ਦਲੇਰੀ ਤੇ ਦ੍ਰਿੜਤਾ ਦਾ ਮੁਜੱਸਮਾ: ਪ੍ਰੋ. ਤਰਸੇਮ ਬਾਹੀਆ

ਅਵਤਾਰ ਸਿੰਘ
ਫੋਨ: 91-94175-18384
ਸਿੱਖ ਨੈਸ਼ਨਲ ਕਾਲਜ, ਬੰਗੇ ਪੜ੍ਹਦਿਆਂ ਮੇਰੇ ਅੰਗਰੇਜ਼ੀ ਦੇ ਅਧਿਆਪਕ ਪ੍ਰੋ. ਐੱਚ. ਕੇ. ਸ਼ਰਮਾ ਆਪਣੇ ਵਿਖਿਆਨ ਵਿਚ ਦੋ ਜਾਣਿਆਂ ਦਾ ਅਕਸਰ ਜਿ਼ਕਰ ਕਰਦੇ ਸਨ-ਇਕ ਉਨ੍ਹਾਂ ਦਾ ਹਮਜਮਾਤੀ ਪ੍ਰੋ. ਦਰਸ਼ਣ ਸਿੰਘ ਤੇ ਦੂਜਾ ਪ੍ਰੋ. ਤਰਸੇਮ ਬਾਹੀਆ। ਇਹ ਦੋਵੇਂ ਏ. ਐੱਸ. ਕਾਲਜ, ਖੰਨੇ ਵਿਚ ਅੰਗਰੇਜ਼ੀ ਦੇ ਅਧਿਆਪਕ ਸਨ ਤੇ ਪ੍ਰੋ. ਐੱਚ. ਕੇ. ਸ਼ਰਮਾ ਵੀ ਉਸੇ ਕਾਲਜ ਵਿਚ ਪੜ੍ਹੇ ਹੋਏ ਸਨ। ਉਨ੍ਹਾਂ ਦੇ ਮੂੰਹੋਂ ਤਰਸੇਮ ਬਾਹੀਆ ਬਾਬਤ ਸੁਣੀਆਂ ਹੋਈਆਂ ਗੱਲਾਂ ਦੀ ਮੇਰੇ ਮਨ ਵਿਚ ਧੁੰਦਲੀ ਜਿਹੀ ਯਾਦ ਸੀ।

ਮੈਂ 1992 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਿੱਧਾ ਰਾਮਗੜ੍ਹੀਏ ਕਾਲਜ, ਫਗਵਾੜੇ ਆਣ ਲੱਗਾ। ਰੈਗੂਲਰ ਸਟਾਫ ਵਿਚ ਮੈਂ ਸਭ ਤੋਂ ਛੋਟਾ ਸੀ ਤੇ ਮੈਨੂੰ ਇਸ ਗੁਰ ਅਤੇ ਗੁਣ ਦਾ ਪਤਾ ਸੀ ਕਿ ਵੱਡਿਆਂ ਦੀ ਇੱਜ਼ਤ ਕਰਕੇ ਮੁਹੱਬਤ ਮਿਲਦੀ ਹੈ। ਮੇਰੇ ਐਕਟਿਵਿਜ਼ਮ ਕਰਕੇ ਤੇ ਹਮੇਸ਼ਾ ਕੁਝ ਨਾ ਕੁਝ ਪੜ੍ਹਦੇ, ਲਿਖਦੇ ਤੇ ਸੋਚਦੇ ਰਹਿਣ ਕਰਕੇ ਮੈਨੂੰ ਉਨ੍ਹਾਂ ਨੇ ਪ੍ਰੋਬੇਸ਼ਨ ਵਿਚ ਹੀ ਯੂਨੀਅਨ ਦਾ ਮੈਂਬਰ ਬਣਾ ਲਿਆ ਤੇ ਮੈਂ ਯੂਨੀਅਨ ਦੀ ਹਰ ਕਾਲ ‘ਤੇ ਦਿੱਤੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ। ਯੂਨੀਅਨ ਵਿਚ ਵੀ ਮੇਰਾ ਗੁਰ ਅਤੇ ਗੁਣ ਇਹੀ ਰਿਹਾ ਕਿ ਪਿੱਛੇ ਰਹਿ ਕੇ ਤੇ ਵਧ-ਚੜ੍ਹ ਕੇ ਕੰਮ ਕਰਦੇ ਰਹਿਣਾ ਹੈ ਤੇ ਅਹੁਦਿਆਂ ਵੱਲ ਦੇਖਣਾ ਤੱਕ ਨਹੀਂ। ਇਹ ਵੀ ਕਿ ਪਿਆਰ ਸਤਿਕਾਰ ਹਰੇਕ ਦਾ ਕਰਨਾ ਹੈ, ਝੇਂਪ ਕਿਸੇ ਦੀ ਨਹੀਂ ਮੰਨਣੀ।
