93ਵਾਂ ਆਸਕਰ ਅਵਾਰਡ: ਮੁਕਾਬਲਾ ਦਿਲਚਸਪ ਤੇ ਸਖਤ

ਸੁਰਿੰਦਰ ਸਿੰੰਘ ਭਾਟੀਆ
ਫੋਨ-224-829-1437
93ਵਾਂ ਆਸਕਰ ਅਵਾਰਡ ਪੋ੍ਰਗਰਾਮ 25 ਅਪਰੈਲ 2021, ਐਤਵਾਰ ਨੂੰ ਲਾਸ ਏਂਜਲਸ ਵਿਚ ਦੋ ਥਿਏਟਰ ਹਾਲਾਂ-ਡੋਲਬੀ ਥਿਏਟਰ ਤੇ ਯੂਨੀਅਨ ਸਟੇਸ਼ਨ ਹਾਲ ਵਿਚ ਹੋ ਰਿਹਾ ਹੈ। ਇਸ ਸਾਲ ਕਰੋਨਾ ਮਹਾਂਮਾਰੀ ਕਾਰਨ ਇਹ ਪ੍ਰੋਗਰਾਮ ਦੇਰੀ ਨਾਲ ਹੋ ਰਿਹਾ ਹੈ। ਆਮ ਤੌਰ `ਤੇ ਇਹ ਫਰਵਰੀ ਮਹੀਨੇ ਹੁੰਦਾ ਹੈ। ਕਰੋਨਾ ਮਹਾਂਮਾਰੀ ਕਰਕੇ ਹੋਰ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਆਸਕਰ ਐਵਾਰਡ ਵਿਚ ਅਂੈਟਰੀ ਲਈ ਪਿਛਲੇ ਸਾਲ ਦੀਆਂ ਫਿਲਮਾਂ ਨੂੰ ਲਾਸ ਏਂਜਲਸ ਦੇ ਕਿਸੇ ਥਿਏਟਰ ਵਿਚ 7 ਦਿਨ, ਤਿੰਨ ਸੋ਼ਅ ਰਿਲੀਜ਼ ਕਰਨਾ ਲਾਜ਼ਮੀ ਸਨ,

ਪਰ ਇਸ ਸਾਲ ਇਸ ਨਾਲ ਹੋਰ ਕਈ ਸ਼ਹਿਰ-ਨਿਊ ਯਾਰਕ, ਸਿ਼ਕਾਗੋ, ਮਿਆਮੀ ਆਦਿ ਵੀ ਸ਼ਾਮਲ ਕਰ ਲਏ ਗਏ ਸਨ। ਇਸ ਦੇ ਨਾਲ ਸਟਰੀਮਿੰਗ ਸਰਵਿਸ, ਵੀਡੀਓ ਆਨ ਡਿਮਾਂਡ ਚੈਨਲਾਂ `ਤੇ ਰਿਲੀਜ਼ ਫਿਲਮਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਗਿਆ ਹੈ।
ਇਸ ਵਾਰੀ ਆਸਕਰ ਅਵਾਰਡ ਦੀਆਂ ਸਾਰੀਆਂ ਹੀ 23 ਸ਼੍ਰੇਣੀਆਂ ਵਿਚ ਮੁਕਾਬਲਾ ਕਾਫੀ ਸਖਤ ਹੈ। ਵੈਸੇ ਵੀ ਹਰ ਤੀਜੇਚੌਥੇ ਸਾਲ ਕਈ ਬਿਹਤਰੀਨ ਫਿਲਮਾਂ ਇਕੋ ਹੀ ਸਮੇਂ ਰਿਲੀਜ਼ ਹੁੰਦੀਆਂ ਹਨ, ਜਿਸ ਕਰਕੇ ਉਸ ਸਾਲ ਇਹ ਮੁਕਾਬਲਾ ਬੜਾ ਦਿਲਚਸਪ ਹੋ ਜਾਂਦਾ ਹੈ। ਇਸ ਵਾਰ ਸਟਰਿਮਿੰਗ ਚੈੇਨਲਾਂ `ਤੇ ਰਿਲੀਜ਼ ਫਿਲਮਾਂ ਨੂੰ ਵੀ ਆਸਕਰ ਮੁਕਾਬਲੇ ਵਿਚ ਸ਼ਾਮਿਲ ਕਰਨ ਕਾਰਨ ਇਸ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ ਹੈ। ਆਸਕਰ ਐਵਾਰਡ ਵਿਚ ਪਹਿਲੀ ਵਾਰ ਹੈ ਕਿ ਦੋ ਔਰਤਾਂ-ਐਮਰਾਲਡ ਫਨੌਲ ਅਤੇ ਕਲੋ ਝਾਉ ਨੂੰ ਇਕੱਠੇ ਹੀ ਫਿਲਮ ਨਿਰੇਦਸ਼ਨ ਦੀ ਸੇ਼੍ਰਣੀ ਵਿਚ ਨਾਮਜ਼ਦ ਕੀਤਾ ਗਿਆ ਹੈ, ਨਹੀਂ ਤਾਂ ਅਜੇ ਤਕ ਸਿਰਫ ਇਕ ਹੀ ਔਰਤ ਨੂੰ ਫਿਲਮ ਨਿਰੇਦਸ਼ਨ ਦੀ ਸੇ਼੍ਰਣੀ ਵਿਚ ਨਾਮਜ਼ਦਗੀ ਮਿਲਦੀ ਰਹੀ ਹੈ। ਕਲੋ ਝਾਉ ਪਹਿਲੀ ਚਾਈਨਾ ਮੂਲ ਦੀ ਨਿਰਦੇਸ਼ਕ ਹੈ, ਜਿਸ ਨੂੰ ਇਸ ਖੇਤਰ ਵਿਚ ਨਾਮਜ਼ਦਗੀ ਮਿਲੀ ਹੈ।
