ਮਹਿਸੂਸ ਕਰਦਾ ਸੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਜਾਂ ਭਾਸ਼ਾ ਵਿਭਾਗ ਤੋਂ ਕਈ ਵਾਰ ਉਨ੍ਹਾਂ ਨੂੰ ਆਪਣੇ ਮੋਟਰ ਸਾਈਕਲ ‘ਤੇ ਬਿਠਾ ਕੇ ਘਰ ਛੱਡਣ ਜਾਂਦਾ ਸੀ, ਕਿਉਂਕਿ ਉਹ ਮੈਨੂੰ 20 ਕੁ ਮਿੰਟਾਂ ਦੇ ਛੋਟੇ ਜਿਹੇ ਸਫਰ ਦੌਰਾਨ ਹੀ ਪਟਿਆਲੇ ਦੀਆਂ ਸੁਨਹਿਰੀ ਯਾਦਾਂ, ਇਮਾਰਤਾਂ, ਬਾਗਾਂ, ਬਾਜ਼ਾਰਾਂ, ਗਲੀਆਂ, ਨਾਲਿਆਂ ਆਦਿ ਸਬੰਧੀ ਬਹੁਤ ਅਹਿਮ ਜਾਣਕਾਰੀ ਬਹੁਤ ਰੌਚਕ ਢੰਗ ਨਾਲ ਪ੍ਰਦਾਨ ਕਰ ਦਿੰਦੇ ਸਨ। ਗਰੇਵਾਲ ਸਾਹਿਬ ਪਟਿਆਲੇ ਦੇ ਮੰਨੇ-ਪ੍ਰਮੰਨੇ ਸਾਹਿਤਕਾਰਾਂ ਬਾਰੇ ਗੱਲ ਕਰਦਿਆਂ ਜਦੋਂ ਮੇਰੇ ਪੜਦਾਦਾ ਰਾਜਕਵੀ ਸ. ਬਲਵੰਤ ਸਿੰਘ ਗਜਰਾਜ ਦੀ ਪ੍ਰਸ਼ੰਸਾ ਕਰਦੇ ਸਨ ਤਾਂ ਮੇਰਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਸੀ। ਉਨ੍ਹਾਂ ਦੇ ਸ਼ਬਦਾਂ ਵਿਚ “ਗਜਰਾਜ ਜੀ ਫੁਲਕੀਆਂ ਰਿਆਸਤਾਂ ਦੇ ਸਿਰਮੌਰ ਸਟੇਜੀ ਕਵੀ ਸਨ, ਜਿਨ੍ਹਾਂ ਦੇ ਬੋਲਾਂ ਅਤੇ ਆਵਾਜ਼ ਵਿਚੋਂ ਕੋਇਲ ਜਿਹੀ ਕੂਕ ਅਤੇ ਬੁਲਬੁਲ ਜਿਹੀ ਮਿਠਾਸ ਹੀ ਨਹੀਂ, ਸਗੋਂ ਹਾਥੀ ਦੀ ਚਿੰਘਾੜ ਅਤੇ ਸ਼ੇਰ ਦੀ ਦਹਾੜ ਆਦਿ ਸਭ ਰੰਗਾਂ ਦੇ ਦਰਸ਼ਨ ਹੋ ਜਾਇਆ ਕਰਦੇ ਸਨ। ਆਪਣੀ ਅਦਭੁੱਤ ਅਦਾਇਗੀ ਨਾਲ ਉਹ ਸਰੋਤਿਆਂ ਦੇ ਵਿਸ਼ਾਲ ਇਕੱਠਾਂ ਨੂੰ ਕੀਲ ਕੇ ਰੱਖ ਲੈਣ ਦੀ ਸਮਰੱਥਾ ਰੱਖਦੇ ਸਨ।”
ਇਕ ਵਾਰ ‘ਗਜਰਾਜ’ ਜੀ ਬਾਰੇ ਗੱਲ ਕਰਦਿਆਂ ਉਨ੍ਹਾਂ ਮੈਨੂੰ ਕਿਹਾ ਸੀ, “ਹਰਗੁਣਪ੍ਰੀਤ! ਤੇਰੇ ਪਿਤਾ ਸ. ਰੂਪਇੰਦਰ ਸਿੰਘ ਦੁਆਰਾ ਵਿਸ਼ੇਸ਼ ਮੌਕਿਆਂ ਉੱਤੇ ਗਜਰਾਜ ਜੀ ਬਾਰੇ ਮੈਂ ਉੱਚ ਕੋਟੀ ਦੇ ਅਖਬਾਰਾਂ ਵਿਚ ਤਾਂ ਕਈ ਰਚਨਾਵਾਂ ਪੜ੍ਹੀਆਂ ਹਨ, ਪਰ ਹੋਰ ਵੀ ਚੰਗਾ ਹੋਵੇਗਾ ਜੇ ਉਨ੍ਹਾਂ ਦੀਆਂ ਸਭ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਸੰਭਾਲਿਆ ਜਾਵੇ ਅਤੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਜਾਵੇ। ਮੈਨੂੰ ਪੂਰਨ ਆਸ ਹੈ ਕਿ ਤੂੰ ਆਪਣੇ ਪਿਤਾ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਬਹੁਤ ਜਲਦ ਨੇਪਰੇ ਚਾੜ੍ਹ ਲਵੇਂਗਾ।”
ਪ੍ਰੋਫੈਸਰ ਸਾਹਿਬ ਸਭ ਦੇ ਹਰਮਨਪਿਆਰੇ ਮਿੱਤਰ, ਅਧਿਆਪਕ ਅਤੇ ਸਲਾਹਕਾਰ ਇਸ ਕਰਕੇ ਵੀ ਬਣ ਸਕੇ, ਕਿਉਂਕਿ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰ ਛੋਟੇ-ਵੱਡੇ ਵਿਅਕਤੀ ਨੂੰ ਇਕ ਸਮਾਨ ਨੇਕ ਅਹਿਸਾਸਾਂ ਨਾਲ ਭਰਪੂਰ ਹੋ ਕੇ ਸਹੀ ਮਾਰਗ ਦਰਸ਼ਨ ਦਿੱਤਾ। ਭਾਵੇਂ ਪ੍ਰੋ. ਕੁਲਵੰਤ ਸਿੰਘ ਗਰੇਵਾਲ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਪਰ ਉਹ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ, ਲਾਸਾਨੀ ਵਿਦਵਤਾ ਅਤੇ ਪ੍ਰੇਰਨਾਮਈ ਗੁਣਾਂ ਸਦਕਾ ਆਪਣੇ ਮਿੱਤਰ-ਪਿਆਰਿਆਂ, ਸ਼ੁਭ ਚਿੰਤਕਾਂ ਅਤੇ ਵਿਦਿਆਰਥੀਆਂ ਦੇ ਦਿਲਾਂ ਵਿਚ ਹਮੇਸ਼ਾ ਜਿਊਂਦੇ ਰਹਿਣਗੇ ਅਤੇ ਉਨ੍ਹਾਂ ਦਾ ਨਾਂ ਵੀ ਉਨ੍ਹਾਂ ਦੀ ਪੁਸਤਕ ਦੇ ਸਿਰਲੇਖ ‘ਤੇਰਾ ਅੰਬਰਾਂ ‘ਚ ਨਾਂ ਲਿਖਿਆ’ ਵਾਂਗ ਸਦਾ ਜਿਊਂਦਾ ਰਹੇਗਾ।