ਚੋਣ ਅਧਿਕਾਰੀਆਂ ‘ਤੇ ਹਮਲਿਆਂ ਤੋਂ ਚੋਣ ਕਮਿਸ਼ਨ ਖਫ਼ਾ

ਚੰਡੀਗੜ੍ਹ: ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਅਮਲ ਬੇਸ਼ੱਕ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਦੌਰਾਨ ਨੇਪਰੇ ਚੜ੍ਹ ਗਿਆ ਪਰ ਚੋਣ ਨਤੀਜਿਆਂ ਤੋਂ ਬਾਅਦ ਵੀ ਬਹੁਤ ਸਾਰੇ ਪਿੰਡਾਂ ਵਿਚ ਲੜਾਈ-ਝਗੜਿਆਂ ਦਾ ਦੌਰ ਜਾਰੀ ਹੈ। ਚੋਣ ਨਤੀਜਿਆਂ ਤੋਂ ਬਾਅਦ ਲੋਕ ਆਪਸ ਵਿਚ ਹੀ ਨਹੀਂ ਖਹਿਬੜੇ ਸਗੋਂ ਚੋਣ ਅਮਲੇ ਨੂੰ ਵੀ ਕਈ ਥਾਈਂ ਨਿਸ਼ਾਨਾ ਬਣਾਇਆ।
ਸੂਬਾਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਵੱਲੋਂ ਚੋਣ ਅਮਲੇ ‘ਤੇ ਕੀਤੇ ਗਏ ਹਮਲਿਆਂ ਬਾਰੇ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਅਧਿਕਾਰੀਆਂ ਅਨੁਸਾਰ 100 ਦੇ ਕਰੀਬ ਪਿੰਡਾਂ ਵਿਚ ਹਾਰੇ ਹੋਏ ਉਮੀਦਵਾਰਾਂ ਵੱਲੋਂ ਚੋਣ ਅਮਲੇ ਨਾਲ ਬਦਸਲੂਕੀ ਕਰਨ ਤੇ ਲੜਾਈ-ਝਗੜੇ ਦੀਆਂ ਰਿਪੋਰਟਾਂ ਹਨ। ਸੂਤਰਾਂ ਮੁਤਾਬਕ ਚੋਣ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਚੋਣ ਅਮਲੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤੇ ਜਾਣ।
ਕਮਿਸ਼ਨ ਦਾ ਕਹਿਣਾ ਹੈ ਕਿ ਪੁਲਿਸ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਚੋਣ ਮੈਦਾਨ ਵਿਚ ਹਾਕਮ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸਬੰਧਤ ਧਿਰਾਂ ਸਨ। ਇਸ ਲਈ ਨਤੀਜੇ ਦੇ ਐਲਾਨ ਤੋਂ ਬਾਅਦ ਦੀ ਸਥਿਤੀ ਚੋਣ ਅਮਲੇ ਲਈ ਵੱਡੀ ਅਗਨੀ ਪ੍ਰੀਖਿਆ ਹੋ ਨਿਬੜੀ। ਪਟਿਆਲਾ, ਮੁਕਤਸਰ ਸਾਹਿਬ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਮਾਨਸਾ, ਬਠਿੰਡਾ, ਮੋਗਾ ਤੇ ਫਰੀਦਕੋਟ ਵਿਚ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ।
_____________________________
ਪੰਚਾਇਤੀ ਚੋਣਾਂ ਦੀ ਭੇਟ ਚੜ੍ਹੇ ਦੋ ਚਚੇਰੇ ਭਰਾ
ਮੋਗਾ: ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਚ ਪੈਂਦੇ ਪਿੰਡ ਸੈਦੋਕੇ ਵਿਚ ਪੰਚਾਇਤੀ ਚੋਣਾਂ ਬਾਅਦ ਪੈਦਾ ਹੋਏ ਤਣਾਅ ਨੇ ਦੋ ਭਰਾਵਾਂ ਦੀ ਜਾਨ ਲੈ ਲਈ । ਹਾਕਮ ਧਿਰ ਦੇ ਇਸ ਪਿੰਡ ਤੋਂ ਸਰਪੰਚੀ ਦੀ ਚੋਣ ਹਾਰੇ ਜਗਮੋਹਨ ਸਿੰਘ ਤੇ ਉਸ ਦੇ ਚਚੇਰੇ ਭਰਾ ਗੁਰਜੰਟ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਮੁਤਾਬਕ ਪਿੰਡ ਸੈਦੋਕੇ ਤੋਂ ਹਾਕਮ ਧਿਰ ਵੱਲੋਂ ਜਗਮੋਹਨ ਸਿੰਘ ਤੇ ਚਮਕੌਰ ਸਿੰਘ ਤੋਂ ਇਲਾਵਾ ਜਗਦੇਵ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਹਾਕਮ ਧਿਰ ਦੀ ਧੜੇਬੰਦੀ ਕਾਰਨ ਜਗਦੇਵ ਸਿੰਘ ਸਰਪੰਚ ਦੀ ਚੋਣ ਜਿੱਤਣ ਵਿਚ ਸਫ਼ਲ ਰਿਹਾ ਤੇ ਹਾਕਮ ਧਿਰ ਦੇ ਦੋਵੇਂ ਉਮੀਦਵਾਰ ਚੋਣ ਹਾਰ ਗਏ। ਪਿੰਡਾਂ ਵਿਚ ਚੋਣਾਂ ਤੋਂ ਤਣਾਅ ਭਰਿਆ ਮਾਹੌਲ ਸੀ।
ਪੁਲਿਸ ਨੇ ਮ੍ਰਿਤਕ ਦੇ ਭਤੀਜੇ ਅਮਨਦੀਪ ਸਿੰਘ ਦੇ ਬਿਆਨਾਂ ‘ਤੇ ਪੰਚੀ ਦੀ ਚੋਣ ਹਾਰੇ ਚਮਕੌਰ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਉਸ ਦੇ ਲੜਕੇ ਕਾਲਾ ਸਿੰਘ ਤੋਂ ਇਲਾਵਾ ਦੋ ਸਕੇ ਭਰਾਵਾਂ ਮੰਦਰ ਸਿੰਘ, ਸੁਖਦੇਵ ਸਿੰਘ ਤੇ ਇਕ ਅਧਿਆਪਕ ਵਰਿੰਦਰਜੀਤ ਸਿੰਘ (ਵਾਸੀ ਪਿੰਡ ਸੈਦੋਕੇ) ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਅਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਮੁਲਜਮਾਂ ਨੇ ਮੁਦੱਈ ਦੇ ਚਾਚੇ ਗੁਰਜੰਟ ਸਿੰਘ ਤੇ ਜਗਮੋਹਨ ਸਿੰਘ ਦੀ ਗੰਡਾਸੇ, ਕਹੀ ਤੇ ਸੋਟੀਆਂ ਨਾਲ ਕੁੱਟਮਾਰ ਕੀਤੀ ਤੇ ਵਰਿੰਦਰਜੀਤ ਸਿੰਘ ਨੇ ਆਪਣੇ ਰਿਵਾਲਵਰ ਨਾਲ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਜਗਮੋਹਨ ਸਿੰਘ ਤਕਰੀਬਨ ਇਕ ਸਾਲ ਪਹਿਲਾਂ ਕਤਲ ਕੀਤੇ ਗਏ ਅਕਾਲੀ ਆਗੂ ਗੁਰਮੇਲ ਸਿੰਘ ਖਾਈ ਦੇ ਨੇੜਲੇ ਸਾਥੀ ਤੇ ਹਲਕਾ ਧਰਮਕੋਟ ਤੋਂ ਵਿਧਾਇਕ ਜਥੇਦਾਰ ਤੋਤਾ ਸਿੰਘ ਧੜੇ ਨਾਲ ਸਬੰਧਤ ਹੈ। ਇਸ ਪਿੰਡ ਤੋਂ ਸਰਪੰਚ ਦੀ ਚੋਣ ਹਾਰੇ ਚਮਕੌਰ ਸਿੰਘ ਦਾ ਹਲਕਾ ਨਿਹਾਲ ਸਿੰਘ ਵਾਲਾ ਦੀ ਵਿਧਾਇਕ ਬੀਬੀ ਰਾਜਵਿੰਦਰ ਕੌਰ ਦੇ ਧੜੇ ਨਾਲ ਸਬੰਧ ਦੱਸਿਆ ਜਾਂਦਾ ਹੈ।
_______________________________
ਪੁਲਿਸ ਦੀ ਗੋਲੀ ਨਾਲ ਨੌਜਵਾਨ ਹਲਾਕ
ਫ਼ਰੀਦਕੋਟ: ਇਥੋਂ ਨੇੜਲੇ ਪਿੰਡ ਚੇਤ ਸਿੰਘ ਵਾਲਾ ਵਿਚ ਪੰਚਾਇਤੀ ਵੋਟਾਂ ਦੀ ਗਿਣਤੀ ਸਮੇਂ ਹੋਈ ਘਪਲੇਬਾਜ਼ੀ ਕਾਰਨ ਪੈਦਾ ਹੋਏ ਤਣਾਅ ਵਿਚ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਜਦੋਂਕਿ ਪੁਲਿਸ ਵੱਲੋਂ ਚਲਾਈ ਗੋਲੀ ਨਾਲ 21 ਸਾਲਾ ਨੌਜਵਾਨ ਪਵਿੱਤਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਪੁਲਿਸ ਮੋਬਾਈਲ ਟੀਮ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ, ਨਵੇਂ ਚੁਣੇ ਸਰਪੰਚ ਪਰਮਿੰਦਰ ਸਿੰਘ, ਹਾਰੇ ਹੋਏ ਉਮੀਦਵਾਰ ਇੰਦਰਜੀਤ ਸਿੰਘ ਖਿਲਾਫ਼ ਕਤਲ, ਇਰਾਦਾ ਕਤਲ ਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪਿੰਡ ਚੇਤ ਸਿੰਘ ਵਾਲਾ ਵਿਚ ਦੋ ਅਕਾਲੀ ਉਮੀਦਵਾਰਾਂ ਇੰਦਰਜੀਤ ਸਿੰਘ ਤੇ ਪਰਮਿੰਦਰ ਸਿੰਘ ਵਿਚਾਲੇ ਸਰਪੰਚੀ ਲਈ ਸਿੱਧਾ ਮੁਕਾਬਲਾ ਸੀ। ਚੋਣਾਂ ਦੇ ਨਤੀਜਿਆਂ ਵਿਚ ਚੋਣ ਅਮਲੇ ਨੇ ਪਰਮਿੰਦਰ ਸਿੰਘ ਨੂੰ 19  ਵੋਟਾਂ ਨਾਲ ਜੇਤੂ ਐਲਾਨ ਦਿੱਤਾ ਪਰ ਇੰਦਰਜੀਤ ਸਿੰਘ ਨੇ ਦੋਸ਼ ਲਾਇਆ ਕਿ 50 ਵੋਟਾਂ ਦੇ ਬੰਡਲ ਨੂੰ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ‘ਤੇ ਬੂਥ ਅੰਦਰ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਮੋਬਾਈਲ ਟੀਮ ਦਾ ਇੰਸਪੈਕਟਰ ਗੁਰਚਰਨ ਸਿੰਘ ਸੱਤ ਹੋਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ ‘ਤੇ ਪੁੱਜ ਗਿਆ।
ਮੋਬਾਈਲ ਟੀਮ ਦੇ ਆਉਣ ਤੋਂ ਬਾਅਦ ਚੋਣ ਅਮਲੇ ਨੇ ਪਰਮਿੰਦਰ ਸਿੰਘ ਨੂੰ ਜੇਤੂ ਐਲਾਨ ਦਿੱਤਾ ਜਦੋਂ ਪੁਲਿਸ ਟੀਮ ਪਿੰਡ ਵਿਚੋਂ ਜਾਣ ਲੱਗੀ ਤਾਂ ਲੋਕਾਂ ਨੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪਵਿੱਤਰ ਸਿੰਘ ਪੁਲਿਸ ਦੀ ਮੋਬਾਈਲ ਗੱਡੀ ਅੱਗੇ ਆ ਗਿਆ। ਲੋਕਾਂ ਅਨੁਸਾਰ ਇੰਸਪੈਕਟਰ ਗੁਰਚਰਨ ਸਿੰਘ ਨੇ ਆਪਣੇ ਸਰਕਾਰੀ ਰਿਵਾਲਵਰ ਨਾਲ ਪਵਿੱਤਰ ਸਿੰਘ ਨੂੰ ਗੋਲੀ ਮਾਰੀ ਜੋ ਉਸ ਦੀ ਛਾਤੀ ਵਿਚ ਲੱਗੀ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕ ਦੇ ਵਾਰਸਾਂ ਅਨੁਸਾਰ ਪੁਲਿਸ ਅਧਿਕਾਰੀ ਨੇ ਚਾਰ ਫੁੱਟ ਦੀ ਦੂਰੀ ਤੋਂ ਗੋਲੀ ਚਲਾਈ। ਇਸ ਮੌਕੇ ਇੰਸਪੈਕਟਰ ਨਾਲ ਸੱਤ ਹਥਿਆਰਬੰਦ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ ਪਰ ਪੁਲਿਸ ਨੇ ਬਿਨਾਂ ਚਿਤਵਾਨੀ ਦਿੱਤਿਆਂ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਭੜਕੇ ਲੋਕਾਂ ਨੇ ਪੁਲਿਸ ਦੀ ਗੱਡੀ ‘ਤੇ ਪਥਰਾਅ ਕੀਤਾ ਜਿਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਪਰਮਜੀਤ ਸਿੰਘ ਤੇ ਸਿਪਾਹੀ ਸੁਰਿੰਦਰ ਕੁਮਾਰ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਗੋਲੀ ਚਲਾਉਣ ਵਾਲੇ ਇੰਸਪੈਕਟਰ ਦੀ ਸ਼ਰਾਬ ਪੀਤੀ ਹੋਈ ਸੀ।

Be the first to comment

Leave a Reply

Your email address will not be published.