ਦੁੱਲਾ ਭੱਟੀ ਨੂੰ ਯਾਦ ਕਰਦਿਆਂ

ਧਰਮ ਸਿੰਘ ਗੋਰਾਇਆ
ਫੋਨ: 301-653-7029
ਸੂਰਮੇ ਦੀ ਕਹਾਣੀ ਕਰੀਬ ਪੌਣੇ ਪੰਜ ਸੌ ਸਾਲ ਪਹਿਲਾਂ ਤੁਰੀ। ਕਈ ਆਏ ਕਈ ਗਏ, ਪਰ ਉਸ ਵਰਗਾ ਉਹੀ ਸੀ, ਜਿਸ ਨੂੰ ਅੱਜ ਵੀ ਲੋਕ ਦਿਲਾਂ ਵਿਚ ਲਈ ਬੈਠੇ ਨੇ। ਰਾਜਿਆਂ, ਮਹਾਰਾਜਿਆਂ ਨੂੰ ਲੋਕ ਚੇਤਿਆਂ ਵਿਚੋਂ ਮਨਫੀ ਕਰ ਦਿੰਦੇ ਨੇ, ਪਰ ਕੁਝ ਐਸੇ ਜਾਂਬਾਜ਼ ਯੋਧੇ ਹੁੰਦੇ ਹਨ, ਜਿਹੜੇ ਆਪਣੇ ਟੱਬਰਾਂ ਕੁਨਬਿਆਂ ਦੇ ਨਾਲ-ਨਾਲ ਆਮ ਲੋਕਾਂ ਦੇ ਦਿਲਾਂ ਵਿਚ ਵੀ ਜਗ੍ਹਾ ਬਣਾ ਲੈਂਦੇ ਨੇ, ਇਹ ਭਾਵੇਂ ਜੈਮਲ ਫੱਤਾ ਹੋਵਣ, ਭਾਵੇਂ ਰਾਏ ਅਹਿਮਦ ਖਰਲ ਜਾਂ ਜੱਗਾ ਡਾਕੂ ਤੇ ਜਾਂ ਫਿਰ ਦੁੱਲਾ ਭੱਟੀ ਹੋਵੇ।

ਮੰਗੋਲੀਆ ਤੋਂ ਮੰਗੋਲ, ਮੰਗੋਲਾਂ ਵਿਚ ਚੰਗੇਜ਼ ਖਾਨ ਅਤੇ ਚੰਗੇਜ਼ ਤੋਂ ਚੁਗੱਤੇ ਰਾਜ ਦੀ ਗੱਲ ਤੁਰੀ, ਜਿਹੜੀ ਤੁਰਦੀ-ਤੁਰਦੀ ਲਾਹੌਰ, ਦਿੱਲੀ, ਆਗਰਾ ਤੇ ਅਖੀਰ ਹਿੰਦੋਸਤਾਨ ਦੇ ਧੁਰ ਦੱਖਣ ਤੱਕ ਪਹੁੰਚ ਗਈ। ਕਿਸੇ ਵਿਚ ਹਿੰਮਤ ਨਾ ਪਈ ਇਨ੍ਹਾਂ ਧਾੜਵੀਆਂ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ। ਜੇ ਕਿਸੇ ਨੇ ਗੱਲ ਚਲਾਈ ਤਾਂ ਉਹ ਸਨ ਪੰਜਾਬ ਦੀ ਧਰਤ ਦੇ ਜਾਏ। ਉਨ੍ਹਾਂ ਸੂਰਬੀਰਾਂ ਦੀ ਗੱਲ ਅੱਜ ਵੀ ਦਿੱਲੀ ਦਰਬਾਰ ਦੁਆਲੇ ਗੂੰਜ ਰਹੀ ਏ।
700 ਸਾਲ ਪਹਿਲਾਂ ਜੈਸਲਮੇਰ (ਰਾਜਸਥਾਨ) ਤੋਂ ਇਕ ਰਾਜਪੂਤ ਕਬੀਲਾ ਹਿਜਰਤ ਕਰ ਕੇ ਸਾਂਦਲਬਾਰ ਦੇ ਇਲਾਕੇ ਵਿਚ ਝਨਾਂ ਕੰਢੇ ਆਣ ਡੇਰਾ ਲਾਉਂਦਾ ਹੈ। ਇਲਾਕੇ ਦੀ ਅਹਿਲਕਾਰੀ ਸੇਹੂ ਹੰਜਰਾ ਕੋਲ ਸੀ। ਉਸ ਦੀ ਇਜਾਜ਼ਤ ਨਾਲ ਭੱਟੀਆਂ ਦਾ ਇਸ ਪੱਕਾ ਮੁਕਾਮ ਹੋ ਗਿਆ। ਇਹ ਲੋਕ ਬਹੁਤ ਜੰਗਜੂ, ਲੜਾਕੇ, ਮਾਰਖੋਰੇ ਸਨ। ਹੌਲੀ-ਹੌਲੀ ਆਲੇ-ਦੁਆਲੇ ਕਬਜ਼ਾ ਕਰ ਲਿਆ। ਦੋ-ਤਿੰਨ ਸਦੀਆਂ ਬਾਅਦ ਭੱਟੀ ਰਾਜਪੂਤਾਂ ਦੀਆਂ ਮਾਲਕੀਆਂ ਬਣ ਗਈਆਂ। ਸਾਰੇ ਇਲਾਕੇ ਨੂੰ ਛੋਟੀਆਂ-ਛੋਟੀਆਂ ਰਿਆਸਤਾਂ ਵਿਚ ਵੰਡ ਲਿਆ।
