ਕੁਸ਼ਤੀ ਲੇਖਕ ਐੱਚ. ਐੱਮ. ਬਿਲਗਾ ਤੇ ਪੀ. ਆਰ. ਸੋਂਧੀ

ਪ੍ਰਿੰ. ਸਰਵਣ ਸਿੰਘ
ਕੁਸ਼ਤੀ ਬਾਰੇ ਲਿਖਣ-ਬੋਲਣ ਵਾਲਿਆਂ ਵਿਚ ਹਰੀ ਮਿੱਤਰ ਬਿਲਗਾ ਤੇ ਪਿਆਰਾ ਰਾਮ ਸੋਂਧੀ ਵਿਸ਼ੇਸ਼ ਨਾਂ ਹਨ। ਦੋਹਾਂ ਨੇ ਰਲ ਕੇ ਐੱਚ. ਐੱਮ. ਬਿਲਗਾ ਤੇ ਪੀ. ਆਰ. ਸੋਂਧੀ ਨਾਂਵਾਂ ਹੇਠ ‘ਕੁਸ਼ਤੀ ਅੰਬਰ ਦੇ ਤਾਰੇ’ ਤੇ ‘ਕੁਸ਼ਤੀ ਦੇ ਧਨੰਤਰ’ ਦੋ ਕਿਤਾਬਾਂ ਲਿਖੀਆਂ ਹਨ। ‘ਕੁਸ਼ਤੀ ਦੇ ਧਨੰਤਰ’ ਪੰਜ ਸੌ ਪੰਨਿਆਂ ਦੀ ਵਡਆਕਾਰੀ ਪੁਸਤਕ ਹੈ, ਜਿਸ ਨੂੰ ਭਾਰਤੀ ਕੁਸ਼ਤੀ ਦਾ ਵਿਸ਼ਵਕੋਸ਼ ਕਿਹਾ ਜਾ ਸਕਦੈ। ਪੰਜਾਬੀ ਖੇਡ ਸਾਹਿਤ ਦੀ ਇਹ ਅਹਿਮ ਪੁਸਤਕ ਹੈ। ਇਸ ਵਿਚ ਭਾਰਤੀ ਕੁਸ਼ਤੀ, ਅੰਤਰਰਾਸ਼ਟਰੀ ਕੁਸ਼ਤੀ, ਛਿੰਝਾਂ, ਡੇਰੇ ਅਤੇ ਕਲੱਬ, ਦਰੋਣਾਚਾਰੀਆ ਅਵਾਰਡ ਜੇਤੂ, ਪਦਮ ਸ਼੍ਰੀ ਅਵਾਰਡ ਜੇਤੂ, ਅਰਜਨ ਪੁਰਸਕਾਰ ਅਵਾਰਡ ਜੇਤੂ, ਓਲੰਪੀਅਨ ਅਵਾਰਡ ਜੇਤੂ, ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ, ਭਾਰਤ ਦੀਆਂ ਰੁਸਤਮ ਮੁਟਿਆਰਾਂ, ਕੋਚ, ਖੇਡ ਬੁਲਾਰੇ, ਕੁਸ਼ਤੀ ਦੇ ਰਹਿਬਰ, ਕੁਸ਼ਤੀਆਂ ਅਤੇ ਪਹਿਲਵਾਨਾਂ ਬਾਰੇ ਅਨੇਕ ਅਧਿਆਏ ਹਨ।

ਪਹਿਲੇ ਅਧਿਆਏ ਵਿਚ ਭਾਰਤੀ ਕੁਸ਼ਤੀ ਦਾ ਸਫਰ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਹਿੰਦ ਦੇ ਪਹਿਲਵਾਨ ਤੇ ਉਨ੍ਹਾਂ ਦੇ ਕੱਦ ਕਾਠ, ਕੁਸ਼ਤੀ ਦੇ ਅਭਿਆਸ ਬਾਰੇ ਅਤੇ ਭਾਰਤ ਦੇ ਓਲੰਪਿਕ ਕੁਸ਼ਤੀਆਂ ਵਿਚ ਭਾਗ ਲੈਣ ਦਾ ਪੂਰਾ ਵੇਰਵਾ ਹੈ। ਅੰਤਰਰਾਸ਼ਟਰੀ ਕੁਸ਼ਤੀ ਅਧਿਆਏ ਵਿਚ ਓਲੰਪਿਕ ਕੁਸ਼ਤੀ, ਏਸ਼ੀਅਨ ਖੇਡਾਂ ਅਤੇ ਭਾਰਤੀ ਪਹਿਲਵਾਨ, ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸਿ਼ਪ, ਕਾਮਨਵੈਲਥ ਖੇਡਾਂ ਅਤੇ ਆਧੁਨਿਕ ਕੁਸ਼ਤੀ ਦਾ ਲੇਖਾ-ਜੋਖਾ ਹੈ। ਛਿੰਝਾਂ, ਡੇਰੇ ਤੇ ਕਲੱਬਾਂ ਦੇ ਯੋਗਦਾਨ ਦਾ ਭਰਪੂਰ ਵਰਣਨ ਹੈ। ਦਰੋਣਾਚਾਰੀਆ ਅਵਾਰਡ ਜੇਤੂਆਂ ਤੋਂ ਲੈ ਕੇ ਪਦਮਸ਼੍ਰੀ, ਅਰਜਨ ਅਵਾਰਡ, ਓਲੰਪੀਅਨ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ ਪਹਿਲਵਾਨਾਂ ਦੀਆਂ ਮੁਕੰਮਲ ਸੂਚੀਆਂ ਹਨ। ਖੇਡ ਬੁਲਾਰਿਆਂ ਤੇ ਖੇਡ ਰਹਿਬਰਾਂ ਦੀ ਜਾਣਕਾਰੀ ਹੈ। ਕਿੱਸਾਕਾਰਾਂ ਦੇ ਕੁਸ਼ਤੀਆਂ ਬਾਰੇ ਅਨੇਕਾਂ ਕਾਵਿ-ਬੰਦਾਂ ‘ਚੋਂ ਇਕ ਕਾਵਿ-ਬੰਦ ਹੈ:
ਕਿੱਕਰ ਸਿੰਘ ਤੇ ਕੱਲੂ ਭਲਵਾਨ ਦਾ ਜੀ
ਕਿੱਸਾ ਜੋੜਿਆ ਨਾਲ ਧਿਆਨ ਯਾਰੋ,
ਰੁਸਤਮ ਹਿੰਦ ਹੋ ਕੇ ਏਸ ਜਹਾਨ ਵਿਚੋਂ
ਗੁਜ਼ਰ ਗਿਆ ਗੁਲਾਮ ਭਲਵਾਨ ਯਾਰੋ।
ਕੱਲੂ ਗੁਲਾਮ ਦਾ ਸਕਾ ਭਰਾ ਹੈਸੀ
ਦਿਸਦਾ ਬੱਬਰ ਦੇ ਵਾਂਗ ਬਲਵਾਨ ਯਾਰੋ।
ਕਿੱਕਰ ਸਿੰਘ ਦੇ ਨਾਲ ਹੁਣ ਲੜਾਂਗਾ ਮੈਂ
ਕੱਲੂ ਆਖਿਆ ਨਾਲ ਜ਼ਬਾਨ ਯਾਰੋ…।
ਕੁਸ਼ਤੀਆਂ ਬਾਰੇ ਜੁੜੇ ਲੋਕ ਗੀਤਾਂ ‘ਚੋਂ ਲੋਕ ਗੀਤ ਹੈ:
ਕੱਲੂ ਨੂੰ ਗੁਲਾਮ ਕਹਿ ਗਿਆ
ਬੀਬਾ ਜੱਟ ਨੂੰ ਹੱਥ ਨਾ ਪਾਵੀਂ
ਕੱਲੂ ਨੂੰ ਗੁਲਾਮ ਕਹਿ ਗਿਆ…।

ਕੱਲੂ ਨੂੰ ਗੁਲਾਮ ਆਖਿਆ
ਜੱਟ ਦੇ ਜ਼ੋਰ ਦਾ ਪਤਾ ਨਾ ਹੱਥ ਆਇਆ
ਕੱਲੂ ਨੂੰ ਗੁਲਾਮ ਆਖਿਆ…।

ਕੱਲੂ ਨੂੰ ਗੁਲਾਮ ਆਖਿਆ
ਮੈਂ ਰਲ ਕੇ ਵਕਤ ਲੰਘਾਇਆ
ਕੱਲੂ ਨੂੰ ਗੁਲਾਮ ਆਖਿਆ…।
