ਪ੍ਰਾਰਥਨਾ ਦੀ ਪੁਖਤਗੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਰੋਨਾ ਕਾਲ ਦੌਰਾਨ ਲੱਗੇ ਲਾਕ ਡਾਊਨ ਦੇ ਸੰਤਾਪ ਦੀ ਗੱਲ ਛੇੜਦਿਆਂ ਸੁਜੱਗ ਸੁਨੇਹਾ ਲਾਇਆ ਸੀ ਕਿ ਲਾਕ ਡਾਊਨ ਨਾਲ ਜੀਵਨ ਖਤਮ ਨਹੀਂ ਹੁੰਦਾ

ਅਤੇ ਨਾ ਹੀ ਜਿ਼ੰਦਗੀ ਵਿਚ ਅਜਿਹੀ ਖੜੋਤ ਪੈਣੀ, ਜਿਸ ਨੇ ਇਸ ਨੂੰ ਅਪੰਗ ਬਣਾਉਣਾ। ਇਹ ਤਾਂ ਵਕਤੀ ਦੌਰ ਹੁੰਦੈ, ਜਲਦੀ ਬੀਤ ਜਾਂਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਾਰਥਨਾ ਦੀ ਸੁੱਚਮ ਬਿਆਨਦਿਆਂ ਕਿਹਾ ਹੈ ਕਿ ਪ੍ਰਾਰਥਨਾ ਸਿਰਫ ਨੇਕਨੀਅਤੀ, ਇਨਸਾਨੀਅਤ, ਆਸਥਾ, ਨਿਰਮਾਣਤਾ, ਨਿਆਰੇਪਣ ਅਤੇ ਨਿਰਪੱਖਤਾ ਨਾਲ ਕੀਤੀ ਜਾਵੇ ਤਾਂ ਇਸ ਦੀਆਂ ਰਹਿਮਤਾਂ ਤੇ ਨਿਆਮਤਾਂ ਵਿਚੋਂ ਜੀਵਨ-ਮੋਤੀ ਨਸੀਬ ਹੁੰਦੇ।…ਪ੍ਰਾਰਥਨਾ ਕਰਨ ਵਾਲੇ ਦੇ ਹੋਠਾਂ `ਤੇ ਤਰ ਰਹੇ ਸੁੱਚੇ ਬੋਲਾਂ ਵਿਚਲਾ ਅਵੇਸ਼ ਤੇ ਅਗੰਮਤਾ ਨੂੰ ਨਿਹਾਰਨਾ। ਇਸ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ, ਰੂਹ ਰੌਸ਼ਨ ਰੌਸ਼ਨ ਹੋ ਜਾਵੇਗਾ। ਪਰ ਨਾਲ ਹੀ ਡਾ. ਭੰਡਾਲ ਕਹਿੰਦੇ ਹਨ, “ਪ੍ਰਾਰਥਨਾ ਹਰੇਕ ਨਹੀਂ ਕਰ ਸਕਦਾ। ਪ੍ਰਾਰਥਨਾ ਲਈ ਖੁਦ ਨਾਲ ਜੁੜਨਾ ਜਰੂਰੀ, ਕਿਉਂਕਿ ਖੁਦ ਦੀ ਇਕਸਾਰਤਾ ਵਿਚੋਂ ਹੀ ਕਿਸੇ ਲਈ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ।…ਲੋੜ ਹੈ, ਪ੍ਰਾਰਥਨਾ ਨੂੰ ਸੀਮਤ ਤੇ ਸਥਾਪਤ ਦਾਇਰਿਆਂ ਵਿਚੋਂ ਬਾਹਰ ਕੱਢ, ਇਸ ਦੀ ਵਸੀਹਤਾ ਅਨੁਸਾਰ ਇਸ ਨੂੰ ਜੀਵਨ-ਸ਼ੈਲੀ ਬਣਾਈਏ।…ਸੁੱਚੀ ਚੇਤਨਾ ਵਿਚੋਂ ਉਗੀ ਹੋਈ ਸੂਖਮ-ਧਾਰਾ ਨੂੰ ਜੀਵਨ ਵਹਾਅ ਦਾ ਹਿੱਸਾ ਬਣਦਾ ਦੇਖ ਕੇ ਗਦ ਗਦ ਹੋਣਾ ਹੀ ਪ੍ਰਾਰਥਨਾ ਦਾ ਪ੍ਰਤੱਖ ਪ੍ਰਮਾਣ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪ੍ਰਾਰਥਨਾ, ਮਨ ਵਿਚ ਉਠੀਆਂ ਤਰੰਗਾਂ ਦੀ ਰਾਗਣੀ। ਕੁਝ ਚੰਗੇਰਾ ਹੋਣ ਦੀ ਧਾਰਨਾ। ਕਿਸੇ ਦੇ ਕੰਮ ਆਉਣ ਦੀ ਭਾਵਨਾ। ਕਿਸੇ ਦੀਆਂ ਸੋਚਾਂ ਵਿਚ ਆਲ੍ਹਣਾ ਪਾਉਣ ਦਾ ਵਿਚਾਰ, ਮਨ ‘ਤੇ ਦਸਤਕ ਦੇਣ ਦੀ ਤਮੰਨਾ ਅਤੇ ਕਰਮਸ਼ੈਲੀ ਵਿਚ ਚੰਗਿਆਈ ਤੇ ਭਲਿਆਈ ਬੀਜਣ ਦਾ ਚਾਅ।
ਪ੍ਰਾਰਥਨਾ, ਇਕ ਅਹਿਸਾਸ ਜਿਸ ਵਿਚ ਉਗਦਾ ਉਤਸ਼ਾਹ, ਉਮੰਗ, ਉਪਕਾਰ, ਉਮੀਦ ਅਤੇ ਉਮਦਾ ਵਿਚਾਰਾਂ ਦੀ ਬਗੀਚੀ। ਭਾਵਨਾਵਾਂ ਨੂੰ ਦਿਤੀ ਸੂਖਮ ਸੇਧ। ਕਿਸੇ ਦੀ ਜੀਵਨ-ਸੈ਼ਲੀ ਨੂੰ ਬਦਲਣਾ ਅਤੇ ਉਸ ਦੀ ਤਰਜ਼ੀਹਾਂ ਵਿਚ ਤਕਦੀਰ ਉਗਾਉਣ ਦੀ ਲਾਲਸਾ। ਤਦਬੀਰਾਂ ਨੂੰ ਭਾਗ ਲੱਗਣ ਦੀ ਲੋਚਾ ਅਤੇ ਸੁੱਚੀਆਂ ਸਾਰਥਿਕਤਾਵਾਂ ਨੂੰ ਫਲ ਪੈਣ ਦੀ ਚਾਹਨਾ।