ਇਸ ਵਾਰ ਆਸਕਰ ਦੀ ਬਿਹਤਰੀਨ ਫਿਲਮਾਂ ਦੀ ਕੈਟੇਗਰੀ ਵਿਚ ਸ਼ਾਮਿਲ ਫਿਲਮਾਂ “ਦ ਫਾਦਰ”, “ਜੂਡਾਸ ਐਂਡ ਬਲੈਕ ਮਸੀਹਾ”, “ਮਾਂਕ”, “ਮੀਨਾਰੀ”, “ਪ੍ਰੌਮਿਸਿੰਗ ਯੰਗ ਵੁਮਨ”, “ਨੋਮਾਡਲੈਂਡ”, “ਸਾਊਂਡ ਆਫ ਮੈਟਲ”, “ਦੀ ਟਰਾਇਲ ਆਫ ਦੀ ਸਿ਼ਕਾਗੋ 7” ਹਨ। ਇਨ੍ਹਾਂ ਫਿਲਮਾਂ ਨੂੰ ਦੁਨੀਆਂ ਭਰ ਵਿਚ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਆਸਕਰ ਅਵਾਰਡ ਨਾਮੀਨੇਸ਼ਨ ਦੀ ਗੱਲ ਕਰੀਏ ਤਾਂ “ਮਾਂਕ” ਫਿਲਮ ਨੂੰ ਵੱਖ ਵੱਖ ਸੇ਼੍ਰਣੀਆਂ ਵਿਚ 10 ਨਾਮਜ਼ਦਗੀਆਂ ਮਿਲੀਆਂ ਹਨ। “ਦ ਫਾਦਰ”, “ਜੂਡਾਸ ਐਂਡ ਬਲੈਕ ਮਸੀਹਾ”, “ਮੀਨਾਰੀ”, “ਨੋਮਾਡਲੈਂਡ”, “ਸਾਊਂਡ ਆਫ ਮੈਟਲ”, “ਦੀ ਟਰਾਇਲ ਆਫ ਦੀ ਸਿ਼ਕਾਗੋ 7” ਨੂੰ 6-6 ਨਾਮਜ਼ਦਗੀਆਂ ਮਿਲੀਆਂ ਹਨ। “ਪ੍ਰੌਮਿਸਿੰਗ ਯੰਗ ਵੁਮਨ” ਤੇ “ਮਾ ਰਾਇਨੇ ਬਲੈਕ ਬਾਟਮ” ਨੂੰ 5-5 ਨਾਮਜ਼ਦਗੀਆਂ ਮਿਲੀਆਂ ਹਨ।
ਇਸ ਲਈ ਹਰ ਕੈਟੇਗਰੀ ਵਿਚ ਫਿਲਮਾਂ ਦੀ ਆਪਸ ਵਿਚ ਇਨਾਮ ਜਿੱਤਣ ਲਈ ਕਾਂਟੇ ਦੀ ਟੱਕਰ ਹੈ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਭਾਰਤ ਦੀ ਕੋਈ ਫਿਲਮ ‘ਆਸਕਰ ਅਵਾਰਡ’ ਲਈ ਨਾਮਜ਼ਦਗੀ ਹਾਸਿਲ ਨਹੀਂ ਕਰ ਸਕੀ। ਭਾਰਤ ਵਲੋਂ ਸਰਕਾਰੀ ਤੌਰ `ਤੇ ਬਿਹਤਰੀਨ ਵਿਦੇਸ਼ੀ ਫਿਲਮ ਵਰਗ ਵਿਚ ਭੇਜੀ ਗਈ ਨਿਰਦੇਸ਼ਕ ਲਿਜੋ ਜੁਏਸ ਦੀ “ਜਲਕੱਟੂ” ਫਾਈਨਲ 15 ਦੀ ਲਿਸਟ ਲਈ ਨਹੀਂ ਚੁਣੀ ਗਈ, ਪਰ ਭਾਰਤ ਦੀ ਪਿਠਭੂਮੀ `ਤੇ ਬਣੀ ਫਿਲਮ “ਦੀ ਵਾਈਟ ਟਾਈਗਰ” ‘ਅਡਾਪਟ ਸਕਰੀਨ ਪਲੇਅ’ ਦੀ ਸ਼੍ਰੇਣੀ ਆਸਕਰ ਅਵਾਰਡ ਵਿਚ ਅੰਤਿਮ 5 ਫਿਲਮਾਂ ਵਿਚ ਥਾਂ ਬਣਾਉਣ ਵਿਚ ਕਾਮਯਾਬ ਹੋਈ ਹੈ। ਇਸ ਫਿਲਮ ਦੀ ਕਹਾਣੀ ਅਰਵਿੰਦ ਦੇ ਨਾਵਲ “ਦੀ ਵਾਈਟ ਟਾਈਗਰ” ਉਤੇ ਆਧਾਰਿਤ ਹੈ। ਇਸ ਦਾ ਸਕਰੀਨ ਪਲੇਅ ਇਰਾਨੀਅਮਰੀਕਨ ਲੇਖਕ ਰਾਮੀਨ ਬਿਹਾਰਾਨੀ ਨੇ ਲਿਖਿਆ ਹੈ। ਭਾਰਤੀ ਫਿਲਮ ਐਕਟਰਸ ਪ੍ਰਿਯੰਕਾ ਚੋਪੜਾ ਵੀ ਇਸ ਫਿਲਮ ਦੀ ਨਿਰਮਾਤਾ ਟੀਮ ਵਿਚ ਸ਼ਾਮਲ ਹੈ। ਇਸ ਕੈਟੇਗਰੀ ਵਿਚ ਇਸ ਫਿਲਮ ਤੋਂ ਇਲਾਵਾ “ਦ ਫਾਦਰ” ਲੇਖਕ ਹੈਂਪਟਨ-ਫਲੋਰੀਅਨ, “ਨੋਮਾਡਲੈਂਡ” ਲੇਖਕ ਕਲੋ ਝਾਉ, “ਵਨ ਨਾਈਟ ਇਨ ਮਿਆਮੀ” ਲੇਖਕ ਕੈਂਪ ਤੇ “ਬੋਰਾਟ ਸਬਸਿਕਵੈਂਟ ਮੂਵੀ ਫਿਲਮ” ਲੇਖਕ ਸਾਚਾ ਬੇਰਨ, ਪੀਟਰ, ਜਾਨਾ, ਹਾਨੀਸ, ਲੀ, ਡੈਨ, ਐਰੀਕਾ, ਡੈਨ ਸਵੀਮਰ ਹਨ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਵਿਚ “ਕਾਲਿਕਟਿਵ”, “ਕ੍ਰਿਪ ਕੈਂਪ”, “ਦੀ ਮੋਲ ਏਜੰਟ”, “ਮਾਈ ਆਕਟੋਪਸ ਟੀਚਰ” ਤੇ “ਟਾਈਮ” ਹਨ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਵਰਗ ਵਿਚ “ਦੀ ਮੋਲ ਏਜੰਟ”, “ਮਾਈ ਆਕਟੋਪਸ ਟੀਚਰ” ਦੀ ਟੱਕਰ ਹੈ, ਪਰ ਇਨਾਮ ਲਈ ਚੁਣੇ ਜਾਣ ਦੀ ਸੰਭਾਵਨਾ “ਦੀ ਮੋਲ ਏਜੰਟ” ਦੀ ਹੈ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਸ਼ਾਰਟ ਵਰਗ ਵਿਚ “ਕੋਲੀਟ”, “ਏ ਕੰਨਸਰਟੋ ਇਜ਼ ਕਨਵਰਸੇਸ਼ਨ”, “ਡੋ ਨਾਟ ਸਪਲਿਟ”, “ਹੰਗਰ ਵਾਰਡ”, “ਏ ਲਵ ਸਾਂਗ ਆਫ ਲਤਾਸ਼ਾ” ਹਨ।
ਬਿਹਤਰੀਨ ਮੌਲਿਕ ਸਕੋਰ ਵਿਚ “ਦਾ 5 ਬਲੱਡਸ”, “ਮਾਂਕ”, “ਮਿਨਾਰੀ”, “ਨਿਊਜ਼ ਆਫ ਵਰਲਡ” ਤੇ “ਸੋਲ” ਹਨ। “ਸੋਲ” ਦੇ ਇਨਾਮ ਜਿੱਤਣ ਦੀ ਸੰਭਾਵਨਾ ਵੱਧ ਹੈ।
ਬਿਹਤਰੀਨ ਮੌਲਿਕ ਗੀਤ ਸ਼੍ਰੇਣੀ ਵਿਚ ਫਿਲਮ “ਜੂਡਾਸ ਐਂਡ ਬਲੈਕ ਮਸੀਹਾ” ਦਾ ਗੀਤ ‘ਫਾਈਟ ਫਾਰ ਯੂ’, “ਦੀ ਟਰਾਇਲ ਆਫ ਦੀ ਸਿ਼ਕਾਗੋ 7” ਦਾ ‘ਹੀਅਰ ਮਾਈ ਵਾਈਸ’, “ਦੀ ਸਟੋਰੀ ਆਫ ਫਾਇਰ ਸਾਗਾ” ਦਾ ‘ਹੁਸਾਵਿਕ’, “ਦ ਲਾਈਫ ਹੈਡ” ਦਾ ‘ਲੋ ਸੀ’ ਅਤੇ “ਵਨ ਨਾਈਟ ਇਨ ਮਿਆਮੀ” ਦਾ ‘ਸਪੀਕ ਨਾੳਂੁ’ ਹਨ।
