ਇਨਸਾਨੀ ਸੰਤੁਸ਼ਟੀ

ਸੁਰਿੰਦਰ ਸੁੰਨੜ
ਫੋਨ: 530-921-0097
ਰਚਨਹਾਰ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਦੋਂ ਤੇ ਕਿਵੇਂ ਕੀਤੀ? ਇਹ ਸਵਾਲ ਤਾਂ ਸ਼ਾਇਦ ਹਮੇਸ਼ਾ ਸਵਾਲ ਹੀ ਰਹੇਗਾ, ਪਰ ਰੱਬ ਨੇ ਇਨਸਾਨ ਸਾਜ ਕੇ ਧਰਤੀ `ਤੇ ਸਾਰੇ ਜੀਵ ਜੰਤੂਆਂ ਤੋਂ ਵੱਖਰਾ ਸਾਜ ਕੇ, ਇਨਸਾਨ ਨੂੰ ਦਿਮਾਗ ਦੇ ਕੇ, ਰਚਨਹਾਰ ਬਣਾ ਕੇ, ਬੰਦੇ ਨੂੰ ਸੋਚ ਤੇ ਸ਼ਬਦ ਸ਼ਕਤੀ ਦੇ ਕੇ ਸਭ ਕੁਝ ਭੰਨਣ ਘੜਨ ਦੇ ਸਮਰੱਥ ਬਣਾ ਦਿਤਾ। ਸਾਰੀਆਂ ਸ਼ਕਤੀਆਂ ਦੇ ਕੇ ਸ਼ਾਇਦ ਰੱਬ ਡਰ ਗਿਆ ਕਿ ਇਹ ਬੰਦਾ ਹੁਣ ਰੱਬ ਨੂੰ ਵੀ ਘੜੂ ਭੰਨੂੰ। ਆਦਮੀ ਬਣਾ ਕੇ ਰੱਬ ਨੂੰ ਕਿਤੇ ਲੁਕਣ ਵਾਸਤੇ ਥਾਂ ਨਾ ਮਿਲੇ।

ਪਰਬਤਾਂ ਤੋਂ ਵੀ ਬੰਦੇ ਨੇ ਰੱਬ ਲੱਭ ਲੈਣਾ ਸੀ। ਚੰਦ ਤਾਰਿਆਂ ਤੋਂ ਵੀ, ਸਾਰੀ ਧਰਤੀ-ਆਕਾਸ਼ ਤਾਂ ਬੰਦੇ ਨੇ ਗਾਹ ਮਾਰੀ ਹੈ; ਜੇ ਕੁਝ ਰਹਿ ਗਿਆ, ਉਹ ਵੀ ਬੰਦੇ ਨੇ ਭਾਲ ਲੈਣਾਂ। ਇਸ ਵਾਸਤੇ ਸ਼ਾਇਦ ਬੰਦੇ ਤੋਂ ਡਰਦਾ ਰੱਬ ਬੰਦੇ ਦੇ ਅੰਦਰ ਲੁਕ ਗਿਆ। ਪਰਮਾਤਮਾ ਨੂੰ ਇਹ ਪਤਾ ਸੀ ਕਿ ਆਦਮੀ ਨੇ ਸਾਰੇ ਜੰਗਲ ਬੇਲੇ, ਆਕਾਸ਼ ਪਤਾਲ ਤਾਂ ਗਾਹ ਲੈਣੇ ਹਨ, ਪਰ ਆਪਣੇ ਅੰਦਰ ਨਹੀਂ ਝਾਕਣਾ। ਰੱਬ ਨੂੰ ਹੁਣ ਕਿਸੇ ਕਿਸਮ ਦਾ ਖਤਰਾ ਨਹੀਂ, ਕਿਉਂਕਿ 