ਪ੍ਰਾਰਥਨਾ ਇਕ ਸੋਚ ਕਿ ਮਨੁੱਖ ਕੀ, ਕਿਵੇਂ ਅਤੇ ਕਿਹੋ ਜਿਹਾ ਸੋਚਦਾ? ਇਸ ਸੋਚ ਦੇ ਕੀ ਅਰਥ? ਇਸ ਵਿਚੋਂ ਕਿਹੜੇ ਵਿਚਾਰਾਂ ਨੇ ਮੌਲਣਾ? ਕਿਹੜੇ ਕਰਮਾਂ ਨੇ ਧਰਮ ਦੀ ਖੇਤੀ ਕਰਨੀ? ਕਿਹੜੀਆਂ ਧਾਰਨਾਵਾਂ ਨੇ ਨਵੀਆਂ ਪਗਡੰਡੀਆਂ ਨੂੰ ਸਿਰਜਣਾ? ਕਿਹੜੇ ਰਾਹਾਂ ਵਿਚ ਦੀਵੇ ਜਗਣੇ? ਕਿਸ ਬਨੇਰੇ ਨੂੰ ਮੋਮਬੱਤੀਆਂ ਦਾ ਵਰਦਾਨ ਮਿਲਣਾ? ਕਿਹੜੇ ਵਿਹੜੇ ਵਿਚ ਰੌਣਕਾਂ ਦੇ ਮੇਲੇ ਲੱਗਣੇ? ਕਿਹੜੇ ਚੌਂਕਿਆਂ ਨੇ ਵੱਸਦੇ ਘਰ ਦਾ ਨਾਮ ਬਣਨਾ? ਕਿਹੜੀ ਛੱਤ `ਤੇ ਪੇ੍ਰਮੀ ਪਰਿੰਦਿਆਂ ਨੇ ਅੰਬਰ ਦਾ ਰੁੱਗ ਭਰਨਾ ਅਤੇ ਖੁਦ ਨੂੰ ਅੰਬਰਾਂ ਦਾ ਹਾਣੀ ਕਰਨਾ।
ਪ੍ਰਾਰਥਨਾ, ਪਿਆਰ ਦੀ ਆਵਾਜ਼, ਮੁਹੱਬਤ ਦਾ ਅੰਦਾਜ਼, ਸ਼ੁਭ-ਚੇਤਨਾ ਦੀ ਪਰਵਾਜ਼, ਮਿੱਠੜੇ ਬੋਲਾਂ ਦਾ ਰਿਆਜ਼ ਅਤੇ ਜੀਵਨ-ਰਾਗਾਂ ‘ਚ ਰੱਤਿਆ, ਸਾਹਾਂ ਦਾ ਸਾਜ਼। ਕਿਸੇ ਦੀ ਛੋਹ ਨਾਲ ਕੁਝ ਕੁਝ ਹੋਣ ਦਾ ਅਹਿਸਾਸ। ਪ੍ਰਾਰਥਨਾ ਤਾਂ ਕਿਸੇ ਨੂੰ ਆਪਣਾ ਬਣਾਉਣ ਜਾਂ ਕਿਸੇ ਦਾ ਬਣਨ ਵਿਚੋਂ ਵੀ ਪੈਦਾ ਹੁੰਦੀ।
ਪ੍ਰਾਰਥਨਾ, ਪਾਕੀਜ਼, ਪਹੁਲ ਜਿਹੀ, ਪੌਣ ਦੀ ਰਵਾਨਗੀ, ਪੋਲੀ ਪੋਲੀ ਸਰਸਰਹਾਟ। ਮਨ ਵਿਚ ਹੌਲੀ ਹੌਲੀ ਉਤਰਦੀ ਦੁਆ, ਜੋ ਖੜਾਕ ਨਹੀਂ ਕਰਦੀ, ਪਰ ਇਸ ਦਾ ਜਾਦੂਈ ਪ੍ਰਭਾਵ ਸੋਚਾਂ ਵਿਚੋਂ ਸੰਕੀਰਤਾ ਨੂੰ ਬਾਹਰ ਕੱਢ, ਸੱਚ, ਸੰਵੇਦਨਾ, ਸਦਭਾਵਨਾ, ਸਦਸੋਚ ਅਤੇ ਸਦ-ਕਰਮਨ ਉਗਾਉਂਦਾ।
ਕਦੇ ਪ੍ਰਾਰਥਨਾ ਵਿਚ ਜੁੜੇ ਹੋਏ ਹੱਥ ਨੂੰ ਕਿਆਸਣਾ। ਇਨ੍ਹਾਂ ਵਿਚੋਂ ਪੈਦਾ ਹੋ ਰਹੀਆਂ ਮਾਨਵਵਾਦੀ ਤਰੰਗਾਂ ਵਿਚ ਖੁਦ ਨੂੰ ਸ਼ਰਸ਼ਾਰ ਕਰਨਾ। ਪ੍ਰਾਰਥਨਾ ਕਰਨ ਵਾਲੇ ਦੇ ਹੋਠਾਂ `ਤੇ ਤਰ ਰਹੇ ਸੁੱਚੇ ਬੋਲਾਂ ਵਿਚਲਾ ਅਵੇਸ਼ ਤੇ ਅਗੰਮਤਾ ਨੂੰ ਨਿਹਾਰਨਾ। ਇਸ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ, ਰੂਹ ਰੌਸ਼ਨ ਰੌਸ਼ਨ ਹੋ ਜਾਵੇਗਾ।
ਪ੍ਰਾਰਥਨਾ ਕਰਨ ਵਾਲੀਆਂ ਪਾਕ ਰੂਹਾਂ, ਖੁਦ ਵਿਚੋਂ ਖੁਦਾਈ ਨੂੰ ਭਾਲਣ ਦੀਆਂ ਤਲਬਗਾਰ। ਰੱਬ ਦੀਆਂ ਰਹਿਮਤਾਂ ਦੀਆਂ ਸ਼ੁਕਰਗੁਜਾਰ, ਮਸਤੀ ਦੇ ਆਲਮ ਵਿਚ ਜਿ਼ੰਦਗੀ ਦੀ ਸੁਚੱਜਤਾ ਦਾ ਮਾਣ ਅਤੇ ਆਪਣੀਆਂ ਤਮੰਨਾਵਾਂ ਤੇ ਪੂਰਨ ਕੰਟਰੋਲ। ਉਨ੍ਹਾਂ ਦੀ ਸੋਚ ਵਿਚ ‘ਸਰਬੱਤ ਦਾ ਭਲਾ’ ਗੂੰਜਦਾ ਅਤੇ ਉਹ ਕਦੇ ਵੀ ਨਿੱਜ ਨੂੰ ਸਾਹਮਣੇ ਨਹੀਂ ਰੱਖਦੇ।