ਉਨ੍ਹਾਂ ਦਿਨੀਂ ਆਪਣੀ ਯੂਨੀਅਨ ਦੇ ਪ੍ਰਧਾਨ ਤਰਸੇਮ ਬਾਹੀਆ ਸਨ ਤੇ ਉਨ੍ਹਾਂ ਦੀਆਂ ਤਕਰੀਰਾਂ ਸੁਣ ਕੇ ਮੇਰੇ ਮਨ ਵਿਚ ਪ੍ਰੋ. ਐੱਚ. ਕੇ. ਸ਼ਰਮਾ ਤੋਂ ਸੁਣੀਆਂ ਹੋਣੀਆਂ ਧੁੰਦਲੀਆਂ ਯਾਦਾਂ ਇੰਨ-ਬਿੰਨ ਤਾਜ਼ਾ ਹੋ ਗਈਆਂ। ਮੈਂ ਉਨ੍ਹਾਂ ਦੀਆਂ ਤਕਰੀਰਾਂ ਦੇ ਪ੍ਰਭਾਵ ਵਿਚ ਆ ਗਿਆ ਤੇ ਸੋਚਣ ਲੱਗਾ ਕਿ ਉਨ੍ਹਾਂ ਨੂੰ ਕਿਉਂ ਨਾ ਆਪਣੇ ਕਾਲਜ ਬੁਲਾਇਆ ਜਾਵੇ! ਕਿਵੇਂ ਨਾ ਕਿਵੇਂ ਕਿਸੇ ਨੂੰ ਕਹਿ-ਸੁਣ ਕੇ ਬਾਹੀਆ ਜੀ ਨਾਲ ਗੱਲ ਹੋ ਗਈ ਤੇ ਉਨ੍ਹਾਂ ਨੇ ਸਾਡੇ ਕਾਲਜ ਆਉਣਾ ਮੰਨ ਲਿਆ। ਉਹ ਆਏ ਤੇ ਉਨ੍ਹਾਂ ਨੇ ਸਾਡੇ ਕਾਲਜ ਦੇ ਸਟਾਫ-ਰੂਮ ਵਿਚ ਬੜੀ ਹੀ ਦਲੇਰੀ ਨਾਲ ਸੁਲਝਿਆ ਹੋਇਆ ਅਤੇ ਵਿਦਵਤਾ ਭਰਪੂਰ ਭਾਸ਼ਣ ਕੀਤਾ। ਮੈਂ ਨੋਟ ਕੀਤਾ ਕਿ ਉਨ੍ਹਾਂ ਦੀ ਅੰਗਰੇਜ਼ੀ ਤੇ ਪੰਜਾਬੀ ਡਿਕਸ਼ਨ ਇੱਕੋ ਜਿਹੀ ਕਮਾਲ ਵਾਲੀ ਸੀ। ਦਲੇਰੀ ਤੇ ਦ੍ਰਿੜਤਾ ਦੇ ਤਾਂ ਕਹਿਣੇ ਹੀ ਕੀ!
ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਹਾਵ-ਭਾਵ ਅਤੇ ਬੜੇ ਹੀ ਕਟਾਕਸ਼ੀ ਅੰਦਾਜ਼ ਵਿਚ ਦੱਸਿਆ ਕਿ ਸਰਕਾਰ ਸਿਰਫ ਹਰਲ ਹਰਲ ਕਰਦੀਆਂ ਗੱਡੀਆਂ ਦੇ ਹੂਟਰ ਵਜਾਉਣ ਲਈ ਨਹੀਂ ਹੁੰਦੀ, ਸਗੋਂ ਸਰਕਾਰ ਦੀ ਕੋਈ ਜਿ਼ੰਮੇਵਾਰੀ ਹੁੰਦੀ ਹੈ, ਜਿਹੜੀ ਉਹਨੇ ਨਿਭਾਉਣੀ ਹੁੰਦੀ ਹੈ। ਉਨ੍ਹਾਂ ਨੇ ਕਾਲਜ ਕਮੇਟੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ “ਆਏ ਸਾਲ ਅਡਹਾਕ ਸਟਾਫ ਨੂੰ ਅਟੈਚੀਆਂ ਚੁਕਾਉਣ ਵਾਲੇ ਹੁਣ ਆਪਣੇ ਅਟੈਚੀ ਤਿਆਰ ਰੱਖਣ।”
