ਕੌਣ ਸੀ ਹਰਦਿੱਤ ਸਿੰਘ ਮਲਕ?

ਡਾ. ਆਸਾ ਸਿੰਘ ਘੁੰਮਣ
ਨਡਾਲਾ, ਕਪੂਰਥਲਾ
ਫੋਨ: 91-98152-53245
ਚਲੋ ਸੌ ਸਾਲ ਬਾਅਦ ਹੀ ਸਹੀ, ਸਾਨੂੰ ਉਸ ਮਹਾਨ ਸ਼ਖਸੀਅਤ ਦੀ ਯਾਦ ਤਾਂ ਆਈ ਕਿ ਕੋਈ ਹਰਦਿੱਤ ਸਿੰਘ ਮਲਕ ਵੀ ਹੁੰਦਾ ਸੀ, ਜਿਸ ਨੇ ਇੱਕ ਪੂਰਨ ਸਿੱਖ ਰਹਿੰਦਿਆਂ ਵਿਸ਼ਵ ਪੱਧਰ `ਤੇ ਅਨੇਕਾਂ ਉਹ ਕਾਰਜ ਕਰ ਵਿਖਾਏ, ਜੋ ਆਪਣੇ ਆਪ ਵਿਚ ਅਚੰਭਾਮਈ ਹਨ। ਸੰਨ 2019 ਵਿਚ ਭਾਰਤੀ ਡਾਕ ਸੇਵਾ ਨੇ ਉਸ ਦੀ ਯਾਦ ਵਿਚ ਡਾਕ ਟਿਕਟ ਜਾਰੀ ਕਰਕੇ ਆਪਣਾ ਫਰਜ਼ ਨਿਭਾਇਆ। ਹੁਣ ਇੰਗਲੈਂਡ ਵੱਲੋਂ ਪਹਿਲੇ ਵਿਸ਼ਵ ਯੁੱਧ ਵਿਚ ਉਸ ਦੀਆਂ ਬਤੌਰ ਪਾਇਲਟ ਨਿਭਾਈਆਂ ਸੇਵਾਵਾਂ ਕਰਕੇ ਬਰਤਾਨਵੀ ਬੰਦਰਗਾਹ, ਸਾਊਥੈਂਪਟਨ ਵਿਖੇ ਉਸ ਦਾ 17 ਫੁੱਟ ਉਚਾ ਬੁੱਤ ਬਣਾਇਆ ਜਾ ਰਿਹਾ ਹੈ, ਜਿਸ ਦੀ 2023 ਵਿਚ ਸੰਪੂਰਨ ਹੋਣ ਦੀ ਉਮੀਦ ਹੈ। ਇਸ ਬੁੱਤ ਵਿਚ ਮਲਕ ਬਤੌਰ ਪਾਇਲਟ ਦਸਤਾਰਧਾਰੀ ਸਰੂਪ ਵਿਚ ਨਜ਼ਰ ਆਉਣਗੇ।

ਅਸਲ ਵਿਚ ਹਰਦਿੱਤ ਸਿੰਘ ਮਲਕ ਰੌਇਲ ਫਲਾਇੰਗ ਕੋਰ ਦੇ ਪਾਇਲਟ ਬਣਨ ਵਾਲੇ ਸਭ ਤੋਂ ਪਹਿਲੇ ਭਾਰਤੀ ਸਨ। ਉਨ੍ਹਾਂ ਨੇ ਆਪਣੇ ਦਸਤਾਰਧਾਰੀ ਰਹਿਣ ਅਤੇ ਲੋਹ-ਟੋਪ ਨਾ ਪਾਉਣ ਦੀ ਸ਼ਰਤ ਸਭ ਤੋਂ ਪਹਿਲਾਂ ਰੱਖੀ। ਹੋਇਆ ਇਸ ਤਰ੍ਹਾਂ ਕਿ ਬਰਤਾਨਵੀ ਸਰਕਾਰ ਨੇ ਪਹਿਲੇ ਮਹਾਂ-ਯੁੱਧ ਵਿਚ ਭਾਵੇਂ ਹਜ਼ਾਰਾਂ ਭਾਰਤੀ ਭਰਤੀ ਕੀਤੇ, ਪਰ ਲੜਾਕੂ ਜਹਾਜਾਂ ਦੇ ਪਾਇਲਟ ਰੱਖਣ ਵੇਲੇ ਬਰਤਾਨਵੀ ਸਰਕਾਰ ਸ਼ੱਕੀ ਹੋ ਜਾਂਦੀ। ਮਲਕ 1916 ਵਿਚ ਫਰਾਂਸੀਸੀ ਫੌਜ ਵਿਚ ਚਲੇ ਗਏ, ਜਿੱਥੇ ਉਨ੍ਹਾਂ ਰੈੱਡ ਕਰਾਸ ਵਿਚ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਣ `ਤੇ ਉਸ ਦੇ ਉਸਤਾਦ ਨੇ ਰੌਇਲ ਫੋਰਸ ਦੇ ਕਮਾਂਡਰ ਨੂੰ ਚਿੱਠੀ ਲਿਖੀ ਕਿ ਉਹ ਮਲਕ ਵਰਗੇ ਨੌਜੁਆਨ ਦੀ ਯੋਗਤਾ ਤੇ ਨਿਪੁੰਨਤਾ ਦਾ ਫਾਇਦਾ ਉਠਾਉਣ। ਸਿੱਟੇ ਵਜੋਂ ਉਸ ਨੂੰ ਸੈਕੰਡ ਲੈਫਟੀਨੈਂਟ ਦੇ ਤੌਰ `ਤੇ ਨਵੀਂ ਬਣਾਈ ਯੂਨਿਟ ਵਿਚ ਭਰਤੀ ਕਰ ਲਿਆ ਗਿਆ। ਉਸ ਨੂੰ ਬਹੁਤ ਪ੍ਰਬੀਨ ਅਤੇ ਕੁਸ਼ਲ ਪਾਇਲਟ ਸਮਝਦਿਆਂ ਸਿੰਗਲ ਸੀਟਰ ਲੜਾਕੂ ਜਹਾਜ ਦਿੱਤਾ ਗਿਆ। ਉਸ ਦੀ ਇਹ ਸ਼ਰਤ ਮੰਨ ਲਈ ਗਈ ਕਿ ਉਸ ਨੂੰ ਦਸਤਾਰ ਉਤਾਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉਸ ਲਈ ਅਜਿਹਾ ਲੋਹ ਟੋਪ ਬਣਵਾਇਆ ਗਿਆ, ਜੋ ਦਸਤਾਰ ਦੇ ਉਪਰ ਫਿੱਟ ਹੋ ਸਕੇ।
ਹਰਦਿੱਤ ਸਿੰਘ ਇੰਗਲੈਂਡ ਵਿਚ ਪੜ੍ਹਦਿਆਂ ਵੀ ਆਪਣੀ ਵਿਰਾਸਤ ਪ੍ਰਤੀ ਸੁਚੇਤ ਸਨ। ਉਹ ਉਨ੍ਹਾਂ ਨੌਜੁਆਨਾਂ ਵਿਚੋਂ ਸਨ, ਜੋ ਬੇਹੱਦ ਰਈਸੀ ਪਿਛੋਕੜ ਹੋਣ ਦੇ ਬਾਵਜੂਦ ਬਾਹਰਲੀਆਂ ਧਰਤੀਆਂ ਤੇ ਆਪਣੇ ਧਰਮ ਤੇ ਕਰਮ ਪ੍ਰਤੀ ਪਾਬੰਦ ਰਹਿੰਦੇ ਹਨ। ਸੰਨ 1984 ਵਿਚ ਰਾਵਲਪਿੰਡੀ ਦੇ ਸਰਦਾਰ ਮੋਹਨ ਸਿੰਘ ਦੇ ਘਰ ਪੈਦਾ ਹੋਏ ਹਰਦਿੱਤ ਸਿੰਘ 14 ਸਾਲ ਦੀ ਉਮਰ ਤੱਕ ਘਰ ਹੀ ਪੜ੍ਹਦੇ ਰਹੇ। ਸੰਨ 1908-15 ਤੱਕ ਸਕੂਲ-ਕਾਲਜ ਦੇ ਦਿਨਾਂ ਵਿਚ ਉਹ ਸਕੂਲ-ਕਾਲਜ ਦੀ ਟੀਮ ਦੇ ਜੂੜੇ ਵਾਲੇ ਕ੍ਰਿਕਟ-ਕਪਤਾਨ ਸਨ। ਲੜਾਕੂ ਪਾਇਲਟ ਹੁੰਦਿਆਂ ਆਪਣੇ ਵਧੀਆ ਫਰਜ਼ ਨਿਭਾਉਣ ਉਪਰੰਤ ਉਹ 1919 ਵਿਚ ਹਿੰਦੁਸਤਾਨ ਵਾਪਸ ਆ ਗਏ ਅਤੇ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਸ਼ੇਖੂਪੁਰਾ ਜਿਲੇ ਦੇ ਡੀ. ਸੀ. ਬਣ ਗਏ। ਬਾਅਦ ਵਿਚ ਕੈਨੇਡਾ, ਅਮਰੀਕਾ ਭਾਰਤੀ ਟਰੇਡ ਕਮਿਸ਼ਨਰ ਬਣੇ।
ਇਹੋ ਜਿਹੇ ਬੰਦਿਆਂ ਦੇ ਬਥੇਰੇ ਕਦਰਦਾਨ ਹੁੰਦੇ ਹਨ। ਸੰਨ 1944 ਵਿਚ ਮਹਾਰਾਜਾ ਪਟਿਆਲਾ ਨੇ ਬਰਤਾਨਵੀ ਸਰਕਾਰ ਕੋਲੋਂ ਉਨ੍ਹਾਂ ਦੀਆਂ ਸੇਵਾਵਾਂ ਮੰਗ ਲਈਆਂ ਤੇ ਆਪਣਾ ਪ੍ਰਧਾਨ ਮੰਤਰੀ ਬਣਾ ਲਿਆ। ਇਥੇ ਉਨ੍ਹਾਂ ਮਾਰਚ 1947 ਵਿਚ ਪੋਠੋਹਾਰ ਵਿਚ ਹੋਏ ਦੰਗਿਆਂ ਤੋਂ ਪੀੜਤ ਸਿੱਖਾਂ ਅਤੇ ਹਿੰਦੂਆਂ ਨੂੰ ਆਪਣੀ ਰਿਆਸਤ ਵਿਚ ਸ਼ਰਣ ਦੇਣ ਲਈ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਪ੍ਰੇਰਿਤ ਕਰਕੇ ਆਪਣੇ ਮਾਨਵਵਾਦੀ ਵਤੀਰੇ ਰਾਹੀਂ ਕਈਆਂ ਦਾ ਫਾਇਦਾ ਕੀਤਾ। ਆਜ਼ਾਦੀ ਤੋਂ ਬਾਅਦ ਉਹ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਬਣੇ। ਇਥੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਥੇ ਦੇ ਭਾਰਤੀ ਆਬਾਦਕਾਰਾਂ ਨੂੰ ਉਥੇ ਦੇ ਨਾਗਰਿਕ ਬਣਨ ਦਾ ਅਧਿਕਾਰ ਪ੍ਰਾਪਤ ਹੋ ਗਿਆ।
ਸੰਨ 1985 ਵਿਚ ਉਹ ਨਵੀਂ ਦਿੱਲੀ ਵਿਖੇ ਸਾਲ ਕੁ ਦੀ ਲੰਬੀ ਬੀਮਾਰੀ ਉਪਰੰਤ 90 ਸਾਲ ਦੀ ਉਮਰ ਵਿਚ ਸੁਵਰਗਵਾਸ ਹੋ ਗਏ। ਕਿਹਾ ਜਾਂਦਾ ਹੈ ਕਿ ਉਹ 88 ਸਾਲ ਦੀ ਉਮਰ ਤੱਕ ਗੌਲਫ ਖੇਡਦੇ ਰਹੇ।