ਸਰ ਦਾਤਾਰ ਸਿੰਘ ਦੀ ਵਡਿੱਤਣ

ਗੁਲਜ਼ਾਰ ਸਿੰਘ ਸੰਧੂ
ਛੇ ਦਹਾਕੇ ਪਹਿਲਾਂ ਭਾਰਤੀ ਖੇਤੀਬਾੜੀ ਖੋਜ ਕੌਂਸਲ ਦਿੱਲੀ ਵਿਖੇ ਕੰਮ ਕਰਦਿਆਂ ਅਖੰਡ ਹਿੰਦੁਸਤਾਨ ਵਿਚ ਡੇਅਰੀ ਫਾਰਮਿੰਗ ਨਾਲ ਸਬੰਧਤ ਮਹਾਰਥੀਆਂ ਦੀ ਗੱਲ ਹੰੁਦੀ ਤਾਂ ਸਰ ਦਾਤਾਰ ਸਿੰਘ ਦਾ ਗੁਣਗਾਇਨ ਸ਼ੁਰੂ ਹੋ ਜਾਂਦਾ। ਅੱਜ ਕੱਲ੍ਹ ਪੋਠੋਹਾਰ ਦੀ ਜੰਮਪਲ ਪੰਜਾਬੀ ਲੇਖਕਾ ਕਾਨਾ ਸਿੰਘ ਦਾ ਓਧਰ ਦੇ ਪੋਠੋਹਾਰੀਆਂ ਨਾਲ ਚਿੱਠੀ ਪੱਤਰ ਚਲ ਰਿਹਾ ਹੈ; ਖਾਸ ਕਰਕੇ ਅਹਿਮਦ ਨਈਮ ਚਿਸ਼ਤੀ ਨਾਂ ਦੇ ਵਿਅਕਤੀ ਨਾਲ। ਉਸ ਨੇ ਤਾਜ਼ਾ ਚਿੱਠੀ ਵਿਚ ਦਾਤਾਰ ਸਿੰਘ ਬਾਰੇ ਲਿਖਿਆ ਤਾਂ ਕਾਨਾ ਸਿੰਘ ਨੇ ਇਹ ਚਿੱਠੀ ਮੇਰੇ ਨਾਲ ਵੀ ਸਾਂਝੀ ਕੀਤੀ।

ਇਸ ਵਿਚ ਚੱਕ ਦਾਤਾਰ ਸਿੰਘ ਰੇਲਵੇ ਸਟੇਸ਼ਨ ਦੀ ਬਾਤ ਪਾਈ ਗਈ ਹੈ। ਇਹ ਸਟੇਸ਼ਨ 1924 ਵਿਚ ਸਥਾਪਤ ਹੋਇਆ ਸੀ। ਦੱੁਧ ਧੋਤੀ ਛੋਟੀ ਜਿਹੀ ਇਮਾਰਤ ਅੱਜ ਵੀ ਹਰੇ ਭਰੇ ਬਿਰਖਾਂ ਦੀ ਬੁੱਕਲ ਵਿਚ ਖੜ੍ਹੀ ਹੈ। ਇਸ ਉੱਤੇ ਕਾਲੇ ਅੱਖਰਾਂ ਵਿਚ ‘ਚੱਕ ਮੁਰਾਦ ਚਿਸ਼ਤੀ’ ਲਿਖਿਆ ਹੋਇਆ ਹੈ। ਇਸ ਦੇ ਥੱਲੇ ਦਾਤਾਰ ਸਿੰਘ ਦੇ ਨਾਂ ਉੱਤੇ ਚੂਨਾ ਫੇਰਿਆ ਸਾਫ ਦਿਖਾਈ ਦਿੰਦਾ ਹੈ। ਦੇਸ਼ ਵੰਡ ਤੋਂ ਪਿੱਛੋਂ ਕਿਸੇ ਸਥਾਨਕ ਜ਼ਿਮੀਂਦਾਰ ਨੇ ਦਾਤਾਰ ਸਿੰਘ ਦੀ ਥਾਂ ਚੱਕ ਮੁਰਾਦ ਚਿਸ਼ਤੀ ਲਿਖਵਾਣ ਦੀ ਹਿਮਾਕਤ ਕੀਤੀ, ਫਿਰ ਵੀ ਏਨੇ ਵਰ੍ਹੇ ਬੀਤ ਜਾਣ ’ਤੇ ਵੀ ਦਾਤਾਰ ਸਿੰਘ ਦਾ ਨਾਂ ਪੂਰੀ ਤਰ੍ਹਾਂ ਨਹੀਂ ਮਿਟਿਆ। ਪੜ੍ਹਨ ਵਾਲੇ ਪੜ੍ਹ ਲੈਂਦੇ ਹਨ।