ਸਰਵੋਤਮ ਅਭਿਨੇਤਾ ਦੀ ਦੌੜ ਵਿਚ ਰਿੱਜ ਅਹਿਮਦ (ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਐਕਟਰ)-ਫਿਲਮ “ਸਾਊਂਡ ਆਫ ਮੈਟਲ”, ਚੈਡਵਿਕ ਬੋਸਮੈਨ-ਫਿਲਮ “ਮਾ ਰੇਨੀ ਦਾ ਬਲੈਕ ਬਾਟਮ”, ਐਂਥਨੀ ਹੋਪਕਿੰਸ-ਫਿਲਮ “ਦੀ ਫਾਦਰ”, ਗੈਰੀ ਓਲਡਮੈਨ-ਫਿਲਮ “ਮਾਂਕ”, ਸਟੀਵਨ ਯੂਨ-ਫਿਲਮ “ਮਿਨਾਰੀ” ਸ਼ਾਮਲ ਹਨ; ਪਰ ਐਂਥਨੀ ਹੋਪਕਿੰਸ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾਂਦੀ ਹੈ। ਉਸ ਨੇ ਫਾਦਰ ਐਂਥਨੀ ਦਾ ਰੋਲ ਕੀਤਾ ਹੈ, ਜਿਸ ਨੇ ਉਸ ਵਿਚ ਜਾਨ ਪਾ ਦਿੱਤੀ ਹੈ। ਉਹ ਪਹਿਲਾਂ ਵੀ ਬਿਹਤਰੀਨ ਅਦਾਕਾਰ ਦਾ ਆਸਕਰ ਅਵਾਰਡ ਇਨਾਮ ਜਿੱਤ ਚੁਕਾ ਹੈ। ਉਸ ਦਾ ਨਾਂ ਸਭ ਤੋਂ ਉਪਰ ਹੈ। ਰਿੱਜ ਅਹਿਮਦ ਨੇ ‘ਸਾਊਂਡ ਆਫ ਮੈਟਲ” ਵਿਚ ਇਕ ਸੰਗੀਤਕਾਰ ਦਾ ਕਿਰਦਾਰ ਨਿਭਾ ਕੇ ਚੰਗੀ ਵਾਹ ਵਾਹ ਖੱਟੀ ਹੈ। ਇਸ ਸ਼੍ਰੇਣੀ ਵਿਚ ਐਕਟਰ ਸਟੀਵਨ ਯੂਨ-ਫਿਲਮ “ਮਿਨਾਰੀ” ਦੇ ਨਾਂ ਦੀ ਵੀ ਕਾਫੀ ਚਰਚਾ ਹੈ।
ਸਰਵੋਤਮ ਨਿਰਦੇਸ਼ਕ ਵਰਗ ਵਿਚ ਥਾਮਸ ਵਿੰਟਰਬਰਗ ਫਿਲਮ “ਐਨਅਦਰ ਰਾਊਂਡ”, ਡੇਵਿਡ ਫਿੰਚਰ-ਫਿਲਮ “ਮਾਂਕ”, ਲੀ ਇਸਾਕ ਚੁੰਗ-ਫਿਲਮ “ਮੀਨਾਰੀ”, ਐਮਰਾਲਡ ਫੌਨਲ-ਫਿਲਮ “ਪ੍ਰੌਮਿਸਿੰਗ ਯੰਗ ਵੁਮਨ”, ਕਲੋ ਝਾਉ-ਫਿਲਮ “ਨੋਮਾਡਲੈਂਡ” ਦੇ ਨਾਂ ਸ਼ਾਮਲ ਹਨ। ਇਸ ਵਾਰ ਡੇਵਿਡ ਫਿੰਚਰ ਨੂੰ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਉਹ ਪਹਿਲਾ ਵੀ 2010 ਵਿਚ ਬਾਫਟਾ ਵਿਚ ਬਿਹਤਰੀਨ ਨਿਰਦੇਸ਼ਕ ਦਾ ਇਨਾਮ ਜਿੱਤ ਚੁਕਾ ਹੈ। ਕਲੋ ਝਾਉ ਦੇ ਨਿਰਦੇਸ਼ਨ ਦੀ ਬਹੁਤ ਚਰਚਾ ਹੈ ਕਿ ਉਸ ਨੇ ਅਮਰੀਕਾ ਦੇ ਸਭਿਆਚਾਰ ਨੂੰ ਸਰਵੋਤਮ ਤਰੀਕੇ ਨਾਲ ਫਿਲਮਬੰਦ ਕੀਤਾ ਹੈ। ਇਸ ਤੋਂ ਇਲਾਵਾ ਡੈਨਿਸ ਮੂਲ ਦਾ ਤਜਰਬੇਕਾਰ ਨਿਰਦੇਸ਼ਕ ਥਾਮਸ ਵਿੰਟਰਬਰਗ ਵੀ ਦੌੜ ਵਿਚ ਹੈ।