ਪ੍ਰਾਰਥਨਾ ਹਰੇਕ ਨਹੀਂ ਕਰ ਸਕਦਾ। ਪ੍ਰਾਰਥਨਾ ਲਈ ਖੁਦ ਨਾਲ ਜੁੜਨਾ ਜਰੂਰੀ, ਕਿਉਂਕਿ ਖੁਦ ਦੀ ਇਕਸਾਰਤਾ ਵਿਚੋਂ ਹੀ ਕਿਸੇ ਲਈ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ।
ਕੁਝ ਲੋਕ ਖੁਦ ਲਈ ਪ੍ਰਾਰਥਨਾ ਕਰਦੇ। ਕੁਝ ਦੂਸਰਿਆਂ ਲਈ ਪ੍ਰਾਰਥਨਾ ਕਰਦੇ। ਕੁਝ ਖੁਦ ਦੇ ਨਾਲ ਦੂਸਰਿਆਂ ਲਈ ਵੀ ਪ੍ਰਾਰਥਨਾ ਕਰਦੇ, ਪਰ ਸਭ ਤੋਂ ਅਹਿਮ ਉਹ ਹੁੰਦੇ ਜਿਨ੍ਹਾਂ ਦੀ ਪ੍ਰਾਰਥਨਾ ਵਿਚ ਖੁਦਾ ਆਪ ਬਿਰਾਜਮਾਨ ਹੋਵੇ। ਉਨ੍ਹਾਂ ਦੇ ਹੱਥ ਸਿਰਫ ਸ਼ੁਕਰਗੁਜਾਰੀ ਵਿਚ ਜੁੜਨ ਅਤੇ ਉਹ ਨਿਆਮਤਾਂ ਤੇ ਰਹਿਮਤਾਂ ਵਿਚੋਂ ਜੀਵਨ ਦੀ ਭਰਪੂਰਤਾ ਦਾ ਅਨੰਦ ਮਾਣਨ।
ਭਾਈਆਂ, ਪੰਡਿਤਾਂ ਜਾਂ ਮੌਲਵੀਆਂ ਵਲੋਂ ਕੀਤੀਆਂ ਪ੍ਰਾਰਥਨਾਵਾਂ ਦੇ ਕੋਈ ਅਰਥ ਨਹੀਂ। ਪ੍ਰਾਰਥਨਾ ਆਪ ਕਰੋ। ਪਹਿਲਾਂ ਇਸ ਦੇ ਕਾਬਲ ਹੋਣਾ ਚਾਹੀਦਾ। ਮਨ ਦੀ ਮਲੀਨਤਾ ਵਿਚ ਗ੍ਰੱਸੇ ਹੋਇਆਂ ਕੋਲੋਂ ਕਿਹੜੀ ਪਵਿੱਤਰ ਪ੍ਰਾਰਥਨਾ ਦੀ ਆਸ ਕੀਤੀ ਜਾ ਸਕਦੀ?
ਪ੍ਰਾਰਥਨਾ, ਵਰਤਾਰਾ ਜਾਂ ਕਿਰਿਆ ਨਹੀਂ। ਕੋਈ ਰੋਜ਼ਨਾਮਚਾ ਨਹੀਂ ਅਤੇ ਨਾ ਹੀ ਕਿਸੇ ਖਾਸ ਥਾਂ ‘ਤੇ ਵਿਸ਼ੇਸ਼ ਵਿਅਕਤੀ ਵਲੋਂ ਖਾਸ ਕਾਰਜ ਲਈ ਕੀਤੀ ਜਾਣ ਵਾਲੀ ਦੁਆ। ਪ੍ਰਾਰਥਨਾ ਤਾਂ ਹਰ ਸਾਹ ਵਿਚੋਂ ਪੈਦਾ ਹੋਈ ਉਹ ਸੰਵੇਦਨਾ, ਜਿਸ ਨੇ ਸੋਚ ਨੂੰ ਨਵੇਂ ਸ਼ਬਦ, ਅਰਥ ਅਤੇ ਨਵੇਂ ਸਿਰਿਉਂ ਪਰਿਭਾਸ਼ਤ ਕਰਨਾ ਹੁੰਦਾ। ਲੋੜ ਹੈ, ਪ੍ਰਾਰਥਨਾ ਨੂੰ ਸੀਮਤ ਤੇ ਸਥਾਪਤ ਦਾਇਰਿਆਂ ਵਿਚੋਂ ਬਾਹਰ ਕੱਢ, ਇਸ ਦੀ ਵਸੀਹਤਾ ਅਨੁਸਾਰ ਇਸ ਨੂੰ ਜੀਵਨ-ਸ਼ੈਲੀ ਬਣਾਈਏ।
ਪ੍ਰਾਰਥਨਾ ਸਿਰਫ ਕਰਨ ਲਈ ਹੀ ਨਹੀਂ। ਇਸ ਨੂੰ ਤਾਂ ਪਲ ਪਲ ਜਿਊਣਾ ਅਤੇ ਇਸ ਅਨੁਸਾਰ ਸੁਪਨਿਆਂ ਨੂੰ ਸਿਰਜਣਾ ਅਤੇ ਇਨ੍ਹਾਂ ਦੀ ਪੂਰਨਤਾ ਲਈ ਨਵੀਆਂ ਤਰਕੀਬਾਂ ਨੂੰ ਤਸ਼ਬੀਹਾਂ ਦੇਣਾ ਪੈਂਦਾ।
ਪ੍ਰਾਰਥਨਾ ਤਾਂ ਹਰ ਸਾਹ ਲਈ ਸ਼ੁਕਰਗੁਜ਼ਾਰੀ, ਮੂੰਹ ਵਿਚ ਪੈ ਰਹੀ ਹਰੇਕ ਬੁਰਕੀ, ਤਨ ‘ਤੇ ਪਹਿਨੇ ਲਿਬਾਸ, ਸਿਰ `ਤੇ ਲਿਆ ਦੁਪੱਟਾ ਜਾਂ ਬੰਨਿਆਂ ਪਰਨਾ, ਪੈਰਾਂ ‘ਚ ਪਾਏ ਸਲੀਪਰ, ਸਿਰ ਲਈ ਮਿਲੀ ਹੋਈ ਛੱਤ। ਅਰਥੀ `ਤੇ ਪਏ ਹੋਏ ਕਫਨ ਲਈ ਵੀ ਪ੍ਰਾਰਥਨਾ ਅਹਿਮ। ਕਦੇ ਭੁੱਖੇ ਪੇਟ ਸੌਣ ਵਾਲੇ, ਤਾਰਿਆਂ ਹੇਠ ਕੱਟ ਰਹੇ ਰਾਤਾਂ, ਨੰਗੇ ਪੈਰਾਂ ਵਿਚ ਉਗੀਆਂ ਬਿਆਈਆਂ ਅਤੇ ਸੜਕ `ਤੇ ਰੁਲਦੀਆਂ ਲਾਸ਼ਾਂ ਨੂੰ ਦੇਖਣ `ਤੇ ਪਤਾ ਲੱਗੇਗਾ ਕਿ ਬੰਦੇ ਨੂੰ ਮਿਲੀਆਂ ਸਹੂਲਤਾਂ ਜਾਂ ਪੂਰੀਆਂ ਹੋ ਰਹੀਆਂ ਲੋੜਾਂ ਦੇ ਕੀ ਅਰਥ ਨੇ? ਕਿਹੜੀਆਂ ਅਰਦਾਸਾਂ ਕਾਰਨ ਮਨੁੱਖ ਨੂੰ ਇਹ ਹਾਸਲ ਹੋਈਆਂ?
