ਬੈਚ ਫੁੱਲ ਕਰੈਬ ਐਪਲ-ਆਤਮਗਿਲਾਨੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕਰੈਬ ਐਪਲ (ਛਰਅਬ ੳਪਪਲੲ) ਇਕ ਅਤਿਅੰਤ ਮਹੱਤਵਪੂਰਣ ਬੈਚ ਫੁੱਲ ਦਵਾਈ ਹੈ। ਇਹ ਸੇਬ ਪਰਜਾਤੀ ਦੇ ਬੂਟੇ ਮਾਲੁਸ ਪੁਮੀਲਾ (ੰਅਲੁਸ ਫੁਮਲਿਅ) ਦੇ ਫੁੱਲ ਤੋਂ ਤਿਆਰ ਹੁੰਦੀ ਹੈ, ਪਰ ਇਸ ਬੂਟੇ ਦੇ ਸੇਬਾਂ ਤੇ ਇਸ ਦੇ ਫੁੱਲ ਤੋਂ ਬਣੀ ਇਸ ਦਵਾਈ ਦੇ ਗੁਣਾਂ ਵਿਚ ਕੁਝ ਵੀ ਸਾਂਝਾ ਨਹੀਂ ਹੈ। ਕਈ ਲੋਕ ਇਸ ਦਾ ਨਾਂ “ਕਰੂਪ ਐਪਲ” ਦੱਸ ਕੇ ਇਸ ਦੇ ਨੁਕਸਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਵੀ ਸਹੀ ਨਹੀਂ ਹੈ। ਕਈ ਵਾਰ ਇਸ ਦੀ ਸ਼ਾਬਦਿਕ ਬਣਤਰ ਨੂੰ ਲੈ ਕੇ ਇਸ ਨੂੰ ਸੇਬ ਦੇ ਕੇਕੜੇ ਭਾਵ ਸੇਬ ਦੇ ਕੀੜੇ ਨਾਲ ਵੀ ਜੋੜਿਆ ਜਾਂਦਾ ਹੈ, ਪਰ ਇਹ ਵੀ ਇਕ ਅਤਿਕਥਨੀ ਹੀ ਹੈ। ਸਿਰਲੇਖ ਕੋਈ ਵੀ ਦਿਓ, ਕਰੈਬ ਐਪਲ ਦਾ ਮਰੀਜ਼ ਆਤਮ-ਗਿਲਾਨੀ ਦਾ ਸ਼ਿਕਾਰ ਹੁੰਦਾ ਹੈ ਤੇ ਅੰਦਰੋਂ ਬਾਹਰੋਂ ਆਪਣੀ “ਸਫਾਈ” ਭਾਲਦਾ ਹੈ।

ਡਾ. ਬੈਚ ਦੇ ਸ਼ਬਦਾਂ ਵਿਚ “ਇਹ ਸਵੱਛਤਾ ਦੀ ਦਵਾਈ ਹੈ। ਇਹ ਉਨ੍ਹਾਂ ਲਈ ਹੈ, ਜੋ ਆਪਣੇ ਆਪ ਨੂੰ ਸਾਫ ਨਾ ਸਮਝਣ। ਬਹੁਤ ਵਾਰ ਕਈਆਂ ਨੂੰ ਕੋਈ ਬਹੁਤ ਹੀ ਛੋਟੀ ਗੱਲ ਪ੍ਰੇਸ਼ਾਨ ਕਰਦੀ ਹੈ ਤੇ ਉਹ ਇਸ ਨੂੰ ਆਪਣੀ ਮੁੱਖ ਬਿਮਾਰੀ ਤੋਂ ਵੀ ਵੱਧ ਅਹਿਮ ਸਮਝਦੇ ਹਨ। ਉਹ ਆਪਣੇ ਗੰਭੀਰ ਰੋਗ ਦੇ ਇਲਾਜ ਤੋਂ ਪਹਿਲਾਂ ਆਪਣੀ ਇਕ ਤੁੱਛ ਜਿਹੀ ਤਕਲੀਫ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਜੇ ਕੁਝ ਚਿਰ ਲਈ ਉਨ੍ਹਾਂ ਦਾ ਇਲਾਜ ਸਫਲ ਨਾ ਹੋਵੇ ਉਹ ਅਧੀਰ ਹੋ ਜਾਂਦੇ ਹਨ। ਜੇ ਉਹ ਸਮਝਣ ਕਿ ਉਨ੍ਹਾਂ ਦੇ ਸਰੀਰ ਵਿਚ ਕੋਈ ਜ਼ਹਿਰ ਦਾਖਲ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਜ਼ਖਮ ਰਾਜੀ ਨਹੀਂ ਹੁੰਦੇ, ਤਾਂ ਇਹ ਦਵਾਈ ਉਨ੍ਹਾਂ ਦੇ ਜ਼ਹਿਰ ਦਾ ਵਹਿਮ ਕੱਢ ਕੇ ਉਨ੍ਹਾਂ ਦੇ ਜ਼ਖਮਾਂ ਨੂੰ ਠੀਕ ਕਰਦੀ ਹੈ।”
ਕਰੈਬ ਐਪਲ ਦੇ ਮਰੀਜ਼ ਦਾ ਧਿਆਨ ਆਪਣੇ `ਤੇ ਲੱਗਾ ਹੁੰਦਾ ਹੈ। ਉਹ ਆਪਣੇ ਅੰਦਰ ਤੇ ਆਪਣੇ ਬਾਹਰ ਦੀ ਗੰਦਗੀ ਤੋਂ ਪੀੜਤ ਹੁੰਦਾ ਹੈ। ਅੰਦਰੋਂ ਉਹ ਆਤਮ-ਘ੍ਰਿਣਾ ਨੇ ਘੇਰਿਆ ਹੁੰਦਾ ਹੈ। ਉਹ ਸਮਝਦਾ ਹੈ ਕਿ ਉਹ ਇਕ ਸਾਫ ਦਿਲ ਇਨਸਾਨ ਨਹੀਂ ਹੈ। ਉਸ ਨੇ ਬਹੁਤ ਪਾਪ ਤੇ ਬੇਈਮਾਨੀਆਂ ਕੀਤੀਆਂ ਹੋਈਆਂ ਹਨ। ਉਹ ਦੂਜਿਆਂ ਨੂੰ ਦੁਖ ਦੇਣ ਵਾਲਾ ਪਾਪੀ ਹੈ। ਉਹ ਸਾਫ ਤੇ ਪਵਿੱਤਰ ਨਹੀਂ ਹੈ। ਜਿਸ ਦਿਨ ਉਸ ਦੇ ਕੀਤੇ ਕਾਲੇ ਕਾਰਨਾਮੇ ਜੱਗ ਜਾਹਰ ਹੋਏ ਉਸ ਦਾ ਬਦਸੂਰਤ ਅਕਸ ਲੋਕਾਂ ਸਾਹਮਣੇ ਜਾਹਰ ਹੋ ਜਾਵੇਗਾ। ਉਸ ਦੀ ਸਫੈਦਪੋਸ਼ੀ ਤੇ ਕਾਲਖ ਫਿਰ ਜਾਵੇਗੀ ਤੇ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇਗਾ। ਲੋਕ ਉਸ ਨੂੰ ਝੂਠਾ ਤੇ ਮੱਕਾਰ ਸਮਝਣਗੇ। ਉਸ ਨੂੰ ਆਪਣਾ ਅਕਸ ਖਰਾਬ ਹੁੰਦਾ ਦਿਸਦਾ ਹੈ ਤੇ ਉਹ ਪ੍ਰੇਸ਼ਾਨ ਰਹਿੰਦਾ ਹੈ। ਨਾ ਉਹ ਆਪਣੀ ਧਾਰਨਾ `ਤੇ ਕਾਬੂ ਪਾ ਸਕਦਾ ਹੈ ਤੇ ਨਾ ਹੀ ਇਸ `ਤੇ ਪਰਦਾ ਪਾ ਸਕਦਾ ਹੈ। ਉਹ ਪਛਤਾਵਾ ਕਰਦਾ ਹੈ ਕਿ ਉਸ ਨੇ ਅਜਿਹੇ ਕਾਰਨਾਮੇ ਕੀਤੇ ਹੀ ਕਿਉਂ ਹਨ! ਉਸ ਦਾ ਮਨ ਉਸ ਦੇ ਨਾਲ ਇਕਸਾਰ ਨਹੀਂ ਹੁੰਦਾ। ਉਹ ਸਮਝਦਾ ਹੈ ਕਿ ਉਹ ਗੰਦ ਵਿਚ ਰਹਿ ਰਿਹਾ ਹੈ। ਉਹ ਆਪਣੇ ਅੰਦਰੂਨ ਨੂੰ ਇਕ ਦਮ ਸ਼ੀਸ਼ੇ ਵਾਂਗ ਸਾਫ ਦੇਖਣਾ ਚਾਹੁੰਦਾ ਹੈ। ਉਹ ਆਪਣੇ ਅੰਦਰ ਦੀ ਮੈਲ ਲਾਹੁਣ ਲਈ ਬਿਲਬਿਲਾਉਂਦਾ ਹੈ। ਉਹ ਚਾਹੁੰਦਾ ਹੈ ਕਿ ਉਹ ਜ਼ਲਾਲਤ ਦੀ ਇਸ ਅੰਤਰ-ਪੀੜਾ ਤੋਂ ਫੌਰਨ ਛੁਟਕਾਰਾ ਪਾਵੇ ਤੇ ਤੰਦਰੁਸਤੀ ਨਾਲ ਸੁਖਾਵੀਂ ਜਿ਼ੰਦਗੀ ਬਤੀਤ ਕਰੇ। ਕਰੈਬ ਐਪਲ ਉਸ ਦੀ ਅੰਤਿਹਕਰਣ ਦੀ ਮੈਲ ਲਾਹ ਕੇ ਉਸ ਨੂੰ ਸ਼ਾਂਤੀ ਬਖਸ਼ੇਗੀ। ਇਹ ਉਸ ਨੂੰ ਭਵਿਖ ਵਿਚ ਭੈੜੇ ਕੰਮ ਕਰਨ ਤੋਂ ਦੂਰ ਰੱਖੇਗੀ।
ਕਰੈਬ ਐਪਲ ਦੇ ਮਰੀਜ਼ਾਂ ਨੂੰ ਅੰਦਰ ਹੀ ਨਹੀਂ, ਬਾਹਰ ਵੀ ਗੰਦਗੀ ਦਿਖਾਈ ਦਿੰਦੀ ਹੈ। ਉਹ ਬਾਹਰ ਦੀ ਖੂਬਸੂਰਤੀ ਨਹੀਂ ਦੇਖਦੇ, ਇਸ ਵਿਚਲਾ ਕਬਾੜ ਦੇਖਦੇ ਹਨ। ਉਹ ਆਪਣੇ ਕੱਪੜਿਆਂ ਦੀ ਸਫਾਈ ਨਹੀਂ ਦੇਖਦੇ, ਉਨ੍ਹਾਂ ਵਿਚ ਪਏ ਵੱਟ ਦੇਖਦੇ ਹਨ। ਉਹ ਫਲ ਨਹੀਂ ਖਾਂਦੇ, ਕਿਉਂਕਿ ਉਹ ਇਨ੍ਹਾਂ ਨੂੰ ਕੀੜਿਆਂ ਦੇ ਭਰੇ ਸਮਝਦੇ ਹਨ। ਉਹ ਮੀਟ-ਅੰਡਾ ਨਹੀਂ ਖਾਂਦੇ, ਕਿਉਂਕਿ ਇਨ੍ਹਾਂ ਵਿਚ ਇਨ੍ਹਾਂ ਪਿਛਲਾ ਜਾਨਵਰ ਦੇਖਦੇ ਹਨ। ਕਣਕ ਦੇ ਆਟੇ ਵਿਚ ਸੁੱਸਰੀ ਦਾ ਜੀਵ ਦੇਖ ਕੇ ਉਹ ਸਮੁੱਚਾ ਆਟਾ ਸੁੱਟ ਦਿੰਦੇ ਹਨ। ਉਹ ਕਿਸੇ ਦਾ ਹੱਥ ਲੱਗਿਆ ਖਾਣਾ ਨਹੀਂ ਖਾਂਦੇ, ਇੱਥੋਂ ਤੀਕ ਕਿ ਕੜਾਹ-ਪ੍ਰਸਾਦਿ ਵਰਤਾਉਣ ਵਾਲੇ ਗ੍ਰੰਥੀ ਨੂੰ ਵੀ ਚਮਚ ਦੀ ਵਰਤੋਂ ਕਰਨ ਲਈ ਕਹਿੰਦੇ ਹਨ। ਉਹ ਖਾਣਾ ਬਣਾਉਣ ਵਾਲੇ ਤੇ ਪਰੋਸਣ ਵਾਲੇ ਦੇ ਹੱਥਾਂ ਵਲ ਦੇਖਦੇ ਰਹਿੰਦੇ ਹਨ। ਇਹ ਮਰੀਜ਼ ਹੱਥਾਂ ਨਾਲ ਤਿਆਰ ਕੀਤੇ ਜਾਣ ਵਾਲੇ ਖਾਣਿਆਂ ਤੋਂ ਗਲਿਆਣ ਮੰਨਦੇ ਹਨ। ਆਟਾ ਗੁੰਨ੍ਹਣਾ, ਚੂਰੀ ਕੁੱਟਣਾ, ਲੱਡੂ ਵੱਟਣਾ ਤੇ ਮੱਖਣ ਕੱਢਣਾ ਆਦਿ ਇਨ੍ਹਾਂ ਲਈ ਖਾਦ ਪਦਾਰਥਾਂ ਨੂੰ ਪਲੀਤ ਕਰਨ ਵਾਲੀ ਗੱਲ ਹੈ। ਲੱਸੀ ਨੂੰ ਤਾਂ ਇਹ ਤ੍ਰੀਮਤਾਂ ਦੇ ਹੱਥਾਂ ਦਾ ਧੋਣ ਸਮਝਦੇ ਹਨ। ਹੱਥ-ਘਚੋਲੂ ਪ੍ਰਕਿਰਿਆਵਾਂ ਨੂੰ ਸੋਚ ਕੇ ਹੀ ਉਨ੍ਹਾਂ ਨੂੰ ਖਾਧਾ ਪੀਤਾ ਬਾਹਰ ਨੂੰ ਆਉਂਦਾ ਲਗਦਾ ਹੈ। ਕਰੈਬ ਐਪਲ ਅਜਿਹੇ ਲੋਕਾਂ ਦੇ ਕਲਿਆਣ ਲਈ ਬਣੀ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ਇਸ ਦਵਾਈ ਦੇ ਸੇਵਨ ਨਾਲ ਠੀਕ ਹੋਏ ਮਰੀਜ਼ਾਂ ਵਿਚ ਸਫਾਈ ਦੀ ਭਾਵਨਾ ਖਤਮ ਹੋ ਜਾਂਦੀ ਹੈ। ਇਹ ਤਾਂ ਉਨ੍ਹਾਂ ਦੇ ਮਨਾਂ ਵਿਚੋਂ ਗੰਦਗੀ ਬਾਰੇ ਉਲਾਰ ਭਾਵਨਾ ਨੂੰ ਸਮਤਲ ਕਰਦੀ ਹੈ।