ਸਰਵੋਤਮ ਅਦਾਕਾਰਾਂ ਵਿਚ ਵਿਓਲਾ ਡੇਵਿਸ-ਫਿਲਮ “ਮਾ ਰੇਨੀ ਦਾ ਬਲੈਕ ਬਾਟਮ”, ਆਂਦਰਾ ਡੇ-ਫਿਲਮ “ਯੂਨਾਈਟਿਡ ਸਟੇਟ ਵਰਸਿਜ਼ ਬਿਲੀ ਹੋਲੀਡੇ”, ਵੈਨੇਸਾ ਕਿਰਬੀ “ਪੀਸਿਜ਼ ਆਫ ਏ ਵੁਮਨ”, ਫਰਾਂਸਿਸ ਮੈਕਡੋਰਮੰਡ ‘ਨੋਮੈਡਲੈਂਡ”, ਕੈਰੀ ਮੁਲੀਗਨ-ਫਿਲਮ “ਪ੍ਰੌਮਿਸਿੰਗ ਯੰਗ ਵੁਮਨ” ਦੇ ਨਾਂ ਸ਼ਾਮਲ ਹਨ। ਫਰਾਂਸਿਸ ਮੈਕਡੋਰਮੰਡ ਨੂੰ ਉਸ ਦੀ ਅਦਾਕਾਰੀ ਲਈ ਇਸ ਅਵਾਰਡ ਦਾ ਹੱਕਦਾਰ ਮੰਨਿਆ ਜਾ ਰਿਹਾ ਹੈ। ਕੈਰੀ ਮੁਲੀਗਨ ਨੇ ਵੀ ਫਿਲਮ “ਪ੍ਰੌਮਿਸਿੰਗ ਯੰਗ ਵੁਮਨ” ਵਿਚ ਬਹੁਤ ਉਮਦਾ ਅਦਾਕਾਰੀ ਕੀਤੀ ਹੈ। ਇਸ ਦੌੜ ਵਿਚ 4 ਵਾਰ ਆਸਕਰ ਨਾਮਜ਼ਦਗੀਆਂ ਵਿਚ ਆਉਣ ਵਾਲੀ ‘ਤੇ ਇਕ ਵਾਰ ਆਸਕਰ ਵਿਚ ਸਹਾਇਕ ਬਿਹਤਰੀਨ ਅਦਾਕਾਰਾ ਦਾ ਖਿਤਾਬ ਹਾਸਿਲ ਕਰ ਚੁਕੀ ਵਿਓਲਾ ਡੇਵਿਸ ਦੀ ਵੀ ਖੂਬ ਚਰਚਾ ਹੈ।
ਬਿਹਤਰੀਨ ਸਹਾਇਕ ਅਭਿਨੇਤਾ ਦੀ ਦੌੜ ਵਿਚ ਸਾਚਾ ਬੈਰਨ ਕੋਹੇਨ-ਫਿਲਮ “ਦੀ ਟਰਾਇਲ ਆਫ ਦੀ ਸਿ਼ਕਾਗੋ 7”, ਡੈਨੀਅਲ ਕਾਲੂਆ-ਫਿਲਮ “ਜੂਡਾਸ ਐਂਡ ਬਲੈਕ ਮਸੀਹਾ”, ਲੈਸਲੀ ਅਡੋਮ ਜੂਨੀਅਰ-ਫਿਲਮ “ਵਨ ਨਾਈਟ ਇਨ ਮਿਆਮੀ”, ਪਾਲ ਰਾਸੀ-ਫਿਲਮ ‘ਸਾਊਂਡ ਆਫ ਮੈਟਲ” ਅਤੇ ਲਾਕੀਥ ਸਟੈਨਫੀਲਡ ਫਿਲਮ “ਜੂਡਾਸ ਐਂਡ ਬਲੈਕ ਮਸੀਹਾ” ਸ਼ਾਮਲ ਹਨ। ਸਾਚਾ ਬੈਰਨ ਕੋਹੇਨ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾ ਰਹੀ ਹੈ, ਪਰ ਆਸਕਰ ਅਵਾਰਡ ਵਿਚ ਪਾਲ ਰਾਸੀ ਅਤੇ ਲੈਸਲੀ ਅਡੋਮ ਜੂਨੀਅਰ ਵੀ ਦੌੜ `ਚ ਕਾਫੀ ਨਜ਼ਦੀਕ ਸਮਝੇ ਜਾ ਰਹੇ ਹਨ।
ਸਰਵੋਤਮ ਸਹਾਇਕ ਅਭਿਨੇਤਰੀ ਵਰਗ ਵਿਚ ਮਾਰੀਆ ਬਕਾਲੋਵਾ “ਬੋਰਾਟ ਸਬਸਿਕਵੈਂਟ ਮੂਵੀ ਫਿਲਮ”, ਗਲੇਨ ਕਲੋਜ “ਹਿੱਲਬਿਲੀ ਐਲੀਜੀ”, ਉਲੀਵਾ-ਫਿਲਮ “ਦੀ ਫਾਦਰ”, ਅਮਾਂਡਾ ਸੇਫਰੀਡ-ਫਿਲਮ “ਮਾਂਕ”, ਯੂਨ ਯੂਹ ਜੰਗ-ਫਿਲਮ “ਮੀਨਾਰੀ” ਦੇ ਨਾਂ ਸ਼ਾਮਲ ਹਨ। ਯੂਨ ਯੂਹ ਜੰਗ ਦੇ ਇਨਾਮ ਜਿੱਤਣ ਬਾਰੇ ਚਰਚਾ ਹੈ। ਗਲੇਨ ਕਲੋਜ ਵੀ ਪੁਰਸਕਾਰ ਲਈ ਹੱਕਦਾਰ ਸਮਝੀ ਜਾ ਰਹੀ ਹੈ। ਅਮਾਂਡਾ ਸੇਫਰੀਡ ਦੇ ਨਾਂ ਦੀ ਵੀ ਚਰਚਾ ਹੈ।
ਬਿਹਤਰੀਨ ਮੌਲਿਕ ਪਟਕਥਾ ਵਰਗ ਵਿਚ ਫਿਲਮ “ਜੂਡਾਸ ਐਂਡ ਬਲੈਕ ਮਸੀਹਾ” ਦੇ ਲੇਖਕ ਵਿਲ ਤੇ ਸ਼ਾਕਾ ਕਿੰਗ, “ਮੀਨਾਰੀ” ਦੇ ਲੇਖਕ ਲੀ ਇਸਾਕ ਚੁੰਗ, “ਸਾਊਂਡ ਆਫ ਮੈਟਲ” ਦੇ ਲੇਖਕ ਇਬਰਾਮ ਤੇ ਡੀ ਮਾਰਡਰ, “ਟਰਾਇਲ ਆਫ ਦੀ ਸਿ਼ਕਾਗੋ 7” ਦੇ ਲੇਖਕ ਆਰੋਨ ਸੋਰਕਿਨ ਤੇ “ਪ੍ਰੌਮਿਸਿੰਗ ਯੰਗ ਵੁਮਨ” ਦੀ ਲੇਖਕ ਐਮਰਾਲਡ ਫਨੌਲ ਹਨ।
“ਜੂਡਾਸ ਐਂਡ ਬਲੈਕ ਮਸੀਹਾ” ਦੇ ਲੇਖਕ ਵਿਲ ਤੇ ਸ਼ਾਕਾ ਕਿੰਗ ਦੇ ਸਕਰੀਨ ਪਲੇਅ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ, ਫਿਲਮ ਮੀਨਾਰੀ ਦੇ ਲੇਖਕ ਲੀ ਇਸਾਕ ਦਾ ਸਕਰੀਨ ਪਲੇਅ ਇਸ ਨੂੰ ਟੱਕਰ ਦੇ ਰਹੇ ਹਨ।
ਬਿਹਤਰੀਨ ਐਨੀਮੇਸ਼ਨ ਫੀਚਰ ਫਿਲਮ ਵਰਗ ਵਿਚ “ਆਨਵਾਰਡ”, “ਓਵਰ ਦ ਮੂਨ”, “ਏ ਸ਼ੌਨ ਦ ਸ਼ੀਪ ਮੂਵੀ”, “ਸੋਲ” ਤੇ “ਵੋਲਫਵਾਕਰਸ” ਸ਼ਾਮਲ ਹਨ, ਪਰ ‘ਓਵਰ ਦ ਮੂਨ” ਮੁਕਾਬਲੇ ਵਿਚ ਕਾਫੀ ਅੱਗੇ ਹੈ।
ਬੈਸਟ ਐਨੀਮੇਟਡ ਸ਼ਾਰਟ ਫਿਲਮਾਂ ਵਿਚ “ਬਰੋ”, “ਜੀਨੀਅਸ ਲੇਕੀ”, “ਇਫ ਐਨੀ ਥਿੰਗ ਹੈਪਨ ਆਈ ਲਵ ਯੂ”, “ਓਪੇਰਾ”, “ਯੇਸ ਪੀਪਲ” ਨਾਮਜ਼ਦ ਹਨ।
ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ ਵਿਚ “ਦ ਲੈਟਰ ਰੂਮ”, “ਫੀਲਗ ਥਰੋ’, “ਦੀ ਪ੍ਰੈਜ਼ੈਂਟ”, “ਟੂ ਡਿਸਟੈਂਟ ਸਟਰੇਂਜਜ਼” ਅਤੇ “ਵ੍ਹਾਈਟ ਆਈ” ਨਾਮਜ਼ਦ ਹਨ।
“ਬੈਸਟ ਵਿਜ਼ੁਅਲ ਅਫੈਕਟਸ ਮੂਵੀ ਵਿਚ “ਦ ਮਿਡਨਾਈਟ ਸਕਾਈ”, “ਲਵ ਐਂਡ ਮਾਨਸਟਰ”, “ਮੁਲਾਨ”, “ਦ ਵਨ ਐਂਡ ਓਨਲੀ ਇਵਾਨ” ਤੇ “ਟੈਨੇਟ” ਸ਼ਾਮਲ ਹਨ।