ਇਸ ਪੁਸਤਕ ਦੇ ਮੁੱਖਬੰਦ ‘ਖੇਡ ਸਾਹਿਤ ਦੀ ਵਡਮੁੱਲੀ ਕਿਰਤ’ ਸਿਰਲੇਖ ਹੇਠ ਸੁਰਜੀਤ ਜੱਜ ਨੇ ਲਿਖਿਆ: ਲੰਮੇ ਸਮੇਂ ਤਕ ਸਿਰਜਣਾਤਮਕ ਕਵਿਤਾਵਾਂ ਤੇ ਕਹਾਣੀਆਂ ਨਾਲ ਭਰਪੂਰ ਹੁੰਦੀ ਰਹੀ ਪੰਜਾਬੀ ਭਾਸ਼ਾ ਪਿਛਲੇ ਕੁਝ ਦਹਾਕਿਆਂ ਤੋਂ ਬਾਕੀ ਖੇਤਰਾਂ ਨਾਲ ਸੰਬੰਧਿਤ ਲਿਖਤਾਂ ਨਾਲ ਵੀ ਸਿ਼ੰਗਾਰੀ ਜਾਣ ਲੱਗ ਪਈ ਹੈ। ਗਿਆਨ-ਵਿਗਿਆਨ ਤੇ ਸਮਾਜਿਕ ਵਿਗਿਆਨ ਸਮੇਤ ਜੀਵਨ ਨਾਲ ਜੁੜੇ ਹਰ ਖਿੱਤੇ ਤੇ ਕਿੱਤੇ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਪੰਜਾਬੀ ਵਿਚ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਇਸ ਧਾਰਾ ਵਿਚ ਖੇਡ ਖੇਤਰ ਨਾਲ ਸੰਬੰਧਿਤ ਸਾਹਿਤ ਵੀ ਵਿਸ਼ੇਸ਼ ਤੌਰ `ਤੇ ਵਰਣਨਯੋਗ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਐੱਚ. ਐੱਮ. ਬਿਲਗਾ ਤੇ ਪੀ. ਆਰ. ਸੋਂਧੀ ਦਾ ਨਾਂ ਵਿਸ਼ੇਸ਼ ਤੌਰ `ਤੇ ਉੱਭਰ ਕੇ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਬੜੀ ਸਿਦਕਦਿਲੀ ਨਾਲ ਪੰਜਾਬ ਦੀ ਰੂਹ ਕਹੀ ਜਾਣ ਵਾਲੀ ਖੇਡ ‘ਕੁਸ਼ਤੀ’ ਸੰਬੰਧੀ ਨਿੱਠ ਕੇ ਖੋਜ ਕੀਤੀ ਹੈ। ਇਹ ਪੁਸਤਕ, ਕੁਸ਼ਤੀ ਵਰਗੀ ਸਦੀਆਂ ਪੁਰਾਣੀ, ਪਰ ਨਿੱਤ ਨਵੀਂ-ਨਵੇਲੀ ਰਹਿਣ ਵਾਲੀ ਲੋਕ ਖੇਡ, ਜੋ ਸਮਕਾਲੀ ਸਮੇਂ ਸੰਸਾਰ ਭਰ `ਚ ਪ੍ਰਮੁੱਖ ਖੇਡ ਵਜੋਂ ਆਪਣਾ ਸਥਾਨ ਰੱਖਦੀ ਹੈ, ਬਾਰੇ ਬਹੁਤ ਭਰੋਸੇਯੋਗ, ਵਿਸਤ੍ਰਿਤ ਤੇ ਦਿਲਚਸਪ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।
ਡਾ. ਜਗੀਰ ਸਿੰਘ ਨੂਰ ਨੇ ਹਰੀ ਮਿੱਤਰ ਬਿਲਗਾ ਦੀ ਜਾਣ-ਪਛਾਣ ਕਰਾਉਂਦਿਆਂ ਲਿਖਿਆ: ‘ਸਾਹਿਤ’ ਅਤੇ ‘ਸਿਹਤ’ ਦੋਵੇਂ ਨਿਆਮਤਾਂ ਕਿਸੇ ਵਿਰਲੇ ਵਾਂਝੇ ਨੂੰ ਹੀ ਇਕ ਥਾਂਵੇਂ ਨਸੀਬ ਹੁੰਦੀਆਂ ਹਨ। ਮੇਰੀ ਜਾਚੇ ਇਹ ਦੋਵੇਂ ਨਿਆਮਤਾਂ ਕਿਸੇ ਕੋਲ ਹਨ ਤਾਂ ਉਨ੍ਹਾਂ ਸਿਰਮੌਰ ਨਾਂਵਾਂ ਵਿਚੋਂ ਪ੍ਰਿੰ. ਸਰਵਣ ਸਿੰਘ ਤੋਂ ਬਾਅਦ ਸ਼੍ਰੀ ਐੱਚ. ਐੱਮ. ਬਿਲਗਾ ਜੀ ਦਾ ਨਾਮ ਆਉਂਦਾ ਹੈ। ਬਿਲਗਾ ਜੀ ਦਾ ਸਰੀਰ ਖੇਡ ਖੇਤਰ ਦੇ ਮੁਜੱਸਮੇ ਦਾ ਪ੍ਰਗਟਾਵਾ ਹੈ ਅਤੇ ਸੀਰਤ ਸਾਹਿਤਕਾਰ ਦੀ ਹੈ। ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ ਆਪਣੇ ਕੈਰੀਅਰ ਦਾ ਅਰੰਭ 1975 ਵਿਚ ਫਗਵਾੜੇ ਦੇ ਮਾਡਲ ਸਕੂਲ ਵਿਚ ਬਤੌਰ ਖੇਡ ਅਧਿਆਪਕ ਕੀਤਾ ਸੀ। ਬਾਅਦ ਵਿਚ ਆਰੀਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੂੰ ਆਪਣੀ ਕਰਮਭੂਮੀ ਬਣਾਇਆ ਅਤੇ ਨਿਧੜਕ ਪੱਤਰਕਾਰ ਵਜੋਂ ਵਿਚਰਨਾ ਅਰੰਭ ਕੀਤਾ। ਉਸ ਨੇ ‘ਚੈਂਪੀਅਨ ਜੋ ਹਾਰ ਗਏ’ ਵਰਗੇ ਲੇਖ ਲਿਖ ਕੇ ਖੇਡ ਲੇਖਕਾਂ ਵਿਚ ਆਪਣੀ ਥਾਂ ਬਣਾਈ…।
ਡਾ. ਜਵਾਹਰ ਧੀਰ ਨੇ ਪਿਆਰਾ ਰਾਮ ਸੋਂਧੀ ਬਾਰੇ ਲਿਖਿਆ: ਦੁਸਹਿਰਾ ਹੋਵੇ ਜਾਂ ਦੀਵਾਲੀ, ਲੋਹੜੀ ਹੋਵੇ ਜਾਂ ਵਿਸਾਖੀ, ਜਿਸ ਸ਼ਖਸ ਲਈ ਇਨ੍ਹਾਂ ਤਿਉਹਾਰਾਂ ਦਾ ਨਾਮ ਸਿਰਫ ਤੇ ਸਿਰਫ ਕੁਸ਼ਤੀ ਹੋਵੇ, ਕੁਸ਼ਤੀ ਹੀ ਜਿਸ ਦਾ ਮਜ਼੍ਹਬ ਹੋਵੇ, ਉਸ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ? ਅਜਿਹਾ ਸ਼ਖਸ ਜਿਸ ਲਈ ਕਿਸੇ ਵੀ ਤਿਉਹਾਰ ਜਾਂ ਰਿਸ਼ਤੇ ਨਾਲੋਂ ਕੁਸ਼ਤੀ ਦਾ ਮਹੱਤਵ ਵਧੇਰੇ ਹੈ ਅਤੇ ਜੋ ਜਾਗਦੇ-ਸੌਂਦੇ ਤੇ ਖਾਂਦੇ-ਪੀਂਦੇ ਹਰ ਸਮੇਂ ਕੁਸ਼ਤੀ ਬਾਰੇ ਸੋਚਦੈ, ਉਸ ਨੂੰ ਕੁਸ਼ਤੀ ਪ੍ਰੇਮੀ, ਕੋਚ ਪੀ. ਆਰ. ਸੋਂਧੀ ਦੇ ਨਾਂ ਨਾਲ ਜਾਣਦੇ ਹਨ। ਜਿਥੇ ਉਹ ਕੁਸ਼ਤੀ ਦਾ ਵਧੀਆ ਕੋਚ ਹੈ, ਉਥੇ ਪੰਜਾਬ ਕੁਸ਼ਤੀ ਐਸੋਸੀਏਸ਼ਨ ਦਾ ਕੈਸ਼ੀਅਰ ਵੀ ਹੈ। ਪਿੰਡ ਰਾਏਪੁਰ ਡੱਬਾ ਦੇ ਜੰਮਪਲ ਪਿਆਰਾ ਰਾਮ ਸੋਂਧੀ ਨੂੰ ਇਸੇ ਪਿੰਡ ਦੇ ਰੁਸਤਮੇ ਹਿੰਦ ਪਹਿਲਵਾਨ ਹਰਬੰਸ ਸਿੰਘ ਨੇ ਬਚਪਨ ਵਿਚ ਹੀ ਕੁਸ਼ਤੀ ਦੇ ਲੜ ਲਾਇਆ ਸੀ। ਕਾਲਜ ਵਿਚ ਪੜ੍ਹਦਿਆਂ ਉਸ ਨੇ ਪਹਿਲਵਾਨ ਹਰਬੰਸ ਸਿੰਘ ਦੇ ਸਪੁੱਤਰ ਪ੍ਰੋ. ਕਸ਼ਮੀਰਾ ਸਿੰਘ ਤੋਂ ਕੁਸ਼ਤੀ ਦੀਆਂ ਬਾਰੀਕੀਆਂ ਸਿੱਖੀਆਂ। 1971 ਵਿਚ ਐਨ. ਆਈ. ਐਸ. ਪਟਿਆਲਾ ਤੋਂ ਕੁਸ਼ਤੀ ਦਾ ਡਿਪਲੋਮਾ ਤੇ ਜਰਮਨੀ ਤੋਂ ਕੁਸ਼ਤੀ ਦਾ ਵਿਸ਼ੇਸ਼ ਕੋਚਿੰਗ ਕੋਰਸ ਪਾਸ ਕੀਤਾ। ਫਿਰ ਉਸ ਨੇ ਅੰਤਰਰਸ਼ਟਰੀ ਕੁਸ਼ਤੀ ਮੁਕਾਬਲਿਆਂ ਲਈ ਭਾਰਤੀ ਕੁਸ਼ਤੀ ਟੀਮਾਂ ਨੂੰ ਕੋਚਿੰਗ ਦੇਣੀ ਸ਼ੁਰੀ ਕੀਤੀ। ਕਦੇ ਏਸ਼ੀਅਨ ਜੂਨੀਅਰ ਚੈਂਪੀਅਨਸਿ਼ਪ ਹਿਸਾਰ, ਕਦੇ ਏਸ਼ੀਅਨ ਚੈਂਪੀਅਨਸਿ਼ਪ ਤਹਿਰਾਨ, ਕਦੇ ਵਿਸ਼ਵ ਚੈਂਪੀਅਨਸਿ਼ਪ ਰੂਸ, ਕਦੇ ਏਸ਼ੀਅਨ ਗੇਮਜ਼ ਬੈਂਕਾਕ, ਕਦੇ ਵਿਸ਼ਵ ਚੈਂਪੀਅਨਸਿ਼ਪ ਵੈਨਕੂਵਰ ਤੇ ਕਦੇ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਦਾ ਕੋਚ ਬਣ ਕੇ ਸੇਵਾਵਾਂ ਨਿਭਾਈਆਂ। ਉਹ ਨੈਸ਼ਨਲ ਚੀਫ ਕੁਸ਼ਤੀ ਕੋਚ ਰਹਿ ਕੇ ਰਿਟਾਇਰ ਹੋਇਆ…।
ਹਰੀ ਮਿੱਤਰ ਬਿਲਗੇ ਦਾ ਜਨਮ ਸ਼੍ਰੀ ਸੰਤ ਰਾਮ ਦੇ ਘਰ ਸ਼੍ਰੀਮਤੀ ਭਾਗਵੰਤੀ ਦੀ ਕੁੱਖੋਂ 19 ਦਸੰਬਰ 1949 ਨੂੰ ਨਾਨਕੇ ਪਿੰਡ ਬਜੂਹਾ ਖੁਰਦ, ਜਿਲਾ ਜਲੰਧਰ ਵਿਚ ਹੋਇਆ ਸੀ। ਉਹ ਬੀ. ਏ., ਡੀ.ਪੀ. ਐੱਡ ਸੀ ਤੇ ਫਗਵਾੜੇ ਰਹਿੰਦਾ ਸੀ, ਜਿਥੇ ਉਸ ਦਾ ਦੇਹਾਂਤ ਹੋਇਆ। ਪਿਆਰਾ ਰਾਮ ਸੋਂਧੀ ਦਾ ਜਨਮ ਪਿਤਾ ਸ਼੍ਰੀ ਜਗਤ ਰਾਮ ਤੇ ਮਾਤਾ ਸ਼੍ਰੀਮਤੀ ਧਾਂਤੀ ਦੇਵੀ ਦੇ ਗ੍ਰਹਿ ਵਿਖੇ ਨਾਨਕੇ ਪਿੰਡ ਜਗਤਪੁਰ, ਜਿਲਾ ਜਲੰਧਰ ਵਿਚ ਹੋਇਆ। ਉਹ ਅੱਜ ਕੱਲ੍ਹ ਫਗਵਾੜੇ ਰਹਿੰਦਾ ਹੈ ਤੇ ਕੁਸ਼ਤੀ ਅਖਾੜਾ ਚਲਾ ਰਿਹਾ ਹੈ। ਦੂਰ-ਨੇੜੇ ਦੀਆਂ ਛਿੰਝਾਂ ‘ਤੇ ਜਾ ਕੇ ਕੁਸ਼ਤੀ ਕੋਚ ਤੇ ਰੈਫਰੀ ਦੀਆਂ ਸੇਵਾਵਾਂ ਨਿਭਾਉਣੀਆਂ ਉਹਦਾ ਕਰਮ-ਧਰਮ ਹੈ।
ਇਕ ਸਮਾਂ ਸੀ ਜਦੋਂ ਪੰਜਾਬ ਦੀ ਹਵਾ ਵਿਚ ਮੱਲਾਂ ਦੀਆਂ ਗੱਲਾਂ ਤਾਰੀ ਸਨ। ਮੇਲਿਆਂ ਮੁਸਾਹਬਿਆਂ ਵਿਚ ਛਿੰਝਾਂ ਪੈਂਦੀਆਂ ਤੇ ਪਰ੍ਹਿਆਂ ‘ਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ। ਉਨ੍ਹਾਂ ਦੇ ਕੀਤੇ ਜ਼ੋਰ ਤੇ ਘੁਲੇ ਘੋਲਾਂ ਦੇ ਕਿੱਸੇ ਛਿੜਦੇ। ਭਲਵਾਨਾਂ ਦੇ ਦਾਅ, ਛਿੰਝਾਂ ਦੀਆਂ ਝੰਡੀਆਂ ਤੇ ਜਿੱਤੀਆਂ ਗੁਰਜਾਂ ਦੀਆਂ ਕਥਾ ਕਹਾਣੀਆਂ ਤੁਰਦੀਆਂ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿਚ ਕੁਸ਼ਤੀਆਂ ਦਾ ਜ਼ਿਕਰ ਆਉਂਦਾ ਹੈ। ਮੱਲਾਂ ਦੇ ਘੋਲ ਭਾਰਤ ਦੀ ਪੁਰਾਤਨ ਖੇਡ ਕਲਾ ਹੈ। ਪੁਰਾਤਨ ਭਾਰਤੀ ਸਾਹਿਤ ਵਿਚ ਸ਼ਤਰੂਆਂ ਦੇ ਮੱਲ ਯੁੱਧ ਦੁਆਰਾ ਜਿੱਤ ਹਾਰ ਦਾ ਨਿਰਣਾ ਕਰਨ ਦੇ ਪ੍ਰਸੰਗ ਮਿਲਦੇ ਹਨ। ਭੀਮਸੈਨ ਨੇ ਜਰਾਸੰਧ ਨੂੰ ਮੱਲ ਯੁੱਧ ਦੁਆਰਾ ਮਾਰਿਆ ਸੀ। ਭੀਮਸੈਨ ਅਤੇ ਬਲਰਾਮ ਜੋਧੇ ਵੀ ਸਨ ਤੇ ਬਾਹੂਬਲੀ ਵੀ। ਮਿਥਿਹਾਸਕ ਕਥਾਵਾਂ ਮੁਤਾਬਿਕ ਉਨ੍ਹਾਂ ਦੇ ਅਸਮਾਨਾਂ ਵਿਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ!