ਪ੍ਰਾਰਥਨਾ ਤਾਂ ਮਿੱਤਰਤਾ ਵਿਚੋਂ ਵੀ ਆਪਣਾ ਸੁੰਦਰ ਮੁਹਾਂਦਰਾ ਸਿਰਜਦੀ, ਕਿਉਂਕਿ ਮੁਹੱਬਤ ਵਿਚੋਂ ਹੀ ਸੱਚੇ ਸੁੱਚੇ ਖਾਬਾਂ ਨੂੰ ਅੰਗੜਾਈਆਂ ਭਰਨ, ਉਮਰ ਜੇਡੀਆਂ ਸਾਂਝਾਂ ਦੀਆਂ ਨੀਂਹਾਂ ਬਣਨ ਦਾ ਸਬੱਬ ਮਿਲਦਾ। ਮਿੱਤਰਾਂ ਦੇ ਮਾਣਮੱਤੇ ਗੂੜ੍ਹੇ ਸਬੰਧਾਂ ਵਿਚੋਂ ਹੀ ਜੀਵਨ ਨੂੰ ਨਵੀਆਂ ਪੇਸ਼ਕਦਮੀਆਂ, ਨਰੋਏ ਹਿਲੋਰੇ ਅਤੇ ਹਲੂਸ ਮਿਲਦਾ। ਰੂਹ ਦਾ ਰੂਹ ਨਾਲ ਮਿਲਣਾ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਸਮਝਣਾ। ਪਿਆਰੇ ‘ਚ ਉਤਰਨ ਦਾ ਅਭਿਆਸ, ਇਕ ਦੂਸਰੇ ਦੀ ਮਿਟੀ ਹੋਈ ਪਿਆਸ, ਰੱਬ ਵਰਗਾ ਵਿਸ਼ਵਾਸ ਅਤੇ ਤਿੜਕਦੇ ਪਲਾਂ ਵਿਚ ਯੁੱਗ ਜਿਊਣ ਦਾ ਧਰਵਾਸ ਮਿਲਦਾ। ਮਿੱਤਰਤਾ ਭਰੀ ਪ੍ਰਾਰਥਨਾ ਤੋਂ ਬਗੈਰ ਸੁੰਨਾ ਹੋ ਜਾਵੇਗਾ ਇਹ ਜਹਾਨ ਅਤੇ ਮਨੁੱਖ ਲਈ ਆਖਰੀ ਜਗਾ ਸਿਰਫ ਰਹਿ ਜਾਵੇਗਾ ਸ਼ਮਸ਼ਾਨ।
ਪ੍ਰਾਰਥਨਾ ਤਾਂ ਰਿਸ਼ਤਿਆਂ ਵਿਚ ਵੀ ਰੰਗ ਭਰਦੀ, ਜਦ ਰਿਸ਼ਤੇਦਾਰੀ ਵਿਚੋਂ ਪੁਰਖਲੂਸੀ ਅਤੇ ਅਪਣੱਤ ਦਾ ਆਪ-ਮੁਹਾਰਾ ਵਹਾਅ, ਜਿ਼ੰਦਗੀ ਲਈ ਬਣਦਾ ਸਦਾਅ। ਸਾਹਾਂ ਵਿਚਲੀ ਸੰਦਲੀ ਭਾਅ ਅਤੇ ਜੀਵਨ ਦਾ ਵਗਦਾ ਦਰਿਆ ਬਣਦਾ। ਇਸ ਨਾਲ ਰਿਸ਼ਤਈ ਤੰਦਾਂ ਦੀ ਪਕਿਆਈ ਅਤੇ ਸਦੀਵਤਾ ਵਿਚੋਂ ਜੀਵਨ ਨੂੰੰ ਆਪਣੀ ਉਮਰ `ਤੇ ਮਾਣ ਹੁੰਦਾ। ਮਨੁੱਖ ਨੂੰ ਉਤਮ ਸਮਾਜਿਕ ਪ੍ਰਾਣੀ ਹੋਣ ਦਾ ਅਨੁਭਵ ਵੀ ਹੁੰਦਾ, ਪਰ ਅਫਸੋਸ ਕਿ ਅਜੋਕੇ ਰਿਸ਼ਤਿਆਂ ਵਿਚ ਪਨਪੀ ਬੇਵਿਸ਼ਵਾਸੀ, ਬੇਈਮਾਨੀ, ਬੇਭਰੋਸਗੀ, ਬੇਗਾਨਗੀ ਨੇ ਪ੍ਰਾਰਥਨਾ ਨੂੰ ਵੀ ਪਲੀਤ ਕਰ ਦਿਤਾ ਏ।
ਅਲਹਾਮੀ ਚੁੱਪ ਵੀ ਪ੍ਰਾਰਥਨਾ, ਜੋ ਸ਼ੁਭ ਸੋਚਾਂ ਵਿਚ ਗਲਤਾਨ। ਬਹੁਤ ਛੋਟੀ ਪੈ ਜਾਂਦੀ ਏ ਜੁ਼ਬਾਨ। ਚੁੱਪ ਉਹ ਕੁਝ ਕਹਿ ਜਾਂਦੀ, ਜਿਸ ਨੂੰ ਉਲਥਾਉਣਾ ਅਸੰਭਵ। ੀੲਸ ਦੀ ਅਸੀਮਤਾ ਨੂੰ ਕਿਆਸਣਾ ਔਖਾ। ਇਸ ਚੁੱਪ ਵਿਚ ਭਿੱਜੇ ਹੋਏ ਆਲਮ, ਆਤਮਿਕ ਰਸ ਨਾਲ ਭਰੀਆਂ ਸੁਰਾਂ ਅਤੇ ਖਾਮੋਸ਼ ਹੋਈ ਜੀਵਨੀ ਭੱਜ-ਦੌੜ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ, ਤੁਹਾਨੂੰ ਜੀਵਨ ਦਾ ਸੁੱਚਮ ਤੇ ਉਚਮ ਦੀ ਹਾਸਲਤਾ ਦਾ ਗਿਆਨ ਹੋ ਜਾਵੇਗਾ। ਚੁੱਪ ਦਰਅਸਲ ਪ੍ਰਾਰਥਨਾ ਦਾ ਸਭ ਤੋਂ ਉਚਤਮ ਰੂਪ ਬਸ਼ਰਤੇ ਇਸ ਚੁੱਪ ਵਿਚ ਕੋਈ ਖਲਲ ਨਾ ਪਵੇ।