ਅਹਿਮਦ ਨਈਮ ਦੇ ਲਿਖਣ ਅਨੁਸਾਰ ਜਿਸ ਵੇਲੇ ਉਹ ਇਸ ਸਟੇਸ਼ਨ ਉੱਤੇ ਖੜ੍ਹਾ ਸੀ ਤਾਂ ਗੱਡੀ ਆਉਣ ਵਿਚ ਦੇਰੀ ਸੀ। ਸ਼ਾਂਤਚਿੱਤ ਰੇਲਵੇ ਸਟੇਸ਼ਨ ਉੱਤੇ ਪਿਆਸੇ ਮੁਸਾਫਿਰਾਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਘੜੇ ਰੱਖੇ ਹੋਏ ਸਨ, ਜਿਹੜੇ ਖੁਦ ਪਾਣੀ ਲਈ ਤਰਸ ਰਹੇ ਸਨ। ਨਿੱਕੀ ਜਿਹੀ ਟਿਕਟ ਖਿੜਕੀ ਵੀ ਬੰਦ ਸੀ। ਕੰਧ ’ਤੇ ਕਿਰਾਇਆ ਨਾਮਾ ਲਟਕ ਰਿਹਾ ਸੀ, ਜਿਸ ਉੱਤੇ ਇੱਕ ਪਾਸੇ ਲਾਹੌਰ ਤੇ ਦੂਜੇ ਪਾਸੇ ਕਰਾਚੀ ਤੱਕ ਦੇ ਰੇਲਵੇ ਸਟੇਸ਼ਨਾਂ ਦੇ ਨਾਂ ਤੇ ਕਰਾਇਆ ਲਿਖਿਆ ਹੋਇਆ ਸੀ। ਸਟੇਸ਼ਨ ਸੰੁਞਾਂ ਤਾਂ ਸੀ, ਪਰ ਵੀਰਾਨ ਨਹੀਂ ਸੀ। ਰੁੱਖਾਂ ਤੋਂ ਕਾਂਵਾਂ ਤੇ ਬੁਲਬੁਲਾਂ ਦੇ ਘੋਲ ਸੁਣਾਈ ਦੇ ਰਹੇ ਸਨ। ਦੂਰ ਸੜਕ ਤੋਂ ਲੰਘ ਰਹੇ ਟਰੱਕਾਂ ਦੀ ਪਾਂ ਪਾਂ ਸਮੇਤ।
ਇਹ ਪਿੰਡ ਰਾਏ ਬਹਾਦਰ ਸਰਦਾਰ ਦਾਤਾਰ ਸਿੰਘ ਨੇ ਵਸਾਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਹੁਕਮ ਸਿੰਘ ਸਾਂਝੇ ਪੰਜਾਬ ਦੇ ਵੱਡੇ ਜ਼ਿਮੀਂਦਾਰ ਸਨ। ਪਾਕਪਟਨ ਤੇ ਆਰਿਫ ਵਾਲਾ ਵਿਚਕਾਰ ਪੈਂਦੇ ਹਜ਼ਾਰਾਂ ਏਕੜਾਂ ਦੇ ਮਾਲਕ।
ਉਨ੍ਹਾਂ ਦੇ ਬੇਟਾ ਦਾਤਾਰ ਸਿੰਘ ਮਿੰਟਗੁਮਰੀ (ਹੁਣ ਸ਼ਾਹੀਵਾਲ) ਤੇ ਅੰਮ੍ਰਿਤਸਰ ਤੋਂ ਖੇਤੀ ਵਿਦਿਆ ਪ੍ਰਾਪਤ ਕਰਕੇ ਇੰਗਲੈਂਡ ਤੋਂ ਨੈਸ਼ਨਲ ਡੇਅਰੀ ਡਿਪਲੋਮਾ ਲੈ ਕੇ ਆਇਆ ਸੀ। ਅਖੰਡ ਹਿੰਦੁਸਤਾਨ ਵਿਚ ਉਸ ਦੇ ਮਿੰਟਗੁਮਰੀ ਵਾਲੇ ਡੇਅਰੀ ਫਾਰਮ ਨੂੰ ਸਾਰੇ ਹਿੰਦੁਸਤਾਨ ਵਿਚ ਪ੍ਰਥਮ ਤੇ ਮੁਖੀ ਫਾਰਮ ਹੋਣ ਦਾ ਮਾਣ ਹਾਸਲ ਸੀ। ਪਸ਼ੂ ਪੰਛੀਆ ਨੂੰ ਪਿਆਰ ਕਰਨ ਸਦਕਾ ਉਹ ਮਹਾਤਮਾ ਗਾਂਧੀ ਦੀ ਨਜ਼ਰ ਵੀ ਚੜ੍ਹ ਗਿਆ। 1934 ਵਿਚ ਕੋਪਨ ਹੈਗਨ ਤੇ 1937 ਵਿਚ ਬਰਲਿਨ ਵਾਲੀ ਇੰਟਰਨੈਸ਼ਨਲ ਡੇਅਰੀ ਕਾਨਫਰੰਸ ਵਿਚ ਹਿੰਦੁਸਤਾਨ ਦੀ ਪ੍ਰਤੀਨਿਧਤਾ ਕਰਨ ਵਾਲਾ ਵੀ ਉਹੀਓ ਸੀ। ਆਪਣੇ ਖੇਤਾਂ ਵਿਚ ਸਭ ਤੋਂ ਪਹਿਲਾਂ ਟਿਊਬਵੈਲ ਲਾਉਣ ਵਾਲਾ ਵੀ। ਸਥਾਨਕ ਵਸੋਂ ਇਸ ਨੂੰ ‘ਬੰਬਾ’ ਕਹਿੰਦੀ ਹੰੁਦੀ ਸੀ। ਖੇਤੀ ਤੇ ਡੇਅਰੀ ਦੇ ਧੰਦੇ ਵਿਚ ਮੱਲਾਂ ਮਾਰਨ ਸਦਕਾ ਉਸ ਨੂੰ ਬਰਤਾਨਵੀ ਸਰਕਾਰ ਵਲੋਂ ਸਰ ਦੀ ਉਪਾਧੀ ਦਿੱਤੀ ਗਈ।
ਏਸ ਪਿੰਡ ਦੇ ਟਿੱਲੇ ਉੱਤੇ ਇਕ ਛੋਟਾ ਗੁਰਦੁਆਰਾ ਵੀ ਹੈ, ਜਿੱਥੇ 15ਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਬਾਬਾ ਫਰੀਦ ਉਦੀਨ ਗੰਜ ਸ਼ਕਰ ਦੀ ਖਾਨਗਾਹ ’ਤੇ ਹਾਜ਼ਰੀ ਭਰਨ ਆਏ ਸਨ। ਇਹ ਉਹ ਸਥਾਨ ਹੈ, ਜਿਥੇ ਸਿੱਖ ਮਤ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਬਾਬਾ ਫਰੀਦ ਦੇ ਗੱਦੀਨਸ਼ੀਨ ਜਨਾਬ ਇਬਰਾਹੀਮ (ਫਰੀਦ ਸਾਨੀ) ਦੇ ਮੁਹੱਬਤ ਭਰੇ ਖਿਆਲਾਂ ਨਾਲ ਆਦਾਨ ਪ੍ਰਦਾਨ ਦਾ ਸੰਜੋਗ ਬਣਿਆ। ਇਥੇ ਹੀ ਬਸ ਨਹੀਂ, ਉਨ੍ਹਾਂ ਦੇ ਸ਼ਲੋਕਾਂ ਨੂੰ ਗੁੁਰੂ ਗ੍ਰੰਥ ਸਾਹਿਬ ਵਿਚ ਵੀ ਥਾਂ ਮਿਲੀ, ਜਿਹੜੇ ਅੱਜ ਵੀ ਕਰੋੜਾਂ ਸਿੱਖਾਂ ਦੀ ਆਤਮਾ ਰੁਸ਼ਨਾਉਂਦੇ ਹਨ। ਲੋਕਾਂ ਨੇ ਰੇਲਵੇ ਸਟੇਸ਼ਨ ਦਾ ਨਾਂ ਤਾਂ ਬਦਲ ਦਿੱਤਾ, ਪਰ ਉਹ ਵਾਲਾ ਗੁਰਦੁਆਰਾ ਬਾਬਾ ਨਾਨਕ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।
