‘ਮੈਨ ਆਫ ਦੀ ਮੈਚ’ ਕਾਲਜ ਬੰਗਾ ਦਾ ਕਬੱਡੀ ਖਿਡਾਰੀ-ਜੱਬੋਵਾਲੀਆ ਮਾਹਣਾਂ

ਇਕਬਾਲ ਸਿੰਘ ਜੱਬੋਵਾਲੀਆ
1983 `ਚ ਮਾਹਣਾਂ ਨਵਾਂਸ਼ਹਿਰ ਦੇ ਆਰ. ਕੇ. ਆਰੀਆ ਕਾਲਜ ਇਕ ਸਾਲ ਪਰੈਪ (ਗਿਆਰਵੀਂ) ਦੀ ਪੜ੍ਹਾਈ ਕਰਕੇ ਅਗਲੇ ਸਾਲ ਐਸ. ਐਨ. ਕਾਲਜ ਬੰਗਾ ਵਿਖੇ ਪਾਰਟ-ਵੰਨ ਵਿਚ ਜਾ ਦਾਖਲ ਹੋਇਆ। ਬੀ. ਏ. ਤੱਕ ਦੀ ਪੜ੍ਹਾਈ ਬੰਗਾ ਕਾਲਜ `ਚ ਕੀਤੀ। ਨਾਲ ਨਾਲ ਤਕੜੀ ਕਬੱਡੀ ਖੇਡਿਆ ਤੇ ਹੋਰ ਕਾਲਜਾਂ ਨਾਲ ਮੈਚ ਖੇਡ ਕੇ ਕਾਲਜ ਦਾ ਨਾਂ ਉਚਾ ਕੀਤਾ।
ਬੰਗਾ ਕਾਲਜ ਦਾ ਗੁਰੂ ਨਾਨਕ ਕਾਲਜ ਨਕੋਦਰ ਨਾਲ ਮੈਚ ਹੋਇਆ। ਫਸਵੇਂ ਮੁਕਾਬਲੇ `ਚ ਬੰਗਾ ਕਾਲਜ ਜੇਤੂ ਬਣਿਆ। ਕਾਲਜ ਖਿਡਾਰੀਆਂ `ਚ ਮਾਹਣਾਂ, ਪੱਪੂ ਝਿੰਗੜਾਂ, ਤੀਰਥ ਝਿੰਗੜਾ, ਬੱਬਾ ਝਿੰਗੜਾਂ ਤੇ ਹੋਰ ਸਾਥੀ ਸਨ। ਮਾਹਣੇਂ ਦੀ ਵਧੀਆਂ ਗੇਮ ਨੇ ਵੱਖਰੀ ਛਾਪ ਛੱਡੀ।

ਬੰਗਾ ਕਾਲਜ ਦੀ ਗਰਾਊਂਡ ਵਿਚ ਹੀ ਡੀ. ਏ. ਵੀ. ਕਾਲਜ ਜਲੰਧਰ ਨਾਲ ਮੈਚ ਹੋਇਆ। ਜ਼ਬਰਦਸਤ ਮੁਕਾਬਲੇ `ਚੋਂ ਡੀ. ਏ. ਵੀ. ਕਾਲਜ ਦੋ ਨੰਬਰਾਂ `ਤੇ ਜੇਤੂ ਰਿਹਾ। ਦੋ ਨੰਬਰਾਂ `ਤੇ ਬੰਗਾ ਕਾਲਜ ਪਛੜ ਤਾਂ ਭਾਵੇਂ ਗਿਆ, ਪਰ ਮਾਹਣੇਂ ਦੀ ਖੇਡ ਨੂੰ ਬੜਾ ਪਸੰਦ ਕੀਤਾ। ਉਹ ਮੈਚ ਯਾਦਗਾਰੀ ਸੀ। ਜਲੰਧਰ ਕਾਲਜ ਵਿਚ ਜੱਸੀ ਨਾਂ ਦਾ ਗੁੱਟ ਦਾ ਪੀਰ ਜਾਫੀ ਸੀ। ਉਹਨੇ ਸਾਰੇ ਰੋਕੇ, ਪਰ ਮਾਹਣਾਂ ਨਾ ਰੁਕਿਆ। `ਕੱਲੇ ਮਾਹਣੇਂ ਨੇ ਸਾਰੀਆਂ ਰੇਡਾਂ ਕੀਤੀਆ। ਕਾਲਜ ਦੇ ਪ੍ਰਿੰਸੀਪਲ ਸ. ਰਾਜਬਿੰਦਰ ਸਿੰਘ ਬੈਂਸ ਨੇ ਦੂਜੇ ਦਿਨ ਕਾਲਜ ਦੇ ਨੋਟਿਸ-ਬੋਰਡ `ਤੇ ‘ਮੈਨ ਆਫ ਦੀ ਮੈਚ` ਲਿਖ ਕੇ ਮਾਹਣੇਂ ਦੀ ਖੇਡ ਦਾ ਮਾਣ ਵਧਾਇਆ ਹੋਇਆ ਸੀ।
ਸਰੀਰ ਨੂੰ ਹੋਰ ਤਕੜਾ ਕਰਨ ਲਈ ਮਾਹਣੇਂ ਨੇ ਬੜੀ ਮਿਹਨਤ ਕੀਤੀ। ਉਹ ਪਿੰਡ ਦੇ ਹੋਰ ਮੁੰਡਿਆਂ ਨੂੰ ਤਰਾਸ਼ਣਾ ਚਾਹੁੰਦਾ ਸੀ। ਰੋਜ਼ਾਨਾ ਸ਼ਾਮ ਨੂੰ ਉਨ੍ਹਾਂ ਨੂੰ ਗਰਾਊਂਡ ਲੈ ਜਾਂਦਾ। ਆਪ ਖੇਡਦਾ ਤੇ ਉਨ੍ਹਾਂ ਨੂੰ ਖਿਡਾਉਂਦਾ। ਮੁੰਡੇ ਉਹਦੀ ਬੜੀ ਇੱਜ਼ਤ ਕਰਦੇ। ਭਾਜੀ ਬਿਨਾ ਗੱਲ ਨਾ ਕਰਦੇ। ਪਿੰਡ ਦੇ ਹੋਰ ਨੌਜਵਾਨ ਵੀ ਮਾਹਣੇਂ ਵਾਂਗ ਬਣਨਾ ਲੋਚਦੇ। ਸਿਹਤ ਬਣਾਉਣ ਦੇ ਸ਼ੌਕ ਨਾਲ ਉਹਨੇ ਮਿੱਟੀ ਦੀ ਬੋਰੀ ਭਰ ਕੇ ਖੇਤ `ਚ ਰੱਖੀ ਹੋਈ ਸੀ। ਜਿਥੇ ਵੇਲੇ-ਕੁਵੇਲੇ ਭਰੀ ਬੋਰੀ ਨੂੰ ਚੁੱਕ ਕੇ ਖੇਤ ਵਿਚ ਗੇੜੀਆਂ ਦਿੰਦਾਂ। ਪਿੰਡ ਦੇ ਹੋਰ ਨੌਜਵਾਨ ਵੀ ਉਥੇ ਆ ਕੇ ਬੋਰੀ ਚੁੱਕਣ ਦੀ ਕੋਸ਼ਿਸ਼ ਕਰਦੇ, ਪਰ ਨਾਕਾਮ ਰਹਿੰਦੇ।
ਕਾਲਜਾਂ ਦੇ ਮੈਚ ਖੇਡਣ ਦੇ ਨਾਲ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਬੜੇ ਮੈਚ ਖੇਡੇ। ਕਬੱਡੀ `ਚ ਮਸ਼ਹੂਰੀ ਕਰਕੇ ਦੂਰ ਦੂਰ ਤੱਕ ਖੇਡਣ ਜਾਂਦਾ। ਇਕ ਵਾਰ ਉਹਦਾ ਵੱਡਾ ਭਰਾ ਬੱਬੂ ਉਹਨੂੰ ਕਿਤੇ ਖੇਡਣ ਲੈ ਗਿਆ। ਉਸ ਪਿੰਡ ਦੀ ਰੋੜਾਂ ਵਾਲੀ ਗਰਾਊਂਡ ਵਿਚ ਮਾਹਣੇਂ ਦੀ ਰੋੜੀਆਂ ਨਾਲ ਦੇਹ ਛਿੱਲੀ ਗਈ। ਮਹੀਨਾ ਭਰ ਕਮੀਜ਼ ਨਾ ਪਾ ਸਕਿਆ। ਫਿਰ ਤਾਂ ਸਰੀਰ ਲੋਹਾ ਬਣ ਗਿਆ। ਮਾੜੇ-ਮੋਟੇ ਰੋੜਾਂ ਦੀ ਪਰਵਾਹ ਨਾ ਕਰਦਾ।
ਸੰਧਵਾਂ (ਫਰਾਲਾ) ਵਲੋਂ ਇਕ ਵਾਰ ਉਹ ਨਕੋਦਰ ਖੇਡਣ ਗਿਆ। ਜਿਥੇ ਉਨ੍ਹਾਂ ਪਿੰਡ ਤੱਲ੍ਹਣ ਨਾਲ ਮੈਚ ਖੇਡਣਾ ਸੀ। ਉਸ ਵੇਲੇ ਦੇ ਡੀ. ਜੀ. ਪੀ. ਸ. ਗੁਰਇਕਬਾਲ ਸਿੰਘ ਭੁੱਲਰ ਵੀ ਆਏ ਹੋਏ ਸਨ। ਮਾਹਣੇਂ ਦੀ ਗੇਮ ਪਹਿਲਾਂ ਵੇਖ ਚੁੱਕੇ ਸ. ਭੁੱਲਰ ਨੇ ਆਪਣੇ ਗੰਨਮੈਨਾਂ ਨੂੰ ਮਾਹਣੇਂ ਕੋਲ ਭੇਜਿਆ, ਮੈਚ ਤੋਂ ਬਾਅਦ ਮਿਲੇ। ਕਾਲੇ ਦਿਨਾਂ ਦਾ ਦੌਰ ਸੀ। ਮਾਹਣੇਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ, ਪਤਾ ਨ੍ਹੀਂ ਕੀ ਗੱਲ ਹੋਵੇਗੀ? ਸਾਰੇ ਸਰੀਰ ਦੀ ਤਾਕਤ ਜਾਂਦੀ ਰਹੀ। ਨਾਲ ਦੇ ਖਿਡਾਰੀ ਵੀ ਚਿੰਤਤ ਹੋ ਗਏ। ਫਿਕਰਾਂ `ਚ ਪਿਆ ਮਾਹਣਾਂ ਪਹਿਲੇ ਸਾਹ ਗਿਆ ਤਾਂ ਫੜ ਹੋ ਗਿਆ। ਡੀ. ਜੀ. ਪੀ. ਭੁੱਲਰ ਸਮਝ ਗਏ ਕਿ ਮੁੰਡਾ ਕਿਸੇ ਗੱਲੋਂ ਘਬਰਾ ਰਿਹੈ। ਉਹ ਗਰਾਊਂਡ ਵਿਚ ਗਏ ਤੇ ਕਿਹਾ, “ਬੇਟਾ ਘਬਰਾਉਣ ਦੀ ਕੋਈ ਲੋੜ ਨਹੀਂ, ਮੈਨੂੰ ਆਪਣਾ ਬਾਪ ਸਮਝ, ਤਕੜਾ ਹੋ ਕੇ ਖੇਡ, ਤੈਨੂੰ ਮੈਂ ਨੌਕਰੀ `ਤੇ ਰੱਖਾਂਗਾ।” ਇੰਨਾ ਸੁਣਦੇ ਹੀ ਉਹਦੀ ਘਬਰਾਹਟ ਚੁੱਕੀ ਗਈ ਤੇ ਕਾਇਮ ਹੋ ਗਿਆ। ਫਿਰ ਤਾਂ ਕਿਸੇ ਨੂੰ ਡਾਹ ਨਾ ਦਿੱਤੀ। ਬੜੇ ਨੰਬਰ ਖਿੱਚੇ। ਮੈਚ ਮੁੱਕਦੇ ਹੀ ਭੁੱਲਰ ਸਾਹਿਬ ਕੋਲ ਆਏ ਤੇ ਕਲਾਵੇ `ਚ ਲੈਂਦਿਆਂ ਕਿਹਾ, ਜੇ ਨੌਕਰੀ ਦੀ ਜਰੂਰਤ ਹੋਵੇ ਤਾਂ ਆ ਕੇ ਮਿਲੇ। ਕਿਸੇ ਵੀ ਸਮੇਂ ਜਲੰਧਰ ਆ ਕੇ ਮਿਲ ਸਕਦੈ। ਤੇ ਜਾਣ ਲੱਗੇ ਆਪਣਾ ਕਾਰਡ ਫੜਾ ਗਏ।
ਬੰਗਾ, ਨਵਾਂਸ਼ਹਿਰ ਦੇ ਪੁਲਿਸ ਅਧਿਕਾਰੀ ਵੀ ਉਹਦੀ ਗੇਮ ਨੂੰ ਪਸੰਦ ਕਰਦੇ ਸਨ। ਜੇ ਕਿਤੇ ਬੰਗਾ, ਨਵਾਂਸ਼ਹਿਰ `ਚ ਮਿਲ ਪੈਂਦੇ ਤਾਂ ਉਹਨੂੰ ਗੇਮ ਸਾਂਭ ਕੇ ਰੱਖਣ ਦੀ ਤਾਕੀਦ ਕਰਦੇ।