ਪ੍ਰਾਰਥਨਾ ਸਿਰਫ ਉਹ ਨਹੀਂ ਹੁੰਦੀ, ਜਦ ਤੁਸੀਂ ਕਿਸੇ ਧਾਰਮਿਕ ਅਸਾਥਾਨ `ਤੇ ਹੱਥ ਜੋੜ, ਅੱਖਾਂ ਮੀਟ, ਸਿਰ ਝੁਕਾਉਂਦੇ ਅਤੇ ਆਪਣੇ ਜਾਂ ਆਪਣੇ ਪਰਿਵਾਰ ਲਈ ਰੱਬ ਕੋਲੋਂ ਕੁਝ ਮੰਗਦੇ। ਇਹ ਤਾਂ ਨਿਰਾ ਲਾਲਚ ਜਾਂ ਸੌਦੇਬਾਜ਼ੀ। ਮੱਥਾ ਟੇਕ ਕੇ ਇਵਜ਼ ਵਿਚ ਬਹੁਤ ਕੁਝ ਮੰਗ ਲੈਣਾ ਜਾਂ ਕਿਸੇ ਮੰਨਤ ਦੇ ਪੂਰਾ ਹੋਣ `ਤੇ ਚੜ੍ਹਾਵਾ ਚੜ੍ਹਾਉਣ ਦਾ ਵਾਅਦਾ। ਸੌਦੇਬਾਜ਼ੀ ਵਿਚੋਂ ਸਿਰਫ ਵਪਾਰ। ਵਪਾਰਕ ਮਾਨਸਿਕਤਾ ਵਾਲੇ ਲੋਕਾਂ ਦਾ ਹੀ ਕਸਬ। ਅਸਲ ਵਿਚ ਅੱਜ ਕੱਲ੍ਹ ਧਾਰਮਿਕ ਦੁਆਰੇ ਸਿਰਫ ਵਪਾਰ ਦਾ ਕੇਂਦਰ। ਦਿਲੋਂ ਪ੍ਰਾਰਥਨਾ ਕਰਨ ਵਾਲਿਆਂ ਲਈ ਧਾਰਮਿਕ ਦੁਆਰਿਆਂ ਦੇ ਕੋਈ ਲੋੜ ਨਹੀਂ ਅਤੇ ਨਾ ਹੀ ਇਨ੍ਹਾਂ ਦੀ ਮੁਥਾਜੀ ਵਿਚੋਂ ਆਪਣੀ ਪ੍ਰਾਰਥਨਾ ਨੂੰ ਜ਼ਲੀਲ ਕਰਨਾ ਚਾਹੀਦਾ। ਲੋਭੀ ਪ੍ਰਾਰਥਨਾ ਹੋਛੀ, ਹੀਣੀ ਅਤੇ ਹਲਕੀ, ਜੋ ਕਦੇ ਵੀ ਕਬੂਲ ਨਹੀਂ ਹੁੰਦੀ। ਦੁਆ ਕਰਨੀ ਏ ਤਾਂ ਕਿਸੇ ਉਜਾੜ ਵਿਚਲੀ ਫੱਕਰ ਦੀ ਮਜਾਰ `ਤੇ ਬਹਿ ਕੇ ਖੁਦ ਨੂੰ ਸੋਧੋ ਅਤੇ ਫਿਰ ਸੱਚੇ ਦਿਲ ਨਾਲ ਸੁੱਚੀਆਂ ਕਾਮਨਾਵਾਂ ਲਈ ਅਰਦਾਸ ਕਰੋ, ਸਦਾ ਪੂਰੀ ਹੋਵੇਗੀ।
ਪ੍ਰਾਰਥਨਾ ਦਾ ਇਹ ਵੀ ਸੁੰਦਰ ਰੂਪ, ਜਦ ਸਾਡੀ ਸੋਚ ਸਕਾਰਾਤਮਿਕ ਹੁੰਦੀ। ਹਰੇਕ ਲਈ ਸ਼ੁਭ ਭਾਵਨਾਵਾਂ ਦਾ ਦਾਨ-ਪ੍ਰਦਾਨ। ਸੁੱਚੀ ਚੇਤਨਾ ਵਿਚੋਂ ਉਗੀ ਹੋਈ ਸੂਖਮ-ਧਾਰਾ ਨੂੰ ਜੀਵਨ ਵਹਾਅ ਦਾ ਹਿੱਸਾ ਬਣਦਾ ਦੇਖ ਕੇ ਗਦ ਗਦ ਹੋਣਾ ਹੀ ਪ੍ਰਾਰਥਨਾ ਦਾ ਪ੍ਰਤੱਖ ਪ੍ਰਮਾਣ। ਕਿਸੇ ਦੀ ਸਿਹਤਯਾਬੀ, ਸਫਲਤਾ, ਸੁਘੜਤਾ, ਸਦੀਵਤਾ, ਸੁਪਨ-ਪ੍ਰਾਪਤੀ ਲਈ ਦੁਆ ਕਰੋਗੇ ਤਾਂ ਇਸ ਦਾ ਪ੍ਰਵਰਤਿਤ ਅਸਰ ਤੁਹਾਡੇ `ਤੇ ਜਰੂਰ ਹੋਵੇਗਾ।
ਜਦ ਅਸੀਂ ਮਿੱਤਰ ਪਿਆਰੇ ਨੂੰ ਗਲਵੱਕੜੀ ਪਾਉਂਦੇ, ਨਿੱਕੇ ਜਿਹੇ ਬੱਚੇ ਨੂੰ ਪਿਆਰ ਕਰਦੇ, ਸੱਜਣ ਨੂੰ ਗਲੇ ਮਿਲਦੇ, ਮਾਪਿਆਂ ਦੇ ਪੈਰੀਂ ਹੱਥ ਲਾਉਂਦੇ ਜਾਂ ਬਜੁਰਗਾਂ ਦੀ ਸੁਹਬਤੀ ਸੰਗਤ ਮਾਣਨ ਲਈ ਕੋਲ ਢੁੱਕ ਕੇ ਬਹਿੰਦੇ ਤਾਂ ਇਹ ਪ੍ਰਾਰਥਨਾ ਦਾ ਹੀ ਸਾਧਨਾ ਭਰਿਆ ਰੂਪ। ਖੁਸ਼ੀਆਂ ਤੇ ਖੇੜਿਆਂ ਨੂੰ ਸਾਂਝਾ ਕਰਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਵਿਚੋਂ ਜੀਵਨ-ਬਨੇਰਿਆਂ ‘ਤੇ ਸੂਰਜਾਂ ਨੂੰ ਪ੍ਰਕਾਸ਼ਮਾਨ ਕਰਨ ਜਿਹਾ ਅਨੁਭਵ।
