ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਸਿੱਖ ਰਾਜ’ ਦਾ ਪ੍ਰਬੰਧਕੀ ਢਾਂਚਾ

ਸੰਤੋਖ ਸਿੰਘ ਮੰਡੇਰ ਸਰੀ, ਕੈਨੇਡਾ ਵਸਦਾ ਇਕ ਬਹੁਰੰਗੀ ਤੇ ਬਹੁਪੱਖੀ ਪੰਜਾਬੀ ਦਾ ਲੇਖਕ ਹੈ, ਜੋ ਆਪਣੀ ਨਿਵੇਕਲੀ ਸ਼ੈਲੀ ਵਿਚ ਖੇਡਾਂ-ਖਿਡਾਰੀਆਂ, ਸਫਰਨਾਮੇ ਤੇ ਇਤਿਹਾਸ ਦੇ ਜੀਵਨ ਦੀਆਂ ਪਰਤਾਂ ਫਰੋਲਦਿਆਂ ਅਸਲ ਦੀ ਤਲਾਸ਼ ਵਿਚ ਰਹਿੰਦਾ ਹੈ। ਖੇਡਾਂ-ਖਿਡਾਰੀਆਂ ਅੰਦਰ ਵਿਚਰਦਿਆਂ ਅਤੇ ਦੁਨੀਆਂ ਭਰ ਅੰਦਰ ਵੱਖੋ ਵੱਖ ਤਰ੍ਹਾਂ ਦੇ ਸਮਾਗਮਾਂ ਵਿਚ ਘੁੰਮਣ ਤੋਂ ਇਲਾਵਾ ਪਿਛਲੇ 30 ਸਾਲ ਤੋਂ ਉਹ ਸਿੱਖ ਰਾਜ ਦੀ ਰਾਜਧਾਨੀ ‘ਲਾਹੌਰ’ ਜਾ/ਆ ਰਿਹਾ ਹੈ।

ਲਾਹੌਰ ਮੁਗਲਾਂ, ਸਿੱਖਾਂ ਤੇ ਅੰਗਰੇਜ਼ਾਂ ਦਾ ਸ਼ਾਹੀ ਦਰਬਾਰ ਰਿਹਾ। ਲਾਹੌਰ ਦੇ ਸ਼ਾਹੀ ਕਿਲੇ ਅਤੇ ਅੰਦਰੂਨ ਲਾਹੌਰ ਦੇ ਭਾਟੀ ਦਰਵਾਜੇ ਤੋਂ ਲੈ ਕੇ ਲਾਹੌਰ ਦੇ ਸ਼ਾਲਾਮਾਰ ਬਾਗ ਤੱਕ ਸ਼ਾਹੀ ਸਿੱਖ ਰਾਜ ਦਾ ਇਤਿਹਾਸ ਦੱਬਿਆ ਪਿਆ ਹੈ। ਇਸ ਲੇਖ ਵਿਚ ਲੇਖਕ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਦੇਸ ਪੰਜਾਬ’ ਵਿਚ ਸਿੱਖ ਰਾਜ ਦੇ ਢਾਂਚੇ ਬਾਰੇ ਨਿਵੇਕਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਪੇਸ਼ ਹੈ, ਲੇਖ ਦੀ ਪਹਿਲੀ ਕਿਸ਼ਤ। -ਸੰਪਾਦਕ

ਸੰਤੋਖ ਸਿੰਘ ਮੰਡੇਰ, ਕੈਨੇਡਾ
ਵੱ੍ਹਟਸਐਪ: 1-604-505-7000

‘ਸ਼ੇਰੇ ਪੰਜਾਬ’ ‘ਵਾਲੀਏ ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦਾ ‘ਸਰਕਾਰ-ਏ-ਖਾਲਸਾ’ ‘ਲਾਹੌਰ ਸਿੱਖ ਦਰਬਾਰ’ ‘ਸੁਲਤਾਨ-ਉਲ-ਕੌਮ’ ਰਾਜਾ-ਏ-ਰਾਜਾਨ ‘ਬਾਦਸ਼ਾਹ ਲਾਹੌਰ’ ਤੇ ‘ਤਖਤ ਖਾਲਸਾ ਰਾਜ’ ਸੰਨ 1831 ਵਿਚ 19ਵੀਂ ਸਦੀ ਦੀ ਭਰਵੀਂ ਵਸੋ ਵਾਲੀ ਇਕ ਮਹਾਨ ‘ਸਿੱਖ ਸਲਤਨਤ’ ਸੀ। ਇਹ ਪੱਛਮ ਵਿਚ ਖੈਬਰ ਪਾਸ, ਪੂਰਬ ਵਿਚ ਤਿੱਬਤ ਤੱਕ ਅਤੇ ਦੱਖਣ ਵਲ ਸਿੰਧ ਦੇ ਮਿਠੱਨਕੋਟ ਤੋਂ ਉਤੱਰ ਵਲ ਕਸ਼ਮੀਰ ਤੱਕ ਫੈਲੀ ਹੋਈ ਸੀ। ਇਸ ਸਿੱਖ ਸਲਤਨਤ ਵਿਚ ਵੱਖੋ ਵੱਖ ਧਰਮਾਂ, ਫਿਰਕਿਆਂ ਤੇ ਕਬੀਲਿਆਂ ਦੇ 3.5 ਮਿਲੀਅਨ ਰਹਿੰਦੇ ਲੋਕਾਂ ਉਪਰ ਭਾਈ ਸਾਹਿਬ, ਸਿੰਘ ਸਾਹਿਬ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਲਾਹੌਰ, ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ ਅਤੇ ਇਹ ਆਜ਼ਾਦ ਮੁਲਕ ‘ਦੇਸ ਪੰਜਾਬ’ ਸੰਸਾਰ ਭਰ ਦੇ ਅੰਦਰੂਨੀ ਅਤੇ ਬਾਹਰੀ ਵਪਾਰ ਲਈ ਇਕ ਬੜੀ ਭਾਰੀ ਮੰਡੀ ਸੀ। ਇਕ ਸਮਕਾਲੀ ਇਸਾਈ ਮਿਸ਼ਨਰੀ ਜੌਨ ਲੌਰੀ ਲਾਹੌਰ ਨੂੰ ‘ਪੰਜਾਬ ਦੀ ਦਿੱਲੀ’ ਕਹਿੰਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸ਼ਾਲਾਂ ਅਤੇ ਕਸ਼ਮੀਰੀ ਕੇਸਰ ਲਈ ਬੜੀ ਭਾਰੀ ਮੰਡੀ ਵਜੋਂ ਗਿਣਿਆ ਜਾਂਦਾ ਸੀ ਅਤੇ ਬਹੁਤ ਸਾਰੀਆਂ ਵੱਖੋ ਵੱਖ ਅਜੀਬ ਦੁਰਲੱਭ ਚੀਜ਼ਾਂ ਤੇ ਕੀਮਤੀ ਵਸਤਾਂ ਸੰਸਾਰ ਭਰ ਅਤੇ ਭਾਰਤ ਦੇ ਦੱਖਣ ਤੇ ਪੂਰਬੀ ਹਿਸਿਆਂ ਵਿਚੋਂ ਆ ਕੇ ਇਥੇ ਵਿਕਦੀਆਂ ਸਨ।