ਮੈਨੂੰ ਯਾਦ ਹੈ ਕਿ ਉਨ੍ਹਾਂ ਨੂੰ ਸੁਣ ਕੇ ਸਾਡੇ ਸਟਾਫ ਦੀ ਯੂਨੀਅਨ ਪੱਖੋਂ “ਉਇ ਚਲੋ… ਉਇ ਆਹੋ” ਵਾਲੀ ਢਿਲਮ ਢਿਲਮ ਨੀਤੀ “ਕੁਝ ਕਰੋ” ਵਿਚ ਤਬਦੀਲ ਹੋ ਗਈ ਸੀ। ਫਿਰ ਰਿਟਾਇਰਮੈਂਟ ਦੇ ਨੇੜੇ ਢੁੱਕੇ ਮੈਂਬਰ ਵੀ ਹੁੰਮਹੁਮਾ ਕੇ ਧਰਨਿਆਂ ‘ਤੇ ਜਾਣ ਲੱਗ ਪਏ ਸਨ। ਬਾਹੀਆ ਜੀ ਦਾ ਵਿਖਿਆਨ ਇਹੋ ਜਿਹਾ ਪਾਵਰ-ਹਾਊਸ ਸਾਬਤ ਹੋਇਆ ਕਿ ਸਾਡੇ ਸਟਾਫ ਦੀਆਂ ਨਰਮ, ਗਰਮ ਅਤੇ ਸਰਦ ਤਾਰਾਂ ਜੁੜ ਕੇ ਕਰੰਟ ਮਾਰਨ ਲੱਗ ਪਈਆਂ ਸਨ।
ਮੈਂ ਫਿਰ ਯੂਨੀਅਨ ਦੇ ਸੱਦਿਆਂ `ਤੇ ਹਮੇਸ਼ਾ ਜਾਣਾ ਤੇ ਹਰ ਵਾਰ ਬਾਹੀਆ ਜੀ ਨੂੰ ਸਪੈਸ਼ਲ ਮਿਲ ਕੇ ਆਉਣਾ। ਉਨ੍ਹਾਂ ਨੂੰ ਵੀ ਮੇਰਾ ਨਾਂ ਯਾਦ ਹੋ ਗਿਆ ਤੇ ਉਹ ਮੈਨੂੰ ਨਾਂ ਲੈ ਕੇ ਹੀ ਬੁਲਾਉਂਦੇ। ਉਨ੍ਹਾਂ ਦੀ ਦੇਖਾ-ਦੇਖੀ ਤਿਵਾੜੀ ਜੀ ਨਾਲ ਵੀ ਮੇਰਾ ਗੂੜ੍ਹਾ ਰਿਸ਼ਤਾ ਬਣ ਗਿਆ ਸੀ। ਹਰ ਇਲੈਕਸ਼ਨ ਤੋਂ ਪਹਿਲਾਂ ਤਿਵਾੜੀ ਜੀ ਮੇਰੇ ਘਰ ਜ਼ਰੂਰ ਆਉਂਦੇ ਤੇ ਕਾਫੀ ਉਤਸ਼ਾਹ ਭਰ ਜਾਂਦੇ। ਇਹ ਗੱਲ ਕਹਿਣੀ ਓਪਰੀ ਜਿਹੀ ਲੱਗਦੀ ਹੈ ਕਿ ਇਕ ਵਾਰ ਉਹ ਕਾਲਜ ਆਏ ਹੋਏ ਸਨ ਤੇ ਉਨ੍ਹਾਂ ਦੀ ਲਾਲ ਮਾਰੂਤੀ ਰੇਲਵੇ ਫਾਟਕ ਦੇ ਪਰਲੇ ਪਾਸੇ ਖੜ੍ਹੀ ਸੀ। ਮੈਂ ਉਨ੍ਹਾਂ ਨੂੰ ਆਪਣੇ ਸਾਇਕਲ ਪਿੱਛੇ ਬਹਾਲ ਕੇ ਕਾਰ ਤੱਕ ਛੱਡਣ ਗਿਆ ਤਾਂ ਉਨ੍ਹਾਂ ਨੇ ਮੈਨੂੰ “ਗੁਣਾ ਦੀ ਗੁਥਲੀ” ਕਿਹਾ ਸੀ। ਅਸਲ ਵਿਚ ਮੈਂ ਆਪਣੇ ਕਾਲਜ ਦੇ ਯੂਨਿਟ ਦੀ ਮੀਟਿੰਗ ਕੰਡਕਟ ਕੀਤੀ ਸੀ ਤੇ ਮੈਂ ਉਦੋਂ ਉਸ ਮੀਟਿੰਗ ਵਿਚ ਕਾਫੀ ਗਿਆਨ ਘੋਟਿਆ ਸੀ।