ਦਿੱਲੀ, ਲਾਹੌਰ, ਪੇਸ਼ਾਵਰ, ਕਾਬਲ, ਤੁਰਕਸਤਾਨ ਜਾਣ-ਆਉਣ ਦਾ ਰਸਤਾ ਪਿੰਡੀ ਭੱਟੀਆਂ ਵਿਚ ਦੀ ਲੰਘਦਾ ਸੀ। ਇਸ ਇਲਾਕੇ ਵਿਚ ਚੰਗੀਆਂ ਫਸਲਾਂ, ਹਰਿਆਲੀ, ਚਰਗਾਹਾਂ ਸਨ। ਮੁਗਲ ਫੌਜਾਂ ਦੀ ਆਵਾਜਾਈ ਆਮ ਰਹਿੰਦੀ, ਜਿਸ ਦੇ ਫਲਸਰੂਪ ਫਸਲਾਂ ਦਾ ਨੁਕਸਾਨ, ਪਸ਼ੂਆਂ ਘੋੜਿਆਂ ਅਤੇ ਹੋਰ ਖੇਤੀਬਾੜੀ ਸਾਧਨਾਂ ਦਾ ਨੁਕਸਾਨ ਹੁੰਦਾ। ਲੋਕਾਂ ਸਿ਼ਕਾਇਤ ਕਰਨੀ ਤਾਂ ਉਲਟਾ ਇਨ੍ਹਾਂ ਉਪਰ ਹੋਰ ਜ਼ੁਲਮ ਕਰਨਾ। ਉਨ੍ਹਾਂ ਦੇ ਘਰਾਂ ਵਿਚੋਂ ਆਨਾਜ ਚੁੱਕ ਲੈਣਾ। ਉਨ੍ਹਾਂ ਦੀਆਂ ਬਹੂ-ਬੇਟੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ।
ਬਿਜਲੀ ਖਾਂ/ਸਾਂਦਲ ਖਾਂ ਆਪਣੇ ਇਲਾਕੇ ਦਾ ਖੁਦਮੁਖਤਾਰ ਸੀ, ਜਿਸ ਨੇ ਆਪਣੀ ਪਰਜਾ ਦੀ ਹਿਫਾਜ਼ਤ ਦਾ ਅਹਿਦ ਲਿਆ ਹੋਇਆ ਸੀ। ਇਸ ਦੇ ਇਵਜ਼ਾਨੇ ਵਿਚ ਕਿਸਾਨ ਆਪਣੀ ਮਰਜ਼ੀ ਮੁਤਾਬਕ ਮਾਲੀਆ ਉਸ ਨੂੰ ਦਿੰਦੇ ਸਨ। ਇਹੀ ਮਾਲੀਆ ਗੁਰੀਲਾ ਫੌਜ ਦੇ ਨੌਜਵਾਨਾਂ ਵਿਚ ਵੰਡ ਦਿੱਤਾ ਜਾਂਦਾ ਸੀ। ਟਕਰਾਓ ਦੇ ਹਾਲਾਤ ਪੈਦਾ ਹੋ ਚੁਕੇ ਸਨ। ਮੁਗਲ ਹਕੂਮਤ ਦੇ ਅਹਿਲਕਾਰਾਂ ਨੂੰ ਰੋਕਿਆ ਜਾਣ ਲੱਗਾ। ਗੱਲਾਂ ਲਾਹੌਰ ਤਖਤ ਅੰਦਰ ਹੋਣ ਲੱਗੀਆਂ। ਇਕ ਤਾਂ ਸਾਂਦਲ ਬਾਰ ਦੇ ਵੱਡੇ ਇਲਾਕੇ ਵਿਚੋਂ ਕੋਈ ਮਾਲੀਆ ਲਾਹੌਰ ਨਹੀਂ ਜਾ ਰਿਹਾ, ਤੇ ਦੂਜਾ ਹੁਣ ਉਨ੍ਹਾਂ ਦੇ ਰਾਹ ਵੀ ਰੋਕੇ ਜਾਣ ਲੱਗੇ। ਭੱਟੀਆਂ ਦੀ ਬਗਾਵਤ ਅਤੇ ਜਵਾਂ ਮਰਦੀ ਦੀਆਂ ਗੱਲਾਂ ਦੂਰ ਤੱਕ ਹੋਣ ਲੱਗੀਆਂ।
ਮੁਗਲਾਂ ਦੇ ਚੌਧਰੀਆਂ ਨੇ ਬਿਜਲੀ ਖਾਂ ਅਤੇ ਉਸ ਦੇ ਪੁੱਤਰ ਫਰੀਦ ਖਾਂ ਨੂੰ ਕਈ ਲਾਲਚ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਹ ਪਿਉ-ਪੁੱਤ ਮੁਗਲਾਂ ਦੀ ਤੱਕੜੀ ਨਾ ਚੜ੍ਹੇ। ਇਹ ਜਾਗਰੂਕ ਹੋ ਚੁਕੇ ਸਨ ਅਤੇ ਆਪਣੇ ਗਰੀਬਾਂ, ਮ੍ਹਾਤੜਾਂ, ਛੋਟੇ ਕਿਸਾਨਾਂ, ਦੁਕਾਨਦਾਰਾਂ, ਲੁਹਾਰਾਂ, ਤਰਖਾਣਾਂ ਦੇ ਚਿਹਰਿਆਂ ਉਤੇ ਖੁਸ਼ੀਆਂ ਦੇਖਣਾ ਚਾਹੁੰਦੇ ਸਨ। ਜਿਵੇਂ ਹਮੇਸ਼ਾ ਹੁੰਦਾ ਆਇਆ ਹੈ, ਚੁਗੱਤਾਸ਼ਾਹੀ ਦੀਆਂ ਫੌਜਾਂ ਨੇ ਪਿੰਡੀ ਭੱਟੀਆਂ ਦੇ ਦੋ ਸਿਰਲੱਥ ਬਾਗੀਆਂ ਨੂੰ ਫੜ ਕੇ ਲਾਹੌਰ ਲੈ ਆਂਦਾ ਅਤੇ ਸਿਰ ਕਲਮ ਕਰ ਕੇ ਉਨ੍ਹਾਂ ਦੇ ਧੜਾਂ ਅੰਦਰ ਘਾਹ ਫੂਸ ਭਰ ਕੇ ਕਈ ਦਿਨ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਟੰਗੀ ਰੱਖਿਆ ਤਾਂ ਕਿ ਕੋਈ ਹੋਰ ਐਸਾ ਮਾਈ ਦਾ ਲਾਲ ਪੈਦਾ ਨਾ ਹੋ ਸਕੇ।
ਪਰ ਇੰਜ ਨਾ ਹੋਇਆ, ਤੇ ਪਿਉ ਦਾਦੇ ਦੀ ਸ਼ਹੀਦੀ ਤੋਂ ਬਾਅਦ ਐਸਾ ਲਾਲ ਉਠਿਆ, ਜੋ ਸ਼ਾਇਦ ਆਪਣੇ ਸੀਨੇ ਅੰਦਰ ਕੁਝ ਇਹ ਕਹਿੰਦਾ ਕਹਿੰਦਾ ਬੇੜੀ ਵਿਚ ਬੈਠਾ ਝਨਾਂ ਪਾਰ ਕਰ ਰਿਹਾ ਸੀ:
ਮੈਂ ਢਾਹਵਾਂ ਦਿੱਲੀ ਦੇ ਕਿੰਗਰੇ
ਤੇ ਕਰਾਂ ਲਾਹੌਰ ਤਬਾਹ।
ਝਨਾਂ ਦੇ ਕੰਢੇ ਬਦਰ ਵਿਖੇ ਮਾਈ ਲੱਧੀ ਦੀ ਕੁੱਖੋਂ ਦੁੱਲਾ ਸੰਨ 1547 ਨੂੰ ਪੈਦਾ ਹੋਇਆ। ਥੋੜ੍ਹੇ ਚਿਰਾਂ ਬਾਅਦ ਇਹ ਪਿੰਡ ਦਰਿਆ ਝਨਾਂ ਬੁਰਦ ਹੋ ਜਾਂਦਾ ਅਤੇ ਮਾਈ ਲੱਧੀ ਦਾ ਪਰਿਵਾਰ ਰੋਹੀਵਾਲਾ ਖੂਹ ‘ਤੇ ਆ ਗਏ, ਜਿਸ ਨੂੰ ਅੱਜ ਕੱਲ੍ਹ ਪਿੰਡ ਚੂਚਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੱਧੀ ਬੇੜੀ ਰਾਹੀਂ ਝਨਾਂ ਪਾਰ ਕਰ ਰਹੀ ਸੀ, ਜਦੋਂ ਦੁੱਲਾ ਪੈਦਾ ਹੋਇਆ, ਤਲਵਾਰ ਨੂੰ ਝਨਾਂ ਦੇ ਵਗਦੇ ਪਾਣੀ ਵਿਚ ਡੋਬ ਕੇ ਦੁੱਲੇ ਨੂੰ ਗੁੜਤੀ ਦਿੱਤੀ ਗਈ।
ਹੁਣ ਗੱਲ ਕਰੀਏ ਪਿੰਡੀ ਭੱਟੀਆਂ ਦੀ, ਜਿਥੇ ਪੰਜਾਬ ਦੀ ਮਿੱਟੀ ਦਾ ਮਾਣ, ਬੇਖੌਫ, ਦਿਲਦਾਰ ਤੇ ਸੁਭਾਅ ਦਾ ਅੜੀਅਲ ਦੁੱਲਾ ਜਵਾਨ ਹੋਇਆ। ਘਰੋਂ ਚੰਗੇ ਵਸਦੇ ਜ਼ਿਮੀਦਾਰ। ਖਾਣ ਪੀਣ ਨੂੰ ਖੁੱਲ੍ਹਾ-ਡੁੱਲ੍ਹਾ। ਤੀਰ-ਅੰਦਾਜ਼ੀ, ਘੁੜ-ਸਵਾਰੀ ਤੇ ਝਨਾਂ ਤੋਂ ਰਾਵੀ ਤੱਕ ਖੁੱਲ੍ਹੀਆਂ ਜੂਹਾਂ ਜਿਥੇ ਆਪਣੇ ਸੰਗੀਆਂ ਸਾਥੀਆਂ ਨਾਲ ਸ਼ਿਕਾਰ ਕਰਦਾ, ਲੜਦਾ ਭਿੜਦਾ, ਰੁਸਦਾ ਫਿਰ ਮੰਨਦਾ। ਇਕ ਪੰਡਿਤ ਨੇ ਕਿਹਾ ਕਿ ਚੰਗੇ ਕੰਮ ਕਰੋ, ਲੋਕ ਯਾਦ ਰੱਖਣਗੇ, ਮਸ਼ਹੂਰ ਬਣ ਜਾਓਗੇ। ਪੁੱਛਿਆ, ਜਲਦੀ ਮਸ਼ਹੂਰ ਕਿੰਜ ਹੋਈਦਾ। ਜੁਆਬ ਆਇਆ, ਮਾੜੇ ਕੰਮੀ! ਪੜ੍ਹਨ ਲਈ ਮਸੀਤੇ ਗਿਆ, ਉਥੇ ਮੌਲਵੀ ਨੂੰ ਕੁੱਟ ਘੱਤਿਆ। ਚਾਰ-ਚੁਫੇਰੇ ਦੁੱਲਾ ਦੁੱਲਾ ਹੋ ਉਠਿਆ, ਪਰ ਅਜੇ ਦੁੱਲਾ ਭੱਟੀ ਬਣਨ ਵਿਚ ਹੋਰ ਵਕਤ ਲੱਗਣਾ ਸੀ।
