ਮਨੁੱਖੀ ਦੇਹ ਵਿਚ ‘ਮੈਂ’ ਦਾ ਨਿਰਮਾਣ

ਡਾæ ਗੁਰਨਾਮ ਕੌਰ, ਕੈਨੇਡਾ
ਮਨੁੱਖੀ ਦੇਹ ਆਪਣੇ ਆਪ ਵਿਚ ਅਤੇ ਸੰਕਲਪ ਦੇ ਰੂਪ ਵਿਚ ਬਹੁਤ ਹੀ ਅਹਿਮੀਅਤ ਰੱਖਦੀ ਹੈ। ਪੁਰਾਤਨ ਕਾਲ ਤੋਂ ਹੀ ਮਨੁੱਖੀ ਦੇਹ ਬਾਰੇ ਚਿੰਤਨ ਨੇ ਇੱਕ ਜਾਂ ਦੂਜੇ ਰੂਪ ਵਿਚ ਅਹਿਮ ਸਥਾਨ ਪ੍ਰਾਪਤ ਕਰੀ ਰੱਖਿਆ ਹੈ। ਪੁਰਾਤਨ ਚਿੰਤਕ ਸਿਰਫ਼ ਸੰਸਾਰ, ਬ੍ਰਹਿਮੰਡ ਅਤੇ ਕੁਦਰਤ ਦੀਆਂ ਸ਼ਕਤੀਆਂ ਬਾਰੇ ਹੀ ਨਹੀਂ ਸੀ ਸੋਚਦੇ ਬਲਕਿ ਮਨੁੱਖ ਆਪਣੇ ਬਾਰੇ ਵੀ ਸੋਚਦਾ ਸੀ। ਉਸ ਦਾ ਸਰੀਰ ਉਸ ਦਾ ਆਪਣਾ ਆਪ ਸੀ, ਜਿਹੜਾ ਵੱਖ ਵੱਖ ਗੁਣਾਂ ਦਾ ਧਾਰਨੀ ਸੀ, ਜਿਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਖੇਤਰਾਂ ਵਿਚ ਵੰਡ ਕੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪੁਰਾਤਨ ਚਿੰਤਕ ਇਸ ਨੂੰ ਇੱਕ ਵੱਖਰੇ ਹੀ ਨਜ਼ਰੀਏ ਤੋਂ ਦੇਖਦਾ ਸੀ। ਹਿਬਰੂ ਚਿੰਤਕਾਂ ਲਈ ਮਨੁੱਖ ਇੱਕ ਇਕਾਈ ਸੀ। ਮਨੁੱਖ ਦਾ ਸਰੀਰ ਮਿੱਟੀ ਦਾ ਬਣਿਆ ਹੋਇਆ ਸੀ ਜਦਕਿ ਰੱਬ ਦਾ ਸਾਹ ਉਸ ਵਿਚ ਪ੍ਰਾਣ ਦਾ ਸਿਧਾਂਤ ਸੀ, ਅਤੇ ਮਨੁੱਖ ਆਪਣੇ ਆਪ ਵਿਚ ਇਨ੍ਹਾਂ ਦੋ ਤੱਥਾਂ ਦੀ ਉਪਜ ਸੀ। ਯਹੂਦੀ ਧਰਮ ਨੇ ਦਵੈਤ ਨੂੰ ਕਦੇ ਵੀ ਗੰਭੀਰ ਰੂਪ ਵਿਚ ਪ੍ਰਵਾਨ ਨਹੀਂ ਕੀਤਾ। ਇੱਥੋਂ ਤੱਕ ਕਿ ਜਦੋਂ ਉਸ ਨੇ ਦੋ ਮਹੱਤਵਪੂਰਨ ਮਨੋਵੇਗਾਂ ‘ਚੰਗਿਆਈ’ ਅਤੇ ‘ਬਦੀ’ ਦੇ ਸਿਧਾਂਤ ਨੂੰ ਅੰਗੀਕਾਰ ਕੀਤਾ ਤਾਂ ਵੀ ‘ਚੰਗਿਆਈ’ ਦਾ ਆਵੇਗ ਆਤਮਾ ਅਤੇ ‘ਬਦੀ’ ਦਾ ਆਵੇਗ ਸਰੀਰ ਵਿਚ ਮੌਜੂਦ ਨਹੀਂ ਮੰਨਿਆ। ਸੇਂਟ ਪਾਲ ਦੇ ਆਤਮਾ ਅਤੇ ਸਰੀਰ ਦੇ ਫ਼ਰਕ ਵਿਚ ਚੰਗਿਆਈ ਅਤੇ ਬਦੀ ਦਾ ਰੈਬਨਿਕ ਫ਼ਰਕ ਉਨ੍ਹਾਂ ਲਈ ਦੂਰ ਦੀ ਅਤੇ ਗ਼ੈਰ-ਮਹੱਤਵਪੂਰਨ ਗੱਲ ਸੀ।
ਨਿਊ-ਟੈਸਟਾਮੈਂਟ (ਈਸਾਈਆਂ ਦੀ ਬਾਈਬਲ) ਵਿਚ ਸਰੀਰ ਸਬੰਧੀ ਵਿਸ਼ੇ ਦੀਆਂ ਜੜ੍ਹਾਂ ਓਲਡ-ਟੈਸਟਾਮੈਂਟ (ਯਹੂਦੀਆਂ ਦੀ ਬਾਈਬਲ) ਦੀਆਂ ਸਿੱਖਿਆਵਾਂ ਵਿਚ ਹੀ ਪੱਕੀ ਤਰ੍ਹਾਂ ਮਿਲਦੀਆਂ ਹਨ। ਕਿਸੇ ਤਰ੍ਹਾਂ ਦਾ ਵੀ ਕੋਈ ਦਵੈਤਵਾਦ ਜਿਵੇਂ ਸਰੀਰ ਅਤੇ ਆਤਮਾ, ਮਾਦਾ ਅਤੇ ਰੂਹ ਆਦਿ, ਜਿਸ ਤਰ੍ਹਾਂ ਦਾ ਯੂਨਾਨੀ ਸਾਹਿਤ ਵਿਚ ਮਿਲਦਾ ਹੈ, ਉਨ੍ਹਾਂ ਤੋਂ ਕੋਹਾਂ ਦੂਰ ਹੈ। ਜਿਸ ਤਰ੍ਹਾ ਪੁਰਾਣੇ ਗ੍ਰੰਥਾਂ ਵਿਚ ਹੈ, ਇਸੇ ਤਰ੍ਹਾਂ ਨਵੇਂ ਗ੍ਰੰਥਾਂ ਵਿਚ ਵੀ ਮਨੁੱਖੀ ਸ਼ਖਸੀਅਤ ਦੀ ਏਕਤਾ ਮਨੁੱਖ ਦੇ ਸੰਕਲਪ ਵਿਚ ਇੱਕ ਮੌਲਿਕ ਲੱਛਣ ਹੈ। ਇਸ ਦੇ ਨਾਲ ਹੀ ਇਸ ਏਕਤਾ ਨੂੰ ਇਸ ਅੰਦਰ ਨਿਹਿਤ ਦਵੈਤ ‘ਤੇ ਆਧਾਰਤ ਕਰਦਿਆਂ ਮਨੁੱਖ ਨੂੰ ਇੱਕ ਗੁੰਝਲਦਾਰ ਹੋਂਦ ਪ੍ਰਵਾਨ ਕੀਤਾ ਗਿਆ ਹੈ, ਜਿਸ ਦੇ ਦੋਵੇਂ ਪੱਖ ਹਨ; ਇੱਕ ਨੀਵਾਂ ਅਤੇ ਦੂਜਾ ਉਚਾ। ਇਨ੍ਹਾਂ ਵਿਚੋਂ ਇੱਕ ਰਾਹੀਂ ਉਹ ਕੁਦਰਤ ਦੇ ਜੀਵਨ ਨਾਲ ਜੁੜਿਆ ਹੋਇਆ ਹੈ ਅਤੇ ਦੂਸਰੇ ਰਾਹੀਂ ਰੱਬੀ-ਰੂਹ ਨਾਲ।
ਬੁੱਧ ਧਰਮ ਨਿਰਵਾਣ ਦਾ ਧਰਮ ਹੈ। ਨਿਰਵਾਣ ਪ੍ਰਾਪਤੀ ਹੀ ਇਸ ਦਾ ਮੁੱਖ ਨਿਸ਼ਾਨਾ ਹੈ। ਇਸ ਲਈ ਬੁੱਧ ਧਰਮ ਦਾ ਯਕੀਨ ਹੈ: ਨੰਬਰ ਇੱਕ, ਸਰੀਰ ਭਾਵੇਂ ਉਹ ਮਨੁੱਖ ਦਾ ਹੋਵੇ ਅਤੇ ਭਾਵੇਂ ਕਿਸੇ ਉਚ-ਹਸਤੀ ਦਾ, ਬੁਰਾਈ ਤੋਂ ਬਿਨਾ ਕਿਸੇ ਹੋਰ ਚੀਜ਼ ਦਾ ਟਿਕਾਣਾ ਹੋ ਹੀ ਨਹੀਂ ਸਕਦਾ। ਨੰਬਰ ਦੋ, ਹਰ ਤਰ੍ਹਾਂ ਦੇ ਸਰੀਰਕ ਜੀਵਨ ਤੋਂ, ਵਰਤਮਾਨ ਅਤੇ ਭਵਿੱਖ ਤੋਂ ਅੰਤਮ ਮੁਕਤੀ ਜਾਂ ਨਿਰਵਾਣ, ਸਭ ਤੋਂ ਮਹਾਨ ਵਰਦਾਨ ਹੈ, ਸਭ ਤੋਂ ਉਚੀ ਸੁਗਾਤ ਹੈ ਅਤੇ ਸਭ ਤੋਂ ਉਚਤਮ ਨਿਸ਼ਾਨਾ ਹੈ। ਇਸ ਤਰ੍ਹਾਂ ਬੁੱਧ ਧਰਮ ਵਿਚ ਸਰੀਰ ਨੂੰ ਇੱਕ ਅਪਵਿੱਤਰ ਅਤੇ ਭ੍ਰਿਸ਼ਟੀ ਹੋਈ ਵਸਤੂ ਮੰਨਿਆ ਗਿਆ ਹੈ। ਇਸ ਨੂੰ ਵਲੂੰਧਰਿਆ ਹੋਇਆ ਇੱਕ ਜ਼ਖ਼ਮ ਵੀ ਮੰਨਿਆ ਗਿਆ ਹੈ। ਬੁੱਧ ਧਰਮ ਮੁਤਾਬਿਕ ਇਸ ਨੂੰ ਨਿਭਾਉਣਾ ਹੀ ਪੈਣਾ ਹੈ ਪਰ ਇਸ ਦੇ ਚਰਿਤਰ ਕਾਰਨ ਇਸ ਨਾਲ ਚਿਪਕੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਨੂੰ ਨਿਆਂਕਾਰਤਾ ਖ਼ਾਤਰ ਨਿਭਾਉਣਾ ਹੀ ਪੈਣਾ ਹੈ। ਇਹ ਸੱਪ ਦੀ ਪੁਰਾਣੀ ਉਤਰ ਚੁੱਕੀ ਕੁੰਜ ਦੀ ਤਰ੍ਹਾਂ ਹੈ। ਇਹ ਇੱਕ ਸੁਆਰਿਆ ਹੋਇਆ ਪਿੰਡ ਹੈ, ਜਿਹੜਾ ਜ਼ਖ਼ਮਾਂ ਨਾਲ ਢਕਿਆ ਹੋਇਆ, ਨਿਰਾਰਥਕ, ਬਿਮਾਰੀ ਦਾ ਕੁੱਜਾ ਅਤੇ ਭ੍ਰਿਸ਼ਟਾਚਾਰ ਦਾ ਢੇਰ ਹੈ। ਸਾਰੇ ਬੁਰੇ ਮਨੋਵੇਗ ਸਰੀਰ ਵਿਚੋਂ ਨਿਕਲਦੇ ਹਨ। ਸਰੀਰ ਵਰਗਾ ਕੋਈ ਦੁੱਖ ਨਹੀਂ ਹੈ। ਭੁੱਖ ਸਭ ਤੋਂ ਬੁਰੀ ਬਿਮਾਰੀ ਹੈ, ਸਰੀਰ ਸਭ ਤੋਂ ਵੱਡਾ ਦੁੱਖ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਗੁਰਮਤਿ ਵਿਚ ਸਰੀਰ ਵਾਸਤੇ ਵੰਗਾਰ ਪਰਵਾਨ ਕਰਕੇ ਇਨ੍ਹਾਂ ‘ਤੇ ਕਾਬੂ ਪਾਉਣ ਦੀ ਗੱਲ ਕੀਤੀ ਗਈ ਹੈ।