ਸਫਾਈ ਦੀ ਹੀ ਇਕ ਤੀਬਰ ਕਿਸਮ “ਸੁੱਚਮ” ਹੈ। ਜਦੋਂ ਕਿਸੇ ਵਿਅਕਤੀ ਨੂੰ ਇਹ ਵਹਿਮ ਹੋ ਜਾਵੇ ਕਿ ਉਸ ਦੇ ਖਾਣ ਵਰਤਣ ਵਾਲੀ ਕੋਈ ਚੀਜ਼ ਸਾਫ ਨਹੀਂ ਹੈ ਤੇ ਉਹ ਉਸ ਨੂੰ ਵਾਰ ਵਾਰ ਸਾਫ ਕਰੀ ਜਾਵੇ ਤਾਂ ਉਸ ਨੂੰ ਸੁੱਚਮ ਕਰਨ ਵਾਲਾ ਕਹਿੰਦੇ ਹਨ। ਜਿਨ੍ਹਾਂ ਨੂੰ ਸੁੱਚਮ ਦਾ ਭੂਤ ਸਵਾਰ ਹੋਵੇ, ਉਹ ਆਪਣੇ ਭਾਂਡਿਆਂ, ਕੱਪੜਿਆਂ ਤੇ ਫਰਸ਼ਾਂ ਨੂੰ ਸਾਫ ਕਰਨ ਲਈ ਘੜੀ ਮੁੜੀ ਧੋਈ ਜਾਂਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਦੀ ਮੈਲ ਹਾਲੇ ਪੂਰੀ ਤਰ੍ਹਾਂ ਗਈ ਨਹੀਂ ਹੈ। ਕਈ ਤਾਂ ਸਾਰਾ ਦਿਨ ਖੜ੍ਹੇ ਸਾਬਣ ਨਾਲ ਆਪਣੇ ਪਲੇਟ ਕੌਲੀਆਂ ਧੋ ਧੋ ਆਪਣੇ ਹੱਥ ਫਾੜ ਲੈਂਦੇ ਹਨ। ਉਹ ਫਿਰ ਵੀ ਸਮਝਦੇ ਹਨ ਕਿ ਇਹ ਸਾਫ ਨਹੀਂ ਹੋਏ। ਕਈ ਸਮਝਦੇ ਹਨ ਕਿ ਬਰਤਨ ਤਾਂ ਸਰਫ ਨਾਲ ਸਾਫ ਹੋ ਗਿਆ, ਪਰ ਹੁਣ ਇਸ ਨਾਲ ਸਰਫ ਚੰਬੜਿਆ ਹੋਇਆ ਹੈ, ਜੋ ਜੇ ਪੂਰੀ ਤਰ੍ਹਾਂ ਨਾ ਉਤਾਰਿਆ ਗਿਆ, ਅੰਦਰ ਜਾ ਕੇ ਉਨ੍ਹਾਂ ਦਾ ਮਿਹਦਾ ਜਾਂ ਗੁਰਦਾ ਖਰਾਬ ਕਰ ਦੇਵੇਗਾ। ਇਸ ਲਈ ਉਹ ਉਸ ਨੂੰ ਸੌ ਸੌ ਵਾਰ ਪਾਣੀ ਵਿਚ ਪਲਟਦੇ ਹਨ।
ਕਈ ਔਰਤਾਂ ਨੌਕਰਾਂ ਦੇ ਧੋਏ ਬਰਤਨਾਂ ਨੂੰ ਦੁਬਾਰਾ ਧੋ ਕੇ ਸੁੱਚੇ ਕਰਦੀਆਂ ਹਨ। ਕਈ ਆਪਣੇ ਧੋਏ ਬਰਤਨਾਂ ਨੂੰ ਵੀ ਵਰਤਣ ਤੋਂ ਪਹਿਲਾਂ ਇਕ ਵਾਰ ਫਿਰ ਧੋਂਦੀਆਂ ਹਨ। ਉਨ੍ਹਾਂ ਦੇ ਵਿਚਾਰ ਵਿਚ ਕੋਈ ਦੂਰ ਦੁਰਾਡੇ ਫਿਰਦੀ ਮੱਖੀ, ਛਿਪਕਲੀ, ਭੱਬੂ, ਕੀੜਾ ਆਦਿ ਵੀ ਬੈਠ ਕੇ ਇਨ੍ਹਾਂ ਨੂੰ ਗੰਦਾ ਕਰ ਸਕਦਾ ਹੈ। ਇਨ੍ਹਾਂ ਕੇਸਾਂ ਵਿਚ ਗੰਦਗੀ ਬਰਤਨਾਂ ਜਾਂ ਕੱਪੜਿਆਂ ਵਿਚ ਨਹੀਂ ਹੁੰਦੀ, ਸਗੋਂ ਸਫਾਈ ਦੀ ਭਾਲ ਕਰਦੇ ਵਿਅਕਤੀ ਦੇ ਮਨ ਵਿਚ ਹੁੰਦੀ ਹੈ। ਉਹ ਆਪਣੇ ਧੁਲਾਈ ਦੇ ਕਾਰਜ ਦੀ ਕੀਮਤ ਨਾ ਪਾਉਂਦਾ ਹੋਇਆ ਸਿਰ ਚੜ੍ਹੇ ਵਹਿਮ ਨੂੰ ਪੱਠੇ ਪਾਈ ਜਾਂਦਾ ਹੈ। ਉਹ ਯਥਾਰਥ ਨੂੰ ਨਾ ਦੇਖ ਕੇ ਕਲਪਨਾ ਵਿਚ ਡੁੱਬਿਆ ਹੁੰਦਾ ਹੈ। ਉਸ ਦਾ ਇਕੋ ਇਕ ਇਲਾਜ ਡਾ. ਬੈਚ ਦੀ ਫੁੱਲ ਦਵਾਈ ਕਰੈਬ ਐਪਲ ਹੈ।
ਮੇਰੇ ਕੋਲ ਸੈਨ ਹੋਜ਼ੇ ਤੋਂ ਇਕ ਮਾਤਾ ਦਾ ਫੋਨ ਆਇਆ। ਉਸ ਨੇ ਆਪਣੇ 19 ਸਾਲ ਦੇ ਕਾਲਜ ਪੜ੍ਹਦੇ ਲੜਕੇ ਦੀ ਸਿਹਤ ਬਾਰੇ ਫਿਕਰ ਕਰਦਿਆਂ ਦੱਸਿਆ ਕਿ ਉਹ ਦੋ ਦੋ ਘੰਟੇ ਬਾਥਰੂਮ ਵਿਚੋਂ ਨਹੀਂ ਨਿਕਲਦਾ, ਜਿਸ ਨਾਲ ਆਪ ਲੇਟ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਲੇਟ ਕਰਦਾ ਹੈ। ਮੈਂ ਉਸ ਨੂੰ ਕਿਹਾ ਕਿ ਲੜਕੇ ਨੂੰ ਮੇਰੇ ਪਾਸ ਭੇਜੇ। ਜਦੋਂ ਲੜਕਾ ਮੇਰੇ ਕੋਲ ਆਇਆ, ਮੈਂ ਉਸ ਨੂੰ ਪੁੱਛਿਆ, “ਕੀ ਤੈਨੂੰ ਕਬਜ਼ ਰਹਿੰਦੀ ਹੈ, ਜੋ ਘੰਟਿਆਂ ਬੱਧੀ ਬਾਥ-ਰੂਮ ਵਿਚ ਬੈਠਿਆ ਰਹਿੰਦਾ ਹੈ?” ਉਹ ਬੋਲਿਆ, “ਸਰ, ਕਬਜ ਤਾਂ ਜੋ ਹੈ ਸੋ ਹੈ, ਪਰ ਮੈਂ ਬਹੁਤਾ ਸਮਾਂ ਆਪਣੇ ਹੱਥ ਤੇ ਅੰਡਰਵੀਅਰ ਸਾਬਣ ਲਾ ਲਾ ਸਾਫ ਕਰੀ ਜਾਂਦਾ ਹਾਂ। ਹੱਥਾਂ ਤੇ ਅੰਦਰੂਨੀ ਕੱਪੜਿਆਂ ਨਾਲ ਛੋਟੇ ਛੋਟੇ ਜਰਮ ਲੱਗੇ ਹੁੰਦੇ ਹਨ, ਜੋ ਇਕ ਦੋ ਵਾਰ ਧੋਤਿਆਂ ਨਹੀਂ ਉੱਤਰਦੇ। ਇਸ ਲਈ ਮੇਰੇ ਮਨ ਵਿਚ ਵਿਚਾਰ ਆਈ ਜਾਂਦਾ ਹੈ ਕਿ ਇਕ ਵਾਰ ਹੋਰ ਧੋ ਲਵਾਂ ਤਾਂ ਜੋ ਕੋਈ ਰਹਿੰਦਾ ਖੁੰਹਦਾ ਵੀ ਉਤਰ ਜਾਵੇ।”