ਜੱਬੋਵਾਲ ਦੀ ਕਬੱਡੀ-ਟੀਮ ਦਾ ਨਾਂ ਇਲਾਕੇ `ਚ ਜਾਣਿਆਂ ਜਾਂਦਾ ਸੀ। ਇਸ ਕਰਕੇ ਨਵਾਂਸ਼ਹਿਰ ਦੇ ਬੀ. ਡੀ. ਓ. ਸ. ਪ੍ਰੀਤਮ ਸਿੰਘ ਤੇ ਗ੍ਰਾਮ ਸੇਵਕ ਪਿੰਡ ਆਏ ਤੇ ਨਿਕਲੀ ਨਵੀਂ ਸਕੀਮ ਬਾਰੇ ਚਾਨਣਾ ਪਾਉਣ ਲੱਗੇ ਕਿ ਜਿਹੜੇ ਪਿੰਡ ਦੀ ਤਕੜੀ ਕਬੱਡੀ ਟੀਮ, ਕੁਸ਼ਤੀਆਂ ਤੇ ਹੋਰ ਖੇਡਾਂ `ਚ ਲਗਾਤਾਰ ਤਿੰਨ ਸਾਲ ਬਲਾਕਾਂ ਦੇ ਮੈਚ ਜਿੱਤੇ ਤਾਂ ਉਸ ਪਿੰਡ ਨੂੰ ਢਾਈ ਲੱਖ ਰੁਪਿਆ ਜਾਂ ਪੰਜ ਕਿਲੇ ਜ਼ਮੀਨ ਦਿੱਤੀ ਜਾਵੇਗੀ। ਪਿੰਡ ਦੇ ਖਿਡਾਰੀਆਂ `ਤੇ ਮਾਣ ਕਰਕੇ ਪਿੰਡ ਦੇ ਕਈ ਵਾਸੀ ਕਹਿਣ ਲੱਗੇ, “ਜਨਾਬ! ਤਿੰਨ ਸਾਲ ਨ੍ਹੀਂ, ਪੰਜ ਸਾਲ ਜਿੱਤਣਗੇ, ਹੋਰ ਦੱਸੋ। ਪਿੰਡ ਦੀ ਟੀਮ ਨੇ ਫਿਰ ਲਗਾਤਾਰ ਤਿੰਨ ਸਾਲ ਬਲਾਕ ਜਿੱਤੇ। ਪਹਿਲਾ ਮੈਚ ਬਰਨਾਲੇ ਦੂਜਾ ਜਾਡਲੇ ਤੇ ਤੀਜਾ ਸਲੋਹ ਪਿੰਡ ਹੋਇਆ। ਟੀਮ ਦੇ ਖਿਡਾਰੀਆਂ `ਚ ਮਾਹਣਾਂ, ਮੱਧੂ, ਭਾਗੂ, ਪਿੰਕੀ, ਦਾਣੀ, ਰਛਪਾਲ ਕਾਲਾ, ਦੀਪਾ, ਜੁਝਾਰ, ਮਨਮਿੰਦਰ ਬੁਬਲਾ ਸਨ।
ਇੰਟਰ-ਬਲਾਕਾਂ ਦੇ ਮੈਚ ਮਾਹਣਾਂ ਜਗਤਪੁਰ ਦੇ ਸਟੇਡੀਅਮ ਵਿਚ ਖੇਡਿਆ। ਬਲਾਕ ਨਵਾਂਸ਼ਹਿਰ ਨੇ ਫਿਲੌਰ ਬਲਾਕ ਨਾਲ ਖੇਡਣਾ ਸੀ। ਉਨ੍ਹਾਂ ਮੈਚਾਂ `ਚ ਚੰਗਾ ਖੇਡਣ ਵਾਲੇ ਖਿਡਾਰੀ ਭਾਰਤੀ ਟੀਮ ਲਈ ਚੁਣੇ ਜਾਣੇ ਸਨ। ਮਾਹਣੇਂ ਨੂੰ ਤਕੜਾ ਹੋ ਕੇ ਖੇਡਣ ਲਈ ਕਿਹਾ ਗਿਆ, ਜਿਥੋਂ ਭਾਰਤੀ ਟੀਮ ਸਿਲੈਕਟ ਹੋਣੀ ਸੀ। ਮਾਹਣਾਂ ਇਨ੍ਹਾਂ ਸਬਜ਼ਬਾਗਾਂ ਵਿਚੋਂ ਲੰਘ ਚੁਕਾ ਸੀ। ਉਹਦਾ ਵਿਸ਼ਵਾਸ ਉਠ ਚੁਕਾ ਸੀ, ਕਿਉਂਕਿ ਪਹਿਲੋਂ ਵੀ ਕਈ ਵਾਰ ਲਾਰੇ ਲਾ ਕੇ ਛੱਡ ਜਾਂਦੇ ਰਹੇ ਸਨ। ਉਥੇ ਵੀ ਆਤਮ ਵਿਸ਼ਵਾਸ ਨਾਲ ਮਾਹਣਾਂ ਤਕੜਾ ਖੇਡਿਆ। ਮਾਹਣੇਂ ਤੇ ਪੁੰਨੂਮਜਾਰੇ ਵਾਲੇ ਭੁੱਟੀ ਦੀ ਗੇਮ ਕਰਕੇ ਨਵਾਂਸ਼ਹਿਰ ਬਲਾਕ ਵਾਲੇ ਫਿਲੌਰ ਬਲਾਕ ਨੂੰ ਜਿੱਤ ਗਏ। ਮਾਹਣੇਂ ਨੂੰ ਦੂਜੇ ਦਿਨ ਜਲੰਧਰ ਆਉਂਣ ਦਾ ਸੱਦਾ ਦੇ ਦਿੱਤਾ, ਜਿਥੋਂ ਭਾਰਤੀ ਟੀਮ ਚੁਣੀ ਜਾਣੀ ਸੀ। ਦੂਜੇ ਦਿਨ ਮਾਹਣਾਂ ਤੇ ਉਹਦਾ ਇਕ ਹੋਰ ਸਾਥੀ ਦੱਸੀ ਜਗ੍ਹਾ `ਤੇ ਪਹੁੰਚ ਗਏ। ਮਾਹਣੇਂ ਹੁਣੀਂ ਭੁੱਖ-ਨਿਭਾਣੇ ਸਾਰਾ ਦਿਨ ਇੰਤਜ਼ਾਰ ਕਰਦੇ ਰਹੇ। ਕਦੋਂ ਸੱਦਣਗੇ। ਪਰ ਕਿਥੇ? ਸ਼ਾਮ ਨੂੰ ਦਿਲਾਸਾ ਜਿਹਾ ਦੇ ਕੇ ਘਰਾਂ ਨੂੰ ਤੋਰ ਦਿੱਤੇ। ਉਥੇ ਫਿਰ ਮਾਹਣੇਂ ਦਾ ਦਿਲ ਟੁੱਟਾ, ਕਿਉਂਕਿ ਟੀਮ ਦੀ ਸਿਲੈਕਸ਼ਨ ਤਾਂ ਪਹਿਲਾਂ ਹੀ ਹੋ ਚੁਕੀ ਸੀ। ਸਿਰਫ ਖਾਨਾਪੂਰਤੀ ਲਈ ਸੱਦ ਕੇ ਉਹਨੂੰ ਧਰਵਾਸਾ ਦੇ ਕੇ ਘਰ ਨੂੰ ਤੋਰ ਦਿੱਤਾ ਗਿਆ।