ਭਾਰਤੀ ਉਪ ਮਹਾਂਦੀਪ ਦਾ ਇਹ ਆਖਰੀ ਆਜ਼ਾਦ ਰਾਜ ‘ਪੰਜਾਬ’ ਸੀ, ਜੋ ਅੰਗਰੇਜ਼ਾਂ ਨੇ ਬਹੁਤ ਮੁਸ਼ਕਿਲਾਂ ਤੇ ਕੋਝੀਆਂ ਚਾਲਾਂ ਨਾਲ 1850 ਵਿਚ ਬ੍ਰਿਟਿਸ਼ ਸਾਮਰਾਜ ਵਿਚ ਮਿਲਾ ਲਿਆ ਸੀ। ਇਹ ਆਜ਼ਾਦ ‘ਪੰਜਾਬ ਦੇਸ’ 1947 ਵਿਚ ਫਿਰ ਅੰਗਰੇਜ਼ਾਂ ਵਲੋਂ ਟੱਕੜੇ ਟੁਕੜੇ ਕਰਕੇ ਭਾਰਤ, ਪਾਕਿਸਤਾਨ ਤੇ ਚੀਨ ਵਿਚ ਵੰਡਿਆ ਗਿਆ, ਜੋ ਹੁਣ ਇਨ੍ਹਾਂ ਮੁਲਕਾਂ ਦਾ ਬਹੁਤ ਖੁਸ਼ਹਾਲ ਹਿੱਸਾ ਹੈ। ਸ਼ੁਕਰਚੱਕੀਆ ਮਿਸਲ ਦੇ ਤਾਜ ਰਣਜੀਤ ਸਿੰਘ ਨੂੰ ਬਚਪਨ ਵਿਚ ਗੁਜਰਾਂਵਾਲਾ ਸਹਿਰ ਅੰਦਰ ਭਾਗੂ ਸਿੰਘ ਦੀ ਧਰਮਸ਼ਾਲਾ ਵਿਚ ਗੁਰਮੁਖੀ ਸਿਖਣ ਲਈ ਭੇਜਿਆ ਗਿਆ, ਪਰ ਉਸ ਨੇ ਬਹੁਤਾ ਕੁਝ ਨਹੀਂ ਪੜ੍ਹਿਆ ਲਿਖਿਆ ਸੀ। ‘ਖਾਲਸਾ ਰਾਜ’ ਦਾ ਬਾਨੀ ਰਣਜੀਤ ਸਿੰਘ ਛੋਟੀ ਉਮਰ ਵਿਚ ਆਪਣੇ ਸਾਥੀ ਮੁੰਡਿਆਂ ਨਾਲ ਦਰਿਆ ਚਨਾਬ ਵਿਚ ਖੂਬ ਤਾਰੀਆਂ ਲਾਉਣ ਵਿਚ ਹੀ ਮਸਤ ਰਿਹਾ। ਘੋੜ ਸਵਾਰੀ, ਤਲਵਾਰ ਚਲਾਉਣੀ ਤੇ ਨਿਸ਼ਾਨੇਬਾਜੀ ਦਾ ਹੁਨਰ ਉਸ ਨੇ ਅਮੀਰ ਸਿੰਘ ਨਾਮੀ ਇਕ ਬ੍ਰਾਹਮਣ ਤੋਂ ਬੜੀ ਸ਼ਰਧਾ, ਲਗਨ ਤੇ ਮਿਹਨਤ ਨਾਲ ਸਿਖਿਆ। ਰਣਜੀਤ ਸਿੰਘ ਆਪਣੇ ਪਿਉ ਸਰਦਾਰ ਮਹਾਂ ਸਿੰਘ ਨਾਲ ਬਚਪਨ ਵਿਚ ਹੀ ਬੜੀ ਬਹਾਦਰੀ ਨਾਲ ਮਿਸਲਾਂ ਦੀਆਂ ਲੜਾਈਆਂ ਵਿਚ ਭਾਗ ਲੈਂਦਾ ਰਿਹਾ ਸੀ। ਬਹਾਦਰ ਪਿਉ ਦਾ ਸਾਇਆ ਉਸ ਦੇ ਸਿਰ ਉਪਰੋ 10 ਸਾਲ ਦੀ ਨਿਕੀ ਉਮਰ ਵਿਚ ਹੀ ਉਠ ਗਿਆ ਸੀ, ਜਿਸ ਕਰਕੇ ਉਸ ਦਾ ਬਚਪਨ ਝੱਖੜ ਝਾੜਿਆਂ ਵਿਚ ਹੀ ਬੀਤੀਆ, ਤੇ ਉਹ ਕੋਰਾ ਅਨਪੜ੍ਹ ਵੀ ਰਹਿ ਗਿਆ ਸੀ। ਮਿਸਲਦਾਰ ਗੱਭਰੂ ਰਣਜੀਤ ਸਿੰਘ ਉਸ ਸਮੇਂ ਦਾ ਬਹੁਤ ਬਹਾਦਰ, ਫੁਰਤੀਲਾ, ਜਾਂਬਾਜ, ਤਲਵਾਰ ਦਾ ਧਨੀ ਅਤੇ ਨਿਪੁੰਨ ਘੋੜ ਸਵਾਰ ਨੌਜਵਾਨ ਸੀ। ਰਣਜੀਤ ਸਿੰਘ ਦਾ ਸ਼ਹਿਰ ਗੁਜਰਾਂਵਾਲਾ ਪੰਜਾਬ ਦੀ ਜਰਖੇਜ ਮਿਟੀ ‘ਸਾਂਦਲਬਾਰ’ ਦਾ ਇਕ ਅਹਿਮ ਇਲਾਕਾ ਹੈ।
ਸੰਨ 1792 ਤੱਕ 12 ਸਾਲ ਦੀ ਨਿਕੀ ਉਮਰ ਵਿਚ ਪੰਜਾਬ ਦੇ ਗੁਜਰਾਂਵਾਲਾ ਸਹਿਰ ਦੇ ਖਿਆਲੀ ਦਰਵਾਜੇ ਦੇ ਅੰਦਰ ਦਾ ਵਾਸੀ, ਜੱਟ ਸੰਧਾਵਾਲੀਆ ਘਰਾਣੇ ਨਾਲ ਸਬੰਧਤ ਅਤੇ ਸਿੱਖਾਂ ਦੀ ਤੀਜੀ ਪੀੜ੍ਹੀ ਵਿਚ ਸ਼ੁਕਰਚੱਕੀਆ ਮਿਸਲ ਦੇ ਉਤਰ ਅਧਿਕਾਰੀ ਨੌਜਵਾਨ ਰਣਜੀਤ ਸਿੰਘ ਦਾ ਜਵਾਨੀ ਵਿਚ ਸਿ਼ਕਾਰ ਖੇਡਣਾ ਹੀ ਪਿਤਾ ਪੁਰਖੀ ਸ਼ੌਕ ਸੀ। ਚੇਚਕ ਦੀ ਮਹਾਂਮਾਰੀ ਨਾਲ ਉਸ ਦੀ ਇਕ ਖੱਬੀ ਅੱਖ ਮਾਰੀ ਗਈ ਤੇ ਬੰਦ ਹੋ ਗਈ ਸੀ। ਚਿਹਰੇ ਉਪਰ ਮਾਤਾ ਦੇ ਅਣਗਿਣਤ ਡੂੰਘੇ ਦਾਗ ਵੀ ਪੈ ਗਏ, ਜਿਸ ਨਾਲ ਉਸ ਦਾ ਚਿਹਰਾ ਬਦਸੂਰਤ ਜਿਹਾ ਹੋ ਗਿਆ ਸੀ। ਰਣਜੀਤ ਸਿੰਘ ਦਾ ਕੱਦ ਛੋਟਾ, ਲੱਤਾਂ ਪਤਲੀਆਂ ਤੇ ਸਿਰ ਭਾਰਾ ਹੋਣ ਕਰਕੇ ਆਪ ਭਾਵੇ ਸੋਹਣਾ ਨਹੀਂ ਸੀ, ਪਰ ਹਰ ਸੋਹਣੇ ਮਰਦ, ਔਰਤ ਤੇ ਵਸਤੂ ਦਾ ਕਾਇਲ ਸੀ। ਜਰਮਨ ਯਾਤਰੀ ‘ਬੈਰਨ ਹਿਊਗਲ’, ਜੋ ਲਾਹੌਰ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਸੀ, ਉਸ ਬਾਰੇ ਲਿਖਦਾ ਹੈ, “ਉਹ ਇਕ ਛੋਟੇ ਕੱਦ ਦਾ ਤੇ ਕਰੂਪ ਮਨੁੱਖ ਹੈ ਅਤੇ ਜੇ ਉਸ ਵਿਚ ਇੰਨੇ ਮਹਾਨ ਗੁਣ ਨਾ ਹੁੰਦੇ ਤਾਂ ਸ਼ਾਇਦ ਉਸ ਵੱਲ ਕੋਈ ਵੇਖਦਾ ਵੀ ਨਾ।”
ਰਣਜੀਤ ਸਿੰਘ ਨੂੰ ਅੱਗੇ ਪਿਛੋਂ ‘ਕਾਣਾ’ ਵੀ ਕਿਹਾ ਜਾਂਦਾ, ਪਰ ਬਦਸੂਰਤ ਚਿਹਰੇ ਵਾਲਾ ਰਣਜੀਤ ਸਿੰਘ, 20 ਸਾਲ ਦੀ ਛੋਟੀ ਉਮਰ ਵਿਚ ਹੀ ਕੁਦਰਤ ਵਲੋਂ ਬਹੁਤ ਹੀ ਤੀਖਣ ਬੁਧੀ, ਹੌਸਲਾ, ਸਿਆਣਪ, ਬਹਾਦਰੀ ਤੇ ਅਜੀਬ ਸ਼ਕਤੀ ਦਾ ਮਾਲਕ ਸੀ। ਘੋੜੇ ਉਪਰ ਬੈਠਾ ਹੀ ਫੁਰਤੀਲੇ ਜਾਂਬਾਜ ਜਵਾਨਾਂ ਦੇ ਮੁਕਾਬਲਿਆਂ ਵਿਚੋਂ ‘ਜਰਨੈਲ’ ਲੱਭ ਲੈਂਦਾ, ਵੱਖੋ ਵੱਖ ਵਿਭਾਗਾਂ ਲਈ ਕਾਬਲ ‘ਵਜੀਰ’ ਚੁਣਦਾ ਅਤੇ ਚੰਗੇ ਮਾੜੇ ਬੰਦੇ ਦੀ ‘ਪਰਖ’ ਵੀ ਇਕ ਅੱਖ ਨਾਲ ਹੀ ਕਰ ਜਾਂਦਾ। ਇਸ ਲਈ ਉਸ ਨੂੰ ‘ਸਾਹਿਬੇ ਇਲਮ’ ਅਤੇ ‘ਇਲਮ ਦੋਸਤ’ ਕਰਕੇ ਉਸ ਦੇ ਵਜੀਰਾਂ, ਜਾਗੀਰਦਾਰਾਂ, ਦਰਬਾਰੀਆਂ, ਰਾਣੀਆਂ, ਮਹਾਰਾਣੀਆਂ ਤੇ ਪਰਜਾ ਵਲੋਂ ਜਾਣਿਆ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ‘ਲਾਹੌਰ ਖਾਲਸਾ ਰਾਜ’ ਦੇ ਕਿਸਾਨਾਂ ਦਾ ਜਮੀਨੀ ਪ੍ਰਬੰਧ ਬਿਨਾ ਕਿਸੇ ਭੇਦ ਭਾਵ, ਜਾਤ ਪਾਤ ਤੇ ਊਚ ਨੀਚ ਦੇ ਬਹੁਤ ਸੁਚੱਜਾ, ਸਰਲ ਤੇ ਠੇਠ ਸੀ। ਜਦੋਂ ਸੰਨ 1799 ਤੱਕ ਰਣਜੀਤ ਸਿੰਘ ਹਾਲੇ ਇਕ ਆਮ ਸਿੱਖ ਮਿਸਲਦਾਰ ਸਰਦਾਰ ਸੀ, ਉਸ ਦਾ ਸਾਰਾ ਅਮਲਾ ਫੈਲਾ ਇਕ ਦੀਵਾਨ ‘ਲੱਖਪਤ ਰਾਏ’ (ਮਾਲੀ ਪ੍ਰਬੰਧਕ) ਇਕ ਤੋਸ਼ਾਖਾਨੀਆ (ਖਜਾਨਚੀ) ਤੇ ਕੁਝ ਮੁਨਸ਼ੀ (ਕਲਰਕ) ਸਨ। 