ਮੈਂ ਉਸ ਨੂੰ ਪੁੱਛਿਆ, “ਤੂੰ ਜਰਮ ਦੇਖਿਆ ਹੈ, ਕਾਕਾ?” ਉਹ ਬੋਲਿਆ, “ਜੀ ਦੇਖਿਆ ਤਾਂ ਨਹੀਂ, ਪਰ ਬਾਇਆਲੋਜੀ ਦੀ ਪੁਸਤਕ ਵਿਚ ਉਸ ਬਾਰੇ ਪੜ੍ਹਿਆ ਹੈ।” ਮੈਂ ਉਸ ਨੂੰ ਕਿਹਾ ਕਿ ਬਾਇਆਲੋਜੀ ਦੀ ਪੁਸਤਕ ਵਿਚ ਤਾਂ ਇਹ ਵੀ ਲਿਖਿਆ ਹੈ ਕਿ ਇਕ ਵਾਰ ਸਾਬਣ ਨਾਲ ਹੱਥ ਧੋਣ ਨਾਲ ਹੱਥ ਸਾਫ ਹੋ ਜਾਂਦੇ ਹਨ।” ਉਸ ਨੇ ਹਾਂ ਵਿਚ ਸਿਰ ਹਿਲਾਇਆ। ਦਰਅਸਲ ਉਹ ਯਥਾਰਥ ਨਾਲੋਂ ਟੁੱਟ ਕੇ ਹਵਾਈ ਘੜ੍ਹਤਾਂ ਬੁਣਤਾਂ ਵਿਚ ਪੈ ਗਿਆ ਸੀ। ਕਰੈਬ ਐਪਲ ਦੇ ਇਕ ਮਹੀਨਾ ਸੇਵਨ ਕਰਨ ਨਾਲ ਉਹ ਕਬਜ ਤੇ ਵਹਿਮ-ਦੋਹਾਂ `ਤੇ ਫਤਹਿ ਪਾ ਗਿਆ। ਆਖਰੀ ਵਾਰ ਆਇਆ ਤਾਂ ਉਸ ਦੀ ਸੋਚ ਵੀ ਬਦਲੀ ਹੋਈ ਸੀ। ਕਹਿਣ ਲੱਗਾ, “ਸਾਨੂੰ ਜਿੰਨਾ ਦਿਸਦਾ ਹੈ, ਉਨਾ ਹੀ ਦੇਖਣਾ ਚਾਹੀਦਾ ਹੈ। ਵਾਧੂ ਦੇਖਣ ਨਾਲ ਅਸੀਂ ਚੱਕਰ ਖਾ ਜਾਂਦੇ ਹਾਂ।”
ਸ਼ਿਕਾਗੋ ਸ਼ਹਿਰ ਤੋਂ ਇਕ ਟੈਕਸੀ ਚਾਲਕ ਦਾ ਫੋਨ ਆਇਆ ਕਿ ਉਸ ਦੀ ਪਤਨੀ ਨੂੰ ਡਿਪ੍ਰੈਸ਼ਨ ਹੋ ਗਿਆ ਹੈ। ਉਸ ਨੇ ਬਹੁਤ ਹਲੀਮੀ ਨਾਲ ਦੱਸਿਆ ਕਿ ਉਸ ਦੀ ਤਕਲੀਫ ਨਾਲ ਉਸ ਦਾ ਜੀਵਨ ਨਰਕ ਸਮਾਨ ਬਣ ਗਿਆ ਹੈ। ਉਸ ਦੀ ਪਤਨੀ ਕੋਲ ਬੈਠੀ ਸੀ, ਪਰ ਕੁਝ ਕਹਿਣ ਤੋਂ ਅਸਮਰਥ ਸੀ। ਉਸ ਦਾ ਕੇਸ ਬਿਆਨਦਿਆਂ ਉਸ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਵਹਿਮ ਰਹਿੰਦਾ ਹੈ ਕਿ ਉਸ ਦੇ ਚੁਫੇਰੇ ਗੰਦਗੀ ਲੱਗੀ ਹੋਈ ਹੈ। ਉਹ ਹਰ ਵੇਲੇ ਗਰਮ ਪਾਣੀ ਨਾਲ ਹੱਥ ਧੋਂਦੀ ਰਹਿੰਦੀ ਹੈ। ਹਰ ਦਾਲ ਸਬਜ਼ੀ ਦੇ ਦਾਗ ਨੂੰ “ਕੁੱਤੇ ਦੀ ਪੋਟੀ” ਦੱਸ ਕੇ ਦੂਰ ਭਜਦੀ ਹੈ ਤੇ ਦੂਜਿਆਂ ਨੂੰ ਧੋਣ ਲਈ ਮਜ਼ਬੂਰ ਕਰਦੀ ਰਹਿੰਦੀ ਹੈ। ਇਥੋਂ ਤੀਕ ਕਿ ਕਾਰ, ਮੇਜ਼ ਤੇ ਜੁੱਤਿਆਂ ਨੂੰ ਵੀ ਧੁਆ ਕੇ ਛੱਡਦੀ ਹੈ। ਉਸ ਨੂੰ ਵੀ ਕਰੈਬ ਐਪਲ ਦੇਣ ਨਾਲ ਆਰਾਮ ਆਇਆ। ਉਹ ਇਸ ਦਵਾਈ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਕ ਵਾਰ ਇੰਡੀਆ ਗਏ ਨੇ ਵੀ ਇਸ ਦਵਾਈ ਦਾ ਨਾਂ ਫੋਨ ਕਰ ਕੇ ਪੁੱਛਿਆ!
ਸੈਕਰਾਮੈਂਟੋ ਤੋਂ ਇਕ ਪਤਵੰਤੇ ਸੱਜਣ ਨੇ ਆ ਕੇ ਦੱਸਿਆ ਕਿ ਉਸ ਦਾ ਪੈਂਤੀ ਸਾਲ ਦਾ ਇਕ ਇੰਜੀਨੀਅਰ ਰਿਸ਼ਤੇਦਾਰ ਇਕ ਅਜੀਬ ਤਕਲੀਫ ਨਾਲ ਪੀੜਤ ਹੈ। ਉਹ ਦਿਨ ਵਿਚ ਸੌ ਸੌ ਵਾਰ ਹੱਥ ਧੋਂਦਾ ਹੈ, ਪਰ ਫਿਰ ਵੀ ਉਨ੍ਹਾਂ ਨੂੰ ਸਾਫ ਨਹੀਂ ਸਮਝਦਾ। ਉਸ ਦੇ ਹੱਥ ਫਟ ਗਏ ਹਨ, ਸਰੀਰ `ਤੇ ਖੁਜਲੀ ਹੁੰਦੀ ਰਹਿੰਦੀ ਹੈ। ਉਹ ਰਾਤ ਭਰ ਜਾਗਦਾ ਰਹਿੰਦਾ ਹੈ ਤੇ ਦਿਨੇ ਊਂਘਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਹੀ ਗਿਣੀਆਂ ਮਿਣੀਆਂ ਚੀਜ਼ਾਂ ਖਾਂਦਾ ਹੈ ਤੇ ਭਾਰ ਘਟਣ ਨਾਲ ਦੁਬਲਾ ਪਤਲਾ ਹੋ ਗਿਆ ਹੈ। ਉਸ ਦੀ ਤਕਲੀਫ ਨਾਲ ਮੈਚ ਕਰਦੀਆਂ ਹੋਮਿਉਪੈਥੀ ਵਿਚ ਕਈ ਦਵਾਈਆਂ ਹਨ, ਪਰ ਮੈਂ ਉਸ ਨੂੰ ਉਸ ਦੀ ਹੱਥ ਧੋਣ ਤੇ ਰਾਤ ਦਿਨ ਸੁਪਨੇ ਦੇਖਣ ਦੀ ਆਦਤ ਕਾਰਨ ਕਰੈਬ ਐਪਲ ਦਿੱਤੀ। ਇਹ ਲੜਕਾ ਠੀਕ ਨਹੀਂ ਹੋਇਆ, ਕਿਉਂਕਿ ਉਸ ਨੇ ਦਵਾਈ ਲਿਤੀ ਹੀ ਨਹੀਂ। ਉਹ ਇਸ ਗੱਲ `ਤੇ ਅੜਿਆ ਰਿਹਾ ਕਿ ਜਰਮਨ ਦਵਾਈ ਲਵੇਗਾ ਤੇ ਉਸ ਨੂੰ ਆਪ ਖਰੀਦ ਕੇ ਖਾਵੇਗਾ।
ਕਰੈਬ ਐਪਲ ਦੇ ਮਰੀਜ਼ ਥਾਂ ਥਾਂ ਪਾਏ ਜਾਂਦੇ ਹਨ। ਛੋਟੀਆਂ ਛੋਟੀਆਂ ਗੰਦਗੀਆਂ ਨੂੰ ਦੇਖ ਕੇ ਜਾਂ ਸੋਚ ਕੇ ਉਹ ਦੋ ਦੋ ਦਿਨ ਰੋਟੀ ਨਹੀਂ ਖਾਂਦੇ। ਦੁੱਧ ਪਾਉਣ ਵਾਲੇ ਦੋਧੀਆਂ ਦੇ ਢੋਲਾਂ ਨੂੰ ਉਹ ਮੈਲ ਦੇ ਭਰੇ ਦੱਸਦੇ ਹਨ। ਸਾਡਾ ਇਕ ਅਧਿਆਪਕ ਬੱਚਿਆਂ ਦੇ ਘਰੋਂ ਚਾਹ ਮੰਗਵਾ ਕੇ ਪੀਂਦਾ ਹੁੰਦਾ ਸੀ, ਪਰ ਪੀਣ ਤੋਂ ਪਹਿਲਾਂ ਉਨ੍ਹਾਂ ਦੇ ਲਿਆਂਦੇ ਗਲਾਸਾਂ ਉੱਤੇ ਮੈਲ ਦੇ ਨਿਸ਼ਾਨ ਜਰੂਰ ਘੋਖਦਾ ਸੀ। ਜੇ ਕਿਸੇ ਗਲਾਸ ਤੇ ਕੋਈ ਦਾਗ ਦਿਖ ਜਾਂਦਾ ਤਾਂ ਉਨ੍ਹਾਂ ਦੀਆਂ ਮਾਂਵਾਂ ਨੂੰ ਕੋਸਦਾ ਸੀ ਤੇ ਗਲਾਸ ਦੁਬਾਰਾ ਸਾਫ ਕਰਵਾ ਕੇ ਲਿਆਉਣ ਲਈ ਕਹਿੰਦਾ ਸੀ। ਮੇਰੀ ਹੀ ਇਕ ਮਰੀਜ਼ ਇੰਨੀ ਸੁਹਜ ਹੁੰਦੀ ਸੀ। ਆਪਣੇ ਘਰ ਸਭ ਕੁਝ ਖਾਂਦੀ, ਪਰ ਕਿਸੇ ਦੂਜੇ ਦੇ ਘਰ ਸਮੋਸੇ ਬਰਫੀ ਨੂੰ ਛੂੰਹਦੀ ਤੀਕ ਨਾ। ਪੁੱਛਣ `ਤੇ ਉਸ ਨੇ ਦੱਸਿਆ ਕਿ ਉਹ ਦੂਜੇ ਦੇ ਘਰ ਰੱਖੀਆਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਸੱਵਛ ਨਹੀਂ ਸਮਝਦੀ ਸੀ। ਜੇ ਕਿਤੇ ਸ਼ਰਮੋ ਸ਼ਰਮੀ ਕੁਝ ਖਾਣਾ ਵੀ ਪਵੇ ਤਾਂ ਬਾਥਰੂਮ ਵਿਚ ਜਾ ਕੇ ਉਲਟੀ ਕਰ ਆਉਂਦੀ ਸੀ। ਅਜਿਹੇ ਲੋਕਾਂ ਨੂੰ ਦੂਜੇ ਲੋਕਾਂ ਕੋਲੋਂ ਦੁਰਗੰਧ ਆਉਂਦੀ ਹੈ। ਇਸ ਲਈ ਉਹ ਦੂਜਿਆਂ ਕੋਲੋਂ ਦੂਰ ਦੀ ਹੋ ਕੇ ਲੰਘਦੇ ਹਨ। ਹੋਰ ਤਾਂ ਹੋਰ ਉਨ੍ਹਾਂ ਨੂੰ ਹੋਰਾਂ ਦੇ ਬਿਸਤਰਿਆਂ ਤੋਂ ਵੀ ਮੁਸ਼ਕ ਆਉਂਦਾ ਹੈ। ਕਿਸੇ ਦੇ ਘਰ ਮਹਿਮਾਨ ਬਣ ਕੇ ਗਏ ਇਹ ਲੋਕ ਉਨ੍ਹਾਂ ਦੀ ਰਜਾਈ ਨੱਕ ਤੋਂ ਦੂਰ ਰੱਖਦੇ ਹਨ ਤੇ ਕਈ ਸਰਾਹਣਾਂ ਕੱਢ ਕੇ ਪੈਰਾਂ ਹੇਠ ਲੈ ਲੈਂਦੇ ਹਨ।
ਕਰੈਬ ਐਪਲ ਦੇ ਮਰੀਜ਼ ਬੱਚਿਆਂ ਦੇ ਡਾਇਪਰ ਨਹੀਂ ਬਦਲਦੇ, ਕਿਸੇ ਦੇ ਜਖਮ `ਤੇ ਮੱਲਮ-ਪੱਟੀ ਨਹੀਂ ਕਰਦੇ ਤੇ ਹਸਪਤਾਲਾਂ ਦੇ ਵਾਰਡਾਂ ਵਿਚ ਬੀਮਾਰਾਂ ਨੂੰ ਮਿਲਣ ਨਹੀਂ ਜਾਂਦੇ। ਉਹ ਨਰਸ ਦੇ ਪੇਸ਼ੇ ਤੋਂ ਚਲਦੇ ਹਨ ਤੇ ਸਪੈਸ਼ਲ ਐਜੂਕੇਸ਼ਨ ਦੇ ਅਧਿਆਪਕ ਨਹੀਂ ਲਗ ਸਕਦੇ। ਲੀਡਰ ਹੋਣ ਤਾਂ ਝੁੱਗੀ ਝੋਂਪੜੀ ਵਾਲੇ ਇਲਾਕਿਆਂ ਵਿਚ ਦੌਰਾ ਕਰਨ ਨਹੀਂ ਜਾਂਦੇ। ਉਨ੍ਹਾਂ ਨੂੰ ਖਦਸ਼ਾ ਹੁੰਦਾ ਹੈ ਕਿ ਕਿਤੇ ਕੋਈ ਗਰੀਬ ਉਨ੍ਹਾਂ ਨੂੰ ਚਾਹ ਪਾਣੀ ਪੀਣ ਲਈ ਹੀ ਨਾ ਕਹਿ ਦੇਵੇ। ਅਜਿਹੇ ਲੋਕ ਦੂਜਿਆਂ ਦੀਆਂ ਹਵਾੜਾਂ ਤੋਂ ਬਚਣ ਲਈ ਭੀੜ ਭਰੇ ਇੱਕਠਾਂ ਵਿਚ ਨਹੀਂ ਜਾਂਦੇ। ਉਹ ਕਿਸੇ ਦੀ ਚੀਜ਼ ਨੂੰ ਛੋਹਣ ਲਈ ਸਿਰਫ ਦੋ ਉਂਗਲਾਂ ਜਾਂ ਚਿਮਟੇ ਦਾ ਇਸਤੇਮਾਲ ਕਰਦੇ ਹਨ। ਉਹ ਪਾਣੀ ਨੂੰ ਪੁਣ ਛਾਣ ਕੇ ਪੀਂਦੇ ਹਨ ਤੇ ਦੁੱਧ ਆਦਿ ਨੂੰ ਉਬਾਲ ਕੇ। ਇਹ ਲੋਕ ਆਰਗੈਨਿਕ ਖਾਧ-ਪਦਾਰਥਾਂ ਦਾ ਪ੍ਰਚਾਰ ਕਰਦੇ ਹਨ। ਕਦੇ ਕਦੇ ਦਵਾਈ ਵੀ ਝਿਜਕ ਕੇ ਖਾਂਦੇ ਹਨ। ਕਰੈਬ ਐਪਲ ਦੀ ਪਹਿਲੀ ਖੁਰਾਕ ਹੀ ਇਨ੍ਹਾਂ ਲੋਕਾਂ ਨੂੰ ਯਥਾਰਥ ਦੇ ਨੇੜੇ ਲੈ ਆਉਂਦੀ ਹੈ, ਪਰ ਜੇ ਉਹ ਦਵਾਈ ਇਸ ਲਈ ਨਾ ਖਾਂਦੇ ਹੋਣ ਕਿ ਇਸ ਦੇ ਬਹਾਨੇ ਕੋਈ ਜ਼ਹਿਰ ਦੇ ਰਿਹਾ ਹੈ, ਤਾਂ ਉਸ ਦੀ ਦਵਾਈ ਹੋਰ ਹੈ।
ਭਾਰਤ ਵਿਚ ਤਾਂ ਕਰੈਬ ਐਪਲ ਦੇ ਮਰੀਜ਼ਾਂ ਦੀ ਭਰਮਾਰ ਹੈ। ਸਦੀਆਂ ਤੋਂ ਲੋਕ ਛੂਤ-ਛਾਤ ਦੇ ਵਿਚਾਰ ਮਨ ਵਿਚ ਲਈ ਫਿਰ ਰਹੇ ਹਨ। ਇਨਸਾਨ ਜਾਤੀ ਨੂੰ ਪੇਸ਼ਿਆਂ ਅਨੁਸਾਰ ਵੰਡ ਕੇ ਦੇਖਦੇ ਹਨ ਅਤੇ ਗਰੀਬਾਂ ਤੇ ਆਰਥਿਕ ਤੌਰ `ਤੇ ਕਮਜੋਰ ਵਰਗਾਂ ਨੂੰ ਆਪਣੇ ਵਰਤ ਵਿਹਾਰ ਦੇ ਕਾਬਲ ਨਹੀਂ ਸਮਝਦੇ। ਉਨ੍ਹਾਂ ਦੀ ਛੂਹੀ ਵਸਤ ਨੂੰ ਅਪਵਿਤਰ ਮੰਨਦੇ ਹਨ। ਉਨ੍ਹਾਂ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਂਦੇ। ਇੱਥੋਂ ਤੀਕ ਕਿ ਭਿੱਟ ਦੇ ਡਰ ਤੋਂ ਉਨ੍ਹਾਂ ਦੇ ਨੇੜੇ ਵੀ ਨਹੀਂ ਜਾਂਦੇ। ਉਹ ਮੱਝਾਂ ਦਾ ਦੁੱਧ ਪੀਂਦੇ ਹਨ, ਘੋੜਿਆਂ `ਤੇ ਬੈਠਦੇ ਹਨ, ਗਊ ਦਾ ਮੂਤਰ ਪੀਂਦੇ ਹਨ ਤੇ ਕੁੱਤੇ ਨੂੰ ਨਾਲ ਸੁਲਾਉਂਦੇ ਹਨ, ਪਰ ਮਨੁੱਖ ਦੇ ਪ੍ਰਛਾਵੇਂ ਤੋਂ ਵੀ ਦੂਰ ਦੀ ਲੰਘਦੇ ਹਨ! ਆਜ਼ਾਦੀ ਤੋਂ ਪਹਿਲਾਂ ਇਹ ਵਰਤਾਰਾ ਉੱਥੇ ਸਰਬਵਿਆਪਕ ਸੀ, ਪਰ ਆਜ਼ਾਦੀ ਤੋਂ ਬਾਅਦ ਵੀ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਇਆ। ਦਰਅਸਲ ਕਰੈਬ ਐਪਲ ਦਿੱਤੇ ਬਿਨਾ ਇਹ ਮਾਨਸਿਕ ਵਿਕਾਰ ਸਹੀ ਤਰ੍ਹਾਂ ਠੀਕ ਹੋਣਾ ਸੰਭਵ ਨਹੀਂ।
ਕਰੈਬ ਐਪਲ ਦੇ ਮਰੀਜ਼ ਹੀਣ ਭਾਵਨਾ ਦੇ ਮਾਰੇ ਹੋਏ ਹੁੰਦੇ ਹਨ। ਇਹ ਹੀਣ ਭਾਵਨਾ ਦੂਜਿਆਂ ਤੋਂ ਨੀਵਾਂ ਹੋਣ ਜਾਂ ਸਮਝਣ ਦਾ ਸੰਤਾਪ ਨਹੀਂ ਹੁੰਦੀ, ਸਗੋਂ ਆਪਣੀ ਛਵੀ ਦੀ ਅੱਛੀ ਪ੍ਰਦਰਸ਼ਨਕਾਰਿਤਾ ਨਾ ਹੋਣ ਦੇ ਵਹਿਮ ਵਜੋਂ ਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਇਹ ਗੱਲ ਘਰ ਕਰ ਚੁਕੀ ਹੁੰਦੀ ਹੈ ਕਿ ਉਹ ਅੱਛੀ ਦਿੱਖ ਵਾਲੇ ਨਹੀਂ। ਉਹ ਆਪਣੀ ਫੋਟੋ ਨਹੀਂ ਖਿਚਵਾਉਂਦੇ। ਜੇ ਉਨ੍ਹਾਂ ਦੇ ਚਿਹਰੇ `ਤੇ ਕੋਈ ਦਾਗ ਜਾਂ ਛਿਆਹੀ ਹੋਵੇ, ਉਹ ਉਸੇ ਕਰ ਕੇ ਆਪਣੇ ਆਪ ਨੂੰ ਬਦਸੂਰਤ ਸਮਝੀ ਜਾਂਦੇ ਹਨ। ਜਿਸ ਪਾਸੇ ਵਾਲੀ ਗੱਲ੍ਹ `ਤੇ ਫਿਨਸੀ ਨਿਕਲ ਆਵੇ, ਉਹ ਉਸ ਪਾਸੇ ਨੂੰ ਢਕ ਕੇ ਰੱਖਦੇ ਹਨ। ਲੜਕੀਆਂ ਤੇ ਔਰਤਾਂ ਚਿਹਰੇ ਦੇ ਦਾਗਾਂ ਨੂੰ ਛਿਪਾਉਣ ਲਈ ਕਈ ਕਈ ਕਰੀਮਾਂ ਤੇ ਦਵਾਈਆਂ ਵਰਤਦੀਆਂ ਹਨ। ਕਈ ਤਾਂ ਇਸੇ ਇਕੱਲੀ ਤਕਲੀਫ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਜਾਂਦੀਆਂ ਹਨ। ਕੋਈ ਕਹਿੰਦੀ ਹੈ ਕਿ ਭੂਤ ਕਾਲ ਵਿਚ ਉਸ ਦੀ ਚਮੜੀ ਇੰਨੀ ਸਫੈਦ ਤੇ ਚਮਕਦਾਰ ਹੁੰਦੀ ਸੀ ਕਿ ਲੋਕ ਉਸ ਨੂੰ ਅੰਗਰੇਜ਼ ਸਮਝਦੇ ਸਨ, ਪਰ ਹੁਣ ਇਸ ਵਿਚ ਝੁਰੜੀਆਂ ਆ ਗਈਆਂ ਹਨ, ਠੀਕ ਕਰੋ। ਇਕ ਲੜਕੀ ਨੇ ਦੱਸਿਆ ਕਿ ਉਹ ਹੈਵੀ ਮੇਕਅਪ ਕੀਤੇ ਬਿਨਾ ਘਰੋਂ ਨਹੀਂ ਨਿਕਲਦੀ। ਦੂਜੀ ਨੂੰ ਆਪਣੇ ਹੱਥਾਂ, ਬਾਹਾਂ ਨਾਲ ਸਮੱਸਿਆ ਹੈ, ਕਹਿੰਦੀ ਹੈ ਪਤਲੇ ਹਨ, ਮੋਟੇ ਕਰੋ। ਕਿਸੇ ਨੂੰ ਆਪਣੀਆਂ ਅੱਖਾਂ ਦੁਆਲੇ ਸੋਜ ਨਜ਼ਰ ਆਉਂਦੀ ਹੈ, ਕਿਸੇ ਨੂੰ ਕਾਲਸ। ਕੋਈ ਕੋਈ ਆ ਕੇ ਕਹਿੰਦੀ ਹੈ, ਉਸ ਦੇ ਸਾਹ ਵਿਚ ਦੁਰਗੰਧ ਹੈ। ਕਈ ਆਪਣੇ ਦੰਦਾਂ ਨੂੰ ਛੁਪਾਉਣ ਖਾਤਰ ਖੁੱਲ੍ਹ ਕੇ ਨਹੀਂ ਹੱਸਦੀਆਂ। ਕਾਲੇ ਰੰਗ ਦਾ ਝੋਰਾ ਤਾਂ ਕਈਆਂ ਨੂੰ ਖਾਈ ਜਾਂਦਾ ਹੈ। ਕਈਆਂ ਨੂੰ ਮਧਰੇ ਕੱਦ, ਕਈਆਂ ਨੂੰ ਛੋਟੀਆਂ ਅੱਖਾਂ ਤੇ ਕਈਆਂ ਨੂੰ ਮੋਟਾਪੇ ਦਾ ਭਰਮ ਸਤਾਈ ਜਾਂਦਾ ਹੈ। ਸਫੈਦ ਵਾਲ ਤਾਂ ਹਰ ਇਕ ਦੀ ਸਮੱਸਿਆ ਹਨ। ਇਨ੍ਹਾਂ ਸਭ ਦੀ ਸਾਂਝੀ ਦਵਾਈ ਕਰੈਬ ਐਪਲ ਹੈ।
ਕਈ ਪਾਠਕ ਕਹਿਣਗੇ ਕਿ ਜੇ ਕੋਈ ਇਨ੍ਹਾਂ ਤਕਲੀਫਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਇਸ ਵਿਚ ਬੁਰਾ ਕੀ ਹੈ? ਛੁਟਕਾਰਾ ਪਾਉਣ ਵਿਚ ਤਾਂ ਕੁਝ ਬੁਰਾ ਨਹੀਂ, ਪਰ ਇਹੀ ਗੱਲ ਉਦੋਂ ਕਰੈਬ ਐਪਲ ਦੀ ਅਲਾਮਤ ਬਣਦੀ ਹੈ, ਜਦੋਂ ਕੋਈ ਇਲਾਜ ਤਾਂ ਜਿਗਰ ਦੀ ਖਰਾਬੀ ਜਾਂ ਪਿੱਤੇ ਦੀ ਪਥਰੀ ਦਾ ਕਰਾਉਣ ਆਵੇ, ਪਰ ਨਾਲ ਆਖੇ ਕਿ ਪਹਿਲਾਂ ਉਸ ਦੇ ਨੱਕ `ਤੇ ਨਿਕਲੀ ਫਿਨਸੀ ਜਾਂ ਪੁੜਪੁੜੀ `ਤੇ ਆਏ ਸਫੈਦ ਵਾਲਾਂ ਨੂੰ ਹਟਾਓ। ਕਈ ਤਾਂ ਡਾਕਟਰ ਦੀ ਐਨਕ ਦੇ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਹੀ ਫਿਨਸੀ ਜਾਂ ਵਾਲਾਂ ਦਾ ਮੁਆਇਨਾ ਕਰਨ ਲੱਗ ਜਾਂਦੇ ਹਨ। ਇਕ ਢਲਦੀ ਉਮਰ ਦੀ ਬੀਬੀ ਚਿਹਰੇ ਦਾ ਐਕਜ਼ੀਮਾ ਦਬਾ ਕੇ ਬ੍ਰੈਸਟ ਕੈਂਸਰ ਕਰਵਾ ਬੈਠੀ ਤੇ ਇਸ ਦੇ ਹੋਮਿਉਪੈਥਿਕ ਇਲਾਜ ਲਈ ਆਈ। ਦਵਾਈ ਨਾਲ ਉਸ ਦੀ ਛਾਤੀ ਦੀ ਪੀੜਾ ਤਾਂ ਠੀਕ ਹੋ ਗਈ, ਪਰ ਚਿਹਰੇ `ਤੇ ਮੁੜ ਐਕਜ਼ੀਮਾ ਪਰਤ ਆਇਆ। ਇਸ ਦੇ ਭਲੇ ਨਤੀਜਿਆਂ ਬਾਰੇ ਲੱਖ ਸਮਝਾਉਣ `ਤੇ ਵੀ ਉਸ ਨੇ ਇਲਾਜ ਛੱਡ ਦਿੱਤਾ। ਉਸ ਨੇ ਸਪਸ਼ਟ ਕੀਤਾ ਕਿ ਉਸ ਨੂੰ ਮਰਨਾ ਮਨਜ਼ੂਰ, ਪਰ ਉਹ ਆਪਣੇ ਚਿਹਰੇ ਨੂੰ ਕਰੂਪ ਨਹੀਂ ਦੇਖ ਸਕਦੀ। ਬੀਮਾਰ ਦੀ ਅਜਿਹੀ ਪ੍ਰਕਿਰਤੀ ਉਸ ਨੂੰ ਕਰੈਬ ਐਪਲ ਦਾ ਮਰੀਜ਼ ਬਣਾਉਂਦੀ ਹੈ।
ਕਰੈਬ ਐਪਲ ਦੇ ਮਰੀਜ਼ “ਬੁਰੀ ਨਜ਼ਰ” ਵਿਚ ਵਿਸ਼ਵਾਸ ਰੱਖਦੇ ਹਨ, ਭਾਵ ਉਹ ਸਮਝਦੇ ਹਨ ਕਿ ਦੂਜਿਆਂ ਦੀ ਨਜ਼ਰ ਵਿਚ ਕੁਝ ਅਜਿਹਾ ਮਾੜਾ ਅਸਰ ਹੈ ਕਿ ਜਿਸ ਚੰਗੀ ਚੀਜ਼ ਵਲ ਉਹ ਦੇਖ ਲੈਣ, ਉਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਬਚਾਉ ਕਰਨ ਲਈ ਉਹ ਆਪਣੇ ਨਵੇਂ ਘਰ ਜਾਂ ਨਵੀਂ ਗੱਡੀ ਤੇ ਜੁੱਤੀ ਦਾ ਬਟੇਊ ਲਾ ਦਿੰਦੇ ਹਨ। ਕਈ ਬੱਚੇ ਆਪਣੇ ਬੁੱਢੇ ਮਾਤਾ-ਪਿਤਾ ਨੂੰ ਸਕੂਲ ਨਹੀਂ ਆਉਣ ਦਿੰਦੇ। ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਗਰੀਬ ਤੇ ਬਜੁਰਗ ਮਾਪਿਆਂ ਕਾਰਨ ਕੋਈ ਉਨ੍ਹਾਂ ਨੂੰ ਹੀਣ ਸਮਝੇ। ਕਈ ਨੂੰਹ-ਪੁੱਤ ਆਪਣੇ ਬਜੁਰਗਾਂ ਨੂੰ ਆਪਣੇ ਮਹਿਮਾਨਾਂ ਸਾਹਮਣੇ ਨਹੀਂ ਕਰਦੇ। ਮਹਿਮਾਨ ਆਉਣ ਤੋਂ ਪਹਿਲਾ ਹੀ ਉਹ ਉਨ੍ਹਾਂ ਨੂੰ ਬਾਹਰ ਭੇਜ ਦਿੰਦੇ ਹਨ ਜਾਂ ਪਿਛਲੇ ਕਮਰੇ ਵਿਚ ਡੱਕ ਦਿੰਦੇ ਹਨ। ਕਈ ਮਾਤਾ-ਪਿਤਾ ਆਪਣੇ ਬੱਚਿਆਂ ਪ੍ਰਤੀ ਵੀ ਇੱਦਾਂ ਹੀ ਕਰਦੇ ਹਨ।
ਮੇਰੇ ਇਕ ਦੋਸਤ ਅਧਿਆਪਕ ਦੇ ਛੋਟੀ ਉਮਰ ਵਿਚ ਹੀ ਸੱਤ ਬੱਚੇ ਹੋ ਗਏ। ਜਦੋਂ ਉਹ ਯੂਨੀਵਰਸਿਟੀ ਵਿਚ ਲੱਗਿਆ ਤਾਂ ਸ਼ਰਮ ਦਾ ਮਾਰਿਆ ਦੋ ਨੂੰ ਪਿੰਡ ਛੱਡ ਕੇ ਆਪਣੇ ਨਾਲ ਪੰਜਾਂ ਨੂੰ ਹੀ ਲਿਆਇਆ। ਇਨ੍ਹਾਂ ਪੰਜਾਂ ਵਿਚੋਂ ਵੀ ਆਪਣੇ ਉਸ ਨੇ ਤਿੰਨ ਹੀ ਦੱਸੇ; ਬਾਕੀ ਦੇ ਦੋਹਾਂ ਨੂੰ ਭਾਈ ਦੇ ਹੀ ਦੱਸਦਾ ਰਿਹਾ। ਜਦੋਂ ਵੱਡੇ ਤਿੰਨ ਪੜ੍ਹ-ਲਿਖ ਕੇ ਨੌਕਰੀਆਂ `ਤੇ ਚਲੇ ਗਏ ਤਾਂ ਬਾਕੀ ਦੇ ਦੋ ਵੀ ਛੋਟੇ ਭਾਈ ਦੇ ਕਹਿ ਕੇ ਲੈ ਆਇਆ। ਇਸ ਗੱਲ ਦਾ ਰਾਜ਼ ਉਦੋਂ ਖੁੱਲ੍ਹਿਆ ਜਦੋਂ ਕੋਈ 35 ਸਾਲਾਂ ਬਾਅਦ ਉਸ ਅਧਿਆਪਕ ਨੂੰ ਅਧਰੰਗ ਹੋ ਗਿਆ ਤੇ ਸਭ ਬੱਚੇ ਉਸ ਨੂੰ ਮਿਲਣ ਆਏ। ਮੈਂ ਗਿਆ ਤਾਂ ਬੱਚਿਆਂ ਨੇ ਰਲ ਕੇ ਕਿਹਾ, “ਅੰਕਲ ਹਮ ਨੇ ਆਪ ਸੇ ਏਕ ਬਾਤ ਬਹੁਤ ਦੇਰ ਛੁਪਾਈ ਰੱਖੀ। ਹਮ ਸਾਤੋਂ ਕੇ ਸਾਤੋਂ ਭਾਈ ਬਹਿਨ ਹੈਂ। ਯੇ ਚਾਚਾ ਕੇ ਬਤਾਤੇ ਰਹੇ, ਇਨ ਕੇ ਤੋ ਕੋਈ ਭਾਈ ਹੀ ਨਹੀਂ ਹੈ।” ਜਦੋਂ ਉਨ੍ਹਾਂ ਨੇ ਮੇਰੇ ਚਿਹਰੇ `ਤੇ ਹੈਰਾਨੀ ਦੇ ਭਾਵ ਪੜ੍ਹੇ ਤਾਂ ਕਹਿਣ ਲਗੇ, “ਹਮੇਂ ਭੀ ਝੂਠ ਬੋਲਨਾ ਬੁਰਾ ਲਗਤਾ ਥਾ ਪਰ ਯੇ ਪਾਪਾ ਕੀ ਮਜ਼ਬੂਰੀ ਥੀ। ਸ਼ਹਿਰ ਮੇਂ ਤੋ ਏਕ ਦੋ ਬੱਚੇ ਹੋਤੇ ਹੈਂ ਔਰ ਹਮ ਸਾਤ ਥੇ। ਪਤਾ ਲਗ ਜਾਤਾ ਤੋ ਪਾਪਾ ਕੋ ਤੋ ਕੋਈ ਪ੍ਰੋਫੈਸਰ ਮਾਨਤਾ ਹੀ ਨਾ।” ਮੈਨੂੰ ਆਪਣੇ ਦੋਸਤ ਬਾਰੇ ਕਰੈਬ ਐਪਲ ਦੀ ਯਾਦ ਆਈ, ਪਰ ਉਦੋਂ ਤੀਕ ਉਹ ਬਹੁਤ ਅੱਗੇ ਨਿਕਲ ਚੁਕਾ ਸੀ।
ਉਪਰੋਕਤ ਤੋਂ ਇਲਾਵਾ ਇਹ ਬੈਚ ਫੁੱਲ ਦਵਾਈ ਉਸ ਮਰੀਜ਼ ਨੂੰ ਵੀ ਦਿੱਤੀ ਜਾਂਦੀ ਹੈ, ਜਿਹੜਾ ਜਲਦੀ ਠੀਕ ਹੋਣ ਦੀ ਰੱਟ ਲਾਉਂਦਾ ਹੋਵੇ; ਦੁਖਦੇ ਅੰਗ ਨੂੰ ਕੱਟ ਦੇਣਾ ਚਾਹੁੰਦਾ ਹੈ; ਸਰਬਜਨਕ ਪਖਾਨੇ ਵਰਤਣ ਤੋਂ ਸੰਕੋਚ ਕਰਦਾ ਹੋਵੇ; ਦੂਜਿਆਂ ਨਾਲ ਹੱਥ ਨਾ ਮਿਲਾਉਂਦਾ ਹੋਵੇ; ਗੰਜ, ਫੁਲਬਹਿਰੀ ਜਾਂ ਚਮੜੀ ਦੇ ਦਾਗ ਛੁਪਾਉਂਦਾ ਹੋਵੇ; ਕਿਲ ਮੁਹਾਸਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਵੇ; ਕੱਦ ਵੱਡਾ ਕਰਨਾ ਚਾਹੁੰਦਾ ਹੋਵੇ; ਨਸ਼ੇ ਨੂੰ ਮਾੜਾ ਸਮਝ ਕੇ ਛੱਡਣਾ ਚਾਹੁੰਦਾ ਹੋਵੇ, ਪਰ ਛੱਡ ਨਾ ਸਕਦਾ ਹੋਵੇ; ਗੰਭੀਰ ਗੱਲਾਂ `ਤੇ ਹੱਸਦਾ ਤੇ ਹੱਸਣ ਵਾਲੀਆਂ `ਤੇ ਗੰਭੀਰ ਹੋ ਜਾਂਦਾ ਹੋਵੇ; ਪਹਿਲਾਂ ਮਾੜਾ ਬੋਲ ਕੇ ਫਿਰ ਮੁਆਫੀ ਮੰਗਦਾ ਹੋਵੇ; ਘਰ ਨੂੰ ਅੰਦਰੋਂ ਬਾਹਰੋਂ ਸਾਫ ਤੇ ਚੀਜ਼ਾਂ ਨੂੰ ਥਾਂ ਸਿਰ ਰੱਖਦਾ ਹੋਵੇ; ਅੱਖਾਂ ਦੀ ਰੜਕਣ ਜਾਂ ਦੰਦ ਦਰਦ ਤੋਂ ਪੀੜਤ ਹੋਵੇ; ਗਲੇ ਵਿਚ ਕੰਡੇ ਦੀ ਚੁਭਣ ਦਾ ਭੁਲੇਖਾ ਪੈਂਦਾ ਹੋਵੇ; ਹੱਥਾਂ-ਪੈਰਾਂ `ਤੇ ਘਨਘੋਰ ਪਸੀਨਾ ਆਉਂਦਾ ਹੋਵੇ; ਦਰਦ ਨਾਲ ਥੋੜ੍ਹਾ ਥੋੜ੍ਹਾ ਪਿਸ਼ਾਬ ਆਉਂਦਾ ਹੋਵੇ; ਖੂਨ ਦੀ ਖਰਾਬੀ ਦੱਸਦਾ ਹੋਵੇ; ਗਰਮ ਦਵਾਈਆਂ ਖਾ ਕੇ ਹਟਿਆ ਹੋਵੇ; ਕੱਚਾ ਦਿਲ, ਉਲਟੀ, ਮਿਹਦੇ ਦੇ ਭਾਰ ਤੇ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦਾ ਹੋਵੇ; ਸਿਰ ਵਿਚ ਜੂਆਂ ਹੋਣ ਦਾ ਵਹਿਮ ਕਰਦਾ ਹੋਵੇ; ਸਰੀਰ ਤੇ ਕੀੜੀਆਂ ਦੀ ਰੇਂਗਣ ਮਹਿਸੂਸ ਹੋਵੇ ਅਤੇ ਪੇਟ, ਦੰਦ, ਨੱਕ ਜਾਂ ਅੱਖਾਂ ਵਿਚ ਕੀੜਿਆ ਜਿਹੀ ਸਰਸਰਾਹਟ ਦੱਸਦਾ ਹੋਵੇ।