99.9% ਲੋਕਾਂ ਨੇ ਤਾਂ ਆਪਣੇ ਅੰਦਰ ਦੇਖਣਾਂ ਹੀ ਨਹੀਂ ਤੇ ਜੇ ਕਿਤੇ ਲੱਖਾਂ `ਚੋਂ ਇਕ ਨੇ ਆਪਣੇ ਅੰਦਰ ਝਾਤ ਮਾਰੀ ਤਾਂ ਉਸ ਅੰਤਰਧਿਆਨ ਹੋਣ ਵਾਲੇ ਤੋਂ ਤਾਂ ਰੱਬ ਨੂੰ ਖਤਰਾ ਵੀ ਨਹੀਂ ਹੋਣਾ।
ਆਦਮੀ ਸੱਚ ਪ੍ਰਸਤ ਤਾਂ ਹੋਣਾ ਚਾਹੁੰਦਾ ਹੈ, ਸੱਚ ਦੀ ਭਾਲ ਵੀ ਕਰਦਾ ਹੈ, ਪਰ ਕਦੇ ਬੁੱਧ ਬਣ ਕੇ ਤੇ ਕਦੇ ਮਹਾਂਵੀਰ ਬਣ ਕੇ ਜੰਗਲਾਂ ਬੇਲਿਆਂ ਵੱਲ ਹੋ ਤੁਰਦਾ ਹੈ। ਬਾਬੇ ਫਰੀਦ ਵਰਗਾ ਇਕੜ ਦੁੱਕੜ ‘ਵਸੀ ਰਬ ਹਿਆਲੀਇ’ ਲਿਖਦਾ ਹੈ, ਨਾਨਕ ਦੀ ਨਜ਼ਰ ਅੰਤਰ ਧਿਆਨ ਹੁੰਦੀ ਹੈ ਤਾਂ ਬਾਹਰਮੁਖੀ ਦੁਨੀਆਂ ਨਾਨਕ ਦੀ ਨਜ਼ਰ ਦੇ ਵਾਰੇ ਵਾਰੇ ਵੀ ਜਾਂਦੀ ਹੈ। ਤਾਰੀਫ ਵੀ ਕਰਦੇ ਹਨ, ਲੋਕ ਨਾਨਕ ਵਿਚਾਰਧਾਰਾ ਦੀ, ਮੱਥਾ ਵੀ ਟੇਕਦੇ ਹਨ ਪਰ ਆਪਣੇ ਅੰਦਰ ਨਹੀਂ ਝਾਕਦੇ। ਆਦਮੀ ਇਹ ਆਖ ਕੇ ਆਪਣਾ ਜ਼ੁੰਮਾ ਦੋਸ਼ਪੋਸ਼ ਕਰ ਲੈਂਦਾ ਹੈ ਕਿ ਬੰਦੇ ਨੇ ਜੋ ਕੁਝ ਵੀ ਲਿਆ, ਉਹ ਦੁਨੀਆਂ ਕੋਲੋਂ ਹੀ ਲਿਆ ਹੈ। ਇਹ ਠੀਕ ਹੈ ਕਿ ਮਾਂ ਦੇ ਗਰਭ ਤੋਂ ਬਿਨਾ ਇਨਸਾਨ ਨੂੰ ਜਨਮ ਨਹੀਂ ਮਿਲ ਸਕਦਾ, ਮਾਂ ਹੀ ਜਨਮਦਾਤਾ ਹੁੰਦੀ ਹੈ, ਪਰ ਜਨਮ ਲੈਣ ਤੋਂ ਬਾਅਦ ਅਸੀਂ ਜੀਵਨ ਵਿਚ ਜੋ ਕੁਝ ਵੀ ਬਣਦੇ ਹਾਂ, ਉਹ ਖੁਦ ਬਣਦੇ ਹਾਂ। ਇਕ ਚੁਵੱਚਾ ਬਣਾ ਲਓ, ਵੱਢਾ ਸਾਰਾ ਗਮਲਾ, ਉਸ ਗਮਲੇ ਵਿਚ ਦੋ ਤਿੰਨ ਕਵਿੰਟਲ ਜ਼ਰਖੇਜ਼ ਮਿੱਟੀ ਪਾ ਦਿਓ ਤੇ ਵਿਚ ਇਕ ਦਰਖਤ ਦਾ ਬੀਜ ਦੱਬ ਦਿਓ। ਕੁਝ ਸਮਾਂ ਪਾ ਕੇ ਉਹ ਬੀਜ਼ ਜਨਮੇਗਾ, ਹੌਲੀ ਹੌਲੀ ਦਰਖਤ ਬਣ ਜਾਵੇਗਾ। ਜੜ੍ਹ, ਤਣਾ, ਟਾਹਣ, ਪੱਤੇ, ਫੁੱਲ ਤੇ ਫਲ ਲੱਗ ਜਾਣਗੇ। ਉਹ ਦਰਖਤ ਵਜ਼ਨ ਵਿਚ ਬਹੁਤ ਭਾਰਾ ਬਣ ਸਕਦਾ ਹੈ, ਪਰ ਜੇ ਉਸ ਦਰਖਤ ਨੂੰ ਚੁਵੱਚੇ ਵਿਚੋਂ ਬਾਹਰ ਕੱਢ ਕੇ ਉਸ ਚੁਵੱਚੇ ਵਿਚਲੀ ਮਿੱਟੀ ਨੂੰ ਤੋਲਿਆ ਜਾਵੇ ਤਾਂ ਉਹ ਜਿੰਨੀ ਸ਼ੁਰੂ ਵਿਚ ਸੀ, ਉਸ ਤੋਂ ਮਾਸਾ ਵੱਧ ਭਾਵੇਂ ਹੋਊ, ਘੱਟ ਨਹੀਂ ਹੋਵੇਗੀ। ਜਿਸ ਜ਼ਮੀਨ ਵਿਚੋਂ ਜਨਮ ਲੈ ਕੇ ਵੱਢਾ ਸਾਰਾ ਦਰਖਤ ਬਣ ਜਾਂਦਾ ਹੈ, ਉਸ ਜ਼ਮੀਨ ਦਾ ਕੁਝ ਘਟਦਾ ਨਹੀਂ ਹੈ। ਬੀਜ ਤੋਂ ਦਰਖਤ ਬਣਨ ਵਿਚ ਜ਼ਮੀਨ ਦਾ ਆਸਰਾ ਜਰੂਰ ਹੋਇਆ, ਪਰ ਦਰਖਤ ਦਾ ਆਕਾਰ ਉਸ ਦਾ ਆਪਣਾ ਹੈ।
ਇਨਸਾਨੀ ਭੁੱਖ ਵਧਦੀ ਰਹਿੰਦੀ ਹੈ। ਸਾਡੀ ਤਮ੍ਹਾਂ ਕਦੇ ਪੂਰੀ ਨਹੀਂ ਹੁੰਦੀ। ਇਕ ਕਹਾਣੀ ਪੜ੍ਹੀ ਮੈਂ ਕਿਧਰੇ ਕਿ ਇਕ ਸੰਤ ਮਹਾਤਮਾ ਸੀ। ਉਸ ਦੀ ਬੜੀ ਹੀ ਸਿੱਖੀ ਸੇਵਕੀ ਸੀ। ਇਕ ਲੜਕਾ ਬਚਪਨ ਤੋਂ ਹੀ ਕਿਸੇ ਵਜ੍ਹਾ ਉਥੇ ਮਹਾਤਮਾ ਦੀ ਸੇਵਾ ਕਰਦਾ ਸੀ। ਇਕ ਦਿਨ ਜਦ ਉਹ ਲੜਕਾ ਮਹਾਤਮਾ ਦੇ ਪੈਰੀਂ ਹੱਥ ਲਾੳਣ ਲੱਗਾ ਤਾਂ ਉਸ ਦੇ ਦੋ ਕੁ ਅੱਥਰੂ ਮਹਾਤਮਾ ਦੇ ਚਰਨਾਂ `ਤੇ ਡਿੱਗੇ। ਮਹਾਤਮਾ ਨੇ ਲੜਕੇ ਨੂੰ ਉਠਾ ਕੇ ਕਿਹਾ ਕਿ ਤੇਰੀ ਸੇਵਾ ਮਨਜ਼ੂਰ ਹੈ, ਹੁਣ ਤੂੰ ਜਾਹ ਤੇ ਆਪਣਾ ਜੀਵਨ ਜੀਅ। ਤੁਰੇ ਜਾਂਦੇ ਲੜਕੇ ਦੇ ਦਿਲ ਵਿਚ ਖਿਆਲ ਆ ਰਿਹਾ ਸੀ ਕਿ ਜੇ ਮੈਨੂੰ ਕਿਤੋਂ ਵੀ ਕੁਝ ਪੈਸੇ ਮਿਲੇ, ਭਾਵੇਂ ਪੰਜ ਦਮੜੇ ਹੀ ਹੋਣ, ਉਹ ਮੈਂ ਜਾ ਕੇ ਸੰਤ ਮਹਾਤਮਾ ਨੂੰ ਭੇਟ ਕਰਕੇ ਆਵਾਂ। ਉਹ ਤੁਰਦਾ ਤੁਰਦਾ ਕਿਸੇ ਨਗਰ ਵਿਚ ਪਹੁੰਚ ਗਿਆ। ਨਗਰ ਦੇ ਬਾਹਰ ਹੀ ਇਕ ਬੰਦਾ ਧੂਣੀ ਬਾਲ ਕੇ ਸੇਕ ਰਿਹਾ ਸੀ। ਉਸ ਕੋਲ ਜਾ ਕੇ ਲੜਕੇ ਨੇ ਆਪਣੇ ਦਿਲ ਦੀ ਗੱਲ ਦੱਸੀ ਕਿ ਜੇ ਉਸ ਨੂੰ ਪੰਜ ਦਮੜੇ ਕਿਤੋਂ ਮਿਲ ਜਾਣ ਤਾਂ ਉਹ ਮਹਾਤਮਾ ਨੂੰ ਭੇਟ ਕਰਨਾ ਚਾਹੁੰਦਾ ਹੈ। ਧੂਣੀ ਸੇਕ ਰਹੇ ਬੰਦੇ ਨੇ ਦੱਸਿਆ ਕਿ ਸੁਣਿਆਂ ਇਸ ਨਗਰ ਦੇ ਰਾਜੇ ਦਾ ਪ੍ਰਣ ਹੈ ਕਿ ਸਵੇਰ ਨੂੰ ਜੋ ਵੀ ਵਿਅਕਤੀ ਸਵੇਰੇ ਸਵੇਰੇ ਪਹਿਲਾ ਵਿਅਕਤੀ ਰਾਜੇ ਨੂੰ ਮਿਲੇਗਾ, ਉਹ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵੇਗਾ। ਇਹ ਸੁਣ ਕੇ ਉਹ ਲੜਕਾ ਉਥੇ ਧੂਣੀ `ਤੇ ਹੀ ਬੈਠ ਗਿਆ ਤੇ ਤੜਕਸਾਰ ਹੀ ਰਾਜੇ ਦੇ ਮਹਿਲਾਂ ਦੇ ਦਰਵਾਜੇ `ਤੇ ਚਲਾ ਗਿਆ।