12 ਅਪਰੈਲ 1801 ਨੂੰ ਵਿਸਾਖੀ ਵਾਲੇ ਦਿਨ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰ ਅਧਿਕਾਰੀ ਬਾਬਾ ਸਾਹਿਬ ਸਿੰਘ ਬੇਦੀ ਨੇ, 21 ਸਾਲ ਦੇ ਨੌਜਵਾਨ ਮੁੰਡੇ ਸਰਦਾਰ ਰਣਜੀਤ ਸਿੰਘ ਨੂੰ ਲਾਹੌਰ ਦੇ ਇਤਿਹਾਸਕ ਮੁਗਲਾਂ ਵਾਲੇ ਸ਼ਾਹੀ ਕਿਲੇ ਦੇ ‘ਦੀਵਾਨੇ ਆਮ’ ਵਿਚ ਮਹਰਾਜੇ ਦਾ ਰਾਜ ਤਿਲਕ ਇਕ ਭਰਵੇਂ ਸ਼ਾਹੀ ਪੰਡਾਲ ਵਿਚ ਦਿਤਾ।
ਸੰਨ 1802 ਵਿਚ ਪੰਜਾਬ ਦਾ ਇਕ ਸ਼ਕਤੀਸ਼ਾਲੀ ‘ਸਿੱਖ ਮਹਾਰਾਜਾ’ ਬਣਨ ਤੋਂ ਬਾਅਦ ਉਸ ਨੇ ਰਾਜ ਦੀ ਪਰਜਾ ਨੂੰ ਵਧੀਆ ਰਾਜ ਪ੍ਰਬੰਧ ਦੇਣ ਲਈ ਹੌਲੀ ਹੌਲੀ ਇਕ ਵਿਭਾਗੀ ਸੰਗਠਨ ਉਸਾਰਿਆ। ਇਸ ਵਿਚ 15 ਦਫਤਰ ਸਨ; ਜਿਵੇਂ ਕਿ ਸ਼ਰਿਸਤਾ-ਇ-ਹਜੂਰ, ਦਫਤਰ-ਇ-ਦੇਵੀ ਦਾਸ, ਨਕਲ ਦਫਤਰ, ਸ਼ਰਿਸਤਾ-ਇ-ਦੀਵਾਨੀ, ਸ਼ਰਿਸਤਾ-ਇ-ਭਵਾਨੀਦਾਸ, ਦਫਤਰ-ਇ-ਆਮ, ਦਫਤਰ-ਇ-ਗੰਗਾਰਾਮ, ਸ਼ਰਿਸਤਾ-ਇ-ਦਫਤਰ, ਦਫਤਰ-ਇ-ਤੋਸ਼ਾਖਾਨਾ-ਇ-ਖਾਸ, ਦਸਵਾਂ ਦਫਤਰ, ਦਫਤਰ-ਇ-ਸ਼ਾਹਜਾਦਾ, ਦਫਤਰ-ਇ-ਦਰੋਗਾ, ਦਫਤਰ-ਇ-ਰੋਜਨਾਮਚਾ, ਦਫਤਰ-ਇ-ਮੋਹਰਯਾਨੀ, ਦਫਤਰ-ਇ-ਖਾਸ ਜਾਂ ਦਫਤਰ-ਇ-ਮੁਅੱਲਾ। ਸ਼ਰਿਸਤਾ ਫਾਰਸੀ ਭਾਸ਼ਾ ਦਾ ਸਬਦ ਹੈ, ਜਿਸ ਦਾ ਮਤਲਬ ਹੈ, ਵਿਭਾਗ ਤੇ ਮਹਿਕਮਾ। ਇਹ ਸਾਰੀ ਤਰਤੀਬ ਦੀਵਾਨ ਭਵਾਨੀ ਦਾਸ ਨੇ ਦਿਤੀ ਸੀ, ਜੋ ਅਫਗਾਨਿਸਤਾਨ ਦੇ ਬਾਦਸ਼ਾਹ, ਮੁਸਲਮਾਨ ਸ਼ਾਸ਼ਕ ‘ਸ਼ਾਹ ਸ਼ੁਜਾਹ’ ਹੇਠ ਇਕ ਉਚੇ ਮਾਮਲਾ ਅਧਿਕਾਰੀ ਦੇ ਤੌਰ `ਤੇ ਕੰਮ ਕਰ ਚੁਕਾ ਸੀ। ਇਸ ਦੌਰ ਵਿਚ ਆਂਢੀ ਗੁਆਂਢੀ ਮੁਲਕਾਂ ਵਿਚ ਆਉਣ-ਜਾਣ ਖੁੱਲ੍ਹਾ ਹੀ ਹੁੰਦਾ ਸੀ, ਨਾ ਕੋਈ ਪਾਸਪੋਰਟ ਪ੍ਰਚੱਲਤ ਸਨ, ਨਾ ਹੀ ਕੋਈ ‘ਵੀਜਾ ਅਫਸਰ’ ਹੰੁਦਾ ਅਤੇ ਨਾ ਹੀ ਕੋਈ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਲੰਘਣ ਵੇਲੇ ਫੜੋ ਫੱੜਾਈ ਕੀਤੀ ਜਾਂਦੀ ਸੀ।
ਲਾਹੌਰ ਖਾਲਸਾ ਦਰਬਾਰ ਦੇ ਰਾਜ ਦੀ ਸ਼ਾਹੀ ਲਿਖਤੀ ਦਫਤਰੀ ਭਾਸ਼ਾ ਫਾਰਸੀ ਸੀ ਤੇ ਪਰਜਾ ਵਿਚ ਗੁਰਮੁਖੀ ਤੇ ਫਾਰਸੀ-ਦੋਵੇਂ ਭਾਸ਼ਾਵਾਂ ਪ੍ਰਚੱਲਤ ਸਨ। ਸ਼ਾਹੀ ਦੀਵਾਨ ਭਵਾਨੀ ਦਾਸ ਦੀ ਮਦਦ ਲਈ ਦੀਵਾਨ ਗੰਗਾ ਰਾਮ ਸੀ, ਜੋ ਗਵਾਲੀਅਰ ਦੇ ਮਹਾਰਾਜੇ ਮਹਾਦ ਜੀ ਸਿੰਧੀਆ ਅਤੇ ਦੌਲਤ ਰਾਉ ਸਿੰਧੀਆ ਦੀ ਨੌਕਰੀ ਕਰ ਚੁਕਾ ਸੀ। ਇਹ ਦੋਵੇਂ ਅਫਸਰ ਕੁਝ ਦਫਤਰਾਂ ਦੇ ਮੁੱਖ ਅਧਿਕਾਰੀ ਸਨ ਤੇ ਆਪਣੀਆਂ ਨਿਜੀ ਮੋਹਰਾਂ ਵੀ ਵਰਤਦੇ ਸਨ, ਜੋ ਸ਼ਾਹੀ ਮੋਹਰ ਦੇ ਨਾਲ ਨਾਲ ਸਾਰੇ ਸਰਕਾਰੀ ਕਾਗਜਾਂ ਤੇ ਲਗਦੀਆਂ ਸਨ। ਦੀਵਾਨ ਗੰਗਾ ਰਾਮ ਦੀ ਸੰਨ 1816 ਵਿਚ ਮੌਤ ਤੋਂ ਬਾਦ ਰਾਜਾ ਦੀਨਾ ਨਾਥ ਨੇ ਸ਼ਾਹੀ ਮੋਹਰ ਦਾ ਚਾਰਜ ਲੈ ਲਿਆ। ਸੰਨ 1834 ਵਿਚ ਦੀਵਾਨ ਭਵਾਨੀ ਦਾਸ ਦੀ ਮੌਤ ਤੋਂ ਬਾਦ ਰਾਜਾ ਦੀਨਾ ਨਾਥ ਸਾਰੇ ਦੀਵਾਨੀ ਤੇ ਆਰਥਿਕ ਮਾਮਲਿਆਂ ਦਾ ਮੁਖੀ ਬਣ ਗਿਆ। ਖਾਲਸਾ ਦਰਬਾਰ ਦੇ ਬਾਕੀ ‘ਸ਼ਾਹੀ ਵਜੀਰ’ ਭਾਈ ਰਾਮ ਸਿੰਘ, ਭਾਈ ਗੋਬਿੰਦ ਰਾਮ ਤੇ ਫਕੀਰ ਅਜੀਜ਼ਉਦੀਨ ਵੀ ਕਦੀ ਕਦੀ ਦੀਵਾਨੀ ਮਾਮਲਿਆਂ ਵਿਚ ਦਖਲ ਦਿੰਦੇ ਸਨ।
ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੇ ਹਰ ਖਾਸ ਸੁਆਲ ਤੇ ਫੈਸਲੇ ਨੂੰ ਇਕੱਲਿਆਂ ਅਤੇ ਆਜਾਦ ਤੌਰ `ਤੇ ਨਜਿੱਠਿਆ ਕਰਦਾ ਸੀ। ਖਾਲਸਾ ਰਾਜ ਵਿਚ ਆਮ ਵਕੀਲਾਂ ਦਾ ਨਾਮੋ ਨਿਸ਼ਾਨ ਨਹੀਂ ਸੀ। ਨਾ ਕੋਈ ਸੁਪਰੀਮ ਕੋਰਟ ਹੁੰਦਾ ਸੀ ਤੇ ਨਾ ਹੀ ਕੋਈ ਹਾਈ ਕੋਰਟ ਸੀ। ਕੋਈ ਹੋਰ ਜੱਜਾਂ ਦਾ ਕਾਫਲਾ ਵੀ ਨਹੀਂ ਹੰੁਦਾ ਸੀ। ਇਨ੍ਹਾਂ ਸਭ ਤੋਂ ਬਿਨਾ ਮਹਾਰਾਜੇ ਦਾ ਇਨਸਾਫ, ਹੱਕ, ਸੱਚ ਤੇ ਧਰਮ ਦਾ ‘ਖਾਲਸ ਰਾਜ’ ਸੀ। ਸਾਰੇ ਹੁਕਮ ਮਹਾਰਾਜੇ ਦੇ ਖੁੱਲ੍ਹੇਆਮ ਤੇ ਜਬਾਨੀ ਹੀ ਚੱਲਦੇ ਤੇ ਵੱਜਦੇ ਸਨ। ਲਾਹੌਰ ਸਿੱਖ ਰਾਜ ਵਿਚ ਇਕ ਅਦਾਲਤ-ਏ-ਆਲਾ ਕਾਇਮ ਕੀਤੀ ਹੋਈ ਸੀ, ਜੋ ਖਾਲਸਾ ਰਾਜ ਦੀ ਸਭ ਤੋਂ ਉਚੀ ਅਦਾਲਤ ਸੀ। ਇਸ ਅਦਾਲਤ ਦਾ ਮੁੱਖ ਅਦਾਲਤੀ ਇਕ ਮੁਸਲਮਾਨ ਮਜਹੱਰ ਅਲੀ ਸੀ। ਮੁੱਖ ਅਦਾਲਤੀ ਦੀ ਤਨਖਾਹ 80 ਰੁਪਏ ਮਹੀਨਾ ਤੇ ਬਾਕੀ ਅਦਾਲਤੀਆਂ ਨੂੰ 45 ਰੁਪਏ ਮਹੀਨਾ ਮਿਲਦਾ ਸੀ। ਮਹਾਰਾਜਾ ਸਭ ਅਪੀਲਾਂ ਲਈ ਅੰਤਿਮ ਅਦਾਲਤ ਸੀ।
ਖਾਲਸਾ ਰਾਜ ਵਿਚ ਜਦੋਂ ਕੋਈ ਫਰਿਆਦੀ ਮਹਾਰਾਜਾ ਨੂੰ ਮਿਲਣਾ ਚਾਹੰੁਦਾ ਸੀ ਤੇ ਮਹਾਰਾਜਾ ਤੱਕ ਪਹੁੰਚਣ ਵਿਚ ਔਕੜ ਮਹਿਸੂਸ ਕਰਦਾ ਤਾਂ ਉਹ ਦੂਰੋਂ ਹੀ ਬਾਹ ਉਚੀ ਚੁੱਕ ਕੇ ਇਕ ਕੱਪੜਾ ਜੋਰ ਜੋਰ ਨਾਲ ਹਿਲਾਉਂਦਾ, ਜਿਸ ਨੂੰ ‘ਪੱਲੂ ਫੇਰਨਾ’ ਕਿਹਾ ਜਾਂਦਾ ਸੀ। ਰਹਿਮ ਦਿਲ ਮਹਾਰਾਜਾ ਉਸ ਨੂੰ ਆਪਣੇ ਪਾਸ ਬੁਲਾ ਲੈਂਦਾ ਤੇ ਉਸ ਦੀ ਫਰਿਆਦ ਪਹਿਲ ਦੇ ਆਧਾਰ ਉਪਰ ਸੁਣੀ ਜਾਂਦੀ। ‘ਖਾਲਸਾ ਰਾਜ’ ਵਿਚ ਧਾਰਮਿਕ, ਸਮਾਜਿਕ ਤੇ ਕਿਸਾਨੀ ਮਸਲੇ ਸੁਣਨ ਲਈ ਮਹਾਰਾਜਾ ਨੇ ਕਾਜੀ ਦਾ ਅਹੁਦਾ ਵੀ ਕਾਇਮ ਰੱਖਿਆ ਹੋਇਆ ਸੀ। ਲਾਹੌਰ ਦਰਬਾਰ ਵਿਚ ਮੁਸਲਮਾਨਾਂ ਤੋਂ ਬਿਨਾ ਹਿੰਦੂ ਤੇ ਸਿੱਖ ਵੀ ਕਾਜੀ ਹੁੰਦੇ ਸਨ, ਜੋ ਮੁਨਸਿਫ ਜਾਂ ਮੈਜਿਸਟਰੇਟ ਦਾ ਕੰਮ ਕਰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੱਛਮ ਵਲ ਦਰਿਆ ਸਿੰਧ ਤੋਂ ਲੈ ਕੇ ਪੂਰਬ ਵਲ ਦਰਿਆ ਜਮਨਾ ਤੱਕ, ਹਿੰਦੁਸਤਾਨ ਵਿਚ ‘ਅੰਗਰੇਜ਼ਾਂ ਦੀ ਦਿੱਲੀ’ ਦੀਆਂ ਸਰਹੱਦਾਂ ਤੋਂ ਸ਼ੁਰੂ ਹੁੰਦਾ ਸੀ ਤੇ ਅਫਗਾਨ ਸ਼ਾਸ਼ਕ ਦੀ ‘ਰਾਜਧਾਨੀ ਕਾਬਲ’ ਦੀਆਂ ਜੜ੍ਹਾਂ ਵਿਚ ਖਤਮ ਹੁੰਦਾ ਸੀ।
ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ, ਬਲਦ ਚੜ੍ਹਤ ਸਿੰਘ, ਬਲਦ ਨੌਧ ਸਿੰਘ, ਬਲਦ ਬੁੱਧ ਸਿੰਘ, ਸੰਧਾਵਾਲਿਏ ਸਰਦਾਰ, ਜੱਦੀ ਪੁਸ਼ਤੀ ਵਾਸੀਆਨ ਪਿੰਡ ਰਾਜਾਸਾਂਸੀ ਨੇੜੇ ਅੰਮ੍ਰਿਤਸਰ,ਦੀ ਖਾਨਦਾਨੀ ਸ਼ੁਕਰਚੱਕੀਆ ਮਿਸਲ ਪੰਜਾਬ ਦੇ ਜਰਖੇਜ ਇਲਾਕੇ ਗੁਜਰਾਂਵਾਲਾ ਤੇ ਇਸ ਦੇ ਨਾਲ ਦੇ ਪਿੰਡਾਂ ਵਿਚ ਰਾਜ ਕਰਦੀ ਸੀ। ਸੰਨ 1730 ਵਿਚ ਸਰਦਾਰ ਨੌਧ ਸਿੰਘ ਸੰਧਾਵਾਲੀਏ ਤੇ ਸਰਦਾਰ ਚੜ੍ਹਤ ਸਿੰਘ ਦੇ ਪਿਉ ਅਤੇ ਰਣਜੀਤ ਸਿੰਘ ਦੇ ਪੜਦਾਦੇ ਨੇ ਗੁਜਰਾਂਵਾਲੇ ਦੇ ਲਾਗੇ ਇਕ ਉਜਾੜ ਪਈ ਪਿੰਡ ਸ਼ੁਕਰਚੱਕ ਦੀ ਥੇਹ ਉਪਰ ਇਕ ਕੱਚੀ ਗੜ੍ਹੀ ਬਣਾ ਕੇ ਸ਼ੁਕਰਚੱਕੀਆ ਮਿਸਲ ਦੀ ਨੀਂਹ ਰਖੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿਚ ਮੋਢੀ ਸਰਦਾਰ ਬੁੱਧ ਸਿੰਘ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਪਾਨ ਕਰਕੇ ਖਾਲਸਾ ਬਣੇ ਤੇ ਸਿੰਘ ਸਜੇ ਸਨ।
