ਧੀਆਂ ਪੁੱਤ ਦਰਿਆਵਾਂ ਦੇ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਹਫਤੇ ਪੰਜਾਬੀ ਸਾਹਿਤ ਤੇ ਸਭਿਆਚਾਰ ਸੰਸਾਰ ਦੇ ਤਿੰਨ ਮਹਾਰਥੀ ਤੁਰ ਗਏ-ਲੋਕ ਕਵੀ ਕੁਲਵੰਤ ਸਿੰਘ ਗਰੇਵਾਲ, ਬਾਲ ਸਾਹਿਤ ਲੇਖਿਕਾ ਤਾਰਨ ਗੁਜਰਾਲ ਤੇ ਕਾਲਜ ਟੀਚਰਜ਼ ਯੂਨੀਅਨ ਦੇ ਝੰਡਾ ਬਰਦਾਰ ਤਰਸੇਮ ਬਾਹੀਆ। ਇਨ੍ਹਾਂ ਵਿਚੋਂ ਸਭ ਤੋਂ ਸੌਖਾ ਚਲਾਣਾ ਪਟਿਆਲਾ ਨਿਵਾਸੀ ਕੁਲਵੰਤ ਸਿੰਘ ਗਰੇਵਾਲ ਦੇ ਹਿੱਸੇ ਆਇਆ, ਜੋ 81 ਵਰ੍ਹੇ ਦਾ ਭਰਪੂਰ ਤੇ ਮਾਣਯੋਗ ਜੀਵਨ ਜੀਊ ਕੇ ਪਲਾਂ-ਛਿਟਾਂ ਵਿਚ ਤੁਰ ਗਿਆ। 25 ਕੁ ਸਾਲ ਪਹਿਲਾਂ ਕਾਨਪੁਰ ਤੋਂ ਚੰਡੀਗੜ੍ਹ ਆ ਕੇ ਵਸੀ ਤਾਰਨ ਗੁਜਰਾਲ ਪੂਰੇ 90 ਸਾਲ ਨੌਂ-ਬਰ-ਨੌਂ ਰਹੀ,

ਪਰ ਅੰਤਿਮ ਸਵਾਸ ਲੈਣ ਤੋਂ ਪਹਿਲਾਂ ਤਿੰਨ ਹਫਤੇ ਹਸਪਤਾਲ ਵਿਚ ਕੱਟਣੇ ਉਮਰਾਂ ਦੇ ਤਕਾਜ਼ੇ ਦੇ ਸਿਰ ਮੜੇ ਜਾ ਸਕਦੇ ਹਨ। ਅਧਿਆਪਕ ਨੇਤਾ ਤਰਸੇਮ ਬਾਹੀਆ ਕਰੋਨਾ ਦੀ ਲਪੇਟ ਵਿਚ ਆ ਕੇ ਵੀ ਅੰਤਿਮ ਸਵਾਸ ਲੈਣ ਤੱਕ ਚੜ੍ਹਦੀ ਕਲਾ ਵਿਚ ਰਿਹਾ। ਅਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਨੇ ਸਾਕ ਸਬੰਧੀਆਂ ਤੇ ਮਿੱਤਰ ਪਿਆਰਿਆਂ ਲਈ ਇੱਕ ਨੋਟ ਲਿਖਿਆ, ਜਿਸ ਵਿਚ ਉਸ ਨੇ ਮੰਗ ਕੀਤੀ, “ਮੇਰੀ ਅਰਥੀ ਲਿਜਾਂਦੇ ਸਮੇਂ ‘ਰਾਮ ਨਾਮ ਸੱਤ ਹੈ’ ਦਾ ਸੋਗ ਨਾ ਰਚਾਇਆ ਜਾਵੇ, ਸਗੋਂ ਆਸਾ ਸਿੰਘ ਮਸਤਾਨਾ ਦੇ ਇਹ ਬੋਲ ਚੇਤੇ ਕੀਤੇ ਜਾਣ, ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ: ਫਿਕਰ ਨਾ ਕਰੋ। ਮੈਂ ਖੁਸ਼ ਸੀ, ਖੁਸ਼ ਹਾਂ, ਖੁਸ਼ ਰਹਾਂਗਾ ਅਤੇ ਸ਼ਾਂਤ ਸੀ, ਹਾਂ ਸ਼ਾਂਤ ਰਹਾਂਗਾ।”
ਤਰਸੇਮ ਬਾਹੀਆ ਨਾਲ ਮੇਰੀ ਨਿੱਜੀ ਸਾਂਝ ਵੀ ਹੈ। ਉਹ ਖੰਨਾ ਮੰਡੀ ਵਿਖੇ ਉਸ ਕਾਲਜ ਦਾ ਲੰਮਾ ਅਰਸਾ ਪ੍ਰਿੰਸੀਪਲ ਰਿਹਾ ਹੈ, ਜਿਹੜਾ ਮੇਰੇ ਵਿਦਿਅਕ ਕਾਲ ਸਮੇਂ ਸਿਰਫ ਹਾਈ ਸਕੂਲ ਵਜੋਂ ਜਾਣਿਆ ਜਾਂਦਾ ਸੀ। ਮੈਂ ਉਸ ਸਕੂਲ ਤੋਂ ਮਿਡਲ ਪਾਸ ਕੀਤੀ ਸੀ।
ਕੁਲਵੰਤ ਸਿੰਘ ਗਰੇਵਾਲ ਕੁਝ ਇਸੇ ਤਰ੍ਹਾਂ ਦੀ ਭਾਵਨਾ ਤਿੰਨ ਚਾਰ ਦਹਾਕੇ ਪਹਿਲਾਂ ਲਿਖ ਗਿਆ ਸੀ,
ਦਿਲ ਟੁਟਦੇ ਹਵਾਵਾਂ ਦੇ
ਬੰੂਦ ਬੰੂਦ ਤਰਸ ਗਏ,
ਅਸੀਂ ਪੁੱਤ ਦਰਿਆਵਾਂ ਦੇ
ਤੇਰਾ ਅੰਬਰਾਂ `ਤੇ ਨਾਂ ਲਿਖਿਆ।
ਨਨਕਾਣਾ ਸਾਹਿਬ ਦੀ ਜੰਮਪਲ ਤਾਰਨ ਗੁਜਰਾਲ ਨੇ ਬਾਲ ਸਾਹਿਤ, ਕਾਵਿ ਸਾਹਿਤ ਤੇ ਕਹਾਣੀਆਂ ਦੀਆਂ ਕਈ ਪੁਸਤਕਾਂ ਪੰਜਾਬੀ ਵਿਚ ਲਿਖਣ ਤੋਂ ਬਿਨਾ ਹਿੰਦੀ, ਉਰਦੂ ਤੇ ਮਰਾਠੀ ਦੀਆਂ ਡੇਢ ਦਰਜਨ ਕਹਾਣੀਆਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਹ ਆਪਣੇ ਸੁਭਾਅ ਦੀ ਮਿਲਣਸਾਰਤਾ ਅਨੁਸਾਰ ਸਦਾ ਚੜ੍ਹਦੀ ਕਲਾ ਵਿਚ ਰਹੀ।
ਇਨ੍ਹਾਂ ਤਿੰਨਾਂ ਮਹਾਰਥੀਆਂ ਨੇ ਕਿੰਨੀਆਂ ਰਚਨਾਵਾਂ ਨੂੰ ਜਨਮ ਦਿੱਤਾ, ਦੱਸਣ ਦੀ ਲੋੜ ਨਹੀਂ। ਇਹ ਵੀ ਨਹੀਂ ਕਿ ਇਨ੍ਹਾਂ ਦੀ ਝੋਲੀ ਕਿੰਨੇ ਤੇ ਕਿਹੋ ਜਿਹੇ ਪੁਰਸਕਾਰ ਪਏ। ਇਨ੍ਹਾਂ ਦੇ ਅਕਾਲ ਚਲਾਣੇ ਸਮੇਂ ਕਿਸ ਕਿਸ ਨੇ ਸੋਗ ਮਨਾਇਆ, ਵੀ ਹਥਲੇ ਪੰਨਿਆਂ ਤੇ ਸ਼ਬਦਾਂ ਦੀ ਲਪੇਟ ਵਿਚ ਆਉਣ ਵਾਲਾ ਨਹੀਂ। ਹਾਂ, ਬਾਹੀਆ ਦੀ ਅੰਤਿਮ ਇੱਛਾ ਮੇਰੇ ਤੱਕ ਦਿਲਦਾਰ ਤੇ ਸੁਲਤਾਨਾ ਨੇ ਪਹੰੁਚਦੀ ਕੀਤੀ ਹੈ। ਉਹ ਲੀਡਰ ਸੀ ਲੀਡਰਾਂ ਵਾਂਗ ਗਿਆ।
ਸਾਹਿਤ ਤੇ ਸਭਿਆਚਾਰ ਦੇ ਰਸੀਏ ਇਨ੍ਹਾਂ ਤਿੰਨਾਂ ਦੀ ਖਬਰ ਦਾ ਸੋਗ ਮਨਾ ਹੀ ਰਹੇ ਸਨ ਕਿ ਪੰਜਾਬ ਲੋਕ ਗਾਇਕ ਸ਼ੌਕਤ ਅਲੀ ਖਾਨ ਵੀ ਚਲਾਣਾ ਕਰ ਗਏ। ਉਨ੍ਹਾਂ ਲੰਮੀ ਬੀਮਾਰੀ ਦੇ ਚਲਦਿਆਂ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿਚ ਦਮ ਤੋੜਿਆ। ਗੁਜਰਾਤ (ਪਾਕਿਸਤਾਨ) ਦਾ ਜੰਮਪਲ ਇਹ ਮਹਾਰਥੀ ਸੰਗੀਤ ਜਗਤ ਵਿਚ ਆਪਣੇ ਵੱਡੇ ਭਰਾ ਇਨਾਇਤ ਅਲੀ ਖਾਨ ਤੋਂ ਸਿੱਖਿਆ ਲੈ ਕੇ ਆਇਆ। ਉਸ ਨੂੰ ਸ਼ੁਹਰਤ ਦੀਆਂ ਬੁਲੰਦੀਆਂ ਉਤੇ ਪਹੰੁਚਾਉਣ ਵਾਲਾ ਉਸ ਦਾ ਗੀਤ ‘ਛੱਲਾ’ ਅੱਜ ਵੀ ਲੋਕ ਮਨਾਂ ਵਿਚ ਵੱਸਿਆ ਹੋਇਆ ਹੈ। ਬਰਤਾਨੀਆ, ਕੈਨੇਡਾ ਤੇ ਅਮਰੀਕਾ ਵਿਚ ਕੀਤੇ ਉਸ ਦੇ ਸ਼ੋਅ ਵੀ ਸਰੋਤਿਆਂ ਦੇ ਚੇਤਿਆਂ ਵਿਚ ਵੱਸੇ ਹੋਏ ਹਨ। ਖਾਸ ਕਰਕੇ ਪਾਕਿਸਤਾਨੀਆਂ ਨੇ ਉਸ ਨੂੰ ‘ਪ੍ਰਾਈਡ ਆਫ ਪਰਫਾਰਮੈਂਸ’ ਪੁਰਸਕਾਰ ਨਾਲ ਨਿਵਾਜਿਆ। ਇਨ੍ਹਾਂ ਚਾਰੋਂ ਹਸਤੀਆਂ ਨੂੰ ਸੱਚੀ ਸ਼ਰਧਾਂਜਲੀ ਇਹੀਓ ਹੋਵੇਗੀ ਕਿ ਅਸੀਂ ਇਨ੍ਹਾਂ ਦੀ ਦੇਣ ਨੂੰ ਚੇਤੇ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਨਜ਼ਰ ਕਰੀਏ!
ਵੀ. ਐਨ. ਤਿਵਾੜੀ ਨੂੰ ਚੇਤੇ ਕਰਦਿਆਂ: ਮੇਰਾ ਹਾਣੀ ਵਿਸ਼ਵਾਨਾਥ ਤਿਵਾੜੀ ਮੇਰੇ ਨਾਲੋਂ ਦੋ ਸਾਲ ਛੋਟਾ ਸੀ, ਪਰ 48 ਵਰ੍ਹੇ ਦੀ ਛੋਟੀ ਉਮਰ ਵਿਚ ਵਿਦਿਆ ਤੇ ਸਾਹਿਤ ਰਚਨਾ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਬਹੁਤ ਛੇਤੀ ਤੁਰ ਗਿਆ। ਪੰਜਾਬੀ ਸਾਹਿਤ ਜਗਤ ਦੀ ਝੋਲੀ ਤਿੰਨ ਦਰਜਨ ਪੁਸਤਕਾਂ ਪਾਉਣ ਵਾਲਾ ਵਿਸ਼ਵਾਨਾਥ 12 ਵਲਿੰਗਟਨ ਕ੍ਰੈਸੈਂਟ, ਇੰਡੀਅਨ ਪਾਲੇਟਿਕਸ ਆਨ ਕਰਾਸਰੋਡਜ਼ ਤੋਂ ਬਿਨਾ ਜਵਾਹਰ ਲਾਲ ਨਹਿਰੂ ਦੇ ਜੀਵਨ ਤੇ ਪ੍ਰਾਪਤੀਆਂ ਉਤੇ ਚਾਨਣਾ ਪਾਉਂਦੀਆਂ ਅੰਗਰੇਜ਼ੀ ਰਚਨਾਵਾਂ ਦਾ ਵੀ ਰਚੈਤਾ ਸੀ। ਉਸ ਦੀਆਂ ਪੁਸਤਕਾਂ ਦੇ ਨਾਂ ਭੁੱਲਣ ਵਾਲੇ ਨਹੀਂ: ‘ਤਨ ਦੀ ਚਿਖਾ’, ‘ਅੱਕ ਦੀ ਅੰਬੀ’, ‘ਚੁੱਪ ਦੀ ਪੈੜ’, ‘ਰੁੱਖ ਦੀ ਚੋਰੀ’, ‘ਚਿਣਗ’, ਰੱਬ ਬੁੱਢਾ ਹੋ ਗਿਆ’ ਅਤੇ ‘ਪਗੜੀ ਸੰਭਾਲ ਓਇ।’ ਉਹ ਕੀ ਜਾਣਦਾ ਸੀ ਕਿ ਉਸ ਦੇ ਤੁਰ ਜਾਣ ਤੋਂ ਸਾਢੇ ਤਿੰਨ ਦਹਾਕੇ ਪਿੱਛੋਂ ਜੱਟਾਂ ਲਈ ਪਗੜੀ ਸੰਭਾਲਣ ਦਾ ਹੋਕਾ ਇੱਕ ਵਾਰੀ ਫੇਰ ਅਖਬਾਰਾਂ ਦੀਆਂ ਸੁਰਖੀਆਂ ਬਣੇਗਾ।
ਇੱਕੋ ਸਮੇਂ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨੇ ਤੇ ਭਾਰਤੀ ਸੰਸਦ ਲਈ ਮੈਂਬਰ ਨਾਮਜ਼ਦ ਕੀਤੇ ਜਾਣ ਵਾਲਾ ਮੇਰਾ ਹਾਣੀ ਬੜਾ ਮਿਲਣਸਾਰ ਤੇ ਬੇਤਕੱਲੁਫ ਜਿਊੜਾ ਸੀ। ਮੇਰੇ ਦਿੱਲੀ ਹੰੁਦਿਆਂ ਉਹ ਜਦੋਂ ਵੀ ਦਿੱਲੀ ਜਾਂਦਾ, ਲੋਧੀ ਐਸਟੇਟ ਵਿਖੇ ਇੰਡੀਆ ਇੰਟਰਨੈਸ਼ਨਲ ਸੈਂਟਰ ਠਹਿਰਦਾ ਤੇ ਸਵੇਰ ਦੀ ਚਾਹ ਵੇਲੇ ਅਚਾਨਕ ਹੀ ਮੇਰੀ ਭਾਰਤੀ ਨਗਰ ਵਾਲੀ ਰਿਹਾਇਸ਼ ਉਤੇ ਆ ਦਸਤਕ ਦਿੰਦਾ ਤੇ ਰੱਜ ਕੇ ਗੱਲਾਂ ਕਰਦਾ। ਸਾਹਿਤਕ, ਰਾਜਨੀਤਕ, ਬਹੁ ਪੱਖੀ ਜਿਊੜਾ।
ਅੰਤਿਕਾ: (ਅਦਮ)
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ,
ਬਜ਼ਮ-ਏ-ਲੁਤਫ-ਏ-ਸੁਖਨ ਮੁਬਾਰਕ ਹੋ
ਬਾਕਮਾਲੋਂ ਕੀ ਯਾਦ ਆਤੀ ਹੈ।