ਲੋਕਾਂ ਦੇ ਤਾਹਨੇ ਮਿਹਣੇ, ਰਾਹਗੀਰਾਂ ਦੀਆਂ ਵਹੀਰਾਂ ਦਾ ਆਉਣ-ਜਾਣ ਤੇ ਦਰਬਾਰੀ ਠੇਕੇਦਾਰਾਂ, ਅਮੀਰਾਂ, ਮਨਸਬਦਾਰਾਂ, ਸੌਦਾਗਰਾਂ ਦਾ ਮੌਜ-ਮਸਤੀ ਵਾਲਾ ਜੀਵਨ ਵਰਤਾਰਾ ਇਨ੍ਹਾਂ ਮੱਸ-ਫੁੱਟ ਮੁੰਡਿਆਂ ਨੂੰ ਰਾਸ ਨਾ ਆਉਂਦਾ। ਮਾਂ ਲੱਦੀ ਕੋਲੋਂ ਸਭ ਕੁਝ ਜਾਣ ਚੁਕਾ ਸੀ। ਚਿਰਾਂ ਤੋਂ ਬੰਦ ਪਏ ਕੋਠੀਆਂ ਦੇ ਬੂਹੇ ਖੁੱਲ੍ਹੇ। ਅੰਦਰੋਂ ਹਰ ਤਰ੍ਹਾਂ ਦੇ ਹਥਿਆਰ ਲੱਭੇ। ਉਨ੍ਹਾਂ ਨੂੰ ਲੁਹਾਰਾਂ ਦੀਆਂ ਭੱਠੀਆਂ ‘ਤੇ ਤਪਾ ਕੇ ਸਾਣ ‘ਤੇ ਚਾੜ੍ਹਿਆ ਗਿਆ। ਹੱਥਾਂ ਵਿਚੋਂ ਗੁਲੇਲੇ ਛੁੱਟ ਗਏ ਅਤੇ ਤੀਰ-ਕਮਾਨ ਆ ਗਏ, ਤੇ ਮੋਢਿਆਂ ‘ਤੇ ਭੱਥੇ ਲਟਕ ਗਏ।
ਮੁਗਲ ਚੁਗੱਤਾਸ਼ਾਹੀ ਨਾਲ ਸਿੱਧੀ ਟੱਕਰ ਲੈਣ ਤੋਂ ਪਹਿਲਾਂ ਦੁੱਲੇ ਅਤੇ ਉਸ ਦੇ ਸਾਥੀਆਂ ਨੇ ਇਹ ਕੰਮ ਘਰੋਂ ਹੀ ਸ਼ੁਰੂ ਕੀਤਾ। ਆਪਣੇ ਨਾਨਕੇ ਪਿੰਡ ਚਨਿਓਟ ਆਪਣੀ ਹੀ ਬਰਾਦਰੀ ਦੇ ਚੁਗੱਤਿਆਂ ਦੇ ਹੱਥ ਠੋਕਿਆਂ ਨੂੰ ਹੱਥ ਪਾਇਆ। ਉਨ੍ਹਾਂ ਦਾ ਵਾਧੂ ਮਾਲ-ਡੰਗਰ, ਘੋੜੀਆਂ, ਊਠ, ਉਨ੍ਹਾਂ ਦੀਆਂ ਗੋਲਕਾਂ ਭੰਨ ਕੇ ਜੋ ਕੁਝ ਲੱਭਿਆ; ਗਰੀਬਾਂ, ਮਿਹਨਤੀਆਂ ਮਜ਼ਦੂਰਾਂ ਵਿਚ ਵੰਡ ਦਿੱਤਾ। ਫਿਰ ਇਹ ਨਿੱਤ ਦਾ ਵਰਤਾਰਾ ਬਣ ਗਿਆ। ਲਾਗੇ-ਬੰਨੇ ਦੇ ਝਗੜੇ-ਝੇੜੇ, ਚੋਰੀ ਦੀਆਂ ਵਾਰਦਾਤਾਂ ਜਾਂ ਸਰਕਾਰੀ ਤੰਤਰ ਦੀਆਂ ਮਾਲੀਆ ਧੱਕੇ ਨਾਲ ਲੈਣ ਦੀਆਂ ਵਧੀਕੀਆਂ। ਲੋਕ ਕਚਹਿਰੀ ਲੱਗਦੀ। ਫੈਸਲੇ ਵੀ ਤੁਰੰਤ ਹੁੰਦੇ ਤੇ ਤੁਰੰਤ ਲਾਗੂ। ਹਾਕਮਸ਼ਾਹੀ ਨੂੰ ਫਿਕਰ ਹੋਇਆ। ਪਿੰਡੀ ਵਿਚ ਛਾਪੇ ਪੈਣ ਲੱਗੇ। ਦੁੱਲੇ ਨੇ ਹੁਣ ਤੱਕ ਕਈ ਛੋਟੇ-ਛੋਟੇ ਜਥੇ ਬਣਾ ਲਏ ਸਨ। ਇਨ੍ਹਾਂ ਨੇ ਜੰਗਲਾਂ ਅੰਦਰ ਆਪਣੀਆਂ ਛੁਪਣਗਾਹਾਂ ਬਣਾਈਆਂ। ਉਥੇ ਹੀ ਖਾਂਦੇ-ਪੀਂਦੇ ਤੇ ਰਾਤਾਂ ਕੱਟਦੇ। ਆਪਣਾ ਜੰਗੀ ਅਭਿਆਸ ਕਰਦੇ।
ਅਲੀ ਸੌਦਾਗਰ ਚੰਗੀ ਕਿਸਮ ਦੇ ਪੰਜ ਸੌ ਘੋੜੇ ਕੰਧਾਰ ਤੋਂ ਖਰੀਦ ਕੇ ਲਾਹੌਰ ਨੂੰ ਜਾ ਰਿਹਾ ਸੀ। ਰਾਤ ਪਿੰਡ ਭੱਟੀਆਂ ਕੱਟਣੀ ਪਈ। ਦੁੱਲੇ ਹੁਰਾਂ ਸਾਰੇ ਘੋੜੇ ਤਬੇਲੇ ਵਿਚੋਂ ਕੱਢ ਕੇ ਆਪਣੇ ਲੜਾਕੂ ਯੋਧਿਆਂ ਵਿਚ ਵੰਡ ਦਿੱਤੇ। ਅਲੀ ਸੌਦਾਗਰ ਰੋਂਦਾ ਰਿਹਾ ਅਤੇ ਲਾਹੌਰ ਦੇ ਰਾਹੇ ਖਾਲੀ ਹੱਥ ਜਾ ਰਿਹਾ; ਕਹਿੰਦਾ, ਜਾ ਕੇ ਬਾਦਸ਼ਾਹ ਸਲਾਮਤ ਅੱਗੇ ਫਰਿਆਦ ਕਰਾਂਗਾ। ਬਲਖ ਬੁਖਾਰੇ ਤੋਂ ਮੇਦਾ ਖੱਤਰੀ ਖੱਚਰਾਂ ਦੀਆਂ ਛੱਟਾ ਭਰੀ ਪਿੰਡੀ ਦੁੱਲੇ ਹੁਰਾਂ ਕੋਲ ਰਾਤ ਮੁਕਾਮ ਕਰਦਾ। ਦੁੱਲੇ ਦੇ ਸਾਥੀ ਉਸ ਦੀ ਚੰਗੀ ਸੇਵਾ ਵੀ ਕਰਦੇ, ਪਰ ਪਤਾ ਲੱਗਣ ‘ਤੇ ਕਿ ਇਹ ਸਾਰਾ ਮਾਲ ਸ਼ਾਹੀ ਕਿਲ੍ਹੇ ਅੰਦਰ ਜਾਣਾ ਹੈ, ਉਹ ਸਭ ਕੁਝ ਲੁਟਾ ਬੈਠਾ। ਗੁੱਸੇ ਵਿਚ ਮੇਦਾ ਦੁੱਲੇ ਦੇ ਬਾਪ ਦਾਦੇ ਦਾ ਵੀ ਮਿਹਣਾ ਮਾਰ ਗਿਆ। ਗੁੱਸੇ ਨਾਲ ਦੁੱਲੇ ਨੇ ਉਸ ਦੀ ਦਾੜ੍ਹੀ ਮੁੱਛ ਕੱਟ ਦਿੱਤੀ। ਕਿਹਾ, ਜਾਹ ਕਹਿ ਦਈਂ ਆਪਣੇ ਰਾਜੇ ਨੂੰ, ਜੋ ਕਰਨਾ ਕਰ ਲਵੇ।
ਬਾਪ-ਦਾਦੇ ਦੀ ਮੌਤ ਮਗਰੋਂ ਸਾਂਦਲਬਾਰ ਵਿਚ ਕੁਝ ਜ਼ਮੀਨੀ ਮਾਲੀਆ ਲਾਹੌਰ ਦਰਬਾਰ ਜਾਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਦੁੱਲੇ ਦੇ ਜ਼ਬਰਦਸਤ ਲੜਾਕੂ ਦਸਤਿਆਂ ਨੇ ਉਹ ਵੀ ਬੰਦ ਕਰਵਾ ਦਿੱਤਾ। ਸਾਂਦਲਬਾਰ ਅੰਦਰ ਮੁਗਲਾਂ ਦੀਆਂ ਫੌਜੀ ਟੁਕੜੀਆਂ ਨਾਲ ਰਾਜਪੂਤ ਜੱਟਾਂ ਦੇ ਪੁੱਤਰਾਂ, ਲੁਹਾਰਾਂ, ਤਰਖਾਣਾਂ, ਸੇਪੀਆਂ, ਮਰਾਸੀਆਂ, ਮੁਜਾਰਿਆ ਦੇ ਟਾਕਰੇ ਹੋਣ ਲੱਗੇ। ਆਤੀਜਜ਼ ਅਹਿਸਨ ਨੇ ਇਸੇ ਨੂੰ ਆਪਣੀ ਕਿਤਾਬ ‘ਸਿੱਧ ਸਾਗਰ’ ਵਿਚ ਕਿਸਾਨ ਅੰਦੋਲਨ ਕਿਹਾ ਹੈ। ਉਹੀ ਕਿਸਾਨ ਅੰਦੋਲਨ, ਜੋ ਬਾਅਦ ਵਿਚ ਸਰਦਾਰ ਅਜੀਤ ਸਿੰਘ ਨੇ 1907 ਨੂੰ ‘ਪਗੜੀ ਸੰਭਾਲ ਜੱਟਾ` ਦੇ ਨਾਹਰੇ ਨਾਲ ਚਲਾਇਆ ਸੀ, ਜਿਸ ਦੀ ਵਜ੍ਹਾ ਨਾਲ ਕਿਸਾਨੀ ਦੀ ਹਾਲਤ ਜ਼ਿਆਦਾ ਵਿਗੜਨ ਨੂੰ ਕੁਝ ਸਮਾਂ ਬਚੀ ਰਹੀ।
ਵੱਡੇ-ਵੱਡੇ ਜਗੀਰਦਾਰਾਂ, ਸਰਕਾਰੀ ਅਹਿਲਕਾਰਾਂ ਵੱਲੋਂ ਕਰਵਾਏ ਜਾਂਦੇ ਮੁਫਤ ਕੰਮ ਕਿਸ ਨੂੰ ਵਗਾਰ ਵੀ ਕਿਹਾ ਜਾਂਦਾ, ਬੰਦ ਹੋਏ। ‘ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ` ਤਾਂ ਸਭਨਾਂ ਨੇ ਸੁਣਿਆ ਹੋਵੇਗਾ। ਇਹ ਕਿੰਜ ਹੋਇਆ? ਸੁੰਦਰ ਮੁੰਦਰੀ ਗਰੀਬ ਹਿੰਦੂ ਮੂਲ ਚੰਦ ਦੁਕਾਨਦਾਰ ਦੀ ਧੀ ਸੀ, ਪਿੰਡੀ ਲਾਗੇ ਪਿੰਡ ਕੋਟ ਨੱਕਾ ਤੋਂ। ਮੁਸਲਮਾਨ ਜਗੀਰਦਾਰ ਨੂੰ ਚੰਗੀ ਲੱਗੀ। ਬਾਪ ਨੂੰ ਵਿਆਹ ਲਈ ਮਜਬੂਰ ਕਰਨ ਲੱਗਾ। ਬਾਪ ਮੂਲ ਚੰਦ ਦੁੱਲੇ ਕੋਲ ਫਰਿਆਦੀ ਜਾ ਬਣਦਾ। ਦੁੱਲੇ ਨੇ ਉਸ ਦੀ ਧੀ ਨੂੰ ਆਪਣੀ ਧੀ ਬਣਾ ਕੇ ਚੰਗੇ ਹਿੰਦੂ ਪਰਿਵਾਰ ਵਿਚ ਵਿਆਹ ਕੀਤਾ ਅਤੇ ਜਗੀਰਦਾਰ ਨੂੰ ਉਸ ਦੀ ਧੱਕੇਸ਼ਾਹੀ ਦੀ ਸਜ਼ਾ ਦਿੱਤੀ।
ਦੁੱਲਾ ਭੱਟੀ ਹੁਣ ਆਪਣੇ ਬਾਪ-ਦਾਦੇ ਦੀ ਮੌਤ ਦੇ ਬਦਲੇ ਤੱਕ ਨਹੀਂ ਸੀ ਸੋਚਦਾ, ਹੁਣ ਉਹ ਪੂਰੇ ਸਾਂਦਲਬਾਰ ਦਾ ਰਖਵਾਲਾ ਬਣ ਚੁਕਾ ਸੀ। ਉਸ ਦੀ ਮੰਜਿ਼ਲ ਹੁਣ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖਾੜਨਾ ਸੀ। ਇਹ ਉਹ ਵਕਤ ਸੀ, ਜਦੋਂ ਹਿੰਦੋਸਤਾਨ ਦੀ ਰਾਜਧਾਨੀ ਆਗਰਾ ਹੁੰਦੀ ਸੀ, ਜਿਥੇ ਅਕਬਰ ਦਾ ਬਹੁਤਾ ਸਮਾਂ ਮੁਕਾਮ ਰਹਿੰਦਾ ਸੀ। ਪੰਜਾਬ ਦੀ ਵਾਗਡੋਰ (ਗਵਰਨਰੀ) ਸ਼ਮਸ-ਉਦ-ਦੀਨ ਦੇ ਹੱਥਾਂ ਵਿਚ ਸੀ।
ਹੁਣ ਤੱਕ ਹਿੰਦੋਸਤਾਨ ‘ਤੇ ਹਕੂਮਤ ਕਰਦਿਆਂ ਅਕਬਰ ਨੂੰ ਕਰੀਬ 33 ਸਾਲ ਹੋ ਚੁਕੇ ਸਨ। ਸੂਹੀਆਂ ਖਬਰਾਂ ਨੇ ਉਸ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਦੁੱਲੇ ਨੂੰ ਜਿਊਂਦਾ ਜਾਂ ਮੁਰਦਾ ਫੜਨ ਦਾ ਹੁਕਮ ਕਰ ਦਿੱਤਾ ਗਿਆ। ਮਿਰਜ਼ਾ ਨਿਜ਼ਾਮੂਦੀਨ 12 ਹਜ਼ਾਰ ਹਥਿਆਰਬੰਦ ਫੌਜ ਨਾਲ ਪਿੰਡੀ ਭੱਟੀਆਂ ‘ਤੇ ਧਾਵਾ ਬੋਲਦਾ। ਲੜਾਈ ਕਈ ਦਿਨ ਚਲਦੀ ਰਹੀ। ਇਕ ਸਮਾਂ ਉਹ ਵੀ ਆਇਆ, ਜਦ ਦੁੱਲਾ ਨਿਜ਼ਾਮੂਦੀਨ ਦਾ ਸਿਰ ਕਲਮ ਕਰਨ ਹੀ ਵਾਲਾ ਸੀ ਕਿ ਉਹ ਨਵਾਂ ਦਾਅ ਖੇਡ ਗਿਆ। ਮਾਈ ਲੱਧੀ ਦੇ ਪੈਰੀਂ ਜਾ ਪਿਆ। ਦੁੱਲੇ ਦਾ ਪੱਗ-ਵੱਟ ਭਰਾ ਬਣ ਗਿਆ, ਪਰ ਅੰਦਰੋਂ ਕਿਸੇ ਚੰਗੇ ਮੌਕੇ ਦੀ ਭਾਲ ਵਿਚ ਸੀ। ਦੁੱਲੇ ਨੂੰ ਬੰਦੀ ਬਣਾ ਕੇ ਲਾਹੌਰ ਦਰਬਾਰ ਵਿਚ ਲਿਆਂਦਾ ਗਿਆ। ਇਕ ਛੋਟੇ ਨੀਵੇਂ ਦਰਵਾਜ਼ੇ ਰਾਹੀਂ ਅੰਦਰ ਆਉਣਾ ਸੀ, ਪਰ ਦੁੱਲੇ ਨੇ ਆਪਣੇ ਪੈਰ ਪਹਿਲਾਂ ਅੰਦਰ ਕੀਤੇ, ਸਿਰ ਨਹੀਂ ਝੁਕਾਇਆ। ਸਿਰ ਜੋ ਹੱਕ-ਸੱਚ ਲਈ ਉਠਦੇ ਨੇ, ਉਹ ਕੱਟੇ ਤਾਂ ਜਾਂਦੇ ਨੇ ਪਰ ਛੇਤੀ ਕੀਤਿਆਂ ਜ਼ਾਲਮਾਂ ਅੱਗੇ ਝੁਕਦੇ ਨਹੀਂ। ਜੋ ਸਿਰ ਅੱਜ ਤੱਕ ਝੁਕੇ ਨਹੀਂ, ਉਹ ਸਦਾ ਅਣਲਿਖਤ ਲੋਕ ਹਿਰਦਿਆਂ ਵਿਚ ਪੀੜ੍ਹੀ-ਦਰ-ਪੀੜ੍ਹੀ ਦਰਜ ਹੋਈ ਜਾਂਦੇ ਨੇ। ਉਨ੍ਹਾਂ ਦੀਆਂ ਬਾਤਾਂ ਕਦੇ ਬੁੱਕਲ ਵਿਚ ਲਈ ਪੁੱਤ-ਪੋਤਰਿਆਂ ਨੂੰ ਸੁਣਾਉਂਦੇ ਨੇ, ਤੇ ਜਾਂ ਫਿਰ ਮੈਦਾਨ-ਏ-ਜੰਗ ਵਿਚ ਖੜਕਦੀਆਂ ਢਾਲਾਂ ਤਲਵਾਰਾਂ ਨੇਜਿਆਂ ਵਿਚੋਂ ਗੂੰਜਦੀਆਂ ਨੇ।
