ਦੁਸ਼ਟ ਸਭਾ ਮਹਿ ਮੰਤਰ ਪਕਾਇਆ

ਨਿਰਮਲ ਸਿੰਘ ਧਾਰਨੀ
ਫੋਨ: 905-497-1173
ਆਦਿ ਕਾਲ ਦਾ ਮਨੁੱਖ ਇਕੱਲਾ ਰਹਿੰਦਾ ਸੀ, ਜੰਗਲੀ ਜੀਵਨ ਬਿਤਾਉਂਦਾ ਸੀ। ਜੋ ਮਿਲਿਆ, ਉਸ ਨਾਲ ਢਿੱਡ ਭਰ ਲਿਆ। ਗਰਮੀ ਸਰਦੀ ਸਦਾ ਨੰਗਾ ਰਹਿੰਦਾ ਸੀ। ਇਸ਼ਾਰਿਆਂ ਨਾਲ ਗੱਲਾਂ ਸਮਝ ਸਮਝਾ ਲੈਂਦਾ ਸੀ। ਹੌਲੀ ਹੌਲੀ ਆਵਾਜ਼ਾਂ ਕੱਢਣ ਲੱਗ ਪਿਆ, ਬੋਲੀ ਹੋਂਦ ਵਿਚ ਆ ਗਈ। ਮਿਲ ਕੇ ਰਹਿਣ ਦੀ ਸਮਝ ਆ ਗਈ। ਖਾਣ-ਪੀਣ ਅਤੇ ਪਹਿਰਨ-ਪਚਰਨ ਵਿਚ ਸੁਧਾਰ ਆਉਣ ਲੱਗ ਪਿਆ। ਰਹਿਣ ਲਈ ਮਾੜੇ ਮੋਟੇ ਕੁੱਲੀਆਂ ਢਾਰੇ ਬਣਨ ਲੱਗ ਪਏ।

ਇੱਕ ਦੂਸਰੇ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਹੋਣ ਨਾਲ ਖੋਹ ਕੇ ਖਾਣ ਦੀ ਪ੍ਰਵਿਰਤੀ ਵੀ ਘਟ ਗਈ। ਸਮਾਜਿਕ ਜੀਵਨ ਸ਼ੁਰੂ ਹੋ ਗਿਆ।
ਸਮਾਜਿਕ ਜੀਵਨ ਸ਼ੁਰੂ ਹੋਣ ਨਾਲ ਸਮਾਜਿਕ ਪ੍ਰਬੰਧ ਬਣਾਉਣ ਦੀ ਲੋੜ ਪਈ। ਕੁਝ ਸਮਝਦਾਰ ਲੋਕਾਂ ਨੂੰ ਇਹ ਜਿ਼ੰਮੇਵਾਰੀ ਮਿਲ ਗਈ, ਪ੍ਰਬੰਧਕੀ ਸੰਸਥਾਵਾਂ ਹੋਂਦ ਵਿਚ ਆ ਗਈਆਂ। ਇਹ ਸੰਸਥਾਵਾਂ ਬਿਨਾ ਕਿਸੇ ਵਿਤਕਰੇ, ਬਿਨਾ ਲੱਗ ਲਪੇਟ ਆਪਣੇ ਫੈਸਲੇ ਦੇਣ ਲੱਗੀਆਂ। ਕਬਜੇ ਦੀ ਭਾਵਨਾ ਨੇ ਰਾਜ ਹੋਂਦ ਵਿਚ ਲੈ ਆਂਦੇ। ਰਾਜ ਦਾ ਮੁਖੀਆ ਜਿੱਥੇ ਰਾਜਾ ਹੁੰਦਾ ਸੀ, ਉਸ ਦੀ ਮਦਦ ਲਈ ਬਣੀਆਂ ਜਥੇਬੰਦੀਆਂ ਨੂੰ ਸਭਾਵਾਂ ਕਿਹਾ ਜਾਣ ਲੱਗ ਪਿਆ। ਇਹ ਸਭਾਵਾਂ ਪਿੰਡਾਂ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਕੇਂਦਰ ਤੱਕ ਹੋਂਦ ਵਿਚ ਆ ਗਈਆਂ ਅਤੇ ਰਾਜਿਆਂ ਦੇ ਰੋਜ਼ਾਨਾ ਕੰਮਾਂ-ਕਾਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਹਾਂ ਦੇਣ ਲੱਗ ਪਈਆਂ। ਰਾਜਿਆਂ ਅਤੇ ਸਭਾਵਾਂ ਦਾ ਮੁੱਖ ਕੰਮ ਲੋਕ-ਹਿਤਾਂ ਦੀ ਰਾਖੀ ਕਰਨਾ ਅਤੇ ਸਮਾਜ ਭਲਾਈ ਦੇ ਕੰਮ ਕਰਨ ਵੱਲ ਧਿਆਨ ਦੇਣਾ ਸ਼ੁਰੂ ਹੋਇਆ। ਧਰਮ ਦੇ ਪੈਦਾ ਹੋਣ ਨਾਲ ਧਾਰਮਿਕ ਸੰਸਥਾਵਾਂ ਹੋਂਦ ਵਿਚ ਆਈਆਂ ਅਤੇ ਰਾਜਿਆਂ ਦੀਆਂ ਸਹਾਇਕ ਬਣ ਗਈਆਂ। ਰਾਜੇ ਨੇ ਇਨ੍ਹਾਂ ਸੰਸਥਾਵਾਂ ਉੱਤੇ ਵੀ ਰਾਜ ਦੀ ਸ਼ਕਤੀ ਨਾਲ ਆਪਣਾ ਗਲਬਾ ਪਾਉਣਾ ਸ਼ੁਰੂ ਕਰ ਲਿਆ।
ਧਾਰਮਿਕ ਸੰਸਥਾਵਾਂ ਨੇ ਲੋਕਾਂ ਨੂੰ ਮਾੜੇ ਲੋਕ ਅਤੇ ਚੰਗੇ ਲੋਕਾਂ ਵਿਚ ਵੰਡ ਲਿਆ। ਬੁਰੀ ਸੋਚ ਵਾਲੇ ਦੁਸ਼ਟ ਬਣ ਗਏ। ਰਾਜੇ ਕੋਲ ਪ੍ਰਬੰਧਕੀ ਸ਼ਕਤੀਆਂ ਅਤੇ ਰਾਜ ਦੀ ਸੱਤਾ ਹੋਣ ਕਾਰਨ ਧਾਰਮਿਕ ਲੋਕ ਵੀ ਰਾਜੇ ਦੀ ਮਰਜ਼ੀ ਅਨੁਸਾਰ ਚੱਲਣ ਲੱਗ ਪਏ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਰਾਜੇ ਦੇ ਰਹਿਮ `ਤੇ ਰਹਿਣ ਲੱਗੀਆਂ। ਜੇ ਰਾਜਾ ਮਾੜੀ ਸੋਚ ਵਾਲਾ ਅਰਥਾਤ ਦੁਸ਼ਟ ਹੁੰਦਾ ਸੀ ਤਾਂ ਉਸ ਦੀ ਸਾਰੀ ਸਭਾ ਵੀ ਨਿੱਜੀ ਹਿਤਾਂ ਕਾਰਨ, ਥੋੜ੍ਹੇ ਜਿਹੇ ਲਾਭਾਂ ਕਾਰਨ ਦੁਸ਼ਟ ਦਾ ਸਾਥ ਦੇਣ ਲੱਗ ਪਈ, ਜਿਸ ਕਾਰਨ ਸਮਾਜ ਵਿਚ ਟਕਰਾ ਆ ਗਿਆ। ਭਾਰਤ ਨੇ ਮੁੱਢ ਤੋਂ ਅੱਜ ਤੱਕ ਅਜਿਹੇ ਬਹੁਤ ਟਕਰਾ ਦੇਖੇ ਹਨ। ਮੁਲਤਾਨ ਦਾ ਰਾਜਾ ਹਰਨਾਕਸ਼ ਆਪਣਾ ਨਾਂ ਜਪਾਉਣ ਲੱਗਿਆ। ‘ਜਲੇ ਹਰਨਾਖਸ਼ ਥਲੇ ਹਰਨਾਕਸ਼’ ਦਾ ਜਾਪ ਸ਼ੁਰੂ ਕਰਵਾਇਆ ਗਿਆ। ਸਮਾਜਿਕ ਸੰਸਥਾਵਾਂ ਧਾਰਮਿਕ ਆਗੂਆਂ ਤੇ ਸੰਡਾ ਮਰਕਾ ਵਰਗੇ ਬੁੱਧੀਜੀਵੀਆਂ ਨੇ ਰਾਜੇ ਦਾ ਸਾਥ ਦਿੱਤਾ ਅਤੇ ਸਾਰੀ ਦੁਸ਼ਟ ਸਭਾ ਨੇ ਰਾਜੇ ਦੀ ਮਰਜੀ ਅਨੁਸਾਰ ਆਪਣੀ ਭੈਣ ਦੇ ਪੁੱਤ ਪ੍ਰਹਿਲਾਦ ਨੂੰ ਜਲ ਵਿਚ ਡੋਬਣ ਤੇ ਅਗਨੀ ਵਿਚ ਸਾੜਨ ਦੀਆਂ ਸਜ਼ਾਵਾਂ ਦਿੱਤੀਆਂ।
ਮਹਾਂਭਾਰਤ ਦੀ ਕਹਾਣੀ ਵੀ ਅਜਿਹੀ ਹੀ ਸਭਾ ਵਿਚ ਵਾਪਰੀ ਅਣਮਨੁੱਖੀ ਕਹਾਣੀ ਹੈ। ਸਭਾ ਵਿਚ ਵੱਡੇ ਵੱਡੇ ਅਹਿਲਕਾਰ, ਅਮੀਰ ਵਜ਼ੀਰ ਅਤੇ ਯੋਧੇ ਹਾਜ਼ਰ ਹਨ। ਭੀਸ਼ਮ ਪਿਤਾਮਾ ਹਾਜ਼ਰ ਹੈ, ਦਰੋਣਾਚਾਰਿਆ ਅਤੇ ਕਰਣ ਵਰਗੇ ਯੋਧੇ ਹਾਜ਼ਰ ਹਨ। ਦਰਯੋਧਨ ਦੇ ਫੈਸਲੇ ਦੇ ਖਿਲਾਫ ਕਿਸੇ ਨੇ ਵੀ ਬੋਲਣ ਦੀ ਹਿੰਮਤ ਕਿਉਂ ਨਹੀਂ ਕੀਤੀ? ਸ਼ਾਇਦ ਅੱਜ ਵਾਂਗ ਹੀ ਸਾਰਿਆਂ ਨੂੰ ਆਪਣੇ ਅਹੁਦੇ ਤੇ ਵਜ਼ੀਰੀਆਂ ਪਿਆਰੀਆਂ ਸਨ। ਧ੍ਰਿਤਰਾਸ਼ਟਰ ਆਪਣੇ ਪੁੱਤਰ ਮੋਹ ਵਿਚ ਅੰਨ੍ਹਾ ਸੀ। ਦੁਨਿਆਵੀ (ਸਰੀਰਕ) ਅੱਖਾਂ ਦੇਖ ਸਕਦੀਆਂ ਸਨ, ਪਰ ਬੋਲਿਆ ਕੋਈ ਨਾ, ਅਨਰਥ ਹੁੰਦਾ ਵੇਖਦੇ ਰਹੇ ਅਤੇ ਦੁਸ਼ਟ ਸਭਾ ਦਾ ਹਿੱਸਾ ਬਣ ਗਏ। ਚੁੱਪ ਰਹਿਣ ਦਾ ਸਿੱਟਾ ਮਹਾਂਭਾਰਤ ਦਾ ਯੁੱਧ ਹੋਇਆ, ਜਿਥੇ ਅਠਾਰਾਂ ਖੂਹਣੀਆਂ ਸੈਨਾ ਮਾਰੀ ਗਈ।
ਇੱਕ ਦੁਸ਼ਟ ਸਭਾ ਸਰਹਿੰਦ ਵਿਚ ਵੀ ਬੈਠੀ ਸੀ ਕਿਸੇ ਸਮੇਂ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਕੇਸ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਆਇਆ। ਵਜ਼ੀਰ ਖਾਂ ਸਜ਼ਾ ਦੇਣ ਲਈ ਤਤਪਰ ਸੀ। ਇਥੇ ਦੋ ਧਿਰਾਂ ਬਣ ਗਈਆਂ ਅਤੇ ਕਾਜੀ ਸਰ੍ਹਾ ਦਾ ਫਤਵਾ ਲਾਉਣ ਤੋਂ ਮੁੱਕਰ ਗਿਆ। ਸੁੱਚਾ ਨੰਦ ਪੁਰੀ ਵਜ਼ੀਰ ਨੇ ਕਾਜੀ ਨੂੰ ਆਪਣੀਆਂ ਦਲੀਲਾਂ ਨਾਲ ਮਨਾ ਲਿਆ। ਨਵਾਬ ਮਲੇਰਕੋਟਲਾ ਸਭਾ ਵਿਚੋਂ ਵਾਕ-ਆਊਟ ਕਰ ਗਿਆ ਅਤੇ ਦੁਸ਼ਟ ਸਭਾ ਦਾ ਹਿੱਸਾ ਬਣਨ ਤੋਂ ਬਚ ਗਿਆ। ਬਹੁ-ਸੰਮਤੀ ਅਤੇ ਵਜ਼ੀਰ ਖਾਂ ਦੀ ਇੱਛਾ ਅਨੁਸਾਰ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ। ਇਸ ਸਭਾ ਦੇ ਇਨ੍ਹਾਂ ਅਨਿਆਈ ਫੈਸਲਿਆਂ ਕਾਰਨ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ।
ਅੱਜ ਵੀ ਪੰਜਾਬ ਵਿਚ ਅਤੇ ਕੇਂਦਰ ਸਰਕਾਰ ਵਿਚ ਸਭਾਵਾਂ ਬਣਦੀਆਂ ਤੇ ਕੰਮ ਕਰਦੀਆਂ ਹਨ। ਰਾਜ ਸਭਾ ਵਿਚ ਰਾਜਿਆਂ ਵੱਲੋਂ ਨਾਮਜ਼ਦ ਲੋਕ ਹੀ ਉੱਚ ਅਹੁਦਿਆਂ ਉੱਤੇ ਪਹੁੰਚਦੇ ਸਨ, ਪਰ ਅਜੋਕਾ ਸਿਸਟਮ ਲੋਕ-ਰਾਜੀ ਸਿਸਟਮ ਹੋਣ ਕਾਰਨ ਇਹ ਸਭਾਵਾਂ ਲੋਕਾਂ ਰਾਹੀਂ ਵੋਟਾਂ ਪਾ ਕੇ ਚੁਣੀਆਂ ਜਾਂਦੀਆਂ ਹਨ। ਦੇਸ਼ ਗਰੀਬ ਅਤੇ ਅਨਪੜ੍ਹ ਹੈ। ਸਿਹਤ ਸੇਵਾਵਾਂ ਵੀ ਚੰਗੀਆਂ ਨਹੀਂ। ਸਭਾਵਾਂ ਦੇ ਮੈਂਬਰ ਬਣਨ ਦੇ ਚਾਹਵਾਨ ਲੋਕ ਆਮ ਲੋਕਾਂ ਦੀ ਗਰੀਬੀ, ਮਜਬੂਰੀ ਅਤੇ ਅਗਿਆਨ ਦੀ ਕਮਜ਼ੋਰੀ ਦਾ ਲਾਹਾ ਲੈ ਕੇ ਗਲਤ ਸਾਧਨ ਵਰਤ ਕੇ ਸ਼ਰਾਬ ਆਦਿ ਨਸ਼ੇ ਤੇ ਪੈਸੇ ਦੇ ਕੇ ਸਭਾਵਾਂ ਦੀਆਂ ਸਾਰੀਆਂ ਪੌੜੀਆਂ ਚੜ੍ਹ ਜਾਂਦੇ ਹਨ। ਭਾਰਤ ਵਿਚ ਰਾਜਨੀਤੀ ਇੱਕ ਬਹੁਤ ਹੀ ਲਾਹੇਵੰਦ ਕਿੱਤਾ ਬਣ ਗਈ ਹੈ।
ਸਭਾਵਾਂ ਦੇ ਮੈਂਬਰਾਂ ਨੇ ਆਪਣੇ ਨਿੱਜੀ ਹਿਤਾਂ ਲਈ ਆਮ ਲੋਕਾਂ ਦੇ ਹਿਤ ਕੁਰਬਾਨ ਕਰ ਦਿੱਤੇ ਹਨ। ਹਰ ਵਰ੍ਹੇ ਤਨਖਾਹਾਂ ਵਿਚ ਵਾਧਾ ਬਿਨਾ ਕਿਸੇ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੇ, ਪੈਨਸ਼ਨ, ਟੈਲੀਫੋਨ, ਸਰਕਾਰੀ ਗੱਡੀਆਂ, ਸਰਕਾਰੀ ਘਰ, ਕੋਟੇ, ਪਰਮਿਟ-ਹੋਰ ਪਤਾ ਨਹੀਂ ਕੀ ਕੁਝ, ਆਪਣੇ ਨਾਂ ਲਿਖੀ-ਲਿਖਵਾਈ ਜਾਂਦੇ ਹਨ। ਅਜਿਹਾ ਉੱਜਲ ਭਵਿੱਖ ਦੇਖ ਕੇ ਸਮਾਜ ਦੇ ਘਟੀਆ ਦਰਜੇ ਦੇ ਲੋਫਰ ਬੰਦੇ, ਗੁੰਡਿਆਂ ਦੇ ਸਰਦਾਰ ਬਣ ਕੇ ਸਮਾਜ ਵਿਚ ਦਹਿਸ਼ਤ ਪਾ ਕੇ, ਲੋਕ ਰਾਜ ਦੀ ਭਾਵਨਾ ਦੇ ਉਲਟ ਜਾਤ-ਪਾਤ ਦੀ ਵੰਡ ਦਾ ਰੌਲਾ ਪਾ ਕੇ ਧਰਮਾਂ ਦੇ ਨਾਂ `ਤੇ ਭਟਕਾ ਕੇ ਉਨ੍ਹਾਂ ਲੋਕਾਂ ਦੇ ਮਾਲਕ ਬਣ ਬੈਠਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੁੰਦਾ ਹੈ। ਫਿਰ ਲੋਕਾਂ ਦੀ ਇੱਕ ਨਹੀਂ ਚੁਣਦੇ। ਗਲਤ ਸਾਧਨਾਂ ਰਾਹੀਂ ਚੁਣੇ ਗਏ ਬੰਦੇ, ਜਿਨ੍ਹਾਂ ਵਿਚ ਸੰਜੀਦਗੀ ਅਤੇ ਸਿੱਖਿਆ ਦੀ ਘਾਟ ਹੁੰਦੀ ਹੈ, ਲੋਕ ਸਭਾ ਦੀਆਂ ਪੌੜੀਆਂ ਚੜ੍ਹਦੇ ਉੱਚ ਪਦਵੀਆਂ `ਤੇ ਜਾ ਬੈਠਦੇ ਹਨ। ਕੁਝ ਇੱਕ ਨੂੰ ਛੱਡ ਕੇ ਉਹ ਸਭਾ, ਦੁਸ਼ਟ ਸਭਾ ਹੀ ਬਣ ਜਾਂਦੀ ਹੈ। ਫੇਰ ਦੁਸ਼ਟ ਸਭਾ ਜਿਹੜੇ ਫੁਰਮਾਨ ਜਾਰੀ ਕਰੇਗੀ, ਉਹ ਲੋਕ-ਹਿਤੂ ਨਹੀਂ, ਲੋਕ ਵਿਰੋਧੀ ਹੋਣਗੇ। ਇਹੋ ਕੁਝ ਤਾਂ ਸਾਡੇ ਸਾਹਮਣੇ ਵਾਪਰਿਆ ਹੈ ਅਤੇ ਵਾਪਰ ਰਿਹਾ ਹੈ। ਨੋਟਬੰਦੀ, ਧਾਰਾ 370, ਆਰ. ਬੀ. ਆਈ. ਦੇ ਗਵਰਨਰ ਦੀ ਨਿਯੁਕਤੀ, ਕਰੋਨਾ ਦੇ ਨਾਂ `ਤੇ ਨਾਦਰੀ ਹੁਕਮ, ਖੇਤੀ ਕਾਲੇ ਕਾਨੂੰਨ-ਇਹੋ ਹੀ ਤਾਂ ਦੁਸ਼ਟ ਸਭਾ ਦਾ ਮੰਤਰ ਹੈ।
ਲੜਾਈ ਸ਼ੁਰੂ ਹੋ ਚੁਕੀ ਹੈ। ਭਾਰਤ ਦਾ ਮਾਣ ਬਾਹਰਲੇ ਦੇਸ਼ਾਂ ਵਿਚ ਘਟਿਆ ਹੈ। ਯੂ. ਐਨ. ਓ. ਨੇ ਨੋਟਿਸ ਲਿਆ ਹੈ। ਵੱਡੇ ਦੇਸ਼ਾਂ ਨੇ ਕਿਸਾਨ ਘੋਲ ਦੀ ਹਮਾਇਤ ਕੀਤੀ ਹੈ। ਖੇਤੀ ਮੰਤਰੀ ਕਾਨੂੰਨਾਂ ਉੱਤੇ ਚਰਚਾ-ਚਰਚਾ ਕੁਰਲਾ ਰਿਹਾ ਹੈ। ਖੇਤੀ ਮੰਤਰੀ ਇਸ ਪਦ ਨਾਲ ਇਨਸਾਫ ਨਹੀਂ ਕਰ ਸਕਿਆ। ਪ੍ਰਧਾਨ ਮੰਤਰੀ ਤਾਂ ਅੱਜ ਤਾਈਂ ਕਾਨੂੰਨਾਂ ਸਬੰਧੀ ਇੱਕ ਵੀ ਪ੍ਰੈੱਸ-ਕਾਨਫਰੰਸ ਨਹੀਂ ਕਰ ਸਕਿਆ। ਲੀਡਰਾਂ ਦਾ ਦੇਸ਼ ਦੀ ਸਥਿਤੀ ਸਬੰਧੀ ਗਿਆਨ ਦਾ ਹਾਲ ਇਹ ਹੈ ਕਿ ਟੈਲੀਵਿਜ਼ਨ ਦੀ ਬਹਿਸ ਵਿਚ ਐਂਕਰ ਨੇ ਹਰਜੀਤ ਸਿੰਘ ਗਰੇਵਾਲ ਨੂੰ ਪੁੱਛਿਆ ਕਿ ਇਨ੍ਹਾਂ ਕਾਨੂੰਨਾਂ ਦੇ ਨਾਂ ਹੀ ਦੱਸ ਦਿਉ। ਅੱਜ ਦਾ ਪਤਾ ਨਹੀਂ, ਉਦੋਂ ਤਾਂ ਨਹੀਂ ਦੱਸ ਸਕਿਆ। ਸੋ ਸਾਡੀ ਦਿੱਲੀ ਦੀ ਦੁਸ਼ਟ ਸਭਾ ਨੇ ਦੇਸ਼ ਵਿਚ ਅਰਾਜਕਤਾ ਫੈਲਾ ਦਿੱਤੀ ਹੈ। ਰੱਬ ਭਲੀ ਕਰੇ।
ਹੁਣ ਮੈਂ ਬਹੁਤ ਹੀ ਸੰਖੇਪ ਵਿਚ ਆਪਣੇ ਪੰਜਾਬ ਪ੍ਰਾਂਤ ਦੀ ਗੱਲ ਵੀ ਕਰ ਲਵਾਂ। ਸਾਡੇ ਪ੍ਰਾਂਤ ਵਿਚ ਦੋ ਮੁੱਖ ਪਾਰਟੀਆਂ ਨੇ ਹੀ ਰਾਜ ਕੀਤਾ ਹੈ। ਦੋਹਾਂ ਦੇ ਮੁੱਖ ਮੰਤਰੀ ਸਰਦਾਰ ਅਤੇ ਜੱਟ ਸਿਵਾਏ ਗਿਆਨੀ ਜੈਲ ਸਿੰਘ ਦੇ, ਬਣਦੇ ਰਹੇ। ਇਨ੍ਹਾਂ ਦੋਹਾਂ ਪਾਰਟੀਆਂ ਵਿਚੋਂ ਵੀ ਮੈਂ ਗੱਲ ਕਰਾਗਾਂ, ਸਿਰਫ ਅਕਾਲੀ ਦਲ ਦੀ; ਕਿਉਂਕਿ ਮੈਂ ਆਪ ਅਕਾਲੀ ਦਲ ਨਾਲ ਜੁੜਿਆ ਹੋਇਆ ਸਾਂ। ਅਸੀਂ ਸਦਾ ਮਾਣ ਕਰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ ਅਤੇ ਇਹ ਸਿੱਖੀ ਸਿਧਾਂਤਾਂ `ਤੇ ਪਹਿਰਾ ਦਿੰਦੀ ਹੈ, ਪਰ ਦੇਖ ਰਹੇ ਹਾਂ ਕਿ ਅੱਜ ਇਹ ਦੋਵੇਂ ਹੀ ਗੱਲਾਂ ਸਹੀ ਨਹੀਂ ਹਨ। ਸਿੱਖ ਸਿਧਾਂਤ ਸਾਡੀ ਪਾਰਟੀ ਨੇ ਕੋਈ ਵੀ ਨਹੀਂ ਮੰਨਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਕਾਲੀ ਦਲ ਦੀ ਸਰਕਾਰ ਤੋੜਨ ਦੀ ਸਿਫਾਰਸ਼ ਕੀਤੀ, ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪਾਲਿਸੀ ਅਤੇ ਸਿੱਖ ਸਿਧਾਂਤਾਂ ਅਨੁਸਾਰ ਕੰਮ ਨਹੀਂ ਸੀ ਕਰ ਰਿਹਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਮੁੱਖ ਮੰਤਰੀ ਨੇ ਰਾਜ ਦੇ ਜੋਰ ਨਾਲ ਪਾਰਟੀ ਉੱਤੇ ਹੀ ਕਬਜ਼ਾ ਕਰ ਲਿਆ ਤੇ ਪੰਥਕ ਰਵਾਇਤਾਂ ਟੁੱਟ ਗਈਆਂ। ਪਾਰਟੀ ਘਰ ਦੀ, ਐਮ. ਐਲ. ਏ. ਵਜੀਰ ਘਰ ਦੇ ਅਤੇ ਰਿਸ਼ਤੇਦਾਰ। ਪੰਥਕ ਸੋਚ ਵਾਲੇ ਬੰਦੇ ਪਾਰਟੀ ਤੋਂ ਬਾਹਰ ਕਰ ਦਿੱਤੇ ਗਏ। ਹੱਥ ਜੋੜ ਕੇ ‘ਰਾਜ ਨਹੀਂ ਸੇਵਾ’ ਅਤੇ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਵਾਅਦੇ ਹਵਾ ’ਚ ਉੱਡ ਗਏ। ਪਿੱਛੇ ਰਹਿ ਗਈ ‘ਦੁਸ਼ਟ ਸਭਾ!’
ਦੁਸ਼ਟ ਸਭਾ ਨੇ ਪੰਜਾਬ ਅਤੇ ਪਾਰਟੀ ਦਾ ਅੰਤ ਕਰਨ ਵਿਚ ਕੋਈ ਕਸਰ ਨਾ ਛੱਡੀ। ‘ਮੈਂ ਮਰਾਂ, ਪੰਥ ਜੀਵੇ’ ਉਲਟਾ ਹੋ ਗਿਆ। “ਤਖਤ ਰਾਜਾ ਟਿਕੇ ਗੁਣੀ ਭਾਇ ਪੰਚਾਇਣ ਤੱਤ॥” “ਤਖਤ ਬਹੈ ਤਖਤੈ ਕੀ ਲਾਇਕ” ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਆਪਣੀਆਂ ਖੁਦਗਰਜੀਆਂ ਕਾਰਨ ਪੰਥਕ ਰਵਾਇਤਾਂ ਅਤੇ ਹਲੇਮੀ ਰਾਜ ਦੇ ਸੰਕਲਪ ਨੂੰ ਭੁਲਾ ਦਿੱਤਾ। ‘ਦੁਸ਼ਟ ਸਭਾ’ ਨੇ ਜੋ ਕਰਨਾ ਸੀ, ਕਰ ਲਿਆ। ਕੇਂਦਰ ਦੇ ਕਾਲੇ ਕਾਨੂੰਨਾਂ ਵਿਚ ਹਿੱਸਾ ਪਾ ਕੇ ਕਾਨੂੰਨਾਂ ਦਾ ਪ੍ਰਚਾਰ ਵੀ ਕਰ ਲਿਆ ਤੇ ਉਨ੍ਹਾਂ ਦੇ ਵਿਰੋਧ ਵਿਚ ਸੱਚੇ ਵੀ ਹੋ ਲਏ। ਮੰਨਣਾ ਤਾਂ ਨਹੀਂ ਕਿਸੇ ਨੇ, ਕਿਉਂਕਿ ‘ਮਾਇਆਧਾਰੀ ਅਤਿ ਅੰਨ੍ਹਾ ਬੋਲਾ’ ਪਰ ਪਹਿਰੇਦਾਰ ਦਾ ਕੰਮ ਹੈ ਹੋਕਾ ਦੇਣਾ।
ਮੇਰੀ ਪਾਰਟੀ, ਜਿਸ ਦਾ ਮੈਂ 1970 ਤੋਂ ਪੱਲਾ ਫੜਿਆ ਹੋਇਆ ਸੀ, ਤਾਂ ਹੀ ਸਹੀ ਰਸਤੇ ਤੁਰ ਸਕਦੀ ਹੈ, ਜੇ ਬਿਨਾ ਮੋਹ ਪਾਰਟੀ ਦੀ ਲੀਡਰਸ਼ਿਪ ਬਦਲੀ ਜਾਵੇ, ਨਹੀਂ ਤਾਂ ਰਸਤਾ ਖੁਆਰੀਆਂ ਭਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਰਾਜ ਕਰਨਾ ਨਹੀਂ, ਲੋਕ ਭਲਾਈ ਲਈ ਲੱਕ ਬੰਨ੍ਹ ਕੇ ਲੜ੍ਹਨਾ ਹੈ, ਪਰ ਅਸੀਂ ਤਾਂ ‘ਦੁਸ਼ਟ ਸਭਾ’ ਬਣਾ ਕੇ ਬੈਠ ਗਏ ਤੇ ਪਾਰਟੀ ਖਤਮ ਕਰ ਬੈਠੇ। ਸ਼੍ਰੋਮਣੀ ਅਕਾਲੀ ਦਲ ਲੋਕ-ਹਿਤਾਂ ਦੀ ਲੜਾਈ ਕਿਉਂ ਭੁੱਲ ਗਿਆ? ਮੈਦਾਨ ਭਖਿਆ ਹੋਇਆ ਹੈ। ਖੇਤੀ ਕਾਨੂੰਨ ਸਿਰਫ ਕਿਸਾਨਾਂ ਦੇ ਖਿਲਾਫ ਨਹੀਂ, ਸਗੋਂ ਇਹ ਮਜਦੂਰਾਂ ਅਤੇ ਉਪਭੋਗਤਾਵਾਂ ਦੇ ਵੀ ਖਿਲਾਫ ਹਨ, ਪਰ ਤੁਸੀਂ ਲੜਾਈ ਦੇ ਮੈਦਾਨ ਦੇ ਭਗੌੜੇ ਹੋ ਗਏ ਹੋ। ਚੋਣਾਂ ਲਈ ਆਪਣੇ ਕੈਂਡੀਡੇਟ ਐਲਾਨ ਕਰ ਰਹੇ ਹੋ। ‘ਰੋਮ ਸੜ੍ਹ ਰਿਹਾ ਹੈ ਨੀਰੋ ਬੰਸਰੀ ਬਜਾ ਰਿਹਾ ਹੈ।’
ਆਓ, ਨਿੱਤਰੋ ਮੈਦਾਨ ਵਿਚ, ਨਹੀਂ ਤਾਂ ਜਿਹੜਾ ਲਾਇਕ ਹੈ, ਉਸ ਨੂੰ ਅੱਗੇ ਕਰੋ, ਭਾਵੇਂ ਉਹ ਨਿੱਜੀ ਤੌਰ `ਤੇ ਬਾਦਲ ਪਰਿਵਾਰ ਦਾ ਵਿਰੋਧੀ ਹੀ ਹੋਵੇ। ਪਾਰਟੀ ਅਤੇ ਕੌਮ ਦਾ ਸੋਚੋ, ਖੁਦਗਰਜੀ ਛੱਡੋ। ਗੁਰਬਾਣੀ ਨਾਲ ਜੁੜਿਆਂ ਹੀ ਗੁਰਮਤਿ ਦੇ ਧਾਰਨੀ ਹੋਇਆ ਜਾ ਸਕਦਾ ਹੈ। ਗੁਰਮਤਿ ਦੇ ਧਾਰਨੀ ਹੋ ਕੇ ਹੀ ‘ਹਲੇਮੀ ਰਾਜ’ ਸਿਰਜਿਆ ਜਾ ਸਕਦਾ ਹੈ। “ਰਾਜੇ ਚੂਲੀ ਨਿਆਵ ਕੀ ਪੜ੍ਹਿਆ ਸਚੁ ਧਿਆਨ॥” ਜਿਸ ਰਣਜੀਤ ਸਿੰਘ ਰਾਜੇ ਦੇ ਨਾਂ `ਤੇ ਅਸੀਂ ਵੋਟਾਂ ਲਈਆਂ ਸਨ, ਉਸ ਨੂੰ ਲੋਕਾਂ ਨੇ ਬੁਲਾ ਕੇ ਲਾਹੌਰ ਦਾ ਰਾਜ ਦਿੱਤਾ ਸੀ।
ਬਤੌਰ ਮਹਾਰਾਜਾ ਉਸ ਨੇ ਆਪਣੇ ਆਪ ਉੱਤੇ ਵੀ ਕੁੰਡਾ ਲਾਇਆ ਹੋਇਆ ਸੀ ਕਿ ਜੇ ਮੈਂ ਕੋਈ ਅਜਿਹਾ ਹੁਕਮ ਦੇ ਦਿਆਂ ਜਿਹੜਾ ਲੋਕ-ਹਿਤ ਵਿਚ ਨਾ ਹੋਵੇ ਤਾਂ ਫਕੀਰ ਸਾਹਿਬ ਵਾਪਿਸ ਨਜ਼ਰਸਾਨੀ ਲਈ ਭੇਜ ਸਕਦੇ ਹਨ। ਲਾਹੌਰ ਦੇ ਕਿਲ੍ਹੇ ਵਿਚ ਅੱਜ ਵੀ ਦੋ ਹੁਕਮ, ਜਿਨ੍ਹਾਂ ਵਿਚ ਲਾਹੌਰ ਦੇ ਕੋਤਵਾਲ ਨੂੰ ਲੋਕ-ਹਿਤ ਕੰਮ ਕਰਨ ਦੀਆਂ ਹਦਾਇਤਾਂ ਹਨ, ਪੜ੍ਹੇ ਜਾ ਸਕਦੇ ਹਨ। ਇਸ ਤਰ੍ਹਾਂ ਦੇ ਰਾਜੇ ਦੇ ਰਾਜ ਵਿਚ ਸਭਾ ਬਣ ਜਾਂਦੀ ਹੈ, ‘ਸੰਤ ਸਭਾ।’ ਲੁੱਟ ਕੇ ਖਾਣ ਵਾਲਿਆਂ ਦੇ ਰਾਜ ਵਿਚ ਸਭਾ ਬਣ ਜਾਂਦੀ ਹੈ, ‘ਦੁਸ਼ਟ ਸਭਾ।’ ਦੁਸ਼ਟ ਸਭਾ ਨੇ ਦੁਸ਼ਟਾਂ ਲਈ ਹੀ ਕੰਮ ਕਰਨਾ ਹੁੰਦਾ ਹੈ, ਜੋ ਅੱਜ ਹੋ ਰਿਹਾ ਹੈ। ਸਿੱਟੇ ਮਾੜੇ ਹੀ ਨਿਕਲਣਗੇ। ਭਲੀ ਕਰੇ ਭਗਵਾਨ!