ਜਦ ਕੋਈ ਸਵਾਣੀ ਆਪਣੇ ਬੱਚਿਆਂ ਤੇ ਪਰਿਵਾਰ ਲਈ ਮਨਪਸੰਦ ਖਾਣਾ ਬਣਾਉਂਦੀ ਤੇ ਪਰੋਸਦੀ, ਉਨ੍ਹਾਂ ਦੇ ਖਿੜੇ ਚਿਹਰਿਆਂ ਨੂੰ ਨਿਹਾਰਨਾ ਅਤੇ ਉਨ੍ਹਾਂ ਦੇ ਰੱਜ ਵਿਚੋਂ ਰੱਜਤਾ ਤੇ ਭਰਪੂਰਤਾ ਦਾ ਅਹਿਸਾਸ, ਸਵਾਣੀ ਦੇ ਮਨ ਦੀ ਪ੍ਰਾਰਥਨਾ ਦੀ ਪੂਰਨਤਾ। ਅਜਿਹੀ ਅਰਦਾਸ ਦੇ ਬਹੁਤ ਵੱਡੇ ਅਰਥ। ਇਸ ਵਿਚੋਂ ਤੰਦਰੁਸਤੀ, ਮਿਲਵਰਤਨ ਅਤੇ ਆਪਸੀ ਪਿਆਰ ਦਾ ਨਿਉਂਦਾ, ਘਰ ਦੀ ਝੋਲੀ ਪੈਂਦਾ।
ਜਦ ਅਸੀਂ ਘਰ ਤੋਂ ਬਾਹਰ ਜਾਂਦੇ ਤਾਂ ਦਿਲਦਾਰ ਕਹਿੰਦਾ ਕਿ ਯਾਤਰਾ ਸਫਲ ਹੋਵੇ, ਸੁਖਾਵੀਂ ਹੋਵੇ, ਸੰਪੂਰਨ ਹੋਵੇ ਅਤੇ ਸੁੱਖੀ ਸਾਂਦੀ ਜਲਦੀ ਜਲਦੀ ਘਰ ਪਰਤ ਆਵੋ। ਮਾਂ ਕਹੇ ਕਿ ਪੁੱਤ, ਰੱਬ ਤੈਨੂੰ ਰਾਹ ਦੀਆਂ ਰੁਕਾਵਟਾਂ ਤੋਂ ਬਚਾਵੇ, ਤੇਰੇ ਕਦਮਾਂ ਵਿਚ ਸਫਰ ਉਗਾਵੇ। ਮਾਂ ਜਿੱ਼ਦ ਕਰੇ ਕਿ ਦੁੱਧ ਪੀਣ ਤੋਂ ਬਾਅਦ ਮੂੰਹ ਨੂੰ ਲੂਣ ਲਾ ਕੇ ਘਰ ਤੋਂ ਬਾਹਰ ਜਾ ਜਾਂ ਬੱਚਾ ਕਹੇ ਕਿ ਪਾਪਾ ਜਲਦੀ ਘਰ ਆ ਜਾਣਾ ਤਾਂ ਇਹ ਪ੍ਰਾਰਥਨਾ ਦਿਲ ਵਿਚ ਨਿਕਲੀ ਉਹ ਦੁਆ ਹੁੰਦੀ ਹੈ, ਜਿਹੜੇ ਸਿਰਫ ਆਪਣੇ ਹੀ ਆਪਣਿਆਂ ਲਈ ਰੂਹ ਤੋਂ ਕਰਦੇ।
ਪ੍ਰਾਰਥਨਾ ਕਦੇ ਵੀ ਦਿਮਾਗ ਤੋਂ ਨਹੀਂ ਕੀਤੀ ਜਾਂਦੀ। ਇਹ ਤਾਂ ਦਿਲ ਦਾ ਮਾਮਲਾ। ਰੂਹ ਦੀ ਰਵਾਨਗੀ, ਰੂਹਾਨੀਅਤ ਦਾ ਆਲਮ ਅਤੇ ਆਪ-ਮੁਹਾਰਾ ਆਵੇਸ਼, ਜਿਸ ਵਿਚ ਬੰਦਾ ਖੁਦ-ਬ-ਖੁਦ ਬਣ ਜਾਂਦਾ ਦਰਵੇਸ਼ ਅਤੇ ਉਸ ਦੇ ਬੋਲਾਂ ਵਿਚ ਖੁਦਾਈ ਹੁੰਦੀ ਅਭੇਦ।
ਦੁਆ ਕਰੋ ਕਿ ਐ ਜਿ਼ੰਦਗੀ! ਮੁਸ਼ਕਿਲਾਂ ਦਾ ਕੋਈ ਹੱਲ ਦੇ, ਭੱਜ-ਦੌੜ ਨਾਲ ਥੱਕਿਆਂ ਨੂੰ ਫੁਰਸਤ ਦੇ ਕੁਝ ਪਲ ਦੇ ਅਤੇ ਅਤੇ ਹਰੇਕ ਨੂੰ, ਅੱਜ ਨਾਲੋਂ ਬਿਹਤਰ ਆਉਣ ਵਾਲਾ ਕੱਲ੍ਹ ਦੇ।
ਪ੍ਰਾਰਥਨਾ ਸਿਰਫ ਨੇਕਨੀਅਤੀ, ਇਨਸਾਨੀਅਤ, ਆਸਥਾ, ਨਿਰਮਾਣਤਾ, ਨਿਆਰੇਪਣ ਅਤੇ ਨਿਰਪੱਖਤਾ ਨਾਲ ਕੀਤੀ ਜਾਵੇ ਤਾਂ ਇਸ ਦੀਆਂ ਰਹਿਮਤਾਂ ਤੇ ਨਿਆਮਤਾਂ ਵਿਚੋਂ ਜੀਵਨ-ਮੋਤੀ ਨਸੀਬ ਹੁੰਦੇ।