ਇਕ ਵਾਰੀ ਕਿਸੇ ਨੇ ਤਿਵਾੜੀ ਜੀ ਨੂੰ ਫੋਨ ‘ਤੇ ਧਮਕੀ ਦਿੱਤੀ ਤੇ ਉਨ੍ਹਾਂ ਨੇ ਧਮਕਾਉਣ ਵਾਲੇ ਦਾ ਖੁਰਾ ਲੱਭ ਲਿਆ। ਉਹ ਸ਼ਖਸ ਮੈਨੂੰ ਵੀ ਜਾਣਦਾ ਸੀ ਤੇ ਤਿਵਾੜੀ ਜੀ ਨੂੰ ਵੀ ਇਸ ਗੱਲ ਦਾ ਪਤਾ ਸੀ। ਉਨ੍ਹਾਂ ਨੇ ਬੜੀ ਸਿਆਣਪ ਕੀਤੀ, ਉਹ ਮੇਰੇ ਕੋਲ ਆਏ ਤੇ ਉਸ ਸ਼ਖਸ ਬਾਬਤ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਉਹਦਾ ਮਕਸਦ ਵੀ ਸਮਝ ਗਏ। ਮੇਰੇ ਘਰੋਂ ਉਨ੍ਹਾਂ ਨੇ ਉਸ ਧਮਕੱਈਏ ਨੂੰ ਏਨੇ ਸਲੀਕੇ ਨਾਲ ਫੋਨ ਕੀਤਾ ਕਿ ਉਹ ਮਾਇਲ ਹੋ ਗਿਆ ਤੇ ਗੱਲ ਰਫਾ-ਦਫਾ ਹੋ ਗਈ।
ਇਕ ਵਾਰੀ ਬਾਹੀਆ ਜੀ ਤੇ ਤਿਵਾੜੀ ਜੀ, ਦਸ ਬਾਰਾਂ ਜਾਣੇ, ਅਚਾਨਕ ਮੇਰੇ ਘਰੇ ਆ ਗਏ ਤੇ ਮੈਂ ਸ਼ਸ਼ੋਪੰਜ ਵਿਚ ਪੈ ਗਿਆ ਕਿ ਉਨ੍ਹਾਂ ਨੂੰ ਖੁਆਵਾਂ ਪਿਆਵਾਂ ਕੀ! ਮੈਨੂੰ ਸਿਰਫ ਦੋ ਕੱਪ ਚਾਹ ਬਣਾਉਣੀ ਆਉਂਦੀ ਸੀ, ਪਰ ਮੈਂ ਜਿਵੇਂ ਕਿਵੇਂ ਬਾਰਾਂ-ਤੇਰਾਂ ਕੱਪ ਚਾਹ ਦੇ ਬਣਾ ਧਰੇ। ਫਟਾ ਫਟ ਨੌਵਲਟੀ ਵਾਲਿਆਂ ਦਿਓਂ ਪਕੌੜੇ ਤੇ ਵੇਸਣ ਵੀ ਲੈ ਆਇਆ। ਮੇਰੀ ਬਣਾਈ ਚਾਹ ਤਾਂ ਨਿਰੀ ਪੱਤੀ ਹੀ ਸੀ, ਪਰ ਉਨ੍ਹਾਂ ਨੇ ਦੇਸੀ ਘਿਓ ਦਾ ਵੇਸਣ ਬੜੇ ਖੁਸ਼ ਹੋ ਕੇ ਖਾਧਾ। ਸ਼ਾਮ ਨੂੰ ਮੇਰੀ ਹੋਮ-ਸੁਪਰਡੰਟ ਨੇ ਬੈਂਕ ਤੋਂ ਆ ਕੇ ਸਿੰਕ ਵਿਚ ਵੰਨ-ਸਵੰਨੇ ਕੱਪ ਅਤੇ ਚਾਹ ਪੱਤੀ ਤੋਂ ਮੇਰੀ ਬਣਾਈ ਚਾਹ ਦੀ ਕਿਸਮ ਦਾ ਕਿਆਫਾ ਲਾ ਲਿਆ ਤੇ ਕਿਸੇ ਅਣਹੋਣੀ ਬੇਇਜ਼ਤੀ ਕਾਰਨ ਮੈਨੂੰ ਕਾਫੀ ਝਾੜ-ਝੰਬ ਦਾ ਸਾਹਮਣਾ ਕਰਨਾ ਪਿਆ।