ਯੂਨਾਨ, ਮਿਸਰ ਤੇ ਭਾਰਤ ਦੀ ਸੱਭਿਅਤਾ ਸਭ ਤੋਂ ਪੁਰਾਣੀ ਗਿਣੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਦੀਆਂ ਇਤਿਹਾਸਕ ਤੇ ਮਿਥਿਹਾਸਕ ਕਹਾਣੀਆਂ ਵਿਚ ਪਹਿਲਵਾਨਾਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਯੂਨਾਨੀ ਕਵੀ ਹੋਮਰ ਦੀ ਪੁਸਤਕ ‘ਇਲੀਅਦ’ ਬੀਰ ਕਥਾਵਾਂ ਨਾਲ ਭਰੀ ਪਈ ਹੈ। ਯੂਨਾਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਵ ਨਾਇਕ ਐਟਲਸ ਨੇ ਧਰਤੀ ਨੂੰ ਹੀ ਮੋਢਿਆਂ `ਤੇ ਚੁੱਕ ਲਿਆ ਸੀ। ਬਾਅਦ ਵਿਚ ਉਹਦੇ ਨਾਂ ਉਤੇ ਬਹੁਤ ਸਾਰੀਆਂ ਵਸਤਾਂ ਦੇ ਨਾਂ ‘ਐਟਲਸ’ ਰੱਖੇ ਗਏ, ਜਿਵੇਂ ਐਟਲਸ ਬਾਈਸਾਈਕਲ। ਤਿੰਨ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਪੁਸਤਕ ਇਲੀਅਦ ਵਿਚ ਐਟਲਸ ਤੋਂ ਬਿਨਾ ਹਰਕੁਲੀਸ, ਜਿਊਅਸ, ਯੂਲੀਸਿਸ ਤੇ ਅਜੈਕਸ ਆਦਿ ਦੈਵੀ ਨਾਇਕਾਂ ਦਾ ਵੇਰਵਾ ਮਿਲਦਾ ਹੈ। ਉਨ੍ਹਾਂ ਦੀ ਬੀਰਤਾ ਦੀਆਂ ਕਥਾਵਾਂ ਸਰੋਤਿਆਂ ਨੂੰ ਤਾਕਤਵਰ, ਪਹਿਲਵਾਨ, ਸੂਰਮੇ ਤੇ ਦੀਨ ਦੁਨੀ ਦੇ ਰਾਖੇ ਬਣਨ ਲਈ ਪ੍ਰੇਰਦੀਆਂ ਹਨ। ਪਲੈਟੋ ਦੀਆਂ ਲਿਖਤਾਂ ਵਿਚ ਜਿਸਮਾਨੀ ਤਾਕਤ ਦਾ ਉਚੇਚਾ ਬਿਰਤਾਂਤ ਹੈ। ਯੂਨਾਨੀ ਦਾਰਸ਼ਨਿਕਾਂ ਨੇ ਸਰੀਰਕ ਬਲ ਨੂੰ ਬੜਾ ਵਡਿਆਇਆ ਅਤੇ ਕਰਾਮਾਤੀ ਕਿਹਾ ਹੈ। ਸਰੀਰਕ ਬਲ ਬਿਨਾ ਜਿੱਤਾਂ ਨਹੀਂ ਜਿੱਤ ਹੁੰਦੀਆਂ। ਸਮਾਰਟਾ ਵਾਸੀ ਸਰੀਰਕ ਬਲ ਨੂੰ ਧਾਰਮਿਕ ਤੌਰ `ਤੇ ਵੀ ਜੀਵਨ ਦਾ ਜ਼ਰੂਰੀ ਉਦੇਸ਼ ਮੰਨਦੇ ਸਨ।
ਹੋਮਰ ਨੇ ਆਪਣੇ ਮਹਾਨ ਕਾਵਿ ਇਲੀਅਦ ਵਿਚ ਓਡੀਸਿਸ ਤੇ ਅਜੈਕਸ ਵਰਗੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਵਰਣਨ ਕੀਤਾ ਹੈ। ਛੇਵੀਂ ਪੂਰਵ ਈਸਵੀ ਵਿਚ ਪੁਰਾਤਨ ਓਲੰਪਿਕ ਖੇਡਾਂ ਵਿਚ ਇਕ ਅਜਿਹੀ ਕੁਸ਼ਤੀ ਘੁਲੀ ਜਾਂਦੀ ਸੀ, ਜਿਸ ਵਿਚ ਹਾਰ ਰਿਹਾ ਖਿਡਾਰੀ ਜਦੋਂ ਤਕ ਹੱਥ ਖੜ੍ਹਾ ਨਾ ਕਰੇ, ਉਦੋਂ ਤਕ ਉਹ ਹਾਰਿਆ ਨਹੀਂ ਸੀ ਸਮਝਿਆ ਜਾਂਦਾ। ਇਸ ਕੁਸ਼ਤੀ ਨੂੰ ਪੰਕਰਾਜਨ ਕਹਿੰਦੇ ਸਨ। ਇਹਦੇ ਵਿਚ ਅੱਖਾਂ ਕੱਢਣ, ਉਂਗਲਾਂ ਤੋੜਨ ਤੇ ਚੱਕ ਮਾਰਨ ਦੀ ਹੀ ਮਨਾਹੀ ਸੀ, ਬਾਕੀ ਸਭ ਕੁਝ ਜਾਇਜ਼ ਸੀ। ਯੂਨਾਨੀ ਪਹਿਲਵਾਨ ਅਰੈਚਨ ਇਕ ਘੋਲ ਵਿਚ ਆਪਣੇ ਵਿਰੋਧੀ ਨਾਲ ਅਜਿਹਾ ਗੁੱਥਮਗੁਥਾ ਹੋਇਆ ਕਿ ਦੋਵੇਂ ਮਰਨਹਾਰੇ ਹੋ ਗਏ। ਅਰੈਚਨ ਮਰਨੀ ਮਰ ਗਿਆ, ਪਰ ਹੱਥ ਨਾ ਚੁੱਕਿਆ। ਅਰੈਚਨ ਦੀ ਜਾਨ ਨਿਕਲਣ ਲੱਗੀ ਤਾਂ ਅਰੈਚਨ ਦੇ ਵਿਰੋਧੀ ਨੇ ਹੱਥ ਖੜ੍ਹਾ ਕਰ ਦਿੱਤਾ। ਜਦੋਂ ਉਹ ਅੱਡੋ ਅੱਡ ਕੀਤੇ ਤਾਂ ਅਰੈਚਨ ਲਾਸ਼ ਬਣਿਆ ਹੋਇਆ ਸੀ। ਉਸ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ, ਇਸ ਲਈ ਜੱਜਾਂ ਨੇ ਮੋਏ ਅਰੈਚਨ ਨੂੰ ਜੇਤੂ ਕਰਾਰ ਦਿੱਤਾ ਤੇ ਉਸ ਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ।
ਕੁਸ਼ਤੀ ਸਦੀਆਂ ਪੁਰਾਣੀ ਖੇਡ ਹੈ। ਮਿਸਰ ਵਿਚ ਪਹਿਲਵਾਨੀ ਕਰਨ ਦੇ ਪੰਜ ਹਜ਼ਾਰ ਸਾਲ ਪੁਰਾਣੇ ਸਬੂਤ ਮਿਲਦੇ ਹਨ। ਖੋਜੀਆਂ ਨੇ ਕੁਸ਼ਤੀ ਦਾ ਇਤਿਹਾਸ ਪੰਜ ਹਜ਼ਾਰ ਵਰ੍ਹੇ ਪਹਿਲਾਂ ਦਾ ਖੋਜਿਆ ਹੈ। ਮੈਸੇਪੋਟਾਮੀਆ ਵਿਚੋਂ 3000 ਪੂ: ਈ: ਦੀ ਬਣੀ ਤਾਂਬੇ ਦੀ ਇਕ ਤਸ਼ਤਰੀ ਮਿਲੀ ਹੈ, ਜਿਸ ਉਤੇ ਦੋ ਪਹਿਲਵਾਨ ਕੁਸ਼ਤੀ ਕਰਦੇ ਉਕਰੇ ਹੋਏ ਹਨ। ਮਿਸਰ ਵਿਚ ਨੀਲ ਨਦੀ ਦੇ ਕੰਢੇ ਬੇਨੀ ਹਸਨ ਦੇ ਇਕ ਮਕਬਰੇ ਦੀਆਂ ਕੰਧਾਂ ਉਤੇ ਕੁਸ਼ਤੀ ਕਰਦੇ ਮੱਲਾਂ ਦੇ ਚਿੱਤਰ ਵਾਹੇ ਮਿਲੇ ਹਨ। ਇਨ੍ਹਾਂ ਚਿੱਤਰਾਂ ਦੀ ਉਮਰ ਸਾਢੇ ਚਾਰ ਹਜ਼ਾਰ ਸਾਲ ਅੰਕੀ ਗਈ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿਚ ਵੀ ਬਾਹੂਬਲੀਆਂ ਦੀ ਮਹਿਮਾ ਤੇ ਮੱਲ-ਯੁੱਧ ਦਾ ਜ਼ਿਕਰ ਆਉਂਦਾ ਹੈ। ਮੈਦਾਨਿ ਜੰਗ ਵਿਚ ਉਨ੍ਹਾਂ ਦੀਆਂ ਗੁਰਜਾਂ/ਗਦਾਵਾਂ ਖੜਕਦੀਆਂ ਸਨ।
ਚੀਨ ‘ਚ 700 ਪੂ: ਈ: ਵਿਚ ਕੁਸ਼ਤੀ ਪ੍ਰਚਲਿਤ ਸੀ। 704 ਪੂ: ਈ: ਵਿਚ ਪੁਰਾਤਨ ਓਲੰਪਿਕ ਖੇਡਾਂ ਦੀ 18ਵੀਂ ਓਲਿੰਪੀਅਦ ਵਿਚ ਕਰੋਟੋਨ ਦਾ ਦਿਓ ਕੱਦ ਪਹਿਲਵਾਨ ਮੀਲੋ ਓਲੰਪਿਕ ਚੈਂਪੀਅਨ ਬਣਿਆ। ਮਿੱਥ ਹੈ ਕਿ ਮੀਲੋ ਮੁੱਕਾ ਮਾਰ ਕੇ ਸਾਨ੍ਹ ਮਾਰ ਦਿੰਦਾ ਸੀ ਤੇ ਅੱਠਾਂ ਪਹਿਰਾਂ ‘ਚ ਉਹਨੂੰ ਖਾ ਵੀ ਜਾਂਦਾ ਸੀ। ਭਾਰਤ ‘ਚ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਕੁਸ਼ਤੀਆਂ ਸ਼ੁਰੂ ਹੋ ਚੁਕੀਆਂ ਸਨ।
ਛਿੰਝ ਸ਼ਬਦ ਮੱਲ ਅਖਾੜਾ, ਮੱਲ ਯੁੱਧ, ਘੋਲ, ਦੰਗਲ, ਕੁਸ਼ਤੀ ਲਈ ਵਰਤਿਆ ਜਾਂਦਾ ਹੈ। ਗੁਰਮਤਿ ਦੇ ਕਵੀਆਂ ਨੇ ਤੇ ਸੂਫੀ ਕਵੀਆਂ ਨੇ ਆਪਣੇ ਕਲਾਮ ਵਿਚ ਅਤੇ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਇਸ ਸ਼ਬਦ ਦੀ ਵਰਤੋਂ ਆਪੋ ਆਪਣੇ ਅੰਦਾਜ਼ ਵਿਚ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਛਿੰਝ ਸ਼ਬਦ ਵਰਤਿਆ ਗਿਆ ਹੈ। ਛਿੰਝ ਮੇਲਿਆਂ ਦਾ ਇਤਿਹਾਸ ਕੁਸ਼ਤੀ ਦੇ ਜਨਮ ਨਾਲ ਹੀ ਮੰਨਿਆ ਗਿਆ ਹੈ। ਭਾਰਤ ਵਿਚ ਇਸ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿਚ ਛਿੰਝ, ਹਰਿਆਣਾ ਵਿਚ ਛੁੱਟੀ ਬੋਲਣਾ, ਮਹਾਰਾਸ਼ਟਰ ਵਿਚ ਹਗਾਮਾ, ਹਿਮਾਚਲ ਵਿਚ ਮਾਲੀ ਦੀ ਕੁਸ਼ਤੀ ਅਤੇ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਇਸ ਨੂੰ ਦੰਗਲ ਕਿਹਾ ਜਾਂਦਾ ਹੈ। ਦੰਗਲ ਟਿਕਟ ਰੱਖ ਕੇ ਕਰਵਾਏ ਜਾਂਦੇ ਹਨ, ਜਦ ਕਿ ਛਿੰਝ ਬਿਨਾ ਟਿਕਟ ਤੋਂ ਪੁਆਈ ਜਾਂਦੀ ਹੈ। ਛਿੰਝਾਂ ਵਿਚ ਬਦਾਮਾਂ ਦੀਆਂ ਬੋਰੀਆਂ ਤੋਂ ਲੈ ਕੇ ਘਿਉ ਦੇ ਘੜੇ, ਮੱਝਾਂ, ਘੋੜੀਆਂ, ਸੋਨੇ ਦੇ ਕੜੇ ਕੈਂਠੇ, ਮੁੰਦਰੀਆਂ ਤੇ ਨਕਦ ਇਨਾਮ ਦਿੱਤੇ ਜਾਂਦੇ ਹਨ।
ਪੰਜਾਬ ਵਿਚ ਲੋਕਾਂ ਨੇ ਛਿੰਝ ਨੂੰ ਕਿਸੇ ਨਾ ਕਿਸੇ ਰੀਤੀ-ਰਿਵਾਜ ਨਾਲ ਵੀ ਜੋੜਿਆ ਹੋਇਆ ਹੈ। ਜਦੋਂ ਔੜ ਲੱਗ ਜਾਵੇ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਵਰਖਾ ਦੀ ਕਾਮਨਾ ਕਰਦੇ ਹੋਏ ਛਿੰਝ ਸੁੱਖਦੇ ਹਨ। ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਡੰਗਰਾਂ ਦੀ ਸੁੱਖ ਲਈ ਛਿੰਝ ਪੁਆਂਦੇ ਹਨ। ਪੁਰਾਣੇ ਬੰਦੇ ਪਹਿਲਵਾਨਾਂ ਨੂੰ ਸਾਧਾਂ ਸੰਤਾਂ ਦਾ ਰੂਪ ਮੰਨਦੇ ਸਨ ਅਤੇ ਛਿੰਝ ਵਿਚ ਘੁਲਣ ਆਏ ਪਹਿਲਵਾਨਾਂ ਦੀ ਗੋਦੀ ਵਿਚ ਆਪਣੀ ਨਵਜੰਮੀ ਸੰਤਾਨ ਨੂੰ ਪਾ ਕੇ ਬੱਚਿਆਂ ਦੀ ਸੁੱਖ ਮੰਗਦੇ ਸਨ। ਛਿੰਝਾਂ ਵਿਚ ਝੰਡੀ ਦੀ ਕੁਸ਼ਤੀ ਨਾਲ ਰੁਪਏ ਬੰਨ੍ਹ ਕੇ ਪਿੜ ਵਿਚ ਘੁਮਾਇਆ ਜਾਂਦਾ ਹੈ ਤੇ ਜਿਹੜੇ ਦੋ ਪਹਿਲਵਾਨ ਇਸ ਨੂੰ ਹੱਥ ਲਾ ਦੇਣ, ਉਨ੍ਹਾਂ ਨੂੰ ਝੰਡੀ ਦੀ ਕੁਸ਼ਤੀ ਲਈ ਘੁਲਾ ਦਿੱਤਾ ਜਾਂਦਾ ਹੈ। ਭਾਰਤੀ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਵਿਚ ਛਿੰਝ ਮੇਲਿਆਂ ਦੀ ਅਹਿਮ ਭੂਮਿਕਾ ਰਹੀ ਹੈ। ਦੁਆਬੇ ਵਿਚ ਪੈਣ ਵਾਲੀਆਂ ਮਸ਼ਹੂਰ ਛਿੰਝਾਂ ਵਿਚ ਰੂਪੋਵਾਲ, ਸਰੀਂਹ, ਸੰ਼ਕਰ, ਕੋਟ ਬਾਦਲ ਖਾਂ, ਨੂਰਮਹਿਲ, ਹਕੀਮਪੁਰ, ਗੜ੍ਹੀ ਅਜੀਤ ਸਿੰਘ ਤੇ ਬਿਲਗਾ ਆਦਿ ਦੀਆਂ ਛਿੰਝਾਂ ਸ਼ਾਮਲ ਹਨ। ਮਾਝੇ ਵਿਚ ਬੱਬੇਹਾਲੀ ਦੀ ਛਿੰਝ ਬਹੁਤ ਮਸ਼ਹੂਰ ਹੈ। ਕਰੀਬ ਤਿੰਨ ਸੌ ਸਾਲ ਪਹਿਲਾਂ ਬਾਬਾ ਲੱਖ ਦਾਤਾ ਨਾਂ ਦਾ ਫਕੀਰ ਪਿੰਡ ਬੱਬੇਹਾਲੀ ਵਿਚ ਆ ਵਸਿਆ। ਪਿੰਡ ਦੇ ਬਾਹਰਵਾਰ ਉਸ ਨੇ ਇਕ ਅਖਾੜਾ ਤਿਆਰ ਕਰਵਾ ਦਿੱਤਾ, ਜਿਥੇ ਪਿੰਡ ਦੇ ਛੋਟੇ ਬੱਚੇ ਤੇ ਗਭਰੀਟ ਕੁਸ਼ਤੀ ਲੜਦੇ ਸਨ। ਫਿਰ ਇਸ ਜਗ੍ਹਾ ਛਿੰਝ ਪੈਣੀ ਸ਼ੁਰੂ ਹੋ ਗਈ, ਜਿਸ ਬਾਰੇ ਕਿਹਾ ਜਾਂਦਾ ਹੈ: ਬੱਬੇਹਾਲੀ ਦੀ ਛਿੰਝ ਮਸ਼ਹੂਰ ਜੱਗ ‘ਤੇ, ਜਿਥੇ ਮੁੱਲ ਪੈਂਦਾ ਮਰਦਾਂ ਘੋੜਿਆਂ ਦਾ। ਮਾਝੇ ਵਿਚ ਕਿਰਲਗੜ੍ਹ, ਬੱਚੀ ਪਿੰਡ, ਸੁਰਸਿੰਘ, ਭਾਗੋਵਾਲ, ਪਿੱਦੀ, ਸੇਰੋਂ, ਮਹਿਲ ਬੁਖਾਰੀ ਤੇ ਗੁਰੂਸਰ ਸੁਲਤਾਨੀ ਦੀਆਂ ਛਿੰਝਾਂ ਵੀ ਅੱਵਲ ਦਰਜੇ ਦੀਆਂ ਮੰਨੀਆਂ ਜਾਂਦੀਆਂ ਹਨ। ਮਾਲਵੇ ਵਿਚ ਸਮਰਾਲਾ, ਜਗਰਾਓਂ, ਅਕਬਰਪੁਰ, ਰਾੜਾ ਸਾਹਿਬ, ਤੱਖਰਾ ਭਰਤਗੜ੍ਹ, ਬੜਾ ਪਿੰਡ, ਖਿਜਰਾਬਾਦ, ਆਲਮਗੀਰ ਤੇ ਹੋਰ ਬਹੁਤ ਸਾਰੀਆਂ ਛਿੰਝਾਂ ਪ੍ਰਸਿੱਧ ਹਨ।
‘ਕੁਸ਼ਤੀ ਦੇ ਧਨੰਤਰ’ ਪੁਸਤਕ ਨੂੰ ਬਰੈਕਟ ਵਿਚ ‘ਕੁਸ਼ਤੀ ਦਾ ਸਫਰਨਾਮਾ’ ਲਿਖਿਆ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਹਿੰਦੋਸਤਾਨ `ਚ ਰੁਸਤਮੇ ਜਮਾਂ, ਕੁਤਬਿ ਜਮਾਂ, ਦੇਵੇ ਹਿੰਦ, ਰੁਸਤਮੇ ਹਿੰਦ, ਆਫਤਾਬੇ ਹਿੰਦ, ਸ਼ੇਰੇ ਹਿੰਦ, ਸ਼ਾਨੇ ਹਿੰਦ ਆਦਿ ਖਿਤਾਬ ਹੁੰਦੇ ਸਨ। ਪ੍ਰੇਮ ਸਿੰਘ ਉਰਫ ਪਹਿਲਵਾਨ ਕਿੱਕਰ ਸਿੰਘ ਦੇਵੇ ਹਿੰਦ ਸੀ। ਰਮਜ਼ੀ ਪਹਿਲਵਾਨ ਦਹਿਰ ਉਲ ਹੱਕ ਸੀ। ਹਿੰਦ ਵਿਚ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ ਨੂੰ ਮੰਨਿਆ ਜਾਂਦਾ ਹੈ। ਉਹ ਕੁਤਬਿ ਜਮਾ ਸੀ। ਦੰਦ ਕਥਾ ਤੁਰੀ ਆਉਂਦੀ ਹੈ ਕਿ ਉਹ ਨਿੱਤ ਪੰਜ ਹਜ਼ਾਰ ਡੰਡ ਤੇ ਪੰਜ ਹਜ਼ਾਰ ਬੈਠਕਾਂ ਕੱਢਦਾ ਸੀ ਤੇ ਘੰਟਿਆਂ ਬੱਧੀ ਖੂਹ ਗੇੜਦਾ ਸੀ। ਖਲੀਫਾ ਅਬਦੁੱਰਹੀਮ ਨੇ ਰਾਹ ਜਾਂਦਿਆਂ ਰੁੱਖ ਪੁੱਟ ਦਿੱਤਾ ਸੀ, ਜਿਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਭਲਵਾਨ ਦੀਆਂ ਵਸਤਾਂ ਦੇ ਦਰਸ਼ਨ ਕਰਾਏ ਜਾਂਦੇ ਹਨ।
ਖਲੀਫਾ ਚਰਾਗਉਦੀਨ ਦੇਵੇ ਹਿੰਦ ਸਾਢੇ ਸੱਤ ਫੁੱਟਾ ਤੇ ਰਮਜ਼ੀ ਅੱਠ ਫੁੱਟਾ ਭਲਵਾਨ ਸੀ। ਉਨ੍ਹਾਂ ਨੂੰ ਛਿੰਝਾਂ ‘ਤੇ ਲਿਜਾਂਦਿਆਂ ਘੋੜੀਆਂ ਬਦਲਣੀਆਂ ਪੈਂਦੀਆਂ ਸਨ। ਬਾਬਾ ਫਤਿਹ ਸਿੰਘ ਰੁਸਤਮੇ ਹਿੰਦ ਨੇ ਖੂਹ ‘ਚ ਡਿੱਗੀ ਡਾਚੀ ‘ਕੱਲੇ ਨੇ ਬਾਹਰ ਖਿੱਚ ਲਈ ਸੀ। ਪਹਿਲਵਾਨ ਅਲੀਏ ਨੇ ਖੁਦ ਜੂਲੇ ਜੁੜ ਕੇ ਖੁੱਭਿਆ ਗੱਡਾ ਕੱਢ ਲਿਆ ਸੀ। ਸਦੀਕਾ ਅੰਬਰਸਰੀਆ ਬੜਾ ਤਕੜਾ ਪਹਿਲਵਾਨ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦਾ ਸ਼ੌਕ ਸੀ ਤੇ ਖੁਦ ਮੂੰਗਲੀਆਂ ਫੇਰਦਾ ਹੁੰਦਾ ਸੀ। ਜਿੱਦਣ ਸੰਧਾਵਾਲੀਆਂ ਨੇ ਬੰਦੂਕ ਭੇਟ ਕਰਦਿਆਂ ਸ਼ੇਰ ਸਿੰਘ ਦੇ ਗੋਲੀ ਮਾਰੀ, ਉੱਦਣ ਮਹਾਰਾਜਾ ਸ਼ਾਹ ਬਲਾਵਲ ਦੇ ਮਕਬਰੇ ਸਦੀਕੇ ਦਾ ਭੁਚਾਲ ਨਾਲ ਘੋਲ ਵੇਖ ਕੇ ਫੌਜ ਦੀ ਸਲਾਮੀ ਲੈ ਰਿਹਾ ਸੀ। ਸਦੀਕੇ ਬਾਰੇ ਕਿਹਾ ਜਾਂਦੈ ਕਿ ਉਹ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇਕ ਮੀਲ ਤੁਰ ਸਕਦਾ ਸੀ। ਇਕ ਵਾਰ ਖੋਤੇ ਦੇ ਅਜਿਹਾ ਮੁੱਕਾ ਮਾਰਿਆ ਕਿ ਖੋਤਾ ਥਾਂਏਂ ਮਰ ਗਿਆ। ਲਾਹੌਰ ਦੇ ਬੂਟੇ ਭਲਵਾਨ ‘ਚ ਹਾਥੀ ਜਿੰਨਾ ਜ਼ੋਰ ਸੀ, ਜਿਸ ਨੂੰ ਕਿੱਕਰ ਸਿੰਘ ਨੇ ਉਸਤਾਦ ਧਾਰਿਆ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਤੇ ਭਾਰ ਸਾਢੇ ਸੱਤ ਮਣ ਸੀ। ਉਹ ਗਲ ‘ਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਿਆ ਕਰਦਾ ਸੀ, ਜਿਸ ਕਰਕੇ ਉਹਦੀ ਧੌਣ ਉਤੇ ਕੰਨ੍ਹਾ ਪਿਆ ਹੋਇਆ ਸੀ।
ਆਪਣੇ ਅੜਬ ਸੁਭਾਅ ਕਾਰਨ ਕਿੱਕਰ ਸਿੰਘ ਵਿਦੇਸ਼ ਵਿਚ ਕੁਸ਼ਤੀ ਲੜਨ ਨਾ ਜਾ ਸਕਿਆ। 1889 ‘ਚ ਪੰਡਿਤ ਮੋਤੀ ਲਾਲ ਨਹਿਰੂ ਨੇ ਪੈਰਿਸ ਦੀ ਨੁਮਾਇਸ਼ ‘ਤੇ ਜਾਣਾ ਸੀ, ਜਿਥੇ ਕੁਸ਼ਤੀਆਂ ਵੀ ਹੋਣੀਆਂ ਸਨ। ਉਸ ਨੇ ਕਿੱਕਰ ਸਿੰਘ ਨੂੰ ਚੱਲਣ ਲਈ ਕਿਹਾ, ਪਰ ਕਿੱਕਰ ਸਿੰਘ ਅਗਾਊਂ ਇਕ ਲੱਖ ਰੁਪਿਆ ਲੈਣ ਲਈ ਅੜ ਗਿਆ। ਅਖੀਰ ਨਹਿਰੂ ਨੇ ਪਹਿਲਵਾਨ ਗੁਲਾਮ ਨੂੰ ਨਾਲ ਤੋਰ ਲਿਆ, ਜਿਸ ਨੇ ਪੈਰਿਸ ਵਿਚ ਰੁਸਤਮੇ ਜ਼ਮਾਂ ਦਾ ਖਿਤਾਬ ਜਿੱਤਿਆ। ਗੁਲਾਮ ਕੱਲੂ ਦਾ ਵੱਡਾ ਭਰਾ ਸੀ, ਜੋ ਏਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਕਹਿੰਦਾ, “ਮੈਂ ਹੀ ਤੁਹਾਡਾ ਗੁਲਾਮ ਆਂ, ਸੇਵਾ ਦੱਸੋ।” ਕਲਕੱਤੇ ਦੀ ਮਸ਼ਹੂਰ ਗਾਇਕਾ ਗੌਹਰ ਜਾਨ, ਗੁਲਾਮ ‘ਤੇ ਮਰਦੀ ਸੀ, ਪਰ ਗੁਲਾਮ ਦੇ ਦਿਲ ਵਿਚ ਮੈਲ ਨਹੀਂ ਸੀ। ਗੁਲਾਮ ਦਰਬਾਰ ਸਾਹਿਬ ਮੱਥਾ ਟੇਕ ਕੇ ਕੁਸ਼ਤੀ ਲੜਨ ਜਾਂਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਆਉਂਦਾ ਸੀ।
ਗੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਹਨੇ ਪੇਲੜੇ ਭਲਵਾਨ ਦੇ ਪੁੱਤਰ ਕਰੀਮ ਨੂੰ ਤਨਜ਼ ਮਾਰੀ ਸੀ ਕਿ ਔਹ ਪੇਲੜੇ ਦੀ ਬੁਲਬੁਲ ਚੱਲੀ ਏ। ਫਿਰ ਉਹੀ ਕਰੀਮ ਬਖਸ਼ 1892 ‘ਚ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣਿਆ। ਕੱਲੂ ਨੇ ਮੰਨ੍ਹੀ ਪਹਿਲਵਾਨ ਰੈਣੀ ਵਾਲੇ ਨੂੰ ਲਾਹੌਰੀਆਂ ਦੀ ਬੁਲਬੁਲ ਕਹਿ ਕੇ ਗਲ ਪੁਆ ਲਿਆ ਸੀ ਤੇ ਚੰਗੀ ਖੁੰਭ ਠਪਾਈ ਸੀ। ਮੰਨ੍ਹੀ ਦੀਆਂ ਉਂਗਲਾਂ ਸਰੀਏ ਵਰਗੀਆਂ ਸਨ, ਜਿਸ ਕਰਕੇ ਜਿਥੇ ਹੱਥ ਪਾਉਂਦਾ ਸੀ, ਜੰਬੂਰ ਵਾਂਗ ਮਾਸ ਉਧੇੜ ਦਿੰਦਾ ਸੀ। ਉਹ ਬਾਈ ਸਾਲ ਦੀ ਉਮਰ ਵਿਚ ਮਰ ਗਿਆ। ਗੂੰਗਾ ਤੇ ਹਮੀਦਾ ਵੀ ਜੁਆਨ ਉਮਰੇ ਮਰੇ। ਗੂੰਗਾ ਅੰਮ੍ਰਿਤਸਰੋਂ ਲਾਹੌਰ ਨੂੰ ਬੱਸ ਚੜ੍ਹਿਆ ਸੀ ਤੇ ਬੱਸ ਦੀ ਅਗਲੀ ਸੀਟ ‘ਤੇ ਬੈਠਾ ਸੀ। ਅੱਗੋਂ ਇਕ ਬੱਚੀ ਸੜਕ ‘ਤੇ ਭੁਕਾਨਾ ਉਡਾਉਂਦੀ ਆ ਗਈ। ਗੁੰਗੇ ਨੇ ਬੱਚੀ ਦੀ ਜਾਨ ਬਚਾਉਣ ਲਈ ਉੱਚੀ ਦੇਣੇ ਆਂ…ਆਂ ਕੀਤੀ। ਘਬਰਾਹਟ ‘ਚ ਡਰਾਈਵਰ ਤੋਂ ਬੱਸ ਟਾਹਲੀ ਨਾਲ ਜਾ ਵੱਜੀ। ਗੂੰਗਾ ਗੰਭੀਰ ਜਖ਼ਮੀ ਹੋ ਗਿਆ। ਉਥੋਂ ਉਸ ਨੂੰ ਹਸਪਤਾਲ ਲੈ ਗਏ, ਪਰ ਉਹ ਬਚ ਨਾ ਸਕਿਆ। ਗੂੰਗੇ ਦੇ ਵਿਯੋਗ ਵਿਚ ਉਹਦਾ ਪਹਿਲਵਾਨ ਪਿਓ ਗਾਮੂੰ ਰੋ ਰੋ ਕੇ ਅੰਨ੍ਹਾ ਹੋ ਗਿਆ ਤੇ ਛੇਤੀ ਮਰ ਗਿਆ।
ਗਾਮੇ ਦਾ ਕੱਦ ਤਾਂ ਪੰਜ ਫੁੱਟ ਸੱਤ ਇੰਚ ਸੀ, ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ। ਉਹ 1910 ਵਿਚ ਲੰਡਨ ਗਿਆ ਤੇ ਜਾਨ੍ਹ ਬੁੱਲ ਵਿਸ਼ਵ ਚੈਂਪੀਅਨਸਿ਼ਪ ਜਿੱਤ ਕੇ ਵਿਸ਼ਵ ਵਿਜੇਤਾ ਬਣਿਆ। ਉਹ ਮਹਾਰਾਜਾ ਪਟਿਆਲਾ ਦਾ ਪਹਿਲਵਾਨ ਸੀ, ਜੋ ਦੇਸ਼ ਦੀ ਵੰਡ ਪਿਛੋਂ ਲਾਹੌਰ ਚਲਾ ਗਿਆ। ਉਥੇ ਉਹ 23 ਮਈ 1960 ਨੂੰ ਬੜੀ ਮੰਦੀ ਹਾਲਤ ਵਿਚ ਗੁਜ਼ਰਿਆ। ਉਸ ਨੇ 1928 ‘ਚ ਵਿਸ਼ਵ ਚੈਂਪੀਅਨ ਜ਼ਬਿਸਕੋ ਨੂੰ ਤੇ 1929 ‘ਚ ਸਵੀਡਨ ਦੇ ਨਾਮੀ ਪਹਿਲਵਾਨ ਪੀਟਰਸਨ ਨੂੰ ਪਟਿਆਲੇ ਵਿਚ ਪਟਕਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ। ਉਹਦਾ ਭਰਾ ਇਮਾਮ ਬਖਸ਼ ਵੀ ਬੜਾ ਤਕੜਾ ਪਹਿਲਵਾਨ ਹੋ ਗੁਜ਼ਰਿਆ। ਗੁੱਜਰਾਂਵਾਲੇ ਦਾ ਗਾਮਾ ਸਣੇ ਸਵਾਰੀਆਂ ਯੱਕਾ ਮੋਢਿਆਂ ‘ਤੇ ਚੁੱਕ ਲੈਂਦਾ ਸੀ, ਜਿਸ ਕਰਕੇ ਲੋਕ ਉਸ ਨੂੰ ਯੱਕਾ ਭਲਵਾਨ ਕਹਿਣ ਲੱਗ ਪਏ ਸਨ।
ਦਾਰੇ ਜੇਲ੍ਹਰ ਨੂੰ ਜੇਲ੍ਹ ‘ਚੋਂ ਹੱਥਕੜੀਆਂ ਜੜ ਕੇ ਅਖਾੜੇ ‘ਚ ਲਿਆਂਦਾ ਜਾਂਦਾ ਸੀ ਤੇ ਕੁਸ਼ਤੀ ਲੜਾਉਣ ਪਿੱਛੋਂ ਮੁੜ ਹੱਥਕੜੀਆਂ ਲਾ ਲਈਆਂ ਜਾਂਦੀਆਂ ਸਨ। ਉਹ ਕਤਲ ਦੇ ਜੁਰਮ ਵਿਚ ਸਜ਼ਾ ਭੁਗਤ ਰਿਹਾ ਸੀ। ਰਾਮਾਇਣ ‘ਚ ਹਨੂੰਮਾਨ ਦਾ ਰੋਲ ਕਰਨ ਵਾਲਾ ਐਕਟਰ ਦੀਦਾਰ ਸਿੰਘ ਉਰਫ ਦਾਰਾ ਸੀ। ਉਹ ਵੱਡੇ ਦਾਰੇ ਨਾਲੋਂ ਦਸ ਸਾਲ ਛੋਟਾ ਸੀ। ਵੱਡਾ ਦਾਰਾ ਦੁਲਚੀਪੁਰ ਦਾ ਸਿੱਧੂ ਸੀ, ਜਦੋਂ ਕਿ ਛੋਟਾ ਦਾਰਾ ਧਰਮੂਚੱਕ ਦਾ ਰੰਧਾਵਾ ਸੀ। ਵੱਡੇ ਦਾ ਕੱਦ ਛੇ ਫੁੱਟ ਦਸ ਇੰਚ ਸੀ, ਛੋਟੇ ਦਾ ਛੇ ਫੁੱਟ ਦੋ ਇੰਚ। ਰੁਸਤਮੇ ਹਿੰਦ ਕੇਸਰ ਸਿੰਘ ਦਾ ਛੇ ਫੁੱਟ ਚਾਰ ਇੰਚ ਤੇ ਉਹਦੇ ਪੋਤੇ ਪਲਵਿੰਦਰ ਚੀਮੇ ਦਾ ਛੇ ਫੁੱਟ ਛੇ ਇੰਚ। ਸੁਖਵੰਤ ਸਿੰਘ ਸਿੱਧੂ ਦਾ ਛੇ ਫੁੱਟ ਚਾਰ ਇੰਚ, ਮੇਹਰਦੀਨ ਤੇ ਚੰਦਗੀ ਰਾਮ ਦਾ ਛੇ ਫੁੱਟ ਤਿੰਨ ਇੰਚ, ਇਮਾਮ ਬਖਸ਼ ਦਾ ਛੇ ਫੁੱਟ ਦੋ ਇੰਚ, ਕੱਲੂ ਦਾ ਛੇ ਫੁੱਟ ਇਕ ਇੰਚ ਜਦ ਕਿ ਰੁਸਤਮੇ ਜਮਾਂ ਗਾਮੇ ਦਾ ਕੇਵਲ ਪੰਜ ਫੁੱਟ ਸੱਤ ਇੰਚ ਹੀ ਸੀ।