ਬਿਹਤਰੀਨ ਵਿਦੇਸ਼ੀ ਭਾਸ਼ਾ ਫਿਲਮ ਵਰਗ ਵਿਚ “ਐਨਅਦਰ ਰਾਊਂਡ” ਡੈਨਮਾਰਕ, “ਬੈਟਰ ਡੇ” ਹਾਂਗਕਾਂਗ, “ਕੋਲੈਕਿਟਿਵ” ਰੋਮਾਨੀਆ, “ਦ ਮੈਨ ਹੂ ਸੋਲਡ ਹਿਜ਼ ਸਕਿਨ” ਟਿਊਨੀਸ਼ੀਆ, “ਕੁ ਵਾਦਿਸ ਏਡਾ?” ਬੋਸਨੀਆ ਅਤੇ ਹਰਜ਼ੇਗੋਵੀਨਾ ਫਿਲਮਾਂ ਦੌੜ ਵਿਚ ਹਨ, ਪਰ ‘ਬੈਟਰ ਡੇ” ਹਾਂਗਕਾਂਗ ਜ਼ੋਰਦਾਰ ਦਾਅਵੇਦਾਰ ਲੱਗ ਰਹੀ ਹੈ। “ਐਨਅਦਰ ਰਾਊਂਡ” ਡੈਨਮਾਰਕ ਫਿਲਮ ਦੀ ਕਹਾਣੀ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਬਿਹਤਰੀਨ ਸਿਨੇਮਾਟੋਗ੍ਰਾਫੀ ਵਿਚ “ਸੀਨ ਬੋਬਿਟ” ਫਿਲਮ “ਜੂਡਾਸ ਐਂਡ ਬਲੈਕ ਮਸੀਹਾ”, ਐਰਿਕ ਮੈਸਰਸਲਮਿਟ-ਫਿਲਮ “ਮਾਂਕ”, ਡੇਰੀਅਸ ਵੇਲਸਕੀ-ਫਿਲਮ “ਨਿਊਜ਼ ਆਫ ਵਰਲਡ”, ਜੋਸ਼ੂਆ ਜੇਮਜ਼ ਰਿਚਰਡਜ਼-ਫਿਲਮ ‘ਨੋਮੈਡਲੈਂਡ” ਅਤੇ ਫੇਡਨ ਪਾਪਾਮਾੲਕਿਲ-ਫਿਲਮ “ਦੀ ਟਰਾਇਲ ਆਫ ਦੀ ਸਿ਼ਕਾਗੋ 7” ਨਾਮਜ਼ਦ ਹੋਈਆਂ ਹਨ। ਇਨ੍ਹਾਂ ਫਿਲਮਾਂ ਵਿਚੋਂ ‘ਸੀਨ ਬੋਬਿਟ’ ਫਿਲਮ “ਜੂਡਾਸ ਐਂਡ ਬਲੈਕ ਮਸੀਹਾ” ਦੇ ਮੋਰਚਾ ਮਾਰ ਲੈਣ ਦੀ ਸੰਭਾਵਨਾ ਵੱਧ ਹੈ। ਡੇਰੀਅਸ ਵੇਲਸਕੀ-ਫਿਲਮ “ਨਿਊਜ਼ ਆਫ ਵਰਲਡ” ਦੀ ਸਿਨੇਮਾਟੋਗ੍ਰਾਫੀ ਵੀ ਕਾਫੀ ਲਾਜਵਾਬ ਹੈ।
ਬਿਹਤਰੀਨ ਫਿਲਮ ਐਡਿਟਿੰਗ ਵਿਚ “ਦ ਫਾਦਰ”, “ਪ੍ਰੌਮਿਸਿੰਗ ਯੰਗ ਵੁਮਨ”, “ਨੋਮਾਡਲੈਂਡ”, “ਸਾਊਂਡ ਆਫ ਮੈਟਲ”, “ਟਰਾਇਲ ਆਫ ਦੀ ਸਿ਼ਕਾਗੋ 7” ਨਾਮਜ਼ਦ ਹੋਈਆਂ ਹਨ। ਇਸ ਵਰਗ ਵਿਚ ਹਰ ਮੂਵੀ ਇਕ-ਦੂਜੇ `ਤੇ ਭਾਰੂ ਹੈ। ਕਈ ਐਡੀਟਰ ਬਹੁਤ ਹੀ ਤਜਰਬੇਕਾਰ ਤੇ ਹਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿਚ ਆਪਣਾ ਯੋਗਦਾਨ ਪਾ ਚੁਕੇ ਹਨ। ਆਸਕਰ ਵਿਚ ਫਿਲਮ “ਸਾਊਂਡ ਆਫ ਮੈਟਲ” ਦੇ ਇਨਾਮ ਲੈਣ ਦੀ ਭਰਵੀਂ ਚਰਚਾ ਹੈ।
ਪ੍ਰੋਡਕਸ਼ਨ ਡਿਜ਼ਾਈਨ ਵਿਚ ਫਿਲਮ “ਦ ਫਾਦਰ”, “ਮਾ ਰੇਨੀ ਦਾ ਬਲੈਕ ਬਾਟਮ”, “ਮਾਂਕ”, “ਟੈੈਨੇਟ”, “ਨਿਊਜ਼ ਆਫ ਦੀ ਵਰਲਡ” ਨਾਮਜ਼ਦ ਹੋਈਆਂ ਹਨ। ‘ਮਾਂਕ’ ਲਈ ਬਹੁਤ ਆਲੀਸ਼ਾਨ ਸੈਟ ਲਾਏ ਗਏ ਸਨ ਅਤੇ ‘ਟੈੈਨੇਟ’ ਦੇ ਦ੍ਰਿਸ਼ਾਂ ਲਈ ਵੀ ਵਿਸ਼ੇਸ਼ ਸੈਟ ਤਿਆਰ ਕੀਤੇ ਗਏ ਸਨ। “ਨਿਊਜ਼ ਆਫ ਦੀ ਵਰਲਡ” ਦੇ ਦ੍ਰਿਸ਼ਾਂ ਲਈ ਟੈਕਨੀਕਲ ਟੀਮ ਨੇ ਵੱਖਰੀ ਕਿਸਮ ਦੀ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ।
ਕਾਸਟਿਊਮ ਡਿਜ਼ਾਈਨ ਵਿਚ “ਐਮਾ”, “ਮਾ ਰੇਨੀ ਦਾ ਬਲੈਕ ਬਾਟਮ”, “ਮਾਂਕ”, “ਮੁਲਾਨ”, “ਪਿਨੌਕਿਉ” ਹਨ। ‘ਮਾਂਕ’ ਵਿਚ ਵਿਸ਼ੇਸ਼ ਡਿਜ਼ਾਈਨਰ ਕੋਲੋਂ ਉਸੇ ਸਟਾਈਲ ਦੇ ਕੱਪੜਿਆਂ ਵਿਚ ਬੜੀ ਮਿਹਨਤ ਕੀਤੀ ਗਈ ਹੈ।
ਬੈਸਟ ਮੈਕਅਪ ਤੇ ਹੇਅਰ ਸਟਾਈਲ ਦੇ ਮੁਕਾਬਲੇ ਵਿਚ ਫਿਲਮ “ਐਮਾ”, “ਹਿੱਲਬਿਲੀ ਐਲੀਜੀ”, “ਮਾ ਰੇਨੀ ਦਾ ਬਲੈਕ ਬਾਟਮ”, “ਮਾਂਕ”, “ਪਿਨੌਕਿਉ” ਸ਼ਾਮਲ ਹਨ।
ਇਸ ਵਾਰ ਆਸਕਰ ਅਵਾਰਡ ਵਿਚ ਸਾਊਂਡ ਮਿਕਸਿੰਗ ਤੇ ਸਾਊਂਡ ਐਡਿਟਿੰਗ ਨੂੰ ਮਿਲਾ ਕੇ ਇਕ ਸ਼ੇ੍ਰਣੀ ਬੈਸਟ ਸਾਊਂਡ ਬਣਾ ਦਿਤੀ ਗਈ ਹੈ। ਬੈਸਟ ਸਾਊਂਡ ਵਿਚ ਫਿਲਮ “ਗ੍ਰੇਹਾਊਂਡ”, “ਮਾਂਕ”, “ਨਿਊਜ਼ ਆਫ ਦੀ ਵਰਲਡ”, “ਸੋਲ”, “ਸਾਊਂਡ ਆਫ ਮੈਟਲ” ਹਨ। “ਸਾਊਂਡ ਆਫ ਮੈਟਲ”, “ਮਾਂਕ” ਅਤੇ “ਗ੍ਰੇਹਾਊਂਡ” ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ `ਤੇ ਇਨਾਮ ਦੀਆਂ ਹੱਕਦਾਰ ਸਮਝੀਆਂ ਜਾ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਆਸਕਰ ਅਵਾਰਡ ਦਾ 200 ਦੇਸ਼ਾਂ ਵਿਚ ਸਿੱਧਾ ਪ੍ਰਸਾਰਨ ਹੁੰਦਾ ਹੈ ਤੇ ਕਰੋੜਾਂ ਲੋਕ ਇਸ ਪੋ੍ਰਗਰਾਮ ਨੂੰ ਦੇਖਣ ਲਈ ਟੀ. ਵੀ. ਨਾਲ ਜੁੜੇ ਹੁੰਦੇ ਹਨ। ਦੁਨੀਆਂ ਦੇ ਨਾਮੀ ਫਿਲਮੀ ਕਲਾਕਾਰ ਤੇ ਸਟਾਰ, ਜਿਨ੍ਹਾਂ ਦੀ ਇਕ ਝਲਕ ਦੇਖਣ ਲਈ ਪ੍ਰਸ਼ੰਸਕ ਤਰਸਦੇ ਹਨ, ਉਹ ਵੀ ਇਹ ਅਵਾਰਡ ਪ੍ਰਾਪਤ ਕਰਨ ਲਈ ਬੇਤਾਬ ਰਹਿੰਦੇ ਹਨ। 93ਵੇਂ ਆਸਕਰ ਅਵਾਰਡ ਦਾ ਸਿੱਧਾ ਪ੍ਰਸਾਰਨ ਏ. ਬੀ. ਸੀ. ਚੈਨਲ ‘ਤੇ ਐਤਵਾਰ, 25 ਅਪਰੈਲ ਨੂੰ ਸ਼ਾਮ 5 ਵਜੇ (ਪੈਸੇਫਿਕ ਟਾਈਮ) ਅਤੇ ਸ਼ਾਮ 7 ਵਜੇ (ਸੈਂਟਰਲ ਟਾਈਮ) ਦਿਖਾਇਆ ਜਾਵੇਗਾ।