ਫਿਰ ਯੂਨੀਅਨ ਦੇ ਲੀਡਰ ਬਦਲ ਗਏ ਤੇ ਯੂਨੀਅਨ ਦੀ ਤੋਰ, ਤੌਰ ਅਤੇ ਤੇਵਰ ਵੀ ਉਹ ਨਾ ਰਹੇ। ਸਾਡੇ ਸਟਾਫ ਦੇ ਪੁਰਾਣੇ ਬੰਦੇ ਇਕ ਇਕ ਕਰਕੇ ਕਿਰ ਗਏ ਤੇ ਨਾਲ ਹੀ ਯੂਨੀਅਨ ਦੀਆਂ ਉਹ ਗੱਲਾਂ ਖਤਮ ਹੋ ਗਈਆਂ, ਜਿਨ੍ਹਾਂ ਦੇ ਚਰਚੇ ਕਦੇ ਪੰਜਾਬ ਦੇ ਵੱਡੇ ਵੱਡੇ ਕਾਲਜਾਂ ਵਿਚ ਹੁੰਦੇ ਸਨ। ਖੰਭਿਆਂ ਬਾਝੋਂ ਨਰਮ, ਗਰਮ ਤੇ ਸਰਦ ਤਾਰਾਂ ਕਿਸੇ ਕੰਮ ਦੀਆਂ ਨਾ ਰਹੀਆਂ। ਨਵਿਆਂ ਵਿਚ ਯੂਨੀਅਨਿਜ਼ਮ ਦੇ ‘ਜਰਾਸੀਮ’ ਨਾਂ-ਮਾਤਰ ਹੀ ਸਨ, ਜਿਸ ਕਰਕੇ ਮੈਂ ਵੀ ਯੂਨੀਅਨ ਦੇ ਐਕਟਿਵਿਜ਼ਮ ਵਿਚੋਂ ਖੁਦ ਨੂੰ ਮਨਫੀ ਕਰ ਲਿਆ ਤੇ ਆਪਣੀ ਪੜ੍ਹਾਈ-ਲਿਖਾਈ ਵੱਲ ਮੂੰਹ ਮੋੜ ਲਿਆ। ਹੋਰ ਕਰਦਾ ਵੀ ਕੀ?
ਸ਼ਹਿਰ ਦੇ ਮਿੱਤਰ ਸੱਜਣ ਗੁਰਬਚਨ ਸਿੰਘ ਸਾਗਰੀ ਨੇ ਮੈਨੂੰ ਪ੍ਰੀਤਲੜੀ ਰਸਾਲੇ ਦੀਆਂ ਪੁਰਾਣੀਆਂ ਜਿਲਦਾਂ ਦੇ ਦਿੱਤੀਆਂ। ਮੈਂ ਦੇਖਿਆ, ਉਨ੍ਹਾਂ ਵਿਚ ਕਿਤੇ ਕਿਤੇ ਤਰਸੇਮ ਬਾਹੀਆ ਦੇ ਲੇਖ ਛਪੇ ਹੋਏ ਸਨ। ਮੈਂ ਉਹ ਪੜ੍ਹੇ ਤੇ ਬਾਹੀਆ ਜੀ ਨੂੰ ਫੋਨ ਕਰਕੇ ਦੱਸਿਆ। ਉਹ ਬੜੇ ਖੁਸ਼ ਹੋਏ ਤੇ ਉਨ੍ਹਾਂ ਦੀ ਫੋਟੋਸਟੈਟ ਭੇਜਣ ਲਈ ਕਹਿਣ ਲੱਗੇ। ਅਗਲੇ ਦਿਨ ਹੀ ਮੈਂ ਉਹ ਫੋਟੋਸਟੈਟ ਕਰਾ ਕੇ ਭੇਜ ਦਿੱਤੀਆਂ। ਮਿਲਣ ‘ਤੇ ਉਨ੍ਹਾਂ ਨੇ ਮੈਨੂੰ ਧੰਨਵਾਦੀ ਫੋਨ ਕੀਤਾ ਤੇ ਬੜੀਆਂ ਹੀ ਪੁਰਾਣੀਆਂ, ਦਿਲਚਸਪ ਅਤੇ ਮਾਰਮਿਕ ਗੱਲਾਂ ਸੁਣਾਈਆਂ।
ਉਹ ਫੇਸਬੁੱਕ ‘ਤੇ ਮੇਰੀਆਂ ਲਿਖਤਾਂ ਪੜ੍ਹਦੇ ਰਹਿੰਦੇ ਤੇ ਕਦੇ ਕਦੇ ਕੁਮੈਂਟ ਵੀ ਕਰਦੇ। ਮੈਂ ਉਨ੍ਹਾਂ ਨੂੰ ਫੋਨ ਕਰਦਾ ਤਾਂ ਉਹ ਬੜੇ ਖੁਸ਼ ਹੁੰਦੇ, ਨਵੀਆਂ ਨਵੀਆਂ ਗੱਲਾਂ ਦੱਸਦੇ ਤੇ ਮੈਨੂੰ ਉਤਸ਼ਾਹਿਤ ਕਰਦੇ। ਇਕ ਦਿਨ ਬੜੀ ਹੈਰਾਨੀ ਹੋਈ, ਜਦ ਉਨ੍ਹਾਂ ਨੇ ਮੈਨੂੰ ਯੂਨੀਅਨਿਜ਼ਮ ਤੋਂ ਦੂਰ ਰਹਿਣ ਦੀ ਨਸੀਹਤ ਦੇ ਦਿੱਤੀ। ਕਹਿਣ ਲੱਗੇ, “ਯੂਨੀਅਨ ਦਾ ਝੰਡਾ ਤਾਂ ਜਿਹਨੂੰ ਮਰਜ਼ੀ ਚੁਕਾ ਦਿਓ, ਪਰ ਪੜ੍ਹਨ-ਲਿਖਣ ਦਾ ਕੰਮ ਹਰ ਕੋਈ ਨਹੀਂ ਕਰ ਸਕਦਾ।” ਮੈਂ ਉਨ੍ਹਾਂ ਦੀ ਇਸ ਨਸੀਹਤ ਦੀ ਹੋਰ ਤਫਸੀਲ ਪੁੱਛੀ ਤਾਂ ਕਹਿਣ ਲੱਗੇ, “ਕਿਤਾਬ ਪੜ੍ਹਨ ਵਾਲਾ ਜਦ ਝੰਡਾ ਚੁੱਕਦਾ ਤਾਂ ਉਹਦਾ ਕੋਈ ਅਰਥ ਹੁੰਦਾ, ਪਰ ਝੰਡਾ ਚੁੱਕਣ ਵਾਲਾ ਜਦ ਕਿਤੇ ਕਿਤਾਬ ਚੁੱਕਦਾ ਤਾਂ ਉਹ ਸਿਰਫ ਫੋਟੋ ਖਿਚਾਉਣ ਤੱਕ ਸੀਮਤ ਹੁੰਦਾ।” ਉਨ੍ਹਾਂ ਦੀ ਇਸ ਗੱਲ ਵਿਚੋਂ ਮੈਨੂੰ ਅਨੇਕ ਅੰਦੋਲਨਾਂ ਦੇ ਫੇਲ੍ਹ ਹੋਣ ਦੇ ਅੰਦਰੂਨੀ ਕਾਰਨਾਂ ਦੀ ਕਨਸੋਅ ਮਿਲੀ ਤੇ ਮੈਂ ਬਾਹੀਆ ਜੀ ਦੀ ਨਸੀਹਤ ਵਿਚਲੀ ਤੀਖਣ ਸੂਝ-ਬੂਝ ਤੇ ਉਨ੍ਹਾਂ ਦੀ ਗੱਲਬਾਤ ਦੇ ਮਿਕਨਾਤੀਸੀ ਅੰਦਾਜ਼ ਤੋਂ ਹੈਰਾਨ ਹੋ ਗਿਆ।
ਮੈਨੂੰ ਚੇਤਾ ਆਇਆ ਕਿ ਸਾਡੇ ਸਟਾਫ-ਰੂਮ ਵਿਚ ਵੀ ਉਨ੍ਹਾਂ ਨੇ ਇਹ ਗੱਲ ਕਹੀ ਸੀ, “ਆਪਣੇ ਦਰ ‘ਤੇ ਆਉਣ ਵਾਲੀ ਡਾਕ ਤੋਂ ਅੰਦਾਜ਼ਾ ਲਾਇਆ ਕਰੋ ਕਿ ਤੁਹਾਡੇ ਰੁਝਾਨ ਕਿਹੋ ਜਿਹੇ ਹਨ।” ਉਨ੍ਹਾਂ ਨੇ ਬੜੇ ਗੁੱਸੇ ਵਿਚ ਕਿਹਾ ਸੀ, “ਅੱਜ ਕੱਲ੍ਹ ਟੀਚਰਾਂ ਨੂੰ ਸਿਰਫ ਡੀਮੈਟ ਅਕਾਊਂਟ ਖੋਲ੍ਹਣ ਦੀਆਂ ਚਿੱਠੀਆਂ ਹੀ ਆਉਂਦੀਆਂ ਹਨ।” ਉਨ੍ਹਾਂ ਨੇ ਵਿਅੰਗ ਕੱਸਿਆ ਸੀ, “ਡੀਮੈਟ ਵਾਲੇ ਕਦੇ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਨਹੀਂ ਕਰ ਸਕਦੇ।”
ਪਿਛਲੇ ਵਰ੍ਹੇ ਕਰੋਨਾ ਕਾਲ ਤੇ ਭਰ ਗਰਮੀ ਦੌਰਾਨ ਉਨ੍ਹਾਂ ਦਾ ਫੋਨ ਆਇਆ ਕਿ ਉਹ ਮੇਰੇ ਕੋਲ ਆ ਰਹੇ ਹਨ ਤੇ ਉਨ੍ਹਾਂ ਨੇ ਮੈਨੂੰ ਘਰ ਦੇ ਬਾਹਰ ਮਿਲਣ ਦੀ ਕੋਈ ਠੀਹ ਪੁੱਛੀ। ਮੈਂ ਆਪਣੇ ਘਰ ਦੇ ਨੇੜੇ ਪੱਕੀ ਨਿਸ਼ਾਨੀ ਗਲੋਰੀ ਸਿਲਾਈ ਮਸ਼ੀਨ ਦੇ ਸ਼ੋਅ-ਰੂਮ ਕੋਲ ਚਲਿਆ ਗਿਆ। ਉਹ ਪਲਾਂ ਵਿਚ ਹੀ ਆ ਗਏ ਤੇ ਕਾਰ ਵਿਚੋਂ ਬਾਹਰ ਆ ਕੇ ਹੱਥ ਜੋੜ ਕੇ ਹੀ ਮਿਲੇ ਤੇ ਮੈਨੂੰ ਆਪਣੀ ਸ੍ਵੈ-ਜੀਵਨੀ ਦੇ ਕੇ ਕਹਿਣ ਲੱਗੇ, “ਪੜ੍ਹਨਾ ਤੇ ਜੇ ਹੋ ਸਕੇ ਤਾਂ ਇਸ ਬਾਰੇ ਕੁਝ ਲਿਖਣਾ।”
‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ’ ਟਾਈਟਲ ਦੇਖ ਕੇ ਮੈਂ ਕੁਝ ਹੈਰਾਨ ਹੋਇਆ ਤੇ ਉਨ੍ਹਾਂ ਨਾਲ ਖੁਸ਼ੀ ਜਾਹਰ ਕੀਤੀ। ਉਨ੍ਹਾਂ ਨੂੰ ਘਰ ਆਉਣ ਲਈ ਕਿਹਾ, ਪਰ ਹਾਲਾਤ ਇਹੋ ਜਿਹੇ ਸਨ ਕਿ ਮੈਂ ਵੀ ਜ਼ੋਰ ਨਾ ਪਾਇਆ ਤੇ ਉਹ ਵੀ ਸਮਝਦੇ ਸਨ ਤੇ ਜਲਦੀ ਜਾਣ ਦਾ ਬਹਾਨਾ ਲਾ ਕੇ ਚਲੇ ਗਏ। ਉਹ ਹਲਕੇ ਜਿਹੇ ਬਦਾਮੀ ਰੰਗੇ ਸਫਾਰੀ ਸੂਟ ਵਿਚ ਸਨ, ਜੋ ਉਸ ਰੁੱਤ ਵਿਚ ਉਨ੍ਹਾਂ ਨੂੰ ਬੜਾ ਹੀ ਫੱਬਦਾ ਸੀ।
ਸਰਦੀਆਂ ਵਿਚ ਉਹ ਹਮੇਸ਼ਾ ਕੋਟ ਪੈਂਟ ਤੇ ਟਾਈ ਲਾਉਂਦੇ। ਲਾਲ ਟਾਈ, ਚਿੱਟੀ ਕਮੀਜ਼ ਤੇ ਨੇਵੀ ਰੰਗ ਦਾ ਕੋਟ ਪੈਂਟ ਉਨ੍ਹਾਂ ਦੀ ਖਾਸ ਪਸੰਦ ਅਤੇ ਪਛਾਣ ਸੀ। ਉਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਕੋਈ ਸਿਰਕੱਢ ਯੂਨੀਅਨਨਿਸਟ ਹੈ ਤੇ ਕਿਸੇ ਵੱਡੇ ਕਾਲਜ ਦਾ ਅੰਗਰੇਜ਼ੀ ਅਧਿਆਪਕ ਹੈ। ਉਨ੍ਹਾਂ ਦੀ ਆਵਾਜ਼ ਵਿਚ ਏਨਾ ਦਮ ਸੀ ਅਤੇ ਅੰਦਾਜ਼ ਵਿਚ ਅਜਿਹਾ ਖਮ ਸੀ, ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਣ ਦਾ ਕੰਮ ਕਰਦਾ ਸੀ ਤੇ ਜਿਹਦੇ ਕਰਕੇ ਉਨ੍ਹਾਂ ਦੀ ਸ਼ਕਲ-ਸੂਰਤ ਬੜੀ ਹੀ ਪ੍ਰਭਾਵਸ਼ਾਲੀ ਲਗਦੀ ਸੀ। ਉਨ੍ਹਾਂ ਦੇ ਚਿਹਰੇ ‘ਤੇ ਕਦੀ ਕੋਈ ਸਿ਼ਕਨ ਨਜ਼ਰ ਨਹੀਂ ਸੀ ਆਉਂਦਾ, ਸਗੋਂ ਇਕ ਡੂੰਘੀ ਅਤੇ ਗੰਭੀਰ ਕਿਸਮ ਦੀ ਮੁਸਕਰਾਹਟ ਉਨ੍ਹਾਂ ਦੇ ਚਿਹਰੇ ‘ਤੇ ਸਦਾ ਛਾਈ ਰਹਿੰਦੀ ਸੀ। ਇਹੋ ਜਿਹੇ ਸਦਾਚਾਰੀ ਬੰਦੇ ਸਦਾ ਨਹੀਂ ਹੁੰਦੇ।