ਉਹ ਮੁਗਲ ਤਖਤ ਲਾਹੌਰ ਦਾ ਬਾਗੀ ਨਾਬਰ ਸੀ, ਜਿਸ ਨਾਲ ਰਾਵੀ ਤੋਂ ਝਨਾਂ ਦਾ ਹਰ ਜਣਾ ਨਾਲ ਖਲੋਤਾ। ਉਸ ਨੇ ਹਰ ਇਕ ਨੂੰ ਮਾਣ ਸਤਿਕਾਰ ਨਾਲ ਜੀਣ ਦਾ, ਆਪਣੀ ਪਛਾਣ ਬਣਾਉਣ ਦਾ ਵਿਹਾਰ ਦੱਸਿਆ। ਕਿਸਾਨੀ ਮੁਸੀਬਤਾਂ ਨੂੰ ਆਪ ਹੰਢਾਇਆ ਅਤੇ ਉਸ ਦੇ ਹੱਲ ਲਈ ਖੁਦ ਲੜਿਆ। ਦੁੱਲੇ ਭੱਟੀ ਨੇ ਜਨਤਕ ਲਹਿਰ ਖੜ੍ਹੀ ਕੀਤੀ ਅਤੇ ਗੁਰੀਲਾ ਢੰਗ-ਤਰੀਕੇ ਵਰਤੇ।
ਲਾਹੌਰ ਦਰਬਾਰ ਨੇ ਦੁੱਲਾ ਭੱਟੀ ਨੂੰ ਬਾਗੀ ਸਾਬਤ ਕਰਨਾ ਹੀ ਸੀ, ਸਜ਼ਾ-ਏ-ਮੌਤ ਹੋਈ। ਦੁੱਲੇ ਨੂੰ ਫਾਂਸੀ `ਤੇ ਚਾੜ੍ਹਨ ਲਈ ਕੋਤਵਾਲ ਮਲਿਕ ਅਲੀ ਨੂੰ ਚੁਣਿਆ ਗਿਆ। ਮੁਹੱਲਾ ਨਖਾਸ ਚੌਕ (ਮੌਜੂਦਾ ਨਾਮ ਲੰਡਾ ਬਾਜ਼ਾਰ) ਲਾਗੇ ਨੌਲੱਖਾ ਬਾਜ਼ਾਰ ਦੁੱਲੇ ਨੂੰ ਬੰਨ ਕੇ ਲਿਜਾਇਆ ਜਾ ਰਿਹਾ ਸੀ, ਜਦੋਂ ਸੂਫੀ ਫੱਕਰ ਸ਼ਾਹ ਹੁਸੈਨ ਆਪਣੇ ਰੰਗ ਵਿਚ ਰੰਗੇ ਝੂਮਦੇ ਹੋਏ ਕੁਝ ਰਮਜ਼ਾਂ ਨਾਲ ਕਹਿੰਦੇ ਹੋਏ ਲਾਗੇ ਆਏ। ਕਿਹਾ ਜਾਂਦਾ ਹੈ ਕਿ ਉਸ ਵਕਤ ਦੁੱਲਾ ਭੱਟੀ ਅਕਬਰ ਨੂੰ ਵੰਗਾਰ ਰਿਹਾ ਸੀ। ਅੱਗੋਂ ਮਲਿਕ ਅਲੀ ਨੇ ਦੁੱਲੇ ਨੂੰ ਮਾੜਾ ਬੋਲਣਾ ਸ਼ੁਰੂ ਕੀਤਾ ਤਾਂ ਸ਼ਾਹ ਹੁਸੈਨ ਨੇ ਕੋਤਵਾਲ ਨੂੰ ਤਾੜਨਾ ਕੀਤੀ ਤਾਂ ਉਸ ਨੇ ਸ਼ਾਹ ਨੂੰ ਵੀ ਨਾ ਬਖਸ਼ਿਆ। ਸ਼ਾਹ ਹੁਸੈਨ ਨੇ ਕੋਤਵਾਲ ਨੂੰ ਕਿਹਾ ਕਿ ਤੂੰ ਵੀ ਆਪਣੀ ਮੌਤ ਦਾ ਸਮਾਨ ਬੰਨ੍ਹ ਲਿਆ ਹੈ। ਦੁੱਲਾ ਭੱਟੀ ਬੇਖੌਫ ਫਾਂਸੀ `ਤੇ ਚੜ੍ਹ ਗਿਆ, ਉਹ ਦਿਨ 26 ਮਾਰਚ 1589 ਦਾ ਸੀ। ਸ਼ਾਹ ਹੁਸੈਨ ਨੇ ਜੋ ਆਖਰੀ ਬੋਲ ਦੁੱਲੇ ਭੱਟੀ ਨੂੰ ਸੁਣਾਏ, ਉਹ ਸਨ:
ਯਾ ਦਿਲਬਰ ਯਾ ਮਰ ਕੇ ਪਿਆਰਾ
ਦੁੱਲੇ ਦੇ ਲਾਲ ਲਬਾਂ ਦੇ ਲਾਰੇ
ਸੂਲੀ ਪਰ ਚੜ੍ਹ ਲੈ ਹੁਲਾਰੇ
ਆਣ ਮਿਲਾਸੀ ਦਿਲਬਰ ਯਾਰਾ
ਯਾ ਦਿਲਬਰ ਯਾ ਸਰ ਕਰ ਪਿਆਰਾ।
ਕੋਤਵਾਲ ਨੂੰ ਵੀ ਉਸੇ ਸ਼ਾਮ ਕਿੱਲ ਠੁਕਵਾ ਕੇ ਮਾਰ ਦਿੱਤਾ ਗਿਆ, ਦਰਬਾਰ ਵਿਚ ਝੂਠੀ ਰਿਪੋਰਟ ਕਰਨ ਕਰ ਕੇ। ਇਸ ਦੀ ਕਬਰ ਵੀ ਮਿਆਨੀ ਕਬਰਸਤਾਨ ਵਿਚ ਹੈ।
ਇਤਿਹਾਸਕਾਰਾਂ ਦੀਆਂ ਆਪ-ਹੁਦਰੀਆਂ
ਸਾਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅੰਦਰ ਕੁਝ ਇਤਿਹਾਸਕਾਰਾਂ ਵੱਲੋਂ ਲਿਖਿਆ ਗਲਤ ਪੜ੍ਹਾਇਆ ਜਾਂਦਾ ਰਿਹਾ:
1) ਕਿਸੇ ਸ਼ੇਖੂ ਭਾਵ ਅਕਬਰ ਦੇ ਲੜਕੇ ਸਲੀਮ (ਜਹਾਂਗੀਰ) ਨੂੰ ਮਾਈ ਲੱਧੀ ਨੇ ਆਪਣਾ ਦੁੱਧ ਪਿਲਾ ਕੇ ਜੁਆਨ ਨਹੀਂ ਸੀ ਕੀਤਾ। ਦੁੱਲਾ ਸਾਂਦਲਬਾਰ ਵਿਚ 1547 ਨੂੰ ਪੈਦਾ ਹੋਇਆ। ਸਲੀਮ (ਜਹਾਂਗੀਰ) 31 ਅਗਸਤ 1569 ਨੂੰ ਫਤਿਹਪੁਰ ਸੀਕਰੀ ਪੈਦਾ ਹੋਇਆ ਸੀ। ਉਮਰ ਦਾ ਫਰਕ 21-22 ਸਾਲ ਸੀ।
2) ਦੁੱਲੇ ਭੱਟੀ ਦੇ ਬਾਪੂ ਦਾਦੇ ਨੂੰ ਅਕਬਰ ਨੇ ਨਹੀਂ, ਲਾਹੌਰ ਦੇ ਮੁਗਲਸ਼ਾਹੀ ਅਹਿਲਕਾਰਾਂ ਨੇ ਫਾਂਸੀ ਦਿੱਤੀ ਸੀ। ਜਦੋਂ ਇਨ੍ਹਾਂ ਭੱਟੀਆਂ ਨੂੰ ਫਾਂਸੀ ਚਾੜ੍ਹਿਆ ਗਿਆ ਸੀ, ਉਸ ਵਕਤ ਅਕਬਰ ਮਹਿਜ਼ 5 ਸਾਲ (ਜਨਮ 15 ਅਕਤੂਬਰ, 1542) ਦਾ ਸੀ।
3) ਨੰਦੀ ਮਰਾਸਣ ਦੇ ਤਾਹਨੇ-ਮਿਹਣਿਆਂ ਨੇ ਦੁੱਲੇ ਭੱਟੀ ਨੂੰ ਬਦਲਾ ਲੈਣ ਲਈ ਨਹੀਂ ਸੀ ਜਗਾਇਆ। ਪਿੰਡ, ਇਲਾਕੇ, ਜੂਹ ਵਿਚ ਕਤਲ ਹੋਇਆ ਹੋਵੇ ਤੇ ਜੱਟਾਂ ਦੇ ਮੁੰਡਿਆਂ ਨੂੰ ਪਤਾ ਨਾ ਲੱਗੇ, ਇੰਜ ਪੰਜਾਬ ਅੰਦਰ ਤਾਂ ਨਹੀਂ ਸੀ ਹੋ ਸਕਦਾ।
4) ਦੁੱਲਾ ਭੱਟੀ ਫੜਿਆ ਜਾਂਦਾ। ਲਾਹੌਰ ਕਿਲ੍ਹੇ ਅੰਦਰ ਮੁਹਰਾ ਚੱਟ ਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ। ਜਾਂ ਤਾਂ ਇਤਿਹਾਸਕਾਰ ਰਾਜਪੂਤਾਂ ਦੇ ਇਤਿਹਾਸ ਤੋਂ ਅਣਜਾਣ ਸਨ, ਤੇ ਜਾਂ ਹਾਕਮਾਂ ਵੱਲੋਂ ਦਿੱਤੀਆਂ ਮੋਹਰਾਂ ਦੀ ਚਮਕ ਮੂਹਰੇ ਅੱਖਾਂ ਚੁੰਧਿਆਈਆਂ ਗਈਆਂ ਸਨ।
5. ਦੁੱਲੇ ਭੱਟੀ ਨੂੰ ਡਾਕੂ, ਲੁਟੇਰਾ, ਧਾੜਵੀ ਲਿਖਿਆ ਗਿਆ। ਸ਼ਹੀਦ ਭਗਤ ਸਿੰਘ ਅੱਜ ਵੀ ਸਰਕਾਰੀ ਰਿਕਾਰਡ ਵਿਚ ਅਤਿਵਾਦੀ ਹੈ, ਸ਼ਹੀਦ ਨਹੀਂ।
ਲੇਖਕ ਨੇ ਪਿੰਡੀ ਭੱਟੀਆਂ ਵਿਚ ‘ਦੁੱਲਾ ਭੱਟੀ ਸੜਕ’ ਬਣਵਾਈ। ਪਿੰਡੀ ਭੱਟੀਆਂ ਦੇ ਲਾਗਲੇ ਪਿੰਡ ਦੁੱਲੇ-ਕੀ ਵਿਚ ਦੁੱਲੇ ਭੱਟੀ ਦਾ ਬੁੱਤ ਲਗਾਇਆ। ਸੰਨ 2008 ਦੇ ਮਾਰਚ ਮਹੀਨੇ 5000 ਲੋਕਾਂ ਨਾਲ ਵੱਡੇ ਮੇਲੇ ਵਿਚ ਪਹਿਲੀ ਵਾਰ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਅੱਜ ਹਿੰਦੋਸਤਾਨ ਅੰਦਰ ਕਿਸਾਨੀ ਅੰਦੋਲਨ ਪਹਿਲਾਂ ਲੜੇ ਗਏ ਸੰਘਰਸ਼ਾਂ ਦਾ ਹੀ ਅਗਲਾ ਪੜਾਅ ਹੈ। ਲੋਕ ਜਿੱਤਣਗੇ।