ਕੁਲਦੀਪ ਮੱਲ੍ਹਾ ਉਹਦਾ ਮਾਰਗ-ਦਰਸ਼ਕ ਹੈ। ਮੱਲੇ੍ਹ ਦੀ ਗੇਮ ਨੂੰ ਉਹ ਬੜਾ ਪਸੰਦ ਕਰਦਾ ਸੀ। ਬੰਗਾ ਕਾਲਜ ਵਿਖੇ ਉਹਦੀ ਕੋਚਿੰਗ ਹੇਠ ਖੇਡਣ ਦਾ ਮੌਕਾ ਮਿਲਿਆ। ਮੱਲ੍ਹਾ ਉਹਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਮੈਚ ਖੇਡਣ ਲੈ ਜਾਂਦਾ। 1988 `ਚ ਮੱਲ੍ਹੇ ਨੇ ਇੰਗਲੈਂਡ ਖੇਡਣ ਜਾਣ ਵਾਲੀ ਟੀਮ ਵਿਚ ਲੈ ਕੇ ਜਾਣਾ ਸੀ, ਪਰ ਘਰੇਲੂ ਮਜ਼ਬੂਰੀਆਂ ਕਰਕੇ ਮਾਹਣਾਂ ਇੰਗਲੈਂਡ ਜਾਣੋਂ ਰਹਿ ਗਿਆ। ਜੱਬੋਵਾਲੀਏ ਜੋਗਿੰਦਰ ਮੱਗੋ ਦੀ ਗੇਮ ਤੋਂ ਬੜਾ ਪ੍ਰਭਾਵਿਤ ਸੀ। ਹੈਡਮਾਸਟਰ ਗਿਆਨ ਸਿੰਘ ਨੂੰ ਉਹ ਪਿੰਡ ਦਾ ਮਾਣ ਤੇ ਸ਼ਾਨ ਸਮਝਦਾ ਸੀ।
ਮਾਹਣਾਂ ਬੰਗਾ, ਨਵਾਂਸ਼ਹਿਰ, ਫਗਵਾੜਾ, ਤੱਲ੍ਹਣ, ਜਲੰਧਰ, ਨਕੋਦਰ, ਸ਼੍ਰੀ ਆਨੰਦਪੁਰ ਸਾਹਿਬ, ਰੋਪੜ, ਮਾਹਿਲਪੁਰ ਤੱਕ ਖੇਡਣ ਜਾਂਦਾ ਰਿਹੈ। ਕਿਲ੍ਹਾ ਰਾਏਪੁਰ ਦੀਆਂ ਖੇਡਾਂ `ਚ ਉਹ ਕੈਨੇਡਾ ਵਲੋਂ ਖੇਡਿਆ। ਪੰਜਾਬ ਦੇ ਸੌ ਕੁ ਪਿੰਡਾਂ `ਚ ਮਾਹਣਾਂ ਖੇਡਿਆ ਹੋਵੇਗਾ। ਰਾਹੋਂ ਦੁਸਹਿਰੇ `ਤੇ ਹਰ ਸਾਲ ਖੇਡਣ ਜਾਂਦਾ ਰਿਹੈ। ਇਲਾਕੇ ਦਾ ਕੋਈ ਅਜਿਹਾ ਪਿੰਡ ਨਹੀਂ, ਜਿਥੇ ਉਹ ਨਾ ਖੇਡਿਆ ਹੋਵੇ। ਕਈ ਵਾਰ ਮਾਹਣੇਂ ਦੇ ਮੈਚ ਦੀ ਲਾਗਲੇ ਪਿੰਡਾਂ `ਚ ਇਕ ਦਿਨ ਪਹਿਲਾਂ ਅਨਾਊਂਸਮੈਂਟ ਹੋ ਜਾਂਦੀ ਸੀ। ਲੋਕ ਟਰਾਲੀਆਂ ਲੈ ਕੇ ਮੈਚ ਵੇਖਣ ਜਾਂਦੇ। ਕਬੱਡੀ ਦੇ ਸ਼ੌਕੀਨ ਬੱਚੇ ਸਕੂਲਾਂ ਤੋਂ ਭੱਜ ਆਉਂਦੇ। ਮਾਹਣਾਂ, ਮਾਹਣਾਂ ਹੁੰਦੀ। ਇਕ ਵਾਰ ਗੋਲੇਆਲ ਦਾ ਟਂੈਪੂ ਚਲਾਉਂਦਾ ਕਬੱਡੀ ਖਿਡਾਰੀ ਬੜੇ ਮਾਣ ਨਾਲ ਕਹਿਣ ਲੱਗਾ, ਮਾਹਣੇਂ ਨੂੰ ਉਹ ਫੜੇਗਾ। ਮਾਹਣਾਂ ਮਾੜੇ ਖਿਡਾਰੀ ਨਾਲ ਕਦੇ ਨਹੀਂ ਸੀ ਖੇਡਦਾ, ਸਗੋਂ ਤਕੜੇ ਨੂੰ ਤਕੜਾ ਹੋ ਕੇ ਟੱਕਰਦਾ। ਮੈਚ ਸ਼ੁਰੂ ਹੋਇਆ ਤਾਂ ਉਹੀ ਟੈਂਪੂ ਵਾਲਾ ਗੱਭਰੂ ਫੜਨ ਖੜ੍ਹ ਗਿਆ ਤੇ ਮਾਹਣਾਂ ਦਮ ਵੱਲ ਹੋ ਗਿਆ। ਸਾਹ ਗਏ ਮਾਹਣੇਂ ਨੂੰ ਫੜਨ ਲੱਗਾ ਤਾਂ ਮਾਹਣੇਂ ਨੇ ਮਜ਼ਬੂਤ ਹੱਥ ਨਾਲ ਧੌਲ ਜਿਹੀ ਮਾਰੀ ਤੇ ਉਹ ਘੁਮੇਟਣੀ ਖਾ ਕੇ ਔਹ ਡਿਗਿਆ। ਮੁੜ ਉਹ ਮਾਹਣੇਂ ਲਾਗੇ ਨਾ ਆਇਆ।
ਉਹਦਾ ਛੇ ਫੁੱਟ ਇਕ ਇੰਚ ਕੱਦ। ਹੱਥਾਂ-ਪੈਰਾਂ ਦਾ ਪੂਰਾ ਖੁੱਲ੍ਹਾ। ਵੱਡੇ-ਵੱਡੇ ਹੱਥਾਂ ਪੈਰਾਂ ਦਾ ਮਾਲਕ ਮਾਹਣਾਂ ਦੋਹਾਂ ਪਾਸੇ ਖੜ੍ਹ ਜਾਂਦਾ। ਬੜਾ ਭੰਨਦਾ ਅਗਲੇ ਨੂੰ। ਸਾਹ ਗਿਆ ਜਾਫੀਆਂ ਨੂੰ ਤੋੜ ਤੋੜ ਸੁੱਟਦਾ। ਫੜਨ ਲੱਗਾ ਕਹਿੰਦੇ ਕਹਾਉਂਦੇ ਰੇਡਰਾਂ ਮੂਹਰੇ ਚੱਟਾਨ ਬਣ ਖੜ੍ਹ ਜਾਂਦਾ। ਮੇਰਾ ਵੱਡਾ ਭਾਈ ਹੈਡਮਾਸਟਰ ਗਿਆਨ ਸਿੰਘ ਵੀ ਮਾਹਣੇਂ ਦੀ ਗੇਮ ਦੀ ਬੜੀ ਤਾਰੀਫ ਕਰਦਾ ਹੁੁੰਦਾ ਸੀ। ਗੁਰਜੀਤ ਪੁਰੇਵਾਲ ਨੇ ਵੀ ਮਾਹਣੇਂ ਨੂੰ ਤਕੜਾ ਖਿਡਾਰੀ ਦੱਸਿਆ ਤੇ ਇਕ ਵਾਰ ਹੋਏ ਉਨ੍ਹਾਂ ਨਾਲ ਮਾਹਿਲ-ਗਹਿਲਾ ਟੂਰਨਾਮੈਂਟ ਦਾ ਜ਼ਿਕਰ ਵੀ ਕੀਤਾ।