ਖੈਰ, ਮੈਂ ਉਹ ਕਿਤਾਬ ਘਰੇ ਲੈ ਆਇਆ ਤੇ ਉਸ ਵੇਲੇ ਦੇ ਹਾਲਾਤ ਮੁਤਾਬਕ ਵਿਹੜੇ ਵਿਚ ਪਏ ਮੇਜ਼ ‘ਤੇ ਰੱਖ ਦਿੱਤੀ ਕਿ ਕਰੋਨਾ ਦੀ ਸਰਕਾਰੀ ਦਹਿਸ਼ਤ ਕਾਰਨ ਅਤੇ ਡਾਕਟਰੀ ਹਦਾਇਤਾਂ ਅਨੁਸਾਰ ਦੋ ਤਿੰਨ ਦਿਨ ਬਾਅਦ ਅੰਦਰ ਰੱਖਾਂਗਾ। ਉਸ ਰਾਤ ਅਚਾਨਕ ਭਾਰਾ ਮੀਂਹ ਪਿਆ। ਸਵੇਰੇ ਉੱਠ ਕੇ ਦੇਖਿਆ ਤਾਂ ਕਿਤਾਬ ਬੁਰੀ ਤਰ੍ਹਾਂ ਗਲ ਗਈ ਸੀ। ਮੈਂ ਉਹ ਕਿਤਾਬ ਕਈ ਦਿਨ ਧੁੱਪੇ ਸੁੱਕਣੀ ਪਾਉਂਦਾ ਰਿਹਾ ਤੇ ਪਤਾ ਹੀ ਨਾ ਲੱਗਾ ਅਚਾਨਕ ਕਿਤਾਬ ਕਿੱਥੇ ਗਈ। ਕਰੋਨਾ ਦੇ ਰੌਲੇ ਗੌਲੇ ਵਿਚ ਮੈਨੂੰ ਉਸ ਕਿਤਾਬ ਦਾ ਕਦੀ ਚੇਤਾ ਹੀ ਨਾ ਆਇਆ। ਨਾ ਮੈਂ ਕਿਤਾਬ ਪੜ੍ਹ ਸਕਿਆ ਤੇ ਨਾ ਕੁਝ ਲਿਖ ਸਕਿਆ। ਇੱਥੋਂ ਤੱਕ ਕਿ ਕਰੋਨਾ ਦੇ ਕਹਿਰ ਨੇ ਬਾਹੀਆ ਜੀ ਦੀਆਂ ਯਾਦਾਂ ਨੂੰ ਵੀ ਧੁੰਦਲੀਆਂ ਕਰ ਦਿੱਤਾ।
ਫਿਰ ਉਨ੍ਹਾਂ ਦਾ ਵੀ ਕਦੇ ਫੋਨ ਨਾ ਆਇਆ ਤੇ ਮੈਂ ਵੀ ਫੋਨ ਨਾ ਕੀਤਾ। ਹੋ ਸਕਦਾ ਹੈ ਉਹ ਉਡੀਕਦੇ ਹੋਣਗੇ ਕਿ ਮੈਂ ਕਿਤਾਬ ਬਾਬਤ ਕੁਝ ਲਿਖਾਂਗਾ ਤੇ ਉਨ੍ਹਾਂ ਨੂੰ ਦੱਸਾਂਗਾ, ਪਰ ਅਜਿਹਾ ਹੋ ਨਾ ਸਕਿਆ। ਅਖੀਰ ਉਨ੍ਹਾਂ ਦੇ ਤੁਰ ਜਾਣ ਦੀ ਖਬਰ ਆਈ ਤਾਂ ਮਨ ਉਦਾਸ ਹੋ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਹੀਰੇ ਚੁੱਪ-ਚੁਪੀਤੇ ਤੁਰੀ ਜਾ ਰਹੇ ਹਨ, ਸਾਰ ਤਾਂ ਕੀ ਲੈਣੀ, ਕਿਸੇ ਨੂੰ ਖਬਰ ਤੱਕ ਨਹੀਂ ਹੈ। ਮੈਂ ਸੋਚਦਾ ਹਾਂ ਕਿ ਹੋ ਸਕਦਾ ਹੈ ਉਹ ਮੇਰੇ ਨਾਲ ਨਾਰਾਜ਼ ਵੀ ਹੋਏ ਹੋਣ; ਪਰ ਕਿਆ ਕਹਿ ਸਕਦੇ ਹਾਂ…!