ਸਰਦਾਰ ਨੌਧ ਸਿੰਘ ਨੇ ਹੀ ਇਸ ਗੜ੍ਹੀ ਰੂਪੀ ਕਿਲੇ ਦੀ ਰਾਖੀ ਲਈ 30 ਸਿੰਘ ਸਰਦਾਰ ਘੋੜ ਸਵਾਰ ਆਪਣੇ ਨਾਲ ਮਿਲਾ ਲਏ, ਜਿਨ੍ਹਾਂ ਨੂੰ ਸ਼ੁਕਰਚੱਕੀਆ ਮਿਸਲ ਦਾ ਮੂਲ ਆਧਾਰ ਅਤੇ ਖਾਲਸਾ ਸਲਤਨਤ ਦੀ ਨੀਂਹ ਕਿਹਾ ਜਾ ਸਕਦਾ ਹੈ। ਸਰਦਾਰ ਨੌਧ ਸਿੰਘ ਨੇ ਆਪਣੇ ਜਥੇ ਨਾਲ ਇਲਾਕੇ ਵਿਚ ਨਿਰਭੈਤਾ ਦੇ ਅਜਿਹੇ ਕਾਰਨਾਮੇ ਕੀਤੇ, ਜਿਨ੍ਹਾਂ ਦਾ ਦਬਦਬਾ ਇਲਾਕਾ ਪੋਠੋਹਾਰ ਦੇ ਸ਼ਹਿਰ ਰਾਵਲਪਿੰਡੀ ਤੋਂ ਦਰਿਆ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀ। ਸਮੇਂ ਦੇ ਨਾਲ ਰਣਜੀਤ ਸਿੰਘ ਦਾ ਪੜਦਾਦਾ ਸਰਦਾਰ ਚੜ੍ਹਤ ਸਿੰਘ ਆਪਣੀ ਮਿਸਲ ਨੂੰ ਸੁਕਰਚੱਕ ਪਿੰਡ ਤੋਂ ਗੁਜਰਾਂਵਾਲੇ ਸ਼ਹਿਰ ਵਿਚ ਲੈ ਆਇਆ। ਸਰਦਾਰ ਚੜ੍ਹਤ ਸਿੰਘ ਆਪਣੇ ਜਥੇ ਵਿਚ ਸ਼ਾਮਲ ਹੋਣ ਵਾਲੇ ਹਰ ਘੋੜ ਸਵਾਰ, ਤੀਰ ਕਮਾਨ ਚਾਲਕ ਤੇ ਤਲਵਾਰ ਦੇ ਧਨੀ ਨੂੰ ਆਪਣੇ ਹੱਥਾਂ ਨਾਲ ਅੰਮ੍ਰਿਤ ਛਕਾਉਂਦਾ ਅਤੇ ਫਿਰ ਮਿਸਲ ਵਿਚ ਮਿਲਣ ਦੀ ਆਗਿਆ ਦਿੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ‘ਖਾਲਸਾ ਪੰਥ’ ਖਾਲਸੇ ਦੀਆਂ ਨਿਰੋਲ ਸਿੱਖ ਫੌਜਾਂ ਨੇ ਅੱਗੇ ਜਾ ਕੇ ‘ਮਹਾਨ ਖਾਲਸਾ ਸਿੱਖ ਸਲਤਨਤ’ ਦੀ ਬੜੀ ਮਜਬੂਤ ਨੀਂਹ ਰੱਖੀ।
ਸਰਦਾਰ ਚੜ੍ਹਤ ਸਿੰਘ ਦੇ ਸਮੇਂ ਸਿੱਖਾਂ ਦੀਆਂ 12 ਹੋਰ ਨਾਮੀ ਮਿਸਲਾਂ ਵੀ ਸਨ ਅਤੇ ਇਹ ਸਿੱਖ ਮਿਸਲਾਂ ਕਈ ਹੋਰ ਛੋਟੀਆਂ ਰਿਆਸਤਾਂ ਨਾਲ ਲੜਾਈਆਂ ਭੜਾਈਆਂ ਕਰ ਕੇ ਲੁੱਟ ਮਾਰ ਨਾਲ ਆਪਣਾ ਗੁਜਾਰਾ ਕਰਦੀਆਂ ਰਹੀਆਂ। ਇਨ੍ਹਾਂ ਰਿਆਸਤਾਂ ਵਿਚੋਂ ਉਸ ਸਮੇਂ ਪ੍ਰਸਿਧ: ਮੁਲਤਾਨ, ਬਹਾਵਲਪੁਰ, ਡੇਰਾ ਗਾਜ਼ੀ ਖਾਂ, ਮਨਕੇਰਾ, ਪਸ਼ੌਰ, ਬੰਨੂੰ, ਹਜ਼ਾਰਾ ਤੇ ਟਾਂਕ, ਜੋ ਅਫਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਅਧੀਨ ਕਰਕੇ ਪਠਾਣ ਸਰਦਾਰਾਂ ਨੂੰ ਕਰ ਵਸੂਲੀ ਦੀ ਸ਼ਰਤ ਉਪਰ ਦਿੱਤੀਆਂ ਸਨ। ਇਸ ਤੋਂ ਬਿਨਾ ਕੁਝ ਪਹਾੜੀ ਇਲਾਕੇ ਸਨ, ਜਿਨ੍ਹਾਂ ਉਪਰ ਰਾਜਪੂਤ ਘਰਾਣਿਆਂ ਦਾ ਆਜ਼ਾਦ ਰਾਜ ਸੀ ਤੇ ਹਿਮਾਲਿਆ ਦੇ ਅੰਦਰਲੀਆਂ ਪਹਾੜੀਆਂ ਵਿਚ ਸਥਿਤ ਸਨ। ਪੰਜਾਬ ਵਿਚ ਹੀ ਕੁਝ ਬਹਾਦਰ ਪੰਜਾਬੀ ਮੁਸਲਮਾਨ ਘਰਾਣਿਆਂ ਤੇ ਕਬੀਲਿਆਂ ਦੇ ਵੀ ਇਲਾਕੇ ਸ਼ਾਮਲ ਸਨ, ਜਿਥੇ ਇਕ ਕਿਸਮ ਦੇ ਸੁਤੰਤਰ ਰਾਜ ਕਾਇਮ ਸਨ। ਜਿਵੇਂ ਕਿ ਕਸੂਰ ਦੇ ਪਠਾਣ, ਰਸੂਲ ਨਗਰ ਦੇ ਚੱਠੇ, ਸ਼ਾਹਪੁਰ ਦੇ ਟਿਵਾਣੇ ਤੇ ਝੰਗ ਦੇ ਸਿਆਲ ਜੱਟ, ਇਹ ਸਾਰੇ ਜੱਦੀ ਪੁਸ਼ਤੀ ਮੁਸਲਮਾਨ ਤਾਕਤਵਰ ਘਰਾਣੇ ਸਨ। ਜਿਹੜੇ ਵੀ ਚੌਧਰੀ, ਮਿਸਲਦਾਰ, ਸਰਦਾਰ ਜਾਂ ਜਥੇਦਾਰ ਦੀਆਂ ਬਾਹਾਂ ਵਿਚ ਜਾਨ ਹੰੁਦੀ ਅਤੇ ਉਸ ਦੀ ਸੈਨਾ ਦੇ ਜਵਾਨ, ਤਾਕਤ ਤੇ ਵਫਾਦਾਰੀ ਦੇ ਨਾਲ ਹੱਥੋ ਹੱਥ ਲੜਾਈ ਵਿਚ ਪੂਰੇ ਮਾਹਿਰ ਹੰੁਦੇ, ਉਹ ਹੋਰਾਂ ਉਪਰ ਕਬਜਾ ਕਰ ਲੈਂਦੇ।
ਇਸ ਦੌਰ ਵਿਚ ਕਬਜੇ ਦਾ ਰਾਜ ਸੀ, ਨਾ ਕਿਸੇ ਅੱਗੇ ਮਿੰਨਤ ਤਰਲੇ ਦੀ ਫਰਿਆਦ ਸੁਣੀ ਜਾਂਦੀ ਸੀ। ਇਸ ਜਮਾਨੇ ਵਿਚ ਨਾ ਹੀ ਕੋਈ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ, ਨਾ ਕੋਈ ਠੰਡੇ ਪਾਣੀ ਦੀਆਂ ਤੇਜ ਬੌਛਾਂੜਾਂ ਮਾਰੀਆਂ ਜਾਂਦੀਆਂ ਸਨ। ਨਾ ਹੀ ਕਿਸੇ ਪਾਰਲੀਮੈਂਟ ਅੱਗੇ ਧਰਨੇ ਦੇਣੇ ਪੈਂਦੇ ਸਨ, ਨਾ ਹੀ ਕੋਈ ਮੁਲਕ ਦੀਆਂ ਸਰਹੱਦਾਂ ਉਪਰ ਕਿਸਾਨ ਅੰਦੋਲਨ ਚਲਦੇ ਅਤੇ ਨਾ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਚੁਣਨ ਲਈ ਵੋਟਾਂ ਪੈਂਦੀਆਂ ਸਨ। ਇਹ ਇਕ ਗੋਰਖ ਧੰਦਾ ਜਿਹਾ ਸੀ, ਜਿਸ ਦੇ ਟੁਕੜਿਆਂ ਨੂੰ ਖਾਲਸਾ ਦਰਬਾਰ ਲਾਹੌਰ ਦੇ ਖਾਲਸ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤੀਖਣ ਬੁੱਧੀ, ਭਾਈਚਾਰਕ ਰਿਸ਼ਤਿਆਂ ਦੀ ਸਾਂਝ ਤੇ ਤੇਗ ਤਲਵਾਰ ਦੇ ਜੋਰ ਨਾਲ ਇਕੱਠਾ ਕਰਕੇ ਇਕ ਮਹਾਨ ਅਨੋਖੇ ਸੈਕੂਲਰ ਰਾਜ ‘ਸਰਕਾਰ-ਏ-ਖਾਲਸਾ’ ਦੀ ਸਥਾਪਨਾ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਵਿਚ ‘ਸਿੰਘ ਸਾਹਿਬ’ ਤੇ ‘ਸਰਕਾਰ’ ਦੇ ਨਾਂ ਨਾਲ ਆਪਣੇ ਆਪ ਨੂੰ ਬੁਲਾਉਣ ਵਿਚ ਤਰਜੀਹ ਦਿੰਦਾ ਸੀ, ਪਰ ਵੱਡੀ ਉਮਰ ਦੇ ਸਰਦਾਰ ਲੋਕ ਉਸ ਨੂੰ ‘ਭਾਈ ਸਾਹਿਬ ਜੀ’ ਦੇ ਨਾਮ ਨਾਲ ਬੁਲਾ ਕੇ ਵੀ ਸਤਿਕਾਰ ਦਿੰਦੇ ਸਨ। ਖਾਲਸਾ ਦਰਬਾਰ ਦੇ ਇਸ ‘ਭਾਈ ਸਾਹਿਬ ਜੀ’ ਤੋਂ ਉਸ ਸਮੇਂ ਦੀ ਸੰਸਾਰ ਵਿਚ ਸਭ ਤੋਂ ਤਾਕਤਵਰ ਹਕੂਮਤ ਭਾਰਤ ਦੀ ‘ਅੰਗਰੇਜ਼ ਸਰਕਾਰ’ ਵੀ ਭੈਅ ਖਾਂਦੀ ਸੀ। ਅੰਗਰੇਜ਼ਾਂ ਨੇ ਸਾਰੇ ਹਿੰਦੁਸਤਾਨ ਦੇ ‘ਹਿੰਦੂਆਂ’ ਨੂੰ ਆਪਣੀ ‘ਤਲਵਾਰ’ ਤੇ ‘ਤੋਪ’ ਦੀ ਸ਼ਕਤੀ ਨਾਲ ਅਧੀਨ ਕਰ ਲਿਆ ਸੀ। ਦਿੱਲੀ ਦੇ ਪੱਛਮ ਵਲ ਆਜ਼ਾਦ ‘ਖਾਲਸਾ ਸਰਕਾਰ’ ਦਾ ‘ਪੰਜਾਬ ਦੇਸ’ ਉਨ੍ਹਾਂ ਦੀ ਹਿੱਕ ਉਪਰ ਭਾਰੇ ਪੱਥਰ ਵਾਂਗ ਰੜਕਦਾ ਤੇ ਚੁਭਦਾ ਸੀ।
ਲਾਹੌਰ ਦੇ ਸਿੱਖ ਰਾਜ, ਖਾਲਸਾ ਦਰਬਾਰ ‘ਸਰਕਾਰ-ਏ-ਖਾਲਸਾ’ ਵਿਚ ਇਹ ਦਫਤਰ ਇਸ ਤਰ੍ਹਾਂ ਕੰਮ ਕਰਦੇ ਸਨ ਕਿ ਜਦੋਂ ਮਹਾਰਾਜਾ ਆਪਣੇ ਅਧਿਕਾਰੀਆਂ ਦੀ ਤਨਖਾਹ ਦੀ ਅਦਾਇਗੀ ਦਾ ਹੁਕਮ ਦਿੰਦਾ ਸੀ, ਇਹ ਸਦਾ ਜ਼ਬਾਨੀ ਤੇ ਪੰਜਾਬੀ ਵਿਚ ਹੁੰਦਾ ਸੀ, ਜੋ ਵੀ ਕੋਈ ਮੁਨਸ਼ੀ ਉਥੇ ਹੁੰਦਾ ਤਾਂ ਉਹ ਉਸ ਨੂੰ ਫਾਰਸੀ ਵਿਚ ਲਿਖ ਦਿੰਦਾ ਤੇ ਆਪਣੇ ਮਹਿਕਮੇ ਦੀ ਮੋਹਰ ਲਾ ਦਿੰਦਾ; ਫਿਰ ਇਹ ਹੁਕਮ ਅੱਗੇ ਮਹਾਰਾਜੇ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ। ਮਹਾਰਾਜਾ ਭਾਵੇਂ ਅਨਪੜ੍ਹ ਸੀ, ਫਿਰ ਵੀ ਉਸ ਨੂੰ ਫਾਰਸੀ ਦੀ ਇੰਨੀ ਸਮਝ ਜਰੂਰ ਆ ਗਈ ਸੀ ਕਿ ਉਹ ਉਸ ਦਾ ਤਰਜਮਾ ਠੀਕ ਸਮਝ ਲੈਂਦਾ ਸੀ। ਕਈ ਵਾਰ ਜਦੋਂ ਮੁਨਸ਼ੀ ਦਾ ਬਣਾਇਆ ਖਰੜਾ ਮਹਾਰਾਜੇ ਦੇ ਅਸਲੀ ਹੁਕਮ ਨਾਲ ਮੇਲ ਨਹੀਂ ਸੀ ਖਾਂਦਾ ਤਾਂ ਉਹ ਉਸ ਵਿਚ ਅਦਲਾ-ਬਦਲੀ ਕਰਵਾ ਦਿੰਦਾ ਸੀ ਜਾਂ ਦੁਬਾਰਾ ‘ਮਜਮੂਨ’ ਬਣਾ ਕੇ ਪੇਸ਼ ਕਰਨ ਦਾ ਹੁਕਮ ਦਿੰਦਾ ਸੀ। ਹੁਕਮ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਦੋ ਮੋਹਰਾਂ ਲਾਈਆਂ ਜਾਂਦੀਆਂ ਸਨ। ਇਕ ਮੋਹਰ ਦੇ ਅਰਥ ਸਨ, ‘ਅਕਾਲ ਸਹਾਇ ਰਣਜੀਤ ਸਿੰਘ।’ ਇਹ ਮੋਹਰ ਗੁਰਮੁਖੀ ਵਿਚ ਹੁੰਦੀ ਸੀ। ਦੂਜੀ ਮੋਹਰ ‘ਮੁਲਾਹਿਜਾ ਸ਼ੁਦ’ ਫਾਰਸੀ ਵਿਚ ਹੁੰਦੀ ਸੀ, ਜਿਸ ਦਾ ਅਰਥ ‘ਪ੍ਰਵਾਨ ਹੈ ਜੀ।’ ਜਿਵੇਂ ਜਿਵੇਂ ਵਕਤ ਲੰਘਦਾ ਗਿਆ, ਇਕ ਇਕ ਕਰਕੇ ਇਨ੍ਹਾਂ ਵਿਭਾਗਾਂ ਦਾ ਘੁੰਮ ਘੁੰਮਾ ਤਿਆਗ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਸਮੇਂ ਵਿਚ ਸਿਰਫ ਇਕ ਮੋਹਰ ਦੀ ਹੀ ਵਰਤੋ ਹੁੰਦੀ ਸੀ। ਇਹ ਦੀਵਾਨ ਕਿਰਪਾ ਰਾਮ ਦੀ ਮੋਹਰ ਸੀ ਜਾਂ ਦੀਵਾਨ ਹਰਸੁੱਖ ਰਾਇ ਦੀ, ਜੋ ਸ਼ਾਹੀ ਮੋਹਰ ਦਾ ਇੰਚਾਰਜ ਸੀ।