ਮਾਹਣਾਂ ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਿਹੈ। ਉਹਦੇ ਸਮੂਹ ਪਰਿਵਾਰ ਨੇ ਪਿੰਡ ਜੱਬੋਵਾਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੜੇ ਸਾਲ ਸੇਵਾ ਕੀਤੀ। ਬਾਬੇ ਨਾਨਕ ਦੀ ਮਿਹਰ ਸਦਕਾ ਹੀ ਉਹ ਦੂਰ ਦੂਰ ਖੇਡਣ ਜਾਂਦਾ ਰਿਹੈ। ਦੂਰ ਇਲਾਕੇ ਦੇ ਖਿਡਾਰੀਆਂ ਦੀ ਆਪਣੇ ਇਲਾਕੇ `ਚ ਭੱਲ ਬਣੀ ਹੁੰਦੀ ਸੀ। ਮਾਹਣੇਂ ਨੂੰ ਵੇਖਦੇ ਹੀ ਉਹ ਠਰਨ ਲੱਗ ਜਾਂਦੇ ਸਨ। ਮਾਹਣੇਂ `ਤੇ ਭਾਰੂ ਹੋਣ ਦਾ ਹਰ ਹੀਲਾ ਵਰਤਦੇ। ਕਿਸੇ ਤਰ੍ਹਾਂ ਪਿਛੇ ਹਟੇ, ਉਨ੍ਹਾਂ ਦੀ ਬੱਲੇ ਬੱਲੇ ਹੋਵੇ, ਪਰ ਮਾਹਣਾਂ ਪ੍ਰਵਾਹ ਨਾ ਕਰਦਾ। ਕਈ ਵਾਰ `ਕੱਠੇ ਹੋ ਕੇ ਮਾਹਣੇਂ `ਤੇ ਚੜ੍ਹ ਆਉਂਦੇ ਤੇ ਲੜਾਈ ਝਗੜੇ ਦਾ ਮਾਹੌਲ ਬਣਾ ਲੈਂਦੇ, ਪਰ ਮਾਹਣਾਂ ਮੈਚ ਜਿਤਾਉਂਦਾ ਬਚ ਬਚਾ ਕੇ ਆਪਣੇ ਰਾਹ ਪੈ ਜਾਂਦਾ।
ਯਾਦਾਂ ਦੀ ਪਟਾਰੀ `ਚੋਂ ਮਾਹਣੇਂ ਦੱਸਿਆ, ਮੰਨਣਹਾਣੇ ਕੋਲ ਪੈਂਦੇ ਪਿੰਡ ਲਕਸੀਹਾਂ ਦੇ ਵਾਸੀਆਂ ਨੇ ਪਿੰਡ ਦੀ ਨਵੀਂ ਗਰਾਊਂਡ ਦਾ ਉਦਘਾਟਨ ਕਰਨ ਲਈ ਮੈਚ ਰੱਖ ਲਏ। ਟੀਮ ਤਿਆਰ ਕਰਕੇ ਲੈ ਆਉਣ ਲਈ ਮਾਹਣੇਂ ਨੂੰ ਸਪੈਸ਼ਲ ਸੱਦਾ ਦੇ ਦਿੱਤਾ। ਉਦਘਾਟਨ ਵਾਲੇ ਦਿਨ ਮਾਹਣਾਂ ਟੀਮ ਲੈ ਗਰਾਊਂਡ ਜਾ ਪਹੁੰਚਾ। ਖਿਡਾਰੀਆਂ ਨੂੰ ਆਸ਼ੀਰਵਾਦ ਤੇ ਥਾਪੜਾ ਦੇਣ ਲਈ ਉਥੇ ਮੰਨਣਹਾਣੇ ਵਾਲੇ ਸੰਤ ਬਲਵੀਰ ਸਿੰਘ ਵੀ ਪਹੁੰਚੇ ਹੋਏ ਸਨ। ਸੰਤਾਂ ਨੇ ਆ ਕੇ ਪਹਿਲਾਂ ਮਾਹਣੇਂ ਨੂੰ ਕਲਾਵੇ `ਚ ਲਿਆ ਤੇ ਉਦਘਾਟਨ ਦੀ ਰਸਮ ਤੋਂ ਬਾਅਦ ਟੂਰਨਾਮੈਂਟ ਵੇਖਣ ਲਈ ਸਟੇਜ `ਤੇ ਜਾ ਬਿਰਾਜਮਾਨ ਹੋਏ। ਮੈਚ ਸ਼ੁਰੂ ਹੋਇਆ। ਮਾਹਣੇਂ ਵਲੋਂ ਲਿਆਂਦੇ ਖਿਡਾਰੀ ਤਾਂ ਪਹਿਲੇ ਸਾਹਾਂ ਵਿਚ ਹੀ ਠਰ ਗਏ, ਕਿਉਂਕਿ ਵਿਰੋਧੀ ਖਿਡਾਰੀ ਤਕੜੇ ਸਨ। ਮਾਹਣਾਂ `ਕੱਲਾ ਰਹਿ ਗਿਆ। ਕੀ ਕਰੇ, ਕੀ ਨਾ ਕਰੇ! ਸੋਚੀ ਪੈ ਗਿਆ। ਰੱਬ ਨੂੰ ਧਿਆ ਮਾਹਣਾਂ ਹੋ ਗਿਆ ਸਿੱਧਾ। ਕਾਇਮ ਹੋ ਕੇ ਸਾਹ ਪਾਉਣੇਂ ਸ਼ੁਰੂ ਕਰ ਦਿੱਤੇ। ਫਿਰ ਤਾਂ ਲੋਕਾਂ ਦੀਆਂ ਤਾੜੀਆਂ ਮਿਲਣ ਲੱਗੀਆਂ। ਸੰਤ ਬੜੇ ਖੁਸ਼ ਹੋਏ। ਸਟੇਜ ਤੋਂ ਬੈਠੇ ਸੰਤਾਂ ਨੇ ਮਾਇਆ ਦਾ ਕਈ ਵਾਰ ਮਾਣ ਭੇਜਿਆ। ਇਲਾਕੇ ਦੇ ਲੋਕੀ ਹੈਰਾਨ ਸਨ ਕਿ ਸੰਤ ਤਾਂ ਕਦੇ ਪੰਜ ਮਿੰਟ ਨਹੀਂ ਸਨ ਬਹਿੰਦੇ, ਪਰ ਉਸ ਦਿਨ ਤਾਂ ਸਾਰਾ ਮੈਚ ਵੇਖ ਕੇ ਉਠੇ। ਮੈਚ ਤੋਂ ਬਾਅਦ ਖੇਡ-ਕਮੇਟੀ ਵਾਲੇ ਮਾਹਣੇਂ ਨੂੰ ਘਰ ਲਿਜਾਣਾ ਚਾਹੁੰਦੇ ਸਨ, ਪਰ ਮਾਹਣੇਂ ਹੁਰੀਂ ਪਿੰਡ ਜਾਣ ਦਾ ਬੜਾ ਵਾਸਤਾ ਪਾਇਆ। ਬੜੀ ਨਾਂਹ ਨੁੱਕਰ ਕੀਤੀ, ਪਰ ਉਨ੍ਹਾਂ ਦੇ ਪਿਆਰ ਮੂਹਰੇ ਝੁਕਣਾ ਪਿਆ। ਸਾਰੀ ਟੀਮ ਉਨ੍ਹਾਂ ਨਾਲ ਜਾਣਾ ਮੰਨ ਗਈ। ਉਨ੍ਹਾਂ ਘਰੀਂ ਗਏ ਤਾਂ ਪਿੰਡ ਦੇ ਸਾਰੇ ਲੋਕ ਉਸ ਘਰ `ਕੱਠੇ ਹੋ ਗਏ। ਬਜੁਰਗ ਬੀਬੀਆਂ, ਮਾਤਾਵਾਂ ਵੀ ਆ ਜੁੜੀਆਂ। ਇਕ ਘੱਟ ਨਜ਼ਰ ਵਾਲੀ ਬਜੁਰਗ ਮਾਤਾ ਪੁਛਦੀ ਪੁਛਾਂਦੀ ਆ ਗਈ, “ਵੇ ਕਿਹੜਾ ਮਾਹਣਾਂ, ਦਿਖਾਉ ਮੈਨੂੰ ਵੀ।” ਮਾਤਾ ਦੀ ਨਿਗ੍ਹਾ ਤਾਂ ਭਾਵੇਂ ਘੱਟ ਸੀ ਪਰ ਅੰਦਾਜ਼ੇ ਨਾਲ ਮਾਹਣੇਂ ਦੀ ਪਿੱਠ `ਤੇ ਹੱਥ ਫੇਰਦੇ ਕਹਿਣ ਲੱਗੀ, “ਧੰਨ ਉਹ ਮਾਂ ਹੈ, ਜਿਸ ਕੁੱਖੋਂ ਮਾਹਣਾਂ ਜੰਮਿਆ।” ਇਹ ਵਾਕਿਆ ਮਾਹਣੇਂ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਤਾਂ ਸੁਣਦਿਆਂ ਹੀ ਮਾਂ ਨੇ ਅੱਖਾਂ ਭਰ ਲਈਆਂ।
ਨਵਾਂਸ਼ਹਿਰ ਖਾਲਸਾ ਸਕੂਲ ਦੀ ਗਰਾਊਂਡ ਵਿਚ ਕੈਨੇਡਾ ਤੇ ਇੰਡੀਆ ਦਾ ਮੈਚ ਹੋਇਆ। ਦੇਸ਼-ਵਿਦੇਸ਼ ਵਿਚ ਲੱਖੇ ਦਾ ਬੜਾ ਨਾਂ ਸੀ। ਕੈਨੇਡਾ ਵਲੋਂ ਲੱਖਾ ਤਕੜਾ ਧਾਵੀ ਸੀ। ਸਾਹ ਗਏ ਲੱਖੇ ਨੂੰ ਮਾਹਣੇਂ ਨੇ ਪੈਦੀ ਸੱਟੇ ਰੋਕ ਲਿਆ। ਮਾਹਣਾਂ, ਮਾਹਣਾਂ ਗੂੰਜਿਆਂ। ਦੂਜੀ ਵਾਰ ਗਿਆ, ਫਿਰ ਰੋਕ ਲਿਆ। ਆਪਣੇ ਸਮੇਂ ਦਾ ਸੁਪਰ-ਸਟਾਰ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਕੋਲ ਜਾ ਕੇ ਕਹਿਣ ਲੱਗਾ, “ਅਗਰ ਉਹਦੇ ਕੋਲ ਟੋਨੀ ਅਲੰਕਾਰ ਕਲੱਬ ਜਾ ਕੇ ਖੇਡੇ ਫਿਰ ਦੇਖੇ। ਹਰਜੀਤ ਬਰਾੜ ਵਰਗੇ ਨਾ ਰੁਕੇ ਫਿਰ ਕਹਿਣਾ।” ਪਰ ਮਾਹਣਾਂ ਉਨ੍ਹਾਂ ਦਿਨਾਂ `ਚ ਕੈਨੇਡਾ ਪੱਕੇ ਤੌਰ `ਤੇ ਜਾਣ ਵਾਲਾ ਸੀ। ਸੱਟ ਚੋਟ ਤੋਂ ਡਰਦਾ ਚੁੱਪ ਰਿਹਾ।
ਆਨੰਦਪੁਰ ਸਾਹਿਬ ਲਾਗੇ ਅਗੰਮਪੁਰ ਦੇ ਟੂਰਨਾਮੈਟਾਂ `ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਕਮੇਟੀ ਵਲੋਂ ਟੂਰਨਾਮੈਂਟ ਕਰਵਾਏ ਜਾਂਦੇ ਸਨ। ਉਨ੍ਹਾਂ ਮੈਚਾਂ `ਚ ਵਿਰੋਧੀ ਟੀਮ ਦੇ ਖਿਡਾਰੀ ਮਾਹਣੇਂ ਨੂੰ ਵੇਖ ਖੇਡਣੋਂ ਜਵਾਬ ਦੇ ਗਏ। ਮਾਹਣੇਂ ਨੇ ਧੰਨ ਧੰਨ ਕਰਾਈ। ਬੜੇ ਨੰਬਰ ਖਿੱਚੇ। ਮੈਚਾਂ `ਚ ਮਾਹਣੇਂ ਦੀ ਗੇਮ ਨੂੰ ਬੜਾ ਸਲਾਹਿਆ ਗਿਆ। ਮੈਚ ਖਤਮ ਹੋਣ ਉਪਰੰਤ ਦਰਸ਼ਕਾਂ ਨੇ ਪਿਆਰ ਨਾਲ ਝੋਲੀਆਂ ਭਰੀਆਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸੇਵਾਦਾਰਾਂ (ਕਮੇਟੀ) ਨੇ ਪਿਆਰ ਨਾਲ ਝੋਲੀਆਂ ਭਰੀਆਂ। ਉਨ੍ਹਾਂ ਨੂੰ ਰਾਤ ਰੱਖਣ ਲਈ ਜੋਰ ਪਾਉਣ ਲੱਗੇ। ਉਨ੍ਹਾਂ ਦੇ ਵਾਰ ਵਾਰ ਜੋਰ ਪਾਉਣ `ਤੇ ਮਾਹਣੇਂ ਹੁਰੀਂ ਦਸ ਖਿਡਾਰੀ ਉਥੇ ਉਨ੍ਹਾਂ ਕੋਲ ਰਾਤ ਠਹਿਰੇ। ਬੜਾ ਮਾਣ ਸਤਿਕਾਰ ਦਿੱਤਾ ਤੇ ਰੱਜਵੀਂ ਸੇਵਾ ਕੀਤੀ।