ਸੰਸਕ੍ਰਿਤ ਭਾਸ਼ਾ ਵਿਚ ਸਰੀਰ ਦੇ ਵੱਖ ਵੱਖ ਹਿੱਸਿਆਂ ਲਈ ਵਰਤੇ ਗਏ ਸ਼ਬਦ ਬਹੁਤ ਹੀ ਅਨੂਠੇ ਢੰਗ ਨਾਲ ਦੂਸਰੀਆਂ ਆਰੀਅਨ ਭਾਸ਼ਾਵਾਂ ਨਾਲ ਸਹਿਮਤ ਹਨ। ਇਹ ਉਸ ਹਾਲਾਤ ਨੂੰ ਦੱਸਦੇ ਹਨ ਜਿਸ ਵਿਚ ਇਹ ਸੰਭਾਵਨਾ ਮੰਨੀ ਹੋਈ ਹੋ ਸਕਦੀ ਹੈ ਕਿ ਮਨੁੱਖੀ ਸਰੀਰ-ਵਿਗਿਆਨ ਦਾ ਗਿਆਨ ਸ਼ਾਇਦ ਆਰੀਅਨ ਕੌਮਾਂ ਦੀ ਸਾਂਝੀ ਵਿਰਾਸਤ ਦਾ ਹਿੱਸਾ ਰਿਹਾ ਹੋਵੇ। ਮਨੁੱਖੀ ਸਰੀਰ-ਵਿਗਿਆਨ ਨਾਲ ਉਨ੍ਹਾਂ ਦੀ ਪਛਾਣ ਅੰਦਰੂਨੀ ਅੰਗਾਂ ਜਿਵੇਂ ਦਿਲ, ਜ਼ਿਗਰ, ਫੇਫੜੇ, ਗੁਰਦਿਆਂ ਆਦਿ ਤੱਕ ਪਹੁੰਚੀ ਜਾਪਦੀ ਹੈ। ਪੁਰਾਣੇ ਹਿੰਦੂ ਰਿਸ਼ੀਆਂ ਨੇ ਇਸ ਰਵਾਇਤੀ ਗਿਆਨ ਨੂੰ ਅੱਗੇ ਵਧਾਇਆ। ਰਿਗ ਵੇਦ ਵਿਚ ਮਨੁੱਖ ਦੀ ਉਤਪਤੀ ਉਸ ਵਿਰਾਟ ਪੁਰਸ਼, ਜੋ ਕਿ ਬ੍ਰਹਿਮੰਡ ਦੀ ਉਤਪਤੀ ਦਾ ਸੋਮਾ ਹੈ, ਤੋਂ ਮੰਨੀ ਗਈ ਹੈ। ਮਨੁੱਖ ਦੇ ਵੱਖ ਵੱਖ ਵਰਣਾਂ ਜਾਂ ਜਾਤਾਂ ਦੀ ਹੋਂਦ ਉਸ ਵਿਰਾਟ ਪੁਰਸ਼ ਦੇ ਵੱਖ ਵੱਖ ਅੰਗਾਂ ਜਿਵੇਂ ਮੂੰਹ, ਬਾਹਾਂ, ਪੱਟਾਂ ਅਤੇ ਪੈਰਾਂ ਤੋਂ ਮੰਨੀ ਗਈ ਹੈ। ਵੇਦਾਂ ਤੋਂ ਲੈ ਕੇ ਉਪਨਿਸ਼ਦਾਂ ਤੱਕ ਮਨੁੱਖ ਦੇ ਸਰੀਰ ਦੀ ਬਣਤਰ ਅਤੇ ਵੱਧਣ-ਫੁੱਲਣ ਦੀ ਬੜੀ ਸੁੰਦਰ ਵਿਆਖਿਆ ਮਿਲਦੀ ਹੈ। ਵੈਦਿਕ ਦਰਸ਼ਨ ਦੇ ਪਿਛਲੇ ਸ਼ਾਸਤਰਾਂ ਵਿਚ ਹਰ ਮਨੁੱਖ ਦੇ ਦੋ ਸਰੀਰ ਮੰਨੇ ਗਏ ਹਨ: ਬਾਹਰਲਾ ਜਾਂ ਭੌਤਿਕ ਸਰੀਰ, ਜਿਸ ਨੂੰ ਸਥੂਲ ਸਰੀਰ ਕਿਹਾ ਹੈ ਅਤੇ ਅੰਦਰੂਨੀ ਜਾਂ ਰਹੱਸਮਈ ਸਰੀਰ ਜਿਸ ਨੂੰ ਸੂਖਸ਼ਮ ਸਰੀਰ ਕਿਹਾ ਹੈ। ਭਾਰਤੀ ਚਿੰਤਕਾਂ ਨੂੰ ਸੂਖਮ ਸਰੀਰ ਦੀ ਹੋਂਦ ਨੂੰ ਮੰਨਣਾ ਪਿਆ, ਤਾਂ ਕਿ ਮੌਤ ਤੋਂ ਬਾਅਦ ਆਵਾਗਵਣ ਦੇ ਅਮਲ ਨੂੰ ਸਪਸ਼ਟ ਕੀਤਾ ਜਾ ਸਕੇ। ਸੂਖਮ ਸਰੀਰ ਉਹ ਹੈ ਜਿਹੜਾ ਆਤਮਾ ਪ੍ਰਤੀ ਇੱਕ ਹੋਂਦ ਤੋਂ ਦੂਜੀ ਹੋਂਦ ਦੇ ਪ੍ਰਵਾਸ ਵਿਚ ਵਫ਼ਾਦਾਰ ਰਹਿੰਦਾ ਹੈ।
ਵੇਦਾਂਤ ਸ਼ਾਸਤਰ ਅਨੁਸਾਰ ਇਹ ਸੂਖਮ ਸਰੀਰ ਉਪਾਧੀਆਂ ਤੋਂ ਪੈਦਾ ਹੁੰਦਾ ਹੈ, ਜਿਸ ਵਿਚ ਦੇਹ-ਇੰਦ੍ਰੀਆਂ ਸ਼ਾਮਲ ਹਨ। ਇਨ੍ਹਾਂ ਦੇਹ-ਇੰਦ੍ਰੀਆਂ ਵਿਚ ਬੁੱਧੀ-ਇੰਦ੍ਰੀਆਂ, ਕਰਮ-ਇੰਦ੍ਰੀਆਂ, ਮਨ, ਬੁੱਧੀ, ਵੇਦਨਾ ਵਗੈਰਾ ਸ਼ਾਮਲ ਹਨ। ਇਸ ਦੀ ਸਰੀਰਕ ਜ਼ਿੰਦਗੀ ਮੁਖ-ਪ੍ਰਾਣ ਅਤੇ ਖਾਸ ਪੰਜ ਪ੍ਰਾਣਾਂ ‘ਤੇ ਆਧਾਰਤ ਮੰਨੀ ਜਾਂਦੀ ਹੈ। ਸਾਂਖ ਸ਼ਾਸਤਰ ਅਨੁਸਾਰ ਇਹ ਸੂਖਮ ਸਰੀਰ, ਜਿਹੜਾ ਕਿ ਅਖੰਡ ਹੈ, ਅਠਾਰਾਂ ਤੱਤਾਂ ਤੋਂ ਮਿਲ ਕੇ ਬਣਿਆ ਹੈ। ਸਥੂਲ ਅਥਵਾ ਮਾਦਾ ਸਰੀਰ ਜਾਂ ਤਾਂ ਸਿਰਫ਼ ਧਰਤੀ ਦਾ ਬਣਿਆ ਹੋਇਆ ਹੈ ਜਾਂ ਚਾਰ ਜਾਂ ਪੰਜ ਸਥੂਲ ਤੱਤਾਂ ਦਾ ਬਣਿਆ ਹੋਇਆ ਹੈ, ਜਿਸ ਦੇ ਛੇ ਕੱਜਣ ਹਨ-ਵਾਲ, ਲਹੂ, ਮਾਸ, ਨਸਾਂ, ਹੱਡੀਆਂ ਅਤੇ ਮਿੱਝ। ਕੁੱਝ ਸ਼ਾਸਤਰਾਂ ਅਨੁਸਾਰ ਹਰ ਅੰਗ ਜਿਵੇਂ ਨੱਕ ਦਾ ਧਰਤੀ ਅਤੇ ਜੀਭ ਦਾ ਪਾਣੀ ਆਦਿ ਆਪਣਾ ਤੱਤ ਹੈ। ਵਿਗਿਆਨ ਭਿਕਸ਼ੂ ਦਾ ਮੰਨਣਾ ਹੈ ਕਿ ਅਹੰਕਾਰ ਨਾਲ ਸਮਿਲਤ ਪੁਰਸ਼ ਜੀਵ ਹੈ ਅਤੇ ਪੁਰਸ਼ ਆਪਣੇ ਆਪ ਵਿਚ ਜੀਵ ਨਹੀਂ ਹੈ, ਜਦਕਿ ਸ਼ੁਧ ਸਵੈ ਬੁੱਧੀ ਤੋਂ ਉਤੇ ਰਹਿੰਦਾ ਹੈ। ਪੁਰਸ਼ ਦੀ ਬੁੱਧੀ ਵਿਚ ਛਾਇਆ ਅੰਹ ਜਾਪਦੀ ਹੈ, ਜਿਹੜਾ ਸਾਰੀਆਂ ਹਾਲਤਾਂ ਨੂੰ ਜਾਨਣ ਵਾਲਾ ਹੈ, ਜਿਸ ਵਿਚ ਖੁਸ਼ੀਆਂ ਅਤੇ ਦੁੱਖ ਦੋਵੇਂ ਸ਼ਾਮਲ ਹਨ। ਸਾਂਖ ਸ਼ਾਸਤਰ ਅਨੁਸਾਰ ਜਗਤ ਵਿਚ ਅਨੇਕ ਪੁਰਸ਼ ਹਨ ਅਤੇ ਪੁਰਸ਼ ਚੇਤੰਨ ਹੈ। ਉਹ ਦ੍ਰਸ਼ਟਾ ਅਤੇ ਸਾਖਸ਼ੀ ਹੈ। ਪ੍ਰਕਿਰਤੀ ਅਚੇਤ ਅਤੇ ਤ੍ਰੈਗੁਣਾਤਮਕ ਹੈ। ਕੈਵਲਯ ਅਰਥਾਤ ਮੁਕਤੀ ਪੁਰਸ਼ ਦਾ ਸੁਭਾਅ ਹੈ ਅਤੇ ਪ੍ਰਕਿਰਤੀ ਦੇ ਸੰਜੋਗ ਵਿਚ ਆਉਣ ਨਾਲ ਪ੍ਰਕਿਰਤੀ ਵਿਚ ਪਰਿਵਰਤਨ ਆਉਂਦਾ ਹੈ ਅਤੇ ਤਿੰਨਾਂ ਗੁਣਾਂ ਤੋਂ ਅੱਗੇ ਬੁੱਧੀ (ਮਹੱਤ), ਅਹੰਕਾਰ, ਮਨ, ਗਿਆਨ-ਇੰਦ੍ਰੀਆਂ, ਕਰਮ-ਇੰਦ੍ਰੀਆਂ, ਪੰਜ ਤਨ ਮਾਤਰਾ ਅਤੇ ਪੰਜ ਮਹਾਂ ਭੂਤ ਪੈਦਾ ਹੁੰਦੇ ਹਨ। ਪੁਰਸ਼ ਵਿਚ ਕੋਈ ਤਬਦੀਲੀ ਨਹੀਂ ਆਉਂਦੀ ਪਰ ਪ੍ਰਕਿਰਤੀ ਦੀ ਤਬਦੀਲੀ ਦੀ ਉਸ ਉਤੇ ਪਰਛਾਈ ਪੈਂਦੀ ਹੈ ਅਤੇ ਉਹ ਆਪਣੇ ਆਪ ਨੂੰ ਪ੍ਰਕਿਰਤੀ ਵਿਚ ਪੈਦਾ ਹੋਣ ਵਾਲੇ ਵਿਕਾਰਾਂ ਨਾਲ ਸਬੰਧਤ ਸਮਝਦਾ ਹੈ। ਜਦੋਂ ਪੁਰਸ਼ ਤੋਂ ਭਰਮ ਦਾ ਇਹ ਜਾਲ ਟੁੱਟ ਜਾਂਦਾ ਹੈ ਤਾਂ ਉਹ ਆਪਣੇ ਅਸਤਿੱਤਵ ਨੂੰ ਪਛਾਣ ਲੈਂਦਾ ਹੈ ਅਤੇ ਇਸ ਸੰਜੋਗ ਤੋਂ ਉਤੇ ਉਠ ਜਾਂਦਾ ਹੈ। ਇਹੀ ਕੈਵਲਯ ਜਾਂ ਮੁਕਤੀ ਹੈ।
ਸਿੱਖ ਧਰਮ ਚਿੰਤਨ, ਜੋ ਕਿ ਸੰਸਾਰ ਧਰਮਾਂ ਦੇ ਇਤਿਹਾਸ ਵਿਚ ਸਭ ਤੋਂ ਨਵੀਨ ਧਰਮ ਹੈ, ਇੱਕ ਇਲਹਾਮੀ ਧਰਮ ਹੈ। ਸਿੱਖ ਧਰਮ ਦਾ ਇਲਹਾਮ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇੱਕ ਲਗਾਤਾਰ ਅਮਲ ਹੈ। ਦਸਾਂ ਗੁਰੂਆਂ ਵਿਚ ਇੱਕ ਹੀ ਰੱਬੀ ਜੋਤਿ ਦੇ ਪ੍ਰਕਾਸ਼ਮਾਨ ਹੋਣ ਦੇ ਸਿਧਾਂਤ ਨੂੰ ਮੰਨਿਆ ਗਿਆ ਹੈ, “ਜੋਤਿ ਓਹਾ ਜੁਗਤਿ ਸਾਇ ਸਹ ਕਾਇਆ ਫੇਰਿ ਪਲਟੀਐ॥” ਗੁਰੂ ਜੋਤਿ ਅਤੇ ਗੁਰੂ ਜੁਗਤਿ ਉਹੀ ਹੈ, ਫਰਕ ਕੇਵਲ ਸਰੀਰ ਦਾ ਹੈ। ਰੱਬੀ ਸੁਰਤਿ ਨਾਲ ਇੱਕਸੁਰਤਾ ਦੇ ਪਲਾਂ ਵਿਚ ਸਤਿ ਦਾ ਜੋ ਅਨੁਭਵ ਗੁਰੂ ਸਾਹਿਬਾਨ ਨੂੰ ਹੋਇਆ, ਉਸ ਨੂੰ ਉਨ੍ਹਾਂ ਨੇ ਬਾਣੀ ਦੇ ਰੂਪ ਵਿਚ ਪ੍ਰਕਾਸ਼ਮਾਨ ਕੀਤਾ। ਇਸੇ ਲਈ ਬਾਣੀ ਨੂੰ ਰੱਬੀ ਬਾਣੀ, ਧੁਰਿ ਕੀ ਬਾਣੀ ਆਖਿਆ ਹੈ। ਬਾਣੀ ਦੇ ਇਲਹਾਮੀ ਹੋਣ ਦੇ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲ ਜਾਂਦੇ ਹਨ। ਸਿੱਖ ਧਰਮ ਚਿੰਤਨ ਵਿਚ ਮੁੱਖ ਜ਼ੋਰ ਇਸ ਗੱਲ ‘ਤੇ ਦਿੱਤਾ ਗਿਆ ਹੈ ਕਿ ਮਨੁੱਖ ਨੇ ਅਗਿਆਨ ਤੋਂ ਬਾਹਰ ਆਉਣਾ ਹੈ ਅਤੇ ਗਿਆਨ ਪ੍ਰਾਪਤ ਕਰਨਾ ਹੈ। ਅਜਿਹੇ ਸਕ੍ਰਿਅ ਵਿਅਕਤਿਤਵ ਦੀ ਘਾੜਤ ਘੜਨੀ ਹੈ, ਜੋ ਵਾਹਿਗੁਰੂ ਦਾ ਸਮੀਪੀ ਹੋ ਸਕੇ, ਉਸ ਦੀ ਹਾਜ਼ਰੀ ਨੂੰ ਅਨੁਭਵ ਕਰ ਸਕੇ ਅਤੇ ਉਸ ਨਾਲ ਇਕਸੁਰ ਹੋ ਕੇ ਜੀਅ ਸਕੇ। ਮਨੁੱਖ ਨੇ ਅਜਿਹੇ ਹਾਲਾਤ ਦੀ ਸਿਰਜਣਾ ਕਰਨੀ ਹੈ ਜਿਸ ਵਿਚ ਉਸ ਦੀ ਸ਼ਖਸੀਅਤ ਵਿਕਾਸ ਕਰ ਸਕੇ ਅਤੇ ਉਚਤਮ ਸਤਿ ਦੀ ਅਨੁਸਾਰੀ ਹੋ ਕੇ ਜੀਅ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਜਪੁਜੀ ਵਿਚ ਗੁਰੂ ਨਾਨਕ ਸਾਹਿਬ ਨੇ ਜੋ ਮੂਲ ਪ੍ਰਸ਼ਨ ਰੱਖਿਆ ਹੈ ਕਿ ‘ਸਚਿਆਰ’ ਕਿਵੇਂ ਬਣਨਾ ਹੈ, ‘ਕੂੜੈ ਪਾਲਿ’ ਅਰਥਾਤ ਕੂੜ ਦੀ ਕੰਧ ਨੂੰ ਕਿਵੇਂ ਹਟਾਉਣਾ ਹੈ, ਕਿਵੇਂ ਤੋੜਨਾ ਹੈ? ਸਤਿ ਜਾਂ ਸਚਿ ਪਰਮਾਤਮਾ ਹੈ, ਉਸ ਅਕਾਲ ਪੁਰਖ ਦਾ ਗੁਣ ਹੈ ਜੋ ਉਸ ਦੀ ਹੋਂਦ ਦਾ ਸੂਚਕ ਹੈ, ਇਸੇ ਲਈ ਉਸ ਨੂੰ ‘ਸਤਿਨਾਮ’ ਕਿਹਾ ਹੈ। ‘ਸਚਿਆਰ’ ਉਹ ਹੈ ਜੋ ਇਸ ਸਤਿ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਸਤਿ ਦੀ ਪ੍ਰਾਪਤੀ ਮਨੁੱਖ ਦੇ ਸਾਹਮਣੇ ਇੱਕ ਆਦਰਸ਼ ਹੈ ਜੋ ਉਸ ਨੇ ਪ੍ਰਾਪਤ ਕਰਨਾ ਹੈ। ਇਸ ਦਾ ਉਤਰ ਵੀ ਗੁਰੂ ਨਾਨਕ ਸਾਹਿਬ ਨੇ ਨਾਲ ਹੀ ਦਿੱਤਾ ਹੈ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਅਰਥਾਤ ਉਸ ਹੁਕਮ ਦਾ ਅਨੁਸਾਰੀ ਹੋ ਕੇ ਚੱਲਣਾ ਜੋ ਮਨੁੱਖ ਦੇ ਅੰਦਰ ਹੀ ਨਿਹਿਤ ਹੈ, ਉਸ ਦੇ ਜਨਮ ਦੇ ਨਾਲ ਹੀ ਉਸ ਦੇ ਅੰਦਰ ਹੈ। ਇਸੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਮੂਲ ਨੂੰ ਪਛਾਨਣਾ ਕਿਹਾ ਹੈ, ‘ਮਨਿ ਤੂ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣੁ॥’ ਅਕਾਲ ਪੁਰਖ ਮਨੁੱਖ ਦਾ ਸੋਮਾ ਹੈ, ਸਰੋਤ ਹੈ, ਜਿਸ ਤੋਂ ਉਹ ਪੈਦਾ ਹੋਇਆ ਹੈ।
ਸਿੱਖ ਚਿੰਤਨ ਅਨੁਸਾਰ ਜੀਵ ਜਾਂ ਆਤਮਾ ਉਸ ਪਰਮਾਤਮਾ ਦਾ ਹੀ ਅੰਸ਼ ਹੈ, ਉਸ ਵਿਚ ਉਸੇ ਦੀ ਜੋਤਿ ਬਿਰਾਜਮਾਨ ਹੈ। ਇਸ ਲਈ ਮਨੁੱਖੀ ਆਪੇ ਵਿਚ ਵੀ ਪਰਮਾਤਮਾ ਵਰਗੇ ਗੁਣ ਹਨ ਜਿਨ੍ਹਾਂ ਨੂੰ ਉਸ ਨੇ ਆਤਮਸਾਤ ਕਰਨਾ ਹੈ, ਆਪਣੇ ਅੰਦਰ ਜਗਾਉਣਾ ਹੈ। ਸਿੱਖ ਚਿੰਤਨ ਅਨੁਸਾਰ ਮਨੁੱਖ ਜਿਹੋ ਜਿਹੇ ਇਸ਼ਟ ਨੂੰ ਧਿਆਉਂਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤਿਤਵ ਘੜਿਆ ਜਾਂਦਾ ਹੈ। ਸਿੱਖ ਚਿੰਤਨ ਵਿਚ ਪਰਮਾਤਮਾ ਉਪਨਿਸ਼ਦਾਂ ਦੀ ਤਰ੍ਹਾਂ ਸਿਰਫ ‘ਸਤਿ ਚਿਤ ਅਨੰਦ’ ਨਹੀਂ ਹੈ। ‘ਕਰਤਾ ਪੁਰਖ’ ਹੋਣਾ ਉਸ ਦਾ ਵਿਸ਼ੇਸ਼ ਗੁਣ ਹੈ। ਉਸ ਦੀ ਇਸ ਵਿਸ਼ੇਸ਼ਤਾ ਕਾਰਨ ਹੀ ਆਪਣੀ ਰਚਨਾ ਵਿਚ ਉਹ ਗਤੀਆਤਮਕ ਅਤੇ ਸਕ੍ਰਿਅ ਹੈ। ਇਸ ਗੁਣ ਨੂੰ ‘ਸਚਿਆਰ’ ਨੇ ਆਪਣੇ ਅੰਦਰ ਜਗਾਉਣਾ ਹੈ। ਸਿੱਖ ਚਿੰਤਨ ਦਾ ‘ਸਚਿਆਰ’ ਨਿਰਵਾਣ ਦਾ ਉਂਘਲਾਉਂਦਾ ਭੂਤ ਨਹੀਂ ਹੈ, ਖੜੋਤ ਵਿਚ ਸਮਾਧੀ ਸਥਿੱਤ ਨਹੀਂ ਬਲਕਿ ‘ਗੁਰਮੁਖਿ ਬੁਢੇ ਕਦੇ ਨਾਹੀ’ ਅਨੁਸਾਰ ਸਦੀਵੀ ਸਕ੍ਰਿਅ ਅਤੇ ਕਾਰਜਸ਼ੀਲ ਹੈ। ਇਸ ਸਕ੍ਰਿਅਤਾ ਕਾਰਨ ਹੀ ਸਿੱਖ ਧਰਮ ਚਿੰਤਨ ਵਿਚ ਧਰਤੀ ਨੂੰ ‘ਧਰਮਸਾਲ’ ਕਿਹਾ ਹੈ ਜਿਸ ਦੀ ਸਥਾਪਨਾ ਕਰਤਾ ਪੁਰਖ ਵੱਲੋਂ ਮਨੁੱਖ ਦੇ ਧਰਮ ਕਮਾਉਣ ਲਈ ਕੀਤੀ ਗਈ ਹੈ। ਇਸ ਧਰਮਸਾਲ-ਰੂਪ ਧਰਤੀ ‘ਤੇ ਮਨੁੱਖੀ ਦੇਹ ਦੀ ਸਾਜਨਾ ਸਚਿਆਰ ਹੋਣ ਥੀਣ ਲਈ ਮਨੁੱਖ ਨੂੰ ਇੱਕ ਅਵਸਰ ਦੀ ਪ੍ਰਾਪਤੀ ਹੈ, “ਗੋਬਿੰਦ ਮਿਲਣੁ ਕੀ ਇਹੁ ਤੇਰੀ ਬਰੀਆ॥” ਵਾਹਿਗੁਰੂ ਵੱਲੋਂ ਉਸ ਨੂੰ ਇੱਕ ਖ਼ਾਸ ਮੌਕਾ ਬਖ਼ਸ਼ਿਸ਼ ਕੀਤਾ ਗਿਆ ਹੈ। ਸੰਸਾਰ ਅੰਦਰ ਪਰਮਾਤਮ-ਜੋਤਿ ਵਿਆਪਕ ਹੈ, ਵਰਤ ਰਹੀ ਹੈ, ਉਹ ਆਪਣੇ ਆਪ ਤੋਂ ਸੰਸਾਰ ਦਾ ਮੂਲ ਰਚਦਾ ਹੈ। ਪਰਮਾਤਮਾ ਆਪਣੀ ਜੋਤਿ ਮਨੁੱਖ ਦੇ ਅੰਦਰ ਰੱਖਦਾ ਹੈ ਤਾਂ ਹੀ ਉਹ ਇਸ ਸੰਸਾਰ ‘ਤੇ ਆਉਂਦਾ ਹੈ, “ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗਿ ਮਹਿ ਆਇਆ॥”
ਸਿੱਖ ਧਰਮ-ਚਿੰਤਨ ਅਨੁਸਾਰ ਸੰਸਾਰ ਰਚਨਾ ਤੋਂ ਪਹਿਲਾਂ ਅਕਾਲ ਪੁਰਖ ਸੁੰਨ-ਸਮਾਧ ਦੀ ਅਵਸਥਾ ਵਿਚ ਸੀ ਅਤੇ ਉਹ ਅਰਬਾਂ ਸਾਲਾਂ ਤੱਕ, ਜੁਗਾਂ ਜੁਗਾਂ ਤੱਕ, ਇਸੇ ਸੁੰਨ-ਸਮਾਧ ਦੀ ਅਵਸਥਾ ਵਿਚ ਰਿਹਾ। ਉਸ ਅਵਸਥਾ ਵਿਚ ਕਿਸੇ ਕਿਸਮ ਦੀ ਕੋਈ ਰਚਨਾ ਨਹੀਂ ਸੀ। ਨਾ ਕੋਈ ਆਕਾਸ਼ ਸੀ, ਨਾ ਧਰਤੀ ਸੀ, ਨਾ ਪੌਣ ਸੀ, ਨਾ ਪਾਣੀ ਸੀ। ਕੋਈ ਵੀ ਚੰਨ, ਸੂਰਜ, ਤਾਰੇ, ਜੀਵ-ਜੰਤੂ, ਬਨਸਪਤੀ ਆਦਿ ਨਹੀਂ ਸੀ। ਨਾ ਕੋਈ ਜਾਤਿ ਸੀ, ਨਾ ਜਨਮ ਸੀ, ਨਾ ਜਨਮ ਦਾ ਦੁੱਖ, ਨਾ ਕੋਈ ਦੇਵੀ-ਦੇਵਤੇ, ਨਾ ਕੋਈ ਕਰਮ ਜਾਂ ਧਰਮ ਸੀ, ਕੇਵਲ ਉਹ ਇੱਕ ਕਰਤਾ ਪੁਰਖ ਆਪ ਹੀ ਆਪ ਸੀ। ਫਿਰ ਉਸ ਇੱਕ ਨੇ ਆਪਣੇ ਭਾਣੇ ਵਿਚ ਹੀ ਆਪਣੇ ਆਪ ਤੋਂ ਸਾਰੀ ਰਚਨਾ ਅਰੰਭ ਕਰ ਦਿੱਤੀ ਅਤੇ ਰਚਨਾ ਨੂੰ ਬਿਨਾ ਕਿਸੇ ਸਰੀਰਕ ਕਲਾ ਦੇ ਸਹਾਰਾ ਦਿੱਤਾ। ਉਹ ਗੁਪਤ ਤੋਂ ਪਰਗਟ ਰੂਪ ਵਿਚ ਆਇਆ, ਬ੍ਰਹਮ ਅਫੁਰ ਅਵਸਥਾ ਤੋਂ ਫੁਰ ਅਵਸਥਾ ਵਿਚ ਆਇਆ। ਉਸ ਨੇ ਵੱਖ ਵੱਖ ਤੱਤਾਂ ਹਵਾ, ਪਾਣੀ ਆਦਿ ਨੂੰ ਮਿਲਾ ਕੇ ਮਨੁੱਖੀ-ਸਰੀਰ ਰੂਪੀ ਕਿਲੇ ਦੀ ਰਚਨਾ ਕੀਤੀ, ਕੰਨ, ਨੱਕ ਆਦਿ ਨੌਂ ਗੋਲਕਾਂ ਭਾਵ ਗਿਆਨ-ਇੰਦ੍ਰੀਆਂ ਦੀ ਰਚਨਾ ਕੀਤੀ ਅਤੇ ਆਪ ਦਸਵੇਂ ਦੁਆਰ ਵਿਚ ਜੋਤਿ-ਸਰੂਪ ਹੋ ਕੇ ਮਨੁੱਖ ਦੇ ਹਿਰਦੇ ਵਿਚ ਨਿਵਾਸ ਕੀਤਾ। ਮਨੁੱਖ ਦੇ ਸਰੀਰ ਰੂਪੀ ਕਿਲੇ ਵਿਚ ਜੋ ਅਮੋਲਕ ਗੁਣ ਪਰਮਾਤਮਾ ਨੇ ਰੱਖੇ ਹਨ, ਉਨ੍ਹਾਂ ਨੂੰ ਆਪਣੀ ਜੋਤਿ ਰਾਹੀਂ ਆਪ ਹੀ ਦਿਖਾਉਂਦਾ ਹੈ। ਇਸ ਸੁੰਨ ਅਵਸਥਾ ਤੋਂ ਕਰਤਾ ਪੁਰਖ ਨੇ ਪੰਜ ਤੱਤਾਂ ਪੌਣ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਆਦਿ ਦਾ ਪ੍ਰਕਾਸ਼ਨ ਕੀਤਾ ਅਤੇ ਇਨ੍ਹਾਂ ਤੋਂ ਹੀ ਜੀਵ ਦੇ ਸਰੀਰ ਅਰਥਾਤ ਮਨੁੱਖੀ ਦੇਹ ਦਾ ਨਿਰਮਾਣ ਕੀਤਾ। ਜੀਵ (ਆਤਮਾ) ਇਸ ਦੇਹ ਦੇ ਸੰਜੋਗ ਵਿਚ ਆ ਕੇ ਕਰਮਾਂ ਦਾ ਅਭਿਆਸ ਕਰਦਾ ਹੈ। ਮਾਂ ਦੇ ਖੂਨ ਅਤੇ ਪਿਤਾ ਦੇ ਬਿੰਦ ਨੂੰ ਮਿਲਾ ਕੇ ਵਾਹਿਗੁਰੂ ਨੇ ਮਨੁੱਖ ਦੀ ਇਸ ਸੂਰਤ ਦੀ ਘਾੜਤ ਕੀਤੀ ਅਤੇ ਆਪ ਉਹ ਕਰਤਾ ਪੁਰਖ ਜੋਤਿ-ਸਰੂਪ ਹੋ ਕੇ ਵਿਚਰ ਰਿਹਾ ਹੈ। ਉਹ ਹੀ ਮਨੁੱਖ ਦੀ ਦੇਹ ਨੂੰ ਪੈਦਾ ਕਰਦਾ ਹੈ ਅਤੇ ਉਹ ਇਸ ਦਾ ਵਿਨਾਸ਼ ਕਰਦਾ ਹੈ ਅਰਥਾਤ ਉਹ ਹੀ ਜਨਮ ਦਿੰਦਾ ਹੈ ਅਤੇ ਉਹ ਹੀ ਮੌਤ ਦਿੰਦਾ ਹੈ।
ਭਾਈ ਗੁਰਦਾਸ ਅਨੁਸਾਰ ਪੰਜ ਤੱਤਾਂ ਨਾਲ ਪੰਝੀ ਗੁਣ ਜਿਹੜੇ ਕਿ ਆਪਸ ਵਿਚ ਮਿਲਦੇ ਵੀ ਹਨ ਅਤੇ ਵਿਰੋਧੀ ਵੀ ਹਨ, ਮਿਲਾ ਕੇ ਕਰਤਾ ਪੁਰਖ ਨੇ ਇਹ ਸਰੀਰ ਰਚਿਆ ਹੈ। ਉਸ ਨੇ ਚਾਰ ਖਾਣੀਆਂ ਅਤੇ ਬਾਣੀਆਂ ਰਚ ਕੇ ਚੁਰਾਸੀ ਲੱਖ ਜੂਨ ਪੈਦਾ ਕੀਤੀ ਅਤੇ ਉਨ੍ਹਾਂ ਸਭ ਜੂਨਾਂ ਵਿਚ ਸਭ ਤੋਂ ਉਤਮ ਮਨੁੱਖੀ-ਦੇਹ ਦੀ ਰਚਨਾ ਹੈ ਕਿਉਂਕਿ ਇਸ ਨੂੰ ਵਾਹਿਗੁਰੂ ਨੇ ਅੱਖਾਂ ਨਾਲ ਵੇਖਣ, ਕੰਨਾਂ ਨਾਲ ਸੁਣਨ ਅਤੇ ਮੂੰਹ ਨਾਲ ਸ਼ੁਭ ਵਚਨ ਬੋਲਣ ਦੀ ਸ਼ਕਤੀ ਦਿੱਤੀ ਹੈ। ਹੱਥ ਕੰਮ ਕਰਨ ਲਈ ਦਿੱਤੇ ਹਨ ਅਤੇ ਪੈਰ ਦਿੱਤੇ ਹਨ ਤਾਂ ਕਿ ਉਹ ਚੱਲ ਕੇ ਸਤਿਸੰਗਤਿ ਵਿਚ ਜਾ ਸਕੇ। ਮਨੁੱਖ ਧਰਮ ਦੀ ਕਿਰਤ ਕਰੇ, ਖੱਟ ਕੇ ਖਾਵੇ ਅਤੇ ਹੋਰਨਾਂ ਨੂੰ ਖੁਆਏ। ਇਸ ਤਰ੍ਹਾਂ ਗੁਰੂ ਦੇ ਸਨਮੁਖ ਹੋ ਕੇ ਉਹ ਆਪ ਤਰੇ ਅਤੇ ਦੂਸਰਿਆਂ ਨੂੰ ਤਾਰੇ। ‘ਮੈਂ’ ਦੇ ਨਿਰਮਾਣ ਦੀ ਗੱਲ ਅਗਲੇ ਲੇਖ ਵਿਚ ਕੀਤੀ ਜਾਵੇਗੀ।
(ਚਲਦਾ)

Be the first to comment

Leave a Reply

Your email address will not be published.