ਖਾਲਸਾ ਦਰਬਾਰ ਸਥਾਨਕ ਰਾਜ ਪ੍ਰਬੰਧ ਵਿਚ ਪੰਜਾਬ ਦੇ ਚਾਰ ਪ੍ਰਾਂਤ ਹੁੰਦੇ ਸਨ: ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ੌਰ। ਇਨ੍ਹਾਂ ਤੋਂ ਬਿਨਾ ਕੁਝ ਪਹਾੜੀ ਇਲਾਕੇ ਸਨ, ਜਿਨ੍ਹਾਂ ਉਪਰ ਮਹਾਰਾਜੇ ਦਾ ਸਿੱਧਾ ਪ੍ਰਬੰਧ ਨਹੀਂ ਸੀ, ਪਰ ਇਹ ਉਸ ਨੂੰ ਸਾਲਾਨਾ ਕਰ ਦਿੰਦੇ ਸਨ। ਹਰ ਪ੍ਰਾਂਤ ਦੇ ਪਰਗਨੇ ਸਨ, ਹਰ ਪਰਗਨੇ ਵਿਚ ਤੁਅਲਕੇ ਤੇ ਹਰ ਤੁਅਲਕੇ ਵਿਚ 50 ਤੋਂ 100 ਤੱਕ ਪਿੰਡ ਹੁੰਦੇ ਸਨ। ਹਰ ਪ੍ਰਾਂਤ ਦੇ ਪ੍ਰਬੰਧ ਦਾ ਮੁਖੀ ‘ਨਾਜ਼ਮ’ (ਗਵਰਨਰ) ਹੁੰਦਾ ਸੀ, ਜਿਸ ਹੇਠਾਂ ਕੁਝ ‘ਕਾਰਦਾਰ’ (ਜਿਲਾ ਅਫਸਰ) ਹੁੰਦੇ ਸਨ। ਕਾਰਦਾਰ ਕੇਂਦਰੀ ਸਰਕਾਰ ਦਾ ਉਸ ਇਲਾਕੇ ਲਈ ਨੁਮਾਇੰਦਾ ਹੁੰਦਾ ਸੀ ਤੇ ਉਹ ਆਮ ਲੋਕਾਂ ਦੀ ਭਲਾਈ ਦਾ ਜਿ਼ੰਮੇਵਾਰ ਸੀ। ਉਹ ਮਾਲੀਆ ਅਫਸਰ, ਬੰਦੋਬਸਤ ਅਫਸਰ, ਖਜਾਨਾ ਅਫਸਰ, ਜੱਜ, ਮੈਜਿਸਟ੍ਰੇਟ, ਚੁੰਗੀ ਟੈਕਸ ਤੇ ਅਮਨ ਸ਼ਾਂਤੀ ਅਫਸਰ ਦੀਆਂ ਸਾਰੀਆਂ ਜਿੰ਼ਮੇਵਾਰੀਆਂ ਨਿਭਾਉਂਦਾ ਸੀ। ਇਹ ਨਾਜ਼ਮ ਤੇ ਕਾਰਦਾਰ ਚੰਗੇ ਧਨਾਢ, ਉਚੀ ਪਦਵੀ ਤੇ ਅਸਰ ਰਸੂਖ ਵਾਲੇ ਭੱਦਰ ਪੁਰਸ਼ ਹੁੰਦੇ ਸਨ, ਜਿਨ੍ਹਾਂ ਨੂੰ ਮਹਾਰਾਜਾ ਆਪ ਮੁਕੱਰਰ ਕਰਦਾ ਸੀ। ਜਿਵੇਂ ਹਰੀ ਸਿੰਘ ਨਲੂਆ, ਦੀਵਾਨ ਸਾਵਣ ਮੱਲ, ਸਰਦਾਰ ਲਹਿਣਾ ਸਿੰਘ, ਜਮਾਂਦਾਰ ਖੁਸ਼ਹਾਲ ਸਿੰਘ, ਇਟਾਲੀਅਨ ਜਰਨੈਲ ਐਵਾ-ਤਬੀਲ ਜਾਂ ਸਥਾਨਕ ਫੌਜੀ ਸਰਦਾਰ, ਜਿਨ੍ਹਾਂ ਨੂੰ ਇਸ ਸ਼ਰਤ `ਤੇ ਪਦਵੀਆਂ ਮਿਲਦੀਆਂ ਸਨ ਕਿ ਉਹ ਲੜਾਈ ਦੇ ਸਮੇਂ ਮਹਾਰਾਜੇ ਨੂੰ ਫੌਜੀ ਦਸਤੇ ਦਿਆ ਕਰਨਗੇ। ਮਹਾਰਾਜੇ ਵਿਚ ਕੁਦਰਤ ਦਾ ਇਕ ਮਹਾਨ ਗੁਣ ਸੀ ਕਿ ਉਹ ਠੀਕ ਆਦਮੀ ਦੀ ਚੋਣ ਕਰਨ ਦੀ ਅਦੁਭੁਤ ਮੁਹਾਰਤ ਰਖਦਾ ਸੀ ਅਤੇ ਫਿਰ ਉਸ ਵਿਚ ਸਵੈਮਾਨ, ਲਗਨ, ਹੌਸਲਾ ਤੇ ਕੌਮੀ ਉਤਸ਼ਾਹ ਪੈਦਾ ਕਰਨ ਦੀ ਹਿੰਮਤ ਲਗਾਤਾਰ ਕਰਦਾ ਸੀ। ਰਣਜੀਤ ਸਿੰਘ ਸਮੇਂ ਸਮੇਂ ਜਦੋਂ ਵੀ ਲਾਹੌਰ ਦਰਬਾਰ ਤੋਂ ਬਾਹਰ ਜਾਂਦਾ, ਉਹ ਖੁੱਲ੍ਹੇ ਤੌਰ `ਤੇ ਆਪਣੇ ਅਫਸਰਾਂ ਦੀ ਪੜਤਾਲ ਕਰਦਾ ਰਹਿੰਦਾ ਸੀ। ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਆਰਥਿਕ ਅਵਸਥਾ ਦੀ ਸਫਲਤਾ ਦਾ ਵੱਡਾ ਸਾਧਨ ਉਸ ਦੀ ਕਮਾਲ ਦੀ ਯਾਦਾਸ਼ਤ ਸੀ।
ਰਣਜੀਤ ਸਿੰਘ ਇਕ ਦਲੇਰ, ਨਿੱਡਰ, ਧਰਮੀ, ਬਹਾਦਰ ਤੇ ਸਿਦਕੀ ਸਿੱਖ ਸੀ। ਭਾਰਤ ਵਿਚ ਅੰਗਰੇਜ਼ ਸਰਕਾਰ ਦੀ ਲੁਧਿਆਣਾ ਏਜੰਸੀ ਦਾ ਪੁਲੀਟੀਕਲ ਏਜੈਂਟ ‘ਕੈਪਟਨ ਵੇਡ’, ਜੋ ਰਣਜੀਤ ਸਿੰਘ ਨੂੰ ਲਾਹੌਰ ਜਾ ਕੇ ਅਕਸਰ ਮਿਲਦਾ ਰਹਿੰਦਾ ਸੀ, ਉਸ ਦੇ ਨਿਤ ਦੇ ਪ੍ਰੋਗਰਾਮ ਬਾਰੇ ਲਿਖਦਾ ਹੈ, “ਮਹਾਰਾਜਾ ਸਵੇਰੇ 5 ਵਜੇ ਉਠਦਾ, ਇਸ਼ਨਾਨ ਕਰਕੇ ਤਿਆਰ ਹੋ ਕੇ, ਇਕ ਜਾਂ ਦੋ ਘੰਟੇ ਘੋੜੇ ਦੀ ਸਵਾਰੀ ਕਰਦਾ ਅਤੇ ਆਪਣੀ ਸੈਨਾ ਦਾ ਨਿਰੀਖਣ ਕਰਨ ਤੋਂ ਬਾਅਦ, ਘੋੜੇ ਉਪਰ ਬੈਠਾ ਹੋਇਆ ਹੀ ਸਵੇਰ ਦਾ ਨਾਸ਼ਤਾ ਕਰ ਲੈਂਦਾ। ਮਹਾਰਾਜਾ ਨੌਂ ਵਜੇ ਦੇ ਕਰੀਬ ਵਾਪਸ ਮੁੜਦਾ ਅਤੇ ਦਰਬਾਰ ਲਾਉਂਦਾ, ਜਿਸ ਵਿਚ ਸਰਕਾਰੀ ਰਿਪੋਰਟਾਂ, ਦੇਸੀ-ਵਿਦੇਸ਼ੀ ਮਸਲੇ ਤੇ ਰਾਜ ਦੇ ਅੰਦਰੂਨੀ ਮਸਲਿਆਂ ਦੀ ਘੋਖ ਕਰਦਾ ਅਤੇ ਸਬੰਧਤ ਸਰਕਾਰੀ ਅਫਸਰਾਂ ਨੂੰ ਹੁਕਮ ਜਾਰੀ ਕਰਦਾ। ਦੁਪਹਿਰ ਨੂੰ ਇਕ ਘੰਟੇ ਲਈ ਆਰਾਮ ਕਰਦਾ। ਇਕ ਵਜੇ ਬਾਅਦ ਦੁਪਹਿਰ ਉਹ ਆਰਾਮ ਤੋਂ ਉੱਠ ਪੈਂਦਾ ਅਤੇ ਕੁਝ ਸਮੇਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬਾਣੀ ਵਿਚੋਂ ਸ਼ਬਦ ਸੁਣਦਾ। ਇਸ ਤੋਂ ਬਾਅਦ ਮਹਾਰਾਜਾ ਫਿਰ ਸ਼ਾਹੀ ਦਰਬਾਰ ਲਾ ਲੈਂਦਾ, ਜੋ ਸ਼ਾਮ ਤਕ ਜਾਰੀ ਰਹਿੰਦਾ। ਮਹਾਰਾਜਾ ਆਪਣੇ ਰਾਜ ਪ੍ਰਬੰਧ ਪ੍ਰਤੀ ਆਪਣੀਆਂ ਜਿ਼ੰਮੇਵਾਰੀਆਂ ਨਿਭਾਉਣ ਵਿਚ ਕੋਈ ਢਿੱਲ੍ਹ ਨਹੀਂ ਸੀ ਕਰਦਾ। ਮਹਾਰਾਜਾ ਰਣਜੀਤ ਸਿੰਘ ਨਿੱਤ ਦਾ ਕੰਮ ਉਸੇ ਦਿਨ ਹੀ ਖਤਮ ਕਰਕੇ ਉਠਦਾ ਸੀ, ਭਾਵੇਂ ਉਸ ਨੂੰ ਕਿੰਨੀ ਦੇਰ ਤਕ ਰਾਤ ਨੂੰ ਕਿਉਂ ਨਾ ਬੈਠਣਾ ਪੈਂਦਾ।