ਮਾਹਿਲਪੁਰ ਕੋਲ ਬਡੇਸਰੋਂ ਟੂਰਨਾਮੈਂਟਾਂ ਵਿਚ ਜੱਬੋਵਾਲ ਦਾ ਮੈਚ ਚੱਲ ਰਿਹਾ ਸੀ। ਮਾਹਣਾਂ ਥੋੜ੍ਹਾ ਲੇਟ ਹੋ ਗਿਆ। ਬਾਰਾਂ ਨੰਬਰਾਂ `ਤੇ ਜੱਬੋਵਾਲ ਹਰਦਾ ਸੀ। ਮਾਹਣੇਂ ਨੂੰ ਵੇਖਦੇ ਹੀ ਗੁਦਾਵਰ ਗਾਬੀ ਖਿੜ ਗਿਆ, ਲੈ ਬਈ ਹੁਣ ਬਣੀ ਗੱਲ। ਛੇਤੀ ਛੇਤੀਂ ਕੱਪੜੇ ਲਾਹ ਕੇ ਮਾਹਣਾਂ ਗਰਾਊਂਡ ਜਾ ਵੜਿਆ। ਮਾਹਣੇਂ ਨੇ ਚੁੱਕ ਚੁੱਕ ਸੁੱਟੇ। ਵਿਰੋਧੀ ਟੀਮ ਦੇ ਖਿਡਾਰੀ ਡਰਦੇ ‘ਡੀ` ਕੋਲੋਂ ਮੁੜਨ ਲੱਗ ਪਏ। ਮਾਹਣੇਂ ਹੁਰੀਂ ‘ਡੀ` `ਤੇ ਜਾ ਖੜ੍ਹੇ ਹੋਏ। ‘ਡੀ` `ਤੇ ਢਾਹੰੁਦੇ ਰਹੇ। ਉਹ ਮੈਚ ਅੱਧੇ ਨੰਬਰ `ਤੇ ਜਿੱਤੇ। ਮਾਹਣੇਂ ਦੀ ਬੱਲੇ ਬੱਲੇ ਹੋਈ। ਜੱਬੋਵਾਲ ਦਾ ਨਾਂ ਗੂੰਜਿਆ।
ਬਡੇਸਰੋਂ ਵਾਲਿਆਂ ਦੂਸਰੇ ਦਿਨ ਜੱਬੋਵਾਲ ਦਾ ਮੈਚ ਜਾਣ-ਬੁੱਝ ਕੇ ਮੋਰਾਂਵਾਲੀ ਨਾਲ ਪਾ ਦਿੱਤਾ। ਮੋਰਾਂਵਾਲੀ ਦੇ ਮੁੰਡੇ ਤਕੜੇ ਤੇ ਜੁਆਨ ਸਨ। ਉਥੋਂ ਦੇ ਬਜੁਰਗ ਤੇ ਹੋਰ ਲੋਕੀ ਆ ਕੇ ਮਾਹਣੇਂ ਨੂੰ ਕਹਿਣ ਲੱਗੇ, “ਮੋਰਾਂਵਾਲੀ ਦੇ ਮੁੰਡੇ ਤਕੜੇ ਹਨ, ਨਾ ਖੇਡੋ! ਕਿਉਂ ਮੁੰਡੇ ਮਰਵਾਉਂਣ ਲੱਗੇ ਓ?” ਮਿੰਨਤਾਂ ਕਰਨ ਲੱਗੇ ਆ ਕੇ। ਮਾਹਣੇਂ ਹੁਰੀਂ ਪੱਕੀ ਧਾਰ ਲਈ ਮਰੀਏ ਜਾਂ ਜੋ ਮਰਜ਼ੀ ਹੋਵੇ, ਮੈਚ ਖੇਡਣਾ ਈ ਖੇਡਣਾ। ਮੱਧੂ ਤੇ ਭਾਗੂ ਹੁਰੀਂ ਜੱਫੇ ਲਾਈ ਗਏ, ਮਾਹਣਾਂ ਸਾਹ ਪਾਈ ਗਿਆ। ਉਹ ਮੈਚ ਜੱਬੋਵਾਲੀਏ ਜਿੱਤ ਗਏ। ਜਿਹੜੇ ਬਜੁਰਗ ਪਹਿਲਾਂ ਨਾ ਖੇਡਣ ਲਈ ਕਹਿ ਰਹੇ ਸਨ, ਫਿਰ ਹੌਸਲਾ ਵਧਾਉਣ ਲਈ ਆ ਆ ਪੈਸੇ ਦੇਣ ਲੱਗੇ।
ਉਸੇ ਗਰਾਊਂਡ ਵਿਚ ਸ਼ੋਅ-ਮੈਚ ਖੇਡਿਆ ਜਾਣਾ ਸੀ। ਮੁਕਾਬਲੇ ਲਈ ਡੀ. ਏ. ਵੀ. ਕਾਲਜ ਹੁਸ਼ਿਆਰਪੁਰ, ਸਰਹਾਲ ਕਾਜ਼ੀਆਂ ਤੇ ਜੱਬੋਵਾਲ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਜੱਬੋਵਾਲ ਦੀ ਟੀਮ ਵੀ ਤਕੜੀ ਬਣ ਗਈ। ਜੱਬੋਵਾਲ ਵਲੋਂ ਖੇਡਦਾ ਗੜ੍ਹੀ ਮਹਾਂ ਸਿੰਘ ਦਾ ਭਲਵਾਨ ਪਹਿਲਾਂ ਰੁਕਦਾ ਰਿਹਾ। ਫਿਰ ਮਾਹਣੇਂ ਨੇ ਉਹਨੂੰ ਐਸਾ ਨੁਕਤਾ ਸਮਝਾਇਆ ਤੇ ਮੁੜ ਉਹ ਭਲਵਾਨ ਨਾ ਰੁਕਿਆ। ਉਹ ਸ਼ੋਅ-ਮੈਚ ਜੱਬੋਵਾਲੀਏ ਜਿੱਤ ਗਏ। ਮੈਚ ਵੇਖਣ ਲਈ ਸਾਰਾ ਇਲਾਕਾ ਢੁੱਕਿਆ ਹੋਇਆ ਸੀ। ਸਭ ਤੋਂ ਵੱਡੀ ਖੁਸ਼ੀ ਮਾਹਣੇਂ ਨੂੰ ਉਦੋਂ ਹੋਈ, ਜਦੋਂ ਬੀਬੀਆਂ, ਮਾਤਾਵਾਂ ਨੇ ਸਟੇਜ `ਤੇ ਸੱਦ ਕੇ ਸ਼ਾਬਾਸ਼ ਦਿੱਤੀ। ਸਟੇਜ `ਤੇ ਪੈਸਿਆਂ ਦਾ ਵੱਡਾ ਢੇਰ ਲੱਗ ਗਿਆ। `ਕੱਲੇ ਮਾਹਣੇਂ ਨੂੰ ਦੋ ਹਜ਼ਾਰ ਰੁਪਿਆ ਬਣਿਆ, ਜੋ ਉਸ ਵੇਲੇ ਵੱਡੀ ਰਕਮ ਸੀ।