ਪ੍ਰਾਰਥਨਾ ਧਨ ਨਾਲ ਖਰੀਦੀ ਨਹੀਂ ਜਾ ਸਕਦੀ। ਰੁਤਬਿਆਂ ਤੋਂ ਉਚੀ। ਸ਼ਾਨੋ-ਸ਼ੌਕਤ ਤੋਂ ਅਲੱਗ। ਮਾਣ-ਮਰਿਆਦਾਵਾਂ ਤੋਂ ਵੱਖਰੀ। ਪ੍ਰਾਰਥਨਾ ਸਿਰਫ ਪ੍ਰਾਥਨਾ। ਇਹ ਕੋਈ ਅਡੰਬਰ ਨਹੀਂ।
ਪ੍ਰਾਰਥਨਾ ਸਮੇਂ ਵਿਚ ਨਹੀਂ ਬੱਝੀ ਅਤੇ ਨਾ ਹੀ ਸਮਾਂ-ਸਾਰਣੀ ਦੀ ਗੁਲਾਮ। ਇਕ ਨੌਜਵਾਨ ਨੇ ਕਿਸੇ ਬਜੁਰਗ ਨੂੰ ਪੁੱਛਿਆ ਕਿ ਪ੍ਰਾਰਥਨਾ ਕਦੋਂ ਕਰਨੀ ਚਾਹੀਦੀ ਹੈ? ਬਜੁਰਗ ਨੇ ਕਿਹਾ ਕਿ ਮਰਨ ਤੋਂ ਇਕ ਦਿਨ ਪਹਿਲਾਂ। ਨੌਜਵਾਨ ਹੈਰਾਨ ਹੋ ਕੇ ਕਹਿਣ ਲੱਗਾ ਕਿ ਮੈਨੂੰ ਕੀ ਪਤਾ ਕਿ ਮੈਂ ਕਦੋਂ ਮਰਨਾ ਹੈ? ਤਾਂ ਬਜੁਰਗ ਕਹਿਣ ਲੱਗਾ ਕਿ ਜਦ ਤੈਨੂੰ ਪਤਾ ਹੀ ਨਹੀਂ ਕਿ ਕਦੋਂ ਮਰਨਾ ਹੈ ਤਾਂ ਹਰ ਰੋਜ਼ ਹੀ ਪ੍ਰਾਰਥਨਾ ਕਰੋ।
ਜਦ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ, ਕਿਸੇ ਲਈ ਟੁੱਕ ਦਾ ਆਹਰ ਬਣਦੇ। ਕਿਸੇ ਨੰਗੇ ਤਨ ਨੂੰ ਕੱਜਣ ਦਾ ਬੰਦੋਬਸਤ ਕਰਦੇ, ਕਿਸੇ ਲਈ ਬਸਤਾ, ਕਾਪੀ, ਕਿਤਾਬ ਅਤੇ ਕਲਮ ਦਾ ਇੰਤਜਾਮ ਕਰਦੇ, ਅੱਖਰ ਗਿਆਨ ਵੰਡਦੇ ਜਾਂ ਕਿਸੇ ਬਜੁਰਗ ਦਾ ਹੱਥ ਫੜ ਕੇ ਸੜਕ ਪਾਰ ਕਰਵਾਉਂਦੇ ਤਾਂ ਪ੍ਰਾਰਥਨਾ ਹੀ ਕਰਦੇ। ਇਸ ਪ੍ਰਾਰਥਨਾ ਦਾ ਫਲ, ਸਭ ਤੋਂ ਅਣਮੋਲ।
ਇਹ ਵੀ ਪ੍ਰਾਰਥਨਾ ਹੀ ਹੁੰਦੀ, ਜਦ ਅਸੀਂ ਆਪਣੇ ਬਜੁਰਗ ਮਾਪਿਆਂ ਦੀ ਮੰਜੀ `ਤੇ ਬਹਿੰਦੇ, ਗੱਲਾਂ ਕਰਦੇ, ਹੁੰਗਾਰਾ ਭਰਦੇ, ਲੋੜਾਂ ਦੀ ਪੂਰਤੀ ਕਰਦੇ ਤੇ ਝੁਰੜੀਆਂ ਵਾਲੇ ਹੱਥਾਂ ਨੂੰ ਸਹਿਲਾਉਂਦੇ ਹਾਂ। ਉਨ੍ਹਾਂ ਦੇ ਜੀਵਨ ਦੇ ਬੇਸ਼ਕੀਮਤੀ ਪਲਾਂ ਦਾ ਬਿਰਤਾਂਤ ਸੁਣਦੇ, ਨਸੀਹਤਾਂ ਨੂੰ ਸੁਣਦੇ। ਘਰ ਤੋਂ ਬਾਹਰ ਜਾਣ ਜਾਂ ਆਉਣ ਵੇਲੇ ਸਲਾਮ-ਦੁਆ ਕਰਦੇ। ਇਹ ਖੂਬਸੂਰਤ ਪ੍ਰਾਰਥਨਾ ਹੁੰਦੀ ਬਜੁਰਗਾਂ ਲਈ, ਜਿਨ੍ਹਾਂ ਨੇ ਸਾਰੀ ਉਮਰ ਸਾਡੇ ਲਈ ਹੀ ਦੁਆਵਾਂ ਕੀਤੀਆਂ ਹੁੰਦੀਆਂ। ਉਨ੍ਹਾਂ ਦੇ ਬੁੱਢੇ ਹੱਥ ਤਾਂ ਹੁਣ ਵੀ ਔਲਾਦ ਦੀਆਂ ਸੁੱਖਣਾਂ ਸੁੱਖਦਿਆਂ ਹੀ ਜੁੜਦੇ।
ਜਦ ਅਸੀਂ ਕਿਸੇ ਨੂੰ ਗੁਸਤਾਖੀਆਂ ਲਈ ਮੁਆਫ ਕਰਦੇ; ਕਿਸੇ ਦੀਆਂ ਗਲਤੀਆਂ ਭੁੱਲ ਜਾਂਦੇ। ਅਵੱਗਿਆਵਾਂ ਨੂੰ ਦਰਕਿਨਾਰ ਕਰਦੇ; ਬੇਈਮਾਨੀਆਂ, ਬੇਰੁਖੀਆਂ, ਬੇਹੂਦਗੀਆਂ ਨੂੰ ਦਿਲ ਵਿਚੋਂ ਕੱਢ ਮੁਆਫ ਕਰਦੇ ਤਾਂ ਅਸੀਂ ਅਜਿਹੀ ਪ੍ਰਾਰਥਨਾ ਦਾ ਹਿੱਸਾ ਬਣਦੇ, ਜਿਸ ਵਿਚੋਂ ਸਦਾ ਹੀ ਸੁੱਖਾਂ ਦੀ ਦਸਤਕ ਹੁੰਦੀ। ਮਨ ਨੂੰ ਸ਼ਾਂਤੀ ਮਿਲਦੀ। ਪ੍ਰੇਮ-ਭਾਵ ਵਧਦਾ। ਤਲਖੀਆਂ ਘਟਦੀਆਂ। ਕੁਦਰਤੀ ਪ੍ਰਵਾਹ ਜੀਵਨ ਸਾਹਾਂ ਦੀ ਸੰਗੀਤਕਤਾ ਨੂੰ ਮਾਣਦੇ। ਕਿਸੇ ਦੇ ਗੁਨਾਹਾਂ ਦੀ ਗਠੜੀ ਦਾ ਭਾਰ ਨਾ ਚੁੱਕੀ ਫਿਰੋ, ਤੁਸੀਂ ਕੁੱਬੇ ਹੋ ਜਾਵੋਗੇ। ਭਾਰ-ਮੁਕਤ ਹੋ ਕੇ ਜਿਊਣ ਦਾ ਤਾਂ ਵੱਖਰਾ ਤੇ ਵਿਕੋਲਿਤਰਾ ਹੀ ਅਨੁਭਵ। ਬੇਲਾਗਤਾ ਵਿਚੋਂ ਹੀ ਫੱਕਰਤਾ ਤੇ ਫਕੀਰੀ ਜਨਮ ਲੈਂਦੀ। ਫਿਕਰ ਨਾ ਪੱਲੇ ਬੰਨਦੇ, ਫੱਕਰਾਂ ਜਿਹੇ ਲੋਕ। ਸਾਹ-ਸੁੱਖਨਤਾ ਮਾਣਦੇ, ਬਿਨਾ ਰੋਕ ਤੇ ਟੋਕ।
ਸਦਾ ਹੀ ਸਦਭਾਵੀ, ਸੱਚੀ-ਸੁੱਚੀ, ਸਨੇਹਪੂਰਵਕ ਅਤੇ ਸਾਰਥਿਕ ਪ੍ਰਾਰਥਨਾ ਕਰਦੇ ਰਹੇ, ਕਿਉਂਕਿ ਇਸ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ। ਸਗੋਂ ਤੁਸੀਂ ਵੀ ਫਾਇਦੇ ‘ਚ ਤੇ ਇਨਸਾਨੀਅਤ ਆਪਣੀ ਰੰਗਤ ਨੂੰ ਹੋਰ ਨਿਖਾਰੇਗੀ।
ਪ੍ਰਾਰਥਨਾ ਕਰਦਿਆਂ ਕਦੇ ਕਿਸੇ ਨੂੰ ਦੇਖਣਾ ਹੋਵੇ ਤਾਂ ਮਾਂਵਾਂ ਨੂੰ ਦੇਖਣਾ। ਕਿਵੇਂ ਲਾਡਲਿਆਂ ਦੀਆਂ ਬਲਾਵਾਂ ਉਤਾਰਦੀਆਂ? ਕਿਵੇਂ ਉਨ੍ਹਾਂ ਦੇ ਸਦਕੇ ਜਾਂਦੀਆਂ, ਬਲਿਹਾਰੇ ਜਾਂਦੀਆਂ? ਮੱਥੇ ਰਗੜ ਕੇ ਉਹ ਤਾਂ ਰੱਬ ਕੋਲੋਂ ਵੀ ਮੰਨਤਾਂ ਮੰਨਵਾ ਲੈਂਦੀਆਂ, ਕਿਉਂਕਿ ਦੁਆ ਕਰਦੀਆਂ ਮਾਂਵਾਂ ਤਾਂ ਰੱਬ ਤੋਂ ਵੀ ਵੱਡੀਆਂ ਹੁੰਦੀਆਂ। ਮਾਂਵਾਂ ਦੀਆਂ ਪ੍ਰਾਰਥਨਾਵਾਂ ਵਿਚੋਂ ਕਦੇ ਵੀ ਮਨਫੀ ਨਾ ਹੋਣਾ। ਮਾਂਵਾਂ ਤਾਂ ਰੁੱਸ ਕੇ ਗਏ ਬੱਚਿਆਂ ਦੀ ਰਾਜ਼ੀ ਖੁਸ਼ੀ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਹਰਦਮ ਦੁਆਵਾਂ ਕਰਦੀਆਂ। ਕੌਣ ਦੇਣਾ ਦੇ ਸਕਦਾ ਏ ਮਾਂਵਾਂ ਦਾ, ਧੁੱਪਾਂ ਵਿਚ ਠੰਢੀਆਂ ਛਾਂਵਾਂ ਦਾ, ਜਿ਼ੰਦਗੀ ਦੀਆਂ ਸੁੰਦਰ ਰਾਹਾਂ ਦਾ ਅਤੇ ਸਿਰ `ਤੇ ਅੰਬਰ ਵਰਗੀਆਂ ਦੁਆਵਾਂ ਦਾ? ਮਾਂ ਦੀ ਪ੍ਰਾਰਥਨਾ, ਹਰ ਪ੍ਰਾਪਤੀ ਦਾ ਮੁੱਢ। ਉਚੇ ਦਿਸਹੱਦਿਆਂ ਵਿਚ ਉਕਰਿਆ ਨਾਮਕਰਨ ਵੀ ਮਾਂ ਦਾ ਹੀ ਹੁੰਦਾ।