ਮਹਾਰਾਜਾ ਰਣਜੀਤ ਸਿੰਘ ਪਾਸ ਆਮਦਨ ਖਰਚ ਦੇ ਗੁੰਝਲਦਾਰ ਹਿਸਾਬ-ਕਿਤਾਬ ਆਪਣੇ ਦਿਮਾਗ ਵਿਚ ਰੱਖਣ ਦੀ ਕੁਦਰਤੀ ਬਹੁਤ ਵੱਡੀ ਸ਼ਕਤੀ ਮੌਜੂਦ ਸੀ। ਦੀਵਾਨ ਭਵਾਨੀ ਦਾਸ ਦੀ ਮਦਦ ਨਾਲ ਹਿਸਾਬ-ਕਿਤਾਬ ਦੀ ਪਰਖ ਪੜਤਾਲ ਕਰਨ ਦਾ ਇਕ ਵੱਖਰਾ ਸਾਧਨ ਵੀ ਲਾਗੂ ਕੀਤਾ ਗਿਆ, ਜੋ ਬਹੁਤ ਸਫਲ ਰਿਹਾ। ਮੁਲਕ ਦੇ ਮਾਲੀ ਮਾਮਲਿਆਂ ਵਿਚ ਗੜਬੜ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ, ਜਾਇਦਾਦ ਦੀ ਕੁਰਕੀ ਤੇ ਨੌਕਰੀਓਂ ਜਵਾਬ ਦੀ ਸਜ਼ਾ ਦਿਤੀ ਜਾਂਦੀ ਸੀ। ਖਾਲਸਾ ਦਰਬਾਰ ਦੀ ਆਮਦਨ ਦਾ ਬਹੁਤਾ ਹਿਸਾ ਸਥਾਨਕ ਟੈਕਸਾਂ, ਨਜ਼ਰਾਨਿਆਂ ਤੇ ਜਮੀਨ ਦੇ ਮਾਲੀਏ ਤੋਂ ਵਸੂਲ ਹੁੰਦਾ ਸੀ। ਕੋਈ ਗੋਲ ਐਨਕਾਂ ਤੇ ਧੋਤੀ ਵਾਲੇ ਮਹਾਤਮਾ ਗਾਂਧੀ ਦੀ ਫੋਟੋ ਵਾਲਾ ਨੀਲਾ ਪੀਲਾ ਨੋਟ ਜਾਂ ਟੋਪੀ ਵਾਲੇ ਕਾਇਦੇ ਆਜ਼ਮ ਜਿਨਾਹ ਦਾ ਹਰਾ ਰੁਪਿਆ ਨਹੀਂ ਹੁੰਦਾ ਸੀ, ਸਿਰਫ ‘ਨਾਨਕ ਸ਼ਾਹੀ’ ਸਿੱਕਾ ਹੀ ਚਲਦਾ ਸੀ। ‘ਨਾਨਕ ਸ਼ਾਹੀ’ ਸਿੱਕੇ ਦੇ ਇਕ ਪਾਸੇ ਫਾਰਸੀ ਵਿਚ “ਦਾਰਲ ਸਲਤਨਤ ਲਾਹੌਰ-ਸੰਮਤ 1808” ਤੇ ਦੂਜੇ ਪਾਸੇ ਗੁਰਮੁਖੀ ਵਿਚ “ਵਾਹਿਗੁਰੂ ਜੀ-ਵਾਹਿਗੁਰੂ ਜੀ-ਵਾਹਿਗੁਰੂ ਜੀ” ਸ਼ਬਦ ਉਕਰੇ ਹੁੰਦੇ ਸਨ। ਸ਼ੁੱਧ ਸੋਨੇ ਦਾ ਸਿੱਕਾ, ਜਿਸ ਨੂੰ ‘ਮੋਹਰ’ ਕਿਹਾ ਜਾਂਦਾ ਸੀ, 10 ਮਾਸੇ 2 ਰੱਤੀ ਦਾ, ਰੁਪਿਆ ਖਾਲਸ ਚਾਂਦੀ ਦਾ ਤੋਲ 11 ਮਾਸੇ 2 ਰੱਤੀ ਅਤੇ ‘ਨਾਨਕ ਸ਼ਾਹੀ ਸਿੱਕੇ’ ਤਾਂਬੇ ਦੇ ਪੈਸੇ ਹੁੰਦੇ ਸਨ। ਸ਼ਾਹੀ ਫੌਜਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਇਸੇ ਸਿੱਕੇ ਵਿਚ ਦਿਤੀਆਂ ਜਾਂਦੀਆਂ ਸਨ। ਕਸ਼ਮੀਰ ਸੂਬੇ ਵਿਚ ਇਕ ਤੀਜੀ ਕਿਸਮ ਦਾ ਰੁਪਿਆ ਵੀ ਚਲਦਾ ਸੀ, ਜਿਸ ਨੂੰ ‘ਹਰੀ ਸਿੰਘੀ’ ਕਹਿੰਦੇ ਸਨ। ਹਰ ‘ਨਾਨਕ ਸ਼ਾਹੀ’ ਰੁਪਿਆ 16 ਆਨੇ ਦਾ ਸੀ ਅਤੇ ਇਕ ਆਨਾ 4 ਪੈਸੇ ਦਾ ਸੀ। ਇਕ ਪੁਰਾਣਾ ਰੁਪਿਆ ਵੀ ਚਲਦਾ ਸੀ, ਜਿਸ ਦੇ ਉਤੇ ਦਿੱਲੀ ਦੇ ਮੁਗਲ ਬਾਦਸ਼ਾਹ ਦਾ ਨਾਂ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਸਾਰੇ ਮੁਲਕ ਦੇ ਪਿੰਡ ਦੋ ਭਾਗਾਂ ‘ਖਾਲਸਾ ਪਿੰਡ’ ਤੇ ‘ਜਾਗੀਰਦਾਰੀ ਪਿੰਡ’ ਵਿਚ ਵੰਡੇ ਹੋਏ ਸਨ। ਖਾਲਸਾ ਪਿੰਡ ਉਹ ਸਨ, ਜਿਨ੍ਹਾਂ ਦੀ ਜਮੀਨ ਦਾ ਮਾਲੀਆ ਤੇ ਕਰ ਸਰਕਾਰ ਇਕੱਠਾ ਕਰਦੀ ਸੀ ਅਤੇ ਜਾਗੀਰਦਾਰੀ ਪਿੰਡ ਉਹ ਸਨ, ਜਿਨ੍ਹਾਂ ਦਾ ਮਾਲੀਆ ਜਾਗੀਰਦਾਰ ਇਕੱਠਾ ਕਰਕੇ ਸਰਕਾਰ ਨੂੰ ਦਿੰਦੇ ਸਨ। ਅੱਜ ਦੇ ਸਮੇ ਵਾਂਗ ਕੋਈ ਬਜਟ ਨਹੀਂ ਸੀ ਹੁੰਦਾ, ਫਿਰ ਵੀ ਪੜਤਾਲ ਰਾਹੀਂ ਆਮਦਨ ਤੇ ਖਰਚ ਵਿਚ ਸਮਤੋਲ ਰਖਿਆ ਜਾਂਦਾ ਸੀ। ਲਾਹੌਰ ਰਾਜ ਵਿਚ ਚੁੰਗੀ ਮਸੂਲ ਉਗਰਾਹੁਣ ਲਈ ਚੁੰਗੀ ਖਾਨਿਆਂ ਦਾ ਜਾਲ ਵਿਛਿਆ ਹੋਇਆ ਸੀ। ਕੋਈ 48 ਚੀਜ਼ਾਂ ਵਸਤਾਂ ਅਜਿਹੀਆਂ ਸਨ, ਜਿਨ੍ਹਾਂ ਉਪਰ ਨਕਦ ਪੈਸਿਆਂ ਦੀ ਸ਼ਕਲ ਵਿਚ ਕਰ ਭਰਨਾ ਪੈਂਦਾ ਸੀ। ਹਰ ਚੀਜ ਉਤੇ ਮਹਿਸੂਲ ਚੁੰਗੀ ਲਗਦੀ ਸੀ, ਭਾਵੇਂ ਕਿਤੇ ਬਣੀ ਹੋਵੇ ਤੇ ਕਿਤੇ ਵਿਕਣੀ ਹੋਵੇ। ਐਸ਼ੋ ਇਸ਼ਰਤ ਦਾ ਸਾਮਾਨ ਜਾਂ ਜਰੂਰੀ ਸਾਮਾਨ, ਇਨ੍ਹਾਂ ਦੋਹਾਂ ਵਿਚ ਕੋਈ ਅੰਤਰ ਨਹੀਂ ਸੀ। ਕਰ-ਟੈਕਸ ਦਾ ਨਿਰਖ ਆਧਾਰ ਸਾਰੇ ਰਾਜ ਵਿਚ ਇਕ ਸਾਰ ਹੁੰਦਾ ਸੀ। ਇਤਿਹਾਸਕਰ ਐਨ. ਕੇ. ਸਿਨਹਾ ਅਨੁਸਾਰ ਖਾਲਸਾ ਰਾਜ ਵਿਚ ਇਨ੍ਹਾਂ ਚੁੰਗੀ ਕਰਾਂ ਤੋਂ ਰਾਜ ਨੂੰ ਕੁਲ ਆਮਦਨ 16 ਲੱਖ 36 ਹਜਾਰ ਰੁਪਏ ਦੇ ਨੇੜੇ ਹੁੰਦੀ ਸੀ।
(ਬਾਕੀ ਅਗਲੇੇ ਅੰਕ ਵਿਚ)