ਸ਼ੋਅ-ਮੈਚ `ਚੋਂ ਜਿੱਤੀ ਵੱਡੀ ਟਰਾਫੀ ਲੈ ਕੇ ਜਦੋਂ ਮਾਹਣੇਂ ਹੁਰੀਂ ਪਿੰਡੋਂ ਬਾਹਰ ਨਿਕਲ ਕੇ ਜੀ. ਟੀ. ਰੋਡ `ਤੇ ਪਏ ਤਾਂ ਹਲਕੀ ਹਲਕੀ ਉਮਰ ਦੇ ਦੋ ਮੁੰਡੇ ਸਾਇਕਲਾਂ `ਤੇ ਮਗਰ ਆਏ ਤੇ ਕਿਹਾ, ਭਾਜੀ ਇਕ ਮਿੰਟ ਰੁਕਿਓ। ਮਾਹਣੇਂ ਹੋਰੀਂ ਕਹਿਣ ਲੱਗੇ, “ਹਾਂ ਦੱਸੋ?” ਇਕ ਮੁੰਡੇ ਨੇ ਆਪਣੀ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕੱਢਿਆ ਤੇ ਮਾਹਣੇਂ ਨੂੰ ਫੜਾਉਂਦਿਆਂ ਕਹਿਣ ਲੱਗਾ, ਇਹ ਪੰਜ ਰੁਪਏ ਉਹਦੇ ਵਾਸਤੇ ਰੱਖੇ ਸਨ, ਸਟੇਜ `ਤੇ ਨਾ ਪਹੁੰਚ ਸਕਿਆ, ਹੁਣ ਮਗਰ ਫੜਾਉਣ ਆਇਆ ਹਾਂ। ਮਾਹਣੇਂ ਨੇ ਬੜਾ ਕਿਹਾ, ਛੋਟੇ ਰਹਿਣ ਦੇ ਕੋਲ ਰੱਖ। ਉਹ ਨਾ ਮੰਨਿਆ ਤੇ ਮਾਹਣੇਂ ਨੇ ਉਹ ਪੰਜ ਰੁਪਏ ਫੜ ਮੱਥੇ ਲਾ ਕੇ ਜੇਬ `ਚ ਪਾ ਲਏ। ਉਹ ਸ਼ੀਲਡ ਨਾਂਹ ਨਾਂਹ ਕਰਦੇ ਉਹ ਛੋਟੇ ਮੁੰਡਿਆਂ ਨੂੰ ਫੜਾ ਮਾਹਣੇਂ ਨੇ ਆਪਣੇ ਆਪ ਨੂੰ ਧੰਨ ਭਾਗ ਸਮਝਿਆ।
1996 ਦੇ ਮਈ ਮਹੀਨੇ ਮਾਹਣਾਂ ਟੋਰਾਂਟੋ ਆ ਗਿਆ ਸੀ। ਇਸ ਸਮੇਂ ਸਾਰਾ ਪਰਿਵਾਰ ਕੈਨੇਡਾ ਹੈ। ਘਰਦਿਆਂ ਅਤੇ ਕਬੱਡੀ ਪ੍ਰੇਮੀਆਂ ਵਲੋਂ ਮਾਹਣੇਂ ਨਾਂ ਨਾਲ ਜਾਣੇ ਜਾਂਦੇ ਦਾ ਅਸਲੀ ਨਾਂ ਜੋਗਾ ਸਿੰਘ ਹੈ। ਉਹਦੇ ਭੈਣ-ਭਰਾਵਾਂ ਦੇ ਸਾਰੇ ਨਿਆਣੇ ਚਾਚਾ-ਮਾਮਾ ਕੋਈ ਨ੍ਹੀਂ ਕਹਿੰਦਾ, ਸਾਰੇ ਮਾਹਣੇਂ ਨਾਲ ਸੰਬੋਧਨ ਕਰਦੇ ਹਨ। ਬਾਹਰ ਦੇ ਜੰਮਪਲ ਬੱਚੇ ਜਦੋਂ ਕਿਤੇ ਪਿੰਡ ਜਾਂਦੇ ਹਨ ਤਾਂ ਮਾਹਣੇਂ ਦੀਆਂ ਸ਼ੀਲਡਾਂ ਤੇ ਹੋਰ ਇਨਾਮ ਵੇਖ ਕੇ ਬੜਾ ਖੁਸ਼ ਹੁੰਦੇ ਹਨ। ਮਾਹਣੇਂ ਦਾ ਬੇਟਾ ਮਾਹਣੇਂ ਨਾਲੋਂ ਵੀ ਕੱਦ-ਕਾਠ ਵਿਚ ਉਚਾ ਹੈ। ਬੇਟਾ ਅਮਰੀਕਨ ਫੁੱਟਬਾਲ ਖਿਡਾਰੀ ਹੈ ਤੇ ਇਕ ਵਾਰ ਅਮਰੀਕਾ ਦੀ ਧਰਤੀ `ਤੇ ਵੀ ਖੇਡ ਚੁਕੈ। ਪੈਸੇ ਬੜੇ ਆਏ, ਬੜੇ ਗਏ। ਬੜੇ ਕਮਾਏ, ਕਮਾਉਣੇਂ ਵੀ ਨੇ ਪਰ ਛੋਟੇ ਬੱਚਿਆਂ ਵਲੋਂ ਦਿੱਤਾ ਗਿਆ ਪੰਜ ਰੁਪਏ ਦਾ ਨੋਟ ਹਾਲੇ ਤੱਕ ਸਾਂਭ ਕੇ ਰੱਖਿਆ ਹੋਇਐ। ਪੰਜਾਂ ਦੇ ਨੋਟ ਦਾ ਰੰਗ ਸਮੇਂ ਦੇ ਨਾਲ ਭਾਵੇਂ ਧੁੰਦਲਾ ਪੈ ਰਿਹੈ, ਪਰ ਜਿ਼ੰਦਗੀ `ਚ ਇਹ (ਪੰਜ ਰੁਪਏ) ਸਭ ਨਾਲੋਂ ਵੱਡਾ ਇਨਾਮ ਹੈ।
ਗੁਰੂਆਂ, ਪੀਰਾਂ ਦਾ ਜਿਨ੍ਹਾਂ `ਤੇ ਰਿਹਾ ਥਾਪੜਾ,
ਦੇਸ਼ ਕੌਮ ਦਾ ਨਾਂ ਉਚਾ ਚੁੱਕਦੇ ਰਹੇ।
ਦਿਨ ਰਾਤ ਮਿਹਨਤ ਕਰਕੇ ਖੇਡ-ਮੈਦਾਨਾਂ `ਚ,
ਗੱਭਰੂ ਬੁੱਕਦੇ ਰਹੇ।
ਕਲਮਾਂ ਚਲਦੀਆਂ ਦਿਨ ਰਾਤ
‘ਜੱਬੋਵਾਲੀਏ ਇਕਬਾਲ` ਦੀਆਂ,
ਖੇਡ-ਸ਼ੌਕ ਕਦੇ ਨਾ ਮੁੱਕਦੇ ਰਹੇ।