ਬਲਿਹਾਰੇ ਜਾਈਏ ਅਹਿਮਦ ਨਈਮ ਚਿਸ਼ਤੀ ਦੇ, ਜਿਹੜਾ ਪੁਰਾਤਨ ਪੋਠੋਹਾਰ ਦੀਆਂ ਬਾਤਾਂ ਨਵੀਂ ਪੀੜ੍ਹੀ ਤੱਕ ਪੁਜਦੀਆਂ ਕਰ ਰਿਹਾ ਹੈ।
ਧਾਰਮਿਕ ਤੇ ਸਭਿਆਚਾਰਕ ਮੇਲਿਆਂ ਦੇ ਬਦਲਦੇ ਰੰਗ-ਢੰਗ: ਕਿਸਾਨ ਅੰਦੋਲਨ ਤੇ ਕੋਵਿਡ-19 ਨੇ ਸਾਰੇ ਸੰਸਾਰ ਵਿਚ ਧਾਰਮਿਕ ਤੇ ਸਭਿਆਚਾਰਕ ਜੋੜ ਮੇਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਾਰ ਤਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਦੇ ਜੋੜ ਮੇਲੇ ਵੀ ਦਿੱਲੀ ਦੇ ਸਿੰਘੂ ਬਾਰਡਰ ਤੱਕ ਫੈਲ ਗਏ ਸਨ। ਹੋਲਾ ਮਹੱਲਾ ਵੀ ਆਨੰਦਪੁਰ ਸਾਹਿਬ ਤੱਕ ਸੀਮਤ ਨਹੀਂ ਰਿਹਾ ਤੇ ਵਿਸਾਖੀ ਦਾ ਉਤਸਵ ਹਿਮਾਚਲ ਤੇ ਹਰਿਆਣਾ ਦੀਆਂ ਹੱਦਾਂ ਟੱਪ ਕੇ ਦਿੱਲੀ ਦੀਆਂ ਬਰੂਹਾਂ ਤੱਕ ਮਨਾਇਆ ਗਿਆ ਹੈ। ਲੋਹੜੀ ਤੇ ਹੋਲੀ ਵਾਂਗ ਇਸ ਵਾਰ ਦੀ ਵਿਸਾਖੀ ਵੀ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਤੱਕ ਸੀਮਤ ਨਾ ਰਹਿ ਕੇ ਦਿੱਲੀ ਵਾਲੀ ਸ਼ਾਹ ਰਾਹ ਉੱਤੇ ਜਿਥੇ ਜਿਥੇ ਵੀ ਕਿਸਾਨਾਂ ਨੇ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਜੰਗ ਵਿੱਢੀ ਹੈ, ਹਰ ਥਾਂ ਮਨਾਈ ਗਈ। ਸਿੰਘੂ ਬਾਰਡਰ `ਤੇ ਕਿਸਾਨ ਆਗੂਆਂ ਨੇ ਆਪਣੇ ਸਾਥੀਆਂ ਨੂੰ ਜਿੱਤ ਦਾ ਸਿਹਰਾ ਬੰਨੇ ਜਾਣ ਤੱਕ ਡਟੇ ਰਹਿਣ ਲਈ ਵੰਗਾਰਿਆ। ਫਸਲਾਂ ਦੀ ਵਾਢੀ ਨਿਪਟਾਉਣ ਲਈ ਵਾਰੀਆਂ ਬੰਨ ਕੇ ਹਾਜ਼ਰੀ ਭਰਨ ਲਈ ਪੁਕਾਰਿਆ। ਉਨ੍ਹਾਂ ਦੀ ਇਸ ਪੁਕਾਰ ਵਿਚ ਬੀਬੀਆਂ ਤੇ ਬੱਚਿਆਂ ਦੇ ਜੈਕਾਰਿਆਂ ਵਿਚ ਵੀ ਬਰਾਬਰ ਦਾ ਜੋਸ਼ ਸੀ। ਖੇਤੀ ਨੂੰ ਘਾਟੇ ਵੰਦਾ ਕਿੱਤਾ ਗਰਦਾਨਦਿਆਂ ਉਨ੍ਹਾਂ ਨੇ ਖੇਤੀ ਉਪਜ ਦੇ ਦਾਣੇ ਦਾਣੇ ਦਾ ਸਹੀ ਮੱੁਲ ਪ੍ਰਾਪਤ ਕਰਨ ਦਾ ਵਚਨ ਲੈਂਦਿਆਂ ਹਰ ਇੱਕ ਮੋਰਚੇ ਉੱਤੇ ਖੇਡਾਂ ਵੀ ਰਚਾਈਆਂ ਤੇ ਮਾਣੀਆਂ।
ਕਿਸਾਨ ਅੰਦੋਲਨ ਦਾ ਅਸਰ ਸਿੰਘੂ ਬਾਰਡਰ ਤੱਕ ਹੀ ਸੀਮਤ ਨਹੀਂ, ਹਰਿਆਣਾ ਦੇ ਟਿੱਕਰੀ ਬਾਰਡਰ ਅਤੇ ਦਿੱਲੀ ਪਾਰ ਦੀ ਗਾਜ਼ੀਪੁਰ ਸੀਮਾ ਤੱਕ ਫੈਲ ਚੁਕਾ ਹੈ। ਜੇ ਸਥਾਨਕ ਮੋਰਚਿਆਂ ਦੀ ਤਾਜ਼ਾ ਪ੍ਰਮਾਣ ਦੇਣੀ ਹੋਵੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਆਪਣਾ ਸੋਨੀਪਤ ਵਾਲਾ ਸਮਾਗਮ ਰੱਦ ਕਰਨ ਦੀ ਦਿੱਤੀ ਜਾ ਸਕਦੀ ਹੈ, ਜਿੱਥੇ ਉਸ ਨੇ ਭੀਮ ਰਾਓ ਅੰਬੇਦਕਰ ਦੀ 130ਵੀਂ ਜੈਯੰਤੀ ਨੂੰ ਸੰਬੋਧਨ ਕਰਨਾ ਸੀ। ਇਸ ਦੇ ਉਲਟ ਕਿਰਤੀ ਕਿਸਾਨ ਜਥੇਬੰਦੀਆਂ ਨੇ ਇਸ ਦਿਨ ਨੂੰ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਇਆ, ਜਿਸ ਵਿਚ ਔਰਤਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਜਥੇ ਦਿੱਲੀ ਪਹੰੁਚੇ।
ਅਜਿਹੇ ਉਤਸਵ ਮਨਾਉਣ ਦਾ ਇੱਕ ਹੋਰ ਰੂਪ ਘਰ ਬੈਠ ਕੇ ਅਪਣੇ ਟੈਲੀਫੋਨ ਉੱਤੇ ਵੀਡੀਓ ਕਲਿੱਪਾਂ ਸੁਣਨਾ ਵੀ ਹੋ ਨਿਬੜਿਆ ਹੈ। ਮੈਂ ਖੁਦ ਵਿਸਾਖੀ ਵਾਲੇ ਦਿਨ ਕਿਸੇ ਸਮਾਗਮ ਵਿਚ ਹਿੱਸਾ ਲਏ ਬਿਨਾ ਅਜੀਤ ਵੈਬ ਟੀ. ਵੀ. ਉੱਤੇ ਆਪਣੇ ਮਿੱਤਰ ਬਰਜਿੰਦਰ ਸਿੰਘ ਵਲੋਂ ਪੇਸ਼ ਕੀਤੇ ਧਨੀ ਰਾਮ ਚਾਤ੍ਰਿਕ ਦੀ ‘ਮੇਲੇ ਵਿਚ ਜੱਟ’ ਨਾਂ ਦੀ ਕਵਿਤਾ ਨੂੰ ਮਾਣਿਆ, ਜਿਸ ਦਾ ਅਨੰਦ ਮੇਲੇ ਜਾਣ ਨਾਲੋਂ ਘੱਟ ਨਹੀਂ ਸੀ। ਚਾਤ੍ਰਿਕ ਦੀ ਇਸ ਕਵਿਤਾ ਦੇ ਕੁਝ ਅੰਸ਼ ‘ਅੰਤਿਕਾ’ ਵਿਚ ਪੇਸ਼ ਹਨ।
ਕੇਂਦਰ ਦੀ ਸਰਕਾਰ ਨੂੰ ਕੰਨ ਹੋ ਜਾਣੇ ਚਾਹੀਦੇ ਹਨ ਕਿ ਲੋਕ ਭਾਵਨਾਵਾਂ ਵਿਚ ਸੱਚ ਤੇ ਜਾਨ ਹੋਵੇ ਤਾਂ ਹਰ ਤਰ੍ਹਾਂ ਦੇ ਹੱਦ ਬੰਨੇ ਤੋੜ ਕੇ ਲੋਕ ਮਨਾਂ ਵਿਚ ਸਮਾਉਣ ਦਾ ਵੱਲ ਜਾਣਦੀਆਂ ਹਨ। ਦਮਾਮੇ ਮਾਰਿਆਂ ਮੇਲੇ ਜਾਣ ਦੀ ਰੀਤ ਜੱਟਾਂ ਤਕ ਹੀ ਸੀਮਤ ਨਹੀਂ, ਕਿਸੇ ਨਾ ਕਿਸੇ ਰੂਪ ਵਿਚ ਦੁਨੀਆਂ ਭਰ ਦੇ ਧਰਮਾਂ ਤੇ ਸਭਿਆਚਾਰ ਦਾ ਹਿੱਸਾ ਹੈ।
ਅੰਤਿਕਾ: (ਮੇਲੇ ਵਿਚ ਜੱਟ: ਧਨੀ ਰਾਮ ਚਾਤ੍ਰਿਕ)
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਮੀਂਹਾਂ ਦੀ ਉਡੀਕ ’ਤੇ ਸਿਆਹੜ ਕੱਢ ਕੇ
ਮਾਲ ਢਾਂਡਾ ਸਾਂਭਣੇ ਨੂੰ ਸੀਰੀ ਛੱਡ ਕੇ
ਪੱਗ, ਝੱਗਾ, ਚਾਦਰ ਨਵੇਂ ਸਿਵਾਇ ਕੇ
ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇ ਕੇ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਤੰੂਬੇ ਨਾਲ ਭਾਂਤੋ ਭਾਂਤ ਬੋਲ ਬੋਲੀਆਂ
ਹਾੜ ਵਿਚ ਜੱਟਾਂ ਨੇ ਮਨਾਈਆਂ ਹੋਲੀਆਂ
ਛਿੰਝ ਦੀ ਤਿਆਰੀ ਹੋਈ ਢੋਲ ਵੱਜਦੇ
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ
ਲਿਸ਼ਕਦੇ ਪਿੰਡੇ ਗੁੰਨੇ ਹੋਏ ਤੇਲ ਦੇ
ਮਾਰਦੇ ਨੇ ਛਾਲਾਂ ਦੂਲ ਡੰਡ ਪੇਲਦੇ
ਟਿੱਕੂ ਨੂੰ ਸ਼ਰੈਣਾ ਪਹਿਲੇ ਹੱਥ ਢਾਹ ਗਿਆ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।