ਰਾਜਾ ਮਹਿਲ `ਚੋਂ ਬਾਹਰ ਨਿਕਲਿਆ। ਆਪਣੇ ਬਗੀਚੇ ਦੇ ਦੁਆਲੇ ਚੱਕਰ ਲਾਉਣ ਤੁਰੇ ਰਾਜੇ ਨੇ ਉਸ ਲੜਕੇ ਨੂੰ ਦੇਖਿਆ ਤਾਂ ਲੜਕੇ ਨੇ ਝੁਕ ਕੇ ਫਤਿਹ ਗੁਜ਼ਾਰੀ। ਰਾਜਾ ਉਸ ਦੇ ਕੋਲ ਚਲਾ ਗਿਆ ਤੇ ਕਹਿਣ ਲੱਗਾ, ਕਿਵੇਂ ਆਉਣਾ ਹੋਇਆ? ਲੜਕਾ ਕਹਿਣ ਲੱਗਾ ਕਿ ਸੁਣਿਆ ਤੁਹਾਡੇ ਕੋਲੋਂ ਸਵੇਰ ਨੂੰ ਜੋ ਪਹਿਲਾ ਵਿਅਕਤੀ ਮਿਲੇ, ਉਸ ਨੂੰ ਜੋ ਮੰਗੇ, ਤੁਸੀਂ ਦੇ ਦਿੰਦੇ ਹੋ। ਰਾਜਾ ਕਹਿੰਦਾ, ਹਾਂ ਇਹ ਗੱਲ ਤਾਂ ਸਹੀ ਹੈ, ਪਰ ਅੱਜ ਤੱਕ ਕਿਸੇ ਨੇ ਕੁਝ ਵੀ ਨਹੀਂ ਮੰਗਿਆ। ਖੈਰ! ਤੈਨੂੰ ਦੱਸ ਕੀ ਚਾਹੀਦਾ? ਮੰਗ ਲੈ, ਮਿਲ ਜਾਵੇਗਾ। ਇਹ ਸੁਣ ਕੇ ਲੜਕਾ ਸੋਚੀਂ ਪੈ ਗਿਆ। ਰਾਜਾ ਬੋਲਿਆ ਕਿ ਤੂੰ ਸੋਚ ਲੈ ਤੈਨੂੰ ਕੀ ਚਾਹੀਦਾ ਤੇ ਮੈਂ ਓਨਾ ਚਿਰ ਬਗੀਚੇ ਦਾ ਚੱਕਰ ਲਾ ਲੈਨਾਂ।
ਰਾਜਾ ਚੱਕਰ ਲਾਉਣ ਚਲਾ ਗਿਆ ਤੇ ਲੜਕਾ ਸੋਚਣ ਲੱਗ ਪਿਆ ਕਿ ਜੋ ਮੰਗਾਂ ਮਿਲ ਸਕਦਾ ਹੈ, ਕਿਉਂ ਨਾਂ ਸੌ, ਦੋ ਸੌ ਦਮੜੇ ਮੰਗ ਲਵਾਂ। ਫਿਰ ਸੋਚਣ ਲੱਗਾ ਕਿ ਰਾਜ ਭਾਗ ਹੀ ਕਿਉਂ ਨਾ ਮੰਗ ਲਵਾਂ! ਅਜੇ ਸੋਚ ਹੀ ਰਿਹਾ ਸੀ ਕਿ ਰਾਜਾ ਚੱਕਰ ਕੱਟ ਕੇ ਆ ਗਿਆ। ਦੱਸ ਤੈਨੂੰ ਕੀ ਦੇ ਦੇਵਾਂ? ਕਹੇਂ ਤਾਂ ਅੱਧਾ ਰਾਜ ਹੀ ਦੇ ਦੇਵਾਂ? ਉਹ ਲੜਕਾ ਸੋਚੀਂ ਪੈ ਗਿਆ ਕਿ ਅੱਧਾ ਕਿਓਂ ਫਿਰ ਸਾਰਾ ਹੀ ਰਾਜ ਕਿਉਂ ਨਾ ਮੰਗਿਆ ਜਾਵੇ। ਉਸ ਨੂੰ ਸੋਚਦਾ ਦੇਖ ਕੇ ਰਾਜਾ ਕਹਿਣ ਲੱਗਾ ਕਿ ਮਨ ਬਣਾ ਲੈ ਤੈਨੂੰ ਕੀ ਚਾਹੀਦਾ ਤੇ ਮੈਂ ਇਕ ਚੱਕਰ ਹੋਰ ਲਾ ਕੇ ਆਉਂਦਾਂ। ਰਾਜਾ ਚੱਕਰ ਲਾਉਣ ਚਲਾ ਗਿਆ, ਪਰ ਜਦ ਵਾਪਿਸ ਆ ਕੇ ਦੇਖਿਆ ਤਾਂ ਉਹ ਲੜਕਾ ਉਥੇ ਨਹੀਂ ਸੀ।
ਸਾਡੀ ਅਤ੍ਰਿਪਤੀ ਦਾ ਸਭ ਤੋਂ ਵੱਢਾ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਧ ਸਮਝਦਾਰ ਸਮਝਦੇ ਹਾਂ, ਜੋ ਕਿ ਸਰਾਸਰ ਗਲਤ ਸੋਚ ਹੈ। ਬਾਕੀ ਲੋਕਾਂ ਨੂੰ ਸਮਝਾਉਣ ਦਾ ਯਤਨ ਤਾਂ ਸਾਰੇ ਹੀ ਕਰਦੇ ਹਨ, ਪਰ ਆਪਣੇ ਆਪ ਨੂੰ ਸਮਝਾਉਣਾ ਸਾਨੂੰ ਕਿਸੇ ਨੂੰ ਵੀ ਨਹੀਂ ਆਉਂਦਾ। ਕਬੀਰ ਜੀ ਦੇ ਵਚਨ ਵੀ ਚੰਗੇ ਲਗਦੇ ਹਨ, “ਬੋਲਤ ਬੋਲਤ ਬੜੇ ਬਿਕਾਰਾ” ਪਰ ਵਾਹ ਲਗਦੀ ਨੂੰ ਅਸੀਂ ਕਿਸੇ ਨੂੰ ਹੁੰਘਾਰਾ ਵੀ ਨਹੀਂ ਭਰਨ ਦਿੰਦੇ, ਬੋਲੀ ਹੀ ਜਾਂਦੇ ਹਾਂ। ਅਸੀਂ ਆਜ਼ਾਦੀ ਭਾਲਦੇ ਹਾਂ, ਪਰ ਸਭ ਤੋਂ ਵੱਧ ਊਟ ਪਟਾਂਗ ਅਸੀਂ ਉਸ ਵਕਤ ਕਰਦੇ ਹਾਂ, ਜਦ `ਕੱਲੇ ਹੁੰਦੇ ਹਾਂ। ਆਪਣੇ ਗੁਸਲਖਾਨੇ ਵਿਚ ਇਕੱਲਾ ਨਹਾ ਰਿਹਾ ਹਰ ਇਨਸਾਨ ਬਹੁਤ ਕੁਝ ਕਰਦਾ ਹੈ ਜੋ ਕਿ ਕਿਸੇ ਦੇ ਦੇਖਦਿਆਂ ਨਹੀਂ ਕਰਦੇ। ਸਾਡੀ ਜੀਵਨ ਅਵਸਥਾ ਭਾਵੇਂ ਜਿੰਨੀ ਮਰਜ਼ੀ ਵਧੀਆ ਹੋ ਜਾਵੇ, ਪਰ ਫਿਰ ਵੀ ਅਸੀਂ ਆਪਣੇ ਨਾਲੋਂ ਦੂਸਰੇ ਬੰਦੇ ਬਾਰੇ ਜ਼ਿਆਦਾ ਫਿਕਰਮੰਦ ਰਹਿੰਦੇ ਹਾਂ।
ਇਕ ਵਾਰ ਇਕ ਬਹੁਤ ਹੀ ਪਹੁੰਚੇ ਹੋਏ ਤੀਵੀਂ-ਆਦਮੀ ਦੁਨਿਆਵੀ ਲਾਲਚ ਤਿਆਗ ਕੇ ਬਹੁਤ ਹੀ ਸਾਧਾਰਨ ਜੀਵਨ ਬਤੀਤ ਕਰ ਰਹੇ ਸਨ। ਉਹ ਰੋਜ਼ ਸਵੇਰੇ ਘਰੋਂ ਨਿਕਲਦੇ ਤੇ ਸ਼ਾਮ ਤੀਕ ਉਸ ਦਿਨ ਦੇ ਗੁਜ਼ਾਰੇ ਵਾਸਤੇ ਪ੍ਰਬੰਧ ਕਰ ਲਿਆਉਂਦੇ। ਜੇ ਕਿਤੇ ਵੱਧ ਗੱਫਾ ਲੱਗ ਜਾਣਾ ਤਾਂ ਵਧਿਆ ਕਿਸੇ ਨਾ ਕਿਸੇ ਲੋੜਵੰਦ ਨੂੰ ਦੇ ਦਿੰਦੇ ਤੇ ਅਗਲੇ ਦਿਨ ਫਿਰ ਆਪਣਾ ਜੁਗਾੜ ਬਣਾ ਲੈਂਦੇ। ਇਕ ਸ਼ਾਮ ਜਦ ਉਹ ਘਰ ਨੂੰ ਪਰਤ ਰਹੇ ਸਨ, ਆਦਮੀ ਅੱਗੇ ਅੱਗੇ ਸੀ ਤੇ ਉਸ ਦੀ ਤੀਵੀਂ ਕੁਝ ਦੂਰ ਪਿਛੇ ਪਿਛੇ ਆ ਰਹੀ ਸੀ। ਆਦਮੀ ਨੇ ਦੇਖਿਆ ਕਿ ਸੋਨੇ ਦੀਆਂ ਮੋਹਰਾਂ ਦੀ ਗੁਥਲੀ ਰਾਹ ਵਿਚ ਡਿੱਘੀ ਪਈ ਹੈ। ਉਸ ਨੇ ਟੋਆ ਜਿਹਾ ਪੱੁਟ ਕੇ ਤੇ ਉਹ ਸੋਨੇ ਦੀਆਂ ਮੋਹਰਾਂ ਟੋਏ ਵਿਚ ਰੱਖ ਕੇ ਦੱਬ ਹੀ ਰਿਹਾ ਸੀ ਕਿ ਉਸ ਦੀ ਪਤਨੀ ਆ ਰਲੀ।
ਕੀ ਦੱਬੀ ਜਾਂਦੇ ਹੋ? ਪਤਨੀ ਪੁੱਛਣ ਲੱਗੀ। ਉਹ ਝੂਠ ਵੀ ਨਹੀਂ ਸੀ ਬੋਲ ਸਕਦਾ ਤੇ ਸੱਚੋ ਸੱਚ ਹੀ ਦੱਸ ਦਿੱਤਾ ਕਿ ਸੋਨੇ ਦੀਆਂ ਮੋਹਰਾਂ ਉਹ ਇਸ ਕਰਕੇ ਦੱਬ ਰਿਹਾ ਸੀ ਕਿ ਕਿਤੇ ਤੇਰੇ ਦਿਲ ਵਿਚ ਸੋਨਾ ਦੇਖ ਕੇ ਲਾਲਚ ਨਾ ਆ ਜਾਵੇ, ਪਰ ਪਤਨੀ ਬੜੀ ਹੈਰਾਨੀ ਨਾਲ ਕਹਿਣ ਲੱਗੀ, “ਅੱਛਾ ਤੁਹਾਨੂੰ ਹਾਲੇ ਸੋਨੇ ਦੀ ਪਛਾਣ ਹੈ!”
ਜੀਵਨ ਜੀਵਿਆ ਜਾਂਦਾ ਹੈ, ਪਾਣੀ ਪੀਵਿਆ ਜਾਂਦਾ ਹੈ। ਪਾਣੀ ਨੂੰ ਦੇਖਣ ਨਾਲ ਪਿਆਸ ਨਹੀਂ ਮਿਟਦੀ। ਜਿੰਨਾ ਚਿਰ ਪਾਣੀ ਪੀਂਦੇ ਨਹੀਂ, ਪਿਆਸ ਮਿਟ ਹੀ ਨਹੀਂ ਸਕਦੀ। ਸੱਚ ਸਿਰਫ ਸਿਮਰਨ ਨਾਲ ਸਚਿਆਰਾ ਨਹੀਂ ਬਣਿਆ ਜਾ ਸਕਦਾ। ਸੱਚ ਦੀ ਪਿਆਸ ਲੱਗੇ ਤਾਂ ਸੱਚ ਤੋਂ ਬਿਨਾ ਹੋਰ ਕੁਝ ਪੀਣ ਨਾਲ ਨਹੀਂ ਬੁਝ ਸਕਦੀ। ਸੱਚ ਜੀਵਿਆ ਜਾਂਦਾ ਹੈ। ਕਬੀਰ ਜੀ ਨੇ ਸੱਚ ਪੀ ਕੇ ਵੇਖਿਆ, ਸੱਚ ਜੀਅ ਕੇ ਵੇਖਿਆ, ਨਹੀਂ ਤਾਂ ਬਿਨਾ ਵਜ੍ਹਾ ਤਾਂ ‘ਰਾਮ ਕਬੀਰਾ ਇਕ ਭਇ ਹੈਂ’ ਨਾ ਲਿਖ ਸਕਦੇ।
ਸਵਾਲ ਇਹ ਨਹੀਂ ਕਿ ਠੀਕ ਕੀ ਹੈ, ਸਵਾਲ ਇਹ ਹੈ ਕਿ ਸਾਨੂੰ ਕੀ ਠੀਕ ਲਗਦਾ ਹੈ? ਅਸੀਂ ਫਿਲਮ ਦੇਖਣ ਜਾਂਦੇ ਹਾਂ। ਸਾਨੂੰ ਪਤਾ ਹੈ ਕਿ ਕਹਾਣੀ ਹੈ, ਅਸਲ ਨਹੀਂ ਹੋਇਆ ਇਸ ਤਰ੍ਹਾਂ, ਪਰ ਫਿਰ ਵੀ ਅਸੀਂ ਕੁਝ ਸੀਨ ਦੇਖ ਕੇ ਰੋ ਪੈਂਦੇ ਹਾਂ, ਕਿਉਂਕਿ ਉਹ ਗੱਲ ਸਾਨੂੰ ਸਾਡੇ ਮੇਚਦੀ ਲਗਦੀ ਹੈ। ਪਹਿਲੀ ਗੱਲ ਤਾਂ ਅਸੀਂ ਕਦੇ ਪੂਰੇ ਸੰਤੁਸ਼ਟ ਹੁੰਦੇ ਹੀ ਨਹੀਂ, ਕਿਉਂਕਿ ਸਾਡੀ ਤਸਬੀ ਵਿਚ ਛੇਕ ਹਨ। ਉਸ ਤਸਬੀ ਨੂੰ ਭਰਿਆ ਹੀ ਨਹੀਂ ਜਾ ਸਕਦਾ, ਜਿਸ ਵਿਚੋਂ ਸਮੱਗਰੀ ਕਿਰੀ ਜਾਵੇ। ਸਾਡੀ ਅਤ੍ਰਿਪਤੀ ਦਾ ਕਾਰਨ ਸਾਡਾ ਛੇਦਾਂ ਵਾਲਾ ਠੂਠਾ ਹੈ, ਜੋ ਭਰਿਆ ਹੀ ਨਹੀਂ ਜਾ ਸਕਦਾ। ਇਹ ਕਿਸੇ ਇਕ ਦੀ ਗੱਲ ਨਹੀਂ ਹੈ, “